19 March 2024

ਡਾ: ਪ੍ਰੀਤਮ ਸਿੰਘ ਕੈਂਬੋ ਦੀ ਸਾਹਿਤਕ ਦੇਣ—ਡਾ.ਗੁਰਦਿਆਲ ਸਿੰਘ ਰਾਏ

ਡਾ: ਪ੍ਰੀਤਮ ਸਿੰਘ ਕੈਂਬੋ ਨੇ ਪਿਛਲੇ ਥੋੜੇ ਹੀ ਸਮੇਂ ਵਿਚ ਪੰਜਾਬੀ ਸਾਹਿਤਕ ਜਗਤ ਨੂੰ ਆਪਣੀਆਂ ਬਹੁ-ਪੱਖੀ ਰਚਨਾਵਾਂ ਦੇ ਕੇ ਇਕ ਸਫ਼ਲ ਲੇਖਕ ਦੇ ਤੌਰ ਤੇ ਆਪਣਾ ਨਾਂ ਬਣਾਇਆ ਹੈ। ਉਸਨੇ ਕਹਾਣੀ ਦੀ ਵਿਧਾ ਤੋਂ ਆਪਣਾ ਸਾਹਿਤਕ ਸਫ਼ਰ ਆਰੰਭਿਆ ਅਤੇ ਫਿਰ ਕਹਾਣੀ ਦੇ ਨਾਲ ਹੀ ਨਾਲ ਆਲੋਚਨਾ, ਖੋਜ, ਸੰਪਾਦਨਾ, ਸਾਹਿਤਕ ਪੁਸਤਕਾਂ ਦੇ ਮੁੱਖ-ਬੰਦਾਂ ਅਤੇ ਪੰਜਾਬੀ ਦੇ ਨਾਮੀ ਸਾਹਿਤਕਾਰਾਂ ਨਾਲ ਇੰਟਰਵੀਊਜ਼ ਆਦਿ ਦੇ ਕਾਰਜਾਂ ਉਤੇ ਵੀ ਪੂਰੀ ਲਗਨ, ਈਮਾਨਦਾਰੀ ਅਤੇ ਨਿਰੱਪਖਤਾ ਨਾਲ ਹੱਥ ਅਜ਼ਮਾਇਆ ਹੈ।

ਸਾਡੀ ਅੱਜ ਦੀ ਸੰਖੇਪ ਵਿਚਾਰ ਦਾ ਧੁਰਾ “ਡਾ: ਕੈਂਬੋ ਦੀ ਸਮੁੱਚੀ ਸਾਹਿਤਕ ਦੇਣ” ਸਬੰਧੀ ਇੱਕ ਪੰਛੀ ਝਾਤ ਪੁਆਉਣੀ ਹੈ। 

ਲੇਖਕ ਨੇ ਆਪਣੀ ਸੀਮਾਂ ਨਿਰਧਾਰਿਤ ਕਰਨ ਅਤੇ ਵਿਚਾਰ ਦੀ ਸਰਲਤਾ ਲਈ ਉਸਦੀ ਸਮੁੱਚੀ ਸਾਹਿੱਤਕ ਸਿਰਜਨਾ ਨੂੰ ਇੰਝ ਵੰਡਿਆ ਹੈ:

1)  ਉਸਦਾ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ: “ਧੁੱਖਦਾ ਗੋਹਟਾ” 

2)  ਆਲੋਚਨਾ:  (ੳ) ਪੁਸਤਕ–“ਬਰਤਾਨਵੀ ਪੰਜਾਬੀ ਸਾਹਿਤ”
(ਅ) ਹੋਰ ਆਲੋਚਨਾਤਮਕ ਲੇਖ
3) ਖੋਜ: ਜ਼ਬਤ-ਸ਼ੁਦਾ ਪੰਜਾਬੀ ਕਵਿਤਾ: ਇਕ ਆਲੋਚਨਾਤਮਕ ਅਧਿਐਨ
(4) ਸੰਪਾਦਨਾ: (ੳ) ਇੰਟਰਨੈਸ਼ਨਲ ਪੰਜਾਬੀ ਸਾਹਿੱਤ, (ਅ) ਗਿ: ਮੱਖਣ ਸਿੰਘ ਮ੍ਰਿਗਿੰਦ–ਅਭਿਨੰਦਨ ਗ੍ਰੰਥ

5) ਫੁਟਕਲ: ਇੰਟਰਵੀਊਜ਼, ਮੁੱਖਬੰਦ, ਰੀਵੀਊਜ਼ ਅਤੇ ਵਿਦਅਿਕ ਲੇਖ ਆਦਿ

ਵਿਚਾਰ ਦਾ ਕੈਨਵੱਸ ਵੱਡਾ ਹੈ। ਇਕ ਛੋਟੇ ਜਿਹੇ ਲੇਖ ਵਿਚ ਸਾਰੇ ਵਿਸ਼ਿਆਂ ਨਾਲ ਨਿਆਇ ਕਰਨਾ ਅਸੰਭਵ ਭਾਵੇਂ ਨਾ ਹੋਵੇ ਪਰ ਯਕੀਨਨ ਔਖਾ ਅਤੇ ਬੇਇਨਸਾਫੀ ਕਰ ਸਕਣ ਦੀ ਸਮਰਥਾ ਰੱਖਦਾ ਹੈ। ਕਿਸੇ ਵੀ ਰਚਨਾ ਜਾਂ ਰਚਨਹਾਰੇ ਉਤੇ ਆਲੋਚਨਾਤਮਕ ਵਿਚਾਰ ਕਰਨ ਲਈ ਆਲੋਚਨਾ ਦੇ ਖੇਤਰ ਦੀਆਂ ਸਵੈ-ਨਿਰਧਾਰਤ ਸੀਮਾਵਾਂ ਹੁੰਦੀਆਂ ਹਨ ਅਤੇ ਇਹਨਾਂ ਸੀਮਾਵਾਂ ਦੇ ਅੰਦਰ ਰਹਿੰਦਿਆਂ ਸੰਭਾਵਨਾਵਾਂ ਵੀ ਵਿਚਾਰੀਆਂ ਜਾਂਦੀਆਂ ਹਨ। ਆਲੋਚਨਾ ਦਾ ਖੇਤਰ ਬਹੁਤ ਵੱਡਾ ਹੈ। ਅਸੀਂ ਇਹਨਾਂ ਦੀ ਵਿਆਖਿਆ ਵਿਚ ਨਾ ਪੈਂਦੇ ਹੋਏ ਡਾ: ਪ੍ਰੀਤਮ ਸਿੰਘ ਕੈਂਬੋ ਦੀ ਸਮੁੱਚੀ ਰਚਨਾ ਨੂੰ ਬਸ ਜ਼ਰਾ ਕੁ ਟੁੰਬਾਗੇ। ਰਿਝੱ੍ਹਦੀ ਦਾਲ ਵਿਚੋਂ ਦਾਣੇ ਚੁਣਕੇ ਦਾਲ ਦੇ ਰਿੱਝਣ ਦੀ ਸਾਖੀ ਭਰਾਂਗੇ।

ਡਾ: ਪ੍ਰੀਤਮ ਸਿੰਘ ਕੈਂਬੋ ਦੀ ਕਹਾਣੀ-ਕਲਾ:

“ਧੁੱਖਦਾ ਗੋਹਟਾ” ਡਾ: ਕੈਂਬੋ ਦਾ 12 ਕਹਾਣੀਆ ਤੇ ਨਿਰਭਰ ਪਲੇਠਾ ਕਹਾਣੀ ਸੰਗ੍ਰਿਹ ਹੈ। ਹਰ ਮਨੁੱਖ ਆਮ ਕਰਕੇ ਅਤੇ ਹਰ ਲੇਖਕ ਵਿਸ਼ੇਸ਼ ਕਰਕੇ ਇੱਕ ਧੁੱਖਦਾ ਹੋਇਆ ਗੋਹਟਾ ਹੀ ਤਾਂ ਹੁੰਦਾ ਹੈ। ਹਰ ਲੇਖਕ ਦੀ ਲਿਖਤ ਉਸਦੇ ਰਚਨਹਾਰੇ ਦੇ ਜੀਵਨ ਵਿਚਲੇ ਧੁੱਖਦੇ ਗੋਹਟੇ ਦਾ ਪਰਛਾਵਾਂ ਹੀ ਹੁੰਦੀ ਹੈ। ਲੇਖਕ ਵਿਚਲੀ ਧੁੱਖਦੀ ਅੱਗ ਦਰਅਸਲ ਲੇਖਕ ਅੰਦਰ ਪੱਲਦਾ-ਪਸਰਦਾ ਰੋਹ, ਗੁੱਸਾ, ਅਸੰਤੋਸ ਅਤੇ ਸੰਵੇਦਨਾ ਹੈ। ਲੇਖਕ ਹਰ ਹੀਲੇ ਆਪਣੇ ਅੰਦਰ ਧੁੱਖ ਰਹੀ ਇਸ ਅੱਗ ਨੂੰ ਸਦਾ ਕਾਇਮ ਰੱਖਣਾ ਲੋੜਦਾ ਹੈ। ਪਿੰਡਾਂ ਵਿਚ ਅਕਸਰ ਅੱਗ ਨੂੰ “ਧੁੱਖਦੀ ਪਾਥੀ/ਗੋਹਟੇ” ਰਾਹੀਂ ਧੁੱਧਲ/ਸੁਆਹ ਵਿਚ ਦਬਾਕੇ/ਲੁਕਾ ਕੇ ਰੱਖਿਆ ਜਾਂਦਾ ਹੈ ਤਾਂ ਜੋ ਲੋੜ ਪੈਣ ਤੇ ਇਸ ਧੁੱਖਦੇ ਗੋਹਟੇ ਰਾਹੀਂ ਚੁਲ੍ਹੇ ਵਿਚ ਅੱਗ ਬਾਲੀ ਜਾ ਸਕੇ। ਇਹ ਗੱਲ ਬੜੇ ਸੰਤੋਖ ਵਾਲੀ ਹੈ ਕਿ ਕਹਾਣੀਕਾਰ ਡਾ: ਕੈਂਬੋ ਆਪਣੀਆਂ ਸਾਰੀਆਂ ਹੀ ਕਹਾਣੀਆਂ ਰਾਹੀਂ ਪਾਤਰਾਂ ਦੇ ਅਮਲਾਂ ਅਤੇ ਕਰਮਾਂ ਦੁਆਰਾ ਸਥਿੱਤੀਆਂ ਦੀ ਤਹਿ ਤੱਕ ਪੁੱਜਦਿਆਂ, ਵਾਰਤਾਲਾਪ ਅਤੇ ਬਿਆਨ ਰਾਹੀਂ ਪਾਤਰਾਂ ਦੇ ਵਰਤਾਰੇ ਪਿੱਛੇ ਕੰਮ ਕਰ ਰਹੇ ਮਾਨਸਿਕ ਤਨਾਉ ਨੂੰ ਉਜਾਗਰ ਕਰਨ ਦਾ ਯਤਨ ਕਰਦਿਆਂ, ਧੁੱਖਦੇ ਗੋਹਟੇ ਦੀ ਸਾਰਥਕਤਾ ਨੂੰ ਪ੍ਰਗਟਾਉਂਦਿਆਂ, ਸੁਲਗਦੇ ਰੋਹ, ਗੁੱਸੇ, ਅਸੰਤੋਸ਼, ਦੁੱਖ ਅਤੇ ਕੁਝ ਕਰ ਸਕਣ ਦੇ ਜਜ਼ਬੇ ਨੂੰ ਹੀ ਪ੍ਰਗਟਾਉਂਦਾ ਹੈ।

ਹਰ ਲੇਖਕ ਆਪਣੀ ਲਿਖਤ ਦੀ ਸਿਰਜਣਾ ਦੇ ਪਲਾਂ ਵਿਚ ਭਾਵੇਂ ਇੱਕਲਾ ਹੀ ਹੁੰਦਾ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਰੂਪ ਵਿਚ ਸੰਮੂਹ ਨਾਲ ਜੁੜਿਆ ਹੁੰਦਾ ਹੈ। ਡਾ: ਕੈਂਬੋ ਦੀਆਂ ਕਹਾਣੀਆਂ ਵਿਚ ਤਤਕਾਲੀਨ ਭਾਰਤੀ ਅਤੇ ਬਰਤਾਨਵੀ ਸਮਾਜ ਦੀ ਤਸਵੀਰ ਮੂਰਤੀਮਾਨ ਹੁੰਦੀ ਹੈ। ਉਹ ਪਰਵਾਸੀ ਲੇਖਕ ਹੋਣ ਦੇ ਨਾਤੇ ਦੋਹਾਂ ਹੀ ਭੂ-ਖੰਡਾਂ ਦੀ ਰਾਜਨੀਤਕ, ਧਾਰਮਿਕ, ਆਰਥਿਕ, ਸਭਿਆਚਾਰਕ ਅਤੇ ਸਾਂਸਕ੍ਰਿਤਕ ਰਹਿਤਲ ਤੋਂ ਭਲੀ ਭਾਂਤਿ ਜਾਣੂੰ ਹੈ। ਉਸ ਦੇ ਮਨ ਵਿਚ ਵੀ ਆਮ ਪਰਵਾਸੀ ਵਾਂਗ ਹੀ ਆਪਣੀ ਜਨਮ ਭੌਂਿe ਨਾਲ ਸਾਂਝ ਹੈ। ਉਸਦੇ ਮਨ ਵਿਚ ਤੜਪ ਹੈ। ਪਰ ਇਸ ਸਾਂਝ ਅਤੇ ਤੜਪ ਦੇ ਨਾਲ ਹੀ ਨਾਲ ਉਹ ਇਸ ਗੱਲ ਨੂੰ ਵੀ ਸਮਝਦਾ ਹੈ ਕਿ ਲੱਖ ਕੋਸ਼ਿਸ਼ ਕਰਨ ਅਤੇ ਚਾਹੁਣ ਤੇ ਵੀ ਉਹ ਜਾਂ ਕੋਈ ਹੋਰ ਵੀ ਉਸ ਵਰਗਾ ਪਰਵਾਸੀ ਮੁੜ ਆਪਣੇ ਵਤਨ ਜਾ ਕੇ ਵੱਸਣ ਵਿਚ ਸਫ਼ਲ ਨਹੀਂ ਹੋ ਸਕਦਾ। ਕਿਉਂਕਿ ਉਸ ਦੀਆਂ ਜੜ੍ਹਾਂ ਉਖੜ ਚੁੱਕੀਆਂ ਨੇ ਅਤੇ ਉਸਦੀ ਸੰਤਾਨ ਹੁਣ ਬਰਤਾਨੀਆ ਦੀ ਹੀ ਹੋ ਕੇ ਰਹਿ ਗਈ ਹੈ। “ਧੁੱਖਦਾ ਗੋਹਟਾ” ਦੀ ਪਹਿਲੀ ਕਹਾਣੀ “ਜ਼ਰਦ ਪੱਤਾ” ਅਤੇ ਤੀਜੀ ਕਹਾਣੀ “ਬੰਦ ਖਲਾਸੀ” ਬਰਤਾਨੀਆ ਆ ਵਸੇ ਪਰਵਾਸੀ ਦੇ ਘੋਰ ਸੰਤਾਪ ਅਤੇ ਦੁਖਾਂਤ ਦੀ ਕਹਾਣੀ ਹੈ। “ਜ਼ਰਦ ਪੱਤਾ” ਮਾਤਾ, ਪਿਤਾ ਅਤੇ ਧੀ ਦੁਆਲੇ ਘੁੰਮਦੀ ਕਹਾਣੀ ਹੈ ਜਿਸ ਵਿਚ “ਤਿਹਰੇ” ਦੁਖਾਂਤ ਦਾ ਯਥਾਰਥਕ ਵਰਨਣ ਕੀਤਾ ਗਿਆ ਹੈ। ਪਰਵਾਸੀ ਪਿਤਾ ਗੁਰਬਖਸ਼ ਸਿੰਘ, ਮਾਤਾ ਸੁਰਜੀਤ ਕੌਰ ਅਤੇ ਉਹਨਾਂ ਦੀ ਬੇਟੀ ਕੈਲੀ ਵਰਗੇ ਪਾਤਰ ਸਾਨੂੰ ਆਪਣੇ ਆਲੇ-ਦੁਆਲਿਉਂ ਮਿਲ ਸਕਦੇ ਹਨ। ਪਰਵਾਸੀ ਮਾਤਾ-ਪਿਤਾ ਆਪਣੀਆਂ ਜੱਦੀ ਕੱਦਰਾਂ-ਕੀਮਤਾਂ ਅਤੇ ਰਵਾਇਤਾਂ ਨਾਲ ਬੱਝ੍ਹਿਆ ਹੋਇਆ, ਪੀੜ੍ਹੀ-ਪਾੜੇ ਦੀ ਮਾਰ ਸਹਿੰਦਾ ਹੋਇਆ ਧਰਤੀ ਉਤੇ ਡਿੱਗਦੇ ਜ਼ਰਦ ਪੱਤੇ ਵਾਂਗ ਅਰਥਹੀਨ ਹੋ ਰਿਹਾ ਹੈ। ਕੈਲੀ ਜਿਸ ਬਗ਼ਾਵਤੀ ਅੰਦਾਜ਼ ਵਿਚ ਪਿਤਾ ਨੂੰ ਕਹਿੰਦੀ ਹੈ: “ਮੈਂ ਹੁਣ ਆਜ਼ਾਦੀ ਨਾਲ ਘੁੰਮ ਫਿਰ ਸਕਦੀ ਹਾਂ। ਮੈਂ ਕਿਤੇ ਹੁਣ ਨਿਆਣੀ ਆਂ। ਪੂਰੇ ਅਠਾਰਾਂ ਸਾਲਾਂ ਦੀ ਹੋ ਗਈ ਹਾਂ” ਪਹਿਲੀ ਪੀੜ੍ਹੀ ਦੇ ਹਰ ਪਿਤਾ ਲਈ ਵੰਗਾਰ ਅਤੇ ਨਮੋਸ਼ੀ ਦਾ ਕਾਰਨ ਤਾਂ ਬਣਦੀ ਹੀ ਹੈ ਪਰ ਇਸਦੇ ਨਾਲ ਹੀ ਸਥਿਤੀ ਨਾਲ ਸਮਝੌਤਾ ਕਰਨ ਦਾ ਚੁੱਪ-ਸੰਕੇਤ ਵੀ ਦਿੰਦੀ ਹੈ।

 ਇੰਜ ਹੀ ਚਾਰ ਪਰਤਾਂ ਵਿਚ ਦਰਸਾਈ ਦੌਲਤ ਸਿੰਘ ਦੁਆਲੇ ਘੁੰਮਦੀ ਦੋਹਰੇ ਦੁਖਾਂਤ ਦੀ ਕਹਾਣੀ ਹੈ: ਬੰਦ ਖਲਾਸੀ। ਇਹ ਕਹਾਣੀ ਇੱਕਲੇ ਦੌਲਤ ਸਿੰਘ ਦੀ ਹੀ ਨਹੀਂ ਸਗੋਂ ਬਹੁਤੇ ਪਰਵਾਸੀ ਆਪਣੇ ਆਪ ਨੂੰ ਦੌਲਤ ਸਿੰਘ ਦਾ ਰੂਪ ਹੀ ਪਾਉਂਦੇ ਹਨ। ਜਦੋਂ ਦੌਲਤ ਸਿੰਘ ਦੇ ਪਿਤਾ ਦੀ ਮੌਤ ਹੋਈ ਤਾਂ ਉਸਦੀਆਂ ਦੋ ਵਿਆਹੁਣ ਯੋਗ ਭੈਣਾਂ ਸਨ ਅਤੇ ਦੋ ਨਿੱਕੇ ਭਰਾ। ਸਾਰਿਆਂ ਦਾ ਪਾਲਣ-ਪੋਸ਼ਣ ਅਤੇ ਵਿਆਹਾਂ ਦੇ ਕਾਰਜਾਂ ਦਾ ਸਾਰਾ ਭਾਰ ਇੱਕਲੇ ਦੌਲਤ ਸਿੰਘ ਉਤੇ ਆ ਪੈਂਦਾ ਹੈ। ਦੋਵੇਂ ਭੈਣਾ ਵਿਆਹੀਆਂ, ਭਰਾ ਲਿਖਾਏ-ਪੜ੍ਹਾਏ, ਵਿਆਹੇ ਵਰੇ ਤਾਂ ਜੁਦਾ ਹੋ ਗਏ। ਸਾਰਾ ਹੀ ਕਰਜ਼ ਦੌਲਤ ਸਿੰਘ ਦੇ ਸਿਰ ਆ ਪਿਆ। ਭਰਾਵਾਂ ਦੀ ਅਲਿਹਦਗੀ ਤੇ ਸਾਂਝੇ ਪਰਵਾਰ ਦੇ ਬਿਖਰਨ ਨਾਲ ਉਸਦਾ ਦਿੱਲ ਟੁੱਟ ਗਿਆ। ਵਾਊਚਰ ਸਿਸਟਮ ਅਧੀਨ ਉਹ ਬਰਤਾਨੀਆ ਆ ਪੁੱਜਿਆ। ਮਿਹਨਤ ਕੀਤੀ। ਬੱਚੇ ਵੀ ਮੰਗਵਾ ਲਏ। ਬਰਤਾਨੀਆ ਪੁੱਜ ਕੇ ਬੱਚੇ ਖੁਲ੍ਹੇ-ਡੁਲ੍ਹੇ ਮਾਹੌਲ ਵਿਚ ਵਿਚਰਨ ਲੱਗੇ। ਅੰਗਰੇਜੀ ਵਿਦਿਆ ਅਤੇ ਮਾਹੌਲ ਦੀ ਪਾਣ ਅਧੀਨ ਬੇਟੀ “ਅਨੀਤਾ” ਗੋਰੇ ਨਾਲ ਦੌੜ ਗਈ, ਨਿੱਕੇ ਮੁੰਡਿਆਂ ਰਾਜ ਤੇ ਜੌਹਨੀ ਨੇ ਵੀ ਆਪਣੇ ਮਨ ਭਾਉਂਦੇ ਵਿਆਹ ਰਚਾ ਲਏ। ਦੌਲਤ ਸਿੰਘ ਦਾ ਕੋਈ ਵੀ ਆਪਣਾ ਨਾ ਬਣਿਆ। ਨਾ ਨਾਲ ਦੇ ਜਾਏ ਹੀ ਅਤੇ ਨਾ ਆਪਣੀ ਸੰਤਾਨ ਹੀ। ਅਜਿਹੀ ਹਾਲਤ ਹੀ ਅੱਜ ਦੇ ਪਰਵਾਸੀ ਦੀ ਹੈ ਜਿਹੜੇ ਨਾ ਘਰ ਦੇ ਰਹੇ ਅਤੇ ਨਾ ਹੀ ਘਾਟ ਦੇ।

ਡਾ: ਕੈਂਬੋ ਨੂੰ ਬਰਤਾਨੀਆ ਅਤੇ ਭਾਰਤ ਵਿਚਲੀਆਂ ਨਸਲਵਾਦੀ, ਵੱਖਵਾਦੀ, ਅੱਤਵਾਦੀ, ਰਾਜਨੀਤਕ, ਸਰਕਾਰੀ ਅਤੇ ਨੀਮ ਸਰਕਾਰੀ ਰੁੱਚੀਆਂ ਦੀ ਮਾਰ ਦਾ ਅਹਿਸਾਸ ਹੈ। “ਭਾਗਵੰਤੀ” ਅਤੇ “ਇੰਤਕਾਮ” ਨਾਮੀ ਕਹਾਣੀਆਂ 1984 ਦੇ ਦੰਗਿਆਂ ਸਬੰਧੀ ਹਨ। ਇਹਨਾਂ ਕਹਾਣੀਆਂ ਦੀ ਗੋਂਦ ਅਤੇ ਹੋਂਦ ਸਾਬਤ ਕਰਦੀ ਹੈ ਕਿ ਆਪਣੀ ਜਨਮ ਭੂਮੀ ਤੋਂ ਦੂਰ ਬੈਠਾ ਲੇਖਕ ਵੀ ਆਪਣੇ ਦੇਸ਼ ਦੇ ਵਿਚ ਹੁੰਦੇ ਵਰਤਾਰੇ ਤੋਂ ਅਭਿੱਜ ਨਹੀਂ ਰਹਿ ਸਕਦਾ। ਇੰਝ ਹੀ “ਧੁੱਖਦਾ ਗੋਹਟਾ” ਨਾਂ ਦੀ ਕਹਾਣੀ ਵਿਚ ਕਹਾਣੀਕਾਰ ਨੇ ਪਰਵਾਸੀ ਰਣਜੀਤ ਸਿੰਘ ਦੇ ਵਿਚਾਰਾਂ ਨਾਲ ਮਾਤਾ-ਪਿਤਾ ਦੇ ਵਿਚਾਰਾਂ ਨੂੰ ਪੇਸ਼ ਕਰਦਿਆਂ ਦੋਹਾਂ ਦੀ ਸੋਚਣੀ ਦੇ ਅੰਤਰ ਵਲਾਂ ਸੰਕੇਤ ਕੀਤਾ ਹੈ। ਬਦਲਦੇ ਰਿਸ਼ਤਿਆਂ ਵਿਚ ਮਾਤਾ ਪਿਤਾ ਵਲੋਂ ਪਿਆਰ ਦੀ ਥਾਂ “ਪੌਂਡਾਂ” ਦੀ ਅਹਿਮੀਅਤ ਨੂੰ ਜਤਾਉਣ ਕਾਰਨ ਰਣਜੀਤ ਸਿੰਘ ਨਿਰਾਸ਼ ਹੋ ਜਾਂਦਾ ਹੈ। ਉਹ ਮਾਨਸਿਕ ਤੱਨਾਉ ਵਿਚ ਹੈ: ਬਰਤਾਨੀਆਂ ਬੱਚਿਆਂ ਦੇ ਰਹਿਣ ਅਤੇ ਪਲਣ-ਪੋਸ਼ਣ ਲਈ ਠੀਕ ਨਹੀਂ(ਭਾਰਤ ਕਿਹੜਾ ਠੀਕ ਹੈ?)। ਉਸਦੇ ਭੈਣ, ਭਾਈ, ਮਾਤਾ-ਪਿਤਾ, ਦੋਸਤ-ਮਿੱਤਰ ਸਭ ਹੀ ਉਸਦੇ ਵਿਰੁੱਧ ਹੋ ਕੇ ਉਸਨੂੰ ਮਜ਼ਬੂਰ ਕਰਦੇ ਹਨ ਕਿ ਉਹ ਧੁੱਖਦੇ ਗੋਹਟੇ ਵਾਂਗ ਧੁੱਖਦਾ ਹੋਇਆ ਬਰਤਾਨੀਆ ਮੁੜ ਜਾਵੇ, ਕੇਵਲ ਪੌਂਡ ਕਮਾਵੇ, ਪਿੰਡ ਨੂੰ ਭੇਜੀ ਜਾਵੇ ਅਤੇ ਕੇਵਲ ਪੌਂਡ ਕਮਾਉਣ ਦੀ ਮਸ਼ੀਨ ਹੀ ਬਣਿਆ ਰਹੇ।

ਡਾ: ਕੈਂਬੋ ਨੇ ਬਰਤਾਨੀਆ ਰਹਿੰਦਿਆਂ ਰੰਗ ਅਤੇ ਨਸਲ ਕਾਰਨ ਵਾਧਾ ਹੁੰਦਾ ਵੇਖਿਆ ਹੈ। ਇਸ ਤਜ਼ਰਬੇ ਦੀ ਦੇਣ ਹਨ: ਨਸਲ ਕਾਰਨ ਪਰਵਾਸੀ ਨਾਲ ਹੁੰਦੇ ਵਿਤਕਰੇ ਦੀਆਂ ਤਸਵੀਰਾਂ ਦੀ ਝਾਕੀ ਪੇਸ਼ ਕਰਨ ਵਾਲੀਆਂ ਡਾ: ਕੈਂਬੋ ਦੀਆਂ “ਰੰਗ ਦੀ ਦੀਵਾਰ” ਅਤੇ “ਇਕ ਛਿੱਣ ਵੀ ਆਜ਼ਾਦ ਨਹੀਂ” ਕਹਾਣੀਆਂ ਜਿਹਨਾਂ ਵਿਚ ਲੇਖਕ ਨੇ ਰੰਗਦਾਰ ਅਤੇ ਕਾਲਿਆਂ ਨਾਲ ਹੁੰਦੇ ਵਿਤਕਰੇ ਨੂੰ ਬੜੀ ਹੀ ਸ਼ਿੱਦਤ ਅਤੇ ਸੁਹਿਰਦਤਾ ਨਾਲ ਪ੍ਰਗਟ ਕੀਤਾ ਹੈ। ਪੰਜਾਬੀ ਖੁੱਸਾ ਪਾਈ ਜਦ ਇਕ ਰੰਗਦਾਰ ਪਰਵਾਸੀ ਬੀਅਰ ਦਾ ਅਰਡਰ ਦਿੰਦਾ ਹੈ ਤਾਂ ਉਸ ਦੀ ਵਾਰੀ ਆਉਣ ਤੇ ਵੀ ਜਾਣ-ਬੁੱਝ ਕੇ ਗੋਰੀ ਉਸ ਨੂੰ ਬੀਅਰ ਨਹੀਂ ਦਿੰਦੀ। ਉਸਦੇ ਸਾਥੀ ਵੀ ਗੁੱਸੇ ਵਿਚ ਆ ਜਾਂਦੇ ਹਨ ਅਤੇ ਗੱਲ “ਤੂੰ ਤੂੰ ਮੈਂ ਮੈਂ ਤੋਂ ਹੁੰਦੀ ਹੋਈ” ਹੋਰ ਨਸਲਵਾਦੀ ਗੁੰਡਿਆਂ ਨਾਲ ਹੱਥੋ ਪਾਈ ਤਕ ਪਹੁੰਚ ਜਾਂਦੀ ਹੈ। ਪਰ ਪੁਲਸ ਆਕੇ ਫਿਰ ਵੀ ਰੰਗਦਾਰ ਪਰਵਾਸੀ ਨੂੰ ਹੀ ਸ਼ਿਕੰਜੇ ਵਿਚ ਲੈਂਦੀ ਹੈ। ਇੰਝ ਹੀ “ਰੰਗ ਦੀ ਦੀਵਾਰ” ਵਿਚ ਭਾਵੇਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਈ ਗੋਰੇ ਇਨਸਾਫ਼ ਪਸੰਦ ਵੀ ਹਨ ਅਤੇ ਬੀਜ ਨਾਸ ਤਾਂ ਕਦੇ ਵੀ, ਕਿਤੇ ਵੀ ਨਹੀਂ ਹੁੰਦਾ ਪਰ ਨਸਲਵਾਦੀ ਪਾਵਲ ਦੇ ਹਮਾਇਤੀਆਂ ਦੀ ਵੀ ਘਾਟ ਨਹੀਂ। ਪਾਵਲਵਾਦੀ ਕਹਿੰਦਾ ਹੈ: “ਇਹਨਾਂ ਕਾਲਿਆਂ ਨੇ ਤਾਂ ਸਾਡੀ ਕੌਮ ਨੂੰ ਖਤਮ ਹੀ ਕਰ ਦਿੱਤਾ ਹੈ। ਇਹਨਾਂ ਅਸਭਿਆ ਲੋਕਾਂ ਨੇ ਸਾਡੀ ਸਭਿਅਤਾ ਵਾਲੀ ਕੌਮ ਨੂੰ ਜ਼ੰਗ ਲਾ ਛੱਡਿਆ ਹੈ। ਜੇ ਇਸ ਤਰ੍ਹਾਂ ਹੀ ਇਹਨਾਂ ਦੀ ਗਿਣਤੀ ਵੱਧਦੀ ਗਈ ਤਾਂ ਇਹਨਾਂ ਨੇ ਸਾਡੇ ਮੁਲਕ ਤੇ ਗਾਲਬ ਹੋ ਜਾਣਾ ਹੈ ਤੇ ਰਹਿੰਦੀ ਖੂੰਹਦੀ ਇਸ ਕੌਮ ਦੀ ਸ਼ਾਨ ਨੂੰ ਵੀ ਖਤਮ ਕਰ ਦੇਣਾ ਹੈ।”

ਡਾ: ਕੈਂਬੋ ਦੀਆਂ ਬਹੁਤੀਆਂ ਕਹਾਣੀਆਂ ਪਾਤਰ ਪਰਧਾਨ ਹਨ ਪਰ ਉਸਦੇ ਪਾਤਰ, ਪਰਵਾਸੀਆਂ ਦੀਆਂ ਸਮਕਾਲੀਨ, ਸਮਾਜਿਕ ਅਤੇ ਨਿੱਜੀ ਸਮੱਸਿਆਵਾਂ ਦੀ ਸਹੀ ਤਰਜਮਾਨੀ ਕਰਦੇ ਹਨ। ਉਸਦੀਆਂ ਕਹਾਣੀਆਂ ਮਾਨਵੀ ਕਦਰਾਂ-ਕੀਮਤਾਂ ਦੀ ਹਾਮੀ ਭਰਦੀਆਂ ਪਰਤੀਤ ਹੁੰਦੀਆਂ ਹਨ। 1984 ਵਿਚ ਭਾਰਤ ਦੀ ਰਾਜਧਾਨੀ ਅਤੇ ਹੋਰ ਕਈ ਥਾਵਾਂ ਉਤੇ ਨਫ਼ਰਤ ਅਤੇ ਗੁੰਡਾਗਰਦੀ ਆਪਣੀ ਸਿੱਖਰ ਤੇ ਪੁੱਜਦੀ ਹੋਈ ਨਿਰਦੋਸ਼ਾਂ ਅਤੇ ਨਿਹੱਥਿਆਂ ਨੂੰ ਬੜੀ ਹੀ ਬੇਦਰਦੀ ਨਾਲ ਕੋਹੰਦੀ, ਸਾੜਦੀ ਅਤੇ ਮਾਰਦੀ ਚਲੀ ਜਾ ਰਹੀ ਸੀ। ਇਸ ਪਿੱਠ-ਭੂਮੀ ਵਿਚ “ਭਾਗਵੰਤੀ” ਅਤੇ “ਇੰਤਕਾਮ” ਕਹਾਣੀਆਂ ਦੇ ਮਾਰੇ ਗਏ, ਆਦਰਸ਼ਕ, ਹਮਦਰਦ ਅਤੇ ਹੋਰ ਸਨੇਹੀਆਂ ਦਾ ਦਰਸਾਇਆ ਗਿਆ ਆਚਰਣ ਸਪਸ਼ਟ ਕਰਦਾ ਹੈ ਕਿ ਹਾਲਾਂ ਤੱਕ ਵੀ ਰਵਾਦਾਰੀ ਅਤੇ ਧਰਮ ਨਿਰਪੱਖ ਵਿਚਾਰਧਾਰਾ ਕਾਇਮ ਹੈ ਅਤੇ ਮਨੁੱਖਤਾ ਦਾ ਬੀਜ ਨਾਸ ਨਹੀਂ ਹੋਇਆ। ਹਾਲਾਂ ਵੀ ਲੋਕਾਂ ਵਿਚ ਹਰ ਧਰਮ ਪ੍ਰਤੀ ਆਦਰ-ਸਤਿਕਾਰ, ਸ਼ਰਧਾ ਅਤੇ ਭਾਵਨਾ ਦਾ  ਅੰਤ ਨਹੀਂ ਹੋਇਆ। ਹਾਲਾਂ ਵੀ ਮਨੁੱਖ ਵਿਚ ਮਨੁੱਖਤਾ ਦਾ ਬੀਜ ਸੰਪੂਰਨ ਰੂਪ ਵਿਚ ਅਪੰਗ ਨਹੀਂ ਹੋਇਆ।

ਡਾ: ਕੈਂਬੋ ਆਪਣੀਆਂ ਕਹਾਣੀਆਂ ਦੀ ਗੋਂਦ ਵਿਚ ਬੜਾ ਸੰਜਮ ਵਰਤਦਾ ਹੈ। ਉਸਦੀਆਂ ਕਹਾਣੀਆਂ ਦੀ ਗੋਂਦ ਇਕਹਿਰੀ ਹੈ। ਸਰਲ ਅਤੇ ਸਪਸ਼ਟ ਸ਼ਬਦਾਂ ਵਿਚ ਉਸਦੀ ਕਹਾਣੀ ਆਪਣੀ ਚਾਲੇ ਤੁਰਦੀ ਹੈ। ਉਹ ਕਹਾਣੀ ਵਿਚ ਬਹੁਤੀਆਂ ਗੁੰਝਲਾਂ ਨਹੀਂ ਪਾਉਂਦਾ ਅਤੇ ਬਿਰਤਾਂਤਿਕ ਵਿਧੀ ਅਪਨਾਉਣ ਕਾਰਨ ਉਸਦੀ ਪ੍ਰਗਟਾਊ ਪਹੁੰਚ ਦਾ ਪ੍ਰਭਾਵ ਸਹਿਜੇ ਸਹਿਜੇ ਪਰ ਗੰਭੀਰ ਰੂਪ ਵਿਚ ਪੈਂਦਾ ਹੈ। ਉਸ ਵਲੋਂ ਉਸਾਰੇ ਗਏ ਸੁੰਦਰ ਵਾਤਾਵਰਨ ਦੀਆਂ ਬੇਅੰਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਨਮੂਨੇ ਵਜੋਂ ਦੋ ਮਿਸਾਲਾਂ ਪੇਸ਼ ਹਨ। ਸ਼ਬਦਾਂ ਦੀ ਜੜਤ ਪੜ੍ਹਨ-ਮਾਨਣ ਯੋਗ ਹੈ:

1) “ਸਿਆਲ ਦੀ ਰੁੱਤ ਤੇ ਵਲਾਇਤ ਦੀ ਕੜਾਕੇਦਾਰ ਠੰਢ ਜ਼ੋਰਾਂ ਉਤੇ ਸੀ। ਸ਼ਾਮ ਦਾ ਸਮਾਂ ਹੋਣ ਕਰਕੇ ਵਾਤਾਵਰਨ ਧੁੰਧਲਾ ਜਿਹਾ ਸੀ। ਚਾਰੇ ਪਾਸੇ ਘੁਸਮੁਸਾ ਛਾਇਆ ਹੋਇਆ ਸੀ। ਇਸ ਅਸਪਸ਼ਟ ਤੇ ਸਰਦ ਮੌਸਮ ਵਿਚ ਅਮਰਜੀਤ ਗਵਾਚਿਆਂ ਵਾਂਗ ਇੱਧਰ ਉੱਧਰ ਗੇੜੇ ਕੱਢ ਰਿਹਾ ਸੀ।”

(ਪਸਚਾਤਾਪ, ਪੰਨਾ 85)

2) “ਫਸਾਦੀਆਂ ਦੀਆਂ ਹੇੜਾਂ ਦੀਆਂ ਹੇੜਾਂ ਟਕੂਏ, ਗੰਡਾਸੇ, ਬਰਛੇ, ਲਾਠੀਆਂ, ਸਰੀਏ, ਪਟਰੋਲ ਅਤੇ ਮਿੱਟੀ ਦੇ ਤੇਲ ਦੇ ਪੀਪੇ ਲੈ ਕੇ ਹਰਲ ਹਰਲ ਫਿਰਨ ਲੱਗੀਆਂ।”    

(ਇੰਤਕਾਮ, ਪੰਨਾ 44)

ਡਾ: ਕੈਂਬੋ ਦੀਆਂ ਇਹਨਾਂ ਬਾਰਾਂ ਕਹਾਣੀਆਂ ਵਿਚੋਂ ਉਸਦੇ ਵਿਕਾਸ ਕਰਮ ਅਤੇ ਕਹਾਣੀਆਂ ਦੀ ਸਿਖਰ, ਸੀਮਾ ਅਤੇ ਸੰਭਾਵਨਾ ਨੂੰ ਭਲੀਭਾਂਤੀ ਮਾਣਿਆ ਅਤੇ ਜਾਣਿਆ ਜਾ ਸਕਦਾ ਹੈ। ਇਹਨਾਂ ਤੋਂ ਮਗਰੋਂ ਵੀ ਉਸ ਨੇ ਹੋਰ ਵੀ ਬਹੁਤ ਕਹਾਣੀਆਂ ਲਿਖੀਆਂ ਜਿਹੜੀਆਂ ਪਰਚਿਆਂ ਵਿਚ ਛੱਪਦੀਆਂ ਰਹੀਆਂ। ਇਹਨਾਂ ਸਭ ਨੂੰ ਪੜ੍ਹਦਿਆਂ ਮਾਣਦਿਆਂ ਭਾਸਦਾ ਹੈ ਕਿ ਉਸ ਦੇ ਵਿਸ਼ੇ ਬਲਵਾਨ ਅਤੇ ਕਹਾਣੀਆਂ ਦੇ ਸਿਰਲੇਖ ਢੁਕਵੇਂ ਹਨ। ਉਸਨੇ ਪਰਵਾਸੀਆਂ ਦੇ ਆਮ ਜੀਵਨ ਦੇ ਅਹਿਮ ਪਹਿਲੂਆਂ ਨੂੰ ਤਾਂ ਆਪਣੀਆਂ ਕਹਾਣੀਆਂ ਵਿਚ ਉਜਾਗਰ ਕੀਤਾ ਹੀ ਹੈ ਪਰ ਇਸਦੇ ਨਾਲ ਹੀ ਨਾਲ ਪਰਵਾਸੀਆਂ ਦੀ ਸੋਚ ਨੂੰ ਵੀ, ਆਪਣੇ ਚੌਗਿਰਦੇ ਵਿਚੋਂ ਲਏ ਪਾਤਰਾਂ ਰਾਹੀਂ ਸਜੀਵ ਕਰਦਿਆਂ, ਟੁੰਬਿਆ ਹੈ। ਡਾ: ਕੈਂਬੋ ਨੇ ਆਪਣੀਆਂ ਕਹਾਣੀਆਂ ਰਾਹੀਂ ਆਪਣੇ ਪਾਤਰਾਂ ਦੇ ਦਿਲੀ ਦਰਦ, ਦੁੱਖ-ਸੁੱਖ, ਹੰਝੂ-ਹਾਸੇ, ਲੋੜਾਂ-ਥੋੜਾਂ, ਅਕੇਵੇਂ-ਥਕੇਵੇਂ, ਮਿਲਣੀਆਂ-ਵਿਛੋੜੇ, ਇਕਲਾਪੇ ਅਤੇ ਸੰਤਾਪ ਨੂੰ ਬੜੀ ਹੀ ਸਜਗਤਾ ਅਤੇ ਮਰਮ ਨਾਲ ਪੇਸ਼ ਕੀਤਾ ਹੈ। ਹਾਂ, ਵੱਖ ਵੱਖ ਕਹਾਣੀਆਂ ਵਿਚ ਇੱਕੋ ਨਾਵਾਂ ਦੇ ਵਰਤੇ ਗਏ ਪਾਤਰ ਜ਼ਰਾ ਕੁ ਰੜਕਦੇ ਹਨ ਪਰ ਉਹਨਾਂ ਵਲੋਂ ਸਥਿਤੀਆਂ ਨੂੰ ਬਦਲਣ ਦੇ ਯਤਨ ਅਤੇ ਘਟਨਾਵਾਂ ਦੇ ਟਕਰਾਅ ਲਈ ਵਧਾਏ ਗਏ ਕਦਮ ਸ਼ਲਾਘਾ ਯੋਗ ਹਨ। ਕਹਾਣੀਕਾਰ ਵਲੋਂ ਕਈ ਥਾਵਾਂ ਤੇ ਦਿੱਤੇ ਗਏ ਨਿੱਜੀ ਵੇਰਵੇ ਜਿੱਥੇ ਪਾਠਕ ਨੂੰ ਅਕਾਅ ਦੇਣ ਦੀ ਸਮਰਥਾ ਰੱਖ ਸਕਦੇ ਹਨ ਉਥੇ ਇਹ ਬਿਰਤਾਂਤ ਕਹਾਣੀ ਵਿਚ ਆਏ-ਸਜਾਏ ਨਜ਼ਾਰਿਆਂ ਨੂੰ ਵੀ ਹੂ-ਬ-ਹੂ ਚਿਤਰ ਕੇ ਕਹਾਣੀ ਦੇ ਵਹਾਅ ਵਿਚ ਅਕੱਥ-ਰਸ ਵੀ ਪੈਦਾ ਕਰਦੇ ਹਨ। ਵਰਤੀ ਗਈ ਸਾਧਾਰਨ ਪਰ ਚੁਸਤ ਬੋਲੀ ਵੀ ਕਥਾ-ਰਸ ਨੂੰ ਵਧਾਉਂਦੀ ਹੈ।

ਸਮੁੱਚੇ ਤੌਰ ਤੇ ਡਾ: ਕੈਂਬੋ ਦੀ ਕਹਾਣੀ ਪੂਰਬੀ ਤੇ ਪੱਛਮੀ ਮੁੱਲਾਂ ਵਿਚਕਾਰ ਟਕਰਾਅ ਨੂੰ ਸਾਕਾਰ ਕਰਦੀ ਨਾ ਕੇਵਲ ਪਰਵਾਸੀ ਜੀਵਨ, ਪਰਵਾਸੀ ਸੁਭਾ, ਸਮੁੱਚੇ ਪਰਵਾਸੀ ਸਮਾਜ ਦੇ ਵਿਅਕਤੀਗਤ ਅਤੇ ਵਰਗ-ਗੱਤ ਵਰਤਾਰੇ ਦੀ ਹੀ ਮੂੰਹ ਬੋਲਦੀ ਤਸਵੀਰ ਹੈ ਸਗੋਂ ਕਹਾਣੀਕਾਰ ਦੇ ਮਨ-ਪਟ ਉਤੇ ਅੰਕਿਤ ਉਹਨਾਂ ਅਹਿਸਾਸਾਂ ਨੂੰ ਵੀ ਪ੍ਰਗਟਾਉਂਦੀ ਹੈ ਜਿਹਨਾਂ ਦਾ ਮੁੱਢ ਉਸਦੇ ਪਰਵਾਸੀ ਬਣਨ ਤੋਂ ਪਹਿਲਾਂ ਦਾ ਹੈ। ਇਸ ਕਾਰਣ ਹੀ ਉਸਦੀ ਲਿਖਣ-ਪ੍ਰਕਿਰਿਆ ਦਾ ਘੇਰਾ ਪਹਿਲੇ ਪੂਰ ਦੇ ਹਰ ਪਰਿਵਾਸੀ ਕਹਾਣੀਕਾਰਾਂ ਵਾਂਗ ਹੀ, ਬਰਤਾਨੀਆ ਤੋਂ ਲੈਕੇ ਪੰਜਾਬ-ਭਾਰਤ ਤਕ ਫੈਲਿਆ ਹੋਇਆ ਹੈ। ਇਹ ਸੁਭਾਵਿਕ ਹੀ ਹੈ। ਸਮੁੱਚੀ ਮਨੁੱਖਤਾ ਦੇ ਕਲਿਆਣ ਹਿੱਤ ਲਿਖਣ ਵਾਲੇ ਅਤੇ ਦਰਿੜ ਵਿਚਾਰਾਂ ਵਾਲੇ ਪ੍ਰਤੀਬੱਧ ਲੇਖਕ ਡਾ: ਪ੍ਰੀਤਮ ਸਿੰਘ ਕੈਂਬੋ ਦੀ ਕਹਾਣੀ ਕਲਾ ਆਪਣੇ ਪਾਠਕਾਂ ਦੀ ਅੰਤਰ-ਆਤਮਾ ਨੂੰ ਟੁੰਬਣ ਦੀ ਸ਼ਕਤੀ ਰੱਖਦੀ ਹੈ। ਆਸ ਹੈ ਕਿ ਉਹ ਆਪਣੀ ਲਿਖਣ-ਸ਼ਕਤੀ ਦਾ ਸਦਾ ਹੀ ਸਦ-ਉਪਯੋਗ ਕਰਦਿਆਂ ਕਹਾਣੀ ਦੀ ਸਿਰਜਨ-ਕ੍ਰਿਆ ਲਈ ਵੀ ਯਤਨਸ਼ੀਲ ਰਹੇਗਾ। 

ਆਲੋਚਨਾ: ਬਰਤਾਨਵੀ ਪੰਜਾਬੀ ਸਾਹਿੱੱਤ ਤੇ ਹੋਰ ਲੇਖ:

ਬਰਤਾਨਵੀ ਪੰਜਾਬੀ ਸਾਹਿਤ ਦੀ ਉਮਰ1 ਲਗਪਗ 35 ਕੁ ਵਰ੍ਹੇ ਹੈ ਅਤੇ ਬਰਤਾਨਵੀ ਆਲੋਚਨਾ ਸਾੱਿਹਤ ਦੀ ਉਮਰ ਵੀ ਲਗਪਗ ਇੰਨੀ ਹੀ। ਆਲੋਚਨਾ ਦੇ ਆਰੰਭਿਕ ਦੌਰ ਵਿਚ ਇਸਨੇ ਜਿਨਾਂ ਵੀ ਆਪਣਾ ਚਿਹਰਾ ਮੋਹਰਾ ਦਿਖਾਇਆ ਉਸ ਦਾ ਬਹੁਤਾ ਹਿੱਸਾ ਲਾਗ ਲਗਾਉ ਜਾਂ ਖੰਡਨ ਮੰਡਨ ਜਾਂ ਸਰਵੇਖਣ ਤੋਂ ਵੱਧ ਕੁਝ ਵੀ ਨਹੀਂ ਸੀ ਅਤੇ ਕਈ ਵਾਰੀ ਕਾਨਫਰੰਸਾਂ ਤੇ ਪੜ੍ਹੇ ਜਾਣ ਵਾਲੇ ਪਰਚਿਆਂ ਦਾ ਮੰਤਵ ਆਪਣੇ ਵਿਸ਼ੇਸ਼ ਮਿੱਤਰਾਂ/ਸਨੇਹੀਆਂ ਦੀ ਬੱਲੇ ਬੱਲੇ ਕਰਨੀ ਅਤੇ ਗ਼ੈਰ-ਮਿੱਤਰ ਲੇਖਕਾਂ ਨੂੰ ਅੱਖੋਂ ਉਹਲੇ ਕਰਨਾ ਹੁੰਦਾ ਸੀ। ਪਰ ਹੁਣ ਹਾਲਤ ਬਦਲ ਚੁੱਕੀ ਹੈ ਅਤੇ ਆਲੋਚਨਾ ਨੂੰ ਸੰਜੀਦਗੀ, ਈਮਾਨਦਾਰੀ ਅਤੇ ਸੁਹਿਰਦਤਾ ਨਾਲ ਨੇਪਰੇ ਚਾੜ੍ਹਨ ਦੇ ਯਤਨ ਆਰੰਭ ਹੋ ਗਏ ਹਨ। ਇਹਨਾਂ ਯਤਨਾਂ ਵਿਚ ਡਾ: ਪ੍ਰੀਤਮ ਸਿੰਘ ਕੈਂਬੋ ਦਾ ਵੀ ਆਪਣਾ ਹੀ ਇਕ ਸਥਾਨ ਹੈ। ਪਰ —-

ਪਰ ਇਹ ਕਿ ਸਾਹਿਤ ਦੇ ਦੂਜੇ ਅੰਗਾਂ ਵਾਂਗ ਹੀ ਆਲੋਚਨਾ ਖੇਤਰ ਦੀਆਂ ਵੀ ਕੁਝ ਆਪਣੀਆਂ ਲੋੜਾਂ ਹਨ ਜਿਹਨਾਂ ਸਬੰਧੀ ਹਰ ਇਕ ਆਲੋਚਕ ਨੂੰ ਜਾਗਰੂਕ ਹੋਣਾ ਪੈਂਦਾ ਹੈ। ਸਾਹਿਤ ਦੀ ਸਿਰਜਨਾ ਅਤੇ ਵਿਕਾਸ ਵਿਚ ਆਲੋਚਨਾ ਜਾਂ ਸਮਾਲੋਚਨਾ ਦੇ ਮਹਤੱਵਪੂਰਨ ਯੋਗਦਾਨ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਬਿਨਾ ਸ਼ੱਕ ਆਲੋਚਨਾ ਤਰਕ ਦਾ ਵਿਸ਼ਾ ਹੈ ਅਤੇ ਇਸ ਵਿਚ ਭਾਵਾਂ ਦੀ ਬਜਾਇ ਦਲੀਲ ਹੀ ਪਰਧਾਨ ਹੁੰਦੀ ਹੈ ਪਰ ਆਲੋਚਨਾ ਸ਼ਬਦ ਦੀ ਵਰਤੋਂ ‘ਵਿਚਾਰ ਕਰਨ’2 ਦੇ ਅਰਥਾਂ ਵਿਚ ਹੀ ਕੀਤੀ ਜਾਂਦੀ ਰਹੀ ਹੈ ਅਤੇ ਸਦਾ ਹੀ ਕੀਤੀ ਜਾਂਦੀ ਰਹੇਗੀ। ਵਿਸ਼ੇ ਦੀ ਪੂਰੀ ਜਾਣਕਾਰੀ ਪਰਾਪਤ ਕਰਨਾ, ਉਸ ਬਾਰੇ ਵਿਚਾਰ ਕਰਨੀ ਅਤੇ ਉਸਨੂੰ ਪੂਰੀ ਤਰ੍ਹਾਂ ਸਪਸ਼ਟ ਕਰਨਾ ਆਲੋਚਕ ਦਾ ਧਰਮ ਹੈ। ਇਹ ਗੱਲ ਵੱਖਰੀ ਹੈ ਕਿ ਇਕ ਆਲੋਚਕ ਰਚਨਾ ਦੀ ਚੀਰ-ਫਾੜ ਕਰਨ ਵੇਲੇ ਕਿਸ ਪਰਕਾਰ ਦੀ ‘ਸਿਧਾਂਤਕ’ ਦ੍ਰਿਸ਼ਟੀ ਰੱਖਦਾ ਹੈ। ਇਸਦੀ ਆਪਣੀ ਥਾਂ ਹੈ ਕਿ ਆਲੋਚਕ ਦੀ ਦ੍ਰਿਸ਼ਟੀ ਦਾ ਆਧਾਰ ਮਨੋਵਿਗਿਆਨਿਕ ਹੈ ਕਿ ਦਾਰਸ਼ਨਿਕ; ਇਤਿਹਾਸਕ ਹੈ ਕਿ ਕਾਲਪਨਿਕ; ਵਿਗਿਆਨਿਕ ਹੈ ਕਿ ਨਿਰਣੇਆਤਮਕ ਅਤੇ ਸਮਾਜਿਕ ਹੈ ਕਿ ਵਿਅਕਤਿਕ। ਆਲੋਚਨਾ ਦਾ ਕਿਹੜਾ ਰੂਪ ਸਰਬ-ਮਾਨਿਯ ਮੰਨ ਕੇ ਤੁਰਿਆ ਜਾਵੇ? ਅਸੀਂ ਕਿਸੇ ਪਰਕਾਰ ਦੀ ਬਹਿਸ ਵਿਚ ਨਾ ਪੈਂਦਿਆਂ ਇਹ ਮੰਨ ਕੇ ਤੁਰਦੇ ਹਾਂ ਕਿ ਆਲੋਚਨਾਤਮਕ ਵਿਧੀਆਂ ਜਾਂ ਸਿਧਾਂਤ ਸਾਡੇ ਮਾਰਗ ਦਰਸ਼ਨ ਲਈ ਹਨ ਪਰ ਅੰਤ ਨਹੀਂ। ਕਿਉਂ ਜੋ ਸਾਹਿਤਕ ਆਲੋਚਨਾ ਦੀ ਕੋਈ ਵੀ ਵਿਧੀ ਆਪਣੇ ਆਪ ਵਿਚ ਸੰਪੂਰਨ ਨਹੀਂ ਕਹਿਲਾ ਸਕਦੀ। ਕੋਈ ਸੰਜੁਕਤ ਰਾਹ ਲੱਭਣਾ ਪਵੇਗਾ ਜਿਸ ਰਾਹੀਂ ਆਲੋਚਕ ਸਾਹਿਤ ਅਧਿਐਨ, ਸਾਹਿੱਤ ਵਿਸ਼ਲੇਸ਼ਣ ਅਤੇ ਸਾਹਿਤ ਮੁਲਾਂਕਣ ਕਰ ਸਕੇ।

ਡਾ: ਪ੍ਰੀਤਮ ਸਿੰਘ ਕੈਂਬੋ ਨੇ 1991 ਵਿਚ ਆਪਣੀ ਪਹਿਲੀ ਸਮੀਖਿਆ ਪੁਸਤਕ “ਬਰਤਾਨਵੀ ਪੰਜਾਬੀ ਸਾਹਿਤ” ਦੇਕੇ ਅਤੇ ਉਸਤੋਂ ਉਪਰੰਤ ਹੁਣ ਤਕ ਹੋਰ ਵੀ ਬਹੁਤ ਸਾਰੇ ਆਲੋਚਨਾਤਮਕ ਲੇਖ ਲਿਖਕੇ ਸਾਬਤ ਕੀਤਾ ਹੈ ਕਿ ਉਸ ਵਿਚ ਉਤੱਮ ਆਲੋਚਕ ਵਾਸਤੇ ਲੋੜੀਂਦੇ ਸਾਰੇ ਹੀ ਗੁੱਣ ਮੌਜੂਦ ਹਨ। ਉਤੱਮ ਆਲੋਚਕ ਵਾਸਤੇ ਵਿਦਵਾਨ, ਸੁਹਿਰਦ, ਮਿਹਨਤੀ, ਨਿਰਪੱਖ, ਸੰਜਮੀ ਅਤੇ ਨਿਰਵਿਅਕਤਿਕ ਹੋਣਾ ਜ਼ਰੂਰੀ ਹੈ ਅਤੇ ਡਾ: ਕੈਂਬੋ ਵਿਚ, ਉਸਦੀਆਂ ਆਪਣੀਆਂ ਨਿਰਧਾਰਿਤ ਸੀਮਾਵਾਂ, ਤੋਂ ਬਾਅਦ ਇਹ ਸਾਰੇ ਗੁਣ ਮੌਜੂਦ ਹਨ। ਡਾ: ਸਵਰਨ ਚੰਦਨ ਵੀ ਡਾ: ਕੈਂਬੋ ਬਾਰੇ ਲਿਖਦੇ ਹਨ: “ਮੁੱਖ ਜ਼ਰੂਰਤ ਕਿਸੇ ਆਲੋਚਕ ਦਾ ਸੁਹਿਰਦ, ਪੈਨੀ ਦ੍ਰਿਸ਼ਟੀ ਵਾਲਾ ਅਤੇ ਗੰਭੀਰ ਹੋਣਾ ਹੈ ਤੇ ਇਹ ਸਾਰੀਆਂ ਸਿਫ਼ਤਾਂ ਡਾ: ਕੈਂਬੋ ਦੇ ਪ੍ਰਸਤੁਤ ਨਿਬੰਧਾਂ ਵਿਚੋਂ ਵੇਖੀਆਂ ਜਾ ਸਕਦੀਆਂ ਹਨ।——ਉਹਦਾ ਗੁਣ ਵਿਸ਼ੇਸ਼ ਇਹ ਹੈ ਕਿ ਉਹ ਸਮੀਖਿਆ ਕਾਰਜ ਵਿਚ ਉਲਾਰ ਨਹੀਂ ਹੁੰਦਾ; ਆਲੋਚਨਾ ਨੂੰ ਉਹ ਸਾਹਿਤ-ਅਧਿਐਨ ਦੇ ਅਰਥਾਂ ਵਿਚ ਆਤਮਸਾਤ ਕਰਦਾ ਹੋਇਆ ਆਪਣੀ ਦ੍ਰਿਸ਼ਟੀ ਰਚਨਾ ਦੀ ਟੈਕਸਟ ‘ਤੇ ਕੇਂਦਰਿਤ ਰਖਦਾ ਹੈ।” –ਬਰਤਾਨਵੀ ਪੰਜਾਬੀ ਸਾਹਿਤ, ਪੰਨਾ 17

“ਬਰਤਾਨਵੀ ਪੰਜਾਬੀ ਸਾਹਿਤ” ਵਿਚ ਕੁਲੱ 12 ਲੇਖ ਹਨ। ਸਾਰੇ ਹੀ ਲੇਖ ਬਰਤਾਨੀਆ ਵਿਚ ਲਿਖੇ ਜਾ ਰਹੇ ਸਾਹਿਤ ਨਾਲ ਸਬੰਧਤ ਨਹੀਂ। ਸਿੱਧੇ ਰੂਪ ਵਿਚ ਇਹਨਾਂ ਵਿਚੋਂ ਪਹਿਲੇ ਦੋ ਲੇਖ “ਬਰਤਾਨਵੀ ਪੰਜਾਬੀ ਵਾਰਤਕ” ਅਤੇ ਬਰਤਾਨਵੀ ਪੰਜਾਬੀ ਕਹਾਣੀ: ਰੂਪ ਤੇ ਸ਼ਿਲਪ” ਇਕ ਤਰ੍ਹਾਂ ਨਾਲ ਬਰਤਾਨੀਆ ਵਿਚ ਲਿਖੇ ਜਾ ਰਹੇ ਸਮੁੱਚੇ ਸਾਹਿਤ ਉਤੇ ਗੰਭੀਰਤਾ ਨਾਲ ਪੰਛੀ ਝਾਤ ਪੁਆਂਦਿਆਂ ਆਪਣੇ ਪਾਠਕਾਂ ਨੂੰ ਸਾਹਿੱਤ ਦੀ ਪ੍ਰਕਿਰਿਆ ਸਬੰਧੀ ਵਿਚਾਰ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਹਨਾਂ ਲੇਖਾਂ ਨੂੰ ਸਮੁੱਚੀ ਬਰਤਾਨਵੀ ਪੰਜਾਬੀ ਸਮੀਖਿਆ ਦੀ ਪਰਾਪਤੀ3 ਵੀ ਮੰਨਿਆ ਜਾ ਸਕਦਾ ਹੈ। ਕਿਉਂਕਿ ਡਾ: ਕੈਂਬੋ ਇਹਨਾਂ ਲੇਖਾਂ ਵਿਚ ਬਰਤਾਨਵੀ ਪੰਜਾਬੀ ਸਾਹਿੱੱਤ ਦੀ ਪਿੱਠ ਭੂਮੀ ਤੇ ਕੰਮ ਕਰ ਰਹੇ ਸਾਰੇ ਹੀ ਲੋੜੀਂਦੇ ਸੰਦਰਭਾਂ4 ਜਿਵੇਂ ਕਿ ਇਤਿਹਾਸਕ, ਸਭਿਆਚਾਰਕ, ਰਾਜਨੀਤਕ, ਸਮਾਜਕ ਅਤੇ ਆਰਥਕ ਆਦਿ ਨੂੰ ਪੜਤਾਲਦਾ ਹੈ।

ਬਰਤਾਨੀਆ ਵਸਦਾ ਪਰਵਾਸੀ ਬਹੁਤ ਸਾਰੇ ਤਨਾਵਾਂ ਅਤੇ ਸਮੱਸਿਆਵਾਂ ਦਾ ਸ਼ਿਕਾਰ ਹੈ। ਪਰਾਏ ਦੇਸ ਵਿਚ ਕੰਮ ਦੀ ਭਾਲ ਤੋਂ ਆਰੰਭ ਹੋ ਕੇ ਬੇਕਾਰੀ, ਘਰਾਂ ਦੀ ਚਿੰਤਾ, ਪਿੱਛੇ ਨਾਲ ਮੋਹ, ਬਰਤਾਨੀਆ ਰਹਿੰਦਿਆਂ ਨਸਲਵਾਦ ਨਾਲ ਟਕਰਾਅ ਅਤੇ ਨਿੱਤ ਦਿਹਾੜੇ ਦੀ ਖਿਚੋਤਾਣ, ਇਕ ਦੂਜੇ ਨਾਲੋਂ ਵੱਧ ਕਮਾਉਣ ਦੀ ਲਾਲਸਾ, ਸਭਿਆਚਾਰ ਅਤੇ ਵਿਰਸੇ ਦੀ ਸੰਭਾਲ, ਪੀੜ੍ਹੀ ਪਾੜਾ ਅਤੇ ਸੰਤਾਨ ਦੇ ਹੱਥੋਂ ਨਿਕਲਣ ਦਾ ਡਰ-ਫਿਕਰ, ਬਜ਼ੁਰਗਾਂ ਦੀ ਸਿਹਤ ਅਤੇ ਸੇਵਾ ਸੰਭਾਲ ਵਰਗੀਆਂ ਔਕੜਾਂ ਉਸ ਦੇ ਦਰਪੇਸ਼ ਹਨ। ਬਰਤਾਨੀਆ ਵਸਦੇ ਲੇਖਕ ਇਹਨਾਂ ਸਭ ਔਕੜਾਂ ਨਾਲ ਜੂਝਦੇ ਰਹੇ ਹਨ, ਜੂਝ ਰਹੇ ਹਨ ਅਤੇ ਪਹਿਲੀ/ਦੂਜੀ ਪੀੜ੍ਹੀ ਦੀ ਉਮਰ ਤਕ ਇਹ ਤਨਾਅ ਇੰਜ ਹੀ ਬਣੇ ਰਹਿਣਗੇ ਅਤੇ ਫਿਰ ਕਿਸੇ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਡਾ: ਕੈਂਬੋ ਆਪੂੰ ਇਕ ਕਹਾਣੀਕਾਰ ਹੈ। ਬਰਤਾਨੀਆ ਰਹਿੰਦਾ ਹੈ। ਆਪਣੇ ਲੇਖ “ਬਰਤਾਨਵੀ ਪੰਜਾਬੀ ਵਾਰਤਕ” ਵਿਚ ਡਾ: ਕੈਂਬੋ ਸਪਸ਼ਟ ਕਰਦਾ ਹੈ ਕਿ ਕੋਈ ਵੀ ਲੇਖਕ ਸਮਾਜ ਵਿਚ ਰਹਿੰਦਾ ਹੋਇਆ ਉਸ ਸਮਾਜ ਦੀਆਂ ਸਮੱਸਿਆਵਾਂ ਤੋਂ ਅਣਭਿੱਜ ਨਹੀਂ ਰਹਿ ਸਕਦਾ, ਅਚੇਤ ਨਹੀਂ ਰਹਿ ਸਕਦਾ। ਇੰਗਲੈਂਡ ਦੇ ਪੰਜਾਬੀ ਸਾਹਿੱਤ ਨੇ ਇਗਲੈਂਡ ਵਿਚ ਵਸਦੇ ਪਰਵਾਸੀ ਸਮਾਜ ਦਾ, ਵਿਸ਼ੇਸ਼ ਕਰਕੇ ਅਤੇ ਆਮ ਜੱਦੀ ਸਮਾਜ ਦਾ ਆਮ ਕਰਕੇ, ਸੋਹਣਾ ਚਿਤਰ ਪੇਸ਼ ਕੀਤਾ ਹੈ। ਬਰਤਾਨਵੀ ਲੇਖਕ ਨੇ (ਕਿਸੇ ਨੇ ਵੀ ਨਹੀਂ) ਕਿਸੇ ਕਾਹਵੇਖਾਨੇ ਵਿਚ ਬ ੈਠ ਕੇ ਮਜ਼ਦੂਰ ਵਰਗ ਦੇ ਨਕਸ਼ੇ ਨੂੰ ਨਹੀਂ ਚਿਤਰਿਆ ਸਗੋਂ ਇਸਦੇ ਉਲਟ ਇੱਥੋਂ ਦੇ ਲੇਖਕ ਵਰਗ ਨੇ ਖੁੱਦ ਕਾਮਾ ਵਰਗ ਦੀ ਜ਼ਿੰਦਗੀ ਬਸਰ ਕਰਕੇ ਤੇ ਖੂਨ ਪਸੀਨੇ ਦੀ ਕਮਾਈ ਕਰਕੇ ਇਹ ਸਾਹਿੱਤ ਸਿਰਜਿਆ ਹੈ।। ਡਾ: ਕੈਂਬੋ ਇਹਨਾਂ ਲੇਖਾਂ ਰਾਹੀ ਕਿਸੇ ਕਿਸਮ ਦੇ ਪੰਡਤਾਊ ਛੜੱਪੇ ਨਹੀਂ ਮਾਰਦਾ ਸਗੋਂ ਪਰਵਾਸੀਆਂ ਦੀਆਂ ਵਿਅਕਤੀਗਤ ਪ੍ਰਤੀਕ੍ਰਿਆਵਾਂ ਨੂੰ ਯੋਗ ਸਥਾਨ ਦਿੰਦਿਆਂ ਰਚਨਾ ਦੀ ਵਿਆਖਿਆ ਕਰਕੇ ਉਸਨੂੰ ਪਾਠਕਾਂ ਦੇ ਸਾਹਮਣੇ ਲਿਆਕੇ, ਉਸ ਵਿਚਲੀ ਸੁੰਦਰਤਾ ਅਤੇ ਯਥਾਰਥ ਨੂੰ ਖੋਜ ਕੇ ਉਸਦਾ ਵਿਸ਼ਲੇਸ਼ਣ ਕਰਦਾ ਹੈ। 

 ਡਾ: ਪ੍ਰੀਤਮ ਸਿੰਘ ਕੈਂਬੋ ਦੇ ਅਗਲੇ ਚਾਰ ਲੇਖ ਹਨ: ਸੁਤੰਤਰਤਾ ਸੰਗਰਾਮ ਦਾ ਸ਼ਾਇਰ ਲੱਖਾ ਸਿੰਘ ਜੌਹਰ, ਸੁਤੰਤਰਤਾ ਸੰਗਰਾਮ ਦੀ ਪੰਜਾਬੀ ਕਵਿਤਾ, ਪੰਜਾਬੀ ਦਾ ਪ੍ਰਤੀਬੰਧਿਤ ਸਾਹਿੱਤ ਅਤੇ ਬਰਤਾਨਵੀ ਰਾਜ ਸਮੇਂ ਜ਼ਬਤਸ਼ੁਦਾ ਪੰਜਾਬੀ ਕਵਿਤਾ: ਇਕ ਆਲੋਚਨਾਤਮਕ ਸਰਵੇਖਣ। ਉਸਦੇ ਇਹ ਚਾਰੇ ਲੇਖ ਸਿੱਧੇ ਤੌਰ ਤੇ “ਸੁਤੰਤਰਤਾ ਸੰਗਰਾਮ” ਨਾਲ ਸਬੰਧਤ ਪੰਜਾਬੀ ਸਾਹਿਤ ਨਾਲ ਆਪਣਾ ਪਿੰਡਾ ਜੋੜਦੇ ਹਨ। ਇਹ ਲੇਖ ਉਸਦੀ ਖੋਜੀ ਪ੍ਰਬਿਰਤੀ ਦੀ ਸੂਚਨਾ ਤਾਂ ਦਿੰਦੇ ਹੀ ਹਨ ਪਰ ਨਾਲ ਦੀ ਨਾਲ ਸੁਤੰਤਰਤਾ ਸੰਗਰਾਮ ਦੇ ਸਮੇਂ “ਰੋਸ, ਰੋਹ ਅਤੇ ਲਲਕਾਰ” ਵਜੋਂ  ਲਿਖੇ ਗਏ ਅਤੇ ਜ਼ਬਤ ਹੋਏ ਪੰਜਾਬੀ ਸਾਹਿਤ ਦੇ ਦਰਸ਼ਣ ਅਤੇ ਤੁਆਰਫ਼ ਵੀ ਕਰਵਾਉਂਦੇ ਹਨ। ਇਸਦੇ ਨਾਲ ਹੀ ਡਾ: ਕੈਂਬੋ ਇਹਨਾਂ ਲੇਖਕਾਂ ਦੇ ਸਾਹਿਤ ਦੀ ਪਰਖ ਕਰਦਿਆਂ ਮੁੱਲਾਂਕਣ ਵੀ ਕਰਦਾ ਹੈ। “ਬਰਤਾਨਵੀ ਰਾਜ ਸਮੇਂ ਜ਼ਬਤ-ਸ਼ੁਦਾ ਪੰਜਾਬੀ ਕਵਿਤਾ ਦਾ ਆਲੋਚਨਾਤਮਕ ਸਰਵੇਖਣ” ਵਾਲੇ ਲੇਖ ਵਿਚ ਡਾ: ਕੈਂਬੋ ਸਪਸ਼ਟ ਕਰਦਾ ਹੈ ਕਿ ਭਾਰਤ ਦੀ ਆਜ਼ਾਦੀ ਲਈ ਲਿਖੀ ਗਈ ਕਵਿਤਾ ਕਿਵੇਂ ਸਰਕਾਰੀ ਕਰੋਪੀ ਦਾ ਸ਼ਿਕਾਰ ਹੁੰਦੀ ਰਹੀ। ਪ੍ਰੈਸ ਆਜ਼ਾਦ ਨਹੀਂ ਸੀ ਕਿ ਸਰਕਾਰ ਵਿਰੋਧੀ ਅਤੇ ਆਜ਼ਾਦੀ ਦੀ ਸਿੱਕ ਵਿਚ ਲਿਖੀ ਕਵਿਤਾ ਨੂੰ ਲੋਕਾਂ ਤਕ ਪਹੁੰਚਾਣ ਦਿੱਤਾ ਜਾਂਦਾ।

ਇਹ ਦਰੁੱਸਤ ਹੈ ਕਿ ਸ: ਲੱਖਾ ਸਿੰਘ ਜੌਹਰ ਤੋਂ ਬਿਨਾਂ ਇਹਨਾਂ ਲੇਖਾਂ ਵਿਚ ਜਿਹਨਾਂ ਲੇਖਕਾਂ ਦਾ ਜ਼ਿਕਰ ਹੋਇਆ ਹੈ, ਉਹ ਇੰਗਲੈਂਡ ਵਿਚ ਆ ਕੇ ਨਹੀਂ ਵਸੇ ਪਰ ਇਸਦੇ ਬਾਵਜ਼ੂਦ ਇਹਨਾਂ ਲੇਖਾਂ ਰਾਹੀਂ ਸਾਨੂੰ ਕੁਝ ਕੁ ਅਜਿਹੇ ਲੇਖਕਾਂ ਨਾਲ ਜਾਣ-ਪਹਿਚਾਣ ਹੁੰਦੀ ਹੈ ਜਿਹਨਾਂ ਨੂੰ ਕਿਸੇ ਨਾ ਕਿਸੇ ਕਾਰਨ ਆਲੋਚਕਾਂ ਵਲੋਂ ਬੇਧਿਆਨੀ ਦਾ ਸ਼ਿਕਾਰ ਹੋਣਾ ਪਿਆ। ਬਾਕੀ ਦੇ ਛੇ ਲੇਖਾਂ ਵਿਚੋਂ ਪਹਿਲਾ ਲੇਖ ਉਭਰਦੇ ਕਹਾਣੀਕਾਰ ਹਰਜੀਤ ਅਟਵਾਲ ਨਾਲ ਸਬੰਧਤ ਹੈ। ਇਹ ਸਾਰੇ ਲੇਖ ਸਿੱਧੇ ਤੌਰ ਤੇ ਪਾਠ ਕੇਂਦਰਿਤ ਅਧਿਐਨ ਵਿਸ਼ਲੇਸ਼ਣ ਨਾਲ ਸਬੰਧ ਰੱਖਦੇ ਹਨ ਜਿਹਨਾਂ ਵਿਚ ਪੂਰਨ ਸਿੰਘ ਦਾ ਘਰ ਸੁਖ ਵਸਿਆ: ਇਕ ਅਧਿਐਨ, ਬਲਿਹਾਰ ਸਿੰਘ ਦਾ ਨਾਨਕਤਾ(ਮਹਾਂਕਾਵਿ): ਇਕ ਅਧਿਐਨ, ਅਵਤਾਰ ਰਚਿਤ  ਕਵਿਤਾ: ਮੇਰੇ ਪਰਤ ਆਉਣ ਤਕ, ਡਾ: ਦੀਵਾਨ ਸਿੰਘ ਕਾਲੇ ਪਾਣੀ ਦੀ ਵਾਰਤਕ ਅਤੇ ਗਿਆਨੀ ਮੱਖਣ ਸਿੰਘ ਮ੍ਰਿਗਿੰਦ ਦੇ ਆਦਿ ਗ੍ਰੰਥ ਦੇ ਬਾਰਾਮਾਹ: ਇਕ ਸਰਵੇਖਣ, ਸਾਡਾ ਧਿਆਨ ਖਿਚ੍ਹਦੇ ਹਨ। ਇਹਨਾਂ ਲੇਖਾਂ ਵਿਚ ਡਾ: ਕੈਂਬੋ ਨੇ ਰਚਨਾਵਾਂ ਦਾ ਸਰਬਪੱਖੀ ਵਿਸ਼ਲੇਸ਼ਣ ਪੇਸ਼ ਕੀਤਾ ਹੈ ਜਿਹੜਾ ਕਿ ਪੁਸਤਕਾਂ ਦੇ ਪਾਠ ਉਤੇ ਕੇਂਦ੍ਰਿਤ ਹੈ। ਡਾ: ਮਨਜੀਤ ਸਿੰਘ ਨੇ ਵੀ ਅਕਸ ਦੇ ਦਸੰਬਰ 1991 ਦੇ ਅੰਕ ਵਿਚ ਡਾ: ਕੈਂਬੋ ਦੀ ਸਮੀਖੀਆ ਸਬੰਧੀ ਬਹੁਤ ਹੀ ਸਾਰਥਕ ਆਖਿਆ: “ਬਰਤਾਨਵੀ ਪੰਜਾਬੀ ਸਾਹਿਤ-ਸਮੀਖਿਆ ਦੇ ਪ੍ਰਸੰਗ ਵਿਚ ਇਸ ਸਮੀਖਿਆ ਦਾ ਆਪਣਾ ਵਿਸੇਸ਼ ਮਹੱਤਵ ਜ਼ਰੂਰ ਹੈ ਪਰ ਜਦੋਂ ਅਸੀਂ ਇਸ ਸਮੀਖਿਆ ਨੂੰ ਪੰਜਾਬੀ ਸਾਹਿਤ ਸਮੀਖਿਆ ਦੀ ਮੁੱਖ ਧਾਰਾ ਨਾਲ ਜੋੜ ਕੇ ਵੇਖਦੇ ਹਾਂ ਤਾਂ ਇਹ ਪਰੰਪਰਕ ਕਿਸਮ ਦੀ ਸਮੀਖਿਆ ਦੀਆਂ ਬਹੁਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੀ ਅਤੇ ਪੰਜਾਬੀ ਸਾਹਿਤ-ਸਮੀਖਿਆ ਦੀ ਧਾਰਾ ਨਾਲ ਜੁੜਨ ਦੀ ਹੱਥਲੀ ਪੁਸਤਕ ਵਿਚੋਂ ਡਾ: ਕੈਂਬੋ ਦੇ ਇਕ ਚੰਗੇ ਸਮੀਖਿਆਕਾਰ ਹੋਣ ਦੀ ਆਸ ਬੱਝ੍ਹਦੀ ਹੈ।” ਲੇਖਕ, ਡਾ: ਮਨਜੀਤ ਸਿੰਘ ਦੇ ਕਥਨ ਨਾਲ ਪੂਰੀ ਤਰ੍ਹਾਂ ਸਹਿਮਤ ਹੈ। 

ਇਸ ਪੁਸਤਕ ਦੀ ਪ੍ਰਕਾਸ਼ਨਾ ਤੋਂ ਲੈਕੇ ਹੁਣ ਤਕ ਦੇ ਛੇ ਵਰ੍ਹਿਆਂ ਦੇ ਸਮੇਂ ਵਿਚ ਵੀ ਇਹਨਾਂ ਉਪਰੋਕਤ ਲੇਖਾਂ ਤੋਂ ਬਿਨਾਂ ਡਾ: ਕੈਂਬੋ ਨੇ ਅਨਗਿਣਤ ਆਲੋਚਨਾਤਮਕ ਲੇਖ ਲਿਖੇ ਹਨ ਜਿਵੇਂ ਕਿ 1) ਬਰਤਾਨਵੀ ਪੰਜਾਬੀ ਕਹਾਣੀ (ਨਵੀਂ ਪੀੜ੍ਹੀ ਦੇ ਸੰਦਰਭ ਵਿਚ), 2) ਸਮੁੱਚੀ ਬਰਤਾਨਵੀ ਪੰਜਾਬੀ ਕਵਿਤਾ ਪਿਛਲੇ ਦਹਾਕੇ ਦੇ ਪ੍ਰਸੰਗ ਵਿਚ, 3) ਹੜਪਾ ਤੋਂ ਹੀਰੀਸ਼ੀਮਾ — ਇਕ ਪੁਨਰ ਮੁਲਾਂਕਣ, 4) ਗੁਰਦਿਆਲ ਸਿੰਘ ਰਾਏ–ਦੀ ਸਾਹਿਤਕ ਪ੍ਰਾਪਤੀ, 5) ਚਮਨ ਲਾਲ ਚਮਨ ਦੀ ਕਵਿਤਾ, 6) ਸਵਰਨਪ੍ਰੀਤ ਦੀ ਨਾਵਲ ਕਲਾ, 7) ਸੁਰਜੀਤ ਕਲਪਨਾ– ਸੁਹਜਵਾਦੀ ਕਹਾਣੀਕਾਰ, 8) ਅੱਖੀਆਂ ਕੂੜ ਮਾਰਦੀਆਂ—ਇਕ ਅਧਿਐਨ, 9) ਬਲਦੇਵ ਬਾਵਾ ਰਚਿਤ ਪੰਜਾਬ ਨਾਮਾ —- ਇਕ ਅਧਿਐਨ, 10) ਤਰਸੇਮ ਨੀਲਗਿਰੀ ਦੀ ਕਹਾਣੀ ਕਲਾ, 11) ਪ੍ਰਗਤੀਵਾਦੀ ਕਵੀ ਨੂਰ ਦੀ ਕਵਿਤਾ, 12) ਰਣਜੀਤ ਰਾਏ ਦੀ ਕਵਿਤਾ, 13) ਗੁਰਦਾਸ ਸਿੰਘ ਪਰਮਾਰ ਦੀ ਗ਼ਜ਼ਲ ਅਤੇ 14) ਖੋਜੀ ਸਾਧਕ: ਡਾ: ਚੰਨਣ ਸਿੰਘ ਚੰਨ। ਇਸਦੇ ਨਾਲ ਹੀ ਉਹਨਾਂ ਨੇ ਡਾ: ਹਰਿਭਜਨ ਸਿੰਘ ਦੀ ਕਵਿਤਾ, ਸੰਤ ਸਿਘ ਸੇਖੋਂ ਦੀ ਕਹਾਣੀ ਕਲਾ, ਬਚਿੰਤ ਕੌਰ ਦੀਆਂ ਪਗਡੰਡੀਆਂ ਅਤੇ ਅਮੋਲ ਸਿਮਰਤੀ ਆਦਿ ਹੋਰ ਅਨਗਿਣਤ ਆਲੋਚਨਾਤਮਕ ਲੇਖ ਵੀ ਲਿਖੇ। ਡਾ: ਪ੍ਰੀਤਮ ਸਿੰਘ ਕੈਂਬੋ ਦਾ ਸਮੀਖਿਆ ਕਾਰਜ ਲਈ ਕੀਤਾ ਜਾ ਰਿਹਾ ਨਿਰੰਤਰ ਯਤਨ ਬਹੁਤ ਹੀ ਉਦਮ ਵਾਲਾ ਅਤੇ ਸ਼ਲਾਘਾਯੋਗ ਹੈ। ਦਰਅਸਲ ਬਰਤਾਨਵੀ ਪੰਜਾਬੀ ਸਾਹਿਤ ਵਿਚਲੇ ਲੇਖਾਂ ਉਪਰੰਤ ਲਿਖੇ ਇਹ ਲੇਖ ਸਾਬਤ ਕਰਦੇ ਹਨ ਕਿ ਡਾ: ਕੈਂਬੋ ਸਾਹਿਤ ਦੇ ਅਧਿਐਨ ਲਈ ਗੰਭੀਰਤਾ ਨਾਲ ਜੁੱੱਟਿਆ ਹੋਇਆ ਹੈ ਅਤੇ ਉਸਦੀ ਦ੍ਰਿਸ਼ਟੀ ਅਤੇ ਵਿਸ਼ਲੇਸ਼ਣ ਦੀ ਸ਼ਕਤੀ ਅਗੇ ਨਾਲੋਂ ਹੋਰ ਵੀ ਵਧੀ ਹੈ। ਉਹ ਸਮੀਖਿਆ ਦੇ ਕਾਰਜ ਵਿਚ ਉਲਾਰ ਨਹੀਂ ਸਗੋਂ ਸਮੀਖਿਆ ਦੇ ਉਪਯੁਕਤ ਯੋਗਤਾ ਅਤੇ ਆਲੋਚਨਾਤਮਕ ਵਿਵੇਕ ਦੀ ਸ਼ਾਹਦੀ ਭਰਦਿਆਂ ਖੰਡਨ-ਮੰਡਨ ਤੋਂ ਉਪਰ ਉਠਕੇ ਬਹੁਤ ਹੀ ਸੰਤੁਲਿਤ ਅਤੇ ਵਿਗਿਆਨਕ ਕਿਸਮ ਦੀ ਆਲੋਚਨਾ ਦੇ ਰਿਹਾ ਹੈ। ਪੂਰਨ ਆਸ ਹੈ ਡਾ: ਪ੍ਰੀਤਮ ਸਿੰਘ ਕੈਂਬੋ ਅੱਗੋਂ ਲਈ ਵੀ, ਨਿਰਪੱਖ ਅਤੇ ਗੁੱਟ-ਰਹਿਤ ਆਲੋਚਨਾ ਦੇ ਆਪਣੇ ਮਿੱਥੇ ਹੋਏ ਟੀਚੇ ਅਨੁਸਾਰ, ਬਰਤਾਨੀਆ ਵਿਚ ਉਪਜ ਰਹੇ ਸਾਹਿੱਤ ਦੀ ਘੋਖ-ਪੜਤਾਲ ਕਰਦਾ ਰਹੇਗਾ।  

ਖੋਜ: ਜ਼ਬਤ-ਸ਼ੁਦਾ ਪੰਜਾਬੀ ਕਵਿਤਾ– ਇਕ ਆਲੋਚਨਾਆਤਮਕ ਅਧਿਐਨ:

ਜ਼ਬਤ-ਸ਼ੁਦਾ ਪੰਜਾਬੀ ਕਵਿਤਾ: ਇਕ ਆਲੋਚਨਾਤਮਕ ਅਧਿਐਨ (ਬ੍ਰਿਟਿਸ਼ ਪਾਲਿਸੀ ਅਤੇ ਰਾਸ਼ਟਰੀ ਲਹਿਰਾਂ ਦੇ ਪ੍ਰਸੰਗ ਵਿਚ) ਡਾ: ਪ੍ਰੀਤਮ ਸਿੰਘ ਕੈਂਬੋ ਦਾ ਪੀ¤ਐਚ¤ਡੀ¤ ਦੇ ਖੋਜ -ਪ੍ਰਬੰਧ “ਬਰਤਾਨਵੀ ਰਾਜ ਸਮੇਂ ਜ਼ਬਤ-ਸ਼ੁਦਾ ਪੰਜਾਬੀ ਕਵਿਤਾ ਦਾ ਆਲੋਚਨਾਤਮਕ ਅਧਿਐਨ ਦਾ ਹੀ ਸੋਧਿਆ ਰੂਪ ਹੈ। ਇਸ ਖੋਜ ਕਾਰਜ ਦਾ ਮਨੋਰਥ ਜ਼ਬਤ-ਸ਼ੁਦਾ ਪੰਜਾਬੀ ਕਵਿਤਾ ਨੂੰ ਲੱਭ ਕੇ ਉਸ ਦੀ ਨਿਸ਼ਾਨਦਹੀ ਕਰਦਿਆਂ, ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੀ ਪਿੱਠਭੂਮੀ ਵਿਚ ਉਸਦੀ ਵਿਆਖਿਆ5 ਕਰਨੀ ਹੈ। ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਆਮ ਕਰਕੇ ਅਤੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਵਿਸ਼ੇਸ਼ ਕਰਕੇ ਡਾ: ਕੈਂਬੋ ਵਲੋਂ ਮਿਹਨਤ ਨਾਲ ਲੱਭੇ ਤੱਥਾਂ ਦਾ ਖਾਸਾ ਮਹੱਤਵ ਹੈ। ਡਾ: ਕੈਂਬੋ ਨੇ ਉਨੀਵੀਂ ਅਤੇ ਵੀਹਵੀਂ ਸਦੀ ਦੀ ਬ੍ਰਿਟਿਸ਼ ਪ੍ਰੈਸ ਪਾਲਸੀ ਤੋਂ ਆਰੰਭ ਕਰਕੇ ਗ਼ਦਰ ਲਹਿਰ ਤੇ ਜ਼ਬਤ ਪੰਜਾਬੀ ਕਾਵਿ, ਅਕਾਲੀ ਲਹਿਰ ਤੇ ਜ਼ਬਤ ਪੰਜਾਬੀ ਕਾਵਿ, ਨਾ ਮਿਲਵਰਤਨ ਤੇ ਜ਼ਬਤ ਪੰਜਾਬੀ ਕਾਵਿ, ਕਿਰਤੀ ਲਹਿਰ ਤੇ ਜ਼ਬਤ ਪੰਜਾਬੀ ਕਾਵਿ, ਕੂਕਾ ਲਹਿਰ ਤੇ ਜ਼ਬਤ ਪੰਜਾਬੀ ਕਾਵਿ ਅਤੇ ਜ਼ਬਤ-ਸ਼ੁਦਾ ਪੰਜਾਬੀ ਕਵਿਤਾ ਦਾ ਸਾਹਿਤਕ ਤੇ ਇਤਿਹਾਸਕ ਮਹੱਤਵ ਚੈਪਟਰਾਂ ਦੇ ਵਿਸਥਾਰ ਉਪਰੰਤ ਜੋ ਨਿਸ਼ਕਰਸ਼ ਕੱਢੇ ਹਨ ਉਹ ਸਲਾਹੁਣ ਯੋਗ ਤਾਂ ਹਨ ਹੀ ਪਰ ਸਮੁੱਚੀ ਖੋਜ-ਪੁਸਤਕ ਦਾ ਅਧਿਐਨ ਕਰਨ ਉਪਰੰਤ ਪਾਠਕ ਨੂੰ ਸੁਤੰਤਰਤਾ ਸੰਗਰਾਮ ਵਿਚ ਪੰਜਾਬੀ ਕਵਿਤਾ ਦੇ ਸਾਹਿਤਕ ਤੇ ਇਤਹਾਸਕ ਸਥਾਨ ਦਾ ਬੋਧ ਵੀ ਕਰਵਾਉਂਦੇ ਹਨ।

ਖੋਜ, ਅਥਾਹ ਮਿਹਨਤ ਅਤੇ ਲਗਨ ਮੰਗਦਾ ਅਜਿਹਾ ਕਾਰਜ ਹੈ ਜਿਸ ਵਿਚ ਖੋਜ ਕਰਨ ਵਾਲਾ ਵੱਖ ਵੱਖ ਸ੍ਰੋਤਾਂ ਤੋਂ ਭਿੰਨ ਭਿੰਨ ਢੰਗਾਂ ਨਾਲ ਇਕੱਤ੍ਰ ਕੀਤੇ ਗਏ ਤੱਥਾਂ ਦੀ ਘੋਖਵੀਂ ਪੁਣ ਛਾਣ ਕਰਨ ਉਪਰੰਤ ਉਹਨਾਂ ਅੰਦਰ ਛੁਪੇ ਹੋਏ ਸੱਚ ਨੂੰ ਪ੍ਰਗਟ6 ਕਰਦਾ ਹੈ। ਡਾ: ਕੈਂਬੋ ਦੀ ਹੱਥਲੀ ਖੋਜ ਨੂੰ ਇਕ ਪਰਕਾਰ ਨਾਲ ਅਨੁਸੰਧਾਨਾਤਮਕ (ਖੋਜਾਤਮਕ) ਆਲੋਚਨਾ ਦਾ ਨਾਮ ਦਿੱਤਾ ਜਾ ਸਕਦਾ ਹੈ। ਕਿਉਂ ਜੋ ਇਸ ਖੋਜ ਆਲੋਚਨਾ ਵਿਚ ਇਕ ਪਾਸੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਜਾਂ ਕਾਲਕ੍ਰਮ ਨੂੰ ਰੱਖਿਆ ਗਿਆ ਹੈ ਅਤੇ ਦੂਜੇ ਪਾਸੇ ਇਸ ਸਮੇਂ ਵਿਚ ਉਪਜੀ ਅਤੇ ਜ਼ਬਤ-ਸ਼ੁਦਾ ਪਂੰਜਾਬੀ ਕਵਿਤਾ ਨੂੰ ਵੀ। ਚਾਹੇ ਅਣਚਾਹੇ, ਸਿਰਜਨਹਾਰ ਦੀਆਂ ਕਿਰਤਾਂ ਦੇ ਨਾਲ ਨਾਲ ਸਮੇਂ, ਸਥਾਨ, ਛੱਪੀਆਂ, ਅਣਛੱਪੀਆਂ ਰਚਨਾਵਾਂ ਜੀਵਨ ਦ੍ਰਿਸ਼ਟੀ ਅਤੇ ਜੀਵਨ-ਦਰਸ਼ਨ ਆਦਿ ਸਭੇ ਕੁਝ ਇਸ ਆਲੋਚਨਾ ਦੀ ਪ੍ਰਣਾਲੀ ਵਿਚ ਆ ਜਾਂਦਾ ਹੈ। ਅਨੁਸੰਧਾਨਾਤਮਕ ਆਲੋਚਨਾ ਵਿਚ ਤੁਲਨਾਤਮਕ ਆਲੋਚਨਾ ਦੇ ਤੱਤ ਵੀ ਆਪ-ਮੁਹਾਰੇ ਹੀ ਆ ਜਾਂਦੇ ਹਨ। ਅਜਿਹੀ ਆਲੋਚਨਾ ਅਕਸਰ ਧੁੱਧਲ ਵਿਚ ਗੁਆਚੇ ਕਈ ਸਾਹਿਤਕਾਰਾਂ ਨੂੰ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਵੀ ਸਫ਼ਲ ਯਤਨ ਕਰਦੀ ਹੈ। ਇੱਥੇ ਇਹ ਕਹਿਣਾ ਸ਼ਾਇਦ ਅਸੰਗਤ ਨਹੀਂ ਹੋਵੇਗਾ ਕਿ ਉਂਜ ਤਾਂ ਭਾਵੇਂ ਹਰ ਪਰਕਾਰ ਦੀ ਆਲੋਚਨਾ ਹੀ ਨਿਰਪੱਖ ਅਤੇ ਗੁੱਟਰਹਿਤ ਹੋਣੀ ਚਾਹੀਦੀ ਹੀ ਹੈ ਪਰ ਅਨੁਸੰਧਾਨਾਤਮਕ ਆਲੋਚਨਾ ਤਾਂ ਪੱਖਪਾਤੀ ਹੋ ਕੇ ਨਿਭਾਈ ਹੀ ਨਹੀਂ ਜਾ ਸਕਦੀ। ਡਾ: ਕੈਂਬੋ ਆਪਣੇ ਵਲੋਂ ਇਸ ਖੋਜ ਹਿਤ ਇਕੱਤ੍ਰ ਕੀਤੇ ਤੱਥਾਂ, ਉਹਨਾਂ ਦੀ ਪ੍ਰਕਿਰਤੀ, ਵਿਆਖਿਆ ਅਤੇ ਵਿਸ਼ਲੇਸ਼ਣ ਸਬੰਧੀ ਲੋੜੀਂਦੀ ਦ੍ਰਿਸ਼ਟੀ ਅਤੇ ਪਹੁੰਚ ਪ੍ਰਤੀ ਸੁਚੇਤ ਹੈ, ਨਿਰਪੱਖ ਹੈ। ਉਹ ਨਿਸ਼ਕਰਸ਼ਾਂ ਨੂੰ ਪਹਿਲਾਂ ਹੀ ਮਿੱਥ ਕੇ ਉਹਨਾਂ ਦੀ ਪੁਸ਼ਟੀ ਹਿੱਤ ਨਹੀਂ ਤੁਰਦਾ ਸਗੋਂ ਤੱਥਾਂ ਦੇ ਆਸਰੇ ਨਿਸ਼ਕਰਸ਼ਾਂ ਤੇ ਪਹੁੰਚਦਾ ਹੈ।

ਡਾ: ਕੈਂਬੋ ਨੇ ਜਿਸ ਪੰਜਾਬੀ ਕਵਿਤਾ ਨੂੰ ਜ਼ਬਤ-ਸ਼ੁਦਾ ਕਵਿਤਾ ਦਾ ਨਾਂ ਦਿੱਤਾ ਹੈ ਉਹ ਭਾਰਤ ਦੀ ਆਜ਼ਾਦੀ ਲਈ ਪਹਿਲੇ ਸੰਗਰਾਮ ਵਜੋਂ ਗਰਦਾਨੇ ਜਾਣ ਵਾਲੇ 1857 ਦੇ ਗ਼ਦਰ, ਕੂਕਾ ਲਹਿਰ, ਵੀਹਵੀਂ ਸਦੀ ਦੀ ਗ਼ਦਰ ਲਹਿਰ, ਨਾਮਿਲਵਰਤਣ ਲਹਿਰ, ਅਕਾਲੀ ਲਹਿਰ, ਕਿਰਤੀ ਲਹਿਰ ਦੇ ਇਤਿਹਾਸ ਅਤੇ ਇਹਨਾਂ ਲਹਿਰਾਂ ਹੇਠ ਵਾਪਰੇ ਹਾਦਸਿਆਂ ਜਿਵੇਂ ਗਊ ਬੱੱਧ, ਕੂਕਿਆਂ ਦੀ ਸ਼ਹੀਦੀ, ਬਾਬਾ ਰਾਮ ਸਿੰਘ ਜੀ ਦੇ ਦੇਸ਼ ਨਿਕਾਲੇ, ਗ਼ਦਰ ਪਾਰਟੀ ਦੀ ਸਥਾਪਨਾ, ਕਾਮਾਗਾਟਾ ਮਾਰੂ ਦੇ ਸਾਕੇ, ਨਨਕਾਣਾ ਸਾਹਿਬ, ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚਿਆਂ, ਜਲ੍ਹਿਆਂ ਵਾਲੇ ਬਾਗ ਦੇ ਸਾਕੇ ਅਤੇ ਰੂਸੀ ਇਨਕਲਾਬ ਦੇ ਵਰਨਣ ਨਾਲ ਸਬੰਧਤ ਸਾਰੀ ਪੰਜਾਬੀ ਕਵਿਤਾ ਹੈ ਜਿਸ ਨੂੰ ਅੰਗਰੇਜ ਹਕੂਮਤ ਰਾਹੀਂ ਸਮੇਂ ਸਿਰ ਜ਼ਬਤ ਕਰ ਲਿਆ ਗਿਆ। ਇਸ ਕਵਿਤਾ ਨੂੰ ਹੀ “ਜ਼ਬਤ-ਸ਼ੁਦਾ ਪੰਜਾਬੀ ਕਵਿਤਾ” ਦਾ ਨਾਂ ਦਿੱਤਾ ਗਿਆ। ਜ਼ਬਤ ਕਰਨ ਦਾ ਅਰਥ ਸੀ ਕਿ ਇਹ ਕਵਿਤਾ ਲੋਕਾਂ ਤਕ ਨਾਂ ਪੁੱਜੇ ਅਤੇ ਲੋਕਾਂ ਤਕ ਪਹੁੰਚਾਉਣ ਦਾ ਕੰਮ ਪ੍ਰੈਸ ਉਤੇ ਸੀ। ਇਸ ਲਈ ਇਸ ਕਵਿਤਾ ਨੂੰ ਜ਼ਬਤ ਕਰਦਿਆਂ ਪਹਿਲੀ ਸਰਕਾਰੀ ਕਰੋਪੀ ਪ੍ਰੈਸ ਉਤੇ ਹੀ ਹੋਈ। ਇਸ ਸਾਰੀ ਪੰਜਾਬੀ ਕਵਿਤਾ ਦਾ ਮੰਤਵ ਸੀ ਕਿ ਆਪਸੀ ਭਿੰਨਤਾ8 ਦੇ ਬਾਵਜ਼ੂਦ ਵਿਸ਼ੇਸ਼ ਤੌਰ ਤੇ ਲੋਕਾਂ ਅੰਦਰ ਰਾਸ਼ਟਰੀ ਚੇਤੰਨਤਾ ਜਗਾ ਕੇ ਭਾਰਤ ਨੂੰ ਅੰਗਰੇਜਾਂ ਦੇ ਚੁੰਗਲ ਤੋਂ ਸੁਤੰਤਰ ਕਰਵਾਉਣ ਲਈ ਜਨਤਾ ਨੂੰ ਪ੍ਰੇਰਤ ਕੀਤਾ ਜਾਵੇ। ਡਾ: ਕੈਂਬੋ ਨੇ ਆਪਣੀ ਇਸ ਇਤਹਾਸਕ ਆਲੋਚਨਾਤਮਕ ਪਹੁੰਚ ਰਾਹੀਂ ਇਸ ਸਮੇਂ ਦੀ ਜ਼ਬਤ-ਸ਼ੁਦਾ ਕਵਿਤਾ ਦੇ ਸਾਹਿਤਕ ਮਹੱਤਵ ਨੂੰ ਉਘਾੜਦਿਆਂ ਰਾਸ਼ਟਰੀ ਲਹਿਰਾਂ ਅਤੇ ਬਰਿਟਸ਼ ਨੀਤੀ ਦੇ ਤੱਥਾਂ ਰਾਹੀਂ ਸਾਹਿਤ ਦੇ ਸਮਾਜਕ, ਇਤਿਹਾਸਕ ਤੇ ਰਾਜਨੀਤਕ ਮਹੱਤਵ ਤਕ ਰਸਾਈ ਕੀਤੀ ਹੈ।

ਡਾ: ਕੈਂਬੋ ਦੀ ਪੁਸਤਕ ਤੋਂ ਸਪਸ਼ਟ ਹੁੰਦਾ ਹੈ ਕਿ ਉਸਨੂੰ ਭਾਰਤ ਦੀ ਸੁਤੰਤਰਤਾ ਸੰਗਰਾਮ ਅਤੇ ਸੰਗਰਾਮ ਨਾਲ ਸਬੰਥਤ ਸਾਰੀਆਂ ਲਹਿਰਾਂ ਦੀ ਪੂਰਨ ਤੌਰ ਤੇ ਵਾਕਫ਼ੀ ਹੈ। ਅਤੇ ਇਸੇ ਕਾਰਣ ਹੀ, ਉਸ ਨੇ ਇਸ ਸਮੇਂ ਦੀ ਜ਼ਬਤ-ਸ਼ੁਦਾ ਪੰਜਾਬੀ ਕਵਿਤਾ ਦੇ ਇਤਿਹਾਸਕ ਅਤੇ ਰਾਜਨੀਤਕ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਇਸ ਕਵਿਤਾ ਦਾ “ਕਾਵਿਕ-ਮੁੱਲ” ਨਿਰਧਾਰਤ ਕਰਦਿਆਂ ਸਮੇਂ ਦੇ ਇਤਹਾਸਕ ਸੱਚ ਨੂੰ ਵੀ ਪਹਿਚਾਣਿਆ, ਕਵੀ ਦੀ ਸਮਾਜਕ ਜ਼ਿੱਮੇਵਾਰੀ ਨੂੰ ਵੀ ਅਤੇ ਉਸਦੀ ਸਾਹਿਤਕ ਈਮਾਨਦਾਰੀ9 ਨੂੰ ਵੀ। ਜ਼ਬਤ ਕੀਤੀ ਗਈ ਪੰਜਾਬੀ ਕਵਿਤਾ ਦਾ ਸਾਂਝਾ ਮੁੱਖ ਰੋਲ ਭਾਵੇਂ ਲੋਕਾਂ ਵਿਚ ਰਾਸ਼ਟਰੀ ਚੇਤੰਨਤਾ ਪੈਦਾ ਕਰਕੇ ਸੁਤੰਤਰਤਾ ਦੀ ਪਰਾਪਤੀ ਕਰਨਾ ਸੀ ਪਰ ਦੇਸ਼ ਦੇ ਹਿੱਤ ਲਈ ਚਲੀਆਂ ਵੱਖ ਵੱਖ ਲਹਿਰਾਂ ਤੇ ਧਾਰਵਾਂ ਜਿਹਨਾਂ ਦੇ ਅਧੀਨ ਇਹ ਕਵਿਤਾ ਹੋਂਦ ਵਿਚ ਆਈ, ਉਹਨਾਂ ਦੀਆਂ ਪਰਿਸਥਤੀਆਂ ਅਤੇ ਵਿਚਾਰਕ ਧਾਰਾ ਵੱਖਰੀ ਵੱਖਰੀ ਸੀ। ਇਸ ਲਈ ਸੁਭਾਵਕ ਹੀ ਹਰ ਲਹਿਰ ਸਬੰਧੀ ਰਚੀ ਗਈ ਕਵਿਤਾ ਦੇ ਵਸਤੂ ਤੇ ਰੂਪ ਰੰਗ ਵਿਚ ਭਿੰਨਤਾ ਦਿਸਦੀ ਹੈ। ਪਰ ਇਸ ਭਿੰਨਤਾ ਦੇ ਬਾਵਜ਼ੂਦ ਵੀ ਇਹ ਸਾਰੀ ਕਵਿਤਾ ਇਕ ਵਿਸੇਸ਼ ਦਿਸ਼ਾ ਵਲ ਹੀ ਸੰਕੇਤ ਕਰਦੀ ਹੈ ਅਤੇ ਇਹ ਦਿਸ਼ਾ ਹੈ: ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ। ਸਾਂਝੇ ਉਦੇਸ਼ ਦੇ ਹੁੰਦਿਆਂ ਸੁੰਦਿਆਂ ਵੀ ਡਾ: ਕੈਂਬੋ ਨੇ ਨਿਸ਼ਾਨਦਹੀ ਕੀਤੀ ਹੈ ਕਿ ਇਸ ਕਵਿਤਾ ਦੀ ਨਿੱਜਗਤ ਵਿਲੱਖਣਤਾ ਨੂੰ ਕਿਹੜੇ ਕਹਿੜੇ ਵਿਸ਼ੇ ਨਿਰਧਾਰਤ ਕਰਦੇ ਹਨ ਅਤੇ ਕਿਵੇਂ ਰੂਪਕ ਪੱਖੋਂ ਵੀ ਵਿਲਖਣਤਾ ਦੇ ਬਾਵਜ਼ੂਦ ਇਹ ਕਵਿਤਾ ਇਕ ਸਾਂਝੇ ਮੁਹਾਜ ਵਲਾਂ ਇਸ਼ਾਰੇ ਕਰਦੀ ਤੁਰੀ ਜਾਂਦੀ ਹੈ।

ਬਹੁਤੀਆਂ ਉਦਾਹਰਣਾਂ ਨਾ ਦੇਕੇ ਜੇਕਰ ਮਿਸਾਲ ਵਜੋਂ ਕੇਵਲ ਗ਼ਦਰ ਲਹਿਰ ਨੂੰ ਹੀ ਲਿਆ ਜਾਵੇ ਤਾਂ ਇਸਦਾ ਪ੍ਰਮੁੱਖ ਮੰਤਵ ਤਾਂ ਲੋਕਾਂ ਵਿਚ ਰਾਜਨੀਤਕ ਚੇਤਨਤਾ ਪੈਦਾ ਕਰਨੀ ਸੀ ਪਰ ਇਸ ਮੰਤਵ ਦੀ ਪੂਰਤੀ ਲਈ ਉਪਵਿਸ਼ਿਆਂ ਵਜੋਂ ਗ਼ੁਲਾਮੀ ਵਿਰੁੱਧ ਨਫ਼ਰਤ, ਆਰਥਿਕ ਖੁਸ਼ਹਾਲੀ ਲਈ ਪ੍ਰੇਰਨਾ, ਕੌਮੀ ਏਕਤਾ ਲਈ ਸੰਦੇਸ਼ ਅਤੇ ਆਪਣੇ ਵਿਰਸੇ ਪ੍ਰਤੀ ਜਾਗਰੂਕ ਰਹਿਣ ਲਈ ਵੰਗਾਰ ਅਤੇ ਚਿਤਾਰ ਵੀ ਸੀ। ਇਹ ਕਵਿਤਾ ਹੇਠੀ ਭਰੀ ਜ਼ਿੰਦਗੀ ਦਾ ਚਿਤਰ ਖਿਚ੍ਹ ਕੇ ਗ਼ੁਲਾਮੀ ਦਾ ਤੀਬਰ ਅਹਿਸਾਸ ਵੀ ਕਰਾਉਂਦੀ ਹੈ ਅਤੇ ਨਾਲ ਹੀ ਜ਼ਿਲਤ ਭਰੀ ਜ਼ਿੰਦਗੀ ਨੂੰ ਮਰਨ ਸਮਾਨ ਵੀ ਗਰਦਾਨਦੀ ਹੈ::

 ਸਾਰੀ ਖਲਕ ਖੁਦਾਇ ਬੇਦਾਰ ਬੈਠੀ,
ਸੁੱਤਾ ਜਾਗਦਾ ਤੂੰ ਹਿੰਦੁਸਤਾਨ ਕਿਉਂ ਨੀ।

ਪਾਟੇ ਕਪੜੇ ਜਿਸਮ ਕਮਜ਼ੋਰ ਹੋਇਆ,
ਜੁੱਸਾ ਜੋਸ਼ ਤੇ ਜਿਗਰ ਦਾ ਤਾਨ ਕਿਉਂ ਨੀ।

ਕਾਲਾ ਚੋਰ ਆਖੇ ਸਾਰਾ ਜਗ ਸਾਨੂੰ,
ਸੁਖੀ ਵਸਦੀ ਤੇਰੀ ਸੰਤਾਨ ਕਿਉਂ ਨੀ।

ਨਾ ਉਹ ਰੰਗ ਤੇਰਾ ਨਾ ਉਹ ਰੂਪ ਤੇਰਾ,
ਨਾ ਉਹ ਸ਼ਾਨ ਤੇ ਨਾਲੇ ਗੁਮਾਨ ਕਿਉਂ ਨੀ।

ਧਰਤੀ ਵਿਹਲ ਨਾ ਦੇਂਵਦੀ ਗਰਕ ਜਾਈਏ,
ਬਿਜਲੀ ਸੁੱਟਦੀ ਕਿਧਰੋਂ ਅਸਮਾਨ ਕਿਉਂ ਨੀ।

ਏਸ ਜਿੰਦਗੀ ਤੋਂ ਸਾਨੂੰ ਮਰਨ ਚੰਗਾ,
ਮੌਤ ਕੱਢਦੀ ਅਸਾਂ ਦੀ ਜਾਨ ਕਿਉਂ ਨੀ।

ਐਵੇਂ ਵਾਂਗ ਦੀਵਾਨਿਆਂ ਪਏ ਫਿਰਦੇ,
ਲਾਉਂਦੇ ਉਠ ਕੇ ਆਪਣਾ ਤਾਨ ਕਿਉਂ ਨੀ।

ਜਬੀ ਬਾਨ ਲਾਗੇ ਤਬੀ ਰੋਸ ਜਾਗੇ,
ਸੀਨੇ ਵਜਦੇ ਅਸਾਂ ਦੇ ਬਾਨ ਕਿਉਂ ਨੀ।

ਇਸ ਤੋਂ ਅੱਗੇ ਗੁਲਾਮੀ ਦਾ ਜੂਲਾ ਗਲੋਂ ਲਾਹ ਕੇ ਵਗਾਹ ਮਾਰਨ ਲਈ ਵੀ ਵੰਗਾਰਦੀ ਹੈ ਇਹ ਕਵਿਤਾ:

ਆਓ ਦੇਸ਼ ਭਾਈਓ ਹਿੰਦੁਸਤਾਨ ਵਾਲੇ,
ਢੰਗ ਸੋਚੀਏ ਦੁੱਖ ਮਿਟਾਵਨੇ ਦਾ।

ਪਿਆ ਤੌਕ ਗੁਲਾਮੀ ਦਾ ਗਲ ਸਾਡੇ,
ਕਰੀਏ ਜਤਨ ਹੁਣ ਇਸ ਨੂੰ ਲਾਹਵਨੇ ਦਾ।

ਇੰਝ ਹੀ ਅਕਾਲੀ ਲਹਿਰ ਦੀ ਕਵਿਤਾ ਦਾ ਵਿਸ਼ਾ ਭਾਵੇਂ ਗੁਰਦੁਆਰਿਆਂ ਦੀ ਆਜ਼ਾਦੀ ਪਰਾਪਤ ਕਰਨਾ ਸੀ ਪਰ ਇਸ ਲਹਿਰ ਦੀ ਕਵਿਤਾ ਦੇ ਹੋਰ ਉਪ ਵਿਸ਼ੇ ਅੰਗਰੇਜਾਂ ਦੀ ਕੁਟਲਚਾਲ, ਬੇਇਨਸਾਫ਼ੀ, ਬੇਵਫ਼ਾਈ ਅਤੇ ਜਬਰ ਵੀ ਸੀ। ਕਿਰਤੀ ਲਹਿਰ ਰਾਸ਼ਟਰੀ ਲਹਿਰ ਸੀ ਅਤੇ ਇਸ ਲਹਿਰ ਦੇ ਪ੍ਰਭਾਵ ਹੇਠ ਕਵੀਆਂ ਨੇ ਸਾਮਰਾਜ ਵਿਰੁੱਧ ਲੋਕਾਂ ਵਿਚ ਨਫ਼ਰਤ ਦਾ ਜਜ਼ਬਾ ਪੈਦਾ ਕਰਨ ਦਾ ਯਤਨ ਕੀਤਾ ਅਤੇ ਸਮਾਜਵਾਦ ਦੀ ਭਾਵਨਾ ਨੂੰ ਜਾਗਰਤ ਕਰਦਿਆਂ ਲੋਕਾਂ ਵਿਚ ਕੌਮੀਅਤ ਦੀ ਭਾਵਨਾ ਨੂੰ ਜਗਾਂਦਿਆਂ ਰਾਸ਼ਟਰੀ ਜਜ਼ਬੇ ਨੂੰ ਵੀ ਟੁੰਬਿਆ।

ਡਾ: ਕੈਂਬੋ ਨੇ ਹਥਲੀ ਪੁਸਤਕ ਵਿਚ ਜ਼ਬਤ ਸ਼ੁਦਾ ਪੰਜਾਬੀ ਕਵਿਤਾ ਦੇ ਰੂਪਕ ਪੱਖ ਦਾ ਵੀ ਲੋੜ ਅਨੁਸਾਰ, ਬਹੁਤੇ ਵਿਸਥਾਰ ਵਿਚ ਨਾ ਜਾਂਦਿਆਂ, ਭਲੀ ਭਾਂਤਿ ਵਰਨਣ ਕੀਤਾ ਹੈ। ਉਸਨੇ ਇਸ ਕਵਿਤਾ ਦੀ ਭਾਸ਼ਾ, ਸ਼ਬਦਾਵਲੀ, ਛੰਦ ਪ੍ਰਬੰਧ, ਅਲੰਕਾਰ ਵਿਧਾਨ ਅਤੇ ਰਸ ਵਿਧਾਨ ਆਦਿ ਸਬੰਧੀ ਲੋੜੀਂਦਾ ਜ਼ਿਕਰ ਕੀਤਾ ਹੈ। ਜ਼ਬਤ-ਸ਼ੁਦਾ ਕਵਿਤਾ ਰਾਹੀਂ ਕਵੀਆਂ ਦਾ ਮੰਤਵ ਸਰਲ ਅਤੇ ਸੁਖੈਨ ਭਾਸ਼ਾ ਵਿਚ ਲੋਕਾਂ ਤਕ ਆਪਣਾ ਸੁਨੇਹਾ ਪਹੁੰਚਾਉਣਾ ਸੀ। ਇਸ ਲਈ ਇਹਨਾਂ ਕਵੀਆਂ ਨੇ ਲੋਕ ਪੱਧਰ ਦੀ ਬੋਲੀ ਨੂੰ ਹੀ ਚੁਣਿਆ। ਇਸੇ ਲਈ ਹੀ ਇਹ ਕਵਿਤਾ ਬੋਲੀ ਅਤੇ ਸ਼ਬਦਾਵਲੀ ਦੇ ਪੱਖੋਂ ਲੋਕਾਂ ਦੇ ਬਹੁਤ ਨੇੜੇ ਰਹੀ। ਕਵੀਆਂ ਨੇ ਛੰਦ ਵੀ ਉਹੋ ਹੀ ਵਰਤੇ ਜੋ ਉਸ ਸਮੇਂ ਬਹੁਤ ਲੋਕ-ਪ੍ਰਿਯ ਸਨ ਜਿਵੇਂ ਕਿ ਬੈਂਤ, ਕੋਰੜਾ, ਕਬਿਤ ਆਦਿ। ਲੋਕ ਕਾਵਿ ਰੂਪ ਸੱਦ, ਝੋਕ, ਵਾਰ, ਸੀਹਰਫੀ, ਬਾਰਾਮਾਹ, ਪੈਂਤੀ ਅੱਖਰੀ, ਘੋੜੀਆਂ, ਸਿੱਠਣੀਆਂ, ਕਾਫੀਆਂ ਦੀ ਵਰਤੋਂ ਆਮ ਰਹੀ ਅਤੇ ਕਿਤੇ ਕਿਤੇ ਗ਼ਜ਼ਲਾਂ ਵੀ ਲਿਖੀਆਂ ਗਈਆਂ। 

ਡਾ: ਪ੍ਰੀਤਮ ਸਿੰਘ ਕੈਂਬੋ ਨੇ ਇਸ ਪੁਸਤਕ ਰਾਹੀਂ ਸਾਬਤ ਕੀਤਾ ਹੈ ਕਿ ਉਹ ਨਾ ਕੇਵਲ ਸਿਰਜਨਾਤਮਿਕ ਲੇਖਕ ਅਤੇ ਆਲੋਚਕ ਹੀ ਹੈ ਸਗੋਂ ਬਹੁਤ ਹੀ ਮਿਹਨਤਨ ਅਤੇ ਲਗਨ ਵਾਲਾ ਖੋਜੀ ਵੀ ਹੈ। ਡਾ: ਕੈਂਬੋ ਨੂੰ ਜ਼ਬਤ-ਸ਼ੁਦਾ ਪੰਜਾਬੀ ਕਵਿਤਾ ਅਤੇ ਕਵਿਤਾ ਵਿਚ ਪਰਗਾਟਾਈ ਆਜ਼ਾਦੀ ਦੀ ਤੜਪ ਨਾਲ ਭਾਵੁਕ ਸਾਂਝ ਦੀ ਭਾਵਨਾ ਨੇ ਖੋਜ ਖੇਤਰ ਦੇ ਮਸਾਲੇ ਨੂੰ ਤਨਦੇਹੀ ਨਾਲ ਇਕੱਠਾ ਕਰਨ ਅਤੇ ਕਵਿਤਾ ਦੇ ਸਬੰਧਤ ਪਾਸਾਰਾਂ ਨੂੰ ਸਮਝਣ ਵਿਚ ਬਹੁਤ ਸਹਾਇਤਾ ਦਿੱਤੀ ਹੈ। ਉਹ ਆਪਣੀ ਖੋਜ ਦੀ ਸੀਮਾਂ ਅਧੀਨ ਰਹਿ ਕੇ ਆਪਣੇ ਪ੍ਰਗਟਾਅ ਵਿਚ ਇਕ ਸਫ਼ਲ ਖੋਜਕਾਰ ਆਲੋਚਕ ਸਾਬਤ ਹੁੰਦਾ ਹੈ। 

ਸੰਪਾਦਨਾ: 

ਵੇਖਣ ਨੂੰ ਸੰਪਾਦਨਾ ਕਰਨੀ ਬਹੁਤ ਹੀ ਆਸਾਨ ਅਤੇ ਸਰਲ ਜਿਹਾ ਕਾਰਜ ਦਿਸਦਾ ਹੈ ਪਰ ਹੈ ਇਹ ਬਹੁਤ ਹੀ ਔਖਾ ਅਤੇ ਸੂਝ-ਬੂਝ ਦਾ ਕਾਰਜ। ਸੰਪਾਦਨ ਜਾਂ ਸੰਪਾਦਨਾ ਕੀ ਹੈ? ਸੰਪਾਦਨਾ ਜਾਂ ਸੰਪਾਦਨ ਦੂਜਿਆਂ ਦੁਆਰਾ ਲਿਖੀਆਂ ਹੋਈਆਂ ਰਚਨਾਵਾਂ ਨੂੰ ਸੋਧ-ਸੁਧਾਰ ਅਤੇ ਸੁਆਰ ਕੇ ਛੱਪਣ ਲਾਇਕ ਬਨਾਉਣਾ ਹੈ। ਅਸ਼ੁੱਧ ਅੱਖਰਾਂ ਜਾਂ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖਤ ਦੀ ਭਾਸ਼ਾ ਨੂੰ ਇਕਸਾਰ ਰਵਾਨਗੀ ਵਿਚ ਕਰਨਾ ਹੀ ਸੰਪਾਦਨਾ ਹੈ। ਸੰਪਾਦਕ ਉਸਨੂੰ ਕਹਿੰਦੇ ਹਨ ਜੋ ਅਜਿਹਾ ਕਾਰਜ ਨੇਪਰੇ ਚਾੜ੍ਹਦਾ ਹੈ। ਮੁੱਖ ਰੂਪ ਵਿਚ ਸੰਪਾਦਨਾ ਦੇ ਦੋ ਰੂਪ ਆਮ ਹਨ। ਪਹਿਲਾ ਰੂਪ ਹੈ ਅਖਬਾਰਾਂ ਅਤੇ ਪਰਚਿਆਂ ਦੀ ਸੰਪਾਦਨਾ ਅਤੇ ਦੂਜਾ ਰੂਪ ਹੈ ਕਵਿਤਾ, ਲੇਖਾਂ, ਕਹਾਣੀਆਂ ਆਦਿ ਦੀ ਸੰਪਾਦਨਾ ਪੁਸਤਕ ਰੂਪ ਲਈ ਕਰਨੀ। ਦੋਹਾਂ ਦੇ ਕਾਰਜਾਂ ਵਿਚ ਰਚਨਾਵਾਂ ਇਕੱਤਰ ਕਰਨੀਆਂ ਤਾਂ ਸ਼ਾਮਲ ਹਨ ਪਰ ਇਸ ਉਪਰੰਤ ਇਹਨਾਂ ਰਚਨਾਵਾਂ ਦੀ ਵਰਤੋਂ ਵੱਖ ਵੱਖ ਰੂਪਾਂ ਵਿਚ ਹੋਣ ਕਾਰਨ ਸੰਪਾਦਨਾ ਦਾ ਨਿਭਾਅ ਵੀ ਵੱਖਰਾ ਵੱਖਰਾ ਹੋ ਜਾਂਦਾ ਹੈ। ਪੁਸਤਕ ਰੂਪ ਲਈ ਇਕੱਠੀਆਂ ਕੀਤੀਆਂ ਰਚਨਾਵਾਂ ਬਹਤੀ ਸੋਧ-ਸੁਧਾਈ ਦੀ ਲੋੜ ਤੋਂ ਮੁੱਕਤ ਹੁੰਦੀਆਂ ਹਨ।

ਡਾ: ਪ੍ਰੀਤਮ ਸਿੰਘ ਦੀਆਂ ਦੋ ਸੰਪਾਦਿਤ ਪੁਸਤਕਾਂ ਹਨ: 1) ਇੰਟਰਨੈਸ਼ਨਲ ਪੰਜਾਬੀ ਸਾਹਿਤ, ਅਤੇ 2) ਗਿ: ਮੱਖਣ ਸਿੰਘ ਮ੍ਰਿਗਿੰਦ ਅਭਿਨੰਦਨ ਗ੍ਰੰਥ। ਪੁਸਤਕਾਂ ਦੀ ਸੰਪਾਦਨਾ ਲਈ, ਪੁਸਤਕ ਦੇ ਵਿਸ਼ੇ ਅਨੁਸਾਰ ਗੰਭੀਰਤਾ ਨਾਲ ਸਭ ਤੋਂ ਪਹਿਲਾਂ ਤਾਂ ਵਿਸ਼ੇ ਨਾਲ ਸੁਹਿਰਦ ਹੋ ਕੇ ਜੁੜਨਾ ਪੈਂਦਾ ਹੈ ਅਤੇ ਫਿਰ ਸੋਚ-ਵਿਚਾਰ ਕਰਨ ਉਪਰੰਤ, ਵਿਸ਼ੇ ਨੂੰ ਦ੍ਰਿਸ਼ਟੀ ਵਿਚ ਰੱਖਦਿਆਂ ਸਬੰਧਤ ਲੇਖਕਾਂ ਨਾਲ ਤਾਲ ਮੇਲ ਕਰਨਾ ਪੈਂਦਾ ਹੈ। ਚਿੱਠੀਆਂ ਲਿੱਖਕੇ ਜਾਂ ਹੋਰ ਨਿੱਜੀ ਸੰਪਰਕਾਂ ਰਾਹੀਂ ਲਿਖਤਾਂ ਲਈ ਬੇਨਤੀਆਂ ਕਰਨੀਆਂ ਪੈਂਦੀਆਂ ਹਨ। ਕਈ ਦਫ਼ਾ ਬਾਰ ਬਾਰ ਯਾਦ ਕਰਾਵਾਉਣਾ ਪੈਂਦਾ ਹੈ। ਫਿਰ ਸਮੇਂ ਅਨੁਸਾਰ ਆਈ ਸਾਰੀ ਸਾਮਗਰੀ ਦਾ ਅਧਿਐਨ ਕਰਨ ਉਪਰੰਤ ਲਿਖਤਾਂ ਨੂੰ ਸਮਝਣ ਪਿੱਛੋਂ ਰਚਨਾਵਾਂ ਨੂੰ ਥਾਂ ਸਿਰ ਸਜਾਉਣਾ ਪੈਂਦਾ ਹੈ। ਇਸ ਪਿਛੋਂ ਹੀ ਥਾਂ ਸਿਰ ਸਜਾਈ ਰਚਨਾ ਨੂੰ ਆਧਾਰ ਬਣਾਂਦਿਆਂ ਸੰਪਾਦਕੀ ਲਿਖਕੇ ਸੰਪਾਦਤ ਪੁਸਤਕ ਵਿਚਲੀਆਂ ਰਚਨਾਵਾਂ ਸਬੰਧੀ ਲੋੜੀਂਦੀ ਜਾਣ-ਪਹਿਚਾਣ ਦਿੱਤੀ ਜਾਂਦੀ ਹੈ।

ਡਾ: ਕੈਂਬੋ ਨੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਵਲੋਂ ਆਪਣੇ ਜਿੱਮੇ ਲੱਗੀ ਸਹਿ-ਸੰਪਾਦਨਾ ਦੀ ਪਹਿਲੀ ਪੁਸਤਕ “ਇੰਟਰਨੈਸ਼ਨਲ ਪੰਜਾਬੀ ਸਾਹਿਤ” ਲਈ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ। ਇਸ ਵੱਡ ਆਕਾਰੀ ਪੁਸਤਕ ਵਿਚ ਹਰ ਪਰਕਾਰ ਦੀਆਂ ਸਾਹਿਤਕ ਰਚਨਾਵਾਂ ਜਿਵੇਂ ਕਿ ਕਹਾਣੀ, ਲੇਖ, ਕਵਿਤਾ ਆਦਿ ਸ਼ਾਮਲ ਕੀਤੇ ਗਏ। ਪੁਸਤਕ ਵਿਚ ਅੰਤਰ-ਰਾਸ਼ਟਰੀ ਪੰਜਾਬੀ ਲੇਖਕਾਂ ਦੀਆਂ ਕਿਰਤਾਂ ਨੂੰ ਥਾਂ ਦਿੱਤੀ ਗਈ। ਪੁਸਤਕ ਦੀ ਪ੍ਰਕਾਸ਼ਨਾ ਉਪਰੰਤ ਹੋਈ ਸ਼ਲਾਘਾ ਅਤੇ ਸਫ਼ਲਤਾ ਤੋਂ ਸਾਬਤ ਹੋਇਆ ਕਿ  ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਡਾ: ਪ੍ਰੀਤਮ ਸਿੰਘ ਕੈਂਬੋ ਨੇ ਇੰਟਰਨੈਸ਼ਨਲ ਸਾਹਿਤ ਸਭਾ ਦੇ ਹੋਰ ਲੇਖਕ ਸਾਥੀ ਸਹਿ-ਸੰਪਾਦਕਾਂ ਨਾਲ ਮਿਲਕੇ ਕਿੰਨੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ। ਇੰਝ ਹੀ ਡਾ: ਕੈਂਬੋ ਦੀ ਇਕ ਹੋਰ ਸੰਪਾਦਿਤ ਪੁਸਤਕ ਗਿ: ਮੱਖਣ ਸਿੰਘ ਮ੍ਰਿਗਿੰਦ ਅਭਿਨੰਦਨ ਗ੍ਰੰਥ ਹੈ। ਅਸੀਂ ਡਾ: ਮਾਨ ਸਿੰਘ ਦੇ ਇਸ ਕਥਨ ਦਾ ਸਮਰਥਨ ਕਰਦੇ ਹਾਂ ਕਿ ਡਾ: ਕੈਂਬੋ ਦੀ ਇਹ ਸੰਪਾਦਨਾ “ਕੋਈ ਰਵਾਇਤੀ ਸੰਪਾਦਨਾ ਨਹੀਂ” ਸਗੋਂ “ਸੂਝਵਾਨ ਸੰਪਾਦਕ ਨੇ ਗਿਆਨੀ ਜੀ ਦੀ ਬਹੁਪਰਤੀ, ਬਹੁਅਕਾਰੀ ਤੇ ਬਹੁ-ਰਚਨਾਈ ਸ਼ਖਸੀਅਤ ਦੇ ਵਿਭਿੰਨ ਪਾਸਾਰਾਂ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ ਹੈ।” ਸੰਪਾਦਕ ਡਾ: ਕੈਂਬੋ ਵਲੋਂ ਅਭਿਨੰਦਨ ਗ੍ਰੰਥ ਦਾ ਲਿਖਿਆ ਸੰਪਾਦਕੀ ਗਿਆਨੀ ਮੱਖਣ ਸਿੰਘ ਮ੍ਰਿਗਿੰਦ  ਜੀ ਉਤੇ ਲਿਖਿਆ ਇਕ ਪਰਕਾਰ ਦਾ ਖੋਜ ਨਿਬੰਧ ਹੀ ਹੈ। ਡਾ: ਕੈਂਬੋ ਨੇ ਇਸ ਅਭਿਨੰਦਨ ਗ੍ਰੰਥ ਲਈ 65 ਲਿਖਤਾਂ ਇਕੱਠੀਆਂ ਕਰਕੇ 178 ਪੰਨਿਆਂ ਤੇ ਫੈਲੀ ਸਾਰੀ ਰਚਨਾ ਨੂੰ  ਜੀਵਨ ਝਲਕੀਆਂ ਤੇ ਪ੍ਰੀਤ ਸੰਦੇਸ਼, ਆਲੋਚਨਾਤਮਕ ਨਜ਼ਰਾਂ ‘ਚੋਂ, ਕਾਵਿਕ ਸ਼ਰਧਾ ਦੇ ਫ਼ੁੱਲ, ਮ੍ਰਿਗਿੰਦ ਰਚਾਨਵਲੀ ਆਦਿ ਭਾਗਾਂ ਵਿਚ ਵੰਡਦਿਆਂ “ਮ੍ਰਿਗਿੰਦ ਅਭਿਨੰਦਨ” ਨੂੰ ਇਕ ਯਾਦਗਾਰੀ ਗ੍ਰੰਥ ਵਜੋਂ ਪੇਸ਼ ਕੀਤਾ।

ਇਸ ਪੁਸਤਕ ਸਬੰਧੀ ਡਾ: ਕੈਂਬੋ ਆਪਣੇ ਸੰਪਾਦਕੀ ਵਿਚ ਲਿਖਦਾ ਹੈ: 

“ਜਦੋਂ ਅਸੀਂ ਕਿਸੇ ਲੇਖਕ ਦੀ ਬਹੁਰਚਨਾਈ ਤੇ ਬਹੁਅਕਾਰੀ ਦੇਣ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਤੱਥ ਨੂੰ ਹਮੇਸ਼ਾਂ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਕਿਸੇ ਲੇਖਕ ਦੀ ਰਚਨਾਤਮਕ ਦੇਣ ਕਿਨ੍ਹਾਂ ਪਰਿਸਥਿਤੀਆਂ ਦੀ ਦੇਣ ਹੈ ਤੇ ਉਸ ਦੇ ਸਿਰਜਣਾਤਮਕ ਕੰਮਾਂ ਦਾ ਘੇਰਾ ਕਿਹੜਾ ਹ।ੈ”

ਇਸ ਅਭਿਨੰਦਨ ਗ੍ਰੰਥ ਦੀ ਵੀ ਦੋਹਰੀ ਸੰਪਾਦਨ ਪ੍ਰਕਿਰਆ ਵਿਚ ਡਾ: ਕੈਂਬੋ ਨੇ ਆਪਣੀ ਸੂਝ-ਬੂਝ ਦਾ ਚੰਗਾ ਪਰਗਟਾਵਾ ਕੀਤਾ ਹੈ। ਪਹਿਲੀ ਗੱਲ ਤਾਂ ਇਹ ਕਿ ਉਸਨੇ ਗਿਆਨੀ ਮੱਖਣ ਸਿੰਘ ਮ੍ਰਿਗਿੰਦ ਦੇ ਸਮੁੱਚੇ ਜੀਵਨ ਦੀ ਘਾਲਨਾ ਨੂੰ ਹਰ ਪੱਖੋਂ ਜਾਣਿਆ, ਮਾਣਿਆ ਅਤੇ ਘੋਖਿਆ। ਦੂਜਾ, ਇਸ ਪਿਛੋਂ ਉਸਨੇ ਮ੍ਰਿਗਿੰਦ ਜੀ ਦੇ ਅਭਿਨੰਦਨ ਲਈ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਨਾਲ ਅਭਿਨੰਦਨ ਵਿਚ ਸ਼ਾਮਲ ਕਰਨ ਲਈ ਰਚਨਾਵਾਂ ਪਰਾਪਤ ਕੀਤੀਆਂ। ਡਾ: ਪ੍ਰੀਤਮ ਸਿੰਘ ਕੈਂਬੋ ਦੀ ਮਿਹਨਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਉਸਨੇ “ਜੀਵਨ ਝਲਕੀਆਂ ਤੇ ਪ੍ਰੀਤ ਸੰਦੇਸ਼” ਵਾਲੇ ਭਾਗ ਵਿਚ 27 ਸਿਰਕੱਢ ਲੇਖਕਾਂ ਦੀਆਂ ਰਚਨਾਵਾਂ ਦਿੱਤੀਆਂ। ਸੰਸਾਰ ਦੇ ਵੱਖ ਵੱਖ ਕੋਣਿਆਂ ਵਿਚ ਵਸੇ ਪੰਜਾਬੀ ਲੇਖਕਾਂ ਨੇ ਮ੍ਰਿਗਿੰਦ ਜੀ ਪ੍ਰਤੀ ਆਪਣੇ ਸਨੇਹ ਅਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਡਾ: ਕੈਂਬੋ ਦੋਹਾਂ ਹੀ ਪੁਸਤਕਾਂ ਦੀ ਸੰਪਾਦਨਾ ਲਈ ਵਧਾਈ ਦਾ ਪਾਤਰ ਹੈ ਅਤ ਨਿਰਸੰਦੇਹ ਇਕ ਸਫ਼ਲ ਸੰਪਾਦਕ ਦੇ ਤੌਰ ਤੇ ਵੀ ਸਾਡੇ ਧਿਆਨ ਦਾ ਕੇਂਦਰ ਬਣਦਾ ਹੈ ।

ਫੁਟਕਲ (ਇੰਟਰਵੀਊ੍ਰਜ਼, ਮੁੱਖਬੰਦ, ਰੀਵੀਊਜ਼ ਅਤੇ ਵਿਦਿਆ ਨਾਲ ਸਬੰਧਤ ਲੇਖ):

ਉਪਰੋਕਤ ਤੋਂ ਬਿਨਾਂ ਡਾ: ਪ੍ਰੀਤਮ ਸਿੰਘ ਕੈਂਬੋ ਨੇ ਪੰਜਾਬ ਦੇ ਪ੍ਰਸਿੱਧ ਲੇਖਕਾਂ ਨਾਲ ਨਿੱਜੀ ਮੁਲਾਕਾਤਾਂ(ਇੰਟਰਵੀਊਜ਼), ਪੁਸਤਕਾਂ ਦੇ ਮੁੱਖਬੰਦ, ਪੁਸਤਕਾਂ ਦੇ ਰੀਵੀਊਜ਼ ਅਤੇ ਵਿਦਿਆ ਨਾਲ ਸਬੰਧਤ ਜਾਣਕਾਰੀ ਭਰਪੂਰ ਲੇਖ ਵੀ ਲਿਖੇ। ਪੰਜਾਬੀ ਦੇ ਪਰਸਿੱਧ ਲੇਖਕ ਐਸ¤ਐਸ¤ ਅਮੋਲ, ਕਹਾਣੀਕਾਰ (ਮਾਸਟਰ) ਪਿੰ: ਸੁਜਾਨ ਸਿੰਘ ਅਤੇ ਪ੍ਰਸਿੱਧ ਖੋਜਕਾਰ ਅਤੇ ਬਹੁਪੱਖੀ ਲੇਖਕ ਪ੍ਰੋ: ਪਿਆਰਾ ਸਿੰਘ ਪਦਮ ਜੀ ਨਾਲ ਕੀਤੀਆਂ ਇੰਟਰਵੀਊਜ਼ ਡਾ: ਪ੍ਰੀਤਮ ਸਿੰਘ ਕੈਂਬੋ ਦੀ ਇਕ ਹੋਰ ਸ-ਸ਼ਕਤ ਸਾਹਿਤ-ਕਲਾ ਵਿਧੀ ਦੀ ਲਖਾਇਕ ਹਨ। ਉਹ ਇਸ ਗੱਲੋਂ ਵੀ ਵਧਾਈ ਦਾ ਹੱਕਦਾਰ ਹੈ ਕਿ ਉਸਨੇ ਇਹਨਾਂ ਮੁਲਾਕਾਤਾਂ ਦੀ ਸਾਰੀ ਗਲਬਾਤ ਟੇਪਰੀਕਾਰਡ ਕਰਕੇ ਇਹਨਾਂ ਸਿਰਮੌਰ ਲੇਖਕਾਂ ਦੀ ਆਵਾਜ਼ ਨੂੰ ਵੀ ਸ਼ਾਂਭ ਲਿਆ।

ਇੱਥੇ ਇਹ ਦਸਣਾ ਸ਼ਾਇਦ ਅਸੰਗਤ ਨਾ ਹੋਵੇ ਕਿ ਪ੍ਰਿੰਸੀਪਲ ਤੇਜਾ ਸਿੰਘ ਹੁਰਾਂ ਨੇ ਕਈ ਪੁਸਤਕਾਂ ਦੇ ਮੁੱਖਬੰਦ ਅਤੇ ਰੀਵੀਊ ਲਿੱਖ ਕੇ ਪੰਜਾਬੀ ਸਾਹਿਤ ਆਲੋਚਨਾ ਵਿਚ ਨਵੇਂ ਪੂਰਨੇ10 ਪਾਏ। ਸਵਰਗਵਾਸੀ ਪ੍ਰੋ: ਪੂਰਨ ਸਿੰਘ ਨੇ ਵੀ ਭਾਈ ਵੀਰ ਸਿੰਘ ਦੀਆਂ ਕਈ ਰਚਨਾਵਾਂ ਦੇ ਮੁੱਖਬੰਦ ਲਿਖ ਕੇ ਸਿਰਜਨਾਤਮਕ ਆਲੋਚਨਾ ਦੀ ਪਿਰਤ ਪਾਈ। ਡਾ: ਪ੍ਰੀਤਮ ਸਿੰਘ ਕੈਂਬੋ ਨੇ ਇਸ ਪਿਰਤ ਨੂੰ ਕਾਇਮ ਰੱਖਦਿਆਂ ਲੱਖਾ ਸਿੰਘ ਜੌਹਰ ਦੀ ਪੌਂਡਾਂ ਦੇ ਪੁਆੜੇ, ਰਣਜੀਤ ਸਿੰਘ ਰਾਏ ਦੇ ਭਾਵਾਂ ਦੇ ਰੰਗ, ਗੁਲਾਮ ਨਬੀ ਦੀ ਕਾਵਿ ਪੁਸਤਕ, ਡਾ: ਗੁਰਨਾਮ ਸਿੰਘ ਗਿੱਲ ਦੇ ਕਹਾਣੀ ਸੰਗ੍ਰਿਹ, ਹਾਸਰਸ ਕਵੀ ਤੇਜਾ ਸਿੰਘ ਤੇਜ ਦੀ ਪੁਸਤਕ ਖਿਲਰੇ ਅੰਬ ਅਤੇ ਉਸਦੀ ਦੂਜੀ ਪੁਸਤਕ, ਬਰਿੰਦਰ ਸਿੰਘ ਜ਼ਖਮੀ ਦੀ ਪੁਸਤਕ, ਗਿ: ਮੱਖਣ ਸਿੰਘ ਮ੍ਰਿਗਿੰਦ ਦੀ ਕਲਮ ਮੇਰੀ ਕੁਰਲਾਵੇ, ਸਵਰਨਪ੍ਰੀਤ ਦੇ ਨਾਵਲ, ਗੁਰਦੀਪ ਸਿੰਘ ਪੁਰੀ ਦੇ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਿਹ ਅਤੇ ਦਲਜੀਤ ਸਿੰਘ ਉਪਲ ਦੀ ਪੁਸਤਕ ਰਮਜ਼ਾਂ ਦੇ ਮੁੱਖ ਬੰਦ ਲਿਖਕੇ ਅਤੇ ਅਨਗਿਣਤ ਪੁਸਤਕਾਂ ਦੇ ਰੀਵੀਊਜ਼ ਕਰਕੇ ਸਿਰਜਨਾਤਮਕ ਆਲੋਚਨਾ ਦੀਆਂ ਸਫਲ ਵੰਨਗੀਆਂ ਵੀ ਦਿੱਤੀਆਂ। ਸੰਪਾਦਨਾ, ਇੰਟਰਵੀਊਜ਼ ਅਤੇ ਰੀਵੀਊਜ਼ ਦਾ ਵੀ ਸਿੱਧਾ ਸਬੰਧ ਆਲੋਚਨਾ ਨਾਲ ਹੀ ਹੈ। ਸਾਹਿਤ ਦੀਆਂ ਇਹਨਾਂ ਵਿਧੀਆਂ ਨਾਲ ਵੀ ਆਲੋਚਨਾ ਵਿਚ ਹੋਰ ਨਿਖਾਰ ਆਉਣ ਵਿਚ ਸਹਾਇਤਾ ਮਿਲਦੀ ਹੈ। ਇਹਨਾਂ ਤੋਂ ਬਿਨਾਂ ਉਸਨੇ ਪੰਜਾਬੀ ਦੀ ਪੜਾਈ ਸਬੰਧੀ ਵੀ ਲੇਖ ਲਿਖੇ।

ਡਾ: ਪ੍ਰੀਤਮ ਸਿੰਘ ਕੈਂਬੋ ਇਕ ਬਹੁਤ ਹੀ ਮਿਹਨਤੀ, ਹਿੰਮਤੀ, ਸੁਹਿਰਦ, ਮਿਲਾਪੜਾ ਅਤੇ ਲਗਨ ਵਾਲਾ ਬਹੁਪੱਖੀ ਅਤੇ ਸਰਬ-ਅੰਗੀ ਲੇਖਕ ਹੈ। ਉਹ ਸਾਬਤ ਕਰਦਾ ਹੈ ਕਿ “ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਪੰਜਾਬੀ ਵਿਦਿਆ” ਲਈ ਉਸ ਦੇ ਮਨ ਵਿਚ ਅਥਾਹ ਪ੍ਰੇਮ ਹੈ, ਸ਼ਰਧਾ ਹੈ ਅਤੇ ਉਹ ਸਦਾ ਹੀ ਯਥਾ ਸ਼ਕਤੀ ਪੰਜਾਬੀ ਸਾਹਿਤ ਦੀ ਲਗਪਗ ਹਰ ਵਿਧਾ ਉਤੇ ਕੰਮ ਕਰਨ ਲਈ ਤਤਪਰ ਹੈ। ਉਹ ਸਿਰਜਨਾਤਮਕ ਰਚਨਾਵਾਂ ਭਾਵ ਕਹਾਣੀ ਕਹਿਣ ਵਿਚ ਤਾਂ ਮਾਹਰ ਹੈ ਹੀ ਪਰ ਉਹ ਇਕ ਸੰਤੁਲਿਤ ਆਲੋਚਕ ਹੈ, ਸਫ਼ਲ ਖੋਜਕਾਰ ਵੀ ਹੈ। ਬਰਤਾਨਵੀ ਪੰਜਾਬੀ ਸਾਹਿਤ ਨੂੰ ਉਸ ਉਤੇ ਬਹੁਤ ਆਸਾਂ ਹਨ। ਆਸ਼ਾ ਹੈ ਕਿ ਉਸਦੀ ਕਲਮ ਵਿਚ ਕਦੇ ਵੀ ਖੜੋਤ ਦਾ ਕੋਈ ਦਖਲ ਨਹੀਂ ਹੋਵੇਗਾ ਅਤੇ ਉਹ ਸਿਰਜਨਾਤਮਕ ਲਿਖਤਾਂ ਦੇ ਨਾਲ ਨਾਲ ਖੋਜ ਅਤੇ ਆਲੋਚਨਾ ਵਿਚ ਨਿਰਪੱਖਤਾ ਅਤੇ ਨਿਰਗੁੱਟਤਾ ਦਾ ਨਾ ਕੇਵਲ ਸਦਾ ਹੀ ਧਾਰਨੀ ਰਹੇਗਾ ਸਗੋਂ ਕਦੇ ਵੀ ਚੁੱਪ ਦੀ ਸਾਜ਼ਸ਼ ਵਿਚ ਸ਼ਾਮਲ ਨਹੀਂ ਹੋਵੇਗਾ। ਇਸਦੇ ਨਾਲ ਹੀ ਇਹ ਆਸ ਵੀ ਹੈ ਕਿ ਉਹ ਆਪਣੀਆਂ ਰਚਨਾਵਾਂ ਲਈ ਲੋਕ ਭਾਸ਼ਾ ਦੀ ਵਰਤੋਂ ਕਰਨ ਵਲਾਂ ਧਿਆਨ ਦਿੰਦਿਆਂ “ਆਲੋਚਨਾ ਦੇ ਕਾਰਜ” ਨੂੰ ਹੋਰ ਵੀ ਵੱਧਕੇ ਇਕ ਲਲਕਾਰ ਵਜੋਂ ਗ੍ਰਹਿਣ ਕਰੇਗਾ। 

**********************************************************************

ਹਵਾਲੇ ਤੇ ਟਿੱਪਣੀਆਂ:

1) ਡਾ: ਕਰਨੈਲ ਸਿੰਘ ਥਿੰਦ —- ਦੋ ਸ਼ਬਦ, ਪੰਨਾ 9 ਬਰਤਾਨਵੀ ਪੰਜਾਬੀ ਸਾਹਿਤ(ਡਾ: ਕੈਂਬੋ)
2) ਡਾ: ਰਣਧੀਰ ਸਿੰਘ ਚੰਦ, ਸਮੀਖਿਆ ਸ਼ਾਸਤਰ, ਸਮਾਲੋਚਨਾ ਪੰਨਾ 103
3) ਡਾ: ਕਰਨੈਲ ਸਿੰਘ ਥਿੰਦ — ਦੋ ਸ਼ਬਦ, ਪੰਨਾ 11 ਬਰਤਾਨਵੀ ਪੰਜਾਬੀ ਸਾਹਿਤ
4) ਉਹੀ
5) ਡਾ: ਹਰਿਭਜਨ ਸਿੰਘ ਭਾਟੀਆ— (ਭੂਮਿਕਾ) ਡਾ: ਕੈਂਬੋ ਦੀ ਖੋਜ ਦਾ ਮੁਲਾਂਕਣ, ਪੰਨਾ 15
6) ਪਿਆਰ ਸਿੰਘ —- ਖੋਜ ਸਿਧਾਂਤ ਤੇ ਵਿਵਹਾਰ, ਪੰਨਾ 1
7) ਗੁਰਦੇਵ ਸਿੰਘ —ਪੰਜਾਬੀ ਸਾਹਿਤ ਕੋਸ਼, ਪੰਨਾ 99
8)  ਡਾ: ਹਰਿਭਜਨ ਸਿੰਘ ਭਾਟੀਆ — (ਭੂਮਿਕਾ) ਡਾ: ਕੈਂਬੋ ਦੀ ਖੋਜ ਦਾ ਮੁਲਾਂਕਣ, ਪੰਨਾ 17
9) ਉਹੀ ਪੰਨਾ 17
10) ਗੁਰਦੇਵ ਸਿੰਘ —- ਪੰਜਾਬੀ ਸਾਹਿਤ ਕੋਸ਼, ਪੰਨਾ 98

About the author

ਡਾ. ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦਿਆਲ ਸਿੰਘ ਰਾਏ
ਮੁੱਖ-ਸੰਪਾਦਕ,
‘ਲਿਖਾਰੀ’
(www.likhari.net)
ਜਨਮ : 1 ਮਈ 1937
ਜਨਮ ਸਥਾਨ : ਤਿੰਨਸੁਖੀਆ, (ਆਸਾਮ)
ਪਿਤਾ ਦਾ ਨਾਮ : ਸ. ਬਿਸ਼ਨ ਸਿੰਘ
ਮਾਤਾ ਦਾ ਨਾਮ: ਸਰਦਾਰਨੀ ਗੁਰਬਚਨ ਕੌਰ
ਵਿੱਦਿਆ:
ਐਮ.ਏ. (ਪੰਜਾਬੀ), ਐਮ.ਐਸਸੀ (ਨੀਊਟਰੀਸ਼ੀਅਨ), ਪੀ.ਐਚ-ਡੀ(ਨੀਊਟਰੀਸ਼ੀਅਨ)
Three Years Teaching Certificate in Education(Univ. Of London)
Dip. In Teaching in a Multi-Ethnic School (CNAA)
Dip. In Language Teaching (RSA)
D. Hom, D.I.Hom (British Institute of Homeopathy
Reflex Zone Therapy (ITEC)
Fellow British Institute of Homeopathy
Fellow Institute of Holistic Health

ਕਿੱਤਾ:
ਡਾਕੀਅਾ ,ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ)
ਪ੍ਰਮੁੱਖ ਰਚਨਾਵਾਂ:
1. ਅੱਗ (ਕਾਵਿ ਸੰਗ੍ਰਹਿ)
2. ਮੋਏ ਪੱਤਰ (ਕਹਾਣੀ ਸੰਗ੍ਰਹਿ)
3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ)
4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
ਮਾਣ/ਸਨਮਾਨ :
1. ਆਲ ਇੰਡੀਆ ਲਿਟਰੇਰੀ ਕੌਂਸਲ, (ਸ਼ਿਮਲਾ) ਵਲੋਂ ‘ਕਹਾਣੀ’ ਲਈ ਸਨਮਾਨ—-1959
2. ਅੰਤਰ ਰਾਸ਼ਟਰੀ ਸੈਮੀਨਾਰ (27 ਮਾਰਚ-31 ਮਾਰਚ 1989) ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਸ਼ਵ ਪੰਜਾਬੀ ਸਾਹਿਤ ਤੇ ਰਾਸ਼ਟਰੀ ਜਾਗਰੂਕਤਾ ਸਮੇਂ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ
2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ ‘ਕਹਾਣੀ’ ਲਈ ਇਨਾਮ/ਸਨਮਾਨ
3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ
4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ ‘ਲਿਖਾਰੀ’ ਅਤੇ ਸਾਹਿਤਕ ਘਾਲਣਾ ਲਈ
5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ ‘ਵਾਰਸ ਸ਼ਾਹ ਐਵਾਰਡ’
6. ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ

Before migrating to the U.K. in 1963:
(a) Worked as a School Teacher/Lecturer,
(b) Editted a literary Punjabi Monthly Magazine PATTAN (Adampur, Jallandhar)
(c) Worked as Sub-Editor in the Daily Akali Patrika (Jallandhar)

Upon arrival in the U.K. worked as a postman. Then after acquiring Three Years Teaching Certificate in Education from the University of London worked as a teacher in different education authorities in the U.K…… Newham, Sandwell, Wolverhampton and the City of Birmingham. In the U.K. also edited various papers and magazines such as: Mamta (weekly/Monthly), Punjabi Post(weekly), Asian Post.
His literary work appeared in well known monthlies, weeklies and daily News-papers such as Des Perdase, Sirnawaan, Mehram, Kahani Punjab, Punjabi Digest, Akaas, Nwaan Jamana, Punjabi Tribune, Ajit, Des Pardes, Punjab Times Weekly, Punjab Mail International, Meri Boli Mera Dharam.
His work in Hindi has appeared in Mukta, Man-Mukta, Naya Akaash and Ira India. His work in Urdu has appeared in Ravi, Lehraan, Daily Front.

ਸਾਹਿਤਕ ਪਰਾਪਤੀਆਂ ਸਬੰਧੀ ਕੁਝ ਟਿੱਪਣੀਆਂ:

1. “‘ਗੋਰਾ ਰੰਗ ਕਾਲੀ ਸੋਚ’, ‘ਮੋਏ ਪੱਤਰ’ ਤੇ ‘ਲੇਖਕ ਦਾ ਚਿੰਤਨ’ ਤਿੰਨੇ ਹੀ ਅੱਖਰ ਅੱਖਰ ਪੜ੍ਹਕੇ ਸਵਾਦ, ਪ੍ਰੇਰਨਾ ਤੇ ਸਿੱਖ-ਮਤ ਲਈ ਹੈ। ਧੰਨ ਹੋ ਜੋ ਅੰਗ੍ਰੇ੍ਰਜ਼ੀ ਦੇ ਗੜ੍ਹ ਤੇ ਸੋਮੇ ਵਿਚ ਨਹਾਉਂਦੇ ਭੀ ਪੰਜਾਬੀ ਨੂੰ ਨਹੀਂ ਭੁੱਲੇ।--- ‘ਲੇਖਕ ਦਾ ਚਿੰਤਨ’ ਬਹੁਤ ਸ਼ਲਾਘਾ ਯੋਗ ਉਦਮ ਤੇ ਸਦਾ ਸਾਂਭਣ ਵਾਲਾ ਹੀਰਾ ਹੈ, ਖਾਸ ਕਰਕੇ ਪਜਾਬੀ ਸਾਹਿਤ ਦੇ ਇਤਿਹਾਸਕਾਰਾਂ ਲਈ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਿਆ ਖੋਜ-ਪਤਰ ਸਚੀਂਮੁਚੀਂ ਬਹੁਤ ਖੋਜ ਭਰੀ ਕੀਮਤੀ ਸੁਗਾਤ ਬਣ ਗਈ ਹੈ।”
(ਸਵ: ਪ੍ਰਿੰਸੀਪਲ ਐਸ.ਐਸ. ਅਮੋਲ 17.11.1990)

2. “ਰਾਏ ਦੀ ਕਹਾਣੀ ਵਿਚ ਇਕ ਅਣਗੌਲਿਆ ਪਰ ਪ੍ਰਭਾਵ-ਸ਼ੀਲ ਸੰਦੇਸ਼ਾ ਜਾਂ ਸੇਧ ਹੈ।”(ਪ੍ਰਿੰਸੀ: ਐਸ¤ਐਸ¤ ਅਮੋਲ)

3. “ਗੁਰਦਿਆਲ ਸਿੰਘ ਰਾਏ ਦੀਆਂ ਕਹਾਣੀਆਂ ਵਿਚ ਇੱਕ ਪੈਗ਼ਾਮ ਹੁੰਦਾ ਹੈ, ਦਰਦ ਹੁੰਦਾ ਹੈ ਤੇ ਇੱਕ ਖਾਸ ਉਦੇਸ਼ ਹੁੰਦਾ ਹੈ।”(ਡਾ: ਜੋਗਿੰਦਰ ਸਿੰਘ ਨਿਰਾਲਾ)

4. “ਰਾਏ ਦੀ ਪ੍ਰਤਿਭਾ ਬਹੁ-ਪੱਖੀ ਹੈ। ਪੰਜਾਬੀ ਦੇ ਕਿੰਨੇ ਹੀ ਚੰਗੇ ਮੰਦੇ ਰਸਾਲਿਆਂ ਤੇ ਅਖਬਾਰਾਂ ਵਿਚ ਉਹ 1955 ਤੋਂ ਹੀ ਕਦੇ ਘੱਟ, ਕਦੇ ਵੱਧ ਛਪਦਾ ਆ ਰਿਹਾ ਹੈ।”(ਪ੍ਰੋ. ਓ.ਪੀ. ਗੁਪਤਾ)

5. “ਰਾਏ ਦਾ ਮੁੱਖ ਉੱਦੇਸ਼ ਸੁਧਾਰਵਾਦੀ ਤੇ ਸਮਾਜ ਉਸਾਰੀ ਹੈ।”(ਨਿਰੰਜਣ ਸਿੰਘ ਨੂਰ)

6. “ਡਾ: ਗੁਰਦਿਆਲ ਸਿੰਘ ਰਾਏ ਚੰਗੀ ਕਹਾਣੀ ਲਿਖਣ ਦੇ ਯੋਗ ਵੀ ਹੈ ਤੇ ਕਹਾਣੀ ਕਲਾ ਦਾ ਪੂਰਨ ਗਿਆਨ ਵੀ ਰੱਖਦਾ ਹੈ।” (ਹਰਬਖਸ਼ ਸਿੰਘ ਮਕਸੂਦਪੁਰੀ, ਸਾਡਾ ਹਿੱਸਾ `ਚ)

7. “ਗੁਰਦਿਆਲ ਸਿੰਘ ਰਾਏ ਜੀਵਨ ਦੀ ਕਿਸੇ ਸਾਰਥਕ ਘਟਨਾ ਨੂੰ ਸਿੱਧ-ਪੱਧਰੇ ਲਫ਼ਜ਼ਾਂ ਵਿਚ ਕਹਾਣੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਕਹਾਣੀ ਦੇ ਅੰਤ ਨੂੰ ਪਹਿਲਾਂ ਦਰਸਾ ਕੇ ਸਾਰੀ ਕਹਾਣੀ ਸੁਣਾਉਂਦਾ ਹੈ। ਆਰੰਭ ਕਰਨ ਲੱਗਿਆਂ ਜਲਦੀ ਹੀ ਪਾਠਕ ਨੂੰ ਪਹਿਲੇ ਸ਼ਬਦਾਂ ਵਿਚ ਕੀਲ ਲੈਂਦਾ ਹੈ। (ਡਾ: ਪ੍ਰੀਤਮ ਸਿੰਘ ਕੈਂਬੋ)

8. “ਡਾ: ਗੁਰਦਿਆਲ ਸਿੰਘ ਰਾਏ ਕਵਿਤਾ, ਕਹਾਣੀ, ਆਲੋਚਨਾ ਤੇ ਨਿਬੰਧ ਆਦਿ ਵਿਧਾ ਤੇ ਕਲਮ-ਅਜ਼ਮਾਈ ਕਰ ਚੁੱਕਿਆ ਹੈ। ---ਨਿਬੰਧ ਸਿਰਜਣਾ ਦੇ ਖੇਤਰ ਵਿਚ ਉਸਨੇ ਪੰਜਾਬੀ ਪਾਠਕਾਂ ਦਾ ਉਚੇਚੇ ਤੌਰ ਤੇ ਧਿਆਨ ਆਪਣੇ ਵੱਲ ਖਿਚ੍ਹਿਆ ਹੈ। --- ਡਾ: ਰਾਏ ਇੱਕ ਉਹ ਵਿਦਵਾਨ ਸਿਰਜਕ ਲੇਖਕ ਹੈ ਜਿਸ ਪਾਸ ਵਿਸ਼ਾਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ ਵੀ। ਉਹ ਜਿਹੜੇ ਵੀ ਵਿਸ਼ੇ ਨੂੰ ਲੈ ਕੇ ਨਿਬੰਧ ਰਚਨਾ ਕਰਦਾ ਹੈ ਉਸ ਨਾਲ ਪਾਠਕਾਂ ਨੂੰ ਭਰਪੂਰ ਗਿਆਨ ਪ੍ਰਦਾਨ ਕਰਦਾ ਹੋਇਆ, ਉਹਨਾਂ ਨੂੰ ਬੌਧਿਕ ਤੇ ਮਾਨਸਿਕ ਤ੍ਰਿਪਤੀ ਦਿੰਦਾ ਹੋਇਆ, ਉਹਨਾਂ ਨੂੰ ਪੂਰੀ ਤਰ੍ਹਾਂ
ਸੰਤੁਸ਼ਟ ਕਰਨ ਦੀ ਸਮਰਥਾ ਰੱਖਦਾ ਹੈ।” (ਗੁਰਮੇਲ ਮਡਾਹੜ)

9. “ਡਾ: ਗੁਰਦਿਆਲ ਸਿੰਘ ਰਾਏ ਨੇ ਪੰਜਾਬੀ ਵਾਰਤਕ ਅਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਨਿਬੰਧ ਸਾਹਿਤ ਵਿੱਚ ਗੁਣਾਤਮਕ ਪੱਖੋਂ ਮਹੱਤਵਪੂਰਨ ਯੋਗਦਾਨ ਪਾਇਆ ਹੈ।”(ਡਾ: ਮਹਿੰਦਰ ਸਿੰਘ ਡਡਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)

10. “ਸੁਭਾਵਕ ਹੀ ਇਕ ਰਾਤ ਮੈਂ ਰਾਏ ਜੀ ਦੀ ਪੁਸਤਕ ‘ਗੁਆਚੇ ਪਲਾਂ ਦੀ ਤਲਾਸ਼’ ਨੂੰ ਛੇੜ ਬੈਠਾ। ਬਰਤਾਨੀਆਂ ਦੇ ਲੇਖਕ ਦੀ ਪੁਸਤਕ ਤੇ ਉਹ ਵੀ ਨਿਬੰਧਾਂ ਦੀ? ਮੈਂਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਆਪਣਾ ਭਰਮ ਨਿਵਾਰਨ ਹਿੱਤ ਪੁਸਤਕ ਦੇ ਮੁੱਖ ਪੰਨੇ ਤੇ ਲੇਖਕ ਦੇ ਨਾਂ ਨੂੰ ਗੌਰ ਨਾਲ ਮੁੜ ਪੜ੍ਹਿਆ। ਠੀਕ ਗੁਰਦਿਆਲ ਸਿੰਘ ਰਾਏ ਹੀ ਸੀ। ਮੈਂਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਭਾਰਤ ਵਿਚ ਮੇਰੇ ਕੋਲ ਗੁਰਦਿਆਲ ਸਿੰਘ ਨਾਵਲਕਾਰ ਹੈ ਸੀ, ਨਾਟਕਾਰ ਗੁਰਦਿਆਲ ਸਿੰਘ ਇੱਕ ਛੱਡ ਦੋ ਸਨ। ਇੱਕ ਗੁਰਦਿਆਲ ਸਿੰਘ ਫ਼ੁੱਲ (ਸਵਰਗਵਾਸੀ) ਤੇ ਗੁਰਦਿਆਲ ਸਿੰਘ ਖੋਸਲਾ ਤੇ ਹੁਣ ਇੱਥੇ ਚੋਟੀ ਦਾ ਨਿਬੰਧਕਾਰ ਗੁਰਦਿਆਲ ਸਿੰਘ ਰਾਏ ਮਿਲ ਗਿਆ ਹੈ, ਜਿਸਨੇ ਮੈਂਨੂੰ ਆਪਣੇ ਜ਼ਿਹਨ ਵਿੱਚ ਧੁੰਧਲੇ ਹੋ ਰਹੇ ਪੰਜਾਬੀ ਨਿਬੰਧਕਾਰ ਮੁੜ ਚੇਤੇ ਕਰਵਾ ਦਿੱਤੇ ਹਨ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ ਸੰਪਾਦਕ ਮੇਰੀ ਬੋਲੀ ਮੇਰਾ ਧਰਮ, ਜੂਨ, 1994)

11. “ਬਿਨਾਂ ਕਿਸੇ ਕਹਾਣੀ ਤੋਂ ਹੀ ਕਹਾਣੀ ਲਿਖ ਦੇਣੀ ਆਪ (ਗੁਰਦਿਆਲ ਸਿੰਘ ਰਾਏ) ਦੀ ਖੂਬੀ ਹੈ। ਪ੍ਰਯੋਗਸ਼ੀਲਤਾ ਵੀ ਆਪਦਾ ਵਿਸ਼ੇਸ਼ ਗੁਣ ਹੈ।”(ਗੁਰਦਾਸ ਸਿਘ ਪਰਮਾਰ, ਬਰਤਾਨਵੀ ਪੰਜਾਬੀ ਕਹਾਣੀ ਵਿਚ)

12. “ਏੱਥੇ (ਬਰਤਾਨੀਆ ਵਿਚ) ਚਿਰ ਕਾਲ ਤੋਂ ਪੂਰਨ ਸਹਿਜ-ਅਵਸਥਾ ਵਿਚ ਪਰਿਵਾਸੀ ਜੀਵਨ ਭੋਗ ਰਿਹਾ ਡਾ: ਗੁਰਦਿਆਲ ਸਿੰਘ ਰਾਏ ਨਿਸੰਦੇਹ ਅਸਲੋਂ ਹੀ ਵਿਲੱਖਣ ਅਤੇ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਸੁਆਮੀ ਹੈ। ਉਹ ਪੰਜਾਬੀ ਦਾ ਇੱਕ ਸਫਲ ਕਹਾਣੀਕਾਰ ਵੀ ਹੈ ਅਤੇ ਨਿਪੁੰਨ ਨਿਬੰਧਕਾਰ ਵੀ। ਪਰੋਢ ਤੇ ਸ਼ਾਸਤਰੀ ਆਲੋਚਕ ਵਾਲੇ ਲੋੜੀਂਦੇ ਲਗਪਗ ਸਾਰੇ ਗੁਣ ਵੀ ਉਸ ਵਿਚ ਮੌਜੂਦ ਹਨ। ਪਰ ਇਸ ਸਭ ਕੁਝ ਤੋਂ ਬਿਨਾਂ ਜਿਹੜਾ ਗੁਣ ਰਾਏ ਹੁਰਾਂ ਦੇ ਸਾਹਿੱਤਕ ਕੱਦ ਨੂੰ ਸਮਕਾਲੀ ਲੇਖਕਾਂ ਤੋਂ ਕਦਰੇ ਹੋਰ ਉੱਚਾ ਕਰਦਾ ਹੈ ਉਹ ਹੈ, ਭਾਰਤ ਦੀਆਂ ਅਨੇਕਾਂ ਭਾਸ਼ਾਵਾਂ ਜਿਵੇਂ ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਉੜੀਆ, ਤਿਲਗੋ, ਮਲਾਇਮ ਆਦਿ ਤੋਂ ਬਿਨਾਂ ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਭਿੰਨ ਭਿੰਨ ਰੂਪਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਲਗਾਤਾਰਤਾ ਨਾਲ ਪੰਜਾਬੀ ਵਿਚ ਅਨੁਵਾਦਣ ਦਾ।---ਡਾ: ਰਾਏ ਅਨੁਵਾਦਕਾਰਾਂ ਦੀ ਮੁਹਰਲੀ ਕਤਾਰ ਵਿਚ ਖੜੇ ਹੋਣ ਦਾ ਮੁਸਤਹਕ ਹੈ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ, ਸੰਪਾਦਕ, ਮੇਰੀ ਬੋਲੀ ਮੇਰਾ ਧਰਮ, ਸਤੰਬਰ 1995)

13. “ ਲੇਖਕ ਦਾ ਚਿੰਤਨ’ ਦੋ ਪੱਧਰਾਂ ਉਪਰ ਧਿਆਨ ਆਕਰਸ਼ਿਤ ਕਰਦੀ ਹੈ। ਬਰਤਾਨਵੀ ਸਾਹਿਤ ਚਿੰਤਨ ਉਪਰ ਕੇਂਦਰਿਤ ਹੋਣ ਕਰਕੇ ਇਹ ਪੁਸਤਕ ਉਹਨਾਂ ਖੋਜੀਆਂ ਲਈ ਮੂਲ ਸਾਮਗਰੀ ਪ੍ਰਸਤੁਤ ਕਰਦੀ ਹੈ ਜੋ ਇਸ ਸਾਹਿਤ ਦੀ ਇਤਿਹਾਸਕਾਰੀ ਵੱਲ ਰੁਚਿੱਤ ਹਨ। ਦੂਜੀ ਪੱਧਰ ਉਪਰ ਇਹ ਪੁਸਤਕ ਸਾਹਿਤ ਚਿੰਤਨ ਅਤੇ ਸਿਰਜਣ-ਪ੍ਰਕ੍ਰਿਆ ਸੰਬੰਧੀ ਕੁਛ ਮੂਲ ਨੁੱਕਤੇ ਪ੍ਰਸਤੁਤ ਕਰਦੀ ਹੈ ਜੋ ਵਧੇਰੇ ਕਰਕੇ ਜ਼ਾਤੀ ਅਨੁਭਵ ਨਾਲ ਜੁੜੇ ਹੋਏ ਹਨ।” (ਡਾ: ਅਮਰਜੀਤ ਸਿੰਘ ਕਾਂਗ, ਕੁਰਕਸ਼ੇਤਰ ਯੂਨੀਵਰਸਿਟੀ)

14. “ਗੁਰਦਿਆਲ ਸਿੰਘ ਰਾਏ ਦੀ ਕਹਾਣੀ ਕਲਾ ਵਿਚ ਆਪਣੀ ਕਿਸਮ ਦੀ ਪਕਿਆਈ ਹੈ। ਉਹ ਜੀਵੇ ਹੋਏ ਅਨੁਭਵ ਦੀ ਪ੍ਰਮਾਣਿਕਤਾ ਦਾ ਬੋਲ ਉਚਾਰਦਾ ਹੈ ਅਤੇ ਸਾਧਾਰਣ ਘਟਨਾਵਾਂ ਦੀ ਤਹਿ ਵਿਚ ਲੁਕੇ ਡੂੰਘੇ ਦਾਰਸ਼ਨਿਕ ਅਰਥਾਂ ਨੂੰ ਫਰੋਲਣ ਦਾ ਯਤਨ ਕਰਦਾ ਹੈ।”(ਡਾ: ਜਗਬੀਰ ਸਿੰਘ, ਪੰਜਾਬੀ ਟ੍ਰਿਬੀਊਨ)

15. “ਪੰਜਾਬੀ ਦੇ ਪ੍ਰਵਾਸੀ ਕਹਾਣੀਕਾਰਾਂ ਵਿਚ ਗੁਰਦਿਆਲ ਸਿੰਘ ਰਾਏ (ਆਫ਼ ਬਰਮਿੰਘਮ) ਇਕ ਚਰਚਿਤ ਹਸਤਾਖਰ ਹੈ। ਉਸਨੂੰ ਕਹਾਣੀ ਫੜਨੀ, ਘੜਨੀ, ਕਹਿਣੀ ਤੇ ਮਟਕਾਉਣੀ ਆਉਂਦੀ ਹੈ। ਪਾਠਕ ਰੋਟੀ ਤਾਂ ਵਿਚੇ ਛੱਡ ਸਕਦਾ ਹੈ ਪਰ ਰਾਏ ਦੀ ਕਿਸੇ ਕਹਾਣੀ ਨੂੰ ਵਿਚ ਵਿਚਾਲੇ ਨਹੀਂ ਛੱਡ ਸਕਦਾ। ਇੰਨੀ ਉਤਸੁਕਤਾ ਤੇ ਰੌਚਕਤਾ ਹੁੰਦੀ ਹੈ ਉਸ ਦੀਆਂ ਕਹਾਣੀਆਂ ਵਿਚ।” (ਦਲੀਪ ਸਿੰਘ ਭੂਪਾਲ, ਅਜੀਤ 16 ਦਸੰਬਰ 1990)

16. “ਡਾ: ਗੁਰਦਿਆਲ ਸਿੰਘ ਰਾਏ ਪੰਜਾਬੀ ਦੇ ਸਰਬਾਂਗੀ ਅਤੇ ਪ੍ਰਤੀਭਾਸ਼ਾਲੀ ਕਹਾਣੀਕਾਰ ਅਤੇ ਨਿਬੰਧਕਾਰ ਹਨ। ਉਹਨਾਂ ਦੀਆਂ ਕਹਾਣੀਆਂ ਭਾਰਤ ਅਤੇ ਬਰਤਾਨੀਆ ਵਿਚਾਲੇ ਭਾਵਾਤਮਕ ਪੁੱਲ ਉਸਾਰਦੀਆਂ ਹਨ।” (ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਸਮਰਾਲਾ)

17. “ਰਾਏ ਦੀ ਕਲਮ ਵਿਚ ਸਹਿਜ ਹੈ, ਸ਼ੋਖੀ ਹੈ ਅਤੇ ਉਲਾਰੂ ਸ਼ਿੱਦਤ ਨਹੀਂ।” (ਡਾ: ਚੰਨਣ ਸਿੰਘ ਚੰਨ)

18. “A chronicler of ordinary, inconspicuous lives, Gurdial Sngh Rai writes in an unpretentiously simple, straight-from-the heart, chatty style.” Rana Nayar (from Across the Shores: Punjabi Short Stories by Asian in Britain, 2002
***

 

 

 

ਡਾ. ਗੁਰਦਿਆਲ ਸਿੰਘ ਰਾਏ

ਡਾ. ਗੁਰਦਿਆਲ ਸਿੰਘ ਰਾਏ ਮੁੱਖ-ਸੰਪਾਦਕ, ‘ਲਿਖਾਰੀ’ (www.likhari.net) ਜਨਮ : 1 ਮਈ 1937 ਜਨਮ ਸਥਾਨ : ਤਿੰਨਸੁਖੀਆ, (ਆਸਾਮ) ਪਿਤਾ ਦਾ ਨਾਮ : ਸ. ਬਿਸ਼ਨ ਸਿੰਘ ਮਾਤਾ ਦਾ ਨਾਮ: ਸਰਦਾਰਨੀ ਗੁਰਬਚਨ ਕੌਰ ਵਿੱਦਿਆ: ਐਮ.ਏ. (ਪੰਜਾਬੀ), ਐਮ.ਐਸਸੀ (ਨੀਊਟਰੀਸ਼ੀਅਨ), ਪੀ.ਐਚ-ਡੀ(ਨੀਊਟਰੀਸ਼ੀਅਨ) Three Years Teaching Certificate in Education(Univ. Of London) Dip. In Teaching in a Multi-Ethnic School (CNAA) Dip. In Language Teaching (RSA) D. Hom, D.I.Hom (British Institute of Homeopathy Reflex Zone Therapy (ITEC) Fellow British Institute of Homeopathy Fellow Institute of Holistic Health ਕਿੱਤਾ: ਡਾਕੀਅਾ ,ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ) ਪ੍ਰਮੁੱਖ ਰਚਨਾਵਾਂ: 1. ਅੱਗ (ਕਾਵਿ ਸੰਗ੍ਰਹਿ) 2. ਮੋਏ ਪੱਤਰ (ਕਹਾਣੀ ਸੰਗ੍ਰਹਿ) 3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ) 4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ) 5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ) 6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ) 7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ) 8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ) ਮਾਣ/ਸਨਮਾਨ : 1. ਆਲ ਇੰਡੀਆ ਲਿਟਰੇਰੀ ਕੌਂਸਲ, (ਸ਼ਿਮਲਾ) ਵਲੋਂ ‘ਕਹਾਣੀ’ ਲਈ ਸਨਮਾਨ—-1959 2. ਅੰਤਰ ਰਾਸ਼ਟਰੀ ਸੈਮੀਨਾਰ (27 ਮਾਰਚ-31 ਮਾਰਚ 1989) ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਸ਼ਵ ਪੰਜਾਬੀ ਸਾਹਿਤ ਤੇ ਰਾਸ਼ਟਰੀ ਜਾਗਰੂਕਤਾ ਸਮੇਂ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ 2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ ‘ਕਹਾਣੀ’ ਲਈ ਇਨਾਮ/ਸਨਮਾਨ 3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ 4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ ‘ਲਿਖਾਰੀ’ ਅਤੇ ਸਾਹਿਤਕ ਘਾਲਣਾ ਲਈ 5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ ‘ਵਾਰਸ ਸ਼ਾਹ ਐਵਾਰਡ’ 6. ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ Before migrating to the U.K. in 1963: (a) Worked as a School Teacher/Lecturer, (b) Editted a literary Punjabi Monthly Magazine PATTAN (Adampur, Jallandhar) (c) Worked as Sub-Editor in the Daily Akali Patrika (Jallandhar) Upon arrival in the U.K. worked as a postman. Then after acquiring Three Years Teaching Certificate in Education from the University of London worked as a teacher in different education authorities in the U.K…… Newham, Sandwell, Wolverhampton and the City of Birmingham. In the U.K. also edited various papers and magazines such as: Mamta (weekly/Monthly), Punjabi Post(weekly), Asian Post. His literary work appeared in well known monthlies, weeklies and daily News-papers such as Des Perdase, Sirnawaan, Mehram, Kahani Punjab, Punjabi Digest, Akaas, Nwaan Jamana, Punjabi Tribune, Ajit, Des Pardes, Punjab Times Weekly, Punjab Mail International, Meri Boli Mera Dharam. His work in Hindi has appeared in Mukta, Man-Mukta, Naya Akaash and Ira India. His work in Urdu has appeared in Ravi, Lehraan, Daily Front. ਸਾਹਿਤਕ ਪਰਾਪਤੀਆਂ ਸਬੰਧੀ ਕੁਝ ਟਿੱਪਣੀਆਂ: 1. “‘ਗੋਰਾ ਰੰਗ ਕਾਲੀ ਸੋਚ’, ‘ਮੋਏ ਪੱਤਰ’ ਤੇ ‘ਲੇਖਕ ਦਾ ਚਿੰਤਨ’ ਤਿੰਨੇ ਹੀ ਅੱਖਰ ਅੱਖਰ ਪੜ੍ਹਕੇ ਸਵਾਦ, ਪ੍ਰੇਰਨਾ ਤੇ ਸਿੱਖ-ਮਤ ਲਈ ਹੈ। ਧੰਨ ਹੋ ਜੋ ਅੰਗ੍ਰੇ੍ਰਜ਼ੀ ਦੇ ਗੜ੍ਹ ਤੇ ਸੋਮੇ ਵਿਚ ਨਹਾਉਂਦੇ ਭੀ ਪੰਜਾਬੀ ਨੂੰ ਨਹੀਂ ਭੁੱਲੇ।--- ‘ਲੇਖਕ ਦਾ ਚਿੰਤਨ’ ਬਹੁਤ ਸ਼ਲਾਘਾ ਯੋਗ ਉਦਮ ਤੇ ਸਦਾ ਸਾਂਭਣ ਵਾਲਾ ਹੀਰਾ ਹੈ, ਖਾਸ ਕਰਕੇ ਪਜਾਬੀ ਸਾਹਿਤ ਦੇ ਇਤਿਹਾਸਕਾਰਾਂ ਲਈ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਿਆ ਖੋਜ-ਪਤਰ ਸਚੀਂਮੁਚੀਂ ਬਹੁਤ ਖੋਜ ਭਰੀ ਕੀਮਤੀ ਸੁਗਾਤ ਬਣ ਗਈ ਹੈ।” (ਸਵ: ਪ੍ਰਿੰਸੀਪਲ ਐਸ.ਐਸ. ਅਮੋਲ 17.11.1990) 2. “ਰਾਏ ਦੀ ਕਹਾਣੀ ਵਿਚ ਇਕ ਅਣਗੌਲਿਆ ਪਰ ਪ੍ਰਭਾਵ-ਸ਼ੀਲ ਸੰਦੇਸ਼ਾ ਜਾਂ ਸੇਧ ਹੈ।”(ਪ੍ਰਿੰਸੀ: ਐਸ¤ਐਸ¤ ਅਮੋਲ) 3. “ਗੁਰਦਿਆਲ ਸਿੰਘ ਰਾਏ ਦੀਆਂ ਕਹਾਣੀਆਂ ਵਿਚ ਇੱਕ ਪੈਗ਼ਾਮ ਹੁੰਦਾ ਹੈ, ਦਰਦ ਹੁੰਦਾ ਹੈ ਤੇ ਇੱਕ ਖਾਸ ਉਦੇਸ਼ ਹੁੰਦਾ ਹੈ।”(ਡਾ: ਜੋਗਿੰਦਰ ਸਿੰਘ ਨਿਰਾਲਾ) 4. “ਰਾਏ ਦੀ ਪ੍ਰਤਿਭਾ ਬਹੁ-ਪੱਖੀ ਹੈ। ਪੰਜਾਬੀ ਦੇ ਕਿੰਨੇ ਹੀ ਚੰਗੇ ਮੰਦੇ ਰਸਾਲਿਆਂ ਤੇ ਅਖਬਾਰਾਂ ਵਿਚ ਉਹ 1955 ਤੋਂ ਹੀ ਕਦੇ ਘੱਟ, ਕਦੇ ਵੱਧ ਛਪਦਾ ਆ ਰਿਹਾ ਹੈ।”(ਪ੍ਰੋ. ਓ.ਪੀ. ਗੁਪਤਾ) 5. “ਰਾਏ ਦਾ ਮੁੱਖ ਉੱਦੇਸ਼ ਸੁਧਾਰਵਾਦੀ ਤੇ ਸਮਾਜ ਉਸਾਰੀ ਹੈ।”(ਨਿਰੰਜਣ ਸਿੰਘ ਨੂਰ) 6. “ਡਾ: ਗੁਰਦਿਆਲ ਸਿੰਘ ਰਾਏ ਚੰਗੀ ਕਹਾਣੀ ਲਿਖਣ ਦੇ ਯੋਗ ਵੀ ਹੈ ਤੇ ਕਹਾਣੀ ਕਲਾ ਦਾ ਪੂਰਨ ਗਿਆਨ ਵੀ ਰੱਖਦਾ ਹੈ।” (ਹਰਬਖਸ਼ ਸਿੰਘ ਮਕਸੂਦਪੁਰੀ, ਸਾਡਾ ਹਿੱਸਾ `ਚ) 7. “ਗੁਰਦਿਆਲ ਸਿੰਘ ਰਾਏ ਜੀਵਨ ਦੀ ਕਿਸੇ ਸਾਰਥਕ ਘਟਨਾ ਨੂੰ ਸਿੱਧ-ਪੱਧਰੇ ਲਫ਼ਜ਼ਾਂ ਵਿਚ ਕਹਾਣੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਕਹਾਣੀ ਦੇ ਅੰਤ ਨੂੰ ਪਹਿਲਾਂ ਦਰਸਾ ਕੇ ਸਾਰੀ ਕਹਾਣੀ ਸੁਣਾਉਂਦਾ ਹੈ। ਆਰੰਭ ਕਰਨ ਲੱਗਿਆਂ ਜਲਦੀ ਹੀ ਪਾਠਕ ਨੂੰ ਪਹਿਲੇ ਸ਼ਬਦਾਂ ਵਿਚ ਕੀਲ ਲੈਂਦਾ ਹੈ। (ਡਾ: ਪ੍ਰੀਤਮ ਸਿੰਘ ਕੈਂਬੋ) 8. “ਡਾ: ਗੁਰਦਿਆਲ ਸਿੰਘ ਰਾਏ ਕਵਿਤਾ, ਕਹਾਣੀ, ਆਲੋਚਨਾ ਤੇ ਨਿਬੰਧ ਆਦਿ ਵਿਧਾ ਤੇ ਕਲਮ-ਅਜ਼ਮਾਈ ਕਰ ਚੁੱਕਿਆ ਹੈ। ---ਨਿਬੰਧ ਸਿਰਜਣਾ ਦੇ ਖੇਤਰ ਵਿਚ ਉਸਨੇ ਪੰਜਾਬੀ ਪਾਠਕਾਂ ਦਾ ਉਚੇਚੇ ਤੌਰ ਤੇ ਧਿਆਨ ਆਪਣੇ ਵੱਲ ਖਿਚ੍ਹਿਆ ਹੈ। --- ਡਾ: ਰਾਏ ਇੱਕ ਉਹ ਵਿਦਵਾਨ ਸਿਰਜਕ ਲੇਖਕ ਹੈ ਜਿਸ ਪਾਸ ਵਿਸ਼ਾਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ ਵੀ। ਉਹ ਜਿਹੜੇ ਵੀ ਵਿਸ਼ੇ ਨੂੰ ਲੈ ਕੇ ਨਿਬੰਧ ਰਚਨਾ ਕਰਦਾ ਹੈ ਉਸ ਨਾਲ ਪਾਠਕਾਂ ਨੂੰ ਭਰਪੂਰ ਗਿਆਨ ਪ੍ਰਦਾਨ ਕਰਦਾ ਹੋਇਆ, ਉਹਨਾਂ ਨੂੰ ਬੌਧਿਕ ਤੇ ਮਾਨਸਿਕ ਤ੍ਰਿਪਤੀ ਦਿੰਦਾ ਹੋਇਆ, ਉਹਨਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਨ ਦੀ ਸਮਰਥਾ ਰੱਖਦਾ ਹੈ।” (ਗੁਰਮੇਲ ਮਡਾਹੜ) 9. “ਡਾ: ਗੁਰਦਿਆਲ ਸਿੰਘ ਰਾਏ ਨੇ ਪੰਜਾਬੀ ਵਾਰਤਕ ਅਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਨਿਬੰਧ ਸਾਹਿਤ ਵਿੱਚ ਗੁਣਾਤਮਕ ਪੱਖੋਂ ਮਹੱਤਵਪੂਰਨ ਯੋਗਦਾਨ ਪਾਇਆ ਹੈ।”(ਡਾ: ਮਹਿੰਦਰ ਸਿੰਘ ਡਡਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) 10. “ਸੁਭਾਵਕ ਹੀ ਇਕ ਰਾਤ ਮੈਂ ਰਾਏ ਜੀ ਦੀ ਪੁਸਤਕ ‘ਗੁਆਚੇ ਪਲਾਂ ਦੀ ਤਲਾਸ਼’ ਨੂੰ ਛੇੜ ਬੈਠਾ। ਬਰਤਾਨੀਆਂ ਦੇ ਲੇਖਕ ਦੀ ਪੁਸਤਕ ਤੇ ਉਹ ਵੀ ਨਿਬੰਧਾਂ ਦੀ? ਮੈਂਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਆਪਣਾ ਭਰਮ ਨਿਵਾਰਨ ਹਿੱਤ ਪੁਸਤਕ ਦੇ ਮੁੱਖ ਪੰਨੇ ਤੇ ਲੇਖਕ ਦੇ ਨਾਂ ਨੂੰ ਗੌਰ ਨਾਲ ਮੁੜ ਪੜ੍ਹਿਆ। ਠੀਕ ਗੁਰਦਿਆਲ ਸਿੰਘ ਰਾਏ ਹੀ ਸੀ। ਮੈਂਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਭਾਰਤ ਵਿਚ ਮੇਰੇ ਕੋਲ ਗੁਰਦਿਆਲ ਸਿੰਘ ਨਾਵਲਕਾਰ ਹੈ ਸੀ, ਨਾਟਕਾਰ ਗੁਰਦਿਆਲ ਸਿੰਘ ਇੱਕ ਛੱਡ ਦੋ ਸਨ। ਇੱਕ ਗੁਰਦਿਆਲ ਸਿੰਘ ਫ਼ੁੱਲ (ਸਵਰਗਵਾਸੀ) ਤੇ ਗੁਰਦਿਆਲ ਸਿੰਘ ਖੋਸਲਾ ਤੇ ਹੁਣ ਇੱਥੇ ਚੋਟੀ ਦਾ ਨਿਬੰਧਕਾਰ ਗੁਰਦਿਆਲ ਸਿੰਘ ਰਾਏ ਮਿਲ ਗਿਆ ਹੈ, ਜਿਸਨੇ ਮੈਂਨੂੰ ਆਪਣੇ ਜ਼ਿਹਨ ਵਿੱਚ ਧੁੰਧਲੇ ਹੋ ਰਹੇ ਪੰਜਾਬੀ ਨਿਬੰਧਕਾਰ ਮੁੜ ਚੇਤੇ ਕਰਵਾ ਦਿੱਤੇ ਹਨ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ ਸੰਪਾਦਕ ਮੇਰੀ ਬੋਲੀ ਮੇਰਾ ਧਰਮ, ਜੂਨ, 1994) 11. “ਬਿਨਾਂ ਕਿਸੇ ਕਹਾਣੀ ਤੋਂ ਹੀ ਕਹਾਣੀ ਲਿਖ ਦੇਣੀ ਆਪ (ਗੁਰਦਿਆਲ ਸਿੰਘ ਰਾਏ) ਦੀ ਖੂਬੀ ਹੈ। ਪ੍ਰਯੋਗਸ਼ੀਲਤਾ ਵੀ ਆਪਦਾ ਵਿਸ਼ੇਸ਼ ਗੁਣ ਹੈ।”(ਗੁਰਦਾਸ ਸਿਘ ਪਰਮਾਰ, ਬਰਤਾਨਵੀ ਪੰਜਾਬੀ ਕਹਾਣੀ ਵਿਚ) 12. “ਏੱਥੇ (ਬਰਤਾਨੀਆ ਵਿਚ) ਚਿਰ ਕਾਲ ਤੋਂ ਪੂਰਨ ਸਹਿਜ-ਅਵਸਥਾ ਵਿਚ ਪਰਿਵਾਸੀ ਜੀਵਨ ਭੋਗ ਰਿਹਾ ਡਾ: ਗੁਰਦਿਆਲ ਸਿੰਘ ਰਾਏ ਨਿਸੰਦੇਹ ਅਸਲੋਂ ਹੀ ਵਿਲੱਖਣ ਅਤੇ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਸੁਆਮੀ ਹੈ। ਉਹ ਪੰਜਾਬੀ ਦਾ ਇੱਕ ਸਫਲ ਕਹਾਣੀਕਾਰ ਵੀ ਹੈ ਅਤੇ ਨਿਪੁੰਨ ਨਿਬੰਧਕਾਰ ਵੀ। ਪਰੋਢ ਤੇ ਸ਼ਾਸਤਰੀ ਆਲੋਚਕ ਵਾਲੇ ਲੋੜੀਂਦੇ ਲਗਪਗ ਸਾਰੇ ਗੁਣ ਵੀ ਉਸ ਵਿਚ ਮੌਜੂਦ ਹਨ। ਪਰ ਇਸ ਸਭ ਕੁਝ ਤੋਂ ਬਿਨਾਂ ਜਿਹੜਾ ਗੁਣ ਰਾਏ ਹੁਰਾਂ ਦੇ ਸਾਹਿੱਤਕ ਕੱਦ ਨੂੰ ਸਮਕਾਲੀ ਲੇਖਕਾਂ ਤੋਂ ਕਦਰੇ ਹੋਰ ਉੱਚਾ ਕਰਦਾ ਹੈ ਉਹ ਹੈ, ਭਾਰਤ ਦੀਆਂ ਅਨੇਕਾਂ ਭਾਸ਼ਾਵਾਂ ਜਿਵੇਂ ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਉੜੀਆ, ਤਿਲਗੋ, ਮਲਾਇਮ ਆਦਿ ਤੋਂ ਬਿਨਾਂ ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੀਆਂ ਭਿੰਨ ਭਿੰਨ ਰੂਪਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਲਗਾਤਾਰਤਾ ਨਾਲ ਪੰਜਾਬੀ ਵਿਚ ਅਨੁਵਾਦਣ ਦਾ।---ਡਾ: ਰਾਏ ਅਨੁਵਾਦਕਾਰਾਂ ਦੀ ਮੁਹਰਲੀ ਕਤਾਰ ਵਿਚ ਖੜੇ ਹੋਣ ਦਾ ਮੁਸਤਹਕ ਹੈ।” (ਪ੍ਰਿੰਸੀਪਲ ਗੁਰਬਚਨ ਸਿੰਘ ਭੂਈ, ਸੰਪਾਦਕ, ਮੇਰੀ ਬੋਲੀ ਮੇਰਾ ਧਰਮ, ਸਤੰਬਰ 1995) 13. “ ਲੇਖਕ ਦਾ ਚਿੰਤਨ’ ਦੋ ਪੱਧਰਾਂ ਉਪਰ ਧਿਆਨ ਆਕਰਸ਼ਿਤ ਕਰਦੀ ਹੈ। ਬਰਤਾਨਵੀ ਸਾਹਿਤ ਚਿੰਤਨ ਉਪਰ ਕੇਂਦਰਿਤ ਹੋਣ ਕਰਕੇ ਇਹ ਪੁਸਤਕ ਉਹਨਾਂ ਖੋਜੀਆਂ ਲਈ ਮੂਲ ਸਾਮਗਰੀ ਪ੍ਰਸਤੁਤ ਕਰਦੀ ਹੈ ਜੋ ਇਸ ਸਾਹਿਤ ਦੀ ਇਤਿਹਾਸਕਾਰੀ ਵੱਲ ਰੁਚਿੱਤ ਹਨ। ਦੂਜੀ ਪੱਧਰ ਉਪਰ ਇਹ ਪੁਸਤਕ ਸਾਹਿਤ ਚਿੰਤਨ ਅਤੇ ਸਿਰਜਣ-ਪ੍ਰਕ੍ਰਿਆ ਸੰਬੰਧੀ ਕੁਛ ਮੂਲ ਨੁੱਕਤੇ ਪ੍ਰਸਤੁਤ ਕਰਦੀ ਹੈ ਜੋ ਵਧੇਰੇ ਕਰਕੇ ਜ਼ਾਤੀ ਅਨੁਭਵ ਨਾਲ ਜੁੜੇ ਹੋਏ ਹਨ।” (ਡਾ: ਅਮਰਜੀਤ ਸਿੰਘ ਕਾਂਗ, ਕੁਰਕਸ਼ੇਤਰ ਯੂਨੀਵਰਸਿਟੀ) 14. “ਗੁਰਦਿਆਲ ਸਿੰਘ ਰਾਏ ਦੀ ਕਹਾਣੀ ਕਲਾ ਵਿਚ ਆਪਣੀ ਕਿਸਮ ਦੀ ਪਕਿਆਈ ਹੈ। ਉਹ ਜੀਵੇ ਹੋਏ ਅਨੁਭਵ ਦੀ ਪ੍ਰਮਾਣਿਕਤਾ ਦਾ ਬੋਲ ਉਚਾਰਦਾ ਹੈ ਅਤੇ ਸਾਧਾਰਣ ਘਟਨਾਵਾਂ ਦੀ ਤਹਿ ਵਿਚ ਲੁਕੇ ਡੂੰਘੇ ਦਾਰਸ਼ਨਿਕ ਅਰਥਾਂ ਨੂੰ ਫਰੋਲਣ ਦਾ ਯਤਨ ਕਰਦਾ ਹੈ।”(ਡਾ: ਜਗਬੀਰ ਸਿੰਘ, ਪੰਜਾਬੀ ਟ੍ਰਿਬੀਊਨ) 15. “ਪੰਜਾਬੀ ਦੇ ਪ੍ਰਵਾਸੀ ਕਹਾਣੀਕਾਰਾਂ ਵਿਚ ਗੁਰਦਿਆਲ ਸਿੰਘ ਰਾਏ (ਆਫ਼ ਬਰਮਿੰਘਮ) ਇਕ ਚਰਚਿਤ ਹਸਤਾਖਰ ਹੈ। ਉਸਨੂੰ ਕਹਾਣੀ ਫੜਨੀ, ਘੜਨੀ, ਕਹਿਣੀ ਤੇ ਮਟਕਾਉਣੀ ਆਉਂਦੀ ਹੈ। ਪਾਠਕ ਰੋਟੀ ਤਾਂ ਵਿਚੇ ਛੱਡ ਸਕਦਾ ਹੈ ਪਰ ਰਾਏ ਦੀ ਕਿਸੇ ਕਹਾਣੀ ਨੂੰ ਵਿਚ ਵਿਚਾਲੇ ਨਹੀਂ ਛੱਡ ਸਕਦਾ। ਇੰਨੀ ਉਤਸੁਕਤਾ ਤੇ ਰੌਚਕਤਾ ਹੁੰਦੀ ਹੈ ਉਸ ਦੀਆਂ ਕਹਾਣੀਆਂ ਵਿਚ।” (ਦਲੀਪ ਸਿੰਘ ਭੂਪਾਲ, ਅਜੀਤ 16 ਦਸੰਬਰ 1990) 16. “ਡਾ: ਗੁਰਦਿਆਲ ਸਿੰਘ ਰਾਏ ਪੰਜਾਬੀ ਦੇ ਸਰਬਾਂਗੀ ਅਤੇ ਪ੍ਰਤੀਭਾਸ਼ਾਲੀ ਕਹਾਣੀਕਾਰ ਅਤੇ ਨਿਬੰਧਕਾਰ ਹਨ। ਉਹਨਾਂ ਦੀਆਂ ਕਹਾਣੀਆਂ ਭਾਰਤ ਅਤੇ ਬਰਤਾਨੀਆ ਵਿਚਾਲੇ ਭਾਵਾਤਮਕ ਪੁੱਲ ਉਸਾਰਦੀਆਂ ਹਨ।” (ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਸਮਰਾਲਾ) 17. “ਰਾਏ ਦੀ ਕਲਮ ਵਿਚ ਸਹਿਜ ਹੈ, ਸ਼ੋਖੀ ਹੈ ਅਤੇ ਉਲਾਰੂ ਸ਼ਿੱਦਤ ਨਹੀਂ।” (ਡਾ: ਚੰਨਣ ਸਿੰਘ ਚੰਨ) 18. “A chronicler of ordinary, inconspicuous lives, Gurdial Sngh Rai writes in an unpretentiously simple, straight-from-the heart, chatty style.” Rana Nayar (from Across the Shores: Punjabi Short Stories by Asian in Britain, 2002 ***      

View all posts by ਡਾ. ਗੁਰਦਿਆਲ ਸਿੰਘ ਰਾਏ →