ਇਸੇ ਪ੍ਰੰਪਰਾ ਦੇ ਵਰਤਮਾਨ ਸਵਾਲ-ਜਵਾਬੀ ਰੂਪ ਨੂੰ ਇੰਟਰਵਿਊ, ਸਾਖਿਆਤਕਾਰ, ਮੁਲਾਕਾਤ, ਆਦਿ ਦਾ ਨਾਂ ਮਿਲਿਆ। ਕਈ ਵਾਰ ਮੁਲਾਕਾਤੀ ਸਵਾਲ ਪਹਿਲਾਂ ਹੀ ਲਿਖ ਕੇ ਲੈ ਜਾਂਦਾ ਹੈ ਤੇ ਉਹਨਾਂ ਦੇ ਜਵਾਬਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ। ਅਜਿਹੀ ਮੁਲਾਕਾਤ ਨੀਰਸ ਤੇ ਪੱਤਰਕਾਰਾਨਾ ਬਣ ਕੇ ਰਹਿ ਜਾਂਦੀ ਹੈ। ਸਾਹਿਤਕ ‘ਮੁਲਾਕਾਤ’ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਸੱਚੇ ਅਰਥਾਂ ਵਿਚ ‘ਮੁਲਾਕਾਤ’ ਹੋਵੇ, ਭਾਵ ਜੋ ਦੋਵਾਂ ਵਿਚਕਾਰ ਸੁਭਾਵਿਕ ਗੱਲਬਾਤ ਹੋਵੇ ਅਤੇ ਸੁਭਾਵਿਕ ਗੱਲਬਾਤ ਵਾਂਗ ਹੀ ਜਵਾਬਾਂ ਵਿਚੋਂ ਨਵੇਂ ਸਵਾਲ ਨਿੱਕਲਦੇ ਰਹਿਣ ਤੇ ਉਹ ਨਵੇਂ ਜਵਾਬ ਸਾਹਮਣੇ ਲਿਆਉਂਦੇ ਰਹਿਣ। ਸਤਨਾਮ ਸਿੰਘ ਢਾਅ ਦੀ ਪੁਸਤਕ ‘ਰੰਗ ਆਪੋ ਆਪਣੇ’ ਵਿਚ ਸ਼ਾਮਲ ‘ਮੁਲਾਕਾਤਾਂ’ ਇਸੇ ਸੰਵਾਦੀ ਸੁਭਾਅ ਵਾਲੀਆਂ ਹਨ। ਬਹੁਤ ਵਾਰ ਜਵਾਬ ਵਿਚੋਂ ਨਵੇਂ ਸਵਾਲ ਨਿੱਕਲਦੇ ਹਨ ਤੇ ਇਉਂ ਗੱਲ ਵਾਸਤੇ ਪਹਿਲਾਂ ਤੋਂ ਮਿਥੇ ਕਿਸੇ ਚੌਖਟੇ ਵਿਚ ਬੰਦ ਰਹਿਣ ਦੀ ਥਾਂ ਖੁੱਲ੍ਹੀ ਉਡਾਰੀ ਭਰਨ ਦੀ ਸੰਭਾਵਨਾ ਤੇ ਖੁੱਲ੍ਹ ਬਣੀ ਰਹਿੰਦੀ ਹੈ। ਜਿਨ੍ਹਾਂ ਜਾਣੀਆਂ- ਪਛਾਣੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ ਗਈ ਹੈ, ਭਾਵੇਂ ਉਹਨਾਂ ਦਾ ਨਾਂ ਮੁੱਖ ਰੂਪ ਵਿਚ ਕਿਸੇ ਇਕ ਖੇਤਰ ਨਾਲ ਜੁੜਿਆ ਹੋਇਆ ਹੈ, ਪਰ ਢਾਅ ਉਸੇ ਖੇਤਰ ਤੱਕ ਸੀਮਤ ਨਹੀਂ ਰਿਹਾ। ਉਹਨੇ ਸੰਬੰਧਿਤ ਵਿਅਕਤੀ ਦੇ ਭਰਪੂਰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੀ ਇਕ ਜ਼ਿਕਰਜੋਗ ਗੱਲ ਇਹ ਹੈ ਕਿ ਇਹ ਸ਼ਬਦ ਦੇ ਖੇਤਰ, ਭਾਵ ਸਾਹਿਤ ਤੇ ਪੱਤਰਕਾਰੀ ਤੋਂ ਬਾਹਰ ਜਾ ਕੇ ਹੋਰ ਖੇਤਰਾਂ ਦੀਆਂ ਸ਼ਖ਼ਸੀਅਤਾਂ ਤੱਕ ਵੀ ਪਹੁੰਚਦੀ ਹੈ। ਸੰਬੰਧਿਤ ਵਿਅਕਤੀ ਦੀ ਤਸਵੀਰ, ਹੱਥ- ਲਿਖਤ ਤੇ ਖਾਸ ਕਰ ਕੇ ਉਹਦੀ ਜਾਣ-ਪਛਾਣ ਕਰਵਾਉਂਦੀ ਸੰਖੇਪ ਲਿਖਤ ਸੁਆਦੀ ਭੋਜਨ ਤੋਂ ਪਹਿਲਾਂ ਵਾਲੇ ਸੂਪ ਵਾਂਗ ਮੁਲਾਕਾਤ ਪੜ੍ਹਨ ਲਈ ਪਾਠਕ ਦੀ ਭੁੱਖ ਨੂੰ ਤਿੱਖੀ ਕਰ ਦਿੰਦੀਆਂ ਹਨ। ਜਿਥੇ ਸਾਹਿਤ ਤੇ ਪੱਤਰਕਾਰੀ ਨਾਲ ਸੰਬੰਧਿਤ ਮੁਲਾਕਾਤਾਂ ਤੋਂ ਸਤਨਾਮ ਸਿੰਘ ਢਾਅ ਦੇ ਰਸੀਆ ਪਾਠਕ ਹੋਣ ਦਾ ਪਤਾ ਲਗਦਾ ਹੈ, ਉਥੇ ਬਾਕੀ ਮੁਲਾਕਾਤਾਂ ਉਹਦੀ ਵਰਤਮਾਨ ਸਮਾਜਕ ਹਾਲਤ ਵਿਚ ਡੂੰਘੀ ਦਿਲਸਚਪੀ ਨੂੰ ਉਜਾਗਰ ਕਰਦੀਆਂ ਹਨ। ਉਹਦੀ ਸਮਾਜਕ ਸੋਚ ਅਤੇ ਵਿਚਾਰਧਾਰਾ ਤਾਂ ਪੁਸਤਕ ਦੇ ਪਾਠ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਦਿੱਲੀ ਦੀ ਦੇਹਲ਼ੀ ਉੱਤੇ ਸ਼ਹੀਦ ਹੋਏ ਸੰਘਰਸ਼ੀ ਕਿਸਾਨਾਂ ਨੂੰ ਸਮਰਪਨ ਤੋਂ ਹੀ ਸਪੱਸ਼ਟ ਹੋ ਜਾਂਦੀ ਹੈ।
ਸਮਾਜ ਦੇ ਕਿਸੇ ਵੀ ਖੇਤਰ ਵਿਚ ਲੋਕ-ਹਿਤੈਸ਼ੀ ਹਿੱਸਾ ਪਾਉਣ ਵਾਲਿਆਂ ਦੀਆਂ ਕਰਨੀਆਂ ਤੇ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਮਹੱਤਵਪੂਰਨ ਅਤੇ ਸ਼ੁਭ ਕਾਰਜ ਹੈ। ਆਸ ਹੈ, ਸਤਨਾਮ ਸਿੰਘ ਢਾਅ ਇਹ ਕਾਰਜ ਜਾਰੀ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |