ਕਿਸੇ ਵੀ ਕੌਮ ਜਾਂ ਮੁਲਕ ਦਾ ਭਵਿੱਖ ਸਭ ਤੋਂ ਵੱਧ ਉਸ ਦੇ ਲੀਡਰ ਤੇ ਨਿਰਭਰ ਕਰਦਾ ਹੈ। ਸਫ਼ਲਤਾ ਹਮੇਸ਼ਾ ਲੀਡਰ ਦੇ ਠੀਕ ਢੰਗ ਨਾਲ਼ ਪ੍ਰਸ਼ਾਸਨ ਚਲਾਉਣ ਅਤੇ ਉਸ ਦੇ ਸਾਥੀਆਂ ਦੀ ਯੋਗਤਾ ਅਤੇ ਸਹਿਯੋਗ ਨਾਲ਼ ਹੀ ਪ੍ਰਾਪਤ ਹੁੰਦੀ ਹੈ। ਇਹ ਗੱਲ ਪਰਵਾਰ, ਕਿਸੇ ਵੀ ਸੰਸਥਾ, ਪਿੰਡ, ਸ਼ਹਿਰ, ਸੂਬੇ, ਜਾਂ ਦੇਸ਼ ਤੇ ਢੁਕਦੀ ਹੈ। ਜੇ ਪਰਵਾਰ ਵਿਚ ਪਰਵਾਰ ਦਾ ਮੁਖੀ ਹੀ ਨਿਕੰਮਾ ਅਤੇ ਸੁਸਤ ਹੋਵੇ ਤਾਂ ਪਰਵਾਰ ਲਈ ਸਫ਼ਲਤਾ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਂਦੀ ਹੈ। ਜੇ ਕਿਸੇ ਸੰਸਥਾ ਦਾ ਮੁਖੀ ਠੀਕ ਢੰਗ ਨਾਲ਼ ਕੰਮ ਨਾ ਚਲਾ ਸਕੇ ਤਾਂ ਉਸ ਸੰਸਥਾ ਦੇ ਫ਼ੇਲ੍ਹ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਕਿਸੇ ਸੂਬੇ ਜਾਂ ਦੇਸ਼ ਕੋਲ਼ ਯੋਗ ਲੀਡਰ ਨਾ ਹੋਣ ਤਾਂ ਉਹ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਜੇ ਕਿਸੇ ਮਰੀਜ਼ ਦਾ ਇਲਾਜ ਨੀਮ-ਹਕੀਮ ਡਾਕਟਰਾਂ ਤੋਂ ਹੀ ਕਰਾਇਆ ਜਾਵੇ ਤਾਂ ਬਿਮਾਰੀ ਵਧਣੀ ਹੀ ਹੈ, ਘਟਣੀ ਨਹੀਂ। ਪੰਜਾਬ ਦੀ ਬਦਕਿਸਮਤੀ ਇਹ ਰਹੀ ਹੈ ਕਿ ਇਸ ਨੂੰ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਕੋਈ ਯੋਗ ਲੀਡਰ ਨਹੀਂ ਮਿਲਿਆ ਅਤੇ ਜੇ ਮਿਲਿਆ ਹੈ ਤਾਂ ਉਸ ਨੂੰ ਰਾਜਨੀਤਕ ਪਾਰਟੀਆਂ ਦੀ ਅੰਦਰੂਨੀ ਫੁੱਟ ਨੇ ਬਹੁਤੀ ਦੇਰ ਚੱਲਣ ਨਹੀਂ ਦਿੱਤਾ। ਜਸਟਿਸ ਗੁਰਨਾਮ ਸਿੰਘ ਬਹੁਤ ਪੜ੍ਹਿਆ-ਲਿਖਿਆ ਯੋਗ ਮੁੱਖ ਮੰਤਰੀ ਸੀ ਪਰ ਉਸ ਨੂੰ ਅਕਾਲੀਆਂ ਦੀ ਆਪਸ-ਵਿਚਲੀ ਫੁੱਟ ਨੇ ਫ਼ੇਲ੍ਹ ਕਰ ਦਿੱਤਾ ਸੀ। ਉਹ ਦੋ ਵਾਰੀ ਮੁੱਖ ਮੰਤਰੀ ਬਣਿਆਂ ਸੀ – ਪਹਿਲੀ ਵਾਰੀ ਸਿਰਫ਼ 9 ਕੁ ਮਹੀਨੇ ਅਤੇ ਦੂਜੀ ਵਾਰੀ ਇਕ ਸਾਲ ਦੇ ਕਰੀਬ ਹੀ ਉਸ ਨੂੰ ਚੱਲਣ ਦਿੱਤਾ ਗਿਆ ਸੀ। ਲਛਮਣ ਸਿੰਘ ਭਾਵੇਂ ਬਹੁਤਾ ਪੜ੍ਹਿਆ-ਲਿਖਿਆ ਮੁੱਖ ਮੰਤਰੀ ਨਹੀਂ ਸੀ ਪਰ ਉਸ ਨੇ ਬਹੁਤ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਲਈ ਕਈ ਵਧੀਆ ਕੰਮ ਕੀਤੇ ਸਨ। ਉਹ ਵੀ ਮਸਾਂ 9 ਕੁ ਮਹੀਨੇ ਹੀ ਮੁੱਖ ਮੰਤਰੀ ਰਿਹਾ ਸੀ। ਕੈਰੋਂ ਅਮਰੀਕਾ ਤੋਂ ਅਰਥ-ਸ਼ਾਸਤਰ ਅਤੇ ਰਾਜਨੀਤੀ ਵਿਚ ਦੋ ਐੱਮ.ਏ. ਕਰ ਕੇ ਵਾਪਸ ਹਿੰਦੁਸਤਾਨ ਚਲੇ ਗਿਆ ਸੀ। ਉਸ ਨੂੰ ਰਾਜਨੀਤੀ ਦਾ ਵੀ ਪੂਰਾ ਗਿਆਨ ਸੀ ਅਤੇ ਆਰਥਿਕ ਤਰੱਕੀ ਬਾਰੇ ਵੀ ਪੂਰੀ ਜਾਣਕਾਰੀ ਸੀ। ਉਸ ਨੇ ਕੁਝ ਸਾਲ ਅਮਰੀਕਾ ਵਿਚ ਗੁਜ਼ਾਰ ਕੇ ਉੱਥੋਂ ਦੇ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਸੀ। ਪ੍ਰਤਾਪ ਸਿੰਘ ਕੈਰੋਂ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ਼ ਬਹੁਤ ਵਧੀਆ ਸੰਬੰਧ ਸਨ ਜਿਸ ਕਰ ਕੇ ਪ੍ਰਤਾਪ ਸਿੰਘ ਕੈਰੋਂ ਕੇਂਦਰ ਦੀ ਸਰਕਾਰ ਤੋਂ ਲੋੜੀਂਦੀ ਸਹਾਇਤਾ ਲੈ ਕੇ ਪੰਜਾਬ ਦੀ ਕਾਫ਼ੀ ਤਰੱਕੀ ਕਰ ਸਕਿਆ ਸੀ। ਕੈਰੋਂ ਨੇ ਆਪਣੇ ਲਗਭਗ ਅੱਠ ਸਾਲਾਂ ਦੇ ਰਾਜ ਵਿਚ ਪੰਜਾਬ ਵਿਚ ਬਹੁਤ ਸੁਧਾਰ ਕੀਤੇ ਸਨ। ਪੰਜਾਬ ਦੀ ਬਦਕਿਸਮਤੀ ਹੈ ਕਿ ਅਸੀਂ ਕੈਰੋਂ ਤੋਂ ਬਾਅਦ ਕੋਈ ਇਕ ਵੀ ਉਸ ਵਰਗਾ ਯੋਗ ਮੁੱਖ ਮੰਤਰੀ ਪੈਦਾ ਨਹੀਂ ਕਰ ਸਕੇ। ਜੇ ਪੰਜਾਬ ਕੋਲ਼ ਯੋਗ ਲੀਡਰ ਹੀ ਨਹੀਂ ਤਾਂ ਪੰਜਾਬ ਦੀ ਤਰੱਕੀ ਕਿਵੇਂ ਹੋ ਸਕਦੀ ਹੈ? ਇਹ ਵੀ ਬਦਕਿਸਮਤੀ ਹੈ ਕਿ ਪੰਜਾਬ ਵਿਚਲੀਆਂ ਦੋਵਾਂ ਮੁੱਖ ਪਾਰਟੀਆਂ ਨੇ ਵਾਰ ਵਾਰ ਉਨ੍ਹਾਂ ਸਿਆਸਤਦਾਨਾਂ ਨੂੰ ਹੀ ਲੀਡਰ ਚੁਣਿਆਂ ਹੈ ਜਿਹੜੇ ਵਧੀਆ ਕੰਮ ਨਹੀਂ ਕਰ ਸਕੇ। ਪੰਜਾਬ ਦੇ ਵੋਟਰ ਇਕ ਪਾਰਟੀ ਤੋਂ ਮਾਯੂਸ ਹੋ ਕੇ ਦੂਜੀ ਪਾਰਟੀ ਨੂੰ ਚੁਣ ਲੈਂਦੇ ਰਹੇ ਹਨ। ਫਿਰ ਉਸ ਪਾਰਟੀ ਤੋਂ ਮਾਯੂਸ ਹੋ ਕੇ ਪਹਿਲੀ ਨੂੰ ਦੁਬਾਰਾ ਚੁਣ ਲੈਂਦੇ ਰਹੇ ਹਨ। ਬਹੁਤ ਸਾਲਾਂ ਤੋਂ ਇਹੋ ਜਿਹਾ ਚੱਕਰ ਹੀ ਚਲਦਾ ਆ ਰਿਹਾ ਸੀ। ਦਿਨ-ਬ-ਦਿਨ ਪੰਜਾਬ ਦੀ ਹਾਲਤ ਪਤਲੀ ਹੋ ਰਹੀ ਦੇਖ ਕੇ ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ’ ਦੀਆਂ ਇਹ ਲਾਈਨਾਂ ਯਾਦ ਆਉਂਦੀਆਂ ਹਨ: ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।’ ਸਾਲ 2022 ਦੇ ਸ਼ੁਰੂ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਹੋਈ ਸੀ ਅਤੇ ਭਗਵੰਤ ਮਾਨ ਦੀ ਸਰਕਾਰ ਬਣੀ ਸੀ। ਇਸ ਥੋੜ੍ਹੇ ਜਿਹੇ ਸਮੇਂ ਵਿਚ ਇਸ ਨਵੀਂ ਸਰਕਾਰ ਨੇ ਕਾਫ਼ੀ ਵਧੀਆ ਕੰਮ ਕੀਤੇ ਹਨ ਪਰ ਪੰਜਾਬ ਦੀ ਜੋ ਪਤਲੀ ਹਾਲਤ ਪਿਛਲੇ ਬਹੁਤ ਸਾਰੇ ਸਾਲਾਂ ਵਿਚ ਦੋ ਪਾਰਟੀਆਂ ਦੇ ਰਾਜ ਨੇ ਕੀਤੀ ਹੈ ਉਸ ਦਾ ਸੁਧਾਰ ਕਰਨ ਲਈ ਬਹੁਤ ਦੇਰ ਲੱਗੇਗੀ। ਇਹ ਇਸੇ ਤਰ੍ਹਾਂ ਹੈ ਜਿਵੇਂ ਕਿਸੇ ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਉਸ ਦਾ ਇਲਾਜ ਕਰ ਕੇ ਉਸ ਨੂੰ ਤੰਦਰੁਸਤ ਕਰਨ ਵਿਚ ਬਹੁਤ ਦੇਰ ਲਗਦੀ ਹੈ। ਪੰਜਾਬ ਦੀ ਸਮੱਸਿਆ ਇਹ ਹੈ ਕਿ ਇਹ ਹਾਲੇ ਵੀ ਬਹੁਤਾ ਖੇਤੀ ਤੇ ਹੀ ਨਿਰਭਰ ਕਰਦਾ ਹੈ। ਅਜ਼ਾਦੀ ਦੇ ਲਗਭਗ ੭੬ ਸਾਲਾਂ ਤੋਂ ਬਾਅਦ ਵੀ ਪੰਜਾਬ ਵਿਚ ਇਕ-ਦੋ ਤੋਂ ਛੁੱਟ ਵੱਡੀਆਂ ਕੰਪਨੀਆਂ ਨਹੀਂ ਖੋਲ੍ਹੀਆਂ ਗਈਆਂ। ਹਿੰਦੁਸਤਾਨ ਦੇ ਕਈ ਹੋਰ ਸੂਬਿਆਂ ਵਿਚ ਜਾਂ ਸ਼ਹਿਰਾਂ ਵਿਚ ਤਕਨਾਲੋਜੀ ਦੀਆਂ ਬਹੁਤ ਸਾਰੀਆਂ ਕੰਪਨੀਆਂ ਖੋਲ੍ਹੀਆਂ ਗਈਆਂ ਹਨ ਜਿਵੇਂ ਪੂਨੇ, ਬੰਗਲੌਰ, ਨਾਇਡੂ, ਹੈਦਰਾਬਾਦ, ਅਤੇ ਗੁੜਗਾਉਂ ਵਿਚ। ਪੰਜਾਬ ਕੋਲ਼ ਕਾਫ਼ੀ ਨਿਪੁੰਨ ਇੰਜੀਨੀਅਰ ਅਤੇ ਕੰਪਿਊਟਰ ਦੇ ਮਾਹਿਰ ਹੋਣ ਦੇ ਬਾਵਜੂਦ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਕੋਈ ਵੱਡੀ ਇੰਜੀਨੀਅਰਿੰਗ ਕੰਪਨੀ, ਤਕਨਾਲੋਜੀ ਕੰਪਨੀ, ਜਾਂ ਦਵਾਈਆਂ ਬਣਾਉਣ ਦੀ (pharmaceutical) ਕੰਪਨੀ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਪਨੀ ਪੰਜਾਬ ਵਿਚ ਨਹੀਂ ਸਥਾਪਤ ਕੀਤੀ ਗਈ। ਭਾਰਤ ਦੇ ਹੋਰ ਕਈ ਸੂਬਿਆਂ ਵਿਚ ਆਊਟ-ਸੋਰਸ (outsource) ਦੀਆਂ ਕੰਪਨੀਆਂ ਖੁੱਲ੍ਹੀਆਂ ਹਨ ਜੋ ਅਮਰੀਕਾ, ਕੈਨੇਡਾ, ਅਤੇ ਹੋਰ ਉੱਨਤ ਦੇਸ਼ਾਂ ਲਈ ਗਾਹਕਾਂ ਦੇ ਫ਼ੋਨ ਕਾਲਾਂ ਦਾ ਜਵਾਬ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਦੀਆਂ ਹਨ। ਪਰ ਪੰਜਾਬ ਵਿਚ ਇਹੋ ਜਿਹੀ ਕੋਈ ਕੰਪਨੀ ਨਹੀਂ ਖੋਲ੍ਹੀ ਗਈ। ਮੈਂ ਕਈ ਵਾਰੀ ਦੇਖਿਆ ਹੈ ਕਿ ਜਦੋਂ ਮੈਂ ਕਿਸੇ ਕੰਪਿਊਟਰ ਕੰਪਨੀ ਜਾਂ ਕਿਸੇ ਏਅਰ ਲਾਈਨ ਕੰਪਨੀ ਜਾਂ ਕਿਸੇ ਕਰੈਡਿਟ ਕਾਰਡ ਕੰਪਨੀ ਆਦਿ ਤੋਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਬਹੁਤੀ ਵਾਰੀ ਫ਼ੋਨ ਦਾ ਜਵਾਬ ਦੇਣ ਵਾਲਾ ਮੁਲਾਜ਼ਮ ਹਿੰਦੁਸਤਾਨ, ਇੰਡੋਨੇਸ਼ੀਆ, ਜਾਂ ਕਿਸੇ ਹੋਰ ਏਸ਼ੀਅਨ ਮੁਲਕ ਤੋਂ ਹੁੰਦਾ ਹੈ। ਹਿੰਦੁਸਤਾਨ ਵਿਚੋਂ ਆਮ ਤੌਰ ਤੇ ਇਹੋ ਜਿਹੇ ਮੁਲਾਜ਼ਮ ਪੂਨੇ, ਬੰਗਲੌਰ, ਨਾਇਡੂ, ਗੁੜਗਾਉਂ, ਜਾਂ ਹੈਦਰਾਬਾਦ ਤੋਂ ਹੀ ਹੁੰਦੇ ਹਨ। ਪੰਜਾਬ ਇਸ ਪਾਸੇ ਕਿਉਂ ਧਿਆਨ ਨਹੀਂ ਦੇ ਸਕਿਆ? ਪੰਜਾਬ ਕੋਲ਼ ਪੜ੍ਹੇ ਲਿਖੇ ਵਧੀਆ ਅੰਗਰੇਜ਼ੀ ਬੋਲਣ ਵਾਲੇ ਬਹੁਤ ਲੋਕ ਹਨ। ਮੁਸ਼ਕਲ ਇਹ ਹੈ ਕਿ ਪੰਜਾਬ ਦੇ ਲੀਡਰਾਂ ਅਤੇ ਲੋਕਾਂ ਨੇ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ। ਇਸ ਇੱਕੀਵੀਂ ਸਦੀ ਵਿਚ ਕਿਸੇ ਵੀ ਦੇਸ਼ ਜਾਂ ਸੂਬੇ ਦਾ ਸਿਰਫ਼ ਖੇਤੀਬਾੜੀ ਤੇ ਨਿਰਭਰ ਹੋਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਕੋਈ ਜ਼ਮਾਨਾ ਸੀ ਕਿ ਲੋਕਾਂ ਦੀਆਂ ਲੋੜਾਂ ਅਤੇ ਮੰਗਾਂ ਸਿਰਫ਼ ਰੋਟੀ, ਕੱਪੜੇ, ਅਤੇ ਮਕਾਨ ਤੱਕ ਹੀ ਸੀਮਤ ਸਨ। ਅੱਜ ਦੇ ਜ਼ਮਾਨੇ ਵਿਚ ਲੋਕਾਂ ਦੀਆਂ, ਖ਼ਾਸ ਕਰ ਕੇ ਨਵੀਂ ਪੀੜ੍ਹੀ ਦੀਆਂ, ਲੋੜਾਂ ਅਤੇ ਮੰਗਾਂ ਬਹੁਤ ਜ਼ਿਆਦਾ ਹੋ ਗਈਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਜਿਸ ਆਮਦਨ ਦੀ ਪਰਵਾਰਾਂ ਨੂੰ ਲੋੜ ਹੈ ਉਹ ਬਹੁਤੇ ਪਰਵਾਰਾਂ ਲਈ ਖੇਤੀ ਤੋਂ ਹਾਸਲ ਕਰਨੀ ਅਸੰਭਵ ਹੈ। ਪੰਜਾਬ ਨੂੰ ਰੁਜ਼ਗਾਰ ਦੇ ਨਵੇਂ ਹਾਈ-ਟੈੱਕ (high-tech) ਵਸੀਲੇ ਪੈਦਾ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਤੋਂ ਲੋਕਾਂ ਦੀਆਂ ਤਨਖ਼ਾਹਾਂ ਜ਼ਿਆਦਾ ਹੋਣ। ਪੰਜਾਬ ਵਿਚ ਰੁਜ਼ਗਾਰ ਦੇ ਸਾਧਨ ਬਹੁਤੇ ਨਾ ਹੋਣ ਕਰ ਕੇ ਹੀ ਨਵੀਂ ਨੌਜਵਾਨ ਪੀੜ੍ਹੀ ਦੇ ਲੜਕੇ ਅਤੇ ਲੜਕੀਆਂ ਬਹੁਤ ਨਿਰਾਸ਼ ਅਤੇ ਮਾਯੂਸ ਹਨ। ਪੜ੍ਹੇ-ਲਿਖੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਆਪਣੀ ਯੋਗਤਾ ਤੋਂ ਹੇਠਾਂ ਦਾ ਕੰਮ ਇਹ ਬੱਚੇ ਕਰ ਕੇ ਰਾਜ਼ੀ ਨਹੀਂ ਅਤੇ ਉਨ੍ਹਾਂ ਦੀ ਯੋਗਤਾ ਦੇ ਬਰਾਬਰ ਦਾ ਕੰਮ ਮਿਲਦਾ ਨਹੀਂ। ਇਸੇ ਕਰ ਕੇ ਪੰਜਾਬ ਦੇ ਬਹੁਤੇ ਨੌਜਵਾਨ ਲੜਕੇ-ਲੜਕੀਆਂ ਦੂਜੇ ਮੁਲਕਾਂ ਨੂੰ ਜਾਣ ਲਈ ਨੱਠੇ ਫਿਰਦੇ ਹਨ ਜਿਸ ਵਾਸਤੇ ਉਹ ਹਰ ਜਾਇਜ਼ ਅਤੇ ਨਜਾਇਜ਼ ਵਸੀਲਾ ਅਪਣਾਉਣ ਲਈ ਤਿਆਰ ਹਨ। ਜਦੋਂ ਨੌਜਵਾਨ ਬੱਚੇ ਬਾਹਰਲੇ ਮੁਲਕਾਂ ਤੋਂ ਆਏ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਦਾ ਦਿਖਾਵਾ ਕਰਦੇ ਦੇਖਦੇ ਹਨ ਤਾਂ ਇਨ੍ਹਾਂ ਦਾ ਦਿਲ ਵੀ ਬਾਹਰ ਜਾਣ ਨੂੰ ਘਾਊਂ-ਮਾਊਂ ਕਰਨ ਲੱਗ ਪੈਂਦਾ ਹੈ। ਬਹੁਤ ਸਾਰੇ ਪਰਵਾਰ ਇਸੇ ਕੋਸ਼ਿਸ਼ ਵਿਚ ਕਿ ਉਨ੍ਹਾਂ ਦੇ ਬੱਚੇ ਬਾਹਰ ਚਲੇ ਜਾਣ ਜ਼ਮੀਨਾਂ ਵੇਚ ਕੇ ਪੈਸੇ ਗੁਆ ਬੈਠੇ ਹਨ, ਕਰਜ਼ਿਆਂ ਹੇਠ ਦੱਬੇ ਗਏ ਹਨ, ਅਤੇ ਦੀਵਾਲੀਏ ਬਣ ਗਏ ਹਨ। ਕਦੇ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਗੁਰੂਆਂ-ਪੀਰਾਂ ਦੇ ਨਾਂ ਤੇ ਵਸਦਾ ਹੈ। ਹੁਣ ਬਹੁਤ ਸਾਲਾਂ ਤੋਂ ਪੰਜਾਬ ਦੋ ਗੱਲਾਂ ਤੇ ਹੀ ਵਸਦਾ ਹੈ। ਇਕ ਤਾਂ ਬਾਹਰਲੇ ਮੁਲਕਾਂ ਤੋਂ ਆਉਂਦੇ ਪੈਸੇ ਦੀ ਮਦਦ ਨਾਲ਼ ਹੀ ਪੰਜਾਬ ਵਸਦਾ ਹੈ। ਜਿਨ੍ਹਾਂ ਪਰਵਾਰਾਂ ਦਾ ਇਕ ਮੈਂਬਰ ਵੀ ਬਾਹਰਲੇ ਕਿਸੇ ਮੁਲਕ ਵਿਚ ਚਲੇ ਗਿਆ ਸੀ, ਉਸ ਪਰਵਾਰ ਦੀਆਂ ਪੌਂਅ ਬਾਰਾਂ ਸਨ। ਬਾਕੀ ਮੈਂਬਰ ਵਿਹਲੇ ਬੈਠ ਕੇ ਜਾਂ ਥੋੜ੍ਹਾ ਬਹੁਤ ਕੰਮ ਕਰ ਕੇ ਹੀ ਰੱਜਵੀਂ ਰੋਟੀ ਖਾਂਦੇ ਸਨ। ਪਿਛਲੀ ਪੀੜ੍ਹੀ ਦੇ ਬਾਹਰ ਗਏ ਲੋਕਾਂ ਨੇ ਪੈਸੇ ਭੇਜ-ਭੇਜ ਕੇ ਪੰਜਾਬ ਵਿਚ ਵਧੀਆ ਮਕਾਨ ਬਣਾ ਲਏ, ਕੋਠੀਆਂ ਖ਼ਰੀਦ ਲਈਆਂ, ਅਤੇ ਜ਼ਮੀਨਾਂ ਖ਼ਰੀਦ ਲਈਆਂ। ਇਸ ਦਾ ਨਤੀਜਾ ਇਹ ਹੋਇਆ ਕਿ ਮਕਾਨਾਂ ਅਤੇ ਜ਼ਮੀਨਾਂ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ਼ ਵਧ ਕੇ ਅਸਮਾਨ ਚੜ੍ਹ ਗਈਆਂ ਕਿ ਆਮ ਪੰਜਾਬੀ ਪਰਵਾਰ ਲਈ ਜ਼ਮੀਨ ਖ਼ਰੀਦਣੀ ਅਤੇ ਘਰ ਬਣਾਉਣਾ ਅਸੰਭਵ ਹੋ ਗਿਆ ਹੈ। ਪਰ ਹੁਣ ਬਾਹਰ ਗਏ ਪਿਛਲੀ ਪੀੜ੍ਹੀ ਦੇ ਲੋਕਾਂ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੱਚਿਆਂ ਨੇ ਕਦੇ ਵੀ ਵਾਪਸ ਹਿੰਦੁਸਤਾਨ ਨਹੀਂ ਆਉਣਾ ਜਦੋਂ ਕਿ ਪਹਿਲਾਂ ਇਹ ਲੋਕ ਸੋਚਦੇ ਸਨ ਕਿ ਕਿਸੇ ਦਿਨ ਉਹ ਹਿੰਦੁਸਤਾਨ ਵਾਪਸ ਜਾਣਗੇ ਅਤੇ ਬੁਢਾਪਾ ਉੱਥੇ ਹੀ ਗੁਜ਼ਾਰਨਗੇ। ਹੁਣ ਇਹ ਲੋਕ, ਜਿਨ੍ਹਾਂ ਨੇ ਪਹਿਲਾਂ ਜ਼ਮੀਨਾਂ ਅਤੇ ਮਕਾਨ ਪੰਜਾਬ ਵਿਚ ਖ਼ਰੀਦੇ ਸਨ, ਉਹ ਉਨ੍ਹਾਂ ਜ਼ਮੀਨਾਂ ਅਤੇ ਮਕਾਨਾਂ ਨੂੰ ਤੇਜ਼ੀ ਨਾਲ਼ ਵੇਚ ਰਹੇ ਹਨ। ਇਹ ਇਕ ਮੁੱਖ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਜ਼ਮੀਨ ਅਤੇ ਮਕਾਨਾਂ ਦੀਆਂ ਕੀਮਤਾਂ ਬਹੁਤ ਘਟ ਗਈਆਂ ਹਨ। ਮੇਰਾ ਅੰਦਾਜ਼ਾ ਹੈ ਕਿ ਇਹ ਕੀਮਤਾਂ ਹਾਲੇ ਹੋਰ ਵੀ ਹੇਠਾਂ ਜਾਣਗੀਆਂ। ਦੂਜੀ ਗੱਲ ਜਿਸ ਤੇ ਅੱਜ ਦਾ ਪੰਜਾਬ ਵਸਦਾ ਹੈ ਉਹ ਹੈ ਬਾਹਰਲੇ ਸੂਬਿਆਂ ਤੋਂ (ਖ਼ਾਸ ਕਰ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ) ਆਏ ਲੋਕ ਜੋ ਪੰਜਾਬ ਦਾ ਬਹੁਤਾ ਕਾਰੋਬਾਰ ਸੰਭਾਲੀ ਬੈਠੇ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਪਰਵਾਸੀ ਕਹਿੰਦੇ ਹਾਂ ਪਰ ਅਸਲ ਵਿਚ ਇਹ ਲੋਕ ਪਰਵਾਸੀ ਨਹੀਂ। ਇਨ੍ਹਾਂ ਲੋਕਾਂ ਲਈ ਪਰਵਾਸੀ ਸ਼ਬਦ ਵਰਤਣਾ ਬਿਲਕੁਲ ਗ਼ਲਤ ਹੈ। ਇਹ ਤਾਂ ਆਪਣੇ ਮੁਲਕ ਵਿਚ ਹੀ ਇਕ ਸੂਬੇ ਤੋਂ ਉੱਠ ਕੇ ਦੂਜੇ ਸੂਬੇ ਵਿਚ ਜਾ ਵਸੇ ਹਨ। ਜਦੋਂ ਤੱਕ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੈ, ਉਦੋਂ ਤੱਕ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਵਿਚੋਂ ਕੋਈ ਇਨਸਾਨ ਵੀ ਆ ਕੇ ਪੰਜਾਬ ਵਿਚ ਵਸਣ ਦਾ ਉਸੇ ਤਰ੍ਹਾਂ ਦਾ ਹੱਕ ਰੱਖਦਾ ਹੈ ਜਿਸ ਤਰ੍ਹਾਂ ਦਾ ਪੰਜਾਬ ਦੇ ਲੋਕ ਦੂਜੇ ਸੂਬਿਆਂ ਵਿਚ ਜਾ ਕੇ ਵਸਣ ਦਾ ਹੱਕ ਰੱਖਦੇ ਹਨ। ਜਿਹੜੇ ਲੋਕ ਨੇਪਾਲ ਤੋਂ ਪੰਜਾਬ ਵਿਚ ਕੰਮ ਕਰਨ ਲਈ ਆਉਂਦੇ ਹਨ, ਉਹ ਜ਼ਰੂਰ ਪਰਵਾਸੀ ਹਨ। ਜਾਂ ਫਿਰ ਮੇਰੇ ਵਰਗੇ ਲੋਕ ਪਰਵਾਸੀ ਹਨ ਜੋ ਹਿੰਦੁਸਤਾਨ ਛੱਡ ਕੇ ਬਾਹਰਲੇ ਮੁਲਕਾਂ ਵਿਚ ਜਾ ਵਸੇ ਹਨ। ਜੇ ਇਹ ਲੋਕ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ (ਜਾਂ ਹੋਰ ਸੂਬਿਆਂ ਤੋਂ) ਪੰਜਾਬ ਵਿਚ ਨਾ ਆਉਣ ਤਾਂ ਪੰਜਾਬ ਦੇ ਬਹੁਤ ਸਾਰੇ ਕੰਮ ਬਿਲਕੁਲ ਠੱਪ ਹੋ ਜਾਣ। ਅਸਲ ਵਿਚ ਇਨ੍ਹਾਂ ਲੋਕਾਂ ਨੇ ਹੀ ਪੰਜਾਬ ਦੇ ਕਾਰੋਬਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਦੇ ਬਾਵਜੂਦ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਆ ਕੇ ਬਚਾ ਲਿਆ ਹੈ, ਪੰਜਾਬ ਦੇ ਕੁਝ ਲੋਕ ਕਹਿੰਦੇ ਹਨ ਕਿ ਇਨ੍ਹਾਂ ਲੋਕਾਂ ਨੇ ਆ ਕੇ ਪੰਜਾਬ ਦਾ ਕਲਚਰ ਵਿਗਾੜ ਦਿੱਤਾ ਹੈ। ਇਹ ਕਹਿਣਾ ਬਿਲਕੁਲ ਗ਼ਲਤ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਕਲਚਰ ਵੀ ਹਮੇਸ਼ਾ ਵਾਸਤੇ ਸਥਿਰ ਨਹੀਂ ਰਹਿੰਦਾ। ਕਲਚਰ ਹਮੇਸ਼ਾ ਬਦਲਦਾ ਰਹਿੰਦਾ ਹੈ, ਖ਼ਾਸ ਕਰ ਕੇ ਹਰ ਨਵੀਂ ਪੀੜ੍ਹੀ ਦੇ ਆਉਣ ਨਾਲ। ਦੂਸਰੀ ਗੱਲ ਕਿ ਜੇ ਪੰਜਾਬ ਦਾ ਕਲਚਰ ਵਿਗੜ ਰਿਹਾ ਹੈ ਤਾਂ ਇਸ ਵਿਚ ਬਹੁਤਾ ਹੱਥ ਪੰਜਾਬੀਆਂ ਦਾ ਆਪਣਾ ਹੈ, ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰਾਂ ਦਾ ਨਹੀਂ। ਪੰਜਾਬ ਦੀ ਹੀ ਨਹੀਂ ਸਗੋਂ ਸਾਰੇ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਹੈ ਤੇਜ਼ੀ ਨਾਲ਼ ਵਧੀ ਅਬਾਦੀ ਜੋ ਹਾਲੇ ਵੀ ਵੱਧ ਰਹੀ ਹੈ। ਮੈਨੂੰ ਉਮੀਦ ਹੈ ਕਿ ਸ਼ਾਇਦ ਭਾਰਤ ਦੀ ਅਬਾਦੀ ਇਸ ਵੇਲੇ ਚੀਨ ਦੀ ਅਬਾਦੀ ਤੋਂ ਕੁਝ ਵੱਧ ਹੋ ਗਈ ਹੋਵੇ ਜਾਂ ਹੋਣ ਵਾਲੀ ਹੈ। ਅਮਰੀਕਾ ਦਾ ਕੁੱਲ ਏਰੀਆ ਹਿੰਦੁਸਤਾਨ ਨਾਲੋਂ ਤਿੰਨ ਗੁਣਾ ਵੱਧ ਹੈ ਪਰ ਹਿੰਦੁਸਤਾਨ ਦੀ ਅਬਾਦੀ ਅਮਰੀਕਾ ਨਾਲੋਂ ਚਾਰ ਗੁਣਾ ਵੱਧ ਹੈ। ਕੈਨੇਡਾ ਦਾ ਏਰੀਆ ਵੀ ਹਿੰਦੁਸਤਾਨ ਨਾਲੋਂ ਤਿੰਨ ਗੁਣਾ ਤੋਂ ਵੱਧ ਹੈ ਪਰ ਹਿੰਦੁਸਤਾਨ ਦੀ ਅਬਾਦੀ ਕੈਨੇਡਾ ਨਾਲੋਂ ਲਗਭਗ 37 ਗੁਣਾ ਵੱਧ ਹੈ। ਹਿੰਦੁਸਤਾਨ ਲਈ ਇੰਨੇ ਜ਼ਿਆਦਾ ਲੋਕਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਦੇਣਾ ਸਿਰਫ਼ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਜੇ ਇਸ ਨੇ ਆਪਣਾ ਭਵਿੱਖ ਵਧੀਆ ਬਣਾਉਣਾ ਹੈ ਤਾਂ ਪੰਜਾਬ ਨੂੰ ਹੀ ਨਹੀਂ ਸਗੋਂ ਹਿੰਦੁਸਤਾਨ ਨੂੰ ਆਪਣੀ ਅਬਾਦੀ ਜਿੰਨੀ ਛੇਤੀ ਹੋ ਸਕੇ ਬਹੁਤ ਤੇਜ਼ੀ ਨਾਲ਼ ਘਟਾਉਣੀ ਚਾਹੀਦੀ ਹੈ। ਹੁਣ ਆਮ-ਤੌਰ ਤੇ ਪੜ੍ਹੇ-ਲਿਖੇ ਲੋਕ ਤਾਂ ਘੱਟ ਬੱਚੇ ਪੈਦਾ ਕਰ ਰਹੇ ਹਨ ਪਰ ਘੱਟ ਪੜ੍ਹੇ-ਲਿਖੇ ਲੋਕ ਅਤੇ ਅਨਪੜ੍ਹ ਲੋਕ ਹਾਲੇ ਵੀ ਆਮ-ਤੌਰ ਤੇ ਜ਼ਿਆਦਾ ਬੱਚੇ ਪੈਦਾ ਕਰਦੇ ਹਨ। ਅਬਾਦੀ ਘਟਾਉਣ ਲਈ ਲੋਕਾਂ ਨੂੰ ਛੋਟੇ ਪਰਵਾਰ ਦੇ ਫ਼ਾਇਦੇ ਦੱਸਣ ਦੀ ਲੋੜ ਹੈ। ਇਹ ਟੀਚਾ ਕਈ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਵੇਂ ਲੋਕਾਂ ਨੂੰ ਕੁਝ ਆਰਥਿਕ ਲਾਲਚ ਦੇ ਕੇ। ਲੋਕਾਂ ਵਿਚ ਘੱਟ ਬੱਚੇ ਪੈਦਾ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਲੋਕਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਬੱਚਿਆਂ ਦੀ ਗਿਣਤੀ ਘੱਟ ਅਤੇ ਉਨ੍ਹਾਂ ਵਿਚ ਗੁਣ ਜ਼ਿਆਦਾ ਪੈਦਾ ਕਰੋ। ਜਾਣੀ ਕਿ ਲੋਕਾਂ ਨੂੰ ਇਹ ਸਮਝਾਇਆ ਜਾਣਾ ਚਾਹੀਦਾ ਹੈ ਕਿ ਬੱਚੇ ਇਕ ਜਾਂ ਦੋ ਹੀ ਪੈਦਾ ਕਰੋ ਪਰ ਉਨ੍ਹਾਂ ਦੇ ਪਾਲਣ-ਪੋਸਣ ਵੱਲ ਜ਼ਿਆਦਾ ਧਿਆਨ ਦੇਵੋ ਅਤੇ ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਵਧੀਆ ਇਨਸਾਨ ਬਣਾਓ। ਭਾਵ ਇਹ ਕਿ emphasize on quality than quantity of children. ਪੰਜਾਬ (ਅਤੇ ਸਾਰੇ ਹਿੰਦੁਸਤਾਨ) ਦੀ ਇਕ ਹੋਰ ਵੱਡੀ ਸਮੱਸਿਆ ਜੋ ਤਰੱਕੀ ਦੇ ਰਾਹ ਵਿਚ ਰੋੜਾ ਬਣ ਰਹੀ ਹੈ ਉਹ ਹੈ ਭ੍ਰਿਸ਼ਟਾਚਾਰ, ਹੇਰਾ-ਫੇਰੀ, ਬੇਈਮਾਨੀ, ਰਿਸ਼ਵਤਖ਼ੋਰੀ, ਆਦਿ। ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਰਿਸ਼ਵਤ ਦੇਣ ਤੋਂ ਬਗੈਰ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਦੀ ਨਿਗਾਹ ਕੰਮ ਕਰ ਕੇ ਗੁਜ਼ਾਰਾ ਕਰਨ ਦੀ ਥਾਂ ਹੇਰਾ-ਫੇਰੀ ਨਾਲ਼ ਅਮੀਰ ਬਣਨ ਵੱਲ ਲੱਗੀ ਰਹਿੰਦੀ ਹੈ। ਇਮਾਨਦਾਰੀ ਬਹੁਤ ਘੱਟ ਹੀ ਨਜ਼ਰ ਆਉਂਦੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਬਾਹਰ ਗਏ ਪੰਜਾਬੀ ਹੁਣ ਪੰਜਾਬ ਵਿਚ ਪੈਸਾ ਬਿਜ਼ਨਸ ਵਿਚ ਲਾਉਣ ਤੋਂ ਕਤਰਾਉਂਦੇ ਹੀ ਨਹੀਂ ਸਗੋਂ ਡਰਨ ਲੱਗ ਪਏ ਹਨ। ਵਿਦੇਸ਼ੀ ਕੰਪਨੀਆਂ ਵੀ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਕਾਰਨ ਹਿੰਦੁਸਤਾਨ ਵਿਚ ਬਿਜ਼ਨਸ ਖੋਲ੍ਹਣ ਤੋਂ ਡਰਦੀਆਂ ਹਨ। ਜਿਵੇਂ ਪਹਿਲਾਂ ਕਿਹਾ ਹੈ, ਪੰਜਾਬ ਵਿਚ ਨੌਕਰੀਆਂ, ਖ਼ਾਸ ਕਰ ਕੇ ਪੜ੍ਹੇ-ਲਿਖੇ ਨੌਜਵਾਨ ਬੱਚਿਆਂ ਲਈ, ਬਹੁਤ ਘੱਟ ਹਨ। ਇਸ ਬੇਰੁਜ਼ਗਾਰੀ ਦੇ ਕਈ ਅਸਰ ਹਨ। ਜਿਵੇਂ ਪਹਿਲਾਂ ਕਿਹਾ ਹੈ, ਇਕ ਅਸਰ ਤਾਂ ਇਹ ਹੈ ਕਿ ਨੌਜਵਾਨ ਬੱਚੇ-ਬੱਚੀਆਂ ਹਰ ਠੀਕ ਜਾਂ ਗ਼ਲਤ ਢੰਗ ਨਾਲ਼ ਲੱਖਾਂ ਰੁਪਏ ਖ਼ਰਚ ਕੇ ਬਾਹਰਲੇ ਮੁਲਕਾਂ ਵਿਚ ਜਾਣ ਲਈ ਨੱਠੇ ਫਿਰਦੇ ਹਨ। ਜੇ ਉਹ ਇਸ ਟੀਚੇ ਵਿਚ ਸਫ਼ਲ ਨਹੀਂ ਹੁੰਦੇ ਅਤੇ ਪੈਸੇ ਵੀ ਗੁਆ ਲੈਂਦੇ ਹਨ ਤਾਂ ਕਈ ਨੌਜਵਾਨ ਤਾਂ ਖ਼ੁਦਕੁਸ਼ੀ ਕਰ ਲੈਂਦੇ ਹਨ। ਕੁਝ ਨਸ਼ਿਆਂ ਵਿਚ ਗੜੁੱਚ ਜਾਂਦੇ ਹਨ ਅਤੇ ਆਪਣੀ ਅਤੇ ਆਪਣੇ ਪਰਵਾਰ ਦੀ ਜ਼ਿੰਦਗੀ ਖ਼ਰਾਬ ਕਰ ਲੈਂਦੇ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬ ਨਸ਼ਿਆਂ ਦੀ ਬਿਮਾਰੀ ਦਾ ਦੱਬ ਕੇ ਮਰੀਜ਼ ਹੋਇਆ ਰਿਹਾ ਹੈ ਅਤੇ ਇਸ ਦੇ ਵਧਣ ਦਾ ਕਾਰਨ ਇਹ ਵੀ ਹੈ ਕਿ ਕੁਝ ਸਰਕਾਰ ਨਾਲ਼ ਸੰਬੰਧਿਤ ਮੰਤਰੀ, ਐੱਮ.ਐੱਲ.ਏ., ਅਤੇ ਹੋਰ ਕਰਮਚਾਰੀ ਜਾਂ ਰਿਸ਼ਤੇਦਾਰ ਆਪ ਨਸ਼ੇ ਵੇਚਣ ਦੇ ਧੰਦੇ ਵਿਚ ਲੱਗੇ ਰਹੇ ਹਨ। ਨਸ਼ਿਆਂ ਦੀ ਬਹੁਤਾਤ ਕਾਰਨ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਨੌਜਵਾਨ ਬੱਚੇ ਕੰਮ ਨਹੀਂ ਕਰਦੇ ਅਤੇ ਪੰਜਾਬ ਦੀ ਹਾਲਤ ਦਿਨ-ਬ-ਦਿਨ ਵਿਗੜ ਰਹੀ ਹੈ। ਦੁਨੀਆ ਦੇ ਸਾਰੇ ਧਰਮ ਹੀ ਗੁਰੂਆਂ, ਪੀਰਾਂ, ਫ਼ਕੀਰਾਂ, ਪੈਗ਼ੰਬਰਾਂ, ਆਦਿ ਨੇ ਇਸ ਲਈ ਸ਼ੁਰੂ ਕੀਤੇ ਸਨ ਕਿ ਲੋਕਾਂ ਨੂੰ ਜ਼ਿੰਦਗੀ ਵਿਚ ਭਟਕਣ ਤੋਂ ਬਚਾ ਕੇ ਸਹੀ ਰਸਤੇ ਤੇ ਪਾਇਆ ਜਾਵੇ। ਪਰ ਹੌਲੀ ਹੌਲੀ ਧਰਮਾਂ ਨੂੰ ਆਪਣੇ ਕਲਾਵੇ ਅਤੇ ਆਪਣੀ ਜਕੜ ਵਿਚ ਲੈ ਕੇ ਇਨ੍ਹਾਂ ਦੇ ਮਾਲਕ ਬਣ ਬੈਠੇ ਲੋਕਾਂ ਨੇ ਧਰਮਾਂ ਨੂੰ ਵੀ ਕੁਰਾਹੇ ਪਾ ਦਿੱਤਾ ਹੈ ਅਤੇ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਬਹੁਤੇ ਲੋਕਾਂ ਨੂੰ ਵੀ ਕੁਰਾਹੇ ਪਾ ਦਿੱਤਾ ਹੈ। ਧਰਮ ਦੇ ਨਾਂ ਤੇ ਪੰਜਾਬ ਵਿਚ ਹੀ ਨਹੀਂ, ਹਿੰਦੁਸਤਾਨ ਵਿਚ ਹੀ ਨਹੀਂ, ਸਗੋਂ ਦੁਨੀਆ ਦੇ ਲਗਭਗ ਸਾਰੇ ਮੁਲਕਾਂ ਵਿਚ ਦੰਗੇ, ਫ਼ਸਾਦ, ਲੜਾਈਆਂ, ਮਾਰ-ਪਿਟਾਈ, ਨਫ਼ਰਤ, ਆਦਿ ਹੱਦ ਤੋਂ ਵੱਧ ਫ਼ੈਲ ਗਏ ਹਨ। ਧਰਮ ਤੋਂ ਜ਼ਿੰਦਗੀ ਜਿਊਣ ਦੇ ਵਧੀਆ ਅਸੂਲ ਸਿੱਖਣ ਦੀ ਬਜਾਏ ਲੋਕਾਂ ਨੇ ਸਿਰਫ਼ ਪਾਠ-ਪੂਜਾ ਵੱਲ ਹੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਕਿਸੇ ਇਕ ਧਰਮ ਦੀ ਗੱਲ ਨਹੀਂ ਸਗੋਂ ਦੁਨੀਆ ਦੇ ਸਾਰੇ ਧਰਮਾਂ ਦੀ ਗੱਲ ਹੈ। ਜੇ ਪੰਜਾਬ ਵੱਲ ਦੇਖੀਏ ਤਾਂ ਬਾਬਿਆਂ ਦੇ ਡੇਰੇ ਪਿੰਡ-ਪਿੰਡ ਵਿਚ ਖੁੱਲ੍ਹੇ ਹੋਏ ਹਨ। ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਲੋਕ ਇਨ੍ਹਾਂ ਡੇਰਿਆਂ ਵਿਚ ਇਨ੍ਹਾਂ ਬਾਬਿਆਂ ਦੇ ਦਰਸ਼ਨ ਕਰਨ ਜਾਂਦੇ ਹਨ। ਧਾਰਮਿਕ ਸਥਾਨਾਂ ਤੇ ਜਾਣਾ ਮਾੜੀ ਗੱਲ ਨਹੀਂ ਪਰ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿਹੋ ਜਿਹੇ ਧਾਰਮਿਕ ਸਥਾਨਾਂ ਤੇ ਜਾਣਾ ਹੈ ਅਤੇ ਕਿਸ ਮਕਸਦ ਲਈ ਜਾਣਾ ਹੈ। ਲੋਕ ਤਾਂ ਬੱਸਾਂ ਭਰ ਕੇ, ਟਰੱਕ ਭਰ ਕੇ, ਟਰਾਲੀਆਂ ਲੱਦ ਕੇ, ਕਾਰਾਂ ਭਰ ਕੇ ਇਨ੍ਹਾਂ ਬਾਬਿਆਂ ਦੇ ਡੇਰਿਆਂ ਵੱਲ ਵਹੀਰਾਂ ਘੱਤਦੇ ਹਨ ਅਤੇ ਕਈ ਕਈ ਦਿਨ ਇਨ੍ਹਾਂ ਡੇਰਿਆਂ ਤੇ ਬਿਤਾਉਂਦੇ ਹਨ। ਸੋਚੋ, ਜੇ ਇਨ੍ਹਾਂ ਸਾਰੇ ਲੋਕਾਂ ਦੇ ਇਨ੍ਹਾਂ ਡੇਰਿਆਂ ਤੇ ਬਿਤਾਏ ਸਮੇਂ ਨੂੰ ਜਮ੍ਹਾਂ ਕਰ ਲਿਆ ਜਾਵੇ ਤਾਂ ਕਿੰਨਾ ਸਮਾਂ ਧਰਮ ਦੇ ਨਾਂ ਤੇ ਇਸ ਮਕਸਦ ਲਈ ਲਗਾਇਆ ਜਾਂਦਾ ਹੈ। ਸ਼ਾਇਦ ਹਰ ਸਾਲ ਲੱਖਾਂ-ਕਰੋੜਾਂ ਘੰਟਿਆਂ ਦਾ ਸਮਾਂ ਇਸ ਤਰ੍ਹਾਂ ਬਰਬਾਦ ਕੀਤਾ ਜਾਂਦਾ ਹੈ। ਇਸ ਵਿਚੋਂ ਲੱਭਦਾ ਕੀ ਹੈ? ਕੁਝ ਵੀ ਨਹੀਂ। ਜੇ ਇਹੋ ਸਮਾਂ ਕੰਮ ਕਰਨ ਤੇ ਖ਼ਰਚਿਆ ਜਾਵੇ ਤਾਂ ਕਿੰਨੀ ਕਮਾਈ ਹੋ ਸਕਦੀ ਹੈ। ਲੋਕਾਂ ਨੂੰ ਸਿੱਖਣ ਦੀ ਲੋੜ ਹੈ ਕਿ ਧਰਮ ਕੀ ਹੈ, ਧਰਮ ਕਿਉਂ ਚਲਾਏ ਗਏ ਸਨ, ਅਤੇ ਇਨ੍ਹਾਂ ਨੂੰ ਕਿਵੇਂ ਆਪਣੀ ਬਿਹਤਰੀ ਲਈ ਵਰਤਣਾ ਹੈ। ਪੰਜਾਬ ਨੂੰ ਤਰੱਕੀ ਦੀ ਸਿਖਰ ਤੇ ਲਿਜਾਣ ਲਈ ਧਰਮਾਂ ਵਿਚ ਪੈਦਾ ਹੋਈ ਕੱਟੜਤਾ ਅਤੇ ਅੰਧ-ਵਿਸ਼ਵਾਸ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਪੰਜਾਬ ਵਿਚ ਹੀ ਨਹੀਂ, ਸਾਰੇ ਹਿੰਦੁਸਤਾਨ ਵਿਚ ਹੀ ਵਿਤਕਰਾ ਅਤੇ ਪੱਖਪਾਤ ਕਰਨ ਦੀ ਬਿਮਾਰੀ ਬਹੁਤ ਜ਼ਿਆਦਾ ਹੈ। ਇਹ ਵਿਤਕਰਾ ਧਰਮ ਦੇ ਨਾਂ ਤੇ ਵੀ ਹੈ, ਜਾਤਾਂ ਦੇ ਅਧਾਰ ਤੇ ਵੀ, ਇਸ ਅਧਾਰ ਤੇ ਵੀ ਕਿ ਤੁਸੀਂ ਹਿੰਦੁਸਤਾਨ ਦੇ ਕਿਸ ਇਲਾਕੇ ਤੋਂ ਹੋ, ਰੰਗ ਦੇ ਅਧਾਰ ਤੇ ਵੀ, ਅਤੇ ਹੋਰ ਕਈ ਕਾਰਨਾਂ ਕਰ ਕੇ ਵੀ ਹੈ। ਕਿਸੇ ਵੀ ਕੌਮ ਲਈ ਅੱਗੇ ਵਧਣ ਲਈ ਸਭ ਕਿਸਮ ਦਾ ਵਿਤਕਰਾ ਖ਼ਤਮ ਕਰਨ ਦੀ ਲੋੜ ਹੈ। ਵਿਤਕਰਾ ਪੂਰੀ ਤਰ੍ਹਾਂ ਤਾਂ ਕਿਸੇ ਵੀ ਦੇਸ਼ ਵਿਚ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਜਿੰਨਾ ਵੀ ਘਟਾਇਆ ਜਾ ਸਕੇ ਚੰਗਾ ਹੀ ਹੈ। ਪੰਜਾਬ ਦੀ ਸਿੱਖਿਆ ਪ੍ਰਨਾਲ਼ੀ ਵਿਚ ਬਹੁਤ ਸਾਰਾ ਸੁਧਾਰ ਕਰਨ ਦੀ ਲੋੜ ਹੈ। ਇਹ ਸੁਧਾਰ ਸਕੂਲਾਂ ਤੋਂ ਲੈ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਕਰਨ ਦੀ ਲੋੜ ਹੈ। ਸਕੂਲਾਂ ਵਿਚ ਉਹ ਮਜ਼ਮੂਨ ਪੜ੍ਹਾਉਣ ਦੀ ਲੋੜ ਹੈ ਜਿਨ੍ਹਾਂ ਨਾਲ਼ ਵਿਦਿਆਰਥੀ ਵੱਡੇ ਹੋ ਕੇ ਆਪਣੀ ਜ਼ਿੰਦਗੀ ਸੁਧਾਰ ਸਕਣ ਅਤੇ ਰੋਟੀ-ਰੋਜ਼ੀ ਕਮਾ ਸਕਣ। ਨਵੇਂ ਮਜ਼ਮੂਨ ਜਿਵੇਂ ਜ਼ਿੰਦਗੀ ਜਿਊਣ ਦੇ ਵਧੀਆ ਤੌਰ ਤਰੀਕੇ ਅਤੇ ਰੰਗ-ਢੰਗ, ਪਰਵਾਰ ਦੀ ਮਹੱਤਤਾ, ਛੋਟੇ ਪਰਵਾਰ ਦੇ ਗੁਣ, ਨਵੇਂ ਬਿਜ਼ਨਸ ਖੋਲ੍ਹਣ ਅਤੇ ਚਲਾਉਣ ਦੀ ਸਿੱਖਿਆ, ਨਵੀਂ ਤਕਨਾਲੋਜੀ ਅਤੇ ਮਕੈਨੀਕਲ ਸਿੱਖਿਆ ਆਦਿ ਸਕੂਲਾਂ ਵਿਚ ਪੜ੍ਹਾਏ ਜਾਣੇ ਚਾਹੀਦੇ ਹਨ। ਇਹੋ ਜਿਹੇ ਮਜ਼ਮੂਨਾਂ ਦੀ ਜ਼ਿਆਦਾ ਡੁੰਘਾਈ ਵਾਲੀ ਸਿੱਖਿਆ ਕਾਲਜਾਂ ਵਿਚ ਦਿੱਤੀ ਜਾਣੀ ਚਾਹੀਦੀ ਹੈ। ਬਦਕਿਸਮਤੀ ਨਾਲ਼ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਜ਼ਿਆਦਾ ਸੌਖੇ ਮਜ਼ਮੂਨ ਪੜ੍ਹਾਉਣ ਤੇ ਹੀ ਜ਼ੋਰ ਦਿੰਦੇ ਹਨ ਪਰ ਪ੍ਰੈਕਟੀਕਲ ਸਿੱਖਿਆ ਵਾਲੇ ਮਜ਼ਮੂਨ ਘੱਟ ਪੜ੍ਹਾਉਂਦੇ ਹਨ ਜਾਂ ਪੜ੍ਹਾਉਂਦੇ ਹੀ ਨਹੀਂ। ਆਰਟਸ ਕਾਲਜ ਖੋਲ੍ਹਣ ਦੀ ਬਜਾਏ ਪਾਲੀਟੈਕਨਿਕ ਕਾਲਜ ਖੋਲ੍ਹਣ ਦੀ ਲੋੜ ਹੈ। ਪਿਛਲੇ 30-35 ਸਾਲਾਂ ਵਿਚ ਬਹੁਤ ਸਾਰੇ ਪ੍ਰਾਈਵੇਟ ਕਾਲਜ ਖੋਲ੍ਹੇ ਗਏ ਸਨ। ਹੋ ਸਕਦਾ ਇਹ ਸਾਰੇ ਲਵੱਲੀ ਯੂਨੀਵਰਸਿਟੀ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਹੀ ਖੋਲ੍ਹੇ ਗਏ ਹੋਣ। ਇਹ ਕਾਲਜ ਥੋੜ੍ਹੇ ਸਾਲਾਂ ਵਿਚ ਇਵੇਂ ਖੁੱਲ੍ਹੇ ਸਨ ਜਿਵੇਂ ਬਰਸਾਤ ਵਿਚ ਖੁੰਬਾਂ ਉੱਗਦੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਕਾਲਜ ਤਾਂ ਹੁਣ ਬੰਦ ਵੀ ਹੋ ਗਏ ਹਨ। ਬਹੁਤ ਸਾਰੇ ਪ੍ਰਾਈਵੇਟ ਆਰਟਸ ਕਾਲਜਾਂ ਦੀ ਹਾਲਤ ਪਾਣੀ ਤੋਂ ਵੀ ਪਤਲੀ ਹੋ ਗਈ ਹੈ। ਇਸ ਦਾ ਪਹਿਲਾ ਕਾਰਨ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਘਟ ਗਈ ਹੈ ਜਾਂ ਬਹੁਤੇ ਨੌਜਵਾਨ ਲੜਕੇ-ਲੜਕੀਆਂ ਹਾਈ ਸਕੂਲ ਤੋਂ ਅੱਗੇ ਪੜ੍ਹਨਾ ਹੀ ਨਹੀਂ ਚਾਹੁੰਦੇ। ਦੂਜਾ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਬਹੁਤੇ ਨੌਜਵਾਨ ਲੜਕੇ-ਲੜਕੀਆਂ ਪੜ੍ਹਨ ਦੀ ਬਜਾਏ ਬਾਹਰਲੇ ਮੁਲਕਾਂ ਨੂੰ ਲਗਾਤਾਰ ਹੀਲੇ-ਬਹੀਲੇ ਤੁਰੀ ਜਾ ਰਹੇ ਹਨ। ਕੁਝ ਮਹੀਨੇ ਪਹਿਲਾਂ ਮੈਂ ਇਹ ਖ਼ਬਰ ਸੁਣੀ-ਪੜ੍ਹੀ ਸੀ ਕਿ ਚੀਨ ਨੇ ਉਹ ਸਕੂਲ ਅਤੇ ਕਾਲਜ ਬੰਦ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਹੜੇ ਮੁਨਾਫ਼ੇ ਲਈ ਖੋਲ੍ਹੇ ਗਏ ਸਨ। ਜਾਣੀ ਕਿ ਚੀਨ ਦਾ ਕਹਿਣਾ ਹੈ ਕਿ ਸਕੂਲ ਅਤੇ ਕਾਲਜ ਮੁਨਾਫ਼ਾ ਕਮਾਉਣ ਲਈ ਨਹੀਂ ਖੋਲ੍ਹੇ ਜਾਣੇ ਚਾਹੀਦੇ। ਇਹ ਗੱਲ ਬਿਲਕੁਲ ਠੀਕ ਹੈ। ਸਕੂਲ ਅਤੇ ਕਾਲਜ ਤਾਂ ਨੌਨ-ਪਰੌਫ਼ਿਟ (nonprofit) ਸੰਸਥਾਵਾਂ ਹੋਣੀਆਂ ਚਾਹੀਦੀਆਂ ਹਨ। ਜੇ ਅਜ਼ਾਦੀ ਤੋਂ ਬਾਅਦ ਦੇ ਸ਼ੁਰੂ ਦੇ ਕੁਝ ਸਾਲਾਂ ਦੀ ਹਿੰਦੁਸਤਾਨ ਦੀ ਲੀਡਰਸ਼ਿਪ ਵੱਲ ਦੇਖੀਏ ਤਾਂ ਪ੍ਰਧਾਨ ਮੰਤਰੀ ਨਹਿਰੂ ਬਹੁਤ ਸਿਆਣਾ ਅਤੇ ਵਿਦਵਾਨ ਇਨਸਾਨ ਸੀ, ਪਰ ਲੀਡਰ ਦੇ ਤੌਰ ਤੇ ਉਹ ਹਿੰਦੁਸਤਾਨ ਦੇ ਭਵਿੱਖ ਨੂੰ ਪੂਰੀ ਤਰ੍ਹਾਂ ਨਹੀਂ ਸੀ ਸਮਝ ਸਕਿਆ। ਉਸ ਨੇ ਜਾਂ ਸੋਚਿਆ ਹੀ ਨਹੀਂ ਸੀ ਜਾਂ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੱਤਾ ਕਿ ਹਿੰਦੁਸਤਾਨ ਦੀ ਜਨ-ਸੰਖਿਆ ਇੰਨੀ ਤੇਜ਼ੀ ਨਾਲ਼ ਵਧ ਕੇ ਇੱਥੇ ਤੱਕ ਪਹੁੰਚ ਜਾਵੇਗੀ ਜਿੱਥੇ ਇਹ ਅੱਜ ਹੈ। ਨਹਿਰੂ ਦੇ ਵੇਲੇ ਹੀ ਪੰਜ-ਸਾਲਾ ਯੋਜਨਾਵਾਂ ਬਣਾਈਆਂ ਗਈਆਂ ਸਨ ਪਰ ਇਨ੍ਹਾਂ ਨੇ ਮੁਲਕ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਕੀਤਾ। ਨਹਿਰੂ ਨੇ ਅਮਰੀਕਾ ਨਾਲ਼ ਘੱਟ ਅਤੇ ਸੋਵੀਅਤ ਯੂਨੀਅਨ (ਪੁਰਾਣੇ ਰੂਸ) ਨਾਲ਼ ਜ਼ਿਆਦਾ ਗੱਠ-ਜੋੜ ਕੀਤਾ ਸੀ ਜਿਹੜਾ ਕਿ ਬਹੁਤਾ ਲਾਹੇਵੰਦ ਸਾਬਤ ਨਹੀਂ ਹੋਇਆ। ਨਹਿਰੂ ਦਾ ਸੋਸ਼ਲਿਸਟਿਕ ਪੈਟਰਨ ਆਫ਼ ਸੋਸਾਇਟੀ (Socialistic Pattern of Society) ਦਾ ਸਲੋਗਨ ਗ਼ਲਤ ਸਾਬਤ ਹੋਇਆ। ਵੱਡੇ-ਵੱਡੇ ਕਾਰਖ਼ਾਨੇ (ਜਿਵੇਂ ਦੋ ਸਟੀਲ ਪਲਾਂਟ) ਸਰਕਾਰੀ ਖੇਤਰ ਵਿਚ ਲਗਾਏ ਗਏ ਸਨ ਜੋ ਕਰੋੜਾਂ-ਅਰਬਾਂ ਦਾ ਘਾਟਾ ਖਾ ਕੇ ਫ਼ੇਲ੍ਹ ਹੋ ਗਏ ਸਨ। ਹੋਰ ਪਤਾ ਨਹੀਂ ਕਿੰਨੇ ਕੁ ਕਾਰਖ਼ਾਨੇ ਸਰਕਾਰੀ ਖੇਤਰ ਵਿਚ ਲਾਏ ਫ਼ੇਲ੍ਹ ਹੋਏ ਸਨ। ਸੋਸ਼ਲਿਜ਼ਮ ਅਤੇ ਕਮਿਊਨਿਜ਼ਮ ਲਗਭਗ ਸਾਰੀ ਦੁਨੀਆ ਵਿਚੋਂ ਹੀ ਖ਼ਤਮ ਹੋ ਗਏ ਹਨ। ਪੂੰਜੀਵਾਦ ਹੀ ਅਸਲ ਵਿਚ ਤਰੱਕੀ ਦਾ ਢੰਗ ਹੈ। ਪਰ ਪੂੰਜੀਵਾਦ ਨੂੰ ਵੀ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਇਸ ਦੇ ਵੀ ਕੁਝ ਨਕੇਲ ਪਾ ਕੇ ਰੱਖਣੀ ਚਾਹੀਦੀ ਹੈ। ਅਮੀਰ-ਗਰੀਬ ਦੇ ਪਾੜੇ ਨੂੰ ਘਟਾਉਣ ਦੇ ਢੰਗ ਅਪਣਾਏ ਜਾਣੇ ਚਾਹੀਦੇ ਹਨ। ਸਰਕਾਰੀ ਅਦਾਰਿਆਂ ਵਿਚ ਲੋਕ ਕੰਮ ਕਰ ਕੇ ਰਾਜ਼ੀ ਨਹੀਂ ਹੁੰਦੇ। ਪ੍ਰਾਈਵੇਟ ਅਦਾਰਿਆਂ ਵਿਚ ਲੋਕ ਜ਼ਿਆਦਾ ਕੰਮ ਕਰਦੇ ਹਨ। ਰੇਲਵੇ, ਜਹਾਜ਼, ਕਾਰਾਂ, ਬੱਸਾਂ, ਟਰੱਕ, ਬਿਜਲੀ, ਕੈਮਰਾ, ਰੇਡੀਉ, ਟੈਲੀਫ਼ੋਨ, ਟੈਲੀਵਿਜ਼ਨ, ਇੰਟਰਨੈੱਟ, ਕੰਪਿਊਟਰ, ਆਦਿ ਸਭ ਪੂੰਜੀਵਾਦੀ ਦੇਸ਼ਾਂ ਵਿਚ ਹੀ ਖੋਜੇ ਗਏ ਸਨ, ਸੋਸ਼ਲਿਸਟ ਜਾਂ ਕਮਿਊਨਿਸਟ ਮੁਲਕਾਂ ਵਿਚ ਨਹੀਂ ਖੋਜੇ ਗਏ। ਤਕਨਾਲੋਜੀ ਦੇ ਪੱਖ ਤੋਂ ਜਿੱਥੇ ਅਸੀਂ ਅੱਜ ਪਹੁੰਚੇ ਹਾਂ, ਇਹ ਸਭ ਪੂੰਜੀਵਾਦ ਸਮਾਜ ਦੀ ਦੇਣ ਹੈ। ਅਖੀਰ ਤੇ ਮੈਂ ਕਹਾਂਗਾ ਕਿ ਪੰਜਾਬ ਵਿਚ ਵਾਤਾਵਰਨ (climate) ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਇਸ ਨੂੰ ਬਹੁਤੀ ਜਲਦੀ ਸੁਧਾਰਿਆ ਨਹੀਂ ਜਾ ਸਕਦਾ। ਫ਼ਸਲਾਂ ਤੇ ਵਰਤੀਆਂ ਜਾ ਰਹੀਆਂ ਅਨੇਕਾਂ ਬਹੁਤ ਹੀ ਹਾਨੀਕਾਰਕ ਦੁਆਈਆਂ, ਖਾਦਾਂ, ਆਦਿ ਨੇ ਭੋਜਨ ਨੂੰ ਤਾਂ ਜ਼ਹਿਰੀ ਬਣਾਉਣਾ ਹੀ ਸੀ ਪਰ ਇਨ੍ਹਾਂ ਦਵਾਈਆਂ ਅਤੇ ਖਾਦਾਂ ਦੇ ਜ਼ਮੀਨ ਵਿਚ ਖੁਰਨ ਦੇ ਕਾਰਨ ਪਾਣੀ ਵੀ ਬਹੁਤ ਗੰਦਾ ਅਤੇ ਹਾਨੀਕਾਰਕ ਹੋ ਗਿਆ ਹੈ। ਪੰਜਾਬ ਵਿਚ ਬਹੁਤ ਸਾਰੀਆਂ ਦਵਾਈਆਂ ਅਤੇ ਖਾਦਾਂ ਜੋ ਫ਼ਸਲਾਂ ਲਈ ਵਰਤੀਆਂ ਜਾ ਰਹੀਆਂ ਹਨ ਉਹ ਉੱਨਤ ਮੁਲਕਾਂ ਵਿਚ ਨਹੀਂ ਵਰਤੀਆਂ ਜਾ ਸਕਦੀਆਂ ਕਿਉਂਕਿ ਉਨ੍ਹਾਂ ਮੁਲਕਾਂ ਵਿਚ ਇਨ੍ਹਾਂ ਦਵਾਈਆਂ ਅਤੇ ਖਾਦਾਂ ਨੂੰ ਵਰਤਣ ਤੇ ਮਨਾਹੀ ਹੈ। ਇਹੋ ਕਾਰਨ ਹੈ ਕਿ ਪੰਜਾਬ ਵਿਚ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਬਹੁਤ ਜ਼ਿਆਦਾ ਤਾਦਾਦ ਵਿਚ ਲੋਕਾਂ ਨੂੰ ਬਿਮਾਰ ਕਰ ਰਹੀਆਂ ਹਨ। ਪੰਜਾਬ ਵਿਚ ਜ਼ਮੀਨ ਵਿਚ ਪਾਣੀ ਦਾ ਪੱਧਰ ਬਹੁਤ ਡੂੰਘਾ ਚਲੇ ਗਿਆ ਹੈ ਅਤੇ ਇਹ ਡਰ ਹੈ ਕਿ ਕਿਸੇ ਦਿਨ ਜ਼ਮੀਨ ਵਿਚੋਂ ਪਾਣੀ ਨਿਕਲਨੋਂ ਹੀ ਬੰਦ ਨਾ ਹੋ ਜਾਵੇ ਜਾਂ ਬਹੁਤ ਘਟ ਜਾਵੇ। ਹਾਲੇ ਤੱਕ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਸ ਪਾਸੇ ਬਹੁਤਾ ਲੋੜੀਂਦਾ ਧਿਆਨ ਨਹੀਂ ਦਿੱਤਾ। ਇਨ੍ਹਾਂ ਗੱਲਾਂ ਵੱਲ ਬਹੁਤ ਜਲਦੀ ਅਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਪੰਜਾਬ ਨੂੰ ਇਸ ਲੇਖ ਵਿਚ ਬਿਆਨ ਕੀਤੀਆਂ ਮੁਸ਼ਕਲਾਂ ਵਿਚੋਂ ਕੱਢ ਕੇ ਤਰੱਕੀ ਦੇ ਰਾਹ ਤੇ ਤੋਰਨ ਲਈ ਇਕ ਵਧੀਆ ਅਤੇ ਸੁਲਝੇ ਹੋਏ ਲੀਡਰ ਦੀ ਲੋੜ ਹੈ ਜੋ ਇਨ੍ਹਾਂ ਸਮੱਸਿਆਵਾਂ ਨੂੰ ਅਤੇ ਇਨ੍ਹਾਂ ਦੇ ਹੱਲ ਨੂੰ ਸਮਝ ਸਕੇ। ਇਮਾਨਦਾਰੀ ਨਾਲ਼ ਕੰਮ ਕਰਨ ਵਾਲੇ ਯੋਗ ਲੀਡਰ ਤੋਂ ਬਗੈਰ ਪੰਜਾਬ ਦਾ ਭਵਿੱਖ ਬਹੁਤਾ ਵਧੀਆ ਨਹੀਂ ਲਗਦਾ। ਪਰ ਯੋਗ ਲੀਡਰ ਦੇ ਨਾਲ਼ ਨਾਲ਼ ਪੰਜਾਬ ਦੇ ਲੋਕਾਂ ਦੇ ਵਿਚਾਰ, ਵਿਹਾਰ, ਆਦਤਾਂ, ਸੁਭਾ, ਅਤੇ ਚਾਲ-ਚੱਲਣ ਵੀ ਬਦਲਣ ਅਤੇ ਸੁਧਾਰਨ ਦੀ ਲੋੜ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਪ੍ਰੇਮ ਮਾਨ
ਸੁ-ਪ੍ਰਸਿੱਧ ਪੰਜਾਬੀ/ਅੰਗ੍ਰੇਜੀ ਦੇ ਵਿਦਵਾਨ ਲੇਖਕ ਜਿਹਨਾਂ ਦੀ ਲੇਖਣੀ ਨੇ 'ਦਰਜਣਾਂ ਪੁਸਤਕਾਂ' ਪਾਠਕਾਂ ਦੀ ਝੋਲ ਪਾਈਅਾਂ ਅਤੇ ਨਾਮਣਾ ਖੱਟਿਆ।
ਡਾ. ਮਾਨ ਦੀਅਾਂ ਦੀਅਾਂ ਪੁਸਤਕਾਂ ਦਾ ਵੇਰਵਾ:
* ਗੱਲਾਂ ਕਰਨ ਕਹਾਣੀਅਾਂ (2023 ਦੀਅਾਂ ਮੇਰੀਅਾਂ ਪਸੰਦੀਦਾ 11 ਕਹਾਣੀਅਾਂ: ਸੰਪਾਦਨਾ)---2024
* ਨਿੱਕੀਅਾਂ ਵੱਡੀਅਾਂ ਗੱਲਾਂ (ਵਾਰਤਕ)---2024
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ), ਦੂਜਾ ਐਡੀਸ਼ਨ--2022
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ) ਹਿੰਦੀ ਅਨੁਵਾਦ
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ), ਪਹਿਲਾ ਐਡੀਸ਼ਨ--2020
* ਚੁਬਾਰੇ ਦੀ ਇੱਟ (ਕਹਾਣੀ ਸੰਗ੍ਰਹਿ) --1970
* ਪਲਕਾਂ ਡੱਕੇ ਹੰਝੂ (ਗ਼ਜ਼ਲ ਸੰਗ੍ਰਹਿ)--1972
- Thirteen books in English were published by John Wiley of New York and its World-Wide affiliates.