14 July 2025

ਕਿਰਪਾਲ ਸਿੰਘ ਪੰਨੂੰ – ਸੰਖੇਪ ਜਾਣਕਾਰੀ — ਇੰਜ. ਈਸ਼ਰ ਸਿੰਘ

(ਕਨੇਡਾ-ਨਿਵਾਸੀ ਪੰਜਾਬੀਆਂ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਵਾਲ਼ੀ ਗੱਲ ਹੈ ਕਿ ਸ਼੍ਰੀ ਕਿਰਪਾਲ ਸਿੰਘ ਪੰਨੂੰ, ਜੋ ਪੰਜਾਬੀ ਕੰਪਿਊਟਰੀਕਰਨ ਦੇ ਸੰਸਾਰ-ਪ੍ਰਸਿੱਧ ਮਾਹਿਰ ਅਤੇ ਪੰਜਾਬੀ ਭਾਈ-ਚਾਰੇ ਨੂੰ ਇਸ ਪ੍ਰਤੀ ਸਜੱਗ ਕਰਨ ਵਾਲ਼ੇ ਅਣਥੱਕ ਸਮਾਜ-ਸੇਵੀ ਹਨ, ਨੂੰ ਓਂਟਾਰੀਓ ਸਰਕਾਰ ਨੇ, ‘ਓਂਟਾਰੀਓ ਸੀਨੀਅਰ ਅਚੀਵਮੈਂਟ ਅਵਾਰਡ 2024’ ਨਾਲ਼ ਸਨਮਾਨਿਤ ਕੀਤਾ ਹੈ। ਇਹ ਸਨਮਾਨ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ, ਉਨ੍ਹਾਂ ਚੋਣਵੀਆਂ ਹਸਤੀਆਂ ਨੂੰ ਦਿੱਤਾ ਜਾਦਾ ਹੈ ਜਿਨ੍ਹਾਂ ਨੇ 65 ਸਾਲ ਦੀ ਉਮਰ ਤੋਂ ਬਾਅਦ ਕੋਈ ਵਿਲੱਖਣ ਕਿਸਮ ਦੀ ਸਮਾਜ-ਸੇਵਾ ਕੀਤੀ ਹੋਵੇ। ਪੰਨੂੰ ਸਾਹਿਬ ਨੂੰ, ਇਹ ਅਵਾਰਡ ਇਸ 25 ਜੂਨ, 2025 ਨੂੰ ਆਨਰੇਬਲ ਐਡਿਥ ਡਿਉਮੌਂਟ, ਹਰ ਆਨਰ ਲੈਫਟੀਨੈਂਟ-ਗਵਰਨਰ, ਓਂਟਾਰੀਓ ਵਲੋਂ, ਆਪਣੇ ਦਫਤਰ ਵਿਖੇ ਪਰਦਾਨ ਕੀਤਾ ਗਿਆ।)

ਜਨਰਲ
ਓਂਟਾਰੀਓ ਸੂਬੇ ਦੀਆਂ, ਪੰਜਾਬੀ ਮੂਲ ਦੀਆਂ ਚੋਣਵੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ, 1936 ’ਚ ਜਨਮੇ, ਸ੍ਰੀ ਕਿਰਪਾਲ ਸਿੰਘ ਜੀ ਪੰਨੂੰ ਹਨ। ਓਹ ਊਰਜਾ-ਵਾਨ ਅਤੇ ਮਨੋਹਰ ਛਵੀ ਵਾਲ਼ੇ ਵਿਅਕਤੀ ਹਨ, ਜਿਨ੍ਹਾਂ ਦੀ ਦਿੱਖ ਉਨ੍ਹਾਂ ਦੇ ਢੁਕਵੇਂ ਪਹਿਰਾਵੇ ਕਰ ਕੇ ਹੋਰ ਵੀ ਨਿਖਰ ਜਾਂਦੀ ਹੈ। ਉਨ੍ਹਾਂ ਨਾਲ ਬੈਠਣਾ ਅਤੇ ਗੱਲ ਕਰਨਾ ਹਮੇਸ਼ਾ ਹੀ ਇੱਕ ਅਨੰਦ-ਮਈ ਤਜਰਬਾ ਹੁੰਦਾ ਹੈ। ਉਨ੍ਹਾਂ ਦੀ ਗੱਲ ਹਮੇਸ਼ਾ ਉਤਸ਼ਾਹ-ਜਨਕ, ਵਿਚਾਰ ਹਮੇਸ਼ਾ ਦਾਰਸ਼ਨਿਕ, ਅਤੇ ਉਨ੍ਹਾਂ ਵਲੋਂ ਕੀਤੀ ਪ੍ਰਸੰਸਾ ਸ੍ਰੋਤੇ ਲਈ ਅੱਗੇ ਵਧਣ ਦੀ ਪ੍ਰੇਰਣਾ ਹੁੰਦੀ ਹੈ। ਇਹ ਬਾਹਰੀ ਗੁਣ ਉਨ੍ਹਾਂ ਦੇ ਓਹਨਾਂ ਅੰਦਰੂਨੀ ਗੁਣਾਂ ਅੱਗੇ ਫਿੱਕੇ ਪੈ ਜਾਂਦੇ ਹਨ, ਜੋ ਉਨ੍ਹਾਂ ਨੇ ਆਪਣੀ ਨਵੇਕਲ਼ੀ ਉਸਾਰੂ ਸੋਚ, ਦ੍ਰਿੜਤਾ ਅਤੇ ਚਤੰਨ ਬੁੱਧੀ ਰਾਹੀਂ ਪੈਦਾ ਕੀਤੇ ਹਨ। ਸਪਸ਼ਟ, ਪਾਰਦਰਸ਼ੀ ਅਤੇ ਬੇ-ਬਾਕ ਸੁਭਾਅ ਦੇ ਮਾਲਿਕ ਹੋਣ ਦੇ ਨਾਤੇ, ਭਰੋਸੇ-ਵੰਦ ਅਤੇ ਲੱਗੀਆਂ ਨਿਭਾਉਣ ਵਾਲ਼ੇ ਦਲੇਰ ਇਨਸਾਨ ਹਨ। ਉਹ ਕੰਪਿਊਟਰ-ਅਧਾਰਿਤ ਇੱਕ ਆਧੁਨਿਕ ਅਤੇ ਵਿਲੱਖਣ ਕਿਸਮ ਦੀ ਸਮਾਜ ਸੇਵਾ ਲਈ, ਪੰਜਾਬੀ ਭਾਈਚਾਰੇ ’ਚ ਮਾਣ-ਸਤਿਕਾਰ ਦੇ ਪਾਤਰ ਹਨ। ਪੰਜਾਬੀ ਭਾਸ਼ਾ ਦੇ ਕੰਪਿਊਟਰੀ-ਕਰਨ, ਸਮੇਂ ਸਿਰ ਪੰਜਾਬੀ ਭਾਈਚਾਰੇ ਨੂੰ ਕੰਪਿਊਟਰ ਪ੍ਰਤੀ ਜਾਗਰੂਕ ਕਰਨ ਅਤੇ ‘ਵਲੰਟਰੀ’ ਢੰਗ ਨਾਲ਼ ਸੀਨੀਅਰ ਪੰਜਾਬੀਆਂ ਨੂੰ ਇਸ ਦੀ ਬੁਨਿਆਦੀ ਸਿੱਖਿਆ ਦੇਣ ਲਈ ਜਾਣੇ ਜਾਂਦੇ ਹਨ। ਭਾਵੇਂ ਉਹ ਰਹਿੰਦੇ ਹਮੇਸ਼ਾ ਬਰੈਂਪਟਨ ’ਚ ਹੀ ਰਹੇ, ਪਰ ਉਨ੍ਹਾਂ ਦੀਆਂ ਸੇਵਾਵਾਂ ਨੇ ਦੁਨੀਆ ਭਰ ’ਚ ਰਹਿੰਦੇ ਪੰਜਾਬੀਆਂ ਨੂੰ ਲਾਭ ਪਹੁੰਚਾਇਆ ਹੈ। ਆਪਣੇ ਲੰਬੇ ਜੀਵਨ ’ਚ ਉਨ੍ਹਾਂ ਨੇ ਇਕੱਲੀ ਸਮਾਜ-ਸੇਵਾ ਹੀ ਨਹੀਂ ਕੀਤੀ, ਬਲਕਿ ਪੰਜਾਬੀ ਭਾਈ-ਚਾਰੇ ਦੇ ਆਪਸੀ ਅਤੇ ਪੰਜਾਬੀਆਂ ਦੇ ਹੋਰ ਵਰਗਾਂ ਦੇ ਭਾਈਚਾਰਿਆਂ ਨਾਲ਼ ਮਿਲਵਰਤਨ ਨੂੰ ਵੀ ਵਧਾਇਆ ਹੈ।

ਪਿਛੋਕੜ ਅਤੇ ਭਾਰਤ ਵਿਚਲਾ ਜੀਵਨ

ਪੰਜਾਬ ਦੇ ਲੁਧਿਆਣੇ ਜਿਲ੍ਹੇ ਦੇ ਪਿੰਡ ਕਟਾਹਰੀ (ਨੇੜੇ ਰਾੜਾ ਸਾਹਿਬ ਗੁਰਦੁਆਰਾ) ਇੱਕ ਸਧਾਰਨ ਕਿਸਾਨ ਪਰਿਵਾਰ ’ਚ ਪੈਦਾ ਹੋਣ ਕਰਕੇ ਉਨ੍ਹਾਂ ਦਾ ਬਚਪਨ ਬਹੁਤਾ ਸੁਖਾਲ਼ਾ ਨਹੀਂ ਰਿਹਾ। ਫਿਰ ਵੀ ਓਹ ਖੇਡਾਂ ਅਤੇ ਪੜ੍ਹਾਈ, ਦੋਹਾਂ ’ਚ ਅੱਵਲ ਰਹਿੰਦੇ ਰਹੇ ਅਤੇ ਪੰਜਾਬੀ ਭਾਸ਼ਾ ’ਚ ਪੜ੍ਹਣ ਦੇ ਨਾਲ਼-ਨਾਲ਼ ਲਿਖਣ ਦੇ ਕੰਮ ’ਚ ਖਾਸ ਤੌਰ ਤੇ ਦਿਲਚਸਪੀ ਲੈਂਦੇ ਰਹੇ। ਚੜ੍ਹਦੀ ਉਮਰ ’ਚ ਹੀ ਸਰੀਰਕ ਸੁਡੌਲਤਾ, ਖੇਡਾਂ ਦੀ ਮੁਹਾਰਤ ਅਤੇ ਦਿਮਾਗੀ ਹੁਸ਼ਿਆਰੀ ਦੇ ਅਧਾਰ ਤੇ ਉਨ੍ਹਾਂ ਨੂੰ ਭਾਰਤੀ ਸੀਮਾ ਸੁਰੱਖਿਆ ਬਲ (ਫੈਡਰਲ ਲਾਈਟ ਆਰਮਡ ਫੋਰਸ) ‘ਚ ਚੁਣਿਆ ਲਿਆ ਗਿਆ, ਜਿਸ ’ਚ ਉਹ ਡਿਪਟੀ-ਕਮਾਂਡੈਂਟ ਦੇ ਅਹੁਦੇ ਤੱਕ ਪਹੁੰਚ ਗਏ। 1988 ’ਚ ਉਨ੍ਹਾਂ ਨੇ ਸਵੈ-ਇੱਛਤ ਸੇਵਾ-ਮੁਕਤੀ ਲੈ ਲਈ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨੇੜਲੇ ਸ਼ਹਿਰ ਮੋਹਾਲੀ ’ਚ ਰਹਿਣ ਲੱਗੇ। ਇੱਥੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਸਾਹਿਤ-ਜਗਤ ਦੀਆਂ ਨਾਮਵਰ ਹਸਤੀਆਂ ਦੀ ਸੰਗਤ ’ਚ ਰਹਿਣ ਦਾ ਭਰਪੂਰ ਮੌਕਾ ਮਿਲਿਆ। ਜਿਵੇਂ ਕਿ ਗੁਲਜ਼ਾਰ ਸੰਧੂ, ਸ਼ਾਮ ਸਿੰਘ ‘ਅੰਗ ਸੰਗ’, ਹਰਭਜਨ ਹਲਵਾਰਵੀ ‘ਸੰਪਾਦਕ ਪੰਜਾਬੀ ਟ੍ਰਿਬਿਊਨ’, ਫੂਲ ਚੰਦ ਮਾਨਵ, ਸੰਤੋਖ ਸਿੰਘ ਧੀਰ, …। ਇਸ ਤਰ੍ਹਾਂ ਉਨ੍ਹਾਂ ਨੂੰ, ਸਰਵਿਸ ਦੌਰਾਨ ਗੌਣ ਹੋ ਚੁੱਕੀ ਆਪਣੀ ਸਾਹਿਤਕ ਚੇਟਕ ਨੂੰ ਮੁੜ ਸੁਰਜੀਤ ਕਰਨ ਦਾ ਵਧੀਆ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਕਵਿਤਾ ਅਤੇ ਵਾਰਤਕ ਰਾਹੀਂ ਸਮਾਜਿਕ ਸਰੋਕਾਰਾਂ ‘ਤੇ ਲਿਖਣਾ ਸ਼ੁਰੂ ਕਰ ਦਿੱਤਾ।

ਕਨੇਡਾ ’ਚ ਮੁਢਲੀ ਮਿਹਨਤ

1991 ’ਚ ਆਪਣੇ ਤਿੰਨ ਪੁੱਤਰਾਂ ਦੀ ਬਿਹਤਰੀ ਲਈ ਕੈਨੇਡਾ ਆ ਗਏ। ਇੱਥੇ ਉਨ੍ਹਾਂ ਨੇ ਪੰਜ ਸਾਲ ਟੋਰਾਂਟੋ ਦੇ ਹਵਾਈ-ਅੱਡੇ ਵਿੱਚ ‘ਪ੍ਰੀ ਬੋਰਡ ਸਕਰੀਨਿੰਗ’ਦੀ ਸੇਵਾ ਨਿਭਾਈ ਅਤੇ ਆਪਣੇ ਸਾਹਿਤਕ ਕਾਰਜਾਂ ਨੂੰ ਲਗਨ ਅਤੇ ਮਿਹਨਤ ਨਾਲ਼ ਚਾਲੂ ਰੱਖਿਆ। ਆਪਣੇ ਤਿੰਨਾਂ ਬੇਟਿਆਂ ਨਾਲ਼ ਮਿਲ਼ ਕੇ ਕੰਪਿਊਟਰ ਦੇ ਖੇਤਰ ’ਚ ਮੁਢਲੀ ਵਿੱਦਿਆ ਹਾਸਿਲ ਕਰਨ ’ਚ ਲੱਗ ਗਏ। ਇਹ ਇੱਕ ਨਵਾਂ ਵਿਸ਼ਾ ਸੀ ਜੋ ਨਾਂ ਤਾਂ ਉਨ੍ਹਾਂ ਦੇ ਪ੍ਰੋਫੈਸ਼ਨਲ ਪਿਛੋਕੜ ਨਾਲ਼ ਮੇਲ ਖਾਂਦਾ ਸੀ ਅਤੇ ਨਾਂ ਹੀ ਉਨ੍ਹਾਂ ਦਿਨਾਂ ’ਚ ਸੀਨਅਰਾਂ ਲਈ ਕੋਈ ਢੁਕਵਾਂ ਮਨੋਰੰਜਨ ਸੀ। ਪਰ ਉਨ੍ਹਾਂ ਦੇ ਖੋਜੀ ਸੁਭਾਅ, ਦੂਰ-ਦਰਸ਼ੀ ਪਹੁੰਚ ਅਤੇ ਘਰ ਦੇ ਕੰਪਿਊਟਰ-ਮਈ ਮਾਹੌਲ ਨੇ ਰੰਗ ਲਿਆਂਦਾ ਅਤੇ ਓਹ ਪੂਰੀ ਤਰ੍ਹਾਂ ਕੰਪਿਊਟਰ ਦੇ ਖੇਤਰ ਨਾਲ਼ ਜੁੜ ਗਏ। ਸਮੇਂ ਨਾਲ਼ ਉਨ੍ਹਾਂ ਦੀ ਇਸ ਵਿਸ਼ੇ ’ਚ ਦਿਲਚਸਪੀ ਅਤੇ ਇਸ ਪ੍ਰਤੀ ਗੰਭੀਰਤਾ ਵਧਦੀ ਗਈ ਅਤੇ ਓਹ ਇੱਕ ਪ੍ਰੋਫੈਸ਼ਨਲ ਬਣਦੇ ਗਏ। ਜ਼ਿਕਰ-ਯੋਗ ਹੈ ਕਿ ਓਨ੍ਹਾਂ ਦੇ ਤਿੰਨੇ ਬੇਟੇ ਸਫਲ ਕੰਪਿਊਟਰ ਮਾਹਰ ਹਨ। ਓਹ ਪਹਿਲਾਂ, ਪੰਨੂੰ ਸਾਹਿਬ ਦੇ ਕੰਪਿਊਟਰ ਅਧਿਆਪਕ ਰਹੇ ਅਤੇ ਫਿਰ ਉਨ੍ਹਾਂ ਵਲੋਂ ਕੀਤੇ ਸਭ ਸਮਾਜਿਕ ਕਾਰਜਾਂ ‘ਚ ਪੂਰੀ ਮੱਦਦ ਕਰਦੇ ਰਹੇ। ਉਨ੍ਹਾਂ ਦੀਆਂ ਬਹੁ-ਪੱਖੀ ਕਾਰਵਾਈਆਂ ਨੇ ਉਨ੍ਹਾਂ ਨੂੰ ਕਨੇਡਾ ਦੇ ਸਮੁੱਚੇ ਸਭਿਆਚਾਰ ਨੂੰ ਸਮਝਣ ਦਾ ਮੌਕਾ ਦਿੱਤਾ। ਹਰ ਨਾਗਰਿਕ ਨੂੰ ਆਪਣੀ ਤਰੱਕੀ ਲਈ ਮਿਲ ਰਹੀਆਂ ਸਹੂਲਤਾਂ ਨੇ ਉਨ੍ਹਾਂ ਨੂੰ ਕਨੇਡਾ ਦਾ ਵੱਡਾ ਪ੍ਰਸ਼ੰਸਕ ਬਣਾ ਦਿੱਤਾ। ਉਨ੍ਹਾਂ ਦੀ ਸਾਹਿਤਕ ਯੋਗਤਾ ਅਤੇ ਕੰਪਿਊਟਰ-ਗਿਆਨ ਦੇ ਸੁਮੇਲ ਨੇ ਉਨ੍ਹਾਂ ਨੂੰ ਓਹਨਾਂ ਵੱਡੀਆਂ ਭੂਮਿਕਾਵਾਂ ਲਈ ਤਿਆਰ ਕੀਤਾ, ਜਿਨ੍ਹਾਂ ਨੂੰ ਭਵਿੱਖ ‘ਚ ਨਿਭਾਉਣ ਲਈ ਕੁਦਰਤ ਉਨ੍ਹਾਂ ਨੂੰ ਤਿਆਰ ਕਰ ਰਹੀ ਸੀ।

ਇਸ ਸਮੇਂ ਦੌਰਾਨ ਹੀ, ਉਨ੍ਹਾ ਨੂੰ ਕੈਨੇਡਾ ‘ਚ ਪੰਜਾਬੀ ਪ੍ਰਕਾਸ਼ਕਾਂ ਨਾਲ ਪਾਰਟ-ਟਾਈਮ ਜਾਂ ਵਲੰਟੀਅਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਅਖ਼ਬਾਰਾਂ ਦੇ ਪ੍ਰਕਾਸ਼ਨ ਅਤੇ ਪੰਜਾਬੀ ਸਾਹਿਤ ਦੇ ਦੁਨੀਆ ’ਚ ਪਰਚਾਰ-ਪਸਾਰ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। 1996 ’ਚ ਆਪਣੀ ਸਰਵਿਸ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਰਿਟਾਇਰ ਹੋ ਕੇ ਉਨ੍ਹਾਂ ਨੇ ਕੰਪਿਊਟਰ ਅਤੇ ਸਮਾਜ ਸੇਵਾ ਨੂੰ ਆਪਣਾ ਮਿਸ਼ਨ ਬਣਾ ਲਿਆ ਅਤੇ ਇਸ ਨੂੰ ਅੱਗੇ ਵਧਾਉਣ ਦਾ ਪੱਕਾ ਸੰਕਲਪ ਕਰ ਲਿਆ। ਉਨ੍ਹਾਂ ਨੂੰ ਇਹ ਵੀ ਸਮਝ ਆ ਗਈ ਕਿ ਪੰਜਾਬੀ ਭਾਸ਼ਾ ਦੀ ਬਿਹਤਰ ਸੇਵਾ ਕਰਨ ਲਈ ਅਤੇ ਇਸ ਰਾਹੀਂ ਪੰਜਾਬੀ ਭਾਈਚਾਰੇ ਨੂੰ ਕੰਪਿਊਟਰ ਨਾਲ਼ ਜੋੜਣ ਲਈ, ਉਨ੍ਹਾਂ ਨੂੰ ਖੁਦ ਵੀ ਇਸ ਖੇਤਰ ‘ਚ ਨਿਰੰਤਰ ਮੁਹਾਰਤ ਹਾਸਲ ਕਰਦੇ ਰਹਿਣਾ ਪਵੇਗਾ।

ਕੰਪਿਊਟਰ ਰਾਹੀਂ ਸਮਾਜ-ਸੇਵਾ ਦਾ ਸੰਕਲਪ

ਆਪਣੀ ਦੂਰ-ਦ੍ਰਿਸ਼ਟੀ ਸਦਕਾ ਉਨ੍ਹਾਂ ਨੇ ਜਲਦੀ ਹੀ ਬੁੱਝ ਲਿਆ ਕਿ ਕੰਪਿਊਟਰ ਤਕਨਾਲੋਜੀ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਨੂੰ ਪਬਲਿਕ ਭਲਾਈ – ਖਾਸ ਕਰ ਕੇ ਪੰਜਾਬੀ ਭਾਈ ਚਾਰੇ ਦੀ – ਤਰੱਕੀ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਇਸ ਨਾਲ਼ ਕਨੇਡਾ ’ਚ ਪਰਿਵਾਸ ਕਰਨ ਵਾਲ਼ੇ ਪੰਜਾਬੀ ਭਾਈਚਾਰੇ ਨੂੰ, ਕਨੇਡਾ ਦੇ ਮਿਆਰਾਂ ਅਨੁਸਾਰ ਆਪਣੇ-ਆਪ ਨੂੰ ਵਿਕਸਤ ਕਰਨ ਅਤੇ ਇਸ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਪੂਰਾ ਫਾਇਦਾ ਉਠਾਉਣ ਲਈ ਮਦਦ ਮਿਲੇਗੀ। ਓਹ ਕਨੇਡਾ ਦੀਆਂ ਉਦਾਰਵਾਦੀ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਸਨ ਅਤੇ ਇਸ ਦੇ ਬਹੁ-ਸੱਭਿਆਚਾਰਵਾਦ ‘ਚ ਵੱਧ ਤੇਜੀ ਨਾਲ਼ ਘੁਲ਼-ਮਿਲ ਸਕਦੇ ਸਨ। ਇਸ ਦੀਆਂ ਸਾਰੀਆਂ ਮੁੱਲ-ਪ੍ਰਣਾਲੀਆਂ ਨੂੰ ਆਪਣੇ ਦਿਲੋਂ ਅਪਣਾਉਣ ਦੇ ਯੋਗ ਹੋਣਗੇ। ਪੰਜਾਬੀ ਦੇ ਕੰਪਿਊਟਰੀ-ਕਰਨ ਨਾਲ਼, ਕੰਪਿਊਟਰ-ਗਿਆਨ ਦੀ ਘਾਟ ਕਰਕੇ ਸੀਨੀਅਰਾਂ ’ਚ ਉਪਜ ਰਹੀ ਅਲੱਗ-ਥਲੱਗ ਹੋ ਜਾਣ ਦੀ ਭਾਵਨਾ ਤੋਂ ਬਚੇ ਰਹਿਣਗੇ। ਜਿਕਰ-ਯੋਗ ਹੈ ਕਿ ਇਹ ਭਾਵਨਾ ਭਾਰਤ ਤੋਂ ਆਉਣ ਵਾਲੇ ਪੜ੍ਹੇ-ਲਿਖੇ ਰਿਟਾਇਰਡ ਸੀਨੀਅਰਾਂ ਨੂੰ ਦਰ-ਪੇਸ਼ ਵੱਡੀ ਦਿੱਕਤ ਸੀ। ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਇਹ ਵੀ ਯਕੀਨੀ ਬਣਾਏਗਾ ਕਿ ਇਹ ਵਿਸ਼ਵ ਦੀਆਂ ਚੋਟੀ ਦੀਆਂ ਭਾਸ਼ਾਵਾਂ ‘ਚ ਗਿਣੇ ਜਾਣ ਦੇ ਆਪਣੇ ਰੁਤਬੇ ਨੂੰ ਕਾਇਮ ਰੱਖ ਸਕੇਗੀ।

ਆਪਣੇ ਉਪਰੋਕਤ ਦ੍ਰਿਸ਼ਟੀਕੋਣਾਂ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਕੰਪਿਊਟਰ ਨੂੰ ਸਮਾਜ ਸੇਵਾ ਦਾ ਜਰੀਆ ਬਣਾਉਣ ਦਾ ਫੈਸਲਾ ਕੀਤਾ ਅਤੇ ਪੰਜਾਬੀ ਭਾਈਚਾਰੇ ਨੂੰ ਕੰਪਿਊਟਰ ਦੇ ਲਾਭਾਂ ਤੋਂ ਜਾਣੂ ਕਰਵਾਉਣ ਅਤੇ ਸੁਚੱਜੀ ਜੀਵਨ-ਜਾਚ ਦੀਆਂ ਬੁਨਿਆਦੀ ਗੱਲਾਂ ਸਿਖਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਇਸ ਲਈ ਉਨ੍ਹਾਂ ਨੇ, ਕੰਪਿਊਟਰ ਅਤੇ ਪੰਜਾਬੀ ਦੇ ਆਪਸੀ ਮਸਲਿਆਂ ਦੀ ਡੂੰਘਾਈ ਨਾਲ਼ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੰਜਾਬੀ ਭਾਸ਼ਾ ਦੇ ਕੰਪਿਊਟਰੀ-ਕਰਨ ਦੀ ਨੀਂਹ ਰੱਖਣ ਵਾਲ਼ੇ ਮੋਢੀਆਂ ’ਚ ਸੁਮਾਰ ਹੋ ਗਏ।

ਕੰਪਿਊਟਰੀ-ਕਰਨ ਦੀ ਨੀਂਹ ਰੱਖਣ ਵਾਲ਼ੇ ਮੋਢੀਆਂ ’ਚ ਸੁਮਾਰ

ਉਸ ਸਮੇਂ ਦੌਰਾਨ, ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਆਪਣੇ ਸ਼ੁਰੂਆਤੀ ਅਤੇ ਉਲਝਣ-ਤਾਣੀ ਦੇ ਦੌਰ ਵਿੱਚ ਸੀ। ਚੋਟੀ ਦੇ ਲੇਖਕ ਵੀ ਆਪਣੇ ਲੇਖ ਅਤੇ ਕਿਤਾਬਾਂ ਹੱਥ ਨਾਲ਼ ਲਿਖਦੇ ਸਨ ਅਤੇ ਇਹਨਾਂ ਨੂੰ ਕੱਚ-ਘਰੜ ਟਾਈਪਿਸਟਾਂ ਤੋਂ ਟਾਈਪ ਕਰਵਾਉਂਦੇ ਸਨ, ਜੋ ਉਨ੍ਹਾਂ ਦਾ ਪੂਰਾ ਸ਼ੋਸ਼ਣ ਕਰਦੇ ਸਨ। ਚੰਗੀ ਗੱਲ ਇਹ ਹੋਈ ਕਿ ਉਸ ਵਕਤ ਅਮਰੀਕਾ ’ਚ ਇੱਕ ਹੋਰ ਸਵੈ-ਇੱਛੁਕ ਦਿੱਗਜ ਡਾਕਟਰ ਕੁਲਬੀਰ ਸਿੰਘ ਥਿੰਦ ਦੁਆਰਾ ਇਸ ਖੇਤਰ ’ਚ ਬਹੁਤ ਕੁਝ ਕੀਤਾ ਜਾ ਰਿਹਾ ਸੀ। ਓਹ ਪੇਸ਼ੇ ਦੇ ਤੌਰ ‘ਤੇ ਇਕ ਨਿਊਰੋ-ਸਰਜਨ ਹਨ ਅਤੇ ਆਪਣੀ ਕੰਪਿਊਟਰ ਮੁਹਾਰਤ ਲਈ ਵਧੇਰੇ ਜਾਣੇ ਜਾਂਦੇ ਸਨ। ਸ੍ਰੀ ਪੰਨੂੰ ਸਹੀ ਸਮੇਂ ‘ਤੇ ਉਨ੍ਹਾਂ ਦੇ ਸੰਪਰਕ ‘ਚ ਆਏ ਅਤੇ ਉਨ੍ਹਾਂ (ਡਾ. ਥਿੰਦ) ਨੂੰ ਆਪਣਾ ਰਾਹ-ਦਸੇਰਾ ਮੰਨਦੇ ਹਨ। ਇਨ੍ਹਾਂ ਸੁਹਿਰਦ ਕੰਪਿਊਟਰ-ਮਾਹਿਰਾਂ ਦੀ ਜੋੜੀ ਦੇ ਮਿਸ਼ਨਰੀ ਕੰਮਾਂ ਨਾਲ਼ ਪੰਜਾਬੀ ਭਾਸ਼ਾ ਨੂੰ ਦੋ ਪੱਖਾਂ ਤੋਂ ਲਾਭ ਹੋਇਆ। ਪਹਿਲਾਂ ਪੰਜਾਬੀ ਸਾਹਿਤ ਦੇ ਲੇਖਕਾਂ ਅਤੇ ਪਾਠਕਾਂ ਅਤੇ ਅਖ਼ਬਾਰਾਂ ਦੇ ਪ੍ਰਕਾਸ਼ਕਾਂ ਦਾ ਸ਼ੋਸ਼ਣ ਘਟ ਗਿਆ। ਅਤੇ ਦੂਜਾ, ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੀ ਗਤੀ ਵਿੱਚ ਤੇਜੀ ਆਈ।

ਹੁਣ ਤੱਕ ਪੰਨੂੰ ਸਾਹਿਬ ਦਾ ਤਿੱਖਾ ਦਿਮਾਗ ਇਹ ਵੀ ਸਮਝ ਚੁੱਕਿਆ ਸੀ ਕਿ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਖੁਦ-ਗਰਜ ਅਤੇ ਸਵਾਰਥੀ ਤੱਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਪਰ ਆਪਣੇ ਮਿਸ਼ਨ ਲਈ ਲੜਣ-ਮਰਨ ਲਈ ਤਿਆਰ ‘ਫੌਜੀ ਅਫਸਰਾਂ’ ਵਾਲ਼ੀ ਪ੍ਰਵਿਰਤੀ ਉਨ੍ਹਾਂ ਦੇ ਕੰਮ ਆਈ। ਉਨ੍ਹਾਂ ਦੇ ਖਦਸ਼ੇ ਉਦੋਂ ਸੱਚ ਹੋ ਗਏ ਜਦੋਂ ਉਨ੍ਹਾਂ ਨੂੰ ਇੱਕ ਅਦਾਲਤੀ ਕੇਸ ਲੜਨਾ ਪਿਆ। ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਵਕਾਰ ਦਾ ਮੁੱਦਾ ਨਹੀਂ ਬਣਾਇਆ, ਕਿਉਂਕਿ ਉਨ੍ਹਾਂ ਦਾ ਕੋਈ ਮਾਇਕ ਮੰਤਵ ਨਹੀਂ ਸੀ। ਕੁਛ ਖੁਦ-ਗਰਜ ਵਿਅਕਤੀਆਂ ਅਤੇ ਬੇਈਮਾਨ ਵਿਅਕਤੀਆਂ ਨੇ ਉਨ੍ਹਾਂ ਦੇ ਖੋਜਾਂ ਦੇ ਕੰਮ ਨੂੰ ਚੋਰੀ ਕਰ ਲਿਆ ਤਾਂ ਉਨ੍ਹਾਂ ਨੇ ਜ਼ਿਆਦਾ ਪਰਵਾਹ ਨਹੀਂ ਕੀਤੀ।

ਸੀਨੀਅਰਾਂ ਨੂੰ ਵਲੰਟਰੀ ਕੰਪਿਊਟਰ ਦੀ ਸਿਖਲਾਈ

ਉਹ ਭਾਈਚਾਰੇ ਨੂੰ ਕੰਪਿਊਟਰ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਤੱਕ ਹੀ ਨਹੀਂ ਰੁਕੇ, ਬਲਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇੱਕ ਸੂਝਵਾਨ ਗੁਰੂ ਵਾਂਗ ਕੰਪਿਊਟਰ ਸਿਖਾਉਣਾ ਸ਼ੁਰੂ ਕਰ ਦਿੱਤਾ। ਸਿਖਿਆਰਥੀਆਂ ਲਈ ਉਨ੍ਹਾਂ ਦਾ ਨਾਅਰਾ ਸੀ ‘ਪਹਿਲਾਂ ਸਿੱਖੋ ਅਤੇ ਫਿਰ ਦੂਜਿਆਂ ਨੂੰ ਸਿਖਾਓ’ ਅਤੇ ਉਨ੍ਹਾਂ ਲਈ ਆਪ ਨੇ ਇੱਕ ਕਿਤਾਬ ਲਿਖੀ ‘ਆਓ ਕੰਪਿਊਟਰ ਸਿੱਖੀਏ’। ਇਹ ਆਮ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੇ (ਪੰਜਾਬੀ ਧਾਰਮਿਕ ਰਵਾਇਤਾਂ ਅਨੁਸਾਰ) ਕੰਪਿਊਟਰ ਦਾ ਲੰਗਰ ਖੋਲ੍ਹਿਆ ਹੋਇਆ ਸੀ।

ਉਨ੍ਹਾਂ ਨੇ, ਆਈਨੈੱਟ ਕੰਪਿਊਟਰਜ਼ ਦੀ ਮਦਦ ਨਾਲ ਕੰਪਿਊਟਰ ਦੀ ਵਰਤੋਂ ਸਿਖਾਉਣ ਲਈ ਮੁਫਤ ਕਲਾਸਾਂ ਦਾ ਇਹ ਪ੍ਰਬੰਧ ਗਰਮੀਆਂ ਦੀ ਰੁੱਤ’ਚ, 2008 ਤੋਂ ਸ਼ੁਰੂ ਕਰ ਕੇ 12 ਸਾਲ ਕੀਤਾ ਅਤੇ 2019 ਤੱਕ ਜਾਰੀ ਰਿਹਾ। ਇਸ ਨੂੰ ਕੋਵਿਡ ਕਾਰਨ ਰੋਕਣਾ ਪਿਆ। ਪੰਜਾਬ (ਭਾਰਤ) ਤੋਂ ਲਗਭਗ 700 ਨਾਗਰਿਕਾਂ ਅਤੇ ਨਵੇਂ ਪ੍ਰਵਾਸੀਆਂ ਨੂੰ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈੰਟਨ (ਮਿਸੀਗਨ) ਵਿੱਖੇ ਦੋ ਸਾਲ ਕੰਪਿਊਟਰ ਕਲਾਸਾਂ ਲਾਈਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਰਤ ਵਿਖੇ 6 ਸਾਲਾਨਾ 10 ਰੋਜ਼ਾ ਕੰਪਿਊਟਰ ਵਰਕਸ਼ਾਪਾਂ ਵੀ ਕਰਵਾਈਆਂ। ਇੱਕ ਲੇਖਕ, ਆਲੋਚਕ ਅਤੇ ਟਿੱਪਣੀ-ਕਾਰ ਵਜੋਂ, ਉਨ੍ਹਾਂ ਨੇ ਸਾਹਿਤ ਦੇ ਸਾਰੇ ਵਰਗਾਂ ਦੇ ਨਵੇਂ ਪੰਜਾਬੀ ਲੇਖਕਾਂ ਦੀ ਸਰਪ੍ਰਸਤੀ ਅਤੇ ਮਾਰਗ ਦਰਸ਼ਨ ਕੀਤਾ ਅਤੇ ਉਨ੍ਹਾਂ ਸਾਰਿਆਂ ਲਈ ਇੱਕ ਰੋਲ ਮਾਡਲ ਬਣੇ।

ਕੰਪਿਊਟਰ ਨਾਲ਼ ਸਬੰਧਿਤ ਤਕਨੌਲੋਜੀਕਲ ਪ੍ਰਾਪਤੀਆਂ

ਉਨ੍ਹਾਂ ਦੀਆਂ ਤਕਨੌਲੋਜੀਕਲ ਪ੍ਰਾਪਤੀਆਂ ਬਾਰੇ ਚਰਚਾ ਕਰਨ ਦੀ ਕੋਈ ਲੋੜ ਨਹੀਂ ਅਤੇ ਇਸ ਲੇਖ ਦਾ ਹਿੱਸਾ ਨਹੀਂ ਬਣ ਸਕਦੀਆਂ। ਪਰ ਇਨ੍ਹਾਂ ਦਾ ਖੁਲਾਸਾ ਕੈਲੀਫੋਰਨੀਆ( ਯੂ ਐੱਸ ਏ) ਨਿਵਾਸੀ ਸੁਪ੍ਰਸਿੱਧ ਨਿਉਰੋ-ਸਰਜਨ ਡਾ ਕੁਲਬੀਰ ਸਿੰਘ ਥਿੰਦ ਦੀਆਂ ਨਿਮਨ-ਲਿਖਤ ਸਤਰਾਂ ਕਰਦੀਆਂ ਹਨ। ਇਹ ਡਾ. ਸਾਹਿਬ ਦੇ ਉਸ ਟੈਸਟੀਮੋਨੀਅਲ ’ਚੋਂ ਲਈਆਂ ਗਈਆ ਹਨ ਜਿਹੜਾ ਉਨ੍ਹਾਂ ਨੇ ਪੰਨੂੰ ਸਾਹਿਬ ਦੀ ਅਵਾਰਡ ਲਈ ਨਾਮਜਦਗੀ ਲਈ ਭੇਜਿਆ ਸੀ।

He is one of the very rare individuals who have in-depth knowledge of Gurmukhi as well Urdu scrips and written Punjabi and Urdu languages. On top of that he is a power user of computers. He has been teaching others how to use computers, and many seniors have benefited from that. He is a Punjabi writer and has contributed many articles to various publications. His most remarkable achievement has been him creating a methodology to convert text written in Gurmukhi to Urdu script. It may seem simple to novices, but it is a very difficult task given that the two scripts are very different in many ways. Gurmukhi and Urdu alphabets are very different from each other, and one is written from left to right and the other is written from right to left. In the Urdu script as letters are combined their shape changes depending on the placement. Pannu’s methodology is now being used by some Apps.

  1. Kirpal Singh Pannu also developed a more efficient key-input method for writing Punjabi on a computer. To accomplish this, he analyzed the frequency use of various letters in Gurmukhi.

Having developed a methodology to convert text written in Gurmukhi to Urdu he converted the text of Sri Guru Granth Sahib to Urdu. Sri Guru Granth Sahib is the most important scripture of Sikhism.
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1552
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਇੰਜ. ਈਸ਼ਰ ਸਿੰਘ
Brampton, Ontario, Canada.
Phone: 647 - 640 - 2014
e-mail: ishersingh44@hotmail.com

ਇੰਜ. ਈਸ਼ਰ ਸਿੰਘ

ਇੰਜ. ਈਸ਼ਰ ਸਿੰਘ Brampton, Ontario, Canada. Phone: 647 - 640 - 2014 e-mail: ishersingh44@hotmail.com

View all posts by ਇੰਜ. ਈਸ਼ਰ ਸਿੰਘ →