|
ਗ. ਸ. ਨਕਸ਼ਦੀਪ ਪੰਜਕੋਹਾ ਦਾ ਨਾਵਲ “ਕੀ ਖੱਟਿਆ ਪ੍ਰਦੇਸ?” ਵੀ ਇਹੋ ਜਿਹੇ ਤਾਣੇ-ਬਾਣਿਆਂ ਵਿੱਚ ਉਲਝੀਆਂ ਰੂਹਾਂ ਦੀ ਦਾਸਤਾਨ ਹੈ। ਮਨੁੱਖ ਇੱਕ ਸਮਾਜਿਕ ਜੀਵ ਹੈ ਜੋ ਜੀਵਨ ਵਿੱਚ ਇਕੱਲਾ ਨਹੀਂ ਵਿਚਰਦਾ। ਉਹ ਸਮਾਜਿਕ, ਆਰਥਿਕ, ਸੱਭਿਆਚਾਰਕ, ਸਿਆਸੀ, ਧਾਰਮਿਕ, ਭ੍ਰਿਸ਼ਟ ਪ੍ਰਸ਼ਾਸਨਿਕ, ਭਾਵਨਾਤਮਕ, ਨੈਤਿਕ ਅਤੇ ਪ੍ਰੰਪਰਾਵਾਂ ਦੇ ਮਾਹੌਲ ਅਤੇ ਵਾਤਾਵਰਣ ਦੀਆਂ ਤੰਦਾਂ ਨਾਲ ਜਕੜਿਆ ਹੋਇਆ ਹੈ। ਇਸ ਦੇ ਨਾਲ ਹੀ, ਮਨੁੱਖ ਸਿਰਫ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਤੌਰ ਤੇ ਵੀ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਕਾਮ, ਕ੍ਰੋਧ, ਮੋਹ, ਲਾਲਚ, ਲਾਲਸਾ, ਹਵਸ, ਹੰਕਾਰ-ਮਰਦਾਨਗੀ-ਹੈਂਕੜਬਾਜੀ ਜਿਹੇ ਵਿਕਾਰ ਇਨਸਾਨ ਨੂੰ ਹੈਵਾਨ ਬਣਾਉਂਦੇ ਹਨ ਅਤੇ ਕਮਜ਼ੋਰ ਦੀ ਕਮਜ਼ੋਰੀ ਹਥਿਆਉਂਦਿਆ ਉਹਦੇ ਸ਼ੋਸ਼ਣ ਲਈ ਉਤਸ਼ਾਹਿਤ ਵੀ ਕਰਦੇ ਹਨ। ਮਰਦ ਪ੍ਰਧਾਨ ਸਮਾਜ ਵਿੱਚ ਮਰਦ ਅਕਸਰ ਹੀ ਮਰਦ ਹੋਣ ਦਾ ਫਾਇਦਾ ਉਠਾਉਂਦਾ ਹੈ, ਜਿਸ ਦੀ ਝਲਕ ਇਸ ਨਾਵਲ ਵਿੱਚੋਂ ਸਾਫ ਨਜ਼ਰ ਆਉਂਦੀ ਹੈ।
ਗ. ਸ. ਨਕਸ਼ਦੀਪ ਪੰਜਕੋਹਾ ਦੀਆਂ ਸਾਹਿਤਕ ਪੈੜਾਂ…
‘ਗ. ਸ. ਨਕਸ਼ਦੀਪ ਪੰਜਕੋਹਾ’ ਸਾਹਿਤਕ ਨਾਮ ਵਾਲੇ ‘ਗੁਰਦੀਪ ਸਿੰਘ’ ਫਤਿਹਗੜ੍ਹ ਜ਼ਿਲੇ ਦੇ ਪਿੰਡ ਪੰਜਕੋਹਾ ਨਾਲ ਸਬੰਧਿਤ ਹਨ। ਪੰਜਾਬ ਦੀਆਂ ਨਾਮੀ ਯੂਨੀਵਰਸਿਟੀਆਂ ਤੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਵੀ ਨਕਸ਼ਦੀਪ ਪੰਜਕੋਹਾ ਨੂੰ ਚੰਗੇ ਭਵਿੱਖ ਦੀ ਖ਼ਾਤਰ ਵਿਦੇਸ਼ੀ ਪਰਵਾਜ਼ ਭਰਨੀ ਪਈ। ਕਾਫ਼ੀ ਦੇਰ ਪਰਵਾਸ ਦੀ ਦੂਹਰੀ ਜ਼ਿੰਦਗੀ ਦਾ ਸੰਤਾਪ ਹੰਢਾ ਕੇ ਉਹ ਆਪਣੇ ਦਿਲ ਵਿੱਚ ਵਸਦੇ ਦੇਸ ਪੰਜਾਬ ਆ ਗਏ।ਨਕਸ਼ਦੀਪ ਪੰਜਕੋਹਾ ਨੇ ਪਹਿਲੀ ਕਹਾਣੀ ਸਕੂਲ ਸਮੇਂ ਪੜ੍ਹਦਿਆਂ ਹੀ ਨਾਵਲਕਾਰ ਨਾਨਕ ਸਿੰਘ ਨੂੰ ਲਿਖ ਭੇਜੀ। ਨਾਨਕ ਸਿੰਘ ਦੇ ਢੁਕਵੇਂ ਪ੍ਰਤੀਕਰਮ ਤੋਂ ਕਈ ਕੁਝ ਸਿੱਖਣ ਨੂੰ ਮਿਲਿਆ, ਜਿਸ ਨੇ ਨਕਸ਼ਦੀਪ ਦੀ ਸਾਹਿਤਕ ਸਿਰਜਣਾ ਨੂੰ ਨਿਖਾਰਿਆ। ਉਨ੍ਹਾਂ ਦਾ ਪਹਿਲਾ ਨਾਵਲ ‘ਵਾਵਰੋਲਿਆਂ ਦੇ ਨਾਲ’ 1986 ਵਿੱਚ ਆਇਆ ਸੀ। ਉਸ ਤੋਂ ਬਾਅਦ ਸਾਹਿਤ ਦੇ ਖੇਤਰ ਵਿੱਚ ਨਿਰੰਤਰ ਸਿਰਜਣਾ ਨਾਲ ਮਹੱਤਵਪੂਰਣ ਯੋਗਦਾਨ ਪਾਉਂਦੇ ਆ ਰਹੇ ਹਨ। ਸਾਹਿਤ ਸਿਰਜਣਾ ਦੀ ਗੱਲ ਸੰਖੇਪ ਵਿੱਚ ਹੀ ਕਰੀਏ ਤਾਂ ਹੁਣ ਤੱਕ 14 ਨਾਵਲ, 2 ਕਾਵਿ ਸੰਗ੍ਰਹਿ, 1 ਅਨੁਵਾਦ, 1 ਕਾਵਿ ਵਿਸ਼ਲੇਸ਼ਣ, ਅਤੇ 5 ਅੰਗਰੇਜ਼ੀ ਸਿਰਜਣਾਵਾਂ ਸਿਰਜ ਚੁੱਕੇ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਨਾਮੀ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਬਣ ਚੁੱਕੀਆਂ ਹਨ। ਨਕਸ਼ਦੀਪ ਪੰਜਕੋਹਾ ਦੀਆਂ ਲਿਖਤਾਂ ਵਿੱਚੋਂ ਉਹਨਾਂ ਦੀ ਸੰਵੇਦਨਸ਼ੀਲਤਾ, ਉਸਾਰੂ ਬਿਰਤੀ ਅਤੇ ਸਾਕਾਰਤਮਕ ਸੋਚ ਦੀ ਅਥਾਹ ਸ਼ਕਤੀ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ।
“ਕੀ ਖੱਟਿਆ ਪ੍ਰਦੇਸ”, ਸਵੈ-ਪੜਚੋਲ ਨੂੰ ਪ੍ਰੇਰਦਾ ਸੁਨੇਹਾ…ਆੱਟਮ ਆਰਟ, ਪਟਿਆਲਾ ਵੱਲੋਂ ਪ੍ਰਕਾਸ਼ਤ ਇਹ ਨਾਵਲ ਅਜੋਕੇ ਪਰਵਾਸ ਦੇ ਤੌਰ ਤਰੱਕੀਆਂ ਦੀ ਸਵੈ-ਪੜਚੋਲ ਨੂੰ ਪ੍ਰੇਰਦਾ ਹੈ। 172 ਪੰਨਿਆਂ ਦੇ ਨਾਵਲ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਪੁਸਤਕ ਨੂੰ ਨਕਸ਼ਦੀਪ ਨੇ ਆਪਣੇ ਉਨ੍ਹਾਂ ਸੱਜਣਾਂ ਮਿੱਤਰਾਂ ਨੂੰ ਸਮਰਪਿਤ ਕੀਤਾ ਹੈ ਜਿਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਮਨਜ਼ੂਰ ਨਹੀਂ ਹੈ!
ਸਰਲ ਅਤੇ ਰੌਚਕ ਸ਼ੈਲੀ ਵਿੱਚ ਲਿਖੇ ਨਾਵਲ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਕੁਝ ਕੁ ਸੁਨੇਹੇ ਜੋ ਮੇਰੇ ਪਾਠਕ ਮਨ ਤੱਕ ਪਹੁੰਚੇ, ਉਨ੍ਹਾਂ ਵਿੱਚੋਂ ਕੁਝ ਕੁ ਸਾਨੂੰ ਸਵੈ-ਪੜਚੋਲ ਲਈ ਪ੍ਰੇਰਦੇ ਹਨ।
ਪ੍ਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ, ਸਦੀਆਂ ਤੋਂ ਚਲਦਾ ਆਇਆ ਹੈ ਅਤੇ ਚਲਦਾ ਵੀ ਰਹੇਗਾ। ਇਸ ਦੇ ਅਨੇਕਾਂ ਕਾਰਨ ਹਨ, ਜਿਨ੍ਹਾਂ ਵਿੱਚੋਂ ਮੁੱਖ ਤੌਰ ‘ਤੇ ਤਾਂ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਸਮੇਂ ਦੀਆਂ ਸਰਕਾਰਾਂ ਦੀ ਬੇਭਰੋਸਗੀ ਅਤੇ ਖ਼ੁਦ ਦਾ ਚੰਗਾ ਭਵਿੱਖ ਹੀ ਰਹੀਆਂ ਹਨ। ਵਕਤੀ ਹਾਲਾਤ, ਚਾਹੇ ਉਹ ਨਸ਼ਿਆਂ ਦਾ ਦੈਂਤ ਹੋਵੇ, ਅੱਤਵਾਦ ਜਾਂ ਡਰ ਅਤੇ ਸਹਿਮ ਦਾ ਮਾਹੌਲ ਜਾਂ ਫਿਰ ‘ਫੁਕਰੇ ਪਰਦੇਸੀਆਂ ਦੀ ਝੂਠੇ ਦਿਖਾਵੇ ਜੋ ਜੰਮਣ ਭੋਇੰ ਨੂੰ ਛੱਡ ਕੇ ਅੰਬਰੀ ਉਡਾਰੀ ਮਾਰਨ ਦੀ ਬਲ਼ਦੀ ਅੱਗ ‘ਤੇ ਤੇਲ ਪਾਉਂਦੇ ਹਨ। ਇਹ ਨਾਵਲ ਅਜੋਕੇ ਪਰਵਾਸ ਦੇ ਤੌਰ ਤਰੀਕਿਆਂ ਅਤੇ ਫ਼ੈਸਲਿਆਂ ਉਪਰ ਸਵਾਲ ਖੜ੍ਹੇ ਕਰਦਾ ਹੈ ਜੋ ਹੱਸਦੇ ਵਸਦੇ ਪਰਿਵਾਰਾਂ ਨੂੰ ਸਿਰਫ਼ ਨਿਖੇੜਦੇ ਹੀ ਨਹੀਂ ਬਲਕਿ ਜ਼ਿੰਦਗੀਆਂ ਬਰਬਾਦ ਕਰ ਜਾਂਦੇ ਹਨ। ਲੜਕੀਆਂ ਨੂੰ ਅਣਜਾਣ ਦੇਸਾਂ ਦੀਆਂ ਅਣਜਾਣ ਰਾਹਾਂ ‘ਤੇ ਤੋਰ ਦੇਣਾ ਜਾਂ ਫਿਰ ਏਜੰਟਾਂ ਦੁਆਰਾ ਪੈਸੇ ਦੇ ਲੋਭ ਵਿੱਚ ਪ੍ਰਦੇਸ ਜਾਣ ਵਾਲਿਆਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਦੇ ਰੁਝਾਨ ਨੂੰ ਸਵਾਲ ਕੀਤਾ ਹੈ। ਅਜਿਹੇ ਫ਼ੈਸਲੇ ਬਰਬਾਦੀ ਦੇ ਪੈਂਡਿਆਂ ਦੀਆਂ ਅਮਿੱਟ ਪੈੜਾਂ ਛੱਡ ਜਾਂਦੇ ਹਨ।
ਔਰਤ ਦਾ ਸ਼ੋਸ਼ਣ…
ਹੋਣਾ ਤਾਂ ਨਹੀਂ ਚਾਹੀਦਾ, ਪਰ ਫਿਰ ਵੀ, ਨਾਰੀ ਦਾ ਸ਼ੋਸ਼ਣ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਗੁਰੂਆਂ ਦੀ ਬਾਣੀ ਮਨੱਖ ਨੂੰ ਇਸ ਸਮਾਜਿਕ ਕਰੂਤੀ ਤੋਂ ਵਰਜਦੀ ਹੈ। ਦੇਖਣ ਵਿੱਚ ਤਾਂ ਇਹ ਵੀ ਆਇਆ ਹੈ ਕਿ ਸ਼ੋਸ਼ਣ ਅਕਸਰ ‘ਆਪਣਿਆਂ’ ਦੁਆਰਾ ਕੀਤਾ ਜਾਂਦਾ ਹੈ। ਆਪਣੇ ਹੀ ਆਪਣਿਆਂ ਦੀਆਂ ਮਜਬੂਰੀਆਂ ਨੂੰ ਜਾਣਦਿਆਂ ਉਨ੍ਹਾਂ ਨੂੰ ਸ਼ੋਸ਼ਣ ਦਾ ਹਥਿਆਰ ਬਣਾ ਲੈਂਦੇ ਹਨ। ਔਰਤ ਜਾਣੇ-ਅਣਜਾਣੇ ਇਸ ਸ਼ੋਸ਼ਣ ਦਾ ਸ਼ਿਕਾਰ ਬਣਦੀ ਚਲੀ ਆ ਰਹੀ ਹੈ, ਚਾਹੇ ਉਹ ਦੇਸ਼ ਵਿੱਚ ਵਸਦੀ ਹੋਵੇ ਜਾਂ ਫਿਰ ਵਿਦੇਸ਼ ਵਿੱਚ।
ਮਰਦ ਦੀ ਮਰਦਾਨਗੀ, ਰੋਹਬ, ਹੈਂਕੜਬਾਜੀ ਅਤੇ ਦੋਗਲਾਪਣ…
ਪੁਰਸ਼ ਪਰਦੇ ਦੇ ਉਹਲੇ ਜਾਂ ਫਿਰ ਸ਼ਰੇਆਮ ਉਹ ਕੁਝ ਕਰਦਾ ਹੈ ਜਾਂ ਫਿਰ ਕਰਨਾ ਚਾਹੁੰਦਾ ਹੈ ਜਿਸ ਤੋਂ ਔਰਤ ਨੂੰ ਵਰਜਦਾ ਹੈ। ਉਸ ਦੀ ਈਰਖਾ ਅਤੇ ਕ੍ਰੋਧ ਔਰਤ ਨੂੰ ਧਮਕਾਉਣ ਤੱਕ ਹੀ ਸੀਮਤ ਨਹੀਂ ਰਹਿੰਦੇ, ਬਲਕਿ, ਉਹ ਤਾਂ ਕਤਲ ਕਰਨ ਤੱਕ ਜਾ ਪਹੁੰਚਦਾ ਹੈ। ਇਹ ਕੈਸਾ ਇਕ ਪਾਸੜ ਫੈਸਲਾ ਹੋਇਆ? ਮਰਦ ਔਰਤ ਨੂੰ ਕਮਜ਼ੋਰ ਕਿਉਂ ਸਮਝਦਾ ਹੈ ਅਤੇ ਕੱਦ ਤੱਕ ਸਮਝਦਾ ਰਹੇਗਾ? ਕਿਉਂ ਉਸ ਦਾ ਸ਼ੋਸ਼ਣ ਕਰਦਾ ਹੈ? ਔਰਤ ਕਿਉਂ ਇਸ ਸ਼ੋਸ਼ਣ ਦਾ ਸ਼ਿਕਾਰ ਬਣਦੀ ਰਹਿੰਦੀ ਹੈ? ਮਰਦ ਦਾ ਇਹ ਪਸ਼ੂਪਣ ਕਦ ਖ਼ਤਮ ਹੋਵੇਗਾ?
“ਕੀ ਖੱਟਿਆ ਪ੍ਰਦੇਸ” ਨਾਵਲ ਦੋ ਮੁੱਖ ਕਿਰਦਾਰਾਂ ਚੰਨੋ ਅਤੇ ਗੁਰਦਾਸ ਦੇ ਜੀਵਨ ਉਪਰ ਕੇਂਦ੍ਰਿਤ ਹੈ। ਚੰਗੀ ਭਲੀ ਵਿਆਹੁਤਾ ਜ਼ਿੰਦਗੀ ਤੋਂ ਸ਼ੁਰੂ ਹੋਇਆ ਜੀਵਨ ਸਫ਼ਰ ਐਸਾ ਉਲਝਣਾ ਸ਼ੁਰੂ ਹੋਇਆ ਕਿ ਉਲਝਦਾ-ਉਲਝਦਾ ਸੁਲਝਣ ਦੀਆਂ ਸੰਭਾਵਨਾਵਾਂ ਤੋਂ ਵੀ ਅਗਾਂਹ ਉਲਝ ਗਿਆ। ਅਜੋਕੇ ਪ੍ਰਵਾਸ ਦੇ ਤੌਰ ਤਰੀਕੇ ਜਿਸ ਵਿੱਚ ਪੰਜਾਬ ਦੀ ਜਵਾਨੀ ਦਾ ਆਈਲੈਟਸ ਪਾਸ ਕਰਕੇ ਕੈਨੇਡਾ ਪਹੁੰਚਣਾ ਮੁੱਖ ਟੀਚਾ ਬਣ ਗਿਆ ਹੈ, ਉਸ ਨੇ ਵੀ ਅਹਿਮ ਭੂਮਿਕਾ ਨਿਭਾਈ। ‘ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ ਵਾਂਗ’ ਪ੍ਰਦੇਸ ਉਡਾਰੀ ਮਾਰਨ ਲਈ ਚੰਨੋ ਕਿਵੇਂ ਪਿਛਾਂਹ ਰਹਿੰਦੀ? ਸਹੁਰੇ ਘਰ ਦੀ ਆਰਥਿਕ ਮੰਦਹਾਲੀ, ਗੁਰਦਾਸ ਅਤੇ ਉਸ ਦੇ ਬਾਪ ਦੇ ਕਰਜ਼ੇ ਦੀ ਪੰਡ ਅਤੇ ਡਾਲਰਾਂ ਦੇ ਦਰੱਖਤਾਂ ਦੇ ਸੁਪਨੇ ਤੇ ਵਾ-ਵਰੋਲਿਆਂ ਵਿੱਚ ਘੁਮੇਟੇ ਖਾਂਦੀ ਚੰਨੋ ਅੰਬਰੀਂ ਪਰਵਾਜ਼ ਭਰ ਕੇ ਆਪਣੇ ਸੁਪਨਿਆਂ ਦੇ ਦੇਸ ਕੈਨੇਡਾ ਪਹੁੰਚ ਗਈ।ਜਦ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਸੁਪਨਿਆਂ ਵਿੱਚ ਸਤਾਉਂਦੇ ਅਤੇ ਉਕਸਾਉਂਦੇ ‘ਡਾਲਰਾਂ ਵਾਲੇ ਦਰੱਖਤ’ ਨਾ ਹੀ ਲੱਭੇ ਤਾਂ ਉਸ ਦਾ ਪਹਿਲਾ ਭਰਮ ਟੁੱਟ ਗਿਆ। ‘ਆਪਣਿਆਂ’ ਨਾਲ ਵਾਹ ਪਿਆ ਤਾਂ ਉਸ ਦੇ ਬਾਪ ਦੀ ਉਮਰ ਦੇ ‘ਤਰਸੇਮ’ ਦੇ ਧੁਰ ਅੰਦਰ ਵੱਸਦੇ ਕਾਮ ਦੇ ਪਸ਼ੂ ਨੇ ਆ ਸਿੰਗ ਮਾਰਿਆ…। ਖ਼ੁਦ ਦੋ ਬੱਚੀਆਂ ਦੇ ਬਾਪ ਅਤੇ ‘ਕੰਗਾਲ ਮਾਨਸਿਕਤਾ’ ਵਾਲੇ ਤਰਸੇਮ ਦੇ ਘਰ ਕਿਰਾਏ ‘ਤੇ ਰਹਿੰਦਿਆਂ ਹੋਇਆਂ ਚੰਨੋ ਦੀ ਇੱਕ ਕਿਸ਼ਤ ਕੀ ਟੁੱਟੀ ਕਿ ਤਰਸੇਮ ਨੇ ਉਸ ਨੂੰ ਹਥਿਆਰ ਵਾਂਗ ਵਰਤਦਿਆਂ ਚੰਨੋ ਦਾ ਸ਼ੋਸ਼ਣ ਸ਼ੁਰੂ ਕਰ ਦਿੱਤਾ। ਕੋਸ਼ਿਸ਼ਾਂ ਦੇ ਬਾਵਜੂਦ ਵੀ ਜਦ ਉਹ ਤਰਸੇਮ ਦੁਆਰਾ ਹੋ ਰਹੇ ਸ਼ੋਸ਼ਣ ਨੂੰ ਠ੍ਹੱਲ ਨਾ ਪਾ ਸਕੀ ਤਾਂ ਚੰਨੋ ਨੂੰ ਰਹਿਣ ਵਾਸਤੇ ਕੋਈ ਹੋਰ ਟਿਕਾਣਾ ਲੱਭਣਾ ਪਿਆ। ਚੰਨੋ ਨੇ ਆਪਣੇ ਸਵੈਮਾਣ ਨੂੰ ਤਰਜੀਹ ਦਿੱਤੀ ਤੇ ਉਹ ਤਰਸੇਮ ਦੇ ਅੱਗੇ ਬਿਲਕੁਲ ਨਾ ਝੁਕੀ।
ਚੰਨੋ ਇੱਕ ਖੁਦਮੁਖਤਿਆਰ ਲੜਕੀ ਸੀ ਜੋ ਆਪਣੇ ਪਤੀ ਗੁਰਦਾਸ ਨੂੰ ਅਥਾਹ ਪ੍ਰੇਮ ਕਰਦੀ ਸੀ ਅਤੇ ਹਰ ਇੱਕ ਨੂੰ ਇਸ ਗੱਲ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਸੀ। ਇਸ ਦੇ ਬਾਵਜੂਦ ਵੀ ਕਈ ਮਰਦਾਂ ਨੇ ਚੰਨੋ ਨੂੰ ਲਾਚਾਰ ਔਰਤ ਸਮਝਦਿਆਂ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹਿਆ। ਇਹ ਕੋਈ ਹੋਰ ਨਹੀਂ ਬਲਕਿ ਚੰਨੋ ਦੀ ਆਪਣੀ ਕਮਿਊਨਿਟੀ ਦੇ ਭੱਦਰ ਪੁਰਸ਼ ਹੀ ਸਨ।
‘ਹਰਮੇਲ’ ਨਾਮ ਦੇ ਦਰਿੰਦੇ ਨੂੰ ਭਾਵੇਂ ਚੰਨੋ ਨੇ ਇਸ ਮਨਸੂਬੇ ਵਿੱਚ ਲਿਤਾੜ ਦਿੱਤਾ ਪਰ ‘ਲਵਿੰਦਰ’ ਦੇ ਧੋਖੇ ਨਾਲ ਕੀਤੇ ਵਾਰ ਅਤੇ ਬਲਾਤਕਾਰ ਤੋਂ ਉਹ ਨਾ ਬਚ ਸਕੀ। ਉਸ ਨੂੰ ਆਪਣੀ ਇੱਜ਼ਤ, ਸਵੈ-ਮਾਣ ਅਤੇ ਕਿਰਦਾਰ ‘ਤੇ ਲੱਗੇ ਇਸ ਦਾਗ਼ ਸਮੇਤ ਜੀਵਨ ਜੀਊਣ ਤੋਂ ਬਗੈਰ ਹੋਰ ਕੋਈ ਚਾਰਾ ਨਾ ਦਿਸਿਆ। ਚੰਨੋ ਦੀ ਲੁੱਟ-ਖਸੁੱਟ ਵਿੱਚ ਸਿਰਫ ਮਰਦ ਹੀ ਨਹੀਂ, ਬਲਕਿ ਔਰਤਾਂ ਨੇ ਵੀ ਕੁਝ ਰੋਲ ਨਿਭਾਇਆ। ਚੁਸਤ ਚਲਾਕ ‘ਸੋਨੀ’ ਨਾਮ ਦੀ ਲੜਕੀ ਚੰਨੋ ਨਾਲ ਪੈਸਿਆਂ ਦੀ ਠੱਗੀ ਮਾਰ ਕੇ ਔਹ ਦੀ ਔਹ ਗਈ।
ਕੈਨੇਡਾ ਵਿਚ ਚੰਨੋ ਦਾ ਮੁੱਖ ਮਕਸਦ ਆਪਣਾ ਪੜ੍ਹਾਈ ਦਾ ਕੋਰਸ ਪੂਰਾ ਕਰਕੇ ਪੈਸੇ ਕਮਾਉਣਾ ਅਤੇ ਆਪਣੇ ਪਤੀ ਗੁਰਦਾਸ ਨੂੰ ਕੋਲ ਸੱਦ ਕੇ ਚੰਗਾ ਜੀਵਨ ਬਤੀਤ ਕਰਨ ਦਾ ਸੀ। ਇਸ ਲੰਮੀ ਕਸ਼ਮਕਸ਼ ਵਿੱਚ ਉਹ ਓਦਰੀ ਵੀ ਪਰ ਫਿਰ ਵੀ ਹੌਸਲਾ ਕਾਇਮ ਰੱਖਿਆ।
‘ਹਰਮਨ’ ਨਾਮ ਦੇ ਪਾਤਰ ਦੀਆਂ ਗੱਲਾਂ ਸੁਣ ਕੇ ਉਹ ਉਸ ਦੇ ਕਾਫ਼ੀ ਕਰੀਬ ਆ ਗਈ। ਜਾਣੇ-ਅਣਜਾਣੇ ਅਤੇ ਸਹਿਮਤ-ਨਾ ਸਹਿਮਤ ਹੁੰਦਿਆਂ ਹੋਇਆ ਵੀ ਹਰਮਨ ਅਤੇ ਚੰਨੋ ਨੇ ਆਪਣੀ ਰੂਹ ਦੀ ਖੁਸ਼ੀ ਲਈ ਅਤੇ ਸਰੀਰ ਦੀ ਭੁੱਖ ਨੂੰ ਪੂਰਾ ਕਰਕੇ ਉਸ ਕਹਾਣੀ ‘ਤੇ ਪਰਦਾ ਤਾਂ ਪਾ ਦਿੱਤਾ… ਪਰ ਹਰਮਨ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ ਸਦਾ ਲਈ ਬੈਠ ਗਿਆ।
ਜਿੱਥੇ ਚੰਨੋ ਨੂੰ ਆਪਣਿਆਂ ਨੇ ਲੁੱਟਿਆ ਜਾਂ ਲੁੱਟਣ ਦੀ ਕੋਸ਼ਿਸ਼ ਕੀਤੀ, ਉੱਥੇ ਇੱਕ ਗੋਰੇ ਪਾਤਰ ‘ਜੈਫ’ ਨਾਲ ਚੰਨੋ ਦੇ ਪਾਕਿ ਪਵਿੱਤਰ ਰਿਸ਼ਤੇ ਨੂੰ ਵੀ ਉਭਾਰਿਆ ਗਿਆ ਹੈ। ਜੈਫ ਨੇ ਚੰਨੋ ਦੀ ਪ੍ਰਦੇਸੀ ਜ਼ਿੰਦਗੀ ਦੇ ਹਰ ਮੋੜ ‘ਤੇ ਬਿਨਾ ਕਿਸੇ ਸੁਆਰਥ ਤੋਂ ਨਿੱਗਰ ਸਾਥ ਦਿੱਤਾ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇਨਸਾਨੀਅਤ ਰੰਗਾਂ, ਨਸਲਾਂ, ਜਾਤਾਂ ਜਾਂ ਧਰਮਾਂ ਤੋਂ ਉੱਪਰ ਹੈ। ਪ੍ਰਦੇਸ ਵਿੱਚ ਚੰਨੋ ਵਾਸਤੇ ਜੈਫ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਸੀ!
ਚੰਨੋ ਦੀ ਉਤਰਾਅ ਚੜ੍ਹਾਅ ਵਾਲੀ ਪ੍ਰਦੇਸੀ ਜ਼ਿੰਦਗੀ ਦੌਰਾਨ ਹੀ ਪੰਜਾਬ ਵਿੱਚ ਗੁਰਦਾਸ ਦੀ ਜ਼ਿੰਦਗੀ ਵਿੱਚ ਆਈ ਇੱਕ ਘਟਨਾ ਨੇ ਉਥਲ-ਪੁਥਲ ਮਚਾ ਦਿੱਤੀ। ਉਹਦੀ ਜ਼ਿੰਦਗੀ ਦੀ ਲੀਹ ਹੀ ਬਦਲ ਦਿੱਤੀ। ਜ਼ਿੰਦਗੀ ਵਿੱਚ ਆਈ ਇਸ ਸੁਨਾਮੀ ਵਿੱਚ ਗੁਰਦਾਸ ਦੇ ਮੈਨੇਜਰ ‘ਹਰਮੇਸ਼’ ਦੀ ਦੂਹਰੀ ਜ਼ਿੰਦਗੀ ਨੇ ਅਹਿਮ ਹਿੱਸਾ ਪਾਇਆ। ਹਰਮੇਸ਼ ਨੇ ਗੁਰਦਾਸ ਨੂੰ ਭਿਣਕ ਵੀ ਨਾ ਪੈਣ ਦਿੱਤੀ ਕਿ ਹਰੇਕ ਹਫਤੇ ਉਹ ਅਣਜਾਣੇ ਵਿੱਚ ਹਰਮੇਸ਼ ਨੂੰ ਆਪਣੀ ਪ੍ਰੇਮਿਕਾ ਨਾਲ ਮਿਲਾਉਣ ਲੈ ਕੇ ਜਾਂਦਾ ਰਿਹਾ! ਗੁਰਦਾਸ ਨੂੰ ਇਸ ਗੱਲ ਦਾ ਪਤਾ ਬਹੁਤ ਬਾਅਦ ਵਿੱਚ ਲੱਗਾ ਜਦ ਹਰਮੇਸ਼ ਅਤੇ ਉਸ ਦੀ ਪ੍ਰੇਮਿਕਾ ਨੀਲਮ ਨੇ ਰਲ਼ ਕੇ ਨੀਲਮ ਦੇ ਪਤੀ ਨੂੰ ਮਾਰ ਦਿੱਤਾ, ਕਿਉਂਕਿ ਉਸ ਨੇ ਦੋਹਾਂ ਨੂੰ ਰੰਗੇ ਹੱਥੀਂ ਗਲਤ ਹਾਲਤ ਵਿੱਚ ਦੇਖ ਲਿਆ ਸੀ।
ਉੱਧਰ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਨੇ ਗੁਰਦਾਸ ਨੂੰ ਹਰਮੇਸ਼ ਦੇ ਖਿਲਾਫ਼ ਫਰਜੀ ਗਵਾਹੀ ਭਰਨ ਲਈ ਮਜ਼ਬੂਰ ਕੀਤਾ ਜੋ ਉਸ ਨੇ ਦੇਖਿਆ ਜਾਣਿਆ ਵੀ ਨਹੀਂ ਸੀ। ਐਨ ਮੌਕੇ ‘ਤੇ ਹਰਮੇਸ਼ ਦੇ ਟੱਬਰ ਨੇ ਗੁਰਦਾਸ ਨੂੰ ਕਰਜ਼ੇ ਵਾਸਤੇ ਲਈ ਰਕਮ ਅਤੇ ਹੋਰ ਪਰਿਵਾਰਕ ਮਦਦ ਦੇ ਬਦਲੇ ਪੁਲਿਸ ਦੁਆਰਾ ਤਿਆਰ ਕਰਵਾਈ ਝੂਠੀ ਗਵਾਹੀ ਤੋਂ ਮੁੱਕਰਨ ਵਾਸਤੇ ਜ਼ੋਰ ਪਾਇਆ। ਗੁਰਦਾਸ ਦੇ ਇਸ ਫੈਸਲੇ ਕਰਕੇ ਪੁਲਿਸ ਦੀ ਬਦਲਾ ਲਊ ਨੀਤੀ ਤੋਂ ਡਰਦਿਆਂ ਉਸ ਨੂੰ ਪੰਜਾਬ ਤੋਂ ਦੂਰ ਭੇਜ ਕੇ ਹਰਮੇਸ਼ ਦੇ ਟੱਬਰ ਨੇ ਗੁਰਦਾਸ ਨੂੰ ਟਰੱਕਾਂ ਦੇ ਕਾਰੋਬਾਰ ਵਿੱਚ ਪਾ ਦਿੱਤਾ। ਪੁਲਿਸ ਦੇ ਲੱਭਣ ਦੇ ਬਾਵਜੂਦ ਵੀ ਉਹ ਕਾਬੂ ਨਾ ਆਇਆ ਅਤੇ ਨਾਮ ਬਦਲ ਕੇ ਆਪਣਾ ਕੰਮ-ਕਾਰ ਕਰਦਾ ਰਿਹਾ। ਮਨ ਲਗਾ ਕੇ ਟਰੱਕ ਚਲਾਉਂਦਾ ਰਿਹਾ ਪਰ ਦਿਲ ਵਿੱਚ ਕੈਨੇਡਾ ਜਾਣ ਦੀ ਚਾਹਤ ਅਤੇ ਆਸ ਕਾਇਮ ਰੱਖੀ।
ਚੰਨੋ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਕੁਛ ਨਿਰਾਸ਼ ਤਾਂ ਹੋਈ ਪਰ ਇਹ ਸੋਚ ਕੇ ਸਬਰ ਕਰ ਗਈ ਕਿ ਉਹ ਜਲਦੀ ਹੀ ਪੱਕੀ ਹੋ ਕੇ ਉਸ ਨੂੰ ਕੈਨੇਡਾ ਸੱਦ ਲਵੇਗੀ।
ਜਦੋਂ ਚੰਨੋ ਨੂੰ ਕੈਨੇਡਾ ਦੀ ਪੀ ਆਰ ਮਿਲ ਗਈ ਤਾਂ ਉਹ ਗੁਰਦਾਸ ਨੂੰ ਮਿਲਣ ਪੰਜਾਬ ਪਹੁੰਚ ਗਈ। ਗੁਰਦਾਸ ਅਤੇ ਚੰਨੋ ਦੇ ਟੱਬਰ ਉੱਪਰ ਪੁਲਿਸ ਦੀ ਪੂਰੀ ਨਜ਼ਰ ਸੀ, ਇਸ ਕਾਰਨ ਗੁਰਦਾਸ ਛੁਪ ਕੇ ਚੰਨੋ ਕੋਲ ਪਹੁੰਚਿਆ। ਉਨਾਂ ਕੁਝ ਵਕਤ ਇਕੱਠਿਆਂ ਗੁਜ਼ਾਰਿਆ। ਕੈਨੇਡਾ ਵਾਪਸ ਆਣ ਕੇ ਚੰਨੋ ਨੇ ਲੜਕੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਗੁਰਸ਼ਰਨ ਰੱਖਿਆ।
ਗੁਰਦਾਸ ਲੰਮੇ ਰੂਟਾਂ ਉੱਪਰ ਟਰੱਕ ਚਲਾਉਂਦਾ ਰਿਹਾ। ਫੇਰ ਉਸ ਦਾ ਇੱਕ ਢਾਬੇ ‘ਤੇ ਬਠਿੰਡੇ ਵਾਲੇ ‘ਕਰਤਾਰ ਸਿੰਘ’ ਨਾਲ ਮੇਲ ਮਿਲਾਪ ਹੋਇਆ। ਕਰਤਾਰ ਸਿੰਘ ਦੋਗਲਾ ਪੁਰਸ਼ ਸੀ ਜੋ ਟਰੱਕ ਚਲਾਉਂਦਾ ਰਸਤੇ ਵਿੱਚ ਰੰਗ ਰਲੀਆਂ ਮਨਾਉਂਦਾ ਰਹਿੰਦਾ ਸੀ। ਉਸ ਨੇ ਗੁਰਦਾਸ ਨੂੰ ਵੀ ਇਹ ਰਸਤਾ ਦਿਖਾਇਆ ਅਤੇ ਵਾਰ ਵਾਰ ਦੁਹਰਾਇਆ ਕਿ ਇਹ ਕੋਈ ਗੁਨਾਹ ਵਾਲਾ ਕਾਰਜ ਨਹੀਂ। ਘਰ ਤੋਂ ਦੂਰ ਕੰਮਾਂ-ਕਾਰਾਂ ਵਿੱਚ ਵਿਅਸਤ ਡਰਾਈਵਰਾਂ ਦੀ ਸਰੀਰਕ ਭੁੱਖ ਦੇ ਨਾਲ ਇਸ ਕਾਰਜ ਵਿੱਚ ਮਜਬੂਰੀ ਵੱਸ ਲੱਗੀਆਂ ਜਾਂ ਲਗਾਈਆਂ ਗਈਆਂ ਔਰਤਾਂ ਦੀ ਮਾਲੀ ਹਾਲਤ ਚੰਗੀ ਹੋ ਜਾਂਦੀ ਹੈ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਦਾ ਰਹਿੰਦਾ ਹੈ।
ਜਿੱਥੇ ਘਰ ਦੀ ਪਤਲੀ ਆਰਥਿਕ ਹਾਲਾਤ ਚੰਨੋ ਨੂੰ ਕੈਨੇਡਾ ਵੱਲ ਨੂੰ ਤੋਰਦੀ ਹੈ, ਉੱਥੇ ਹੀ ਗ਼ਰੀਬੀ ਇਨਾਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਅਤੇ ਅੱਲ੍ਹੜ ਮੁਟਿਆਰਾਂ ਨੂੰ ਨਾ-ਚਾਹੁੰਦਿਆਂ ਹੋਇਆਂ ਵੀ ਜਿਸਮ ਦੇ ਧੰਦੇ ਵੱਲ੍ਹ ਧਕੇਲਦੀ ਹੈ। ‘ਬਰਸ਼ਾ’ ਵੀ ਉਨ੍ਹਾਂ ਵਿੱਚੋਂ ਇੱਕ ਸੀ, ਜਿਸ ਨੂੰ ਗੁਰਦਾਸ ਪਹਿਲੀ ਵਾਰ ਕਰਤਾਰ ਸਿੰਘ ਦੇ ਕਹਿਣ ਤੇ ਮਿਲਿਆ ਸੀ।
ਸਮਾਂ ਪਾ ਕੇ ਗੁਰਦਾਸ ਦਾ ਕੰਮ ਕਾਰ ਚੰਗਾ ਚੱਲ ਗਿਆ। ਫੇਰ ਉਸ ਨੇ ਸੜਕ ‘ਤੇ ਢਾਬਾ ਅਤੇ ਚਾਹ ਵਾਲੀ ਦੁਕਾਨ ਖ੍ਰੀਦ ਲਈ ਅਤੇ ਉੱਥੇ ਹੀ ਛੋਟੇ ਜਿਹੇ ਕਸਬੇ ਵਿੱਚ ਘਰ ਬਣਾ ਲਿਆ। ਗੁਰਦਾਸ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ ਜਦ ਘਰ ਵਿੱਚ ਮੱਝਾਂ ਡੰਗਰ ਸੰਭਾਲਣ ਲਈ ਰੱਖੀ ਹੋਈ ਨੌਕਰਾਣੀ ‘ਲੱਛਮੀ’ ‘ਤੇ ਉਸ ਦਾ ਦਿਲ ਡੁੱਲ ਗਿਆ। ਦੋ ਨਿਆਣਿਆਂ ਦੀ ਮਾਂ ਲੱਛਮੀ ਉਸ ਨੂੰ ਬਰਸ਼ਾ ਹੀ ਲੱਗਦੀ। ਲੱਛਮੀ ਨਾਲ ਨਜ਼ਦੀਕੀਆਂ ਇਤਨੀਆਂ ਵਧੀਆਂ ਕਿ ਗੁਰਦਾਸ ਨੂੰ ਕੈਨੇਡਾ ਅਤੇ ਚੰਨੋ ਵਿੱਚ ਦਿਲਚਸਪੀ ਘਟਦੀ ਗਈ। ਉਧਰ ਚੰਨੋ ਅਜੇ ਵੀ ਗੁਰਦਾਸ ਲਈ ਨਵੀਆਂ ਸਕੀਮਾਂ ਬਣਾਉਂਦੀ ਰਹੀ ਅਤੇ ਇਕੱਠਿਆਂ ਰਹਿਣ ਦੇ ਸੁਪਨੇ ਦੇਖਦੀ ਰਹੀ।
ਲੱਛਮੀ ਦੀ ਕੁੜੀ ‘ਮਨੀਸ਼ਾ’ ਅਤੇ ਮੁੰਡਾ ‘ਦੀਪਕ’ ਹੁਣ ਜਵਾਨ ਹੋ ਗਏ ਅਤੇ ਗੁਰਸ਼ਰਨ ਵੀ ਜਵਾਨ ਹੋ ਗਿਆ। ਕੈਨੇਡਾ ਵਿੱਚ ਜਨਮੇ ਗੁਰਸ਼ਰਨ ਦਾ ਗੁਰਦਾਸ ਨਾਲ ਮੋਹ ਮੁਹੱਬਤ ਜਾਂ ਫਿਰ ਇੰਡੀਆ ਆਉਣ ਨੂੰ ਮਨ ਨਹੀਂ ਕਰਦਾ ਸੀ।ਗੁਰਸ਼ਰਨ ਦੀ ਸ਼ਾਦੀ ਜੈਫ ਦੀ ਲੜਕੀ ਨਾਲ ਹੋ ਗਈ। ਉਨ੍ਹਾਂ ਦੇ ਘਰ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਮਲਕੀਤ ਰੱਖਿਆ। ਚੰਨੋ ਅਜੇ ਵੀ ਗੁਰਦਾਸ, ਗੁਰਸ਼ਰਨ ਅਤੇ ਖ਼ੁਦ ਨੂੰ ਇਕੱਠਿਆਂ ਜੀਵਨ ਜਿਉਣ ਦੇ ਸੁਪਨੇ ਦੇਖ ਰਹੀ ਸੀ। ਕਦੇ ਕਦੇ ਉਦਾਸ ਵੀ ਹੋ ਜਾਂਦੀ ਇਹ ਸੋਚ ਕਿ ਇਸ ਪ੍ਰਦੇਸ ਨੇ ਕੀ ਕੁਝ ਉਸ ਤੋਂ ਖੋਹ ਲਿਆ ਹੈ, ਹਾਲਾਂਕਿ ਉਸ ਨੂੰ ਗੁਰਦਾਸ ਅਤੇ ਲੱਛਮੀ ਦੇ ਸੰਬੰਧਾਂ ਬਾਰੇ ਕੋਈ ਭੇਤ ਨਹੀਂ ਸੀ।
ਭੇਤ ਨਾ ਖੁੱਲ੍ਹਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਇੱਕ ਦਿਨ ਲੱਛਮੀ ਦੇ ਮੁੰਡੇ ਨੂੰ ਗੁਰਦਾਸ ਅਤੇ ਉਸ ਦੀ ਮਾਂ ਲੱਛਮੀ ਵਿਚਲੇ ਸੰਬੰਧਾਂ ਬਾਰੇ ਪਤਾ ਲਗ ਜਾਂਦਾ ਹੈ। ਉਹ ਗੁੱਸੇ ਵਿੱਚ ਗੁਰਦਾਸ ‘ਤੇ ਚਾਕੂ ਨਾਲ ਹਮਲਾ ਕਰ ਦਿੰਦਾ ਹੈ। ਗੁਰਦਾਸ ਇਸ ਹਮਲੇ ਵਿੱਚ ਬਚ ਜਾਂਦਾ ਹੈ ਪਰ ਪੁਲਿਸ ਕੋਲ ਦੀਪਕ ਦਾ ਨਾਮ ਨਹੀਂ ਲੈਂਦਾ।
ਉਧਰ ਚੰਨੋ ਦੇ ਜੀਵਨ ਵਿੱਚ ਵੱਡੀ ਦੁਰਘਟਨਾ ਵਾਪਰਦੀ ਹੈ ਜਦ ਇੱਕ ਕਾਰ ਐਕਸੀਡੈਂਟ ਵਿੱਚ ਗੁਰਸ਼ਰਨ ਦੀਆਂ ਦੋਵੇਂ ਲੱਤਾਂ ਚਲੇ ਜਾਂਦੀਆਂ ਹਨ। ਬਾਅਦ ਵਿੱਚ ਅਪਾਹਜ ਗੁਰਸ਼ਰਨ ਨੂੰ ਉਸ ਦੀ ਪਤਨੀ ਛੱਡ ਜਾਂਦੀ ਹੈ।
ਗੁਰਦਾਸ ਦੇ ਪਿਉ ਦੇ ਜ਼ੋਰ ਪਾਉਣ ਕਾਰਨ ਗੁਰਦਾਸ ਬਦਲਾਏ ਹੋਏ ਨਾਮ ਨਾਲ ਪਾਸਪੋਰਟ ਬਣਵਾ ਕੇ ਅਤੇ ਕੈਨੇਡਾ ਦਾ ਵੀਜ਼ਾ ਲੈ ਕੇ ਚੰਨੋ ਅਤੇ ਪਰਿਵਾਰ ਨੂੰ ਮਿਲਣ ਜਾਣ ਲਈ ਤਿਆਰ ਬਰ ਤਿਆਰ ਸੀ। ਲੱਛਮੀ ਦੇ ਮੁੰਡੇ ਦੀਪਕ ਨੇ ਆਪਣੇ ਬਾਪ ਦੀ ਚੁੱਕ ਚੁਕਾਈ ਵਿੱਚ ਆ ਕੇ ਗੁਰਦਾਸ ਉਪਰ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ।
ਪਹਿਲਾਂ ਤੋਂ ਹੀ ਉਲਝੀ ਜ਼ਿੰਦਗੀ ਦਾ ਤਾਣਾ ਬਾਣਾ ਹੋਰ ਉਲਝ ਗਿਆ। ਚੰਨੋ ਆਪਣੇ ਪਤੀ ਦੇ ਸੰਸਕਾਰ ਵਾਸਤੇ ਇੰਡੀਆ ਪਹੁੰਚ ਜਾਂਦੀ ਹੈ। ਸਥਾਨਕ ਪੁਲਿਸ ਦੀ ਪੁੱਛਗਿੱਛ ਅਤੇ ਸਵਾਲਾਂ ਦੀ ਤੀਰਾਂ ਵਰਗੀ ਬੁਛਾੜ ਤੋਂ ਉਸ ਨੂੰ ਗੁਰਦਾਸ ਅਤੇ ਲੱਛਮੀ ਦੇ ਸੰਬੰਧਾਂ ਬਾਰੇ ਪਤਾ ਲੱਗ ਜਾਂਦਾ ਹੈ। ਲੱਛਮੀ ਨਾਲ ਗੁੱਸੇ ਹੋਣ ਦੀ ਬਜਾਏ ਉਹ ਆਪਣੀ ਹੁਣ ਤੱਕ ਦੀ ਜ਼ਿੰਦਗੀ ਬਾਰੇ ਸੋਚ ਕੇ ਖ਼ੁਦ ਨੂੰ ਹੀ ਗੰਭੀਰ ਸਵਾਲ ਕਰਦੀ ਹੈ ਅਤੇ ਖ਼ੁਦ ‘ਚੋਂ ਹੀ ਜਵਾਬ ਢੂੰਡਦੀ ਹੈ ਕਿ,…“ਅੜੀਏ ਕੀ ਖੱਟਿਆ ਪ੍ਰਦੇਸ?”… “ਦੱਸ ਕੀ ਖੱਟਿਆ?”…
ਦੋਸਤੋ, ਨਕਸ਼ਦੀਪ ਪੰਜਕੋਹਾ ਦੇ ਇਸ ਨਾਵਲ ਨੂੰ ਪੜ੍ਹ ਕੇ ਮੈਨੂੰ ਲੱਗਾ ਕਿ ਲੇਖਕ ਨੇ ਲੇਖਣੀ ਨਾਲ ਇਨਸਾਫ਼ ਕੀਤਾ ਹੈ। ਭਾਵੇਂ ਕਿ ਮੇਰੇ ਸਮੇਤ ਬਹੁਤ ਸਾਰੇ ਲੋਕ ਸਿਰਫ ਦੋ ਨੇਤਰਾਂ ਨਾਲ ਹੀ ਸੱਚ-ਝੂਠ ਨੂੰ ਦੇਖ ਕੇ ਹੈਰਾਨ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ, ਪਰ ਨਿਰਸੰਦੇਹ ਨਕਸ਼ਦੀਪ ਪੰਜਕੋਹਾ ਆਪਣਾ ‘ਤੀਸਰਾ ਨੇਤਰ’ ਵੀ ਖੋਲ੍ਹਦਾ ਹੈ। ਮਨੁੱਖ ਦੀ ਸਮਝ ਨੂੰ ਡੁੰਘਾਈ ਨਾਲ ਅਤੇ ਮਾਨਸਿਕਤਾ ਨੂੰ ਗਹਿਰਾਈ ਨਾਲ ਨਾਪਦਾ ਅਤੇ ਤੋਲਦਾ ਹੈ, ਜਿਸ ਨਾਲ ਉਸ ਦੀ ਸਿਰਜਣਾ ਦਾ ਪਾਠਕ ਦੇ ਮਨ ‘ਤੇ ਚਿਰਜੀਵੀ ਭਾਵ ਪੈਂਦਾ ਹੈ।
ਸ਼ਾਇਦ, ਲੰਮਾ ਸਮਾਂ ਨਾਰਥ ਅਮਰੀਕਾ ਵਿੱਚ ਰਹਿੰਦਿਆਂ ਉਨਾਂ ਨੇ ਪ੍ਰਦੇਸ ਅਤੇ ਪ੍ਰਦੇਸੀਆਂ ਦੀ ਦੂਹਰੀ ਜ਼ਿੰਦਗੀ ਦੀ ਨਬਜ਼ ਨੂੰ ਸੂਖਮਤਾ ਨਾਲ ਜਾਚਿਆ ਅਤੇ ਮਹਿਸੂਸ ਕੀਤਾ। ਪਤਾ ਨਹੀਂ ਚੰਨੋ ਵਰਗੇ ਕਿਤਨੇ ਇਨਸਾਨ ਇਸ ਤ੍ਰਾਸਦੀ ਨਾਲ ਜੂਝ ਕੇ ਚਲੇ ਗਏ ਅਤੇ ਜੂਝ ਰਹੇ ਹਨ। ਪੁੱਛ ਸ਼ਾਇਦ ਉਹ ਵੀ ਇਹੀ ਰਹੇ ਨੇ,… ਕੀ ਖੱਟਿਆ ਪ੍ਰਦੇਸ?
ਜਿਸ ਲਿਖਤ ਅੰਦਰ ਲੇਖਕ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ, ਅਤੇ ਬੇਬਾਕ ਮਨ ਦੇ ਅੰਦਾਜ਼ ਦੀ ਝਲਕ ਪੈਂਦੀ ਹੋਵੇ ਤਾਂ ਉਹ ਲਿਖਤ ਚੰਗੇਰੀਆਂ ਪੈੜਾਂ ਪਾ ਜਾਂਦੀ ਹੈ। ਨਕਸ਼ਦੀਪ ਪੰਜਕੋਹਾ ਦਾ ਇਹ ਨਾਵਲ ਵੀ ਇੱਕ ਅਜਿਹੀ ਹੀ ਸਿਰਜਣਾ ਹੈ ਜਿਸ ਵਿੱਚ ਉਹ ਆਪਣੇ ਮਕਸਦ ਨੂੰ ਬਹੁਤ ਖ਼ੂਬਸੂਰਤੀ ਨਾਲ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਪੰਜਾਬੀ ਸਾਹਿਤ ਦੇ ਸੁਹਿਰਦ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਨਾਵਲ ਨੂੰ ਖ਼ੁਸ਼-ਆਮਦੀਦ ਆਖ ਸਵਾਗਤ ਕਰਨਾ ਬਣਦਾ ਹੈ!
ਜ਼ਿੰਦਗੀ ਜਿੰਦਾਬਾਦ।
*** ਡਾ. ਕੁਲਵਿੰਦਰ ਸਿੰਘ ਬਾਠਕੈਲੀਫ਼ੋਰਨੀਆ, ਯੂ ਐਸ ਏ
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by
ਮਨੁੱਖ ਸੌਂਦਿਆਂ ਜਾਗਦਿਆਂ ਸੁਪਨੇ ਲੈਂਦਾ ਰਹਿੰਦਾ ਹੈ। ਸੁਪਨੇ ਲੈਣੇ ਵੀ ਚਾਹੀਦੇ ਹਨ। ਸੁਪਨਿਆਂ ਤੋਂ ਵਿਹੂਣੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੋਈ? ਇਸੇ ਤਰਾਂ ਹੀ ਜੀਵਨ ਜਿਉਂਦਿਆਂ, ਮਨੁੱਖ ਅਣਗਿਣਤ ਫੈਸਲੇ ਵੀ ਲੈਂਦਾ ਹੈ। ਛੋਟੋ-ਮੋਟੇ ਅਤੇ ਕੁਝ ਮਹੱਤਵਪੂਰਨ ਵੀ। ਭਾਵੇਂ ਜੀਵਨ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਫਿਰ ਵੀ ਸੁਪਨੇ ਸੁਹਾਵਣੇ ਅਤੇ ਫੈਸਲੇ ਸਹੀ ਹੋਵਣ ਤਾਂ ਜੀਵਨ ਵੀ ਸੁਹਾਵਣਾ ਲੱਗਣ ਲੱਗਦਾ ਹੈ। ਨਾ-ਚਾਹੁੰਦਿਆਂ ਹੋਇਆਂ ਵੀ ਕਦੇ-ਕਦੇ ਕੁਝ ਸੁਪਨੇ ਜਾਂ ਫਿਰ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਲਏ ਹੋਏ ਵਕਤੀ ਫੈਸਲੇ ਤ੍ਰਾਸਦੀ ਹੋ ਨਿਬੜਦੇ ਹਨ। ਉਲਝੀ ਹੋਈ ਜ਼ਿੰਦਗੀ ਸੁਲਝਣ ਦੀ ਬਜਾਏ ਲੰਮੇ ਧਾਗੇ ਦੇ ਉਲਝਣ ਵਾਂਗ ਉਲਝਦੀ ਹੀ ਜਾਂਦੀ ਹੈ।
‘ਗ. ਸ. ਨਕਸ਼ਦੀਪ ਪੰਜਕੋਹਾ’ ਸਾਹਿਤਕ ਨਾਮ ਵਾਲੇ ‘ਗੁਰਦੀਪ ਸਿੰਘ’ ਫਤਿਹਗੜ੍ਹ ਜ਼ਿਲੇ ਦੇ ਪਿੰਡ ਪੰਜਕੋਹਾ ਨਾਲ ਸਬੰਧਿਤ ਹਨ। ਪੰਜਾਬ ਦੀਆਂ ਨਾਮੀ ਯੂਨੀਵਰਸਿਟੀਆਂ ਤੋਂ ਉੱਚ ਵਿੱਦਿਆ ਪ੍ਰਾਪਤ ਕਰਕੇ ਵੀ ਨਕਸ਼ਦੀਪ ਪੰਜਕੋਹਾ ਨੂੰ ਚੰਗੇ ਭਵਿੱਖ ਦੀ ਖ਼ਾਤਰ ਵਿਦੇਸ਼ੀ ਪਰਵਾਜ਼ ਭਰਨੀ ਪਈ। ਕਾਫ਼ੀ ਦੇਰ ਪਰਵਾਸ ਦੀ ਦੂਹਰੀ ਜ਼ਿੰਦਗੀ ਦਾ ਸੰਤਾਪ ਹੰਢਾ ਕੇ ਉਹ ਆਪਣੇ ਦਿਲ ਵਿੱਚ ਵਸਦੇ ਦੇਸ ਪੰਜਾਬ ਆ ਗਏ।
“ਕੀ ਖੱਟਿਆ ਪ੍ਰਦੇਸ” ਨਾਵਲ ਦੋ ਮੁੱਖ ਕਿਰਦਾਰਾਂ ਚੰਨੋ ਅਤੇ ਗੁਰਦਾਸ ਦੇ ਜੀਵਨ ਉਪਰ ਕੇਂਦ੍ਰਿਤ ਹੈ। ਚੰਗੀ ਭਲੀ ਵਿਆਹੁਤਾ ਜ਼ਿੰਦਗੀ ਤੋਂ ਸ਼ੁਰੂ ਹੋਇਆ ਜੀਵਨ ਸਫ਼ਰ ਐਸਾ ਉਲਝਣਾ ਸ਼ੁਰੂ ਹੋਇਆ ਕਿ ਉਲਝਦਾ-ਉਲਝਦਾ ਸੁਲਝਣ ਦੀਆਂ ਸੰਭਾਵਨਾਵਾਂ ਤੋਂ ਵੀ ਅਗਾਂਹ ਉਲਝ ਗਿਆ। ਅਜੋਕੇ ਪ੍ਰਵਾਸ ਦੇ ਤੌਰ ਤਰੀਕੇ ਜਿਸ ਵਿੱਚ ਪੰਜਾਬ ਦੀ ਜਵਾਨੀ ਦਾ ਆਈਲੈਟਸ ਪਾਸ ਕਰਕੇ ਕੈਨੇਡਾ ਪਹੁੰਚਣਾ ਮੁੱਖ ਟੀਚਾ ਬਣ ਗਿਆ ਹੈ, ਉਸ ਨੇ ਵੀ ਅਹਿਮ ਭੂਮਿਕਾ ਨਿਭਾਈ। ‘ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ ਵਾਂਗ’ ਪ੍ਰਦੇਸ ਉਡਾਰੀ ਮਾਰਨ ਲਈ ਚੰਨੋ ਕਿਵੇਂ ਪਿਛਾਂਹ ਰਹਿੰਦੀ? ਸਹੁਰੇ ਘਰ ਦੀ ਆਰਥਿਕ ਮੰਦਹਾਲੀ, ਗੁਰਦਾਸ ਅਤੇ ਉਸ ਦੇ ਬਾਪ ਦੇ ਕਰਜ਼ੇ ਦੀ ਪੰਡ ਅਤੇ ਡਾਲਰਾਂ ਦੇ ਦਰੱਖਤਾਂ ਦੇ ਸੁਪਨੇ ਤੇ ਵਾ-ਵਰੋਲਿਆਂ ਵਿੱਚ ਘੁਮੇਟੇ ਖਾਂਦੀ ਚੰਨੋ ਅੰਬਰੀਂ ਪਰਵਾਜ਼ ਭਰ ਕੇ ਆਪਣੇ ਸੁਪਨਿਆਂ ਦੇ ਦੇਸ ਕੈਨੇਡਾ ਪਹੁੰਚ ਗਈ।
ਡਾ. ਕੁਲਵਿੰਦਰ ਸਿੰਘ ਬਾਠ