ਡਾਕਟਰ ਕਰਨੈਲ ਸਿੰਘ ਸ਼ੇਰਗਿਲ ਬਰਤਾਨਵੀ ਪੰਜਾਬੀ ਸਾਹਿਤ ਦਾ ਇਕ ਪ੍ਰਮਾਣਿਕ ਹਸਤਾਖਰ ਹੈ। ਹੁਣ ਤੱਕ ਕਵਿਤਾ ਅਤੇ ਕਹਾਣੀਆਂ ਦੀਆਂ ਪੁਸਤਕਾਂ ਰਾਹੀਂ ਉਹ ਆਪਣੀ ਸਾਹਿਤਕ ਪ੍ਰਤਿਭਾ ਨੂੰ ਸਾਬਤ ਕਰ ਚੁੱਕਿਆ ਹੈ। ‘ਲਾਕਡਾਊਨ ਅਲਫਾ’ ਉਸਦਾ ਨਵਾਂ ਨਾਵਲ ਹੈ ਜਿਸ ਵਿਚ ਉਸਨੇ ਇਕ ਪਿਆਰ ਤਿਕੋਣ ਦੀ ਗੁੰਝਲਦਾਰ ਕਹਾਣੀ ਨੂੰ ਕਰੋਨਾ ਦੇ ਪ੍ਰਸੰਗ ਵਿੱਚ ਸਿਰਜਣ ਦਾ ਯਤਨ ਕੀਤਾ ਹੈ। ਕਰਨ, ਅੰਮ੍ਰਿਤਾ ਅਤੇ ਮਨਵੀਰ ਤਿੰਨੋਂ ਜਮਾਤੀ ਹਨ ਤੇ ਡਾਕਟਰੀ ਦੀ ਪੜ੍ਹਾਈ ਪਰ ਕਹਾਣੀ ਦੀ ਗੁੰਝਲ ਇਹ ਹੈ ਕਿ ਅੰਮ੍ਰਿਤਾ ਮਨਵੀਰ ਨਾਲ ਵਿਆਹ ਕਰਵਾਉਣ ਦੇ ਬਾਵਜੂਦ ਵੀ ਮਾਨਸਿਕ ਤੌਰ ਤੇ ਕਰਨ ਨਾਲ ਜੁੜੀ ਹੋਈ ਹੈ ਤੇ ਉਸ ਨੂੰ ਕਿਸੇ ਵੀ ਕੀਮਤ ਤੇ ਛੱਡਣ ਨੂੰ ਤਿਆਰ ਨਹੀਂ। ਜਿਸ ਦੇ ਸਿੱਟੇ ਵਜੋਂ ਨਾਵਲ ਵਿਚ ਅਨੇਕ ਥਾਂ ਤੇ ਤਣਾਅ ਭਰੀ ਸਥਿਤੀ ਬਣਦੀ ਹੈ ਜੋ ਕਦੇ ਜੈਸਿਕਾ, ਕਦੇ ਕਰਨ ਤੇ ਹੋਰਾਂ ਨਾਵਲੀ ਪਾਤਰਾਂ ਦੇ ਲਈ ਸੰਕਟਗ੍ਰਸਤ ਸਥਿਤੀਆਂ ਦੀ ਸਿਰਜਣਾ ਕਰਦੀ ਹੈ। ਇਸ ਸਮੁੱਚੇ ਗਲਪੀ ਬਿਰਤਾਂਤ ਨੂੰ ਨਾਵਲਕਾਰ ਕਦੇ ਇੰਡੀਆ ਕਦੇ ਇੰਗਲੈਂਡ ਦੀ ਧਰਤੀ ਤੇ ਕਰੋਨਾ ਮਹਾਂਮਾਰੀ ਦੇ ਪ੍ਰਸੰਗ ਵਿੱਚ ਸਿਰਜਦਾ ਹੈ। ਤਿਕੋਣੀ ਮੁਹੱਬਤ ਦਾ ਇਹ ਪ੍ਰਸੰਗ ਨਾਵਲ ਦੇ ਪੌਣੇ ਹਿੱਸੇ ਤੱਕ ਸਹਿਜ ਤੋਰ ਤੁਰਿਆ ਜਾਂਦਾ ਹੈ ਪਰ ਨਾਵਲ ਦੇ ਅੰਤਲੇ ਹਿੱਸੇ ਵਿੱਚ ਜਾ ਕੇ ਅੰਮ੍ਰਿਤਾ ਆਪਣੇ ਉੱਗਰ ਮਾਨਸਿਕ ਰੂਪ ਵਿੱਚ ਪੇਸ਼ ਹੋਣ ਲੱਗਦੀ ਹੈ। ਮਨਵੀਰ ਦੀ ਮੌਤ ਤੋਂ ਬਾਅਦ ਉਸਦੀ ਮਾਨਸਿਕਤਾ ਇਕ ਵਿਕਰਾਲ ਉੱਗਰ ਰੂਪ ਧਾਰਨ ਕਰ ਲੈਂਦੀ ਹੈ ਤੇ ਆਪਣੀ ਮਾਨਸਿਕ ਅਸੁਰੱਖਿਆ ਦੇ ਚੱਲਦੇ ‘ਕਰਨ’ ਨੂੰ ਸਰੀਰਿਕ ਤੇ ਮਾਨਸਿਕ ਤੌਰ ਤੇ ਪਾਉਣਾ ਹੀ ਉਸਦਾ ਪ੍ਰਮੁੱਖ ਲਕਸ਼ ਬਣ ਜਾਂਦਾ ਹੈ। ਅਜਿਹੀ ਮਾਨਸਿਕ ਸਥਿਤੀ ਵਿੱਚ ਉਹ ਪਹਿਲਾਂ ਜੈਸਿਕਾ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤੇ ਫੇਰ ਕਰਨ ਨੂੰ ਵੀ ਗੋਲੀ ਮਾਰਨ ਦਾ ਇਰਾਦਾ ਬਣਾ ਲੈਂਦੀ ਹੈ ਪਰ ਨਾਵਲ ਦੇ ਅੰਤ ਵਿੱਚ ਉਹ ਮਾਰਨ ਦੀ ਧਮਕੀ ਦੇਣ ਦੇ ਬਾਵਜੂਦ ਵੀ ਕਰਨ ਦੇ ਮੂੰਹੋਂ ਆਪਣੇ ਪ੍ਰਤੀ ਮੁਹੱਬਤ ਨੂੰ ਕਬੂਲ ਨਾ ਕਰਵਾ ਸਕਣ ਕਾਰਨ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲੈਂਦੀ ਹੈ। ਮਰਨ ਲੱਗੇ ਉਸਦਾ ਇਹ ਕਹਿਣਾ ਕਿ ‘ਆਈ ਹੈਵ ਅਨਲੌਕਡ ਯੂ ਐਂਡ ਜੈਸਿਕਾ।’ ਹੁਣ ਅਲਵਿਦਾ ਪਰ ਮੈਂ ਫਿਰ ਜ਼ਰੂਰ ਆਵਾਂਗੀ। ਮੈਂ ਆਪਣੀ ਆਦਤ ਤੋਂ ਮਜਬੂਰ ਹਾਂ।
ਨਾਵਲ ਦੇ ਸ਼ੁਰੂ ਵਿੱਚ ਕਰਨ ਦਾ ਇੰਗਲੈਂਡ ਜਾਣਾ, ਉੱਥੇ ਸੰਘਰਸ਼ ਕਰਨਾ, ਉਥੇ ਆਪਣੀ ਪੜ੍ਹਾਈ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਜਿਥੇ ਪੰਜਾਬੀ ਮਾਨਸਿਕਤਾ ਦੇ ਇਕ ਸੰਘਰਸ਼ਮਈ ਖਾਸੇ ਨੂੰ ਪੇਸ਼ ਕਰਦੀ ਹੈ ਉਥੇ ਇਸ ਨਾਵਲ ਵਿੱਚ ਜਾਤਪਾਤੀ ਕਲਚਰ ਨੂੰ ਵੀ ਅਣਮਨੁੱਖੀ ਵਰਤਾਰੇ ਲਈ ਜਿੰਮੇਵਾਰ ਧਿਰ ਵਜੋਂ ਪੇਸ਼ ਕੀਤਾ ਗਿਆ ਹੈ। ਅੰਮ੍ਰਿਤਾ ਦੇ ਕਰਨ ਨਾਲ ਵਿਆਹ ਵਿਚ ਕਰਨ ਦੀ ਛੋਟੀ ਜਾਤ ਵੀ ਇੱਕ ਵੱਡਾ ਕਾਰਨ ਬਣਦੀ ਹੈ। ਹਰਜਿੰਦਰ ਸਿੰਘ ਦੇ ਪਾਤਰ ਰਾਹੀਂ ਉਧਰ ਗੋਰੀਆਂ ਨਾਲ ਵਿਆਹ ਕਰਵਾਉਣ ਕਾਰਨ ਉਸਦੇ ਘਰੇਲੂ ਜੀਵਨ ਵਿੱਚ ਪੈਦਾ ਹੋਈਆਂ ਜਟਿਲਤਾਵਾਂ ਵੀ ਪੰਜਾਬੀ ਸਭਿਆਚਾਰ ਵਿੱਚ ਦਰਪੇਸ਼ ਅਨੇਕ ਸਮਸਿਆਵਾਂ ਦਾ ਕਾਰਨ ਬਣਦੀਆਂ ਹਨ। ਇਸ ਨਾਵਲ ਨੂੰ ਪੜ੍ਹਦਿਆਂ ਮੈਂ ਇਸ ਨਾਵਲ ਦੀ ਪੜ੍ਹਨ-ਯੋਗਤਾ (readiability) ਦਾ ਕਾਇਲ ਹੋਇਆ ਹਾਂ। ਨਿੱਕੇ ਨਿੱਕੇ ਵਾਕਾਂ ਤੇ ਕਾਂਡਾਂ ਰਾਹੀਂ ਗਲਪੀ ਕਥਾ ਨੂੰ ਸਮੇਟਣਾ ਲੇਖਕ ਦੇ ਹੁਨਰ ਦਾ ਕਮਾਲ ਮੰਨਿਆ ਜਾ ਸਕਦਾ ਹੈ। ਅੰਤ ਤੇ ਮੈਂ ਡਾਕਟਰ ਕਰਨੈਲ ਸਿੰਘ ਸ਼ੇਰਗਿਲ ਨੂੰ ਇਸ ਖੂਬਸੂਰਤ ਨਾਵਲ ਲਈ ਹਾਰਦਿਕ ਵਧਾਈ ਪੇਸ਼ ਕਰਦਾ ਹਾਂ।…..ਅਮਰਜੀਤ ਕੌਂਕੇ |
*** 880 *** |
About the author
ਡਾ. ਅਮਰਜੀਤ ਕੌਂਕੇ
ਡਾ. ਅਮਰਜੀਤ ਕੌਂਕੇ
ਜਨਮ: ਅਗਸਤ 1964
ਜ਼ਿਲ੍ਹਾ ਲੁਧਿਆਣਾ, ਭਾਰਤੀ (ਪੰਜਾਬ)
ਸਿੱਖਿਆ: ਐੱਮ.ਏ. (ਪੰਜਾਬੀ), ਪੀ. ਐੱਚ. ਡੀ.
ਕਿੱਤਾ: ਕਵੀ,ਸੰਪਾਦਕ ਅਤੇ ਅਨੁਵਾਦਕ
ਵਿਧਾ: ਕਵਿਤਾ
****
ਕੇਵਲ ਪੰਜਾਬੀ ਵਿਚ ਛਪੀਅਾਂ ਪੁਸਤਕਾਂ ਦੀ ਸੂਚੀ:
ਦਾਇਰਿਆਂ ਦੀ ਕਬਰ ‘ਚੋਂ (1985)
ਇਸ ਪੁਸਤਕ ਦੇ ਤਿੰਨ ਹਿੱਸੇ ਹਨ ਤੇ ਇਸਦਾ ਸਾਂਝਾ ਨਾਂ ਹੈ ‘ਦਾਇਰਿਆਂ ਦੀ ਕਬਰ ‘ਚੋਂ ’। ਇਸ ਵਿੱਚ ਬਲਜੀਤ ਮੋਗਾ, ਅਮਰਜੀਤ ਕੌਂਕੇ ਅਤੇ ਸਵਰਨਜੀਤ ਸਵੀ ਨੇ ਨਜ਼ਮਾਂ ਦੀ ਰਚਨਾ ਕੀਤੀ ਹੈ। (ਓ) ਬਲਜੀਤ ਮੋਗਾ :- ਇਸਦੀ ਕਵਿਤਾ ਦੀ ਖੂਬੀ ਇਹ ਹੈ ਕਿ ਇਸ ਵਿੱਚ ਇੱਕ ਤਾਜੇ ਫੁੱਟੇ ਚਸ਼ਮੇ ਦੀ ਤਾਜ਼ਗੀ ਤੇ ਅਮੀਰੀ ਹੈ। ਇਸ ਲਈ ਕੁੜੀ ਦਾ ਮੋਹ-ਵਿਰਾਗ ਹੀ ਦਾਇਰਾ ਹੈ। (ਅ) ਅਮਰਜੀਤ ਕੌਂਕੇ :- ਇਸ ਨੇ ਕਵਿਤਾ ਨੂੰ ਇੰਨੀ ਮੌਲਿਕਤਾ ਨਾਲ ਬਿਆਨ ਕੀਤਾ ਹੈ ਕਿ ਕਵਿਤਾ ਮੁੱਕਣ ਤੋਂ ਬਾਅਦ ਵੀ ਸ਼ਬਦ ਪਾਰਦਰਸ਼ੀ ਹੋ ਜਾਂਦੇ ਹਨ, ਵਿਆਕੁਲ ਪੈਰਾਂ ਦੀ ਆਵਾਜ਼ ਸੁਣਦੀ ਹੈ ਤੇ ਲੱਗਦਾ ਹੈ ਕਿ ਸ਼ਬਦਾਂ ਦੀ ਦਰਗਾਹ ਤੇ ਕੋਈ ਰੋਹ ਰਿਹਾ ਹੈ। ਇਸ ਲਈ ਮਾਂ ਦੀ ਮਮਤਾ ਹੀ ਦਾਇਰਾ ਹੈ।[2] (ੲ) ਸਵਰਜੀਤ ਸਵੀ :- ਇਸ ਅਨੁਸਾਰ ‘ਜੋ ਹੈ’ ਉਸਦਾ ਯਥਾਰਥ ਹੈ ਤੇ ‘ਜੋ ਹੋਣਾ ਚਾਹੀਦਾ ਹੈ’ ਉਸ ਦਾ ਆਦਰਸ਼। ਇਸ ਯਥਾਰਥ ਤੇ ਆਦਰਸ਼ ਵਿਚਲਾ ਫਾਸਲਾ ਦਾਇਰਾ ਹੈ।
ਨਿਰਵਾਣ ਦੀ ਤਲਾਸ਼ 'ਚ (1987, 1994,2009)
ਅਮਰਜੀਤ ਕੌਂਕੇ ਦੀ ਕਾਵਿ ਪੁਸਤਕ ‘ਨਿਰਵਾਣ ਦੀ ਤਲਾਸ਼ ‘ਚ’ ਮਨੁੱਖੀ ਪਛਾਣ ਦੀ ਸਮੱਸਿਆ ਨੂੰ ਕਈ ਰੂਪਾਂ ਚ ‘ਉਘਾੜਦੀ ਹੈ। ਜਿਵੇਂ ਚੰਗਾ ਭਲਾ ਮਨੁੱਖ ਕਈ ਵਾਰ ਬੇਪਛਾਣ ਹੋ ਜਾਂਦਾ ਹੈ। ਉਦੋਂ ਰਿਸ਼ਤਾ ਉਸਦੀ ਪਛਾਣ ਬਣਦਾ ਹੈ। ਇਸ ਵਿੱਚ ਕਵੀ ਨੇ ਮਨੁੱਖ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਬਾਰੇ ਗੱਲ ਕੀਤੀ ਹੈ। ਉਹ ਇਹ ਵੀ ਦੱਸਦਾ ਹੈ ਕਿ ਜਦੋਂ ਮਨੁੱਖ ਵਾਸਤਵਿਕਤਾ ਨਾਲ ਟਕਰਾਉਂਦਾ ਹੈ ਤਾਂ ਉਹ ਕਦੇ ਹਾਰਦਾ, ਕਦੇ ਟੁੱਟਦਾ ਤੇ ਕਦੇ ਖੁਰਦਾ ਹੈ। ਉਸਦੀ ਹਰ ਕਵਿਤਾ ਕੋਈ ਨਾ ਕੋਈ ਪ੍ਰਸ਼ਨ ਸਿਰਜਦੀ ਹੈ।
ਦਵੰਦ ਕਥਾ (1990,2009)
ਅਮਰਜੀਤ ਕੌਂਕੇ ਦੀਆਂ ਰਚਨਾਵਾਂ ਪੜ੍ਹ ਕੇ ਪਰੰਪਰਾ ਤੇ ਆਧੁਨਿਕਤਾ ਵਿਚਕਾਰ ਵਖਰੇਵਾਂ ਬਹੁਤ ਬਨਾਵਟੀ ਲਗਦਾ ਹੈ।ਬੇਕਿਨਾਰ ਹੋ ਕੇ ਵੀ ਉਹ ਕਿਸੇ ਥਾਂ ਹ੍ਮ੍ਕਿਨਾਰ ਹੋਇਆ ਜਾਪਦਾ ਹੈ।ਦੂਰ ਤੱਕ ਫੈਲਦਾ ਹੈ ਪਰ ਸੰਕੇਤ ਦੇ ਜਾਂਦਾ ਹੈ ਕਿ ਫੈਲਨ ਲਈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਜਰੂਰੀ ਨਹੀਂ.ਏਡੇ ਸੰਯੁਕਤ ਆਪੇ ਨਾਲ ਮੁਲਾਕਾਤ ਦੇਰ ਬਾਅਦ ਹੋਈ ਹੈ, ਇਸ ਲਈ ਕਿਸੇ ਚਿਰੀਂ ਵਿਛੜੇ ਦੇ ਮਿਲਣ ਦਾ ਅਹਿਸਾਸ ਜਾਗਦਾ ਹੈ- ਡਾ. ਹਰਿਭਜਨ ਸਿੰਘ
ਯਕੀਨ (1993,2009)
ਇਸ ਕਾਵਿ ਸੰਗ੍ਰਹਿ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਨਾਲ ਪੁਰਾਣੇ ਯੁੱਗ ਨੂੰ ਰੂਪਾਂਤ੍ਰਿਤ ਕਰਨਾ ਹੈ।
ਸ਼ਬਦ ਰਹਿਣਗੇ ਕੋਲ (1996,2009)
ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਕਵੀ ਨੇ ‘ਮੈਂ, ਯਥਾਰਥ, ਪ੍ਰਕਿਤੀ ਦੇ ਚਿੰਨ੍ਹਾਂ ਨਾਲ ਦੂਜੀ ਫੈਂਟਸੀ, ਸਹਿਜ-ਸੁਹਜ, ਪਿਆਰ ਭਾਵਾਂ ਤੋਂ ਤੁਰ ਕੇ ਭੌਤਿਕ ਜਾਂ ਦੇਹ ਦੇ ਅਨੰਦ, ਵਿਸ਼ਵਾਸ-ਅਵਿਸ਼ਵਾਸ ਆਦਿ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਲ 1997 ਲਈ ਸਰਵੋਤਮ ਪੁਸਤਕ ਪੁਰਸਕਾਰ "ਮੋਹਨ ਸਿੰਘ ਮਾਹਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ।
ਸਿਮਰਤੀਆਂ ਦੀ ਲਾਲਟੈਨ (2000, 2004,2009)
ਇਸ ਵਿੱਚ ਸ਼ਾਮਿਲ ਕਵਿਤਾਵਾਂ ਵਿੱਚ ਕਵੀ ਨੇ ਜਿੰਦਗੀ ਦੇ ਬਹੁਪਸਾਰੀ ਸਰੋਕਾਰਾਂ ਨੂੰ ਦੂਰਦ੍ਰਿਸ਼ਟੀ ਨਾਲ ਰੂਪਮਾਨ ਕੀਤਾ ਹੈ। ਇਸ ਵਿੱਚ ਮਨੁੱਖ ਦੀ ਦਾਸਤਾਨ, ਉਸਦੇ ਆਂਤਰਿਕ ਸੰਬੰਧ, ਨਵੀਆਂ ਰਾਹਾਂ ਦੀ ਭਾਲ, ਮਾਨਵੀ ਰਿਸ਼ਤਿਆਂ, ਆਰਥਿਕ ਉੱਨਤੀ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਕਾਰਨ ਪੇਂਡੂ ਅਰਥਚਾਰੇ ਦਾ ਖੇਰੂ-ਖੇਰੂ ਹੋਣਾ, ਔਰਤ ਮਰਦ ਦੇ ਰਿਸ਼ਤੇ, ਭਟਕਦੀ ਮਨੁੱਖੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਪ੍ਰਤੀਕਾਂ ਦੀ ਵਰਤੋ ਜਿਆਦਾ ਕੀਤੀ ਹੈ।
ਪਿਆਸ (2013)
"ਪਿਆਸ" ਜਿੰਦਗੀ ਦੇ ਬਹੁਭਾਂਤ ਵਸਤੂ ਵਰਤਾਰਿਆਂ ਨਾਲ ਸੰਵਾਦ ਸਿਰਜਦੀ ਇੱਕ ਮਹੱਤਵਪੂਰਨ ਪੁਸਤਕ ਹੈ ਜਿਹੜੀ ਆਧੁਨਿਕ ਗਲੋਬਲੀ ਯੁਗ ਵਿੱਚ ਗੁਆਚ ਰਹੀ ਸੰਵੇਦਨਾ, ਪੂੰਜੀਵਾਦੀ ਪ੍ਰਬੰਧ ਵਿੱਚ ਪਿਸ ਰਹੇ ਆਮ ਇਨਸਾਨ ਦੀ ਹੋਣੀ, ਤੇ ਦਿਨੋ ਦਿਨ ਟੁੱਟ ਰਹੇ ਰਿਸ਼ਤਿਆਂ ਤੇ ਬੇਗਾਨਗੀ ਦੀ ਬਾਤ ਪਾਉਂਦੀ ਹੈ। ਇਸ ਕਿਤਾਬ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2014 ਲਈ ਸਰਵੋਤਮ ਪੁਸਤਕ ਪੁਰਸਕਾਰ " ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ ਹੈ।
(ਜਾਣਕਾਰੀ ਵਿਕੀਪੀਡੀਆ ਤੋਂ ਧੰਂਨਵਾਦ ਸਹਿਤ, ਡਾ. ਅਮਰਜੀਤ ਕੌਂਕੇ ਦੀਅਾਂ ਲਿਖਤਾਂ ਸਬੰਧੀ ਹੋਰ ਵੇਰਵਾ 'ਵਿਕੀਪੀਡੀਆ 'ਤੇ ਵੀ ਵੇਖਿਆ ਜਾ ਸਕਦਾ ਹੈ)