ਕੈਨੇਡਾ ਵਿੱਚ ਬੱਚਿਆਂ ਦੀ ਜਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਇੱਕ ਹੀ ਨਿਬੰਧ ਰਾਹੀ ਕਲਮਬੰਦ ਕਰਕੇ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਹਰੇਕ ਬੱਚਾ ਬੱਚਪਨ ਤੋਂ ਲੈ ਕੇ ਜਵਾਨ ਹੋਣ ਤਕ ਬਹੁਤ ਸਾਰੇ ਪੜ੍ਹਾਵਾਂ ਵਿੱਚੋ ਦੀ ਗੁਜਰਦਾ ਹੈ। ਜਦੋਂ ਬੱਚੇ ਛੋਟੇ ਹੁੰਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਵੀ ਛੋਟੀਆਂ ਹੁੰਦੀਆਂ ਹਨ ਤੇ ਵੱਡੇ ਹੋਣ ਦੇ ਨਾਲ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਇਹ ਵੀ ਜਰੂਰੀ ਨਹੀਂ ਕਿ ਹਰੇਕ ਬੱਚਾ ਜਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਇੱਕ ਹੀ ਤਰੀਕੇ ਨਾਲ ਦੇਖੇ, ਸੋਚੇ, ਸਮਝੇ ਤੇ ਸੁਲਝਾਏ। ਹਰੇਕ ਬੱਚੇ ਦਾ ਸਮੱਸਿਆਵਾਂ ਦਾ ਸਾਹਮਣਾ ਕਰਨ ਦਾ ਆਪਣੀ ਯੋਗਤਾ ਤੇ ਸ਼ਖਸੀਅਤ ਅਨੁਸਾਰ ਆਪਣਾ ਹੀ ਤਰੀਕਾ ਹੁੰਦਾ ਹੈ। ਬੱਚੇ ਦੀ ਯੋਗਤਾ ਤੇ ਸ਼ਖਸੀਅਤ ਦੀ ਉਸਾਰੀ ਵਾਸਤੇ ਉਸਦੇ ਆਪਣੇ ਪ੍ਰੀਵਾਰ, ਕਲਚਰ ਅਤੇ ਚੌਗਿਰਦੇ ਦਾ ਅਥਾਹ ਅਸਰ ਹੁੰਦਾ ਹੈ। ਇਸੇ ਤਰ੍ਹਾਂ ਬੱਚਿਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਪ੍ਰੀਵਾਰ, ਕਲਚਰ ਅਤੇ ਚੌਗਿਰਦੇ ਦੀ ਉਪਜ ਹੀ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਸੁਲਝਾਉਣ ਤੇ ਵੀ ਉਨ੍ਹਾਂ ਹੀ ਪ੍ਰਸਥਿਤੀਆਂ ਦਾ ਬਹੁਤ ਪ੍ਰਭਾਵ ਹੁੰਦਾ ਹੈ। ਕੈਨੇਡਾ ਵਿੱਚ ਰਹਿ ਰਹੇ ਸਾਡੇ ਪੰਜਾਬੀ ਬੱਚਿਆਂ ਦੀਆਂ ਸਮੱਸਿਆਵਾਂ ਵੀ ਕਈ ਤਰ੍ਹਾਂ ਦੀਆਂ ਹਨ ਜਿਵੇਂ ਬੱਚਿਆਂ ਤੇ ਮਾਪਿਆਂ ਵਿੱਚਕਾਰ ਆਪਸੀ ਗਲਬਾਤ ਦਾ ਪਾੜਾ। ਸਾਡੇ ਬਹੁਤ ਸਾਰੇ ਪ੍ਰੀਵਾਰਾਂ ਵਿੱਚ ਅਜੇ ਵੀ ਇਹ ਆਮ ਦੇਖਿਆਂ ਜਾਂਦਾ ਹੈ ਕਿ ਬਹੁਤ ਸਾਰੇ ਵਿਸਿ਼ਆਂ ਤੇ ਬੱਚਿਆਂ ਨਾਲ ਖੁ਼ਲ੍ਹ ਕੇ ਗਲਬਾਤ ਕਰਨ ਦੀ ਆਦਤ ਤੇ ਰਿਵਾਜ ਬਹੁਤ ਘੱਟ ਹੈ। ਉਂਜ ਵੀ ਪ੍ਰੀਵਾਰ ਦੇ ਕਿਸੇ ਵੀ ਮਸਲੇ ਵਿੱਚ ਬੱਚਿਆਂ ਦੀ ਰਾਇ ਨੂੰ ਕੋਈ ਬਹੁਤੀ ਮਹੱਤਤਾ ਨਹੀਂ ਦਿਤੀ ਜਾਂਦੀ, ਦੋਵੇਂ ਮਾਂ-ਬਾਪ ਆਪਣੀਆਂ ਲੋਂੜਾਂ ਦੀ ਪੂਰਤੀ ਵਾਸਤੇ ਕੰਮ ਕਰਦੇ ਹੋਣ ਕਰਕੇ ਉਨ੍ਹਾਂ ਕੋਲ ਬੱਚਿਆਂ ਲਈ ਵਕਤ ਦੀ ਵੀ ਕਮੀ ਹੁੰਦੀ ਹੈ। ਇਸ ਦੇ ਇਲਾਵਾ ਬਹੁਤ ਸਾਰੇ ਬੱਚੇ ਤਾਂ ਆਪਣੇ ਮਾਪਿਆਂ ਦੇ ਲੜਾਈ ਝਗੜੇ ਤੇ ਤਲਾਕ ਦੀ ਸ਼ਜਾ ਬਿਨ੍ਹਾਂ ਕਿਸੇ ਗੁਨਾਹ ਦੇ ਭੁਗਤ ਰਹੇ ਹੁੰਦੇ ਹਨ, ਜਿਸਦੇ ਨਤੀਜੇ ਵਜੋਂ ਬੱਚਿਆਂ ਦੀ ਸੋਚ ਤੇ ਦਿਮਾਗਾਂ ਚੋਂ ਉਪਜੇ ਹੋਏ ਸੁਵਾਲਾਂ ਦੇ ਜਵਾਬ ਲਭਣ ਲਈ ਉਨ੍ਹਾਂ ਨੂੰ ਕਿਸੇ ਨਾ ਕਿਸੇ ਦੂਸਰੇ ਵਿਆਕਤੀ ਜਾਂ ਵਿਆਕਤੀਆਂ ਦੀ ਸਲਾਹ ਦੀ ਜਰੂਰਤ ਪੈਂਦੀ ਹੈ। ਬਹੁਤੀ ਵਾਰ ਬੱਚੇ ਆਪਣੇ ਹਾਣ ਦੇ ਦੂਸਰੇ ਬੱਚਿਆਂ ਦੀ ਦਿਤੀ ਹੋਈ ਸਲਾਹ ਦੇ ਮਗਰ ਲੱਗ ਤੁਰਦੇ ਹਨ। ਉਹ ਸਲਾਹ ਜੇਕਰ ਕਿਸੇ ਅਕਲਵੰਦ ਤੇ ਸੰਸਕਾਰੀ ਬੱਚੇ ਵਲੋਂ ਦਿਤੀ ਗਈ ਹੋਵੇ ਤਾਂ ਬੱਚੇ ਲਈ ਪੱਥ ਪ੍ਰਦਰਸ਼ਕ ਵੀ ਹੋ ਸਕਦੀ ਹੈ, ਪਰ ਆਮ ਤੋਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਘਰਾਂ ਤੋਂ ਟੁੱਟੇ ਹੋਏ ਤੇ ਅਣਗੋਲੇ ਬੱਚੇ ਗਲਤ ਬੱਚਿਆਂ ਦੀ ਸੰਗਤ ਵਿੱਚ ਪੈ ਕੇ ਗਲਤ ਰਸਤੇ ਅਖਤਿਆਰ ਕਰ ਲੈਂਦੇ ਹਨ ਜਿਥੇ ਉਹ ਡਰੱਗਾਂ, ਗੰਨਾਂ ਤੇ ਗੈਂਗਾਂ ਦੇ ਸਾਥੀ ਬਣ ਕੇ ਆਪਣੀ ਅਣਮੋਲ ਜਿੰਦਗੀ ਭੰਗ ਤੇ ਭਾੜੇ ਗੁਵਾ ਲੈਂਦੇ ਹਨ। ਅਜਿਹੀ ਸਥਿਤੀ ਤੋਂ ਬੱਚਣ ਲਈ ਮਾਪਿਆਂ ਨੂੰ ਬੱਚਿਆਂ ਦੇ ਹਾਣੀ ਬਣਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੁੰ ਸਮਝਣ ਲਈ ਉਨ੍ਹਾਂ ਨਾਲ ਗਲਬਾਤ ਦਾ ਮਹੋਲ ਪੈਦਾ ਕਰਨਾ ਬਹੁਤ ਹੀ ਜਰੂਰੀ ਹੈ ਜਿਥੇ ਬੱਚਾ ਬਿਨ੍ਹਾਂ ਝਿੱਜਕ ਦੇ ਹਰ ਵਿਸ਼ੇ ਤੇ ਗਲਬਾਤ ਕਰ ਸਕੇ। ਕੈਨੇਡਾ ਵਿੱਚ ਹਰ ਪੰਜਾਂ ਬੱਚਿਆਂ ਚੋਂ ਇੱਕ ਬੱਚਾ ਚਾਰ ਸਾਲ ਤੋਂ ਸੋਂਲਾਂ ਸਾਲ ਦੀ ਉਮਰ ਤਕ ਮਾਨਸਿਕ ਬਿਮਾਰੀ ਦਾ ਸਿ਼ਕਾਰ ਹੈ, ਇਸ ਬਿਮਾਰੀ ਦੀ ਜਕੜ ਵਿੱਚ ਆਏ ਸਾਡੇ ਪੰਜਾਬੀ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਦੀ ਬਹੁਤ ਹੀ ਘਾਟ ਹੈ। ਜੇਕਰ ਮਾਨਸਿਕ ਬਿਮਾਰੀ ਵੱਲ ਸਮੇਂ ਸਿਰ ਧਿਆਨ ਨਾ ਦਿਤਾ ਜਾਵੇ ਤਾਂ ਇਸ ਬਿਮਾਰੀ ਦੇ ਸ਼ਿਕਾਰ ਬੱਚੇ ਆਤਮ ਵਿਸ਼ਵਾਸ ਗੁਵਾ ਲੈਂਦੈ ਹਨ ਤੇ ਕਈ ਵਾਰ ਹਾਲਾਤ ਆਤਮ ਹਤਿਆ ਤਕ ਪੁੱਜ ਜਾਂਦੇ ਹਨ। ਬੱਚਿਆਂ ਵਿੱਚ ਮਾਨਸਿਕ ਬਿਮਾਰੀ ਦੇ ਕਾਰਨ ਵੱਖ ਵੱਖ ਹੁੰਦੇ ਹਨ। ਉਹ ਬੱਚੇ ਜੋ ਮਾਨਸਿਕ ਤੌਰ ਤੇ ਏਨੇ ਮਜ਼ਬੂਤ ਨਹੀਂ ਹੁੰਦੇ, ਛੋਟੀ ਛੋਟੀ ਗਲ ਮਨ ਤੇ ਲਾਹ ਲੈਂਦੇ ਹਨ। ਜਿਵੇਂ ਸਕੂਲ ਵਿੱਚ ਦੂਜੇ ਬੱਚਿਆਂ ਵਰਗੇ ਬਨਣ ਦੀ ਕੋਸਿ਼ਸ਼ ਕਰਨੀ, ਜਦੋਂ ਕਿ ਮਾਪਿਆ ਦੀਆਂ ਆਸਾਂ ਕੁਝ ਹੋਰ ਹੁੰਦੀਆਂ ਹਨ ਜਾਂ ਸਕੂਲ ਵਿੱਚ ਦੂਜੇ ਬੱਚਿਆਂ ਵਲੋਂ ਗਲਤ ਕੰਮ ਜਾਂ ਉਨ੍ਹਾਂ ਵਰਗੇ ਬਨਣ ਲਈ ਮਜਬੂਰ ਤੇ ਤੰਗ ਕੀਤੇ ਜਾਣਾ। ਬਹੁਤੀ ਵਾਰ ਬੱਚੇ ਡਰਦੇ ਮਾਪਿਆਂ ਨੂੰ ਨਹੀਂ ਦਸਦੇ ਤੇ ਮਾਨਸਿਕ ਬਿਮਾਰੀ ਦਾ ਸਿ਼ਕਾਰ ਹੋ ਜਾਂਦੇ ਹਨ ਤੇ ਚੁੱਪ ਚੁੱਪ ਰਹਿਣ ਲੱਗ ਪੈਂਦੇ ਹਨ। ਅਜਿਹੀ ਸਥਿਤੀ ਵਿੱਚ ਮਾਪਿਆਂ ਨੂੰ ਸਕੂਲਾਂ ਵਿੱਚ ਉਪਲੱਬਧ ਸੋਸ਼ਲ ਵਰਕਰ ਤੇ ਹੋਰ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਕਈ ਵਾਰ ਤਾਂ ਮਾਪੇ ਖੁਦ ਹੀ ਬੱਚਿਆਂ ਦੀ ਮਾਨਸਿਕ ਬਿਮਾਰੀ ਦਾ ਕਾਰਨ ਵੀ ਬਣ ਜਾਂਦੇ ਹਨ, ਜਦੋਂ ਉਹ ਆਪਣੇ ਅਧੂਰੇ ਸੁਪਨੇ ਬੱਚਿਆਂ ਰਾਹੀਂ ਪੂਰੇ ਕਰਨੇ ਚਾਹੁੰਦੇ ਹਨ। ਬੱਚਿਆਂ ਤੋਂ ਉਚੀਆਂ ਆਸਾਂ ਰਖਣੀਆਂ ਜਾਂ ਉਚੇ ਸੁਪਨੇ ਦੇਖਣੇ ਕੋਈ ਮਾੜੀ ਗੱਲ ਨਹੀਂ, ਪਰ ੳਹੁ ਬੱਚਿਆਂ ਦੀ ਯੋਗਤਾ ਅਨੁਸਾਰ ਹੋਣੇ ਬਹੁਤ ਹੀ ਜਰੂਰੀ ਹਨ। ਕਈ ਵਾਰ ਤਾਂ ਮਾਪੇ ਆਪ ਥਰਡ ਡਵੀਜਨ ਲੈ ਕੇ ਮੈਟਰਿਕ ਪਾਸ ਹੁੰਦੇ ਹਨ, ਪਰ ਬੱਚੇ ਵਲੋਂ ਲਏ ਹੋਏ ਅੱਸੀ ਜਾਂ ਨੱਬੇ ਪ੍ਰਤੀਸ਼ਤ ਨੰਬਰਾਂ ਤੇ ਵੀ ਖੁਸ਼ ਨਹੀਂ ਹੁੰਦੇ ਕਿ ਪੂਰੇ ਸੋ ਪ੍ਰਤੀਸ਼ਤ ਕਿਉਂ ਨਹੀਂ ਹਨ। ਸਾਡੇ ਬਹੁਤ ਸਾਰੇ ਪੰਜਾਬੀ ਪ੍ਰੀਵਾਰਾਂ ਵਿੱਚ ਬੱਚਿਆਂ ਦੀਆਂ ਸਰੀਰਕ ਲੋੜਾਂ ਤਾਂ ਹੱਡ-ਭੰਨਵੀਂ ਮੇਹਨਤ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ, ਇਥੋਂ ਤਕ ਕਿ ਕਰਜ਼ੇ ਚੁੱਕ ਵੱਡੀਆਂ ਵੱਡੀਆਂ ਕਾਰਾਂ ਵੀ ਸਕੂਲ ਜਾਣ ਲਈ ਲੈ ਦਿਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੀਆਂ ਮਾਨਸਿਕ ਲੋੜਾਂ ਨੂੰ ਅਣਗੋਲਿਆ ਜਾਂਦਾ ਹੈ। ਬੱਚਿਆਂ ਦੀ ਪੂਰਨ ਸ਼ਖਸ਼ੀਅਤ ਦੇ ਵਿਕਾਸ ਲਈ ਸਰੀਰਕ ਤੇ ਮਾਨਸਿਕ ਲੋੜਾਂ ਨੂੰ ਇਕਸਾਰਤਾ ਨਾਲ ਦੇਖਣਾ ਤੇ ਪੂਰਿਆਂ ਕਰਨਾ ਬਹੁਤ ਹੀ ਜਰੂਰੀ ਹੈ। ਇਸ ਤੋ ਇਲਾਵਾ ਕੈਨੇਡਾ ਵਿੱਚ ਰਹਿ ਰਹੇ ਸਾਡੇ ਪੰਜਾਬੀ ਪ੍ਰੀਵਾਰਾਂ ਵਿੱਚ ਬੱਚਿਆਂ ਨੂੰ ਵਿਆਹ ਕਰਵਾਉਣ ਸਮੇਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖ਼ਾਸ ਕਰਕੇ ਜਦੋਂ ਮਾਪੇ ਬੱਚਿਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ਼ ਆਪਣੇ ਦੇਸ਼ ਲਿਜਾ ਕੇ ਵੱਟਾ ਕਰਕੇ ਅਨਜੋੜ ਵਿਆਹ ਕਰ ਆਉਦੇਂ ਹਨ ਤਾਂਕਿ ਉਨ੍ਹਾਂ ਦੇ ਕਿਸੇ ਹੋਰ ਰਿਸ਼ਤੇਦਾਰ ਨੂੰ ਇਮੀਗ੍ਰੇਸ਼ਨ ਮਿਲ ਸਕੇ। ਜਾਂ ਫਿਰ ਇਮੀਗ੍ਰੇਸ਼ਨ ਦੀ ਖਾਤਰ ਬਹੁਤ ਸਾਰੇ ਬੱਚਿਆਂ ਨਾਲ ਵਿਆਹ ਦੇ ਨਾਂ ਹੇਠ ਧੋਖੇ ਹੋਣੇ ਜਾਂ ਅਨਜੋੜ ਵਿਆਹ ਵੀ ਦਿਨ-ਬ-ਦਿਨ ਵੱਧ ਰਹੀ ਸਮਸਿਆ ਹੈ। ਕਈ ਵਾਰ ਇਥੇ ਜੰਮੇ ਜਾਂ ਇਮੀਗਰਾਂਟ ਬੱਚੇ ਜਦੋਂ ਮਾਪਿਆਂ ਦੀ ਮਰਜ਼ੀ ਦੇ ਵਿਰੁਧ ਆਪਣਾ ਵਿਆਹ ਕਿਸੇ ਹੋਰ ਦੇਸ਼, ਧਰਮ ਜਾਂ ਜਾਤ ਦੇ ਬੱਚੇ ਨਾਲ ਕਰਵਾ ਲੈਂਦੇ ਹਨ ਤਾਂ ਮਾਪੇ ਕਈ ਵਾਰ ਉਨ੍ਹਾਂ ਨੂੰ ਸਦਾ ਲਈ ਤਿਆਗ ਦੇਂਦੇ ਹਨ। ਇਸ ਤੋ ਇਲਾਵਾ ਪੰਜਾਬੀ ਬੱਚਿਆਂ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਵੇਂ ਘਰ ਤੇ ਬਾਹਰ ਦੋ ਵਖੱਰੇ ਵਖੱਰੇ ਕਲਚਰਾਂ ਵਿੱਚ ਸਮੋਣਾ ਤੇ ਦੋਹਾਂ ਕਲਚਰਾਂ ਦੀਆਂ ਆਸਾਂ, ਉਮੀਦਾ ਤੇ ਪੂਰਾ ਉਤਰਣਾ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਬਾਇਓਡੇਟਾ:
ਨਾਮ: ਰਛਪਾਲ ਕੌਰ ਗਿੱਲ
ਜਨਮ ਸਥਾਨ: ਭੁੱਲਰ ਬੇਟ, ਜ਼ਿਲਾ ਕਪੂਰਥਲਾ, ਪੰਜਾਬ
ਮਾਤਾ-ਪਿਤਾ: ਸਰਦਾਰਨੀ ਚਰਨ ਕੌਰ ਭੁੱਲਰ, ਸਰਦਾਰ ਬਖਸ਼ੀਸ਼ ਸਿੰਘ ਭੁੱਲਰ
ਪਤੀ: ਰਘਬੀਰ ਸਿੰਘ ਗਿੱਲ
ਬੱਚੇ: ਕਮਲਪ੍ਰੀਤ ਕੌਰ, ਭੁਪਿੰਦਰਜੀਤ ਕੌਰ, ਪਵਨਪ੍ਰੀਤ ਕੌਰ ਪ੍ਰਿਤਪਾਲ ਸਿੰਘ ਗਿੱਲ
ਪੜ੍ਹਾਈਃ
* ਐਮ਼ ਏ਼ ਪੁਲੀਟੀਕਲ ਸਾਇੰਸ, ਡੀ ਏ ਵੀ ਕਾਲਜ ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ)
* ਬੀ. ਏ। ਗੌਰਮਿੰਟ ਰਣਧੀਰ ਕਾਲਜ ਕਪੂਰਥਲਾ, ਪੰਜਾਬ
* ਬੀ. ਐਡ ਅਤੇ ਪ੍ਰਿੰਸੀਪਲ ਕੁਆਲੀਫੀਕੇਸ਼ਨ, ਯਾਰਕ ਯੂਨੀਵਰਸਿਟੀ ਟਰੋਂਨਟੋ, ਕੈਨੇਡਾ
* ਸਪੈਸਲਿਸਟ ਇੰਨ ਸਪੈਸਲ ਐਜੂਕੇਸ਼ਨ, ਯੂਨੀਵਰਸਿਟੀ ਆਫ਼ ਟਰੋਂਨਟੋਂ
ਕਿਤਾਃ
* ਟੋਰਨਟੋਂ ਬੋਰਡ ਆਫ਼ ਐਜੂਕੇਸ਼ਨ ਤੋਂ ਪੰਝੀ ਸਾਲ ਵੱਖ ਵੱਖ ਅਹੁਦਿਆਂ (ਅਧਿਆਪਨ, ਚੇਅਰਪਰਸਨ, ਵਾਇਸ ਪ੍ਰਿੰਸੀਪਲ, ਪ੍ਰਿੰਸੀਪਲ) ਦੀਆਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ
ਸਾਹਿਤਕ ਸਿਰਜਣਾਃ
* “ਟਾਹਣੀਓ ਟੁੱਟੇ” ਕਹਾਣੀ ਸੰਗ੍ਰਹਿ 2012 ਵਿੱਚ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵਲੋਂ ਛਾਪਿਆ ਗਿਆ।
* “ਸ਼ਬਦਾਂ ਵਿੱਚ ਪਰੋਏ ਜ਼ਜ਼ਬਾਤ” ਕਵਿ ਸੰਗ੍ਰਹਿ 2021 ਵਿੱਚ ਕਾਜਲ ਪਬਲਿਸ਼ਰ ਵੱਲੋਂ ਛਾਪਿਆ ਗਿਆ।
* “ਢੱਲਦੇ ਦੀ ਲਾਲੀ” ਕਹਾਣੀ ਸੰਗ੍ਰਹਿ ਤੇ ਕੁਝ ਹੋਰ ਸਾਹਿਤਕ ਰਚਨਾਵਾਂ ਤਿਆਰੀ ਅਧੀਨ
* “ਕਲਮਾਂ ਦੇ ਕਾਫ਼ਲਾ” ਕੇਨੈਡਾ ਦੀ ਸਾਹਿਤਕ ਆਰਗੇਨੇਸ਼ਨ ਦੀ ਮੈਂਬਰ ਤੇ ਦੋ ਸਾਲ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਈਆਂ
Email: rachhpalgill@hotmail.com
Phone: 905-915-3839
***
Name: Rachhpal Kaur Gill
Birth Date and Place: February 6th, 1951 - Village: Bhullar Bet (Kapurthala)
Parents: Bakhshish Singh Bhullar & Charan Kaur Bhullar
Spouse: Raghbir Singh Gill
Education:
M. A. Political Science from D.A.V. College Jallandhar (Guru Nanak Dev University, Amritsar, Punjab, India.
B Ed. & Principal’s qualification - York University, Toronto, Canada.
Specialist in Special Education - University of Toronto, Canada.
Profession: Retired from Toronto District School board after 25 years-service as a Teacher, chairperson, Vice-Principal and Principal.
Literary Publications:
1. Short Story book “Tahnio Tute” written in Punjabi, published in 2012(Ravi Sahit Parkashan Amritsar).
2. Poetry book “Shabdan Vich PROYE Zazbaat written in Punjabi, publishedIn 2021 (Kajal Publishers).
Membership:
Member and served as a coordinator for two years - Punjabi Kalma da Kaafla(A Literary Organization in Ontario, Canada).
Member of Ontario College of Teachers (OCT).
Email: rachhpalgill@hotmail.com
Phone: 905-915-3839
***