ਡਾ. ਗੁਰਦੇਵ ਸਿੰਘ ਘਣਗਸ ਦਾ ਕਾਵਿ ਸੰਗ੍ਰਹਿ: ‘ਤੁਰਦੇ ਭੁਰਦੇ ਜੁੜਦੇ ਰਿਸ਼ਤੇ’
— ਡਾ: ਪ੍ਰੀਤਮ ਸਿੰਘ ਕੈਂਬੋ ਦੀ ਨਜ਼ਰ ‘ਚ
‘ਤੁਰਦੇ ਭੁਰਦੇ ਜੁੜਦੇ ਰਿਸ਼ਤੇ’ ਕਾਵਿ ਸੰਗ੍ਰਹਿ ਗੁਰਦੇਵ ਸਿੰਘ ਘਣਗਸ ਦੀ ਦੂਜੀ ਸੁੰਦਰ ਛਪੀ ਰਚਨਾ ਹੈ। ਕਵਿਤਾ ਮੋਟੇ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ: ਇੱਕ ਅੰਤਰਮੁਖੀ ਕਵਿਤਾ ਅਤੇ ਦੂਜੀ ਬਾਹਰਮੁਖੀ ਕਵਿਤਾ। ਅੰਤਰਮੁਖੀ ਕਵਿਤਾ ਵਿਚ ਕਵੀ ਅੰਦਰਲੇ ਭਾਵਾਂ ਨੂੰ ਵਿਅਕਤ ਕਰਦਾ ਹੈ। ਇਸ ਤਰ੍ਹਾਂ ਦੀ ਕਵਿਤਾ ਵਿਚ ਹਿਰਦੇ ਦੀ ਪੀੜ ਤੇ ਵੇਦਨਾ ਭਰਪੂਰਤਾ ਸਹਿਤ ਰੂਪਮਾਨ ਹੁੰਦੀ ਹੈ। ਬਾਹਰਮੁਖੀ ਕਵਿਤਾ ਦਾ ਵਿਸ਼ੇਸ਼ ਗੁਣ ਸਮਾਜਿਕ ਮਸਲਿਆਂ ਨਾਲ ਓਤਪੋਤ ਹੋਣਾ ਹੈ। ਬਿਰਤਾਂਤਕ ਕਵਿਤਾ ਵੀ ਏਸੇ ਘੇਰੇ ਵਿਚ ਆ ਜਾਂਦੀ ਹੈ। ਬਾਹਰਮੁਖੀ ਕਵਿਤਾ ਵਿਚ ਇਹ ਨਹੀਂ ਕਿ ਡੂੰਘਾਈ ਨਹੀਂ ਹੁੰਦੀ। ਇਸ ਵੰਨਗੀ ਦੀ ਕਵਿਤਾ ਵਿਚ ਵਿਸ਼ੇ ਦੇ ਨਿਭਾ ਦਾ ਦਖ਼ਲ ਜ਼ਿਆਦਾ ਹੁੰਦਾ ਹੈ। ਜਿਨਾਂ ਕਵੀ ਪ੍ਰੋਢ ਹੋਵੋਗਾ, ਉੱਨਾ ਹੀ ਉਹ ਅਜਿਹੀ ਕਵਿਤਾ ਨੂੰ ਰੌਚਿਕਤਾ ਪ੍ਰਦਾਨ ਕਰਨ ਦੇ ਨਾਲ ਨਾਲ ਡੂੰਘਾਈ ਭਰਨ ਦੇ ਸਮਰੱਥ ਵੀ ਹੋਵੇਗਾ। ‘ਘਣਗਸ’ ਹੁਰਾਂ ਦੀ ਕਵਿਤਾ ਜ਼ਿਆਦਾ-ਤਰ ਬਾਹਰਮੁਖੀ ਕਵਿਤਾ ਹੈ। ਉਸ ਨੇ ਸੱਠ ਸਾਲ ਦੀ ਉਮਰ ਹੋਣ ਤੋਂ ਬਾਅਦ ਕਵਿਤਾ ਰਚਨੀ ਸ਼ੁਰੂ ਕੀਤੀ ਹੈ। ਨਿਰਸੰਦੇਹ ਉਸ ਨੇ ਜੀਵਨ ਦਾ ਵਿਸ਼ਾਲ ਅਨੁਭੱਵ ਗ੍ਰਹਿਣ ਕੀਤਾ ਹੈ ਅਤੇ ਉਹ ਆਪਣੇ ਅਨੁਭੱਵ ਨੂੰ ਪਾਠਕਾਂ ਤਕ ਰੂਪਾਂਤਰਿਤ ਕਰਨਾ ਲੋਚਦਾ ਹੈ।
ਇਸ ਕਾਵਿ ਸੰਗ੍ਰਹਿ ਬਾਰੇ ਗੁਰਭਜਨ ਗਿੱਲ ਲਿਖਦਾ ਹੈ: ‘ਇਹ ਕਵਿਤਾ ਉਨ੍ਹਾਂ ਦੇ ਸਾਹਾਂ ਦੀ ਰਾਜ਼ਦਾਨ ਹੈ। ਕਦੇ ਝੁਰੜੀਆਂ ਭਰੇ ਚਿਹਰੇ ਵਾਲੀ ਮਾਂ ਬਣ ਜਾਂਦੀ ਹੈ। ਕਦੇ ਪਾਟੇ ਪੈਰਾਂ ਵਾਲੀ ਬਿਆਈਆਂ ਵਾਲੇ ਬਾਪੂ ਦੀ ਤਸਵੀਰ। ਕਦੇ ਭੱਠੀ ‘ਚ ਭੁੱਜਦੇ ਦਾਣਿਆਂ ਵਾਂਗ ਖਿੜ ਖਿੜ ਪੈਂਦੇ ਮੱਕੀ ਦੇ ਦਾਣਿਆ ਵਰਗੀ। ਬੱਚੇ ਵਾਂਗ ਹਸਦੀ ਖੇਡਦੀ, ਰੋਂਦੀ ਜ਼ਿੱਦ ਕਰਦੀ ਆਪਣੇ ਮਨ ਅੰਦਰਲਾ ਦੁੱਖ ਕਦੇ ਨਹੀਂ ਦਸਦੀ।’
ਗੁਰਭਜਨ ਗਿੱਲ ਦੇ ਕਹਿਣ ਅਨੁਸਾਰ ਘਣਗਸ ਦੀ ਕਵਿਤਾ ਜੀਵਨ ਦੇ ਦੁੱਖਾਂ-ਸੁੱਖਾਂ ਦਾ ਆਭਾਸ ਕਰਾਉਂਦੀ ਹੈ ਅਤੇ ਜੀਵਨ ਦੀ ਬਹੁਕੋਨੀ ਤਸਵੀਰ ਉਲੀਕਣ ਦੀ ਸਮਰੱਥਾ ਬਾਰੇ ਬੋਧ ਵੀ ਕਰਵਾਉਂਦੀ ਹੈ। ਕਵੀ ਜੀਵਨ ਦੇ ਸਮਾਜਿਕ ਮਸਲਿਆਂ ਦੀ ਗੱਲ, ਸਭਿਆਚਾਰ ਦੀ ਗੱਲ, ਪੰਜਾਬੀ ਤੇ ਪੰਜਾਬੀਅਤ ਦੀ ਗੱਲ, ਪ੍ਰਾਕਿਰਤਕ ਚਿਤਰਣ ਦੀ ਗੱਲ, ਲੋਕ ਰੰਗ ਅਤੇ ਵਿਸ਼ਵ ਮਨੁੱਖਤਾ ਦੀ ਗੱਲ ਆਦਿ ਸਰੋਕਾਰਾਂ ਨੂੰ ਉਪਦੇਸ਼ਾਤਮਕ ਲਹਿਜੇ ਰਾਹੀਂ ਪ੍ਰਦਾਨ ਕਰਦਾ ਹੈ। ਉਸ ਦੀ ਲੋਚਾ ਹੈ ਕਿ ਜੀਵਨ ਦੇ ਵਿਸ਼ਾਲ ਅਨੁਭੱਵ ਨੂੰ ਆਪਣੇ ਹਿਰਦੇ ਵਿਚ ਸਮੋ ਕੇ, ਪਾਠਕਾਂ ਨਾਲ ਸਾਂਝਾ ਕਰੇ। ਲੇਖਕ ਦੀ ਕਵਿਤਾ ਵਿਚ ਪਾਠਕਾਂ ਲਈ ਇਕ ਵਿਸ਼ੇਸ਼ ਸੁਨੇਹਾ ਵਿਦਮਾਨ ਹੈ। ਲੋਕ-ਲਖਸ਼ ਕਰਕੇ ਹੀ ਉਸ ਨੇ ਕਾਵਿ ਦੇ ਅਨੇਕਾਂ ‘ਕਾਵਿ-ਰੂਪਾਂ’ ਨੂੰ ਵਰਤਿਆ ਹੈ। ਸਿੱਧੇ ਸਾਦੇ ਕਾਵਿ ਰੂਪਾਂ ਵਿਚ ਕਵੀ ਆਪਣੀ ਗੱਲ ਸੌਖੀ ਤਰ੍ਹਾਂ ਕਹਿੰਦਾ ਹੀ ਨਹੀਂ, ਸੰਚਾਰ ਵੀ ਕਰਦਾ ਹੈ।
ਕਵੀ ਸਮਾਜ ਵਿਚ ਰਹਿੰਦਾ ਹੈ, ਚੰਗੀਆਂ-ਮੰਦੀਆਂ, ਉਤਸ਼ਾਹੀ ਤੇ ਗੁਣ-ਗ੍ਰਹੀ ਗੱਲਾਂ ਨੂੰ ਆਪਣੇ ਅਨੁਭੱਵ ਵਿਚ ਸਮੌਂਦਾ ਹੈ ਤੇ ਫਿਰ ਉਨ੍ਹਾਂ ਗੱਲਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਹੈ। ‘ਗੱਲਾਂ’ ਨਾਮੀਂ ਕਵਿਤਾ ਉਸ ਦੀ ਸਾਰਥਕ ਕਵਿਤਾ ਹੈ। ਸਿੱਧੀ ਸਾਦੀ ਧਾਰਣਾ ‘ਚ ਉਚਾਰੀ ਇਹ ਕਵਿਤਾ ਲੋਕਾਂ ਦੀਆਂ ਮਾਨਸਿਕ ਸਥਿਤੀਆਂ ਦੀ ਨਿਸ਼ਾਨਦੇਹੀ ਕਰਦੀ ਹੈ। ਕੁਝ ਉਦਾਹਰਣਾਂ ਹਾਜ਼ਰ ਹਨ:
ਆਪਣੀ ਗੱਲ ਹੀ ਕਰਦੇ ਲੋਕ,
ਦੂਜੇ ਦੀ ਗੱਲ ਨਾ ਜਰਦੇ ਲੋਕ।
……
ਗੱਲੀਂ ਕੰਮ ਚਲਾਂਦੇ ਲੋਕ,
ਗੱਲ ਦੀ ਖੱਟੀ ਖਾਂਦੇ ਲੋਕ।
ਇਹਨਾਂ ਕਾਵਿ ਟੋਟਿਆਂ ਵਿੱਚ ਕਿੰਨੀ ਸੱਚਾਈ ਭਰੀ ਪਈ ਹੈ। ਇਹ ਕਾਵਿ-ਟੋਟ ਸਿੱਧੇ ਪਧਰੇ ਵੀ ਹਨ ਤੇ ਕਾਵਿ-ਸੱਚ ਨਾਲ ਭਰੇ ਹੋਏ ਵੀ। ਇਹਨਾਂ ਦਾ ਸਮਾਜਕ ਸੱਚ ਮੂੰਹੋਂ ਬੋਲਦਾ ਹੈ।
ਘਣਗਸ ਨੇ ਕਵਿਤਾਵਾਂ ਵੀ ਲਿਖੀਆਂ ਹਨ, ਗ਼ਜ਼ਲਾਂ ਰਾਹੀਂ ਵੀ ਆਪਣੇ ਭਾਵ ਵਿਅਕਤ ਕੀਤੇ ਹਨ ਅਤੇ ਗੀਤਾਂ ਰਾਹੀਂ ਵੀ ਦਿਲ ਦੀ ਵੇਦਨਾ ਨੂੰ ਚਿਤਰਿਆ ਹੈ। ਇਸਤੋਂ ਬਿਨਾਂ ਫੁੱਟਕਲ ਕਿਸਮ ਦੀਆਂ ਕਾਵਿ ਰਚਨਾਵਾਂ ਵੀ ਦਿੱਤੀਆਂ ਹਨ। ਲੇਖਕ ਨੇ ਇਹਨਾਂ ਵਿਚ ਬੇਅੰਤ ਕਾਵਿ-ਰੂਪ ਵਰਤੇ ਹਨ ਜਿਵੇਂ ਬਾਰਾਂ ਮਾਹ, ਸੀਹਰਫ਼ੀ, ਪੈਂਤੀ ਅੱਖਰੀ ਅਤੇ ਸ਼ਲੋਕ ਆਦਿ। ਇੱਥੋਂ ਤੱਕ ਕਿ ਉਸ ਨੇ ਸਿੱਧੀਆਂ ਸਾਦੀਆਂ ਸੰਤਾਂ ਦੀਆਂ ਸ਼ਬਦ-ਧਾਰਣਾਂ ਨੂੰ ਵੀ ਆਪਣੇ ਕਾਵਿ ਰੰਗ ਵਿਚ ਪਰੋਇਆ ਹੈ। ‘ਸ਼ਬਦ ਧਾਰਣਾ’ ਨਾਮੀ ਕਵਿਤਾ ਵਿਚ ਉਸ ਨੇ ਸ਼ਬਦ ਧਾਰਣਾਂ ਦੀਆਂ ਪੰਕਤੀਆਂ ਦਿੱਤੀਆਂ ਹਨ। ਇਨ੍ਹਾਂ ‘ਚੋਂ ਸੰਤਾਂ ਦੀ ਪ੍ਰਚਲਤ ਸ਼ਬਦ-ਧਾਰਣਾਂ ‘ਚੋਂ ਮਿੱਠੀ ਮਿੱਠੀ ਮਹਿਕ ਆਉਂਦੀ ਹੈ ਜਿਸ ਵਿਚ ਧਾਰਮਕ ਭਾਵਨਾ ਤੇ ਸ਼ਰਧਾ ਭਰੀ ਪਈ ਹੈ:
ਲੈ ਤੂੰ ਨਾਮ ਦੀ ਖੁਮਾਰੀ ਜਿੰਦੇ ਮੇਰੀਏ
ਨਸਿ਼ਆਂ ‘ਚ ਕੀ ਰੱਖਿਆ।
ਮੇਰੇ ਪਿਆਰੇ ਜੀ,
ਵਾਹਵਾ ਵਾਹਵਾ ਜੀ, ਨਸ਼ਿਆਂ ‘ਚ ਕੀ ਰੱਖਿਆ।
ਗੱਲ ਕੀ ਲੇਖਕ ਨੇ ਆਪਣੇ ਸੰਗ੍ਰਹਿ ਰਾਹੀਂ ਵਭਿੰਨ ਵਿਸ਼ਿਆਂ ਨੂੰ ਸਮੇਟਿਆ ਹੈ। ਉਸ ਨੇ ਜੀਵਨ ਦੇ ਅਨੇਕਾਂ ਖੇਤਰਾਂ ਨੂੰ ਗਾਹਿਆ ਹੈ। ਵਿਸ਼ੇਸ਼ ਕਰਕੇ ਉਸਦੀ ਕਵਿਤਾ, ਬਾਹਰਮੁਖੀ ਸਰੂਪ ਵਾਲੀ ਹੋਣ ਕਰਕੇ ਉਸ ਵਿਚ ਜੀਵਨ ਦੇ ਚਲੰਤ ਮਸਲੇ ਭਾਰੂ ਹਨ। ਆਸ ਹੈ ਭਵਿੱਖ ਵਿਚ ਇਨ੍ਹਾਂ ਮਸਲਿਆਂ ਦੀ ਤਹਿ ਵਿਚ ਲੁਕਿਆ ਦਰਦ ਤੇ ਪੀੜਾ ਉਸ ਦੀ ਰਚਨਾ ਵਿਚ ਡੂੰਘੀ ਵੇਦਨਾ ਬਣ ਕੇ ਉੱਭਰੇਗੀ। ਲੇਖਕ ਦੀ ਸੋਚ ਸਕਾਰਾਤਮਕ ਹੈ ਅਤੇ ਉਹ ਭਲੀਭਾਂਤ ਸਮਝਦਾ ਹੈ ਕਿ-
ਲੈ ਡਿਗਰੀ ਦਾ ਆਸਰਾ, ਡਿਗਰੀ ਨਹੀਂ ਹੈ ਅੰਤ
ਡਿਗਰੀ ਤਾਂ ਇਕ ਸ਼ੁਰੂ ਹੈ, ਸੁਣ ਲੈ ਵੀਰ ਸੁਵੰਤ
ਸੁਣ ਲਉ ਮੇਰੇ ਸੁਹਣਿਉ, ਸੁਣ ਰੇ ਸਾਧੂ ਸੰਤ
ਵਿਦਿਆ ਇਕ ਸਮੁੰਦ ਹੈ, ਬੇਸ਼ੁਮਾਰ ਅਨੰਤ।
ਸਾਹਿਤ ਰਚਨਾ ਤੇ ਵੀ ਉਪਰੋਕਤ ਗੱਲ ਪੂਰੀ ਤਰ੍ਹਾਂ ਢੁੱਕਦੀ ਹੈ। ਅੰਤ ਕਦੇ ਵੀ ਨਹੀਂ ਹੁੰਦਾ। ਹਰ ਰਚਨਾ ਕੁਝ ਨਾ ਕੁਝ ਨਵਾਂ ਜ਼ਰੂਰ ਸਿਖਾਉਂਦੀ ਹੈ। ਪ੍ਰੇਰਨਾ ਤੇ ਉਤਸ਼ਾਹ ਵੀ ਜਗਾਉਂਦੀ ਹੈ। ਅਸੀਂ ਆਸ ਕਰਦੇ ਹਾਂ ਕਿ ਘਣਗਸ ਜੀ ਦੀ ਨਵੀਂ ਰਚਨਾ ਹੋਰ ਵੀ ਸੁੰਦਰ ਤੇ ਅਨੂਪਮ ਬਣੇ, ਉਹ ਆਪਣੇ ਜੀਵਨ ਅਨੁਭੱਵ ‘ਚੋਂ ਚੰਗੇਰੀਆਂ ਕਦਰਾਂ ਕੀਮਤਾਂ ਪਾਠਕਾਂ ਨੂੰ ਪ੍ਰਦਾਨ ਕਰੇ ਅਤੇ ਉਸ ਦੀ ਕਾਵਿ ਕਲਾ ਵੀ ਸਿੱਖਰਾਂ ਛੂਹਵੇ।
***
(99)
***
(7 ਮਾਰਚ 2021)
(‘ਲਿਖਾਰੀ’ ਵਿਚ ਪਹਿਲੀ ਵਾਰ ਛਪਿਆ: 2 ਜੂਨ 2007)
|