|
ਮਹਾਨ ਦਾਰਸ਼ਨਿਕ Aristotle (ਅਰਸਤੂ) ਬਹੁਤ ਚਿਰ ਪਹਿਲਾਂ ਹੀ ਕਹਿ ਗਿਆ ਸੀ ਕਿ ਮਨੁੱਖ ਇੱਕ ‘ਸਮਾਜਕ ਜੀਵ’ ਹੈ ਜੋ ਸਮਾਜ ਵਿੱਚ ਵਿਚਰਦਿਆਂ ਦੂਸਰੇ ਮਨੁੱਖਾਂ (ਜੀਵਾਂ) ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਅਜੋਕੇ ਸਮਾਜ ਵਿੱਚ ਵਿਚਰਦਿਆਂ, ਸਮਾਜ ਦੇ ਤਾਣੇ-ਬਾਣੇ ਅਤੇ ਵਰਤਾਰਿਆਂ ਵਿੱਚੋਂ ਉਪਜੀ ਇਹ ਸ਼ਾਹਕਾਰ ਰਚਨਾ ਤੁਹਾਡੀ ਰੂਹ ਨੂੰ ਤੁਹਾਡੀ ਆਪਣੀ ਹੀ ਲੱਗਦੀ ਹੈ। ਤੁਹਾਡੇ ਖ਼ੁਦ ਦੇ ਨਜ਼ਰੀਏ, ਨੈਤਿਕ ਸੋਚ, ਅਤੇ ਕਿਰਦਾਰ ਦੇ ਮਿਆਰ ਨੂੰ ਹਲੂਣਾ ਦਿੰਦਿਆਂ ਕੁਝ ਸਵਾਲ ਕਰਦੀ ਹੈ ਅਤੇ ਕੁਝ ਜਵਾਬ ਵੀ ਮੰਗਦੀ ਹੈ। ਤੁਹਾਨੂੰ ਤੁਹਾਡੀ ਸੋਚਣੀ ਤੋਂ ਕਈ ਕਦਮ ਅਗਾਂਹ ਸੋਚਣ ਅਤੇ ਜ਼ਿੰਦਗੀ ਦਾ ਅਗਲਾ ਵਰਕਾ ਪਲਟਦਿਆਂ ਇਸ ਉੱਪਰ ਕੁਝ ਚੰਗਾ ਉੱਕਰਨ ਲਈ ਉਤਸ਼ਾਹਿਤ ਵੀ ਕਰਦੀ ਹੈ!! ਹਰਪ੍ਰੀਤ ਧੂਤ ਦੇ ਸਾਹਿਤਕ ਪੈਂਡੇ…
ਨਾਰਥ ਅਮਰੀਕਾ ਅਤੇ ਖ਼ਾਸ ਕਰਕੇ ਕੈਲੀਫ਼ੋਰਨੀਆ ਦੇ ਸਾਹਿਤਕ ਸੂਝ ਵਾਲੇ ਲੇਖਕਾਂ, ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਲਈ ਹਰਪ੍ਰੀਤ ਕੌਰ ਧੂਤ ਕੋਈ ਓਪਰਾ ਨਾਂਅ ਨਹੀਂ ਹੈ। ਕਵਿਤਾ ਅਤੇ ਕਹਾਣੀਆਂ ਦੀਆਂ ਪੰਜ ਖ਼ੂਬਸੂਰਤ ਪੁਸਤਕਾਂ ਨਾਲ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਉਂਦਿਆਂ ਆਪਣਾ ਸਾਹਿਤਕ ਸਫ਼ਰ ਨਿਰੰਤਰ ਜਾਰੀ ਰੱਖ ਰਹੀ ਹੈ।
ਲਾਜ਼ੀਕਲ ਤਰਕ, ਖੋਜੀ ਹੁਨਰ, ਅਤੇ ਸੂਖ਼ਮ ਬਿਰਤੀ ਵਾਲੀ ਹਰਪ੍ਰੀਤ ਕੌਰ ਧੂਤ ਆਪਣੀ ਸਿਰਜਣਾਤਮਿਕ ਪ੍ਰਕ੍ਰਿਆ ਨੂੰ ਵਿਸ਼ਲੇਸ਼ਣਾਤਮਿਕ ਅਤੇ ਮਨੋਵਿਗਿਆਨਕ ਢੰਗ ਨਾਲ ਨਿਭਾਉਂਦੀ ਹੈ। ਉਸ ਕੋਲ ਆਪਣੇ ਮਨ ਦੀ ਗੱਲ ਨੂੰ ਰੌਚਿਕ ਅਤੇ ਅਸਰਦਾਰ ਬਣਾਉਣ ਲਈ ਪੁਖ਼ਤਾ ਅੰਦਾਜ਼ ਅਤੇ ਕਲਾ ਸਾਧਨਾ ਵੀ ਹੈ। ਉਸ ਦੀਆਂ ਕਥਾ ਕਹਾਣੀਆਂ ਵਿੱਚ ਕਥਾ-ਰਸ ਹੈ ਅਤੇ ਪਾਠਕਾਂ ਨੂੰ ਨਾਲ਼ ਤੋਰਨ ਦਾ ਸਲੀਕਾ ਵੀ। ਉਸ ਦੀਆਂ ਕਹਾਣੀਆਂ ਅਤੇ ਕਹਾਣੀਆਂ ਦੇ ਪਾਤਰ ਪਾਠਕ ਨੂੰ ਜਾਣੇ-ਪਛਾਣੇ ਅਤੇ ਆਲੇ-ਦੁਆਲੇ ਵਿਚਰਦੇ ਮਹਿਸੂਸ ਹੁੰਦੇ ਹਨ।
ਇਹ ਜਾਣਦਿਆਂ ਅਤੇ ਸਮਝਦਿਆਂ ਹੋਇਆਂ ਵੀ ਕਿ ਮਨੁੱਖ ਯੁਗਾਂ ਯੁਗਾਂਤਰਾਂ ਤੋਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਦਾ ਆਇਆ ਹੈ, ਹਰਪ੍ਰੀਤ ਧੂਤ ਅਜਿਹੇ ਵਰਤਾਰਿਆਂ ਨੂੰ ਰਿੜਕਦੀ ਹੈ। ਔਰਤ ਦੀ ਨਾਬਰਾਬਰੀ ਅਤੇ ਮਰਦ ਦੀ ਧੌਂਸ ਨੂੰ ਵੀ ਬਾਖੂਬੀ ਨਾਲ਼ ਉਭਾਰਦੀ ਹੈ। ਅਜਿਹੀਆਂ ਕੁਰੀਤੀਆਂ ਨੂੰ ਸ਼ਬਦਾਂ ਦਾ ਰੂਪ ਦੇਂਦੀ ਹੈ। ਉਹ ਸ਼ਬਦਾਂ ਦੀ ਤਾਕਤ ਨੂੰ ਭਲੀ-ਭਾਂਤ ਜਾਣਦੀ ਹੈ ਅਤੇ ਇਹ ਵੀ ਜਾਣਦੀ ਹੈ ਕਿ ਹਨੇਰ-ਸਵੇਰ ਇਹ ਸ਼ਬਦ ਮਨੁੱਖ ਦੀ ਰੂਹ ਨੂੰ ਲਾਜ਼ਮੀ ਝੰਜੋੜਨਗੇ।
ਖ਼ਤਰਾ ਤਾਂ ਹੈ… ਪਰ ਹਰਪ੍ਰੀਤ ਧੂਤ ਦੀ ਸਿਰਜਣਾਤਮਕ ਸ਼ਕਤੀ ਨੂੰ ਨਹੀਂ!!
ਬਹੁਤ ਦਿਲ-ਟੁੰਬਵੀਂ ਸ਼ੁਰੂਆਤ ਕਰਦਿਆਂ ਹਰਪ੍ਰੀਤ ਨੇ ਇਹ ਪੁਸਤਕ ਆਪਣੇ ਪਿਤਾ ਜੀ ਨੂੰ ਸਮਰਪਿਤ ਕੀਤੀ ਹੈ। ਇਸ ਕਹਾਣੀ ਸੰਗ੍ਰਹਿ ਵਿੱਚ 6 ਲੰਮੀਆਂ ਅਤੇ ਪ੍ਰਭਾਵਸ਼ਾਲੀ ਕਹਾਣੀਆਂ ਸ਼ਾਮਲ ਕੀਤੀਆਂ ਹਨ, ਜੋ ਅਜੋਕੇ ਸਮਾਜ ਦੇ ਗੁੰਝਲਦਾਰ ਤਾਣਿਆਂ-ਬਾਣਿਆਂ ਦੀ ਦਾਸਤਾਨ ਹੈ। ਸੰਵੇਦਨਸ਼ੀਲ ਮਨ ਅੰਦਰ ਅਨੁਭਵਾਂ ਤੇ ਅਹਿਸਾਸਾਂ ਦਾ ਚਸ਼ਮਾ ਫੁੱਟਦਾ ਰਹਿੰਦਾ ਹੈ ਜਿਸ ਨੂੰ ਰੋਕਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੁੰਦਾ ਹੈ। ਇਸ ‘ਕਿਤਾਬ ਦੇ ਜਨਮ’ ਦੀ ਖ਼ੂਬਸੂਰਤ ‘ਮਿੰਨੀ ਕਹਾਣੀ’ ਪਾਠਕਾਂ ਨੂੰ ਹਰਪ੍ਰੀਤ ਦੀ ਜ਼ੁਬਾਨੀ ਹੀ ਬੇਹਤਰ ਲੱਗੇਗੀ ਜਿਸ ਵਿੱਚ ਉਸ ਨੇ ਆਪਣੀ ਰੂਹ ਦੇ ਵਲਵਲਿਆਂ ਅਤੇ ਅਹਿਸਾਸ ਨੂੰ ਖ਼ੂਬਸੂਰਤ ਲਫ਼ਜ਼ਾਂ ਵਿੱਚ ਇੰਜ ਸਜਾਇਆ ਹੈ,…
“ਹਰ ਕਿਤਾਬ ਦੀ ਸਿਰਜਣ ਪ੍ਰਕਿਰਿਆ ਕਦੇ ਵੀ ਇੱਕੋ ਜਿਹੀ ਨਹੀਂ ਹੁੰਦੀ। ਹਫ਼ਤੇ ਦੇ ਹਰੇਕ ਦਿਨ ਦੇ ਹਰ ਇੱਕ ਪਲ ਵਿੱਚ ਹਰ ਕਿਸੇ ਦੇ ਦਿਮਾਗ਼ ਵਿੱਚ ਬਹੁਤ ਸਾਰੇ ਖ਼ਿਆਲ ਘੁੰਮਦੇ ਰਹਿੰਦੇ ਨੇ। ਪਰ ਹਰ ਇੱਕ ਖ਼ਿਆਲ ਵਿਚਾਰ ਵਿੱਚ ਨਹੀਂ ਬਦਲਦਾ। ਖ਼ਿਆਲ ਅਤੇ ਵਿਚਾਰ ਜਦ ਆਪਸ ਵਿੱਚ ਭਿੜਦੇ ਨੇ ਤਾਂ ਕਿਤਾਬ ਦਾ ਜਨਮ ਹੁੰਦਾ ਹੈ।”
“ਚੁੱਪ ਦੀ ਘੁਟਣ” ਕਹਾਣੀ ਅਜੋਕੇ ਮਨੁੱਖ ਦੇ ਮਖੌਟਿਆਂ ਅਤੇ ਕਿਰਦਾਰਾਂ ਦੇ ਦੋਗਲੇਪਣ ਦਾ ਬਿਰਤਾਂਤ ਹੈ। ਪਤਝੜ ਦੇ ਕਰ-ਕਰ ਕਿਰਦੇ, ਨੱਚਦੇ-ਟੱਪਦੇ ਪੱਤਿਆਂ ਅਤੇ ਦਰੱਖਤ ਦੇ ਆਪਸੀ ਸੰਬੰਧ ਤੋਂ ਮਨੁੱਖੀ ਰਿਸ਼ਤਿਆਂ ਦੇ ਤਾਣੇ-ਬਾਣੇ ਦੀਆਂ ਨਾਜ਼ੁਕ ਅਤੇ ਜੁੜਦੀਆਂ-ਟੁੱਟਦੀਆਂ ਤੰਦਾਂ ਤੇ ਗੰਢਾਂ ਦਾ ਸਫ਼ਰ ਹੈ। ਰਿਸ਼ਤਿਆਂ ਦੇ ਸੱਚ-ਝੂਠ, ਦਿਖਾਵੇ, ਅਣਚਾਹੇ ਅਤੇ ਮਜਬੂਰੀ ਦੇ ਅਹਿਸਾਸਾਂ ਖ਼ਾਤਰ ਰਿਸ਼ਤਿਆਂ ਦੀਆ ਪੰਡਾਂ ਦਾ ਭਾਰ ਢੋਂਦੇ ਮਨ ਦੀ ਪੁਕਾਰ ਦਾ ਖ਼ੂਬਸੂਰਤ ਵਰਨਣ ਹੈ। ਸਹੇਲੀਆਂ ਜੇਸਿਕਾ, ਮਹਿਕ, ਲਵਲੀ, ਮੀਨੂੰ, ਅਤੇ ਰੀਮਾ ਦੇ ਆਪਣੇ ਪਤੀਆਂ ਸੰਗ ਰਿਸ਼ਤਿਆਂ ਦੀਆਂ ਖੁੱਲ੍ਹਦੀਆਂ ਪਰਤਾਂ ਦੇ ਨਾਲ਼ ਹੀ ਵੱਖੋ-ਵੱਖਰੇ ਲਾਈਫ ਸਟਾਈਲ ਅਤੇ ‘ਉਹਲਿਆਂ ਦੇ ਭੁਲੇਖਿਆਂ’ ਦਾ ਬਿਰਤਾਂਤ ਹੈ। ਇਸ ਕਹਾਣੀ ਵਿੱਚ ਸਮਾਜ ਅੰਦਰ ਔਰਤਾਂ ਅਤੇ ਮਰਦਾਂ ਦੇ ਦੂਹਰੇ ਮਾਪਦੰਡ ਦੀ ਤ੍ਰਾਸਦੀ ਨੂੰ ਵੀ ਬਾਖ਼ੂਬੀ ਉਭਾਰਿਆ ਗਿਆ ਹੈ। ਮਰਦ ਖ਼ੁਦ ਦੂਹਰਾ-ਤੀਹਰਾ ਕਿਰਦਾਰ ਨਿਭਾਉਂਦਿਆਂ ਵੀ ਔਰਤ ‘ਤੇ ਦਾਬਾ ਬਰਕਰਾਰ ਰੱਖਣਾ ਚਾਹੁੰਦਾ ਹੈ। ਇਹ ਵੀ ਦਰਸਾਇਆ ਹੈ ਕਿ ਕਿਵੇਂ ਔਰਤ ਦੀ ‘ਚੁੱਪ ਦੀ ਕੰਧ’ ਦੇ ਆਰ-ਪਾਰ ਸੰਤਾਪ ਅਤੇ ਸ਼ਾਹੀ ਜ਼ਿੰਦਗੀ ਦਾ ਭਰਮ ਅਤੇ ਭੰਬਲ਼ਭੂਸਾ ਹੈ। ਦੁਨਿਆਵੀ ਪਦਾਰਥਾਂ ਨਾਲ਼ ਭਰਪੂਰ ਪਰਿਵਾਰਕ ਜ਼ਿੰਦਗੀ ਵਿੱਚ ਵੀ ਆਪਣੇ ਪਤੀ ਦੀ ਤਰਫੋਂ ਸੰਤਾਪ ਹੰਡਾਉਂਦੀ ਹੋਈ ਮਹਿਕ ਚੁੱਪ ਰਹਿੰਦੀ ਹੈ। ਉਸ ਦੀ ‘ਚੁੱਪ ਦੇ ਸ਼ੋਰ’ ਦਾ ਬਾਕੀ ਸਹੇਲੀਆਂ ਨੂੰ ਇਲਮ ਵੀ ਨਹੀਂ ਹੈ। ਉਹ ਮਹਿਕ ਦੇ ਜੀਵਨ ਨੂੰ ਰਾਜਕੁਮਾਰੀਆਂ ਵਰਗਾ ਸਮਝਦੀਆਂ ਹਨ! ਮਨ ਹੀ ਮਨ ਇਸ ਗੱਲੋਂ ਵੀ ਦੁਖੀ ਹਨ ਕਿ ਇਹੋ ਜਿਹੀ ਠਾਠ-ਬਾਠ ਵਾਲੀ ਵਿਆਹੁਤਾ ਜ਼ਿੰਦਗੀ ਤੋਂ ਉਹ ਕਿਉਂ ਵਾਂਝੀਆਂ ਹਨ!
“ਸੋਸ਼ਲ ਮੀਡੀਆ” ਕਹਾਣੀ ਅਜੋਕੇ ਸਮੇਂ ਦੌਰਾਨ ਇੱਕ ਮਨੁੱਖ ਦੀਆਂ ਦੂਸਰੇ ਮਨੁੱਖ ਨਾਲ ਟੁੱਟਦੀਆਂ-ਜੁੜਦੀਆਂ ਤੰਦਾਂ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਦੇ ਗੁੰਝਲਦਾਰ ਤਾਣੇ-ਬਾਣੇ ਦਾ ਬਿਰਤਾਂਤ ਹੈ। ਇਹ ਸੱਚ ਹੈ ਕਿ ਸੋਸ਼ਲ ਮੀਡੀਆ ਦੇ ਮਨੁੱਖ ਦੀ ਜ਼ਿੰਦਗੀ ਉੱਪਰ ਪਏ ਪ੍ਰਭਾਵ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸੁਭਾਵਿਕ ਹੀ ਸੋਸ਼ਲ ਮੀਡੀਆ ਦੇ ਅਨੇਕਾਂ ਫਾਇਦਿਆਂ ਦੇ ਨਾਲ਼-ਨਾਲ਼ ਕੁਝ ਨੁਕਸਾਨ ਵੀ ਹਨ। ਇਹ ਕਹਾਣੀ ਅਰਲੀਨ, ਅਜਿੰਦਰ ਅਤੇ ਅਰਲੀਨ ਦੇ ਅਦਿੱਖ ਫੇਸਬੁਕ ਦੋਸਤ ਰੂਪ ਦੇ ਦੁਆਲੇ ਘੁੰਮਦੀ ਹੈ। ਪਤੀ-ਪਤਨੀ ਦੇ ਰਿਸ਼ਤਿਆਂ ਵਿੱਚ ਸੋਸ਼ਲ ਮੀਡੀਆ ਦਾ ਪਰਛਾਂਵਾਂ, ਆਪਸੀ ਵਿਸ਼ਵਾਸ, ਮਰਦ ਦੇ ਹੈਂਕੜ ਸੁਭਾਅ ਅਤੇ ਆਪਹੁਦਰੀਆਂ ਦਾ ਖ਼ੂਬਸੂਰਤ ਵਰਨਣ ਹੈ।
ਹਰਪ੍ਰੀਤ ਧੂਤ ਦਾ ਕਹਾਣੀਆਂ ਦੇ ਪਾਤਰਾਂ ਦੀ ਰੂਹ ਤੱਕ ਪਹੁੰਚਦਿਆਂ ਹੋਇਆਂ ਉਨ੍ਹਾਂ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਪਾਠਕਾਂ ਨਾਲ ਸਾਂਝਿਆਂ ਕਰਨਾ ਉਸ ਦੀ ਸੰਵੇਦਨਸ਼ੀਲਤਾ ਅਤੇ ਸੂਖ਼ਮਤਾ ਦੀ ਸ਼ਕਤੀ ਦਾ ਪ੍ਰਤੀਕ ਹੈ।
ਦੋਸਤੋ, “ਖ਼ਤਰਾ ਤਾਂ ਹੈ” ਨਾਂਅ ਵਰਗੀ ਕਹਾਣੀ ਨੂੰ ਲਿਖਦਿਆਂ ਜੇਕਰ ਲੇਖਕ ਨੂੰ ਸੱਚ-ਮੁਚ ਹੀ ਕੈਲੀਫੋ਼ਰਨੀਆ ਦੇ ਭੁਚਾਲ ਦਾ ਝਟਕਾ ਤੇ ਖ਼ਤਰਾ ਮਹਿਸੂਸ ਹੋ ਜਾਵੇ… ਤਾਂ ਇਹ ਕਹਾਣੀ ਖ਼ਾਸ ਤਾਂ ਹੋਵੇਗੀ ਹੀ!! ਜੇਕਰ ਖ਼ਤਰਾ ਸਾਹਿਤ ਸਭਾਵਾਂ ਜਾਂ ਫਿਰ ਧਾਰਮਿਕ ਸਥਾਨਾਂ ‘ਤੇ ਪ੍ਰਧਾਨਗੀ ਖੁੱਸਣ ਦਾ ਹੋਵੇ ਜਾਂ ਫਿਰ ਮਾਂ ਬੋਲੀ ਦੇ ‘ਸੇਵਾਦਾਰਾਂ’ ਦੇ ਅੱਡੀਆਂ ਚੁੱਕ-ਚੁੱਕ ਕੇ ਟਾਹਰਾਂ ਮਾਰਦਿਆਂ ਅਤੇ ਥੁੱਕ ਦੀ ਵਾਛੜ ਕਰਦਿਆਂ ਵੀ ਪੰਜਾਬੀ ਮਰ ਰਹੀ ਹੋਵੇ ਤਾਂ…ਸੱਜਣੋ, ਖ਼ਤਰਾ ਤਾਂ ਹੈ – ਸੱਚੀਂ ਹੀ!! ਖੈ਼ਰ,.. ਆਪਣੇ ਨਾਮ ਵਾਂਗ ਹੀ ਇਹ ਕਹਾਣੀ ਇਨਸਾਨ ਦੀ ਨੈਤਿਕਤਾ, ਕਿਰਦਾਰ, ਸਰੋਕਾਰ, ਇਨਸਾਨੀਅਤ ਅਤੇ ਅਜੋਕੇ ਜੀਵਨ ਦੀਆਂ ਡਿਗ ਰਹੀਆਂ ਕਦਰਾਂ ਕੀਮਤਾਂ ਦੀ ਬਾਤ ਪਾ ਰਹੀ ਹੈ। ਹਾਲਾਂ ਕਿ ਸਾਰੀਆਂ ਸਾਹਿਤ ਸਭਾਵਾਂ ਅਤੇ ਇਨ੍ਹਾਂ ਸਭਾਵਾਂ ਦੇ ਕਰਤਾ-ਧਰਤਾ ਇੱਕੋ ਜਿਹੇ ਨਹੀਂ ਹੁੰਦੇ, ਪਰ ਹਰਪ੍ਰੀਤ ਨੇ ‘ਸਰਜੀਕਲ ਸਟਰਾਈਕ’ ਦੀ ਤਰਾਂ ਸਾਹਿਤ ਸਭਾਵਾਂ ਦੇ ਧੁਰ ਅੰਦਰ ਜਾ ਕੇ ਏਸ ‘ਖਿੱਦੋ’ ਦੀਆਂ ਰੰਗ-ਬੇਰੰਗੀਆਂ, ਢੰਗ-ਬੇਢੰਗੀਆਂ, ਚੰਗੀਆਂ-ਮੰਦੀਆਂ ਲੀਰਾਂ ਨੂੰ ਉਧੇੜ ਕੇ ਪਾਠਕਾਂ ਸਾਹਵੇਂ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ। ਚੰਗੀਆਂ ਸਾਹਿਤ ਸਭਾਵਾਂ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਲਈ ਉਸਾਰੂ ਯੋਗਦਾਨ ਪਾਉਂਦੀਆਂ ਹਨ ਅਤੇ ਇਹ ਹਮੇਸ਼ਾ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ। ਪਰ ਫੇਰ ਵੀ ਦੂਹਰੇ-ਤੀਹਰੇ ਕਿਰਦਾਰ ਵਾਲੇ ਵਿਦਵਾਨਾਂ ਤੋਂ ਇਨ੍ਹਾਂ ਨੂੰ ਖ਼ਤਰਾ, ਤਾਂ ਹੈ।
ਹੋਰ ਕਹਾਣੀਆਂ ਵਾਂਗ ਹੀ “ਲੱਭਿਓ, ਵੇ ਕੋਈ ਚਾਨਣ ਦੀ ਪੌੜੀ” ਕਹਾਣੀ ਵਿੱਚ ਹਰਪ੍ਰੀਤ ਦੀ ਕਹਾਣੀ ਕਲਾ ਨੂੰ ਜਾਣ ਅਤੇ ਮਾਣ ਕੇ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਕਹਾਣੀ ਸਿਰਜਣਾ ਦੀ ਪੌੜੀ ਦੇ ਡੰਡਿਆਂ ਨੂੰ ਮਜ਼ਬੂਤੀ ਨਾਲ ਪਕੜ ਕੇ ਸਿਖਰ ਵੱਲ ਵੱਧ ਰਹੀ ਹੈ! ਇਹ ਕਹਾਣੀ ਸਾਹਿਤਕ ਸਰਗਰਮੀਆਂ ਦੇ ਤਾਣੇ-ਬਾਣੇ, ਸਾਹਿਤਕਾਰਾਂ ਦੇ ਦੋਗਲੇ ਕਿਰਦਾਰਾਂ ਅਤੇ ਦੂਰ ਦੇ ਭਰਮ-ਭੁਲੇਖਿਆਂ ਦੇ ਦੁਆਲੇ ਘੁੰਮਦੀ ਹੈ। ਕੋਈ ਕਿਸੇ ਦਾ ‘ਸਾਹਿਤਕ ਸਮਾਨ’ ਚੋਰੀ ਕਰਕੇ ਆਪਣੀ ਮੋਹਰ ਲਾ ਕੇ ਵੇਚੀ ਜਾ ਰਿਹਾ, ਕੋਈ ਕਿਸੇ ਦੇ ਆਈਡੀਏ ਤੇ ਛਪਵਾਈ ਖ਼ੁਦ ਦੀ ਪੁਸਤਕ ਦੀ ਝੁੰਡ ਚੁਕਾਈ ਕਰਾਈ ਜਾਂਦਾ ਹੈ। ਪਾਖੰਡ ਦਾ ਪਸਾਰਾ ਹੈ, ਦਗ਼ਾਬਾਜ਼ੀ ਹੈ, ਝੂਠ ਤੇ ਫ਼ਰੇਬ ਹੈ, ਨਿੰਦਿਆ-ਚੁਗਲੀ ਹੈ, ਤਿੱਖੀਆਂ ਸੂਲ਼ਾਂ ਵਰਗੀਆਂ ਟਿੱਚਰਾਂ ਅਤੇ ਦਿਲ ਚੀਰਦੇ ਬੋਲਾਂ ਦੇ ਤੀਰਾਂ ਦੀ ਵਾਛੜ ਹੈ, ਬੇਭਰੋਸਾ ਹੈ ਜਾਂ ਫਿਰ ਹੋਰ ਕੀ ਕੁਝ ਨਹੀਂ ਹੈ? ਖੂਹ ਦੇ ਹਨੇਰੇ ਵਿੱਚ ਚਾਨਣ ਦੀਆਂ ਪੌੜੀਆਂ ਨੂੰ ਭਾਲਦੀ ਇਸ ਕਿਰਤ ਨੂੰ ਪੜ੍ਹਦਿਆਂ ਅਤੇ ਕੁਝ ਕੁ ਸਮਾਂ ਪਹਿਲਾਂ ਇਹੋ ਜਿਹੇ ਵਰਤਾਰੇ ਨੂੰ ਹੀ ਆਪਣੇ ਅੱਖੀਂ ਦੇਖ ਕੇ ਮੇਰੇ ਮਨ ਵਿੱਚ ਆਈਆਂ ਕੁਝ ਲਾਈਨਾਂ ਅਜ ਫੇਰ ਯਾਦ ਆ ਗਈਆਂ…
ਦੂਰੋਂ.. ਜੋ ਜਾਪਦੇ ਸਨ ਛੂਹਣ ਅਸਮਾਨਾਂ ਨੂੰ
ਕੋਲ਼ੋਂ ਜਾ ਦੇਖਿਆ ਤਾਂ ਸਿੰਬਲ ਦੇ ਰੁੱਖ ਜਿਹੇ ਈ ਨਿਕਲੇ!
ਦੂਰੋਂ.. ਜੋ ਜਾਪਦੇ ਸਨ ਮੰਜ਼ਲਾਂ ਦੇ ਰਾਹ ਦਸੇਰੇ
ਕੋਲ਼ੋਂ ਜਾ ਦੇਖਿਆ ਤਾਂ ਰਾਹਾਂ ਦੇ ਪੱਥਰ ਈ ਨਿਕਲੇ!
ਦੂਰੋਂ.. ਜੋ ਜਾਪਦੇ ਸਨ ਭਲੇ ਇਨਸਾਨਾਂ ਜਿਹੇ
ਕੋਲ਼ੋਂ ਜਾ ਦੇਖਿਆ ਤਾਂ ਨਾ-ਸ਼ੁਕਰੇ ਲੋਕ ਈ ਨਿਕਲੇ!
“ਅਲਾਰਮ” ਵੀ ਵਧੀਆ ਕਹਾਣੀ ਹੈ ਜਿਸ ਵਿੱਚ ਹਰਪ੍ਰੀਤ ਕੌਰ ਧੂਤ ਨੇ ਅਧਿਆਪਕ-ਵਿਦਿਆਰਥੀ ਜਾਂ ਫਿਰ ਗੁਰੂ-ਸ਼ਿੱਸ਼ ਦੇ ਰਿਸ਼ਤਿਆਂ ਨੂੰ ਬਾਖ਼ੂਬੀ ਨਾਲ ਉਭਾਰਿਆ ਹੈ। ਕਹਾਣੀ ਦੀ ਸ਼ੁਰੂਆਤ ਵਿੱਚ ਸ਼ਿਵਲੀਨ ਦਾ ਦਿਲ-ਦਿਮਾਗ਼ ਉਸ ਨੂੰ ਦੁਚਿੱਤੀ ਵਿੱਚ ਪਾਉਂਦਿਆਂ ਪਰੇਸ਼ਾਨ ਕਰ ਛੱਡਦਾ ਹੈ। ਪੰਜਾਬ ਦੀ ਯੂਨੀਵਰਸਿਟੀ ਵਿੱਚ ਵਾਪਰੀਆਂ ਤਾਜ਼ੀਆਂ-ਤਾਜ਼ੀਆਂ ਘਟਨਾਵਾਂ ਦੀਆਂ ਤੰਦਾਂ ਉਸ ਨੂੰ ਕਈ ਦਹਾਕਿਆਂ ਪਹਿਲਾਂ ਉਹਦੇ ਸਕੂਲ ਦੀਆਂ ਘਟਨਾਵਾਂ ਨਾਲ਼ ਜੋੜ ਦਿੰਦੀਆਂ ਹਨ। ਸ਼ਿਵਲੀਨ ਨੂੰ ਅੱਜ ਦੇ ਪ੍ਰੋਫੈਸਰ ਗੁਰਤੇਜ ਅਤੇ ਕੱਲ੍ਹ ਦੇ ਮਾਸਟਰ ਦਿਨੇਸ਼ ਕੁਮਾਰ ਦੀ ਤੰਦ ਜੁੜਦੀ ਮਹਿਸੂਸ ਹੁੰਦੀ ਹੈ।
ਮਨੁੱਖ ਦੇ ਦੂਹਰੇ-ਤੀਹਰੇ ਕਿਰਦਾਰਾਂ ਅਤੇ ਮਖੌਟਿਆਂ ਦੀਆਂ ਭਰਮਾਰਾਂ ਦਾ ਖ਼ੂਬਸੂਰਤ ਵਰਨਣ ਹੈ ਇਸ ਕਹਾਣੀ ਸੰਗ੍ਰਹਿ ਦੀ ਅੰਤਲੀ ਰਚਨਾ “ਸੌਰੀ ਭਾ ਜੀ” ਵਿੱਚ। ਕਹਾਣੀ ਦਾ ਨਾਮ ਹੀ ਪਾਠਕ ਨੂੰ ਆਵਾਜ਼ ਮਾਰ ਕੇ ਕੋਲ ਬੁਲਾ ਲੈਂਦਾ ਹੈ ਅਤੇ ਪੜ੍ਹਨ ਲਈ ਉਤਸ਼ਾਹਿਤ ਕਰਦਾ ਹੈ। ਭੈਣ, ਭਰਾ, ਭਾਬੀ, ਸਾਲ਼ੀ ਵਗੈਰਾ ਦੇ ਰਿਸ਼ਤਿਆਂ ਦੇ ਮਖੌਟਿਆਂ ਦੇ ਉਹਲੇ ਛੁਪੀ ‘ਮਨ ਦੀ ਮੈਲ’ ਅਤੇ ‘ਮਨ ਦੇ ਡਰ’ ਦਾ ਬਕਮਾਲ ਬਿਰਤਾਂਤ ਹੈ। ਕਹਾਣੀ ਦੀ ਕਿਰਦਾਰ ਰਤਨ ਦਾ ਪੱਚੀ ਸਾਲ ਪਹਿਲਾਂ ਦੀ ਇੱਕ ਅਭੁੱਲ ਘਟਨਾ ਦਾ ਪਰਛਾਂਵਾਂ ਉਸਦੇ ਨਾਲ਼-ਨਾਲ਼ ਤੁਰਨ ਲੱਗ ਪੈਂਦਾ ਹੈ ਅਤੇ ਵਧਦੀ ਉਮਰ ਨਾਲ਼ ਇਹ ਪਰਛਾਵਾਂ ਹੋਰ ਵੀ ਲੰਮਾ ਹੋਈ ਜਾਂਦਾ ਹੈ..।
ਸਮੁੱਚੇ ਕਹਾਣੀ ਸੰਗ੍ਰਹਿ ਨੂੰ ਪੜ੍ਹਦਿਆਂ ਮੈਨੂੰ ਜਾਪਿਆ ਕੇ ਅਮਰੀਕਾ ਵਿਚ ਵੱਸਦੀ ਹਰਪ੍ਰੀਤ ਦੇ ‘ਮਨ ਦੇ ਸੁਨੇਹੇ’ ਪਾਠਕਾਂ ਦੀ ਰੂਹ ਤੱਕ ਅੱਪੜ ਰਹੇ ਨੇ। ਕਈ ਕਹਾਣੀਆਂ ਵਿੱਚ ਇਹ ਸੁਨੇਹੇ ਅਮਰੀਕਾ ਦੇ ਜਿਊਰੀ ਸਿਸਟਮ ਵਾਂਗ ਹੀ ਮਹਿਸੂਸ ਹੁੰਦੇ ਹਨ, ਜਿਨ੍ਹਾਂ ਵਿੱਚ ਸਹੀ ਜਾਂ ਗਲਤ ਦੇ ਫੈਸਲੇ ਉਸ ਨੇ ਪਾਠਕਾਂ ਦੀ ਜਿਊਰੀ ਤੇ ਛੱਡ ਦਿੱਤੇ ਹਨ। ਕੁਝ ਦੂਸਰੀਆਂ ਕਹਾਣੀਆਂ ਵਿੱਚ ਫੈਸਲੇ ਕਹਾਣੀਆਂ ਦੇ ਬਿਰਤਾਂਤ ਦੇ ਰਸ ਵਿੱਚੋਂ ਖ਼ੁਦ ਬ ਖ਼ੁਦ ਉੱਭਰ ਅਤੇ ਨਿੱਖਰ ਰਹੇ ਹਨ। ਕਹਾਣੀ ਸੰਗ੍ਰਹਿ ਸਮਕਾਲੀ ਸਮਾਜਿਕ, ਧਾਰਮਿਕ, ਮਾਨਸਿਕ, ਅਤੇ ਸਭਿਆਚਾਰਕ ਸਰੋਕਾਰਾਂ ਦੀ ਪੇਸ਼ਕਾਰੀ ਖ਼ੂਬਸੂਰਤੀ ਨਾਲ਼ ਕਰਦਾ ਹੈ ਅਤੇ ਇਨਸਾਨੀਅਤ ਦੇ ਹੱਕ ਵਿੱਚ ਆਵਾਜ਼ ਵੀ ਬੁਲੰਦ ਕਰਦਾ ਹੈ!
ਮੇਰੀ ਰੂਹ ਦੀ ਆਵਾਜ਼ ਕਹਿ ਰਹੀ ਕਿ ਹਰਪ੍ਰੀਤ ਵਿੱਚ ਇੱਕ ਆਹਲਾ ਦਰਜੇ ਦੀ ਕਹਾਣੀਕਾਰਾ ਬਣਨ ਦੀਆਂ ਸੰਪੂਰਨ ਸੰਭਾਵਨਾਵਾਂ ਮੌਜੂਦ ਹਨ। ਉਸ ਦੀ ਸਾਹਿਤਕ ਸਿਰਜਣ ਪ੍ਰਕਿਰਿਆ ਵਿੱਚ ਕਾਹਲ਼ ਬਿਲਕੁਲ ਨਹੀਂ ਹੈ। ਰਸ ਹੈ, ਧੀਰਜ ਹੈ, ਸਹਿਜ ਹੈ, ਠਰ੍ਹੰਮਾ ਹੈ ਅਤੇ ਮੜ੍ਹਕ ਵੀ ਹੈ!!
ਦੋ ਪੈਰ ਘੱਟ ਤੁਰਨਾ
ਪਰ ਤੁਰਨਾ ਮੜ੍ਹਕ ਦੇ ਨਾਲ…
ਦੋਸਤੋ, ਇਸ ਖ਼ੂਬਸੂਰਤ ਪੁਸਤਕ ਵਿੱਚ ਹੋਰ ਬਹੁਤ ਕੁਝ ਵੀ ਜਾਨਣ ਅਤੇ ਮਾਣਨ ਵਾਲਾ ਹੈ ਜੋ ਮੈਂ ਸਾਹਿਤ ਦੇ ਸੁਹਿਰਦ ਪਾਠਕਾਂ ਦੇ ਨਜ਼ਰੀਏ ‘ਤੇ ਛੱਡਣਾ ਹੀ ਬਿਹਤਰ ਸਮਝਦਾ ਹਾਂ। ਮੈਨੂੰ ਉਮੀਦ ਹੀ ਨਹੀਂ ਬਲਕਿ ਪੂਰਾ ਯਕੀਨ ਵੀ ਹੈ ਕਿ ਪਾਠਕਾਂ ਨੂੰ ਇਹ ਖ਼ੂਬਸੂਰਤ ਪੁਸਤਕ ਜ਼ਰੂਰ ਪਸੰਦ ਆਵੇਗੀ। ਮੇਰੀ ਵੱਲੋਂ ਹਰਪ੍ਰੀਤ ਕੌਰ ਧੂਤ ਜੀ ਨੂੰ ਇਸ ਨਿਵੇਕਲੀ ਕੋਸ਼ਿਸ਼ ਅਤੇ ਕਾਮਯਾਬੀ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਉਸ ਦੇ ਅਗਲੇ ਸਾਹਿਤਿਕ ਸਫ਼ਰ ਲਈ ਸ਼ੁਭ ਕਾਮਨਾਵਾਂ ਵੀ!!
ਆਸ ਹੀ ਨਹੀਂ ਬਲਕਿ ਉਮੀਦ ਵੀ ਹੈ ਕਿ ਸਾਹਿਤਿਕ ਪੈਂਡਿਆਂ ‘ਤੇ ਪੱਕੇ ਪੈਰੀਂ ਤੁਰਦਿਆਂ ਹਰਪ੍ਰੀਤ ਕੌਰ ਧੂਤ ਆਪਣੀ ਰੂਹ ਦੀ ਮੰਜ਼ਿਲ ਜ਼ਰੂਰ ਪਾ ਲਵੇਗੀ!!
ਜ਼ਿੰਦਗੀ ਜ਼ਿੰਦਾਬਾਦ।
*** ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
209 600 2897
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਹਰਪ੍ਰੀਤ ਕੌਰ ਧੂਤ ਦੇ…ਮਨ ਦੇ ਅਹਿਸਾਸਾਂ ਦਾ ਸੰਗ੍ਰਹਿ… ‘ਖ਼ਤਰਾ ਤਾਂ ਹੈ’!!—ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by
ਮਨੁੱਖ ਦੇ ਸਮਾਜਿਕ ਤਾਣੇ-ਬਾਣੇ ਦੀਆਂ ਤੰਦਾਂ ਨਾਲ ਬੁਣਿਆ ਹਰਪ੍ਰੀਤ ਕੌਰ ਧੂਤ ਦਾ ਤਾਜ਼ਾ ਕਹਾਣੀ ਸੰਗ੍ਰਹਿ “ਖ਼ਤਰਾ ਤਾਂ ਹੈ” ਇੱਕ ਪੜ੍ਹਨਯੋਗ ਰਚਨਾ ਹੈ, ਜਿਸ ਨੂੰ ਪੜ੍ਹਨ, ਜਾਨਣ ਅਤੇ ਮਾਣਨ ਤੋਂ ਇਲਾਵਾ ਕਈ ਕੁਝ ਸਿੱਖਿਆ ਜਾ ਸਕਦਾ ਹੈ ਅਤੇ ਸਕਾਰਾਤਮਕ ਸੇਧ ਵੀ ਮਿਲਦੀ ਹੈ।