19 March 2024

ਪੁਸਤਕ : ਸਭ ਤੇ ਵਡਾ ਸਤਿਗੁਰੁ ਨਾਨਕੁ—ਰੀਵੀਊਕਾਰ:✍️ ਡਾ. ਗੁਰਮੇਲ ਸਿੰਘ

ਪੁਸਤਕ : ਸਭ ਤੇ ਵਡਾ ਸਤਿਗੁਰੁ ਨਾਨਕੁ
ਲੇਖਿਕਾ            : ਡਾ. ਸਰਬਜੀਤ ਕੌਰ ਸੰਧਾਵਾਲੀਆ
ਪ੍ਰਕਾਸ਼ਕ : Sikh Literary & Cultural Stall West Midlands, B69, IFD, UK
ਮਿਤੀ : ਨਵੰਬਰ 2019
ਪੰਨੇ : 238
ਰਿਵਿਊਕਾਰ : ਗੁਰਮੇਲ ਸਿੰਘ (82838 25439)

ਵਿਚਾਰਾਧੀਨ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਹੈ, ਜਿਸ ਵਿਚ ਲਗਪਗ 50 ਲੇਖ/ਅਧਿਆਇ ਸ਼ਾਮਿਲ ਕੀਤੇ ਗਏ ਹਨ। ਲੇਖਿਕਾ ਬੁਨਿਆਦੀ ਰੂਪ ਵਿਚ ਕਿਉਂਕਿ ਕਵਿਤਰੀ ਹੈ, ਇਸ ਲਈ ਉਸ ਦੀ ਇਹ ਵਾਰਤਕ ਪੁਸਤਕ ਵੀ ਬੋਲੀ ਸ਼ੈਲੀ ਪਖੋਂ ਕਾਵਿ-ਰੰਗ ਨਾਲ ਭਰਪੂਰ ਹੈ। ਲੇਖਿਕਾ ਨੇ ਮੋਹ ਭਿਜੇ ਸਬਦਾਂ ਵਿਚ ਗੁਰੂ ਜੀ ਦਾ ਜੀਵਨ-ਬਿਰਤਾਂਤ ਚਿਤਰਦਿਆਂ ਲਗਪਗ ਉਹ ਸਾਰੇ ਪਖ ਸ਼ਾਮਿਲ ਕੀਤੇ ਹਨ, ਜਿਸ ਤੋਂ ਗੁਰੂ ਸਾਹਿਬ ਦਾ ਅਰਸ਼-ਨੂਰੀ ਚਰਿਤਰ ਚਿਤਰਿਆ ਜਾ ਸਕੇ। ਲੇਖਕਾ ਦੇ ਸ਼ਬਦਾਂ ਵਿਚ “ਇਹ ਗੁਰੂ ਜੀ ਦੀ ਅਪਰੰਪਾਰ ਕਿਰਪਾ ਰੂਪ ਜਸ ਦਾ ਕਿਣਕਾ ਮਾਤਰ ਹੈ, ਜਿਸ ਦੀ ਆਰੰਭਕਾ ਗੁਰਬਾਣੀ ਦੇ ਵਾਕ ਚਾਨਣ ‘ਆਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ…’ (੮੧੯) ਵਿਚ ਕੀਤੀ ਗਈ।” ਲੇਖਕਾ ਦੀ ਜੋਦੜੀ ਸੀ ਸਤਿਗੁਰੂ ਜੀ ਪਾਠਕਾਂ ਨੂੰ ਟੁੰਬਣ ਵਾਲੀ ਸਵਛ, ਸੀਤਲ, ਖੁਮਾਰ, ਸਰੂਰ ਤੇ ਸੰਗੀਤ ਭਰੀ ਸ਼ੈਲੀ ਦੇਣ, ਸੋ ਸਾਰੀ ਪੁਸਤਕ ਇਸੇ ਸਰੂਰ ਭਰੀ ਸ਼ੈਲੀ ਵਿਚ ਲਿਖੀ ਗਈ ਹੈ। ਕਰਤਾ ਅਨੁਸਾਰ “ਮਹਾਰਾਜ ਜੀ ਦੀ ਇਲਾਹੀ ਸ਼ਾਨ ਬੇਨਜ਼ੀਰ ਹੈ। ਆਪ ਜੀ ਦੇ ਉਪਕਾਰ ਏਨੇ ਵਿਸ਼ਾਲ, ਵਿਲਖਣ ਅਤੇ ਵਡੇਰੇ ਹਨ ਕਿ ਇਨ੍ਹਾਂ ਨੇ ਸਮੁਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਆਪ ਜੀ ਦੀ ਪਵਿਤਰ ਯਾਦ ਦਾ ਮਹਾਂਸੰਗੀਤ ਸਾਰੇ ਬ੍ਰਹਿਮੰਡਾਂ ਵਿਚ ਗੂੰਜ ਰਿਹਾ ਹੈ… ਆਪ ਜੀ ਦੇ ਸੁਹਾਵੇ ਦਰਸ਼ਨ, ਅੰਮ੍ਰਿਤਮਈ ਬਚਨ ਫੁੱਲਾਂ ਤੋਂ ਕੋਮਲ ਦਿਲਾਸੇ ਅਤੇ ਚਰਨਾਂ ਦੇ ਮਿਠੇ ਆਸਰੇ ਸਦਕਾ ਹੀ ਆਪ ਜੀ ਦੇ ਪਿਆਰ ਵਿਚ ਇਹ ਪੁਸਤਕ ਲਿਖਣ ਦਾ ਹੌਂਸਲਾ ਕਰ ਰਹੀ ਹਾਂ…”(16)… “ਆਪ ਜੀ ਦੀ ਇਲਾਹੀ ਸ਼ਾਨ ਦੀਆਂ ਕੁਝ ਝਲਕੀਆਂ ਪੇਸ਼ ਕਰਨ ਦੀ ਹਿੰਮਤ ਕਰ ਰਹੀ ਹਾਂ…।”(16) ਪਹਿਲਾਂ ਕਹੇ ਅਨੁਸਾਰ, ਪੁਸਤਕ ਦੇ ਛੋਟੇ-ਛੋਟੇ ਕੁਲ ਅਧਿਆਏ/ਲੇਖ 50 ਦੇ ਕਰੀਬ ਹਨ, ਜਿਨ੍ਹਾਂ ਨੂੰ ਪੰਜ ਭਾਗਾਂ/ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ :

– ਪਹਿਲਾ ਭਾਗ ਗੁਰੂ ਜੀ ਦੇ ਪ੍ਰਕਾਸ਼ ਤੇ ਬਚਪਨ ਨਾਲ ਸੰਬੰਧਿਤ ਹੈ।

– ਦੂਜਾ ਭਾਗ ਜਾਂ ਪੜਾਅ ਸੁਲਤਾਨਪੁਰ ਦੇ ਨਿਵਾਸ ਤੋਂ ‘ਧਰਤਿ ਲੋਕਾਈ ਨੂੰ ਸੋਧਣ’ ਲਈ ਚੜ੍ਹਣ ਤਕ, ਅੰਕਿਆ ਜਾ ਸਕਦਾ ਹੈ।

– ਤੀਜਾ ਉਦਾਸੀਆਂ/ਯਾਤਰਾਵਾਂ ਨਾਲ ਸੰਬੰਧਿਤ ਹੈ, ਜੋ ਏਮਨਾਵਾਦ (78) ਤੋਂ … ‘ਕੋ ਨਾ ਪਾਰ ਪਈਅਤੁ’ ਤਕ (135) ਹੈ।

– ਚੌਥਾ ਪੜਾਅ, ਪੰਨਾ 136 ਤੋਂ 216 ਤਕ, ਵਖ-ਵਖ ਸਿਰਲੇਖਾਂ ਹੇਠ ਗੁਰੂ ਜੀ ਦੀ ਪਵਿਤਰ ਚਰਨ ਛੋਹ ਪ੍ਰਾਪਤ ਪਵਿਤਰ ਅਸਥਾਨਾਂ ਦੇ ਸੰਖੇਪ ਵੇਰਵਿਆਂ ਨਾਲ ਸੰਬੰਧਿਤ ਹੈ। ਇਸ ਵਿਚ ਦੋ ਅਧਿਆਇ ਉਦਾਸੀਆਂ ਦੇ ਇਤਿਹਾਸਕ ਵੇਰਵਿਆਂ ਨਾਲ ਸੰਬੰਧਿਤ ਹਨ – ਪਹਿਲਾ ‘ਬਾਬੇ ਤਾਰੇ ਚਾਰਿ ਚਕ’ (144); ਦੂਜਾ ‘ਅਰਬ ਦੇਸਾਂ ਦੀ ਯਾਤਰਾ’ (200) ਨਾਲ ਸੰਬੰਧਿਤ ਹੈ।

– ਪੰਜਵਾਂ ਭਾਗ ਗੁਰੂ ਜੀ ਦੀ ਦੈਵੀ ਤੇ ਅਛੋਹ ਸ਼ਖਸੀਅਤ ਨਾਲ ਸੰਬੰਧਿਤ ਹੈ, ਜੋ ‘ਜਾਹਰ ਪੀਰ ਜਗਤ ਗੁਰ ਬਾਬਾ’ (217) ਤੋਂ ਪੁਸਤਕ ਦੇ ਆਖਰੀ ਪੰਨੇ (238) ਤਕ ਚਲਦਾ ਹੈ।

ਪੁਸਤਕ ਵਿਚਲੇ ਲੇਖਾਂ/ਅਧਿਆਇਆਂ ਦੇ ਸਾਰੇ ਸਿਰਲੇਖ ਗੁਰਬਾਣੀ ਜਾਂ ਭਾਈ ਗੁਰਦਾਸ ਵਾਰਾਂ ਅਧਾਰਿਤ ਹਨ। ਲੇਖਕਾ ਦੀ ਪਹੁੰਚ ਸ਼ਰਧਾਮਈ, ਭਾਵਕ ਤੇ ਸੁਹਜਵਾਦੀ ਹੋਣ ਦੇ ਨਾਲ ਨਾਲ ਤੱਥਾਤਮਕ ਤੇ ਇਤਿਹਾਸਕ ਹੈ। ਸਾਰੀਆਂ ਘਟਨਾਵਾਂ ਇਤਿਹਾਸ ਵਿਚ ਵਾਪਰੀਆਂ ਹਨ, ਪਰ ਉਨ੍ਹਾਂ ਪਿਛੇ ਕਾਰਜਸ਼ੀਲ ਕਾਰਨ ਦੈਵੀ ਹਨ। ਪੁਸਤਕ ਵਿਚ ਵਧੇਰੇ ਥਾਂ ਸ਼ਖਸੀਅਤ ਤੇ ਉਪਦੇਸ਼ ਨੂੰ ਮਿਲੀ ਹੈ, ਤੱਥਾਂ ਨੂੰ ਘਟ, ਇਉਂ ਕਥਨਾਂ ਉਤੇ ਸੁਹਜਵਾਦੀ ਰੰਗ ਵਧੇਰੇ ਚੜ੍ਹਿਆ ਹੈ। ਪ੍ਰਮਾਣਾਂ ਤੇ ਪਰੰਪਰਾਵਾਂ ਨੂੰ ਪਰਖਣ ਦੀ ਲੋੜ ਨਹੀਂ ਸਮਝੀ ਗਈ, ਸਗੋਂ ਪ੍ਰਵਾਨ ਕਰ ਲਏ ਗਏ ਹਨ। ਗੁਰੂ ਜੀ ਨਾਲ ਜੁੜੀ ਹਰੇਕ ਘਟਨਾ, ਸਥਾਨ ਜਾਂ ਕਾਰਜ ਨੂੰ ਗੁਰਬਾਣੀ/ਭਾਈ ਗੁਰਦਾਸ ਰਚਨਾ (ਵਾਰਾਂ) ਨਾਲ ਪ੍ਰਮਾਣਿਤ ਤੇ ਪੁਸ਼ਟ ਕਰਕੇ ਦਰਸਾਇਆ ਹੈ ਕਿ ਸਿਖ ਦ੍ਰਿਸ਼ਟੀ ਵਿਚ ਬਾਣੀ ਤੇ ਗੁਰੂ-ਜੀਵਨ ਇਕੋ ਸਿਕੇ ਦੇ ਦੋ ਪਾਸੇ ਹਨ; ਦੂਜੇ ਸ਼ਬਦਾਂ ਵਿਚ ਇਥੇ ਪਛਮ ਵਾਂਗ ਜੀਵਨ-ਇਤਿਹਾਸ ਤੇ ਚਿੰਤਨ ਦੋ ਨਹੀਂ, ਇਕ ਹੀ ਹਨ। ਬਹੁਤ ਸਾਰੇ ਵਲਵਲੇ ਤੇ ਭਾਵਨਾਵਾਂ ਜਿਥੇ ਵਾਰਤਕ ਬਿਆਨ ਕਰਨ ਤੋਂ ਅਸਮਰਥ ਰਹੀ, ਉਨ੍ਹਾਂ ਨੂੰ ਲੇਖਕਾ ਨੇ ਸ੍ਵੈ-ਰਚਿਤ ਗੁਰੂ ਮਹਿਮਾ ਨਾਲ ਲਬਰੇਜ ਕਵਿਤਾਵਾਂ ਰਾਹੀਂ  ਪੇਸ਼ ਕੀਤਾ ਹੈ। ਇਉਂ ਘਟਨਾ, ਸਮੇਂ ਤੇ ਸਪੇਸ ਨੂੰ ਦੈਵੀ-ਘਟਨਾ, ਸਮੇਂ ਤੇ ਸਪੇਸ ਵਿਚ ਨਿਰੂਪਿਆ ਗਿਆ ਹੈ। ਸਭ ਕੁਝ ਆਪਣੇ ਆਪ ਧੁਰੋਂ ਪਠਾਇਆ ਹੋਇਆ; ਪਹਿਲਾਂ ਤੋਂ ਨਿਰਧਾਰਤ ਹੈ; ਗਗਨਮੰਡਲ ਦੀ ਆਰਤੀ ਵਾਂਗ।

ਸਾਰੀ ਪੁਸਤਕ ਇਕ ਨਾਵਲ ਵਾਂਗ ਅਗੇ ਤੁਰਦੀ ਹੈ, ਘਟਨਾ ਵਿਚੋਂ ਘਟਨਾ ਪੈਦਾ ਹੋਈ ਜਾ ਰਹੀ ਹੈ। ਗੁਰੂ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਉਤੇ ਪ੍ਰਕਾਸ਼ਿਤ ਹੋਈ ਅਜਿਹੀ ਪੁਸਤਕ, ਜਿਸ ਵਿਚ ਗੁਰੂ ਜੀ ਦੇ ਅਧਿਆਤਮ ਤੇ ਸੁਹਜਾਤਮਕ ਸ਼ੋਖ ਰੰਗਾਂ ਨੂੰ ਸੁਰਖਿਅਤ ਕਰਨ ਦੀ ਸਰਲ ਕੋਸ਼ਿਸ਼ ਕੀਤੀ ਹੈ, ‘ਜੀ ਆਇਆਂ’ ਕਹਿਣਾ ਬਣਦਾ ਹੈ।

***
(65)

ਡਾ. ਗੁਰਮੇਲ ਸਿੰਘ
ਧਰਮ ਅਧਿਐਨ ਵਿਭਾਗ,ਪੰਜਾਬੀ ਯੂਨੀਵਰਸਿਟੀ, ਪਟਿਆਲਾ-147002
gurmails1976@gmail.com

About the author

ਡਾ.ਗੁਰਮੇਲ ਸਿੰਘ
ਡਾ. ਗੁਰਮੇਲ ਸਿੰਘ
gurmails1976@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ,
ਪਟਿਆਲਾ

ਡਾ. ਗੁਰਮੇਲ ਸਿੰਘ

ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

View all posts by ਡਾ. ਗੁਰਮੇਲ ਸਿੰਘ →