ਇਹ ਕਹਾਵਤ, ਅੱਜ ਦੀ ਸਮੁੱਚੀ ਤਕਨੌਲੋਜੀ ਅਤੇ ਇਸ ਦੀਆਂ ਬ੍ਰਾਂਚਾਂ – ਖਾਸ ਕਰ ਕੇ ਕੰਪਿਊਟਰ ਸਾਇੰਸ ਅਤੇ ਅੱਗੇ ਉਸ ਦੀ ਉਪ-ਬ੍ਰਾਂਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ )– ’ਤੇ ਪੂਰੀ ਢੁਕਦੀ ਹੈ। ਇਹ ਸੋਨਾ ਹੈ ਕਿਉਂਕਿ ਇਸ ਦੀਆਂ ਅੱਡ-ਅੱਡ ਬ੍ਰਾਂਚਾਂ ਦੇ ਸੁਮੇਲ ਰਾਹੀਂ ਮਨੁੱਖ, ਥੋੜੇ ਸਮੇਂ ’ਚ ਹੀ ਅਭੂਤ-ਪੂਰਬ ਬਹੁ-ਪੱਖੀ ਤਰੱਕੀ ਕਰ ਸਕਿਆ ਹੈ। ਇਸ ਕਰ ਕੇ ਅੱਜ ਅਸੀਂ ਆਪਣੇ ਪੂਰਵਜਾਂ ਤੋਂ ਹਰ ਪੱਖੋਂ ਅਤੇ ਕਿਤੇ ਵੱਧ ਸਾਧਨ-ਸੰਪੰਨ, ਖ਼ੁਸ਼ਹਾਲ ਅਤੇ ਸੁਖੀ ਹਾਂ। ਹਰ ਕੋਈ ਇਸ ਗੱਲ ਨਾਲ਼ ਸਹਿਮਤ ਹੈ ਕਿ ਅੱਜ ਦਾ ਯੁੱਗ ਇਸ ਸੰਸਾਰ ’ਚ ਜਿਉਣ ਦਾ ਸਭ ਤੋਂ ਵਧੀਆ ਯੁੱਗ ਹੈ। ਪਰ 2024 ਦੇ ਨੋਬਲ ਪੁਰਸਕਾਰ ਨਾਲ਼ ਸਨਮਾਨਿਤ ਦੋ ਪ੍ਰਸਿੱਧ ਅਰਥ-ਸ਼ਾਸਤਰੀ, ਆਪਣੀ ਸਾਂਝੀ ਕਿਤਾਬ (‘ਪਾਵਰ ਐਂਡ ਪਰੋਗਰੈੱਸ’ 2023) ’ਚ ਲਿਖਦੇ ਹਨ ਕਿ: “ਮੌਜੂਦਾ ਹਾਲਾਤ ਅਤੇ ਤਕਨੌਲੋਜੀਆਂ ਦੇ ਇੱਕ ਹਜ਼ਾਰ ਸਾਲ ਦੇ ਇਤਿਹਾਸ ਤੋਂ ਸਪਸ਼ਟ ਹੈ ਕਿ ਇਹ ਆਪਣੇ-ਆਪ ’ਚ ਵਿਆਪਕ ਅਤੇ ਸਰਬ-ਸਾਂਝੀ ਖੁਸ਼ਹਾਲੀ ਨਹੀਂ ਲਿਆ ਸਕਦੀਆਂ। ਇਸ ਤਰ੍ਹਾਂ ਦੀ ਖੁਸ਼ਹਾਲੀ ਲਿਆਉਣਾ ਜਾ ਨਾਂ ਲਿਆਉਣਾ, ਇੱਕ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਾ ਹੈ।” (ਪੰਨਾ 13) ਇਸ ਤਰ੍ਹਾਂ ਤਕਨੌਲੋਜੀ ਦਾ ਇਹ ਸੋਨਾ ਸਾਡੇ ਕੰਨਾਂ ਨੂੰ ਖਾ ਰਿਹਾ ਹੈ; ਆਪਾਂ ਨਾਂ ਇਸ ਨੂੰ ਲਾਹੁਣ ਜੋਗੇ ਨਾਂ ਪਹਿਨਣ ਜੋਗੇ। ਇਸ ਸਥਿਤੀ ਨੂੰ ਹੀ ਅੰਗਰੇਜੀ ’ਚ ‘ਨਸੈਸਰੀ ਇਵਲ’, ‘ਡੇਂਜਰਅਸ ਕਨਵਿਨੀਐਂਸ’, ਦੁਧਾਰੀ ਤਲਵਾਰ ਆਦਿ ਕਿਹਾ ਜਾਂਦਾ ਹੈ। ਅੱਜ ਸੰਸਾਰ ਆਪਣੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਸਰੋਕਾਰਾਂ ਨੂੰ ਪਿਛਾਂਹ ਕਰ ਕੇ ਤਕਨੌਲੋਜੀ ਨੂੰ ਮੁੱਖ ਰੱਖ ਰਿਹਾ ਹੈ। ਤਕਨੌਲੋਜੀ, ਕੰਪਿਊਟਰ ਸਾਇੰਸ ਦੇ ਪ੍ਰਭਾਵ ਹੇਠ ਆਈ ਹੋਈ ਹੈ ਜੋ ਅੱਗੇ ਏ.ਆਈ ਦੇ ਪ੍ਰਭਾਵ ਹੇਠ ਆ ਚੁੱਕੀ ਹੈ। ਇਸ ਉਲਟੇ ਚੱਕਰ ਦੇ ਮੰਦੇ ਅਸਰ ਪ੍ਰਤੱਖ ਹੋ ਰਹੇ ਹਨ ਅਤੇ ਸਰਬ-ਸਾਂਝੀ ਭਲਾਈ ਅਤੇ ਮਨੁੱਖੀ ਬਰਾਬਰੀ ਦੇ ਹਾਮੀ, ਭਵਿੱਖ ’ਚ ਇਨ੍ਹਾਂ ਦੇ ਹੋਰ ਵਿਆਪਕ ਅਤੇ ਗੰਭੀਰ ਹੋਣ ਦੇ ਖ਼ਦਸ਼ੇ ਪਰਗਟ ਕਰ ਰਹੇ ਹਨ। ਕਈ ਭਵਿੱਖ-ਵਕਤਾ ਤਾਂ ਏ.ਆਈ ਨੂੰ ਮਨੁੱਖੀ ਹੋਂਦ ਲਈ ਘਾਤਕ ਹੋ ਜਾਣ ਤੱਕ ਦੀਆਂ ਕਿਆਸ-ਰਾਈਆਂ ਲਾ ਰਹੇ ਹਨ। ਫਿਰ ਵੀ ਏ. ਆਈ ਦੇ ਇਜਾਰੇਦਾਰ ਇਸ ਨੂੰ ਸੰਸਾਰ ਦੀ ਲੱਗ-ਭੱਗ ਹਰ ਸਮੱਸਿਆ ਦਾ ਹੱਲ ਲੱਭ ਸਕਣ ਵਾਲ਼ੀ ਗਿੱਦੜ-ਸਿੰਗੀ ਗਰਦਾਨ ਰਹੇ ਹਨ। ਆਪਣੇ ਅਸੀਮ ਮਾਇਕ ਸਾਧਨਾਂ ਅਤੇ ਅਥਾਹ ਅਸਰ-ਰਸੂਖ ਰਾਹੀਂ ਇਸ ਦੇ ਪਰਚਾਰ-ਪਸਾਰ ਲਈ ਪੂਰੀ ਵਾਹ ਲਾ ਰਹੇ ਹਨ। ਇਸ ਨੂੰ ਸਮੁਚੀ ਤਕਨੌਲੋਜੀ ’ਤੇ ਹਾਵੀ ਕਰਨਾ ਇਨ੍ਹਾਂ ਦੀ ਹੀ ਸੋਚੀ-ਸਮਝੀ ਨੀਤੀ ਹੈ, ਕਿਉਂਕਿ ਇਸ ਰਾਹੀਂ, ਤਕਨੌਲੋਜੀ ਇਨ੍ਹਾਂ ਲਈ ਅੰਨ੍ਹੀ ਕਮਾਈ ਦਾ ਸੌਖਾ ਸਾਧਨ ਬਣ ਚੁੱਕੀ ਹੈ। ਜ਼ਿਕਰ -ਯੋਗ ਹੈ ਕਿ ਅੱਜ ਸੰਸਾਰ ਦੇ ਦਸ ਸਭ ਤੋਂ ਅਮੀਰ ਬੰਦਿਆਂ ’ਚੋਂ ਛੇ ਸਿੱਧੇ ਇਸ ਖੇਤਰ ਨਾਲ਼ ਜੁੜੇ ਹੋਏ ਹਨ ਅਤੇ ਬਾਕੀ ਚਾਰ ਪੂਰੀ ਤਰ੍ਹਾਂ ਇਸ ਤੇ ਨਿਰਭਰ ਹਨ। ਕਹਿਣ ਨੂੰ ਇਹ ਸਭ ਬਹੁਤ ਦਾਨ-ਪੁੰਨ ਕਰਦੇ ਹਨ ਅਤੇ ਵਿੱਦਿਆ, ਸਿਹਤ-ਸੰਭਾਲ਼, ਵਾਤਾਵਰਨ ਸਣੇ ਅਨੇਕਾਂ ਖੇਤਰਾਂ ’ਚ ਹਰ ਕਿਸਮ ਦੇ ਪਰ-ਉਪਕਾਰ ਕਰਦੇ ਹਨ। ਪਰ ਆਪਾਂ ਇਹ ਵੀ ਜਾਣਦੇ ਹਾਂ ਕਿ ਅੱਜ ਤੋਂ 150 ਕੁ ਸਾਲ ਪਹਿਲਾਂ ਦੇ ਤਕਨੌਲੋਜੀ-ਇਜਾਰੇਦਾਰਾਂ ਨੂੰ ‘ਰੌਬਰ-ਬੈਰਨਜ’ ਕਹਿ ਕੇ ਤਿਰਸਕਾਰਿਆ ਜਾਂਦਾ ਹੈ। ਭਾਵੇਂ ਅੱਜ ਦੇ ਇਜਾਰੇਦਾਰ ਸਿੱਧੇ ਤੌਰ ਤੇ ਕਾਲਖ ਦੇ ਇਸ ਟਿੱਕੇ ਤੋਂ ਬਚਣਾ ਸਿੱਖ ਗਏ ਹਨ, ਪਰ ਫਰਕ ਕੋਈ ਨਹੀਂ। ਦਲੇਰ ਲੇਖਕ ਆਪਣੀਆਂ ਕਿਤਾਬਾਂ ਅਤੇ ਲੇਖਾਂ ’ਚ ਇਹ ਗੱਲ ਖੁਲ੍ਹ ਕੇ ਕਹਿ ਰਹੇ ਹਨ। ਇਨ੍ਹਾਂ ਇਜਾਰੇਦਾਰਾਂ ਨੇ, ਅੱਜ ਦੇ ਸੰਸਾਰ ਨੂੰ ਏ. ਆਈ ਦੀ ਚਕਾਚੌਂਧ ’ਚ ਗ਼ਲਤਾਨ ਕਰ ਕੇ ਅਸਲ ਸੰਸਾਰਿਕ ਲੋੜਾਂ ਅਤੇ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਅਵੇਸਲ਼ਾ ਕਰ ਰੱਖਿਆ ਹੈ। ਏ. ਆਈ ਦੀ ਲਿਫਾਫੇ-ਬਾਜੀ ਨੂੰ ਸਮਝਣ ਦਾ ਇੱਕ ਦ੍ਰਿਸ਼ਟਾਂਤ ਇਹ ਹੈ: ਆਪਾਂ ਇੱਕ ਵਧੀਆ ਇੱਕ ਰੈਸਟੋਰੈਂਟ ’ਚ ਖਾਣਾ ਖਾਂਦੇ ਹਾਂ। ਵੇਟਰਾਂ ਤੋਂ ਲੈ ਕੇ, ਸਫਾਈ, ਬੈਠਣ ਦਾ ਇੰਤਜ਼ਾਮ, ਸਰਵਿਸ ਦਾ ਮਿਆਰ, ਖਾਣੇ ਦਾ ਸੁਆਦ ਸਭ ਕੁਛ ਸਾਡੇ ਪਸੰਦ ਹੈ। ਖੁਸ਼ ਹੋ ਕੇ ਅਸੀਂ ਵੇਟਰ ਨੂੰ ਅੱਛੀ-ਖਾਸੀ ਟਿੱਪ ਦਿੰਦੇ ਹਾਂ, ਰੈਸਟੋਰੈਂਟ ਦੇ ਰਜਿਸਟਰ ’ਚ ਪ੍ਰਸੰਸਾ ਵੀ ਦਰਜ ਕਰਦੇ ਹਾਂ ਅਤੇ ਬਾਅਦ ’ਚ ਮਿੱਤਰਾਂ-ਦੋਸਤਾਂ ਨੂੰ ਓਥੇ ਜਾਣ ਦੀ ਸਿਫ਼ਾਰਿਸ਼ ਵੀ ਕਰਦੇ ਹਾਂ। ਪਰ ਜੇ ਖਾਣੇ ਲਈ ਵਰਤੀ ਅਨੇਕਾਂ ਕਿਸਮ ਦੀ ਸਮਗ੍ਰੀ ਅਤੇ ਇਸ ਦੀ ਉਪਜ ਦਾ ਪੂਰਾ ਖੇਤੀ-ਬਾੜੀ ਸਿਸਟਮ, ਢੋਅ-ਢੁਆਈ ਅਤੇ ਖਾਣੇ ਦੀ ਤਿਆਰੀ ’ਚ ਵਰਤੀ ਬਿਜਲੀ/ ਊਰਜਾ, ਆਦਿ ਨੂੰ ਡੂੰਘਾਈ ’ਚ ਵਿਚਾਰੀਏ ਤਾਂ ਰੈਸਟੋਰੈਂਟ ਦਾ ਸਭ ਕਾਰੋਬਾਰ ਇਸ ਅੱਗੇ ਬਹੁਤ ਛੋਟਾ ਲਗਦਾ ਹੈ। ਪਰ ਆਪਾਂ ਨੂੰ ਦਿਖ ਇਹ ਹੀ ਰਿਹਾ ਹੈ, ਕਿਉਂਕਿ ਰੈਸਟੋਰੈਂਟ ਨੇ ਇਸ਼ਤਿਹਾਰ-ਬਾਜੀ ਰਾਹੀਂ ਪਰਚਾਰ ਬਹੁਤ ਕੀਤਾ ਹੋਇਆ ਹੈ। ਤਕਨੌਲੋਜੀ ਦੇ ਇਨ੍ਹਾਂ ਦੋਹਾਂ ਪੱਖਾਂ ਨੂੰ ਦੇਖ ਕੇ ਆਪਾਂ (ਜਨ-ਸਧਾਰਨ) ਬਹੁਤ ਦੁਬਿਧਾ ’ਚ ਹਾਂ। ਅੱਜ ਦੇ ਸਾਧਨ-ਸੰਪੰਨ ਅਤੇ ਖ਼ੁਸ਼ਹਾਲ ਸੰਸਾਰ ’ਚ ਵੀ, ਆਪਣੇ ਲਈ ਇੱਕ ਪ੍ਰਸੰਨ-ਮਈ ਜੀਵਨ ਜਿਉਣਾ ਅਤੇ ਹੋਰਾਂ ਦੇ ਇਸ ਤਰ੍ਹਾਂ ਦੇ ਜੀਵਨ ਜਿਉਣ ਲਈ ਮਦਦ-ਗਾਰ ਹੋਣਾ, ਮੁੱਖ ਚੁਣੌਤੀ ਬਣ ਗਿਆ ਹੈ। ਹਾਲਾਂ ਕਿ ਆਪਾਂ ਇਸ ਤਰ੍ਹਾਂ ਦੇ ਹਾਲਾਤਾਂ ਲਈ ਬਿਲਕੁਲ ਹੀ ਜ਼ਿੰਮੇਵਾਰ ਨਹੀਂ, ਫਿਰ ਵੀ ਆਪਣੇ ਸਭ ਦੇ ਜੀਵਨਾਂ ਤੇ ਇਨ੍ਹਾਂ ਇਜਾਰੇਦਾਰਾਂ ਵਲੋਂ ਲਏ ਗਏ ਅਤੇ ਲਏ ਜਾ ਰਹੇ ਫੈਸਲਿਆਂ ਦਾ ਪੂਰਾ ਅਸਰ ਹੈ। ਇਹ ਗੱਲ ਸਾਨੂੰ ਚੰਗੀ ਲੱਗੇ ਨਾਂ ਲੱਗੇ ਪਰ ਸਾਡੇ ਜੀਵਨ ਤੇ ਅਸਰ ਪਾਉਣ ਵਾਲ਼ੀ ਹਰ ਖੋਜ, ਇਨ੍ਹਾਂ ਵੱਡੀਆਂ ਕੰਪਨੀਆਂ ਵਲੋਂ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ। ਸਾਡੀ ਵਰਤੋਂ ਲਈ ਜ਼ਰੂਰੀ ਹਰ ਜੰਤਰ ਇਨ੍ਹਾਂ ਵਲੋਂ ਬਣਾਇਆ ਗਿਆ ਜਾਂ ਬਣਾਇਆ ਜਾ ਰਿਹਾ ਹੈ। ਇਹ ਅਸਲੀਅਤ ਹੈ, ਅਸੀਂ ਇਸ ਤੋਂ ਬਚ ਨਹੀਂ ਸਕਦੇ ਅਤੇ ਕੁਛ ਕਰ ਵੀ ਨਹੀਂ ਸਕਦੇ। ਹਾਂ, ਅਸੀਂ ਇਹ ਕਰ ਸਕਦੇ ਹਾਂ ਕਿ ਇਨ੍ਹਾਂ ਦੀ ਸਦ-ਵਰਤੋਂ ਕਰਨਾ ਸਿੱਖੀਏ ਅਤੇ ਇਨ੍ਹਾਂ ਦੇ ਮੰਦੇ ਅਸਰਾਂ ਤੋਂ ਬਚਣਾ ਸਿੱਖੀਏ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਜਾਰੇਦਾਰਾਂ ਦੇ ਹੱਥ-ਕੰਡਿਆਂ ਨੂੰ ਸਮਝੀਏ ਅਤੇ ਇਨ੍ਹਾਂ ਤੋਂ ਚੇਤੰਨ ਰਹੀਏ। ਏ. ਆਈ ਦੀ ਚਕਾਚੌਂਧ ’ਚ ਗ਼ਲਤਾਨ ਹੋ ਕੇ ਅਸਲ ਸੰਸਾਰਿਕ ਲੋੜਾਂ ਅਤੇ ਸਮੱਸਿਆਵਾਂ ਤੋਂ ਅਵੇਸਲ਼ੇ ਨਾਂ ਹੋਈਏ। ਇਹ ਕਰਨ ਲਈ ਆਪਾਂ ਨੂੰ ਇਜਾਰੇਦਾਰਾਂ ਵਲੋਂ ਇਸ ਰਾਹੀਂ ਕੀਤੀ ਜਾ ਰਹੀ ਲੁੱਟ-ਖਸੁੱਟ ਦੇ ਤਰੀਕਿਆਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਇਸ ਲੁੱਟ-ਖਸੁੱਟ ਨਾਲ਼ ਹੋ ਰਹੇ ਸਾਡੇ ਵਿਅਕਤੀਗਤ ਅਤੇ ਸਮੂਹਕ ਨੁਕਸਾਨ ਤੋਂ ਬਚਣ ਦੇ ਉਪਾਅ ਕਰਨੇ ਜ਼ਰੂਰੀ ਹਨ। ਸੋ ਤਕਨੌਲੋਜੀ ਦੀ ਅੱਜ ਦੀ ਸਥਿਤੀ ’ਤੇ ਸੰਖੇਪ ਨਜ਼ਰ-ਸਾਨੀ ਕਰਦੇ ਹਾਂ: ਇਤਿਹਾਸਿਕ ਪੱਖੋਂ ਤਕਨੌਲੋਜੀ, ਮਨੁੱਖਤਾ ਜਿੰਨੀ ਹੀ ਪੁਰਾਣੀ ਹੈ। ਪੱਥਰ ਨਾਲ਼ ਕੋਈ ਚੀਜ਼ ਭੰਨ ਲੈਣੀ ਅਤੇ ਵੱਟਾ ਮਾਰ ਕੇ ਦਰਖਤ ਤੋਂ ਫਲ਼ ਤੋੜ ਲੈਣਾ ਵੀ ਤਕਨੌਲੋਜੀ ਹੈ। ਉਸ ਸਮੇਂ ਤੋਂ ਸ਼ੁਰੂ ਹੋ ਕੇ, ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਮੇਂ ਅਤੇ ਸਥਾਨ ਅਨੁਸਾਰ, ਔਜਾਰ ਅਤੇ ਜੰਤਰ ਬਣਾਉਂਦੇ ਰਹੇ ਹਨ। ਅਬਾਦੀ ਦੇ ਵਾਧੇ ਦੀ ਦਰ ਬਹੁਤ ਘੱਟ ਹੋਣ ਕਰ ਕੇ ਤਕਨੌਲੋਜੀ ਦਾ ਵਿਕਾਸ ਵੀ ਘੱਟ ਹੋਇਆ। ਅੱਜ ਤੋਂ ਤਿੰਨ ਸੌ ਸਾਲ ਪਹਿਲਾਂ ਦੇ ਜੀਵਨ ਅਤੇ ਅੱਜ ਤੋਂ ਤਿੰਨ ਹਜ਼ਾਰ ਪਹਿਲਾਂ ਦੇ ਜੀਵਨ ਅਤੇ ਔਜਾਰਾਂ / ਜੰਤਰਾਂ ’ਚ ਬਹੁਤਾ ਫਰਕ ਨਹੀਂ ਸੀ। ਇਹ ਜਿਉਣ-ਢੰਗ ਨੂੰ ਸੌਖਾ ਕਰਨ ਦਾ ਵਸੀਲਾ ਵੱਧ ਅਤੇ ਲੁੱਟ-ਖਸੁੱਟ ਦਾ ਵਸੀਲਾ ਘੱਟ ਸਨ, ਕਿਉਂਕਿ ਇਹ ਕੰਮ-ਸਾਰੂ ਅਤੇ ਕਿਫ਼ਾਇਤੀ ਸਨ। ‘ਲੋੜ ਕਾਢਾਂ ਦੀ ਮਾਂ ਹੈ’ ਦੇ ਸਿਧਾਂਤਾਂ ਅਨੁਸਾਰ ਬਣਾਏ ਜਾਂਦੇ ਸਨ। ਪਰ ਹੁਣ ਸਿਸਟਮ ਨੂੰ ਉਲਟਾ ਕਰ ਕੇ ‘ਕਾਢ ਨੂੰ ਲੋੜਾਂ ਦੀ ਮਾਂ’ ਬਣਾ ਦਿੱਤਾ ਹੈ। ਅੱਜ ਇਸ਼ਤਿਹਾਰ-ਬਾਜੀ ਦੇ ਜ਼ੋਰ ਨਾਲ਼ ਉਨ੍ਹਾਂ ਗੈਰ-ਜ਼ਰੂਰੀ ਚੀਜ਼ਾਂ ਨੂੰ ਵੀ ਸਾਡੀਆਂ ‘ਲੋੜਾਂ’ ਬਣਾ ਦਿੱਤਾ ਗਿਆ ਹੈ ਜੋ ਇਜਾਰੇਦਾਰਾਂ ਵਾਸਤੇ ਵੱਧ ਕਮਾਈ ਦਾ ਸਾਧਨ ਹੋਣ, ਭਾਵੇਂ ਜਨ-ਸਧਾਰਨ ਅਤੇ ਧਰਤੀ ਦੇ ਵਾਤਾਵਰਨ ਅਤੇ ਸ੍ਰੋਤਾਂ ਵਾਸਤੇ ਕਿੰਨੀਆਂ ਵੀ ਨੁਕਸਾਨ-ਦਾਇਕ ਕਿਉਂ ਨਾਂ ਹੋਣ। ਤਕਨੌਲੋਜੀ ਦੀ ਉਪ-ਯੋਗਤਾ ਕਰ ਕੇ ਹੀ ਹਰ ਯੁੱਗ ’ਚ, ਇਸ ਤੇ ਇਹੋ ਜਿਹੇ ਇਜਾਰੇਦਾਰਾਂ ਦਾ ਕਬਜਾ ਰਿਹਾ ਹੈ। ਇਸ ਉਪ-ਯੋਗੀ ਸਾਧਨ ਸਣੇ, ਤਾਕਤ ਦੇ ਹਰ ਸਾਧਨ ਤੇ ਇਜਾਰੇਦਾਰੀ ਦਾ ਕਾਬਜ਼ ਹੋਣਾ ਅਤੇ ਰਹਿਣਾ ਇੱਕ ਇਤਿਹਾਸਕ ਸਚਾਈ ਹੈ। ਅੱਜ ਦੀ ਤਕਨੌਲੋਜੀ ਨੂੰ ਉਸੇ ਰਾਹ ਤੇ ਤੋਰ ਦੇਣਾ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ, ਇਹ ਕੋਈ ਨਵਾਂ ਵਰਤਾਰਾ ਨਹੀਂ। ਇਸ ਕਥਨ ਦਾ ਭਾਵ ਅੱਜ ਦੀ ਤਕਨੌਲੋਜੀ ਨੂੰ ਨਕਾਰਨਾ ਜਾ ਇਸ ਦੀ ਵਿਰੋਧਤਾ ਕਰਨਾ ਨਹੀਂ। ਇਸ ਦੀ ਉਪ-ਯੋਗਤਾ ਕਰ ਕੇ ਹੀ ਇਸ ਨੂੰ ਸੋਨੇ ਦੇ ਬਿੰਬ ਨਾਲ਼ ਦਰਸਾਇਆ ਗਿਆ ਹੈ। ਸਪਸ਼ਟ ਹੈ ਕਿ ਤਕਨਾਲੋਜੀ ਤਾਂ ਇੱਕ ਸਾਧਨ ਹੈ, ਇਸ ਨੂੰ ਬੁਰਾ ਕਹਿਣਾ ਹਰਗਿਜ਼ ਉਚਿਤ ਨਹੀਂ। ਫਰਜ਼ ਕਰੀਏ ਕਿ ਇੱਕ ਕਾਰ ਹਾਈ-ਵੇ ’ਤੇ ਪਰਵਾਨਿਤ ਸਪੀਡ ਤੋਂ ਵੱਧ ਤੇਜੀ ਨਾਲ਼ ਦੌੜ ਰਹੀ ਹੈ। ਇਸ ਵਿੱਚ ਕਸੂਰ ਕਾਰ ਦਾ ਨਹੀਂ, ਉਸ ਡਰਾਇਵਰ ਦਾ ਹੈ ਜੋ ਆਪਣੇ ਵਕਤੀ ਹੁਲਾਸ ਵਾਸਤੇ ਤੇਜ-ਰਫਤਾਰੀ ਦੇ ਨੁਕਸਾਨਾਂ ਨੂੰ ਅੱਖੋਂ-ਪਰੋਖੇ ਕਰਦਾ ਹੈ। ਤਕਨੌਲੋਜੀ ਰੂਪੀ ਕਾਰ ਦਾ ਐਕਸਲਰੇਟਰ ਦੱਬਣਾ ਕਮਾਊ ਵੀ ਹੈ ਅਤੇ ਹੁਲਾਸ-ਪੂਰਨ ਵੀ ਹੈ ਪਰ ਇਸ ਦੇ ਨਤੀਜੇ ਹਮੇਸ਼ਾ ਮਾਰੂ ਹੁੰਦੇ ਹਨ। ਚੰਗਾ-ਮੰਦਾ ਤਾਂ ਇਸ ਨੂੰ ਖੁਦਗਰਜ਼ ਮੰਤਵਾਂ ਵਾਸਤੇ ਵਰਤਣ ਵਾਲ਼ਾ ਮਨੁੱਖ ਹੈ, ਜਿਸ ਦੀਆਂ ਕੁਦਰਤੀ ਪ੍ਰਵਿਰਤੀਆਂ ਓਹੀ ਹਨ ਜੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਨ। ਇਸ ਕਰ ਕੇ ਇਸ ਨੂੰ ਕੁਰਾਹੇ ਪੈਣ ਤੋਂ ਰੋਕਣ ਦਾ ਢੰਗ ਅੱਜ ਵੀ ਅੰਕੁਸ਼ ਹੈ, ਸਖ਼ਤ ਨਿਯੰਤਰਣ ਹੈ, ਜਿਸ ਤੋਂ ਇਸ ਦੇ ਇਜਾਰੇਦਾਰ ਆਪਣੇ ਸ਼ਾਤਰ ਨੀਤੀਆਂ ਨਾਲ਼ ਬਚ ਰਹੇ ਹਨ। ਇਸ ਵਿਵਰਣ ਦਾ ਮਤਲਬ ਇਹ ਦੱਸਣਾ ਹੈ ਕਿ ਇਹ ਗਲਤ ਹੱਥਾਂ ’ਚ ਆ ਚੁੱਕੀ ਹੈ, ਜੋ ਅੱਜ ਦੇ ਯੁੱਗ ’ਚ ਸਹਿਣ-ਯੋਗ ਨਹੀਂ। ਅੱਜ ਸੰਸਾਰ ਆਪਣੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਸਮੱਸਿਆਵਾਂ ਵਲ ਬਣਦਾ ਧਿਆਨ ਨਹੀਂ ਦੇ ਰਿਹਾ। ਸਾਡੇ ਚੋਟੀ ਦੇ ਦਿਮਾਗ, ਮਾਇਕ ਸਾਧਨ ਅਤੇ ਸਮਾਂ, ਤਕਨੌਲੋਜੀ ਦੇ ਵਿਕਾਸ ਅਤੇ ਪਰਚਾਰ-ਪਸਾਰ ਵਾਸਤੇ ਵਰਤੇ ਜਾ ਰਹੇ ਹਨ – ਅੱਗੋਂ ਉਸ ਦੇ ਵੀ ਏ. ਆਈ ਅਤੇ ਕੰਪਿਊਟਰ ਸਾਇੰਸ ਦੇ ਖੇਤਰ ਲਈ। ਇਸ ਖੇਤਰ ਨੂੰ ਦਿੱਤੀ ਜਾ ਰਹੀ ਨਜਾਇਜ਼ ਪਹਿਲ ਕਰ ਕੇ ਹੀ ਪਿਛਲੇ 65-70 ਸਾਲ ਤੋਂ ਖੇਤੀ-ਬਾੜੀ, ਉਦਯੋਗ, ਨਿਰਮਾਣ ਖੇਤਰ ਆਦਿ ’ਚ ਕੋਈ ਜੁਗ-ਪਲਟਾਊ ਕਾਢ ਜਾਂ ਖੋਜ ਨਹੀਂ ਕੀਤੀ ਜਾ ਸਕੀ, ਹਾਲਾਂਕਿ ਇਨ੍ਹਾਂ ਦੀ ਬਹੁਤ ਲੋੜ ਹੈ। ਉਦਹਾਰਣ ਵਜੋਂ ਖੇਤੀ-ਬਾੜੀ ਦੀ ਸਭ ਤੋਂ ਜ਼ਰੂਰੀ ਲੋੜ ਹੈ ਕਿ ਇਸ ਤਰ੍ਹਾਂ ਦੀਆਂ ਫਸਲਾਂ ਵਿਕਸਿਤ ਕੀਤੀਆਂ ਜਾਣ ਜੋ ਦਾਲ਼ਾਂ ਵਾਂਗੂ ਹਵਾ ’ਚੋਂ ਨਾਈਟ੍ਰੋਜਨ ਦੀ ਸਿੱਧੀ ਵਰਤੋਂ ਕਰ ਸਕਣ। ਅਨਾਜ ਅਤੇ ਖੁਰਾਕ ਦੀ ਬਰਬਾਦੀ ਨੂੰ ਰੋਕਣਾ ਵੱਡਾ ਕੰਮ ਹੈ ਅਤੇ ਇਸ ਲਈ ਕਿਸੇ ਨਵੀਂ ਕਾਢ ਦੀ ਲੋੜ ਹੀ ਨਹੀਂ। ਐਟਮੀ ਬਿਜਲੀ ਦੇ ‘ਫਿਉਜਨ’ ਢੰਗ ਦੇ ਵਿਕਸਿਤ ਕਰਨ ਦੀ ਲੋੜ ਹੈ। ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਿਸਟਮਾਂ ਨੂੰ ‘ਅੱਪ-ਡੇਟ’ ਕਰਨ ਦੀ ਫ਼ੌਰੀ ਲੋੜ ਹੈ। ਵਾਤਾਵਰਨ, ਅੱਤਵਾਦ, ਪਰਵਾਸ, ਭੁੱਖ-ਮਰੀ, ਗਰੀਬੀ, ਨਾਂ-ਬਰਾਬਰੀ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਅੱਜ ਦੀ ਤਕਨੌਲੋਜੀ ਅਤੇ ਇਸ ਦੇ ਇਜਾਰੇਦਾਰ ਕਦੇ ਜ਼ਿਕਰ ਨਹੀਂ ਕਰਦੇ ਅਤੇ ਨਾਂ ਹੀ ਇਨ੍ਹਾਂ ਕੋਲ਼ ਇਨ੍ਹਾਂ ਦਾ ਕੋਈ ਸਮਾਧਾਨ ਹੈ। ਇਸ ਕਰ ਕੇ ਅੱਜ ਸੰਸਾਰ ’ਚ ਅਨੇਕਾਂ ‘ਏ. ਆਈ ਐਥੀਸਿਸਟ’, ‘ਵਿਸਲ-ਬਲੋਅਰਜ’ ਅਤੇ ਤਕਨੌਲੋਜੀ ਨੂੰ ਕਦਰਾਂ-ਕੀਮਤਾਂ ਅਨੁਸਾਰ ਵਿਕਾਸ ਕਰਨ ਦੇ ਮੁਦਈ, ਆਪਣੀਆਂ ਅਵਾਜ਼ਾਂ ਬੁਲੰਦ ਕਰ ਰਹੇ ਹਨ। ਤਕਨੌਲੋਜੀ ਨੂੰ ਸਰਬ-ਸਾਂਝੀ ਭਲਾਈ ਲਈ ਵਰਤਣ ਲਈ ਸਰਕਾਰਾਂ ਨੂੰ ਇਸ ਦੇ ਨਿਜੰਤਰਣ ਲਈ ਜ਼ੋਰ ਪਾ ਰਹੇ ਹਨ। ਇਥੋਂ ਤੱਕ ਕਿ ਯੂ.ਐੱਨ.ਓ ਇਸ ਬਾਰੇ ਬਹੁਤ ਚਿੰਤਿਤ ਅਤੇ ਚੇਤੰਨ ਹੈ ਅਤੇ ਹਾਈ-ਪਾਵਰ ਕਮੈਟੀਆਂ ਰਾਹੀਂ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਅਗਵਾਈ ਦੇ ਰਿਹਾ ਹੈ। ਨਿਰ-ਸੰਦੇਹ ਇਹ ਸਭ ਸਿਫ਼ਾਰਿਸ਼ਾਂ ਅਤੇ ਸਲਾਹਾਂ ਹਨ, ਜਿਨ੍ਹਾਂ ਪਿੱਛੇ ਕੋਈ ਕਾਨੂੰਨੀ ਤਾਕਤ ਨਹੀਂ। ਫਿਰ ਵੀ ਇਹ ਵਿਚਾਰਧਾਰਾ ਇੱਕ ਵੱਡੀ ਲਹਿਰ ਬਣ ਗਈ ਹੈ, ਜਿਸ ਦੇ ਚੰਗੇ ਅਸਰ ਦਿਖ ਰਹੇ ਹਨ। ਜਿਵੇਂ ਕਿ ਪਹਿਲਾਂ ਵਿਚਾਰਿਆ ਗਿਆ ਹੈ ਕਿ ਅਸੀਂ ਏ. ਆਈ ਸਣੇ ਸਮੁੱਚੀ ਤਕਨੌਲੋਜੀਆਂ ਦੀ ਅਸਲੀਅਤ ਤੋਂ ਭੱਜ ਨਹੀਂ ਸਕਦੇ। ਹਾਂ, ਇਹ ਕਰ ਸਕਦੇ ਹਾਂ ਕਿ ਇਨ੍ਹਾਂ ਦੀ ਸਦ-ਵਰਤੋਂ ਕਰਨਾ ਸਿੱਖੀਏ ਅਤੇ ਨਾਲ਼ ਹੀ ਇਨ੍ਹਾਂ ਦੇ ਮੰਦੇ ਅਸਰਾਂ ਤੋਂ ਬਚਣਾ ਸਿੱਖੀਏ। ਸੰਸਾਰ ਪ੍ਰਸਿੱਧ ਮਨੋ-ਵਿਗਿਆਨੀ, ਸਮਾਜ-ਸੁਧਾਰਕ, ਏ ਆਈ ਦੇ ਮਾਹਿਰ ਅਤੇ ਰਾਜਸੀ ਲੀਡਰ, ਆਪਣੀਆਂ ਖੋਜਾਂ ਅਤੇ ਲਿਖਤਾਂ ਰਾਹੀਂ ਇਸ ਲਈ ਢੰਗ-ਤਰੀਕੇ ਦੱਸ ਰਹੇ ਹਨ। ਹੈਰਾਨੀ ਭਰੀ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਸਭ ਦੀਆਂ ਸਿੱਖਿਆਵਾਂ ਇੱਕੋ ਜਿਹੀਆਂ ਹਨ ਅਤੇ ਅੱਜ ਦੇ ਪੱਛਮੀ ਜਗਤ ਦੀ ਨਵੀਂ ਵਿਚਾਰ-ਧਾਰਾ ‘Finding Modern Truth in Ancient Wisdom’ ਅਨੁਸਾਰ ਹਨ। ਇਹ ਵਿਚਾਰਧਾਰਾ ਅੱਗੇ ਸਾਡੇ ਮਹਾਂ-ਪੁਰਖਾਂ ਦੀਆਂ ਚਿਰ-ਕਾਲੀ ਸਿੱਖਿਆਵਾਂ ਤੇ ਅਧਾਰਿਤ ਹੈ। ਅੱਜ ਦੇ ਚੋਟੀ ਦੇ ਇਤਿਹਾਸਕਾਰ-ਫਿਲਾਸਫਰ ਯੁਵਲ ਹਰਾਰੀ ਦੀ ਇੱਕ ਮਾਅਰਕੇ-ਦਾਰ ਨਸੀਹਤ ਹੈ ਕਿ ਅੱਜ ਗੂਗਲ ਅਤੇ ਹੋਰ ਏਜੰਸੀਆਂ ਸਾਡੀ ‘ਪਛਾਣ’ ਕਰ ਕੇ ਹੀ ਸਾਡਾ ਸ਼ੋਸ਼ਣ ਕਰ ਸਕਦੀਆਂ ਹਨ। ਜੇ ਅਸੀਂ, ‘ਆਪਣੇ-ਆਪ ਨੂੰ ਪਛਾਣਨ’ ’ਚ ਅਤੇ ਉਨ੍ਹਾਂ ਵਲੋਂ ‘ਸਾਨੂੰ ਪਛਾਨਣ’ ਦੀ ਦੌੜ ’ਚ ਪਿੱਛੇ ਰਹਿ ਗਏ ਤਾਂ ਸਾਡਾ ਸ਼ੋਸ਼ਣ ਲਾਜ਼ਮੀ ਹੈ। ਜੇ ਅਸੀਂ ਤਕਨੌਲੋਜੀ ਦੇ ਮੰਦੇ ਅਸਰਾਂ ਤੋਂ ਬਚਦੇ ਹੋਏ ਇਸ ਦੀ ਸਦ-ਵਰਤੋਂ ਕਰ ਕੇ ਨਿਸ਼ਚਿੰਤ ਅਤੇ ਪ੍ਰਸੰਨ-ਮਈ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਪਹਿਲੀ ਪਾਤਸ਼ਾਹੀ ਦੇ ਉਪਦੇਸ਼ ਅਨੁਸਾਰ, ਆਪਣਾ ਮੂਲ ਪਛਾਣਨਾ ਸਿੱਖੀਏ। ‘Know Thyself’, ਹਜ਼ਾਰਾਂ ਸਾਲ ਪਹਿਲਾਂ ਦੀ ਯੂਨਾਨੀ ਨਸੀਹਤ ਵੀ ਹੈ। ਦੂਜੀ ਨਸੀਹਤ ’ਚ ਹਰਾਰੀ ਖੇਡਾਂ ਅਤੇ ਪਰਮਾਰਥ ਨੂੰ ਅਪਣਾਉਣ ਦੀ ਗੱਲ ’ਤੇ ਜ਼ੋਰ ਦਿੰਦੇ ਹਨ। ਇਹ ਸਵੈ-ਸੁਧਾਰ ਅਤੇ ਸਵੈ-ਵਿਕਾਸ ਦਾ ਵਿਸ਼ਾ ਹੈ ਜੋ ਔਖਾ ਕੰਮ ਹੈ ਪਰ ਸਾਡਾ ਮੁਢਲਾ ਫ਼ਰਜ ਹੈ। ਜੇ ਅਸੀਂ ਤਕਨੌਲੋਜੀ ਦੇ ਸੋਨੇ ਨੂੰ ਇਸ ਤਰ੍ਹਾਂ ਪਹਿਨਾਂਗੇ ਤਾਂ ਇਹ ਸਾਡੇ ਕੰਨਾਂ ਨੂੰ ਨਹੀਂ ਖਾਏਗਾ, ਬਲਕਿ ਸਾਡੀ ਦਿੱਖ ਨੂੰ ਨਿਖਾਰੇਗਾ। ਹਰ ਉਮਰ ਦੇ ਬੰਦੇ ਲਈ ਕੁਛ ਹੋਰ ਸਿੱਖਿਆਵਾਂ ਇਹ ਹਨ:
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਇੰਜ. ਈਸ਼ਰ ਸਿੰਘ
Brampton, Ontario, Canada.
Phone: 647 - 640 - 2014
e-mail: ishersingh44@hotmail.com