ਦਸੰਬਰ 1971 ਨੂੰ ਜਿੱਥੇ ਬੰਗਲਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਵਿੱਚ ਹਿੰਦ –ਪਾਕ ਦਾ ਯੁੱਧ ਸ਼ੁਰੂ ਹੋਇਆ। ਉੱਥੇ ਪੰਜਾਬ ਦੀ ਧਰਤੀ ਤੇ ਵੀ ਪਾਕਿਸਤਾਨ ਫੌਜ਼ ਨੇ ਹਮਲਾ ਬੋਲ ਦਿੱਤਾ। ਬੰਗਲਾ ਦੇਸ਼ ਵਿੱਚ ਮੁਕਤੀ ਬਾਨੀ ਸੈਨਾ ਦਿਨ ਰਾਤ ਇੱਕ ਕਰ ਰਹੀ ਸੀ। ਲੱਗਭਗ ਸਾਰੇ ਸਮੁੱਚੇ ਭਾਰਤ ਵਿੱਚ ਹਲਚਲ ਹੋ ਰਹੀ ਸੀ। ਕਈਂ ਦਿਨ ਘਮਸਾਨ ਦਾ ਯੁੱਧ ਚਲਦਾ ਰਿਹਾ। ਸਾਡੀਆਂ ਤਿੰਨੇ ਸੈਨਾਵਾਂ ਨੇ ਕਾਬਲੇ ਤਰੀਫ ਦੇਸ਼ ਪ੍ਰਤੀ ਸੇਵਾਵਾਂ ਦਾ ਸਬੂਤ ਦਿੱਤਾ। ਕੋਸਿਸ ਕੀਤੀ ਕੇ ਕਿਸੇ ਗ਼ੈਰ ਦਾ ਪੈਰ ਸਾਡੀ ਭਾਰਤ ਦੀ ਧਰਤੀ ਤੇ ਨਾ ਪਵੇਂ। ਪਰ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਉਹ ਵੀ ਆਪਣੀ ਪੂਰੀ ਵਾਹ ਲਗਾ ਕੇ ਪੂਰੀ ਤਾਕਤ ਝੌਖਣੋ ਪਿੱਛੇ ਨਹੀਂ ਹਟਦਾ। ਹੋਇਆ ਵੀ ਬਿਲਕੁਲ ਇੰਝ ਹੀ ਅੱਠ ਤੇ ਨੌ ਦਸੰਬਰ ਦੀ ਰਾਤ ਨੂੰ ਮਮਦੋਟ ਸੈਕਟਰ ਦੇ ਅਧੀਨ ਪੈਂਦੀ ਚੌਕੀ ਰਾਜਾ ਮੋਹਤਮ ਤੇ ਪਾਕਿਸਤਾਨੀਆਂ ਨੇ ਕਬਜਾ ਕਰ ਲਿਆ। ਚੌਕੀ ਬਿੱਲਕੁਲ ਦਰਿਆ ਦੇ ਕੰਢੇ ਉਤੇ ਹੋਣ ਕਰਕੇ ਸਾਡੀ ਸੈਨਾ ਅਗੇ ਨਾ ਵੱਧ ਸਕੀ। ਪਰ ਦੁਸ਼ਮਣ ਇਸ ਦਾ ਫਾਇਦਾ ਲੈਂਦੇ ਹੋਏ ਕਬਜ਼ਾ ਕਰ ਕੇ ਬੈਠ ਗਏ। ਜਦੋਂ ਇਸ ਦੀ ਖਬਰ ਮਮਦੋਟ ਦੇ ਬੀ ਐੱਸ ਐੱਫ ਦੇ ਹੈਡ ਕੁਆਰਟਰ ਵਿਚ ਪੁਜ਼ੀ ਤਾਂ ਐਸੀਸਟੈਂਟ ਕਮਾਂਡਰ ਰਾਮ ਕਿਸ਼ਨ ਵਾਧਵਾ ਨੇ ਆਪਣੇ ਕਮਾਂਡਰ ਨੂੰ ਬੇਨਤੀ ਕੀਤੀ ਕਿ ਇਹ ਟਾਸਕ ਮੈਨੂੰ ਸੌਂਪਿਆ ਜਾਵੇ। ਇਸ ਨੂੰ ਮੈਂ ਹੀ ਪੂਰਾ ਕਰਾਂਗਾ। ਹਾਲਾਂ ਕਿ ਇਹ ਜੁੰਮੇਵਾਰੀ 15 ਡੋਗਰਾ ਨੂੰ ਸੌਂਪੀ ਗਈ ਸੀ ਜੋ ਉਸ ਵਕਤ ਦੇਹਰਾਦੂਨ ਤੋਂ ਆ ਰਹੀ ਸੀ। ਪਰ ਕਮਾਂਡਿੰਗ ਅਫਸਰ ਨੇ ਵਧਵਾ ਜੀ ਦਾ ਹੌਸਲਾ ਵੇਖਦੇ ਹੋਏ ਹਾਂ ਕਰ ਦਿੱਤੀ। ਰਾਮ ਕਿਸ਼ਨ ਵਧਵਾ ਨੇ ਆਪਣੀ ਟੁਕੜੀ ਤਿਆਰ ਕਰ ਲਈ। ਅਗਲੇ ਦਿਨ ਦਸ ਤੇ ਗਿਆਰਾਂ ਦੀ ਰਾਤ ਨੂੰ ਬਾਰਾਂ ਤੇਰਾਂ ਕਿਲੋਮੀਟਰ ਦਾ ਰਸਤਾ ਪੈਦਲ ਤਹਿ ਕਰਕੇ ਰਾਜਾ ਮੋਹਤਮ ਚੌਕੀ ਦੇ ਨੇੜੇ ਪਹੁੰਚ ਗਏ। ਬੜੀ ਸੂਝਬੂਝ ਨਾਲ ਹਮਲੇ ਦੀ ਰਣ-ਨੀਤੀ ਤਿਆਰ ਕਰਕੇ ਦੁਸ਼ਮਣ ਤੇ ਇਕ ਦਮ ਹਮਲਾ ਕਰ ਦਿੱਤਾ। ਦੁਸਮਣਾਂ ਨੂੰ ਸਮਝ ਹੀ ਨਾ ਆਈ ਕਿ ਇਹ ਕੀ ਹੋ ਗਿਆ ਹੈ। ਕਿਉਂਕਿ ਚੌਕੀ ਦੇ ਪਹਾੜ ਵਾਲੇ ਪਾਸੇ ਸਤਲੁਜ ਦਰਿਆ ਵਗਦਾ ਸੀ ਬਾਕੀ ਤਿੰਨਾਂ ਪਾਸਿਆਂ ਤੋਂ ਬੀ ਐੱਸ ਐੱਫ ਦੇ ਜਵਾਨਾਂ ਨੇ ਆਪਣੇ ਮੋਰਚੇ ਸੰਭਾਲੇ ਹੋਏ ਸਨ। ਫਿਰ ਜੰਮ ਕੇ ਗੋਲਾਬਾਰੀ ਕੀਤੀ ਦੁਸ਼ਮਣ ਦਾ ਸਿਰ ਉੱਥੇ ਹੀ ਭੰਨ ਦਿੱਤਾ। ਪਾਕਿ ਫੌਜ ਦਾ ਬਹੁਤ ਜਿਆਦਾ ਨੁਕਸਾਨ ਹੋਇਆ। ਸ਼ਾਇਦ ਹੀ ਕੋਈ ਇਕ ਅੱਧਾ ਹੀ ਜਿੰਦਾ ਬਚ ਕੇ ਨਿਕਲ ਗਿਆ ਹੋਵੇ ਨਹੀਂ ਤਾਂ ਸਾਰੇ ਹੀ ਉੱਥੇ ਢਹਿ-ਢੇਰੀ ਕਰ ਦਿਤੇ ਗਏ। ਇਹ ਯੁੱਧ ਸਾਰੀ ਰਾਤ ਚਲਦਾ ਰਿਹਾ, ਪਰ ਵਧਵਾ ਸਾਬ੍ਹ ਨੇ ਵਿਉਂਤ ਬੰਦੀ ਇਹੋ ਜਿਹੀ ਕੀਤੀ ਸੀ ਕਿ ਇਕ ਵੀ ਜਵਾਨ ਉਸ ਸਮੇਂ ਤਕ ਸ਼ਹੀਦ ਨਹੀਂ ਹੋਇਆ ਸੀ। ਫੱਟੜ ਜਰੂਰ ਜਵਾਨ ਹੋਏ ਸਨ ਪਰ ਉਨਾਂ ਜਵਾਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਸੀ। ਹੌਸਲੇ ਇੰਨੇ ਬੁਲੰਦ ਸਨ ਕਿ ਕੋਈ ਕਹਿਣ ਦੀ ਗੱਲ ਹੀ ਨਹੀਂ ਸੀ। ਬਸ ਇੱਕੋ ਇੱਕ ਜਜ਼ਬਾ ਕਿ ਅਸੀਂ ਭਾਰਤ ਮਾਂ ਦੇ ਸਪੂਤ ਭਾਰਤ ਮਾਂ ਦੇ ਕੰਮ ਆ ਕੇ ਆਪਣਾ ਫਰਜ਼ ਪੂਰਾ ਕੀਤਾ ਹੈ। ਦਿਨ ਚੜ੍ਹਿਆ ਦੁਸਮਣ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ। ਦੁਬਾਰਾ ਚੌਕੀ ਦੀ ਮੋਰਚਾ ਬੰਦੀ ਕੀਤੀ ਸਾਹਮਣੇ ਤੋਂ ਕੁਝ ਨਜ਼ਰ ਨਹੀਂ ਆ ਰਿਹਾ ਸੀ। ਕਿਉਂਕਿ ਸਰਦੀ ਦੇ ਦਿਨ ਸਨ ਤੇ ਕੋਲ ਦਰਿਆ ਹੋਣ ਕਰਕੇ ਧੁੰਦ ਵੀ ਬਹੁਤ ਜਿਆਦਾ ਪਈ ਹੋਈ ਸੀ। ਖ਼ੈਰ! ਸਭ ਕੁਝ ਕਰਨ ਤੋਂ ਬਾਹਦ ਜਵਾਨਾਂ ਨੂੰ ਖੁਸ਼ੀ ਬਹੁਤ ਜਿਆਦਾ ਸੀ। ਜਵਾਨ ਉਸ ਵਕਤ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ ਜਦੋਂ ਦੇਸ਼ ਦੀ ਖਾਤਰ ਜੰਗ ਲੜੇ। ਇਸ ਤੋਂ ਵੱਧ ਫੌਜ਼ੀ ਵਾਸਤੇ ਹੋਰ ਕੋਈ ਖੁਸ਼ੀ ਨਹੀਂ ਹੁੰਦੀ। ਇੱਧਰ ਸਾਰੇ ਜਵਾਨ ਖੁਸ਼ੀਆਂ ਮਨਾਂ ਰਹੇ ਸਨ ਤੇ ਵਧਵਾ ਸਾਬ੍ਹ ਨੇ ਆਪਣੀ ਮਾਂ ਨੂੰ ਇੱਕ ਚਿੱਠੀ ਲਿਖੀ। ਜਿਸ ਵਿਚ ਉਸ ਨੇ ਬਕਾਇਦਾ ਇਹ ਗੱਲ ਲਿਖੀ ਕਿ ਮਾਂ ਜੀ ਤੁਸਾਂ ਮੈਨੂੰ ਜਿਸ ਕਰਕੇ ਜਨਮ ਦਿੱਤਾ ਸੀ ਕਿ ‘ਤੂੰ ਪੁੱਤਰਾਂ ਕਿਸੇ ਦਿਨ ਦੇਸ਼ ਦੇ ਕੰਮ ਆਵੀਂ। ਅੱਜ ਮੈਂ ਆਪਣਾ ਫਰਜ਼ ਪੂਰਾ ਨਿਭਾ ਦਿੱਤਾ ਹੈ। ਜਿਹੜੀ ਚੌਕੀ ਸਾਡੀ ਦੁਸਮਣਾਂ ਨੇ ਆਪਣੇ ਕਬਜ਼ੇ ਵਿਚ ਕਰ ਲਈ ਸੀ ਉਹ ਮੈਂ ਤੇ ਮੇਰੇ ਸਾਥੀਆਂ ਨੇ ਰਾਤੋ ਰਾਤ ਉਨਾਂ ਤੋਂ ਦੁਬਾਰਾ ਜਿੱਤ ਲਈ ਹੈ। ਮੇਰਾ ਤਾਂ ਸਿਰ ਫਖ਼ਰ ਨਾਲ ਉੱਚਾ ਹੋਇਆ ਹੈ ਇਹ ਸਭ ਤੁਹਾਡੇ ਆਸ਼ੀਰਵਾਦ ਸਦਕਾ।’ ਇੱਧਰ ਖਬਰਾਂ ਦਿੱਲੀ ਹੈਡ ਕੁਆਰਟਰ ਤਕ ਪਹੁੰਚ ਗਈਆ ‘ਤੇ ਉਥੋਂ ਦੇਸ ਦੇ ਮਹਾਨ ਸਪੂਤ ਵਾਸਤੇ ਮਹਾਂਵੀਰ ਚੱਕਰ ਦਾ ਐਲਾਨ ਹੋਇਆ ਜੋ ਕਿ ਬੀ ਐਸ ਐਫ ਦਾ ਪਲੇਠੀ ਦਾ ਮਹਾਂ ਵੀਰ ਚੱਕਰ ਸਾਬਿਤ ਹੋਇਆ। ਉਸ ਤੋਂ ਪਹਿਲਾਂ ਕੋਈ ਵੀ ਵਿਜੇਤਾ ਚੱਕਰ ਬੀ ਐਸ ਐਫ ਦੀ ਝੋਲੀ ਵਿੱਚ ਨਹੀਂ ਪਿਆ ਸੀ। ਖੁਸ਼ੀਆਂ ਹੋਰ ਵੀ ਵੱਧ ਗਈਆਂ ਸਭ ਜਵਾਨਾਂ ਨੇ ਚਿੱਠੀਆਂ ਆਪਣੇ-ਆਪਣੇ ਘਰਾਂ ਨੂੰ ਲਿੱਖ ਦਿਤੀਆਂ। ਇੱਧਰੋਂ ਸੂਰਜ ਨੇ ਵੀ ਮਹਾਨ ਯੋਧਿਆਂ ਦਾ ਸਵਾਗਤ ਕਰਨ ਵਾਸਤੇ ਧੁੱਪ ਕੱਢ ਦਿਤੀ। ਰਾਤ ਦਾ ਥਕੇਵਾਂ ਥੋੜ੍ਹਾ ਜਿਹਾ ਦੂਰ ਹੋ ਜਾਵੇ। ਜਵਾਨਾਂ ਨੇ ਚਾਰ ਚੁਫੇਰੇ ਗਸ਼ਤ ਸ਼ੁਰੂ ਕਰ ਦਿਤੀ। ਲਾਂਗਰੀ ਨੇ ਗਰਮ ਗਰਮ ਚਾਹ ਬਣਾਈ ਤੇ ਸਾਰੇ ਚਾਹ ਪੀਣ ਲੱਗ ਪਏ। ਸ਼ਾਇਦ ਉਸ ਸਮੇਂ ਰੱਬ ਨੂੰ ਕੁਝ ਹੋਰ ਹੀ ਮੰਜੂਰ ਸੀ। ਬਸ ਗੱਲਾਂਬਾਤਾਂ ਹੀ ਕਰ ਰਹੇ ਸਨ ਕਿ ਉਸ ਹੀ ਸਮੇਂ ਦੁਸਮਣ ਦੀ ਤੋਪ ਦਾ ਇੱਕ ਗੋਲਾ ਸਿਧਾ ਮੋਰਚੇ ਦੇ ਉੱਤੇ ਆ ਡਿੱਗਾ ਜਿੱਥੇ ਰਾਮ ਕਿਸ਼ਨ ਜੀ ਵਧਵਾ ਖੜੇ ਸਨ। ਜਿਸ ਨੇ ਸਾਡੇ ਦੇਸ਼ ਦੇ ਮਹਾਨ ਸਪੂਤ ਨੂੰ ਆਪਣੀ ਬੁਕੱਲ ਵਿਚ ਲੈ ਲਿਆ। ਸ਼ਾਇਦ ਸਾਡੇ ਨਾਲੋਂ ਰੱਬ ਨੂੰ ਇਹੋ ਜਿਹੇ ਯੋਧੇ ਦੀ ਜ਼ਰੂਰਤ ਜਿਆਦਾ ਹੋਵੇਗੀ। ਪੰਜਾਬੀ ਯੋਧਾ ਜਲੰਧਰ ਦੀ ਧਰਤੀ ਤੇ ਜੰਮਪਲ ਕੇ ਫਿਰੋਜ਼ਪੁਰ ਦੀ ਧਰਤੀ ਤੇ ਸ਼ਹੀਦੀ ਦਾ ਜਾਮ ਪੀ ਗਿਆ। ਇਸ ਦੇ ਨਾਲ ਹੋਰ ਸਾਥੀ ਵੀ ਸ਼ਹੀਦ ਹੋ ਗਏ। ਜਿਹਨਾਂ ਦਾ ਦੇਸ਼ ਸਦਾ ਰਿਣੀ ਰਹੇਗਾ। ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਪੂਰਾ ਦੇਸ਼ ਆਪਣੀਆਂ ਸ਼ਿਰਧਾਂਜਲੀਆਂ ਭੇਟ ਕਰ ਰਿਹਾ ਹੈ। ਹੁਣ ਹਰ ਸਾਲ 11 ਦਸੰਬਰ ਨੂੰ ਜਿਲ੍ਹਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਬੀ ਐਸ ਐਫ ਦੇ ਜਵਾਨ ਇਲਾਕਾ ਮਮਦੋਟ ਦੇ ਨਿਵਾਸੀ ਇਸ ਨੂੰ ਇੱਕ ਮੇਲੇ ਦੇ ਰੂਪ ਵਿੱਚ ਮਨਾਉਂਦੇ ਹਨ। ਸ਼ਹੀਦ ਆਰ ਕੇ ਵਧਵਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਮਦੋਟ ਦੇ ਬੱਚੇ ਇਸ ਦਿਨ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਉਂਦੇ ਹਨ। ਲੰਗਰ ਲਾਉਂਦੇ ਹਨ। ਸ਼ਹੀਦ ਆਰ ਕੇ ਵਧਵਾ ਦੇ ਪਰਿਵਾਰ ਨੂੰ ਹਰ ਸਾਲ ਸਨਮਾਨਿਤ ਕਰਦੇ ਹਨ। “ਫਿਰ ਅੱਜ ਉਹ ਸ਼ੇਅਰ ਸਾਨੂੰ ਸਾਰਿਆਂ ਨੂੰ ਯਾਦ ਕਰਵਾਉਂਦਾ ਹੈ ‘ਸ਼ਹੀਦੋਂ ਕੀ ਚਿਤਾਓ ਪਰ ਲਗੇਂ ਗੇ ਹਰ ਬਰਸ ਮੇਲੇ,ਦੇਸ਼ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।’ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501