ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਲਈ ਵਿਦਿਅਕ ਅਦਾਰਿਆਂ ਦੇ ਦਰਵਾਜ਼ੇ ਖੁਲ੍ਹਣ ਬਾਰੇ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਇਸ ਧਰਤੀ ਤੇ ਪੈਰ ਧਰਨ ਦੇ ਇਤਿਹਾਸ ਤੇ ਉਨ੍ਹਾਂ ਦੇ ਸੰਘਰਸ ਬਾਰੇ ਗੱਲ ਕਰਨਾ ਬਹੁਤ ਹੀ ਜਰੂਰੀ ਬਣਦਾ ਹੈ। ਪੰਜਾਬੀ ਲੋਕ ਮਿਹਨਤਕਸ਼ ਹੋਣ ਦੇ ਨਾਲ ਨਾਲ ਪਰਵਾਸ ਕਰਨ ਦੀ ਯੋਗਤਾ ਤੇ ਉਤਸੁਕਤਾ ਰਖਣ ਕਰਕੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜਾ ਕੇ ਵੱਸੇ ਦੇਖੇ ਜਾ ਸਕਦੇ ਹਨ, ਭਾਵੇਂ ਆਪਣੀਆਂ ਜੜ੍ਹਾਂ, ਆਪਣੀ ਧਰਤੀ ਤੋਂ ਉਖੇੜ ਕੇ ਕਿਸੇ ਨਵੀਂ ਧਰਤੀ ਤੇ ਲਾਉਣੀਆਂ ਤੇ ਪ੍ਰਫ਼ੁਲਤ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ। ਜਿਵੇਂ ਵਿਦੇਸ਼ ਦੀ ਧਰਤੀ ਤੇ ਪੁਜ ਕੇ ਹਰ ਪ੍ਰਵਾਸੀ ਨੂੰ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਦੇ ਇਲਾਵਾ ਆਪਣੀ ਹੌਂਦ, ਪਹਿਚਾਣ, ਧਰਮ, ਕਲਚਰ ਤੇ ਮੁਢਲੇ ਹੱਕਾਂ ਨੂੰ ਬਰਕਰਾਰ ਰਖਣ ਲਈ ਜਦੋਜਹਿਦ ਕਰਨਾ ਪੈਂਦਾ ਹੈ, ਇਸੇ ਤਰ੍ਹਾਂ ਪੰੰਜਾਬੀਆਂ ਨੂੰ ਵੀ ਕੈਨੇਡਾ ਦੀ ਧਰਤੀ ਤੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ। ਕੈਨੇਡਾ ਵਿੱਚ ਪੰਜਾਬੀਆਂ ਦਾ ਸੰਖੇਪ ਇਤਿਹਾਸ: ਪੰਜਾਬੀਆਂ ਨੂੰ ਕੈਨੇਡਾ ਆਇਆਂ ਨੂੰ ਸੌ ਸਾਲ ਤੋਂ ਵੱਧ ਦਾ ਸਮਾਂ ਹੋ ਚੁਕਿਆ ਹੈ। ਸਭ ਤੋਂ ਪਹਿਲਾਂ 1897 ਵਿੱਚ ਕੁਝ ਪੰਜਾਬੀ ਸਿੱਖਾਂ ਨੇ ਪਹਿਲੀ ਵਾਰ ਹਾਂਗਕਾਂਗ ਤੇ ਮਲਾਇਆ ਦੀਆਂ ਫ਼ੌਜਾਂ ਨਾਲ ਕੁਈਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਮਨਾਉਣ ਸਮੇਂ ਕੈਨੇਡਾ ਦੀ ਧਰਤੀ ਤੇ ਪੈਰ ਧਰਿਆ ਸੀ। ਉਸ ਸਮੇਂ ਭਾਰਤ ਬ੍ਰਿਟਿਸ਼ ਸਾਮਰਾਜ ਦਾ ਹਿਸਾ ਸੀ ਤੇ ਕੈਨੇਡਾ ਬ੍ਰਿਟਿਸ਼ ਕਲੋਨੀ ਸੀ। ਉਸ ਤੋਂ ਬਾਦ 1902 ਵਿੱਚ ਕਿੰਗ ਐਡਵਰਡ ਸਤਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਕੁਝ ਕੁ ਪੰਜਾਬੀ ਲੋਕ ਆਏ। ਕੈਨੇਡਾ ਦੀ ਧਰਤੀ ਬਾਰੇ ਜਾਣਕਾਰੀ ਮਿਲਣ ਤੇ 1903-04 ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਾਊਥ ਏਸ਼ੀਆ ਦੇ ਪ੍ਰਵਾਸੀਆਂ ਨੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰਾਂ ਵੈਨਕੂਵਰ ਤੇ ਵਿਕਟੋਰੀਆ ਵਿੱਚ ਵਸਣਾ ਸ਼ੂਰੁ ਕਰ ਦਿਤਾ। ਉਸ ਸਮੇਂ ਸਾਊਥ ਏਸ਼ੀਅਨ ਪ੍ਰਵਾਸੀ ਹਾਂਗਕਾਂਗ ਤੇ ਜਪਾਨ ਦੇ ਰਸਤੇ ਸਮੁੰਦਰੀ ਜਹਾਜ਼ਾਂ ਰਾਹੀਂ ਆਇਆ ਕਰਦੇ ਸਨ। ਉਸ ਸਮੇਂ ਕੋਈ ਵੀ ਇੰਮੀਗ੍ਰਾਂਟ ਕੈਨੇਡਾ ਵਿੱਚ ਤਿੰਨ ਸਾਲ ਰਹਿਣ ਤੋਂ ਬਾਦ ਇਥੋਂ ਦਾ ਵਾਸ਼ਿੰਦਾ ਬਣ ਸਕਦਾ ਸੀ ਅਤੇ ਵੋਟ ਦਾ ਹੱਕ ਪ੍ਰਾਪਤ ਕਰ ਸਕਦਾ ਸੀ, ਪਰ ਬ੍ਰਿਟਿਸ਼ ਕਲੰਬੀਆ ਦੀ ਕੰਜਰਵੇਟਿਵ ਸਰਕਾਰ ਨੇ 27 ਮਾਰਚ, 1907 ਵਾਲੇ ਦਿਨ ਬਿੱਲ ਪਾਸ ਕਰਕੇ ਭਾਰਤੀਆਂ ਕੋਲੋਂ ਵੋਟ ਦਾ ਹੱਕ ਖੋਹ ਲਿਆ। 1908 ਵਿੱਚ ਇਮੀਗ੍ਰੇਸ਼ਨ ਤੇ ਰੋਕ ਲੱਗਣ ਤਕ ਤਕਰੀਬਨ 5,000 ਸਾਊਥ ਏਸ਼ੀਅਨ ਪ੍ਰਵਾਸੀ ਬ੍ਰਿਟਿਸ਼ ਕੋਲੰਬੀਆਂ ਸੂਬੇ ਵਿੱਚ ਵੱਸ ਚੁੱਕੇ ਸਨ ਜਿਨ੍ਹਾਂ ਵਿੱਚ ਨੱਬੇ ਪ੍ਰਤੀਸ਼ਤ ਪੰਜਾਬੀ ਸਿੱਖ ਸਨ। 8 ਜਨਵਰੀ 1908 ਵਿੱਚ ਗੌਰਮਿੰਟ ਨੇ ਆਰਡਰ-ਇੰਨ-ਕੌਂਸਲ ਪਾਸ ਕੀਤਾ ਕਿ ਇੰਮੀਗ੍ਰਾਂਟ ਲੋਕਾਂ ਤੇ ਕੈਨੇਡਾ ਆਉਣ ਤੇ ਬੰਦਸ਼ਾਂ ਲਾਈਆਂ ਜਾ ਸਕਣ। ਇਸ ਆਰਡਰ ਦੇ ਰੇਗੂਲੇਸ਼ਨਾਂ ਅਨੁਸਾਰ ਉਸੇ ਸਾਲ 10 ਅਪਰੈਲ ਤੇ 27 ਮਈ ਨੂੰ ਇੰਮੀਗਰੇਸ਼ਨ ਐਕਟ ਵਿੱਚ ਸੋਧਾਂ ਕਰਕੇ 3 ਜੂਨ 1908 ਨੂੰ ਲਾਗੂ ਕੀਤਾ ਕਿ ਉਹ ਲੋਕ ਹੀ ਕੈਨੇਡਾ ਵਿੱਚ ਦਾਖਲ ਹੋ ਸਕਣਗੇ ਜੋ ਆਪਣੀ ਜਨਮ-ਭੁਮੀ ਤੋਂ ਉਨ੍ਹਾਂ ਸਮੁੰਦਰੀ ਜਹਾਜ਼ਾਂ ਰਾਹੀਂ ਆ ਸਕਣਗੇ ਜੋ ਸਿੱਧੇ ਜਾਣੀ ਕਿਸੇ ਹੋਰ ਦੇਸ਼ ਵਿੱਚ ਬਿਨ੍ਹਾਂ ਰੁਕੇ ਪੁਜਣਗੇ। ਇਸ ਦਾ ਬਹੁਤਾ ਅਸਰ ਭਾਰਤੀ ਲੋਕਾਂ ਤੇ ਪਿਆ ਕਿਉਂਕਿ ਉਸ ਵਕਤ ਕੋਈ ਵੀ ਸਮੁੰਦਰੀ ਜਹਾਜ਼ ਸਿੱਧਾ ਨਹੀਂ ਆਉਂਦਾ ਸੀ। ਕੈਨੇਡਾ ਤੋਂ ਭਾਰਤ ਦਾ ਫ਼ਾਸਲਾ ਜ਼ਿਆਦਾ ਹੋਣ ਕਰਕੇ ਸਮੁੰਦਰੀ ਜਹਾਜ਼ਾਂ ਨੂੰ ਜਪਾਨ ਜਾਂ ਹਵਾਈ ਦੀਆਂ ਬੰਦਰਗਾਹਾਂ ਤੇ ਰੁਕ ਕੇ ਆਉਣਾ ਪੈਂਦਾ ਸੀ। ਨਾਲ ਹੀ 7 ਜਨਵਰੀ, 1914 ਵਿੱਚ ਆਰਡਰ-ਇੰਨ-ਕੌਂਸਲ ਨੇ ਨਵਾਂ ਰੈਗੂਲੇਸ਼ਨ ਪਾਸ ਕਰਕੇ ਭਾਰਤੀ ਲੋਕਾਂ ਤੇ ਕੈਨੇਡਾ ਵਿੱਚ ਦਾਖ਼ਲ ਹੋਣ ਲਈ 200 ਡਾਲਰ ਨਾਲ ਲੈ ਕੇ ਆਉਣ ਦੀ ਸ਼ਰਤ ਵੀ ਰਖੀ ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ। ਇਸ ਦੇ ਇਲਾਵਾ ਸਮੁੰਦਰੀ ਜਹਾਜ਼ਾਂ ਦੀਆਂ ਕੰਪਨੀਆਂ ਤੇ ਸਿੱਧਾ ਭਾਰਤ ਤੋਂ ਇੰਮੀਗ੍ਰਾਂਟ ਨਾ ਲਿਆਉਣ ਤੇ ਵੀ ਦਬਾਅ ਪਾਇਆ ਗਿਆ। ਇਹ ਉਹ ਸਮਾਂ ਸੀ ਜਦੋਂ ਭਾਰੀ ਗਿਣਤੀ ਵਿੱਚ ਇੰਮੀਗ੍ਰਾਂਟ ਕੈਨੇਡਾ ਆ ਰਹੇ ਸਨ। ਇਕੱਲੇ ਸਾਲ 1913 ਵਿੱਚ 400,000 ਇੰਮੀਗ੍ਰਾਂਟ ਕੈਨੇਡਾ ਨੇ ਸਵੀਕਾਰ ਕੀਤੇ ਜਿਨ੍ਹਾਂ ਵਿੱਚ ਤਕਰੀਬਨ ਸਾਰੇ ਦੇ ਸਾਰੇ ਯੋਰਪੀਅਨ ਲੋਕ ਸਨ। ਉਸ ਵਕਤ ਕੈਨੇਡਾ ਵਿੱਚ ਨਸਲਵਾਦ ਤੇ ਵਿੱਤਕਰਾ ਪੁਰ ਜੋਬਨ ਤੇ ਸੀ। ਨਸਲਵਾਦੀ ਗੋਰਿਆਂ ਨੇ ਭਾਰਤੀਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ ਅਤੇ ਉਨ੍ਹਾਂ ਨੂੰ “ਸਲੇਵ ਇੰਡੀਅਨ” ਕਹਿਣ ਲੱਗੇ ਜਿਸ ਦੇ ਕਾਰਨ ਭਾਰਤੀਆਂ ਵਿੱਚ ਰੋਹ ਜਾਗਿਆ ਤੇ “ਗੱਦਰ ਲਹਿਰ ” ਹੋਂਦ ਵਿੱਚ ਆਈ। ਕੈਨੇਡਾ ਵਿੱਚ ਭਾਰਤੀਆਂ ਨਾਲ ਵਿੱਤਕਰੇ ਬਾਰੇ ਅੰਮ੍ਰਿਤਸਰ ਜ਼ਿਲੇ ਪਿੰਡ ਸਰਹਾਲੀ ਦੇ ਗੁਰਦਿੱਤ ਸਿੰਘ ਸੰਧੂ ਜੋ ਸਿੰਘਾਪੁਰ ਵਿੱਚ ਗੌਰਮਿੰਟ ਕੰਨਟਰੈਟਰ ਸੀ, ਨੇ ਚੈਲਿੰਜ ਦੇ ਤੌਰ ਤੇ ਲਿਆ। ਇਸ ਮਸਲੇ ਨੂੰ ਹੱਲ ਕਰਨ ਲਈ ਇੱਕ ਜਪਾਨੀ ਸਮੁੰਦਰੀ ਜਹਾਜ਼ “ਕਾਮਾਗਾਟਾਮਾਰੂ” ਕਿਰਾਏ ਉਤੇ ਲੈ ਲਿਆ ਤਾਂ ਕਿ ਕੈਨੇਡਾ ਦੀਆਂ ਕਾਨੂੰਨੀ ਅੜਚਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਤੇ ਭਾਰਤੀਆਂ ਵਾਸਤੇ ਕੈਨੇਡਾ ਆਉਣ ਲਈ ਇੰਮੀਗ੍ਰੇਸ਼ਨ ਦੇ ਦਰਵਾਜ਼ੇ ਖੋਲੇ ਜਾ ਸਕਣ। ਕਾਮਾਗਾਟਾਮਾਰੂ ਵਿੱਚ ਕੁੱਲ 376 ਯਾਤਰੀ ਜਿਨ੍ਹਾਂ ਵਿੱਚ 337 ਪੰਜਾਬੀ ਸਿੱਖ, 27 ਮੁਸਲਿਮ ਤੇ 12 ਹਿੰਦੂ ਸਵਾਰ ਸਨ। ਭਾਰਤ ਬ੍ਰਿਟਿਸ਼ ਰਾਜ ਦੇ ਅਧੀਨ ਹੋਣ ਕਰਕੇ ਸਾਰੇ ਯਾਤਰੀ ਬ੍ਰਿਟਿਸ਼ ਸਬਜੈਕਟ ਸਨ। ਜਦੋਂ ਕਾਮਾਗਾਟਾਮਾਰੂ 4 ਅਪਰੈਲ, 1914 ਨੂੰ ਹਾਂਗਕਾਂਗ ਤੋਂ ਚੱਲ ਕੇ 23 ਮਈ, 1914 ਨੂੰ ਵੈਨਕੂਵਰ ਦੀ ਇੱਕ ਬੰਦਰਗਾਹ ਤੇ ਪੁਜਾ ਤਾਂ ਯਾਤਰੀਆਂ ਨੂੰ ਉਤਰਨ ਤੋਂ ਇਸ ਕਰਕੇ ਰੋਕਿਆ ਗਿਆ ਕਿ ਜਹਾਜ਼ ਸਿੱਧਾ ਇੰਡੀਆਂ ਤੋਂ ਨਹੀਂ ਆਇਆ। ਉਸ ਵਕਤ ਵੈਨਕੂਵਰ ਵਿੱਚ ਵੱਸਦੇ ਸਾਊਥ ਏਸ਼ੀਅਨ ਇੰਮੀਗ੍ਰਾਂਟ ਲੋਕਾਂ ਦੇ ਅਣਥੱਕ ਯਤਨ ਕਰਨ ਦੇ ਬਾਵਜੂਦ ਸਿਰਫ਼ 20 ਯਾਤਰੀਆਂ ਨੂੰ ਉਤਰਨ ਦੀ ਆਗਿਆ ਦਿਤੀ ਗਈ। ਦੋ ਮਹੀਨੇ ਯਾਤਰੀਆਂ ਨੂੰ ਜਹਾਜ਼ ਵਿੱਚ ਫ਼ੌਜ ਦੀ ਨਿਗਰਾਨੀ ਹੇਠ ਰਖਣ ਦੇ ਬਾਦ 23 ਜੁਲਾਈ ਨੂੰ ਜਹਾਜ਼ ਵਾਪਸ ਇੰਡੀਆਂ ਨੂੰ ਮੋੜਿਆ ਗਿਆ। 27 ਸਤੰਬਰ ਜਦ ਕਾਮਾਗਾਟਾਮਾਰੂ ਕੱਲਕਤੇ ਪੁਜਾ ਤਾਂ ਬ੍ਰਿਟਿਸ਼ ਪੁਲੀਸ ਵਲੋਂ ਗੋਲੀਆਂ ਚਲਾਈਆ ਗਈਆ ਜਿਸ ਕਰਕੇ 19 ਯਾਤਰੀ ਮਾਰੇ ਗੲ।ੇ ਏਨੀਆਂ ਪਬੰਦੀਆਂ ਦੇ ਬਾਵਜੂਦ 1966 ਤਕ 2233 ਈਸਟ ਇੰਡੀਅਨ ਆ ਚੁੱਕੇ ਸਨ ਜਿਨ੍ਹਾਂ ਵਿੱਚ 85% ਪੰਜਾਬੀ ਸਿੱਖ ਸਨ। 1960ਵੇਂ ਤੇ 1970ਵੇਂ ਦੇ ਦਹਾਕੇ ਹਜ਼ਾਰਾਂ ਦੀ ਗਿਣਤੀ ਚੰਗੇ ਪੜ੍ਹੇ ਪੰਜਾਬੀ ਕੈਨੇਡਾ ਆ ਕੇ ਸੈਟਲ ਹੋਏ ਕਿਉਂਕਿ 1967 ਵਿੱਚ ਕੈਨੇਡਾ ਗੋਰਮਿੰਟ ਨੇ ਪੋਇੰਟ ਸਿਸਟਮ, ਜਿਸ ਵਿੱਚ ਪੜ੍ਹਾਈ, ਹੁੱਨਰ ਤੇ ਕਿੱਤੇ ਦੇ ਆਧਾਰ ਤੇ 50 ਪੋਇੰਟਸ ਲੈ ਕੇ ਇੰਮੀਗ੍ਰੇਸ਼ਨ ਲੈਣ ਦੀ ਖੁਲ੍ਹ ਦਿਤੀ। 1971 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਪੀਅਰ ਟਰੂਡੋ ਨੇ ਕੈਨੇਡਾ ਨੂੰ ਮੱਲਟੀਕਲਚਰਲ ਦੇਸ਼ ਦੀ ਪਾਲਿਸੀ ਦਾ ਐਲਾਨ ਕਰਕੇ ਵੱਖ ਵੱਖ ਦੇਸ਼ਾਂ ਦੇ ਕਲਚਰਾਂ ਲਈ ਬਰਾਬਰਤਾ ਦਾ ਰਾਹ ਖੋਲਿਆ। ਇਸਦੇ ਆਧਾਰ ਤੇ 1976 ਵਿੱਚ ਇੰਮੀਗ੍ਰੇਸ਼ਨ ਐਕਟ ਵਿੱਚ ਕਾਫ਼ੀ ਛੋਟਾਂ ਤੇ ਸੋਧਾਂ ਤੇ ਕੀਤੀਆ ਗਈਆ। 1982 ਵਿੱਚ ਪ੍ਰਧਾਨ ਮੰਤਰੀ ਪੀਅਰ ਟਰੂਡੋ ਨੇ ਚਾਰਟਰ ਆਫ਼ ਰਾਈਟਸ ਐਂਡ ਫਰੀਡਮ ਨੂੰ ਕੈਨੇਡਾ ਦੇ ਸੰਵਿਧਾਨ ਵਿੱਚ ਸ਼ਾਮਲ ਕਰਕੇ ਬੀ ਐਨ ਏ (ਬ੍ਰਿਟਿਸ਼ ਨਾਰਥ ਅਮੇਰੀਕਾ) ਐਕਟ ਤੇ ਆਪਣੇ ਤੇ ਕੁਵੀਨ ਅਲਿਜ਼ਬਥ ਸੈਕਿੰਡ ਦੇ ਦਸਖ਼ਤ ਕਰਵਾ ਕੇ ਕੰਸਟੀਚਿਊਸ਼ਨ ਐਕਟ ਲਾਗੂ ਕੀਤਾ। ਜਿਸ ਦੇ ਤਹਿਤ ਸਭ ਕੌਮਾਂ ਨੂੰ ਬਿਨ੍ਹਾਂ ਭੇਦ-ਭਾਵ ਬਰਾਬਰਤਾ ਤੇ ਅਧਿਕਾਰ ਦਿਤੇ ਗਏ। ਮਲਟੀਕਲਚਰਲ ਪਾਲਿਸੀ ਦੇ ਆਧਾਰ ਤੇ 1988 ਵਿੱਚ ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਸੀ ਜਿਸਨੇ ਨੈਸ਼ਨਲ ਮਲਟੀਕਲਚਰਲਿਜ਼ਮ ਲਾਅ ਪਾਸ ਕੀਤਾ। ਜਿਸ ਕਰਕੇ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਵਿੱਚ ਸਿਟੀਜ਼ਨ ਤੇ ਇੰਮੀਗ੍ਰਾਂਟਸ ਬਣਕੇ ਆਪਣਾ ਯੋਗਦਾਨ ਵੱਖ ਵੱਖ ਖੇਤਰਾਂ ਵਿੱਚ ਪਾ ਰਹੇ ਹਨ। ਹੁਣ ਤਕ 700,000 ਤੋਂ ਵੱਧ ਪੰਜਾਬੀ ਲੋਕ ਕੈਨੇਡਾ ਦੀ ਧਰਤੀ ਤੇ ਆਪਣੇ ਪੈਰ ਪਕੀ ਤਰ੍ਹਾਂ ਜਮਾ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾ ਲੋਕ ਬ੍ਰਿਟਿਸ਼ ਕੋਲੰਬੀਆ ਵਿੱਚ ਵੱਸੇ ਹੋਏ ਹਨ। ਜੋ ਕੈਨੇਡਾ ਦੀ ਕੁਲ ਅਬਾਦੀ 37 ਮਿਲੀਅਨ ਦਾ ਕੋਈ ਤਕਰੀਬਨ 2% ਦੇ ਕਰੀਬ ਬਣਦਾ ਹੈ। 2020 ਤਕ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਪੰਜਵਾਂ ਸਥਾਨ ਹੈ (ਇੰਗਲਸ਼, ਫਰਿੰਚ, ਮੈਂਡਰੀਨ (ਚੀਨੀ), ਕੈਂਟਨੀਜ਼ (ਚੀਨੀ), ਪੰਜਾਬੀ)। ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਬੋਲਣ ਵਾਲਿਆ ਦਾ ਤੀਸਰਾ ਨੰਬਰ ਹੈ। (ਸਰੋਤ:ਵਿਕੀਪੀਡੀਆ ਅਤੇ ਕੈਨੇਡੀਅਨ ਹਿਸਟਰੀ)। ਕੈਨੇਡਾ ਵਿੱਚ ਪੰਜਾਬੀਆਂ ਦਾ ਸੰਘਰਸ਼: “ਖਾਲਸਾ ਦੀਵਾਨ ਸੁਸਾਇਟੀ” ਵਲੋਂ 1908 ਸੈਕਿੰਡ ਐਵਨਿਊ ਤੇ ਉਤਰੀ ਅਮਰੀਕਾ ਦਾ ਪਹਿਲਾ ਗੁਰਦੁਵਾਰਾ ਉਸਾਰਿਆ ਗਿਆ, ਜੋ ਸਾਰੇ ਧਰਮਾਂ ਦੇ ਭਾਰਤੀ ਇੰਮੀਗ੍ਰਾਟਾਂ ਲਈ ਰੂਹਾਨੀ, ਸਿਆਸੀ ਤੇ ਸਮਾਜਿਕ ਜੀਵਨ ਦਾ ਕੇਂਦਰ ਸੀ। ਇਸ ਤੋਂ ਬਾਦ 1908 ਵਿੱਚ ਹੀ ਪੰਜਾਬੀ ਸਿੱਖਾਂ ਨੇ ਇੱਕ ਲਕੜੀ ਦੀ ਮਿੱਲ ਵਲੋਂ ਦਾਨ ਕੀਤੀ ਲੱਕੜ ਨਾਲ ਬੀ.ਸੀ. ਦੇ ਸ਼ਹਿਰ ਐਬਸਫ਼ੋਰਡ ਵਿੱਚ “ਖਾਲਸਾ ਦੀਵਾਨ ਸੁਸਾਇਟੀ” ਵਲੋਂ ਹੀ ਗੁਰ ਸਿੱਖ ਟੈਂਪਲ ਗੁਰਦੁਵਾਰੇ ਦੀ ਬਿੱਲਡਿੰਗ ਬਣਾਉਣੀ ਸ਼ੁਰੂ ਕੀਤੀ। ਜੋ 1911 ਵਿੱਚ ਬਣ ਕੇ ਤਿਆਰ ਹੋਈ। 1912 ਵਿੱਚ ਗੁਰਦੁਵਾਰਾ ਸੰਗਤ ਲਈ ਖੋਲ੍ਹਿਆ ਗਿਆ ਤੇ ਪਹਿਲੀ ਮਾਰਚ, 1912 ਨੂੰ ਸੰਤ ਤੇਜਾ ਸਿੰਘ ਨੇ ਸੰਗਤਾਂ ਨੂੰ ਪਹਿਲੀ ਵਾਰ ਸੰਬੋਧਨ ਕੀਤਾ। ਇਹ ਗੁਰਦੁਵਾਰੇ ਪੰਜਾਬੀਆਂ ਵਾਸਤੇ ਆਪਣੀ ਧਾਰਮਿਕ ਆਸਥਾ ਦੀ ਪੂਰਤੀ ਦੇ ਇਲਾਵਾ ਆਪਣੇ ਬਾਕੀ ਤੇ ਇੰਮੀਗ੍ਰੇਸ਼ਨ ਦੇ ਮਸਲਿਆ ਬਾਰੇ ਮਿਲ ਬੈਠ ਕੇ ਗੱਲਬਾਤ ਕਰਨ ਲਈ ਵੱਧੀਆ ਪਲੇਟਫ਼ਾਰਮ ਬਣ ਗਿਆ। 1912 ਵਿੱਚ ਡਾ. ਸੁੰਦਰ ਸਿੰਘ ਦੀ ਅਗਵਾਈ ਹੇਠ ਇੱਕ ਡੈਲੀਗੇਟ ਔਟਵਾ ਗਿਆ, ਉਨ੍ਹਾਂ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਆਦਮੀਆਂ ਦੀਆਂ ਪਤਨੀਆਂ ਤੇ ਬਚਿੱਆਂ ਨੂੰ ਕੈਨੇਡਾ ਆਉਣ ਲਈ ਇੰਮੀਗ੍ਰੇਸ਼ਨ ਵਿੱਚ ਤਬਦੀਲੀ ਕਰਨ ਲਈ ਬੇਨਤੀ ਕੀਤੀ। 1912 ਵਿੱਚ ਬਲਵੰਤ ਸਿੰਘ ਜੋ ਸੈਕਿੰਡ ਦਾ ਪਹਿਲਾ ਗਰੰਥੀ ਸੀ, ਨੇ ਆਪਣੀ ਪਤਨੀ ਕਰਤਾਰ ਕੌਰ ਤੇ ਆਪਣੀਆਂ ਦੋ ਬੇਟੀਆਂ ਨੂੰ ਸਪੋਂਨਸਰ ਕਰਕੇ ਮੰਗਾਇਆ । ਉਨ੍ਹਾਂ ਦੇ ਘਰ ਅਗਸਤ 28, 1912 ਵਿੱਚ ਪਹਿਲਾਂ ਪੰਜਾਬੀ ਸਿੱਖ ਬੱਚਾ ਹਰਦਿਆਲ ਸਿੰਘ ਅਟਵਾਲ ਕੈਨੇਡਾ ਵਿੱਚ ਪੈਦਾ ਹੋਇਆ। 11 ਜਨਵਰੀ, 1915 ਵਿੱਚ ਇੰਮੀਗ੍ਰਸ਼ਨ ਇੰਸਪੈਕਟਰ ਵਿਲੀਅਮ ਹੋਪਕਿੰਨਸਨ ਨੂੰ ਮਾਰਨ ਦੇ ਦੋਸ਼ ਵਿੱਚ ਮੇਵਾ ਸਿੰਘ ਨੂੰ ਫ਼ਾਂਸੀ ਦਿਤੀ ਗਈ। ਦਸੰਬਰ 1919 ਵਿੱਚ ਆਰਡਰ-ਇੰਨ-ਕਂੌਸਿਲ ਨੇ ਇੰਮੀਗ੍ਰਾਂਟ ਲੋਕਾਂ ਨੂੰ ਪਤਨੀਆਂ ਤੇ ਅਠਾਰਾਂ ਤੋਂ ਘਟ ਉਮਰ ਬੱਚਿਆਂ ਨੂੰ ਮੰਗਾਉਣ ਦੀ ਇਜ਼ਾਜਤ ਦੇ ਦਿਤੀ ਗਈ। ਭਾਰਤ ਵਿੱਚ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਮਨਜ਼ੂਰੀ ਕਾਫ਼ੀ ਔਖੀ ਤੇ ਟਾਇਮ ਲੱਗਣ ਕਰਕੇ 1914 ਤੋਂ 1922 ਤਕ ਸਿਰਫ਼ 11 ਬੱਚੇ ਹੀ ਆ ਸਕੇ। ਔਖੇ ਸਮੇਂ ਝਲਦੇ ਹੋਏ, 1923-24 ਤਕ ਕੋਈ ਸੌ ਦੇ ਕਰੀਬ ਲੋਕ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਬਿਜ਼ਨਸ ਜਿਵੇਂ ਗਰੋਸਰੀ ਸਟੋਰ, ਗੈਸ ਸਟੇਸ਼ਨ, ਫ਼ਾਰਮ, ਲਕੜੀ ਦੀਆਂ ਮਿਲਾਂ ਆਦਿ ਸਥਾਪਤ ਕਰ ਚੁੱਕੇ ਸਨ। ਉਨ੍ਹਾਂ ਦਿਨਾਂ ਵਿੱਚ ਪੰਜਾਬੀ ਜਿਆਦਾ ਲਕੜੀ ਦੀਆਂ ਮਿਲਾਂ ਵਿੱਚ ਹੀ ਕੰਮ ਕਰਦੇ ਸਨ। 1925 ਤਕ “ਖਾਲਸਾ ਦੀਵਾਨ ਸੁਸਾਇਟੀ ” ਵਲੋਂ ਬ੍ਰਿਟਿਸ਼ ਕੋਲੰਬੀਆਂ ਦੇ ਵੱਖ ਵੱਖ ਇਲਾਕਿਆਂ ਵਿੱਚ ਗੁਰਦੁਵਾਰੇ ਬਣਾਏ ਜਾ ਚੁੱਕੇ ਸਨ। “ਖਾਲਸਾ ਦੀਵਾਨ ਸੁਸਾਇਟੀ ” ਨੇ 1929 ਵਿੱਚ ਮਹਾਤਮਾ ਗਾਂਧੀ ਦੇ ਦੋਸਤ ਚਾਰਲਸ ਐਂਡਰਿਉ ਤੇ ਰਬਿੰਦਰ ਨਾਥ ਟਗੋਰ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਆਇਆ ਸੀ, ਨੂੰ ਸੈਕਿੰਡ ਐਵਨਿਊ ਦੇ ਗੁਰਦੁਵਾਰੇ ਵਿੱਚ ਭਾਰਤੀਆਂ ਨਾਲ ਹੋ ਰਹੇ ਵਿੱਤਕਰੇ ਬਾਰੇ ਗੱਲਬਾਤ ਕਰਨ ਲਈ ਸੱਦਾ ਦਿਤਾ। 1933 ਵਿੱਚ ਮਾਓ ਸਿੰਘ ਦੀ 1918 ਵਿੱਚ ਸਥਾਪਿਤ ਕੀਤੀ ਮਾਓ ਲੰਬਰ ਕੰਪਨੀ ਦੀ ਮਿੱਲ ਸਾੜ ਦਿਤੀ ਗਈ ਜਿਥੇ ਜਿਆਦਾ ਪੰਜਾਬੀ ਇੰਮੀਗ੍ਰਾਂਟ ਹੀ ਕੰਮ ਕਰਦੇ ਸਨ ਜਿਨ੍ਹਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। 1943 ਵਿੱਚ 12 ਮੈਂਬਰਾਂ ਦੇ ਡੈਲੀਗੇਟ ਜਿਨ੍ਹਾਂ ਵਿੱਚ “ਖਾਲਸਾ ਦੀਵਾਨ ਸੁਸਾਇਟੀ ” ਦੇ ਮੈਂਬਰ ਵੀ ਸਨ, ਨਾਗਿੰਦਰ ਸਿੰਘ ਗਿੱਲ ਨੇ ਪ੍ਰਿਮੀਅਰ ਹਾਰਟ ਅਗੇ ਕੇਸ ਪੇਸ਼ ਕੀਤਾ ਕਿ ਸਾਊਥ ਏਸ਼ੀਅਨ ਕੈਨੇਡੀਅਨ ਨਾਗਰਿਕ ਲੋਕ ਉਨ੍ਹਾਂ ਹੱਕਾਂ ਤੋਂ ਬਿਨ੍ਹਾਂ ਜੋ ਦੂਸਰੇ ਕੈਨੇਡੀਅਨ ਨਾਗਰਿਕਾ ਨੂੰ ਦਿਤੇ ਜਾ ਰਹੇ ਹਨ, ਜਿਵੇਂ ਵੋਟ ਦਾ ਹੱਕ, ਆਪਣੇ ਆਪ ਨੂਂੰ ਦੂਸਰੇ ਦਰਜੇ ਦੇ ਨਾਗਰਿਕ ਸਮਝਦੇ ਹਨ। 1945 ਵਿੱਚ ਸਿਰਫ਼ ਉਨ੍ਹਾਂ ਏਸ਼ੀਅਨ ਤੇ ਸਾਊਥ ਏਸ਼ੀਅਨ ਨੂੰ ਵੋਟ ਦਾ ਹੱਕ ਦਿਤਾ ਗਿਆ ਜੋ ਦੂਸਰੀ ਵਿਸ਼ਵ ਜੰਗ ਵਿੱਚ ਲੜੇ ਸਨ। ਕਾਫ਼ੀ ਯਤਨਾਂ ਦੇ ਬਾਦ 2 ਅਪਰੈਲ, 1947 ਜਾਣੀ ਭਾਰਤ ਦੀ ਅਜ਼ਾਦੀ ਦੇ ਐਲਾਨ ਦੇ ਬਾਦ ਸਾਊਥ ਏਸ਼ੀਅਨ ਨੂੰ ਕੈਨੇਡਾ ਵਿੱਚ ਪਰੋਵਿੰਸੀਅਲ ਤੇ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ। ਮਈ, 1948 ਵਿੱਚ ਹਰਦਿੱਤ ਸਿੰਘ ਮਾਲਿਕ ਪਹਿਲਾ ਪੰੰਜਾਬੀ ਸਿੱਖ ਭਰਤੀ ਹਾਈ ਕਮਿਸ਼ਨਰ ਬਣ ਕੇ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਖੇ ਆਇਆ। 1949 ਵਿੱਚ ਭਾਰਤ ਦਾ ਪਹਿਲਾਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਆਪਣੀ ਧੀ ਇੰਦਰਾ ਨਾਲ ਜਦੋਂ ਬ੍ਰਿਟਿਸ਼ ਕੋਲੰਬੀਆ ਆਏ, ਉਨ੍ਹਾਂ ਨੇ ਵੈਨਕੂਵਰ ਦੇ ਗੁਰਦੁਵਾਰੇ ਵਿੱਚ ਵੀ ਹਾਜ਼ਰੀ ਲੁਵਾਈ। (ਸਰੋਤ ਹਿਸਟਰੀ ਆਫ਼ ਸਾਊਥ ਏਸ਼ੀਅਨ ਇੰਨ ਕੈਨੇਡਾ ਅਤੇ ਕੈਨੇਡੀਅਨ ਸਿੱਖ ਹੈਰੀਟੇਜ਼)। ਜਦੋਂ 70ਵੇਂ ਦੇ ਦਹਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਕੈਨੇਡਾ ਵਿੱਚ ਆਉਣਾ ਸ਼ੁਰੁ ਕੀਤਾ ਤਾਂ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰਾਂ ਦੇ ਇਲਾਵਾ ਕੈਨੇਡਾ ਦੇ ਬਾਕੀ ਸੂਬਿਆਂ ਦੇ ਸ਼ਹਿਰਾਂ ਜਿਵੇਂ ਟਰੋਂਨਟੋ, ਔਟਵਾ, ਕੈਲਗਰੀ, ਮੋਂਟਰੀਅਲ ਵਿੱਚ ਸੈਟਲ ਹੋਣਾ ਸ਼ੁਰੂ ਕੀਤਾ। ਪਰ ਬਹੁ-ਗਿਣਤੀ ਪੰਜਾਬੀ ਵੈਨਕੂਵਰ ਤੇ ਟਰੋਂਨਟੋ ਵਿੱਚ ਆਏ। ਕੁਝ ਕੁ ਪੰਜਾਬੀ ਜੋ ਪਹਿਲਾਂ ਵੈਨਕੂਵਰ ਆਏ ਸੀ, ਰੁਜ਼ਗਾਰ ਦੀ ਭਾਲ ਵਿੱਚ ਟਰੋਂਨਟੋ ਆ ਕੇ ਰਹਿਣ ਲੱਗ ਪਏ। ਜਦੋਂ ਮੈਂ 1975 ਵਿੱਚ ਟਰੋਂਨਟੋ ਆਈ ਸੀ, ਬਹੁਤ ਸਾਰੇ ਪ੍ਰੀਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਪਹਿਲਾਂ ਵੈਨਕੂਵਰ ਆਏ ਸਨ। ਉਨ੍ਹਾਂ ਦਿਨਾਂ ਵਿੱਚ ਪੰਜਾਬੀਆਂ ਨੂੰ ਆਪਣੀ ਵੱਖਰੀ ਦਿੱਖ ਕਰਕੇ ਨਸਲੀ ਵਿੱਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗੋਰੇ ਲੌਕਾਂ ਵਲੌਂ ਪੰਜਾਬੀਆਂ ਨੂੰ “ਪਾਕੀ ” ਕਿਹਾ ਜਾਂਦਾ ਤੇ ਕਈ ਵਾਰ ਉਨੂਾਂ ਤੇ ਜਿਸਮਾਨੀ ਹਮਲੇ ਵੀ ਕੀਤੇ ਜਾਂਦੇ। ਇਕਲੇ ਬਾਹਰ ਜਾਣ ਤੇ ਉਨ੍ਹਾਂ ਨੂੰ ਡਰ ਲੱਗਦਾ ਸੀ, ਕਿਉਂਕਿ ਕਈ ਵਾਰ ਉਨ੍ਹਾਂ ਨੂੰ ਇਕਲਿਆਂ ਦੇਖ ਕੇ ਅੰਡਰਗ੍ਰਾਂਉਂਡ ਟਰੇਨ ਪਲੇਟਫ਼ਾਰਮਾਂ ਤੇ ਨਸਲੀ ਗੋਰਿਆਂ ਵਲੋਂ ਕੁਟਿਆ ਜਾਂਦਾ। ਆਪਣੀਆਂ ਮੁਢਲੀਆਂ ਲੋੜਾਂ (ਰੋਟੀ, ਕਪੜਾ ਤੇ ਮਕਾਨ) ਦੀ ਪੂਰਤੀ ਲਈ ਪੜ੍ਹੇ ਲਿਖੇ ਪੰਜਾਬੀ ਵੀ ਜੋ ਵੀ ਕੰਮ ਮਿਲਦਾ ਕਰ ਲੈਂਦੇ। ਉਨ੍ਹੀਂ ਦਿਨੀ ਬਹੁਤੇ ਪੰਜਾਬੀ ਫੈਕਟਰੀਆਂ, ਰੈਸਟੋਰੈਂਟਾਂ, ਫ਼ਾਰਮਾਂ, ਭਠਿਆਂ, ਤੇ ਸਿਕਊਰਿਟੀ ਗਾਰਡਾਂ ਦਾ ਕੰਮ ਕਰਦੇ ਸਨ। ਪੰਜਾਬੀ ਔਰਤਾਂ ਆਮ ਤੌਰ ਤੇ ਸਿਲਾਈ ਦੀਆਂ ਫੈਕਟਰੀਆਂ ਜਾਂ ਫ਼ਾਰਮਾਂ ਵਿੱਚ ਕੰਮ ਕਰਦੀਆਂ ਸਨ। ਮੈਂ ਵੀ ਕੁਝ ਸਮਾਂ ਇਕ ਫ਼ਾਰਮ ਤੇ ਰੈਸਟੋਰੈਂਟ ਵਿੱਚ ਕੰਮ ਕੀਤਾ। ਕੁਝ ਕੁ ਪੜ੍ਹੇ ਲਿਖੇ ਪੰਜਾਬੀ ਪੜ੍ਹਾਈ ਕਰਨ ਜਾਂ ਇੰਗਲਸ਼ ਸਿਖਣ ਦੀਆਂ ਕਲਾਸਾਂ ਵਿੱਚ ਦਾਖ਼ਲਾ ਲੈ ਲੈਂਦੇ, ਜਿਸ ਕਰਕੇ ਉਨ੍ਹਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਗੁਜਾਰੇ ਜੋਗੇ ਡਾਲਰ ਮਿਲ ਜਾਂਦੇ। ਕੁਝ ਕੁ ਪੰਜਬੀਆਂ ਨੇ ਆਪਣੇ ਬਿਜ਼ਨਸ (ਗਰੋਸਰੀ, ਕਪੜੇ, ਗਹਿਣਿਆਂ ਦੇ ਸਟੋਰ) ਖੋਲਣੇ ਸ਼ੁਰੁ ਕੀਤੇ। 80ਵੇਂ ਦੇ ਦਹਾਕੇ ਵਿੱਚ ਪੰਜਾਬ ਦੇ ਹਲਾਤ ਠੀਕ ਨਾ ਹੋਣ ਕਰਕੇ ਭਾਰੀ ਗਿਣਤੀ ਵਿੱਚ ਪੰਜਾਬੀ ਰਿਫ਼ਊਜੀ ਬਣਕੇ ਕੈਨੇਡਾ ਦੀ ਧਰਤੀ ਤੇ ਆਏ। ਉਸ ਸਮੇਂ ਤਕ ਪਹਿਲੇ ਪੰਜਾਬੀ ਕਾਫ਼ੀ ਹੱਦ ਤਕ ਸੈਟਲ ਹੋ ਚੁਕੇ ਸਨ। ਨਵੇਂ ਆਏ ਪੰਜਾਬੀਆਂ ਨੂੰ ਪੱਕੇ ਹੋਣ, ਰੁਜ਼ਗਾਰ ਲੱਭਣ, ਗੋਰਿਆਂ ਦੇ ਵਿੱਤਕਰੇ ਦੇ ਨਾਲ ਨਾਲ ਆਪਣਿਆ ਦੇ ਵਿੱਤਕਰੇ ਦਾ ਵੀ ਸਾਹਮਣਾ ਕਰਨਾ ਪਿਆ। 90ਵੇਂ ਦੇ ਦਹਾਕੇ ਤੋਂ ਲੈ ਕੇ ਹੁਣ ਤਕ ਫੈਮਿਲੀ ਕਲਾਸ ਦੇ ਤਹਿਤ ਤੇ ਵਿਦਿਆਰਥੀਆਂ ਦੇ ਤੋਰ ਤੇ ਬਹੁਤ ਸਾਰੇ ਪੰਜਾਬੀ ਕੈਨੇਡਾ ਆਏ। ਬਹੁ-ਗਿਣਤੀ ਵਿਦਿਆਰਥੀ ਬਹੁਤ ਮਿਹਨਤੀ ਤੇ ਕੈਨੇਡਾ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਏ, ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਦ ਕੈਨੇਡਾ ਵਿੱਚ ਸੈਟਲ ਹੋ ਗਏ ਤੇ ਹੋ ਰਹੇ ਹਨ। ਮੁੱਠੀ ਭਰ ਵਿਦਿਆਰਥੀਆਂ ਦੇ ਗਲਤ ਕੰੰਮਾਂ ਜਿਵੇਂ ਲੜਾਈਆਂ ਕਰਨੀਆਂ, ਰਹਿਣ ਵਾਲੀਆਂ ਥਾਵਾਂ ਨੂੰ ਗੰਦਾ ਕਰਨਾ, ਕਾਨੂੰਨ ਦੀ ਪਾਲਣਾ ਨਾ ਕਰਨਾ, ਕਰਕੇ ਪੰਜਾਬੀਆਂ ਨੂੰ ਸ਼ਰਮਸਾਰ ਵੀ ਹੋਣਾ ਪਿਆ। ਇਸੇ ਤਰ੍ਹਾਂ ਕੁਝ ਕੁ ਪਹਿਲੇ ਆ ਕੇ ਸੈਟਲ ਹੋਏ ਪੰਜਾਬੀਆਂ ਨੇ ਵਿਦਿਆਰਥੀਆਂ ਨਾਲ ਵਿਤਕਰਾ ਵੀ ਕੀਤਾ ਜਿਵੇਂ ਉਨ੍ਹਾਂ ਕੋਲੋਂ ਘੱਟ ਤਨਖ਼ਾਹ ਦੇ ਕੇ ਕੰਮ ਕਰਵਾਉਣਾ, ਜਾਂ ਕਿਰਾਏ ਤੇ ਮਕਾਨ ਦੇਣ ਤੋਂ ਇਨਕਾਰ ਕਰਨਾ ਆਦਿ। ਕੈਨੇਡਾ ਵਿੱਚ ਆ ਕੇ ਪੰਜਾਬੀ ਵਿਦਿਆਰਥੀਆਂ ਨੂੰ ਵੀ ਸੈਟਲ ਹੋਣ ਲਈ ਸੰਘਰਸ਼ ਕਰਨਾ ਪਿਆ ਤੇ ਪੈ ਰਿਹਾ ਹੈ। ਕੈਨੇਡਾ ਵਿੱਚ ਪੰਜਾਬੀਆਂ ਲਈ ਵਿਦਿਅਕ ਅਦਾਰਿਆ ਦੇ ਦਰਵਾਜ਼ੇ ਖੁਲ੍ਹਣਾ: 80ਵੇਂ ਦਹਾਕੇ ਤੋਂ ਪਹਿਲੇ ਆਏ ਪੰਜਾਬੀ ਇੰਮੀਗ੍ਰਾਂਟ ਅਧਿਆਪਕਾਂ ਲਈ ਗੌਰਮਿੰਟ ਦੇ ਸਕੂਲਾਂ ਵਿੱਚ ਪੜ੍ਹਾਉਣ ਦੀ ਨੌਕਰੀ ਹਾਸਲ ਕਰਨੀ ਅਸਾਨ ਨਹੀਂ ਸੀ ਕਿਉਂਕ ਉਨ੍ਹਾਂ ਕੋਲ ਬੀ.ਐਡ ਦੀ ਡਿਗਰੀ ਹੋਣ ਦੇ ਬਾਵਜੂਦ ਵੀ ਕੁਝ ਬੇਸਿਕ ਕੋਰਸ ਕਰਨੇ ਪੈਂਦੇ ਸਨ ਤੇ ਇਸਦੇ ਇਲਾਵਾ ਰੈਫਰਿੰਸ ਲੈਣ ਲਈ ਕਈ ਵਾਰ ਐਜੂਕੇਸ਼ਨ ਸਿਸਟਮ ਵਿੱਚ ਜਾਣ-ਪਹਿਚਾਣ ਬਣਾਉਣ ਲਈ ਸਕੂਲਾਂ ਵਿੱਚ ਵਲੰਟੀਅਰ ਤੌਰ ਤੇ ਕੰਮ ਵੀ ਕਰਨਾ ਪੈਂਦਾ, ਜੋ ਆਪਣੇ ਪ੍ਰੀਵਾਰਾਂ ਨੂੰ ਪਾਲਦਿਆਂ ਹੋਇਆਂ, ਕਰਨੇ ਕਾਫ਼ੀ ਮੁਸ਼ਕਲ ਸਨ। ਇਸੇ ਕਰਕੇ ਬਹੁਤ ਸਾਰੇ ਪੜ੍ਹੇ ਲਿਖੇ ਪੰਜਾਬੀ, ਟਰੱਕਾਂ, ਟੈਕਸੀਆਂ, ਫੈਕਟਰੀਆਂ, ਰੈਸਟੋਰੇਂਟਾਂ, ਫ਼ਾਰਮਾਂ ਤੇ ਰੀਅਲ ਅਸਟੈਟ ਆਦਿ ਦੇ ਕੰਮਾਂ ਵਿੱਚ ਪੈ ਗਏ। ਇਸ ਦੇ ਇਲਾਵਾ ਬਹੁਤ ਸਾਰੇ ਪੰਜਾਬੀਆਂ ਨੇ ਮਿਲ ਕੇ ਗੁਰਦੁਵਾਰੇ ਬਣਾਉਣ, ਕਬੱਡੀ ਦੇ ਮੈਚ ਕਰਾਉਣ, ਗੀਤਕਾਰਾਂ ਤੇ ਫ਼ਿਲਮੀ ਐਕਟਰਾਂ ਦੇ ਸ਼ੌਅ ਕਰਵਾਉਣ, ਰੇਡੀਓ, ਟੈਲੀਵਿਯਨਾਂ ਤੇ ਪ੍ਰੋਗਰਾਮ ਚਾਲੂ ਕਰਨ ਤੇ ਸਿਆਸਤ ਵਿੱਚ ਵੱਧ ਚੜ੍ਹ ਕੇ ਹਿਸਾ ਪਾਉਣਾ ਸ਼ੂਰੁ ਕੀਤਾ, ਮੈਂ ਵੀ 1993-94 ਵਿੱਚ ਕੁਝ ਸਮੇਂ ਲਈ AM 1320 ਤੇ ਇੱਕ ਪ੍ਰੋਗਰਾਮ ਨਾਲ ਮਿਲਕੇ “ਰੂਹ ਪੰਜਾਬ ਦੀ” ਪ੍ਰੋਗਰਾਮ ਸ਼ੂਰੁ ਕਰਕੇ ਹੋਸਟ ਕੀਤਾ। ਇਸ ਦੇ ਇਲਾਵਾ ਯਾਰਕ ਯੂਨੀਵਰਸਿਟੀ ਤੋਂ ਬੀ.ਐਡ ਕਰਨ ਤੋਂ ਪਹਿਲਾਂ ਮੈਂ ਵੀ ਕੁਝ ਚਿਰ ਆਪਣੇ ਬੱਚਿਆਂ ਦੇ ਸਕੂਲ ਵਿੱਚ ਵਲੰਟੀਅਰ ਦੇ ਤੋਰ ਤੇ ਕੰਮ ਕੀਤਾ, ਜਿਸ ਕਰਕੇ ਮੇਰੀ ਕਾਰਗੁਜ਼ਾਰੀ ਦੇ ਅਧਾਰ ਤੇ ਉਸ ਸਕੂਲ ਦੇ ਪ੍ਰਿੰਸੀਪਲ ਤੇ ਦੋ ਅਧਿਆਪਕਾਂ ਨੇ ਵਧੀਆ ਰੈਫ਼ਰਿੰਸ ਲੈਟਰ ਲਿਖ ਕੇ ਦਿਤੇ, ਜਿਸ ਕਰਕੇ ਮੈਂਨੂੰ ਬੀ.ਐਡ ਵਿੱਚ ਅਸਾਨੀ ਨਾਲ ਦਾਖ਼ਲਾ ਮਿਲ ਗਿਆ। ਪਰ ਉਹ ਦਾਖ਼ਲਾ ਸ਼ਰਤੀਆ ਸੀ, ਸ਼ਰਤ ਇਹ ਸੀ ਕਿ ਕਲਾਸ ਸ਼ੂਰੁ ਕਰਨ ਤੋਂ ਪਹਿਲਾਂ ਪਹਿਲਾਂ ਮੈਂਨੂੰ ਯੂਨੀਵਰਸਿਟੀ ਵਿੱਚ ਇੰਗਲਸ਼ ਬੋਲਣ ਦਾ ਟੈਸਟ ਤੇ ਇੱਕ ਦੋ ਮਹੀਨੇ ਵਿੱਚ ਯੂਨੀਵਰਸਿਟੀ ਲੈਵਲ ਦਾ ਇੰਗਲਸ਼ ਕੋਰਸ ਪਾਸ ਕਰਨਾ ਸੀ। ਸਤੰਬਰ ਵਿੱਚ ਕਲਾਸ ਸ਼ੂਰੁ ਹੋਣ ਤੋਂ ਪਹਿਲਾ ਮੈਂ ਦੋਵਂੇ ਸ਼ਰਤਾਂ ਜੁਲਾਈ ਤੇ ਅਗਸਤ ਮਹੀਨੇ ਵਿੱਚ ਪੁੂਰੀਆ ਕੀਤੀਆਂ। ਇੰਗਲਸ਼ ਕੋਰਸ ਦੀ ਕਲਾਸ ਵਿੱਚ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੇ ਇਲਾਵਾ ਸਰਬਜੀਤ ਕੌਰ ਵੀ ਸੀ ਜਿਸਨੇ ਪੰਜਾਬ ਤੋਂ ਬੀ.ਐਡ ਕੀਤੀ ਹੋਈ ਸੀ। ਉਸ ਤੋਂ ਕੁਝ ਚਿਰ ਉਸਨੂੰ ਉਨਟਾਰੀਓ ਦੇ ਕਿਸੇ ਹੋਰ ਸ਼ਹਿਰ ਦੇ ਬੋਰਡ (ਥਾਮਸਵੈਲੀ ਬੋਰਡ ਆਫ਼ ਐਜੂਕੇਸ਼ਨ) ਵਿੱਚ ਸਪਲਾਈ ਟੀਚਰ ਦੀ ਨੌਕਰੀ ਮਿਲੀ ਜੋ ਅਜ ਕਲ ਪੀਲ ਬੋਰਡ ਆਫ਼ ਐਜੂਕੇਸ਼ਨ ਦੇ ਸਕੂਲ ਵਿੱਚ ਪੜ੍ਹਾ ਰਹੀ ਹੈ। ਬੀ.ਐਡ ਦੀ ਪਹਿਲੀ ਕਲਾਸ ਵਿੱਚ ਹੀ ਜਦੋਂ ਦਸਿਆ ਗਿਆ ਕਿ ਛੇ ਹਜ਼ਾਰ ਅਰਜ਼ੀਆਂ ਵਿੱਚੋ ਛੇ ਕੈਂਪਸ ਲਈ ਸਿਰਫ਼ ਛੇ ਸੌ ਬਿਨੈਕਾਰਾਂ ਨੂੰ ਹੀ ਦਾਖ਼ਲਾ ਦਿਤਾ ਗਿਆ, ਸੁਣ ਕੇ ਬਹੁਤ ਚੰਗਾ ਲੱਗਾ। ਉਨ੍ਹਾਂ ਵਿੱਚ ਸਿਰਫ਼ ਅਸੀਂ ਦੋ ਜਣੇ ਹੀ (ਇੱਕ ਮੈਂ ਤੇ ਦੂਸਰਾ ਹੈਮਿਲਟਨ ਸ਼ਹਿਰ ਤੋਂ ਦਲਜੀਤ ਸਿੰਘ) ਜਿਨ੍ਹਾਂ ਪੰਜਾਬ ਤੋਂ ਐਮ.ਏ. ਕੀਤੀ ਹੋਈ ਸੀ। ਬਾਕੀ ਸਾਰੇ ਕੈਨੇਡੀਅਨ ਯੁਨੀਵਰਸਿਟੀਆਂ ਤੋਂ ਪੜ੍ਹੇ ਵਿਦਿਆਰਥੀ ਸਨ ਜਿਨ੍ਹਾਂ ਵਿੱਚ ਕੁਝ ਕੁ ਸਾਊਥ ਏਸ਼ੀਅਨ ਤੇ ਪੰਜਾਬੀ ਇੰੰਮੀਗ੍ਰਾਟਾਂ ਦੀ ਪਹਿਲੀ ਤੇ ਦੂਸਰੀ ਪੀੜ੍ਹੀ ਦੇ ਬੱਚੇ ਵੀ ਸਨ। 1996-97 ਦੀ ਕਲਾਸ ਵਿੱਚ ਮੇਰੀ ਬੀ.ਐਡ ਦੀ ਡਿਗਰੀ ਮਈ 1997 ਵਿੱਚ ਪੂਰੀ ਹੋਣ ਤੋਂ ਪਹਿਲਾਂ ਹੀ ਮਾਰਚ ਵਿੱਚ ਮੈਂਨੂੰ ਟੋਰਨਟੋਂ ਬੋਰਡ ਆਫ਼ ਐਜੂਕੇਸ਼ਨ ਵਿੱਚ ਅਧਿਆਪਕ ਦੀ ਨੌਕਰੀ ਮਿਲ ਗਈ। ਪੱਕੀ ਹੋਣ ਲਈ ਆਸਾਮੀਆਂ ਦਾ ਖ਼ਾਲੀ ਹੋਣਾ ਜਾਂ ਨਵੀਆਂ ਨੌਕਰੀਆਂ ਨਿਕਲਣ ਤਕ ਮੈਂ ਦੋ ਸਾਲ ਤਕ ਸਪਲਾਈ ਟੀਚਰ ਦੇ ਤੌਰ ਤੇ ਪੜ੍ਹਾਇਆ। ਦੋ ਸਾਲ ਬਾਦ ਪੱਕੀ ਨੌਕਰੀ ਮਿਲਣ ਤੋਂ ਲੈ ਕੇ 2019 ਵਿੱਚ ਰੀਟਾਰਮਿੰਟ ਤਕ ਟੋਰਨਟੋਂ ਬੋਰਡ ਆਫ਼ ਐਜੂਕੇਸ਼ਨ ਵਿੱਚ ਵੱਖ ਵੱਖ ਪੁਜ਼ੀਸ਼ਨਾਂ ਤੇ ਕੰਮ ਕੀਤਾ। 1997 ਵਿੱਚ ਉਨਟਾਰੀਓ ਸਰਕਾਰ ਵਲੋਂ ਅਧਿਆਪਕਾਂ ਨੂੰ ਰੇਗੂਲੇਟ ਕਰਨ ਲਈ ਉਨਟਾਰੀਓ ਕਾਲਜ ਆਫ਼ ਟੀਚਰਜ਼(OCT) ਦੀ ਸਥਾਪਨਾ ਕੀਤੀ ਗਈ, ਜਿਸ ਦੀ ਮੈਂਬਰਸ਼ਿਪ ਲੈਣੀ ਉਨਟਾਰੀਓ ਦੇ ਗੌਰਮਿੰਟ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਜਰੂਰੀ (Compulsory) ਹੈ, ਜੋ ਹਰ ਸਾਲ ਫ਼ੀਸ ਅਦਾ ਕਰਕੇ ਰੀਨਿਊ ਕਰਵਾਉਣੀ ਪੈਂਦੀ ਹੈ। ਸਾਡੀ ਬੀ.ਐਡ ਕਰਨ ਵਾਲਿਆਂ ਦੀ ਪਹਿਲੀ ਕਲਾਸ ਸੀ, ਜਿਸਦੀ (OCT) ਰਜ਼ਿਸਟਰੇਸ਼ਨ ਸਿਧੀ ਯੂਨੀਵਰਸਿਟੀ ਵਲੋਂ ਕਰਵਾਈ ਗਈ। ਉਸੇ ਸਾਲ ਉਸ ਤੋਂ ਪਹਿਲਾਂ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਫ਼ਾਰਮ ਭਰ ਕੇ ਤੇ ਫ਼ੀਸ ਅਦਾ ਕਰਕੇ ੌਛਠ ਦੀ ਮੈਂਬਰਸ਼ਿਪ ਲੈਣੀ ਪਈ। ਉਸ ਵੇਲੇ ਸਲਾਨਾ ਫ਼ੀਸ 120 ਡਾਲਰ ਸੀ, ਜੋ ਹੁਣ 170 ਹੈ। ਆਪਣੀ ਨੌਕਰੀ ਦੌਰਾਨ ਮੈਂ ਮਹਿਸੂਸ ਕੀਤਾ ਕਿ ਰੰਗਦਾਰ ਲੋਕਾਂ ਨੂੰ ਗੋਰੇ ਲੋਕਾਂ ਦੇ ਮੁਕਾਬਲੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਕਈ ਗੁਣਾਂ ਵੱਧ ਮਿਹਨਤ ਕਰਨੀ ਪੈਂਦੀ। ਸਾਰੇ ਗੋਰੇ ਲੋਕ ਨਸਲੀ ਨਹੀਂ ਕਹੇ ਜਾ ਸਕਦੇ, ਕਿਉਂਕਿ ਉਹ ਵੀ ਗੋਰੇ ਹੀ ਸਨ ਜਿਨ੍ਹਾਂ ਨੇ ਮੈਂਨੂੰ ਬੀ।ਐਡ ਦੇ ਦਾਖ਼ਲੇ ਲਈ ਵਧੀਆ ਰੈਫ਼ਰਿੰਸ ਲੈਟਰ ਦਿਤੇ ਤੇ ਇਕ ਗੋਰੀ ਪ੍ਰਿੰਸੀਪਲ ਨੇ ਹੀ ਮੈਂਨੂੰ ਪੱਕੀ ਨੌਕਰੀ ਤੇ ਵੀ ਰਖਿਆ ਸੀ। ਨੌਕਰੀ ਦੇ ਦੌਰਾਨ ਆਪਣੇ ਪੈਰ ਜਮਾਉਣ ਤੇ ਪ੍ਰੋਮੋਸ਼ਸਨ ਸਮੇਂ ਕਈ ਨਸਲੀ ਗੋਰਿਆਂ ਨਾਲ ਜਦੋਜਇਦ ਵੀ ਕਰਨੀ ਪਈ। ਉਨਟਾਰੀਓ ਵਿੱਚ ਕਿਸੇ ਵੀ ਅਧਿਆਪਕ ਨੂੰ ਨੌਕਰੀ ਮਿਲਣ ਦੇ ਪਹਿਲੇ ਦੋ ਸਾਲ ਜੋ ਹੁਣ ਇੱਕ ਸਾਲ ਹੈ, ਉਸ ਤੋਂ ਬਾਦ ਹਰ ਪੰਜ ਸਾਲ ਅਧਿਆਪਕ ਦੀ ਕਾਰਗੁਜ਼ਾਰੀ ਦੀ ਰੀਪੋਰਟ ਪ੍ਰਿੰਸੀਪਲ ਵਲੋਂ ਤਿਆਰ ਕਰਕੇ ਬੋਰਡ ਨੂੰ ਭੇਜਣੀ ਪੈਂਦੀ ਹੈ। ਜਿਸਦੇ ਤਹਿਤ ਕਈ ਵਾਰ ਨਸਲੀ ਪ੍ਰਿੰਸੀਪਲਾਂ ਵਲੋਂ ਉਹ ਰੀਪੋਰਟ ਸੰਤੋਖਜਨਕ ਨਾ ਦਿਤੀ ਜਾਣ ਕਰਕੇ ਕਈ ਵਾਰ ਅਧਿਆਪਕਾਂ ਨੂੰ ਕਠਨਾਈਆਂ ਦਾ ਸਾਹਮਣਾ ਜਾਂ ਨੌੌਕਰੀ ਤੋਂ ਹੱਥ ਵੀ ਧੋਣੇ ਪੈ ਜਾਂਦੇ ਸਨ, ਅਜਿਹਾ ਹੀ ਸਾਡੇ ਸਕੂਲ ਵਿੱਚ ਪੜ੍ਹਾਉਦੀ ਇੱਕ ਭਾਰਤੀ ਮੂਲ ਦੀ ਆਧਿਆਪਕ ਮਿਸਿਜ਼ ਗੁਪਤਾ ਨਾਲ ਹੋਇਆ। ਜਿਸ ਨੂੰ ਦੇਖ ਕੇ ਮੈਂਨੂੰ ਯੂਨੀਅਨ ਤਕ ਆਵਾਜ਼ ਉਠਾਉਣੀ ਪਈ, ਜਿਸ ਦੇ ਨਤੀਜੇ ਵਜੋਂ ਯੁਨੀਅਨ ਨੇ ਯੁਨੀਵਰਸਿਟੀ ਆਫ਼ ਟੋਰਨਟੋਂ ਦੇ ਇੱਕ ਪੀ.ਅੇਚ.ਡੀ. ਸਕਾਲਰ ਨੂੰ ਹਦਾਇਤ ਕੀਤੀ ਕਿ ਉਹ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਘਟ-ਗਿਣਤੀ ਅਧਿਆਪਕਾਂ ਦੀ ਇੰਟਰਵਿਉ ਲਵੇ ਤੇ ਉਨ੍ਹਾਂ ਨਾਲ ਹੋ ਰਹੇ ਵਿੱਤਕਰੇ ਦੀ ਰੀਪੋਰਟ ਤਿਆਰ ਕਰੇ। ਉਸਦੀ ਰੀਪੋਰਟ ਦੇ ਆਧਾਰ ਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਰੀਪੋਰਟ ਵਿੱਚ ਉਨਟਰੀਓ ਦੀ ਮਨਿਸਟਰੀ ਆਫ਼ ਐਜੂਕੇਸ਼ਨ ਨੂੰ ਤਬਦੀਲੀ ਕਰਨੀ ਪਈ। ਇਕੱਲੇ ਗੋਰੇ ਲੋਕਾਂ ਨਾਲ ਹੀ ਨਹੀਂ, ਸਗੋਂ ਆਪਣੇ ਲੋਕਾਂ ਨਾਲ ਵੀ ਕਈ ਵਾਰ ਜਦੋਜਹਿਦ ਕਰਨੀ ਪੈਂਦੀ, ਜੋ ਤੁਹਾਡੀ ਤੱਰਕੀ ਨਹੀਂ ਜਰਦੇ। ਖ਼ਾਸ ਕਰਕੇ ਜਦੋਂ ਤੁਸੀ ਉਨ੍ਹਾਂ ਦੀ “ਜੀ ਹਜ਼ੂਰੀ” ਨਹੀਂ ਕਰਦੇ, ਅਜਿਹਾ ਤਜਰਬਾ ਮੈਨੂੰ ਗੁਰਦੁਵਾਰਿਆਂ ਵਿੱਚ ਪੜ੍ਹਾਉਦਿਆਂ ਤੇ ਸਕੂਲ ਚਲਾਉਂਦਿਆਂ ਵੀ ਹੋਇਆ। ਸਕੂਲ ਵਿੱਚ ਯੂਨੀਅਨ ਦੀ ਆਗੂ, ਪ੍ਰਿੰਸੀਪਲਸ਼ਿਪ ਸਮੇਂ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੁਝ ਕੁ ਨਸਲੀ ਲੋਕ ਰੰਗਦਾਰ ਲੋਕਾਂ ਨੂੰ ਲੀਡਰਸ਼ਿਪ ਰੋਲ ਵਿੱਚ ਦੇਖਣਾ ਪਸੰਦ ਅਜੇ ਵੀ ਨਹੀਂ ਕਰਦੇ ਕਿਉਂਕਿ ਉਹ ਘੱਟ-ਗਿਣਤੀ ਜਾਂ ਰੰਗਦਾਰ ਲੋਕਾਂ ਦੇ ਬਣਾਏ ਨਿਯਮਾਂ ਦੀ ਪਾਲਣਾ ਕਰਨਾ ਜਾਂ ਉਨ੍ਹਾਂ ਦੀ ਸਰਪਸ੍ਰਤੀ ਹੇਠ ਕੰਮ ਕਰਨਾ ਆਪਣੀ ਹੇਠੀ ਸਮਝਦੇ ਹਨ। 90ਵੇਂ ਦਹਾਕੇ ਤੋਂ ਲੈਕੇ ਹੁਣ ਤਕ ਪੰਜਾਬੀ ਇੰਮੀਗ੍ਰਾਟਾਂ ਦੇ ਪਹਿਲੀ, ਦੂਸਰੀ ਪੀੜੀ ਦੇ ਕੈਨੇਡੀਅਨ ਯੁਨੀਵਰਸਿਟੀਆਂ ਦੇ ਪੜ੍ਹੇ ਬੱਚੇ ਤੇ ਕੈਨੇਡਾ ਤੋਂ ਬਾਹਰ ਦੇ ਪੜ੍ਹੇ ਪੰਜਾਬੀ ਲੋਕ ਵਿਦਿਅਕ ਖੇਤਰਾਂ ਵਿੱਚ ਆਮ ਦੇਖੇ ਜਾ ਸਕਦੇ ਹਨ। ਪਰ 80ਵੇਂ ਦਹਾਕੇ ਤਕ ਟਾਵੇਂ ਟਾਵੇਂ ਪੰਜਾਬੀ ਹੀ ਅਧਿਆਪਨ ਦੇ ਕਿੱਤੇ ਵਿੱਚ ਵੇਖੇ ਜਾਦੇਂ ਸਨ, ਉਹ ਵੀ ਸਪਲਾਈ ਟੀਚਿੰਗ ਵਿੱਚ। ਮੈਂ 1982-83 ਵਿੱਚ ਪਹਿਲੀ ਵਾਰ ਸੁਰਗਵਾਸੀ ਇਕਬਾਲ ਸਿੰਘ ਗਿੱਲ (ਰਾਮੂਵਾਲੀਆ) ਨੂੰ ਮਿਲੀ, ਜੋ ਉਸ ਸਮੇਂ ਪੀਲ ਬੋਰਡ ਵਿੱਚ ਸਪਲਾਈ ਟੀਚਰ ਦੇ ਤੌਰ ਤੇ ਪੜ੍ਹਾਉਂਦੇ ਸਨ, ਉਸ ਤੋਂ ਬਾਦ ਉਸਨੇ ਨਾਰਥ ਯਾਰਕ ਬੋਰਡ ਆਫ਼ ਐਜੂਕੇਸ਼ਨ ਵਿੱਚ ਵੱਖ ਵੱਖ ਪੁਜ਼ੀਸ਼ਨਾਂ ਤੇ ਕੰਮ ਕੀਤਾ। ਇਸ ਤੋਂ ਇਲਾਵਾ ਹਰਭਜਨ ਸਿੰਘ ਪੰਡੋਰੀ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਟੋਰਨਟੋਂ ਬੋਰਡ ਆਫ਼ ਐਜੂਕੇਸ਼ਨ ਦੇ ਇੱਕ ਹਾਈਸਕੂਲ ਵਿੱਚ ਕੰਪਿਉਟਰ ਸਾਇੰਸ ਦੀਆਂ ਕਲਾਸਾਂ ਪੜ੍ਹਾਉLਦੇ ਸਨ, ਜੋ ਹੁਣ ਰੀਟਾਇਰ ਹੋ ਚੁੱਕੇ ਹਨ। 2014 ਤੋਂ ਪਹਿਲਾਂ ਕੈਨੇਡਾ ਵਿੱਚ ਬੀ.ਐਡ ਦੀ ਡਿਗਰੀ ਇੱਕ ਸਾਲ ਦੀ ਸੀ, ਪਰ 2014 ਤਕ ਅਧਿਆਪਕਾਂ ਦੀ ਬਹੁਲਤਾ ਤੇ ਨੌਕਰੀਆਂ ਦੀ ਘਾਟ ਕਰਕੇ ਇਹ ਡਿਗਰੀ ਦੋ ਸਾਲ ਦੀ ਕਰ ਦਿਤੀ ਗਈ। ਇਸਦੇ ਬਾਵਜੂਦ ਵੀ ਬਹੁਤ ਸਾਰੇ ਪੰਜਾਬੀ ਇਸ ਕਿੱਤੇ ਨੂੰ ਅਪਣਾ ਰਹੇ ਹਨ। ਸਾਡੇ ਪ੍ਰੀਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਬੇਟੀ ਭੁਪਿੰਦਰਜੀਤ ਕੌਰ ਕੰਵਲ, ਨੂੰਹ ਕਿਰਨਵੀਰ ਕੌਰ ਗਿੱਲ ਤੇ ਭਤੀਜੀ ਨਵਦੀਪ ਕੌਰ ਭੁੱਲਰ ਨੇ ਵੀ ਅਧਿਆਪਨ ਦੇ ਕਿਤੇ ਨੂੰ ਅਪਣਾਇਆ ਹੋਇਆ ਹੈ। ਲੰਬੇ ਸਮੇਂ ਤਕ ਵਿਤਕਰਿਆ ਨੂੰ ਸਹਿੰਦੇ, ਕਠਨਾਈਆ ਨੂੰ ਝਲਦੇ ਹੋਏ ਪੰਜਾਬੀ ਅੱਜ ਦੀ ਸਥਿਤੀ ਵਿੱਚ ਬਾਕੀ ਖੇਤਰਾਂ ਦੀ ਤਰ੍ਹਾਂ ਵਿਦਿਅਕ ਖੇਤਰ ਵਿੱਚ ਵੀ ਮੱਲ੍ਹਾਂ ਮਾਰ ਰਹੇ ਹਨ, ਅਧਿਆਪਨ ਦੇ ਇਲਾਵਾ ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਤੇ ਹੋਰ ਕਈ ਪੁਜ਼ੀਸ਼ਨਾਂ ਤੇ ਕੰਮ ਕਰ ਰਹੇ ਹਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਬਾਇਓਡੇਟਾ:
ਨਾਮ: ਰਛਪਾਲ ਕੌਰ ਗਿੱਲ
ਜਨਮ ਸਥਾਨ: ਭੁੱਲਰ ਬੇਟ, ਜ਼ਿਲਾ ਕਪੂਰਥਲਾ, ਪੰਜਾਬ
ਮਾਤਾ-ਪਿਤਾ: ਸਰਦਾਰਨੀ ਚਰਨ ਕੌਰ ਭੁੱਲਰ, ਸਰਦਾਰ ਬਖਸ਼ੀਸ਼ ਸਿੰਘ ਭੁੱਲਰ
ਪਤੀ: ਰਘਬੀਰ ਸਿੰਘ ਗਿੱਲ
ਬੱਚੇ: ਕਮਲਪ੍ਰੀਤ ਕੌਰ, ਭੁਪਿੰਦਰਜੀਤ ਕੌਰ, ਪਵਨਪ੍ਰੀਤ ਕੌਰ ਪ੍ਰਿਤਪਾਲ ਸਿੰਘ ਗਿੱਲ
ਪੜ੍ਹਾਈਃ
* ਐਮ਼ ਏ਼ ਪੁਲੀਟੀਕਲ ਸਾਇੰਸ, ਡੀ ਏ ਵੀ ਕਾਲਜ ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ)
* ਬੀ. ਏ। ਗੌਰਮਿੰਟ ਰਣਧੀਰ ਕਾਲਜ ਕਪੂਰਥਲਾ, ਪੰਜਾਬ
* ਬੀ. ਐਡ ਅਤੇ ਪ੍ਰਿੰਸੀਪਲ ਕੁਆਲੀਫੀਕੇਸ਼ਨ, ਯਾਰਕ ਯੂਨੀਵਰਸਿਟੀ ਟਰੋਂਨਟੋ, ਕੈਨੇਡਾ
* ਸਪੈਸਲਿਸਟ ਇੰਨ ਸਪੈਸਲ ਐਜੂਕੇਸ਼ਨ, ਯੂਨੀਵਰਸਿਟੀ ਆਫ਼ ਟਰੋਂਨਟੋਂ
ਕਿਤਾਃ
* ਟੋਰਨਟੋਂ ਬੋਰਡ ਆਫ਼ ਐਜੂਕੇਸ਼ਨ ਤੋਂ ਪੰਝੀ ਸਾਲ ਵੱਖ ਵੱਖ ਅਹੁਦਿਆਂ (ਅਧਿਆਪਨ, ਚੇਅਰਪਰਸਨ, ਵਾਇਸ ਪ੍ਰਿੰਸੀਪਲ, ਪ੍ਰਿੰਸੀਪਲ) ਦੀਆਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ
ਸਾਹਿਤਕ ਸਿਰਜਣਾਃ
* “ਟਾਹਣੀਓ ਟੁੱਟੇ” ਕਹਾਣੀ ਸੰਗ੍ਰਹਿ 2012 ਵਿੱਚ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵਲੋਂ ਛਾਪਿਆ ਗਿਆ।
* “ਸ਼ਬਦਾਂ ਵਿੱਚ ਪਰੋਏ ਜ਼ਜ਼ਬਾਤ” ਕਵਿ ਸੰਗ੍ਰਹਿ 2021 ਵਿੱਚ ਕਾਜਲ ਪਬਲਿਸ਼ਰ ਵੱਲੋਂ ਛਾਪਿਆ ਗਿਆ।
* “ਢੱਲਦੇ ਦੀ ਲਾਲੀ” ਕਹਾਣੀ ਸੰਗ੍ਰਹਿ ਤੇ ਕੁਝ ਹੋਰ ਸਾਹਿਤਕ ਰਚਨਾਵਾਂ ਤਿਆਰੀ ਅਧੀਨ
* “ਕਲਮਾਂ ਦੇ ਕਾਫ਼ਲਾ” ਕੇਨੈਡਾ ਦੀ ਸਾਹਿਤਕ ਆਰਗੇਨੇਸ਼ਨ ਦੀ ਮੈਂਬਰ ਤੇ ਦੋ ਸਾਲ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਈਆਂ
Email: rachhpalgill@hotmail.com
Phone: 905-915-3839
***
Name: Rachhpal Kaur Gill
Birth Date and Place: February 6th, 1951 - Village: Bhullar Bet (Kapurthala)
Parents: Bakhshish Singh Bhullar & Charan Kaur Bhullar
Spouse: Raghbir Singh Gill
Education:
M. A. Political Science from D.A.V. College Jallandhar (Guru Nanak Dev University, Amritsar, Punjab, India.
B Ed. & Principal’s qualification - York University, Toronto, Canada.
Specialist in Special Education - University of Toronto, Canada.
Profession: Retired from Toronto District School board after 25 years-service as a Teacher, chairperson, Vice-Principal and Principal.
Literary Publications:
1. Short Story book “Tahnio Tute” written in Punjabi, published in 2012(Ravi Sahit Parkashan Amritsar).
2. Poetry book “Shabdan Vich PROYE Zazbaat written in Punjabi, publishedIn 2021 (Kajal Publishers).
Membership:
Member and served as a coordinator for two years - Punjabi Kalma da Kaafla(A Literary Organization in Ontario, Canada).
Member of Ontario College of Teachers (OCT).
Email: rachhpalgill@hotmail.com
Phone: 905-915-3839
***