“ਤੁਮ ਕਿਉਂ ਉਦਾਸ ਹੋ” |
ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦਾ ਚਰਚਿਤ ਕਹਾਣੀਕਾਰਾ ਕੁਲਬੀਰ ਬਡੇਸਰੋਂ ਦਾ ਲੇਟਿਸਟ ਕਹਾਣੀ ਸੰਗ੍ਰਹਿ ਹੈ। ਕੁਲਬੀਰ ਬਡੇਸਰੋਂ ਕਿਸੇ ਵੀ ਜਾਣ-ਪਹਿਚਾਣ ਦੀ ਮੁਥਾਜ ਨਹੀਂ ਹੈ। ਉਸਦੇ ਤਿੰਨ ਕਹਾਣੀ ਸੰਗ੍ਰਹਿ, ਦੋ ਨਾਵਲ, ਇਕ ਕਾਵਿ ਸੰਗ੍ਰਹਿ, ਇਕ ਹਿੰਦੀ ਕਹਾਣੀ ਸੰਗ੍ਰਹਿ(ਪੰਜਾਬੀ ਕਹਾਣੀ ਦਾ ਅਨੁਵਾਦ) ਦੋ ਕਹਾਣੀ ਸੰਗ੍ਰਹਿ ਬੱਚਿਆਂ ਲਈ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਕੀਤੇ ਗਏ ਹਨ। ਅਨੇਕਾਂ ਪੰਜਾਬੀ, ਹਿੰਦੀ ਫਿਲਮਾਂ, ਸੀਰੀਅਲਾਂ ਵਿੱਚ ਆਪਣੀ ਦਮਦਾਰ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੀ ਲੇਖਕਾ ਨੇ ਅਨੇਕਾਂ ਹਿੰਦੀ, ਪੰਜਾਬੀ ਫਿਲਮਾਂ ਅਤੇ ਫਿਲਮ ਦੇ ਡਾਇਲਾਗ ਲਿਖੇ ਹਨ। ਕਈ ਕਮਰਸ਼ੀਅਲ ਭਾਵ ਐਡ ਫਿਲਮਾਂ ਵਿਚ ਕੰਮ ਕੀਤਾ ਹੈ। “ਬਾਬਾ ਬੰਦਾ ਸਿੰਘ ਬਹਾਦੁਰ” ਬਾਰੇ ਭਾਰਤ, ਅਮਰੀਕਾ ਅਤੇ ਕਨੇਡਾ ਵਿਚ ਸਫਲ ਸਟੇਜ ਪਲੇਅ ਸ਼ੋਅ ਕੀਤੇ ਜਾਣ ਤੇ ਉਸ ਨੂੰ ਜ਼ਿਕਰਯੋਗ ਕਾਰ-ਗੁਜ਼ਾਰੀ ਸਦਕਾ ਸੈਂਕੜੇ ਨੈਸ਼ਨਲ ਅਤੇ ਇੰਟਰਨੈਸ਼ਨਲ ਸਨਮਾਨ ਮਿਲੇ ਹਨ। ਹੱਥਲੇ ਕਹਾਣੀ ਸੰਗ੍ਰਹਿ “ਤੁਮ ਕਿਉਂ ਉਦਾਸ ਹੋ” ਵਿੱਚ ਗਿਆਰਾਂ ਕਹਾਣੀਆਂ ਇਕ ਸੌ ਛੱਤੀ ਪੰਨਿਆਂ ‘ਤੇ ਦਰਜ ਹਨ। ਇਸ ਨੂੰ ਆਰਸੀ ਪਬਲਿਸ਼ਰਜ਼, ਦਿੱਲੀ ਨੇ ਬੜੀ ਰੀਝ ਨਾਲ ਛਾਪਿਆ ਹੈ। ਨਾਮਕਰਨ ਸੰਤ ਕਬੀਰ ਜੀ ਦੇ ਸਲੋਕ ਤੁਮ ਕਿਉਂ ਭਏ ਉਦਾਸ, ਚਿੰਤਾ ਮੁਕਤੀ ਦੀ ਪ੍ਰੇਰਨਾ ਦਾ ਸਰੋਤ ਅਤੇ ਸਰਵਰਕ ਬਹੁਤ ਅਕ੍ਸ਼ਿਕ ਹੈ । ਇਸ ਚਰਚਿਤ ਕਹਾਣੀ ਸੰਗ੍ਰਹਿ ਨੂੰ ਉਸਨੇ ਆਪਣੀਆਂ ਪਿਆਰੀਆਂ ਧੀਆਂ ਮਹਿਕ ਅਤੇ ਅਹਿਸਾਸ ਨੂੰ ਸਮਰਪਿਤ ਕੀਤਾ ਹੈ। ਸਮਰਪਣ ਪੜ੍ਹ ਕੇ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਇਸਨੂੰ ਬਾਬੇ ਨਾਨਕ ਦੀ ਵਿਚਾਰਧਾਰਾ ਦੀ ਮਨੌਤ ਦੇ ਅੱਗਲੇ ਪੜਾਅ ਨਾਲ ਜੋੜਿਆ ਜਾ ਸਕਦਾ ਹੈ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ “ਤੁਮ ਕਿਉਂ ਉਦਾਸ ਹੋ” ਬੇਮਿਸਾਲ ਕਹਾਣੀ ਹੈ, ਜਿਸ ਵਿਚ ਮਜ਼ਦੂਰ ਕਲਾਸ ਦੇ ਸੁਪਨੇ, ਦਰਦ ਅਤੇ ਸਮੱਸਿਆਵਾਂ ਨੂੰ ਕਲਾਤਮਿਕ ਢੰਗ ਨਾਲ ਸੰਜੀਵ ਕੀਤਾ ਹੈ। ਦੂਜੀ ਕਹਾਣੀ ਹੈ “ਸਕੂਲ ਟਰਿੱਪ”, ਇਹ ਕਹਾਣੀ ਮਿਡਲ ਕਲਾਸ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਮਨੋਦਸ਼ਾ ਅਤੇ ਮਜ਼ਬੂਰੀਆਂ ਨੂੰ ਉਘਾੜਦੀ ਏ। ਤੀਜੀ “ਫੇਰ,” ਚੌਥੀ “ਮਾਂ ਨੀ” ਅਤੇ ਪੰਜਵੀਂ “ਭੈਣ ਜੀ,” ਸੱਤਵੀਂ ਕਹਾਣੀ “ਨੂੰਹ-ਸੱਸ” ਅਤੇ ਨੌਵੀਂ “ਤੂੰ ਵੀ ਖਾ ਲੈ।” ਕਹਾਣੀਆਂ ਅਖੌਤੀ ਰਿਸ਼ਤਿਆਂ ਦੇ ਪਾਜ਼, ਤੰਦਾਂ ਨੂੰ ਸੁਲਝਾਉਣ ਵਿਚ ਸਫਲ ਹੁੰਦੀਆਂ ਹਨ। ਇਸ ਸੰਗ੍ਰਹਿ ਦੀ ਛੇਵੀਂ ਕਹਾਣੀ ਹੈ ਜੋ “ਮਜ਼ਬੂਰੀ” ਅਭਿਨੇਤਰੀਆਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਦਰਸਾਉਂਦੀ ਏ। ਅੱਠਵੀਂ ਕਹਾਣੀ “ਆਕਰੋਸ਼।” ਇਹ ਕਹਾਣੀ ਔਰਤ-ਮਰਦ ਦੇ ਸਬੰਧਾਂ ਵਿੱਚ ਦਰਾੜ ਪੈਣ ਦੇ ਕਾਰਨਾਂ ਨੂੰ ਉਜਾਗਰ ਕਰਨ ਵਿੱਚ ਸਫਲ ਹੋਈ ਹੈ। “ਬਕ-ਬਕ” ਇਸ ਸੰਗ੍ਰਹਿ ਦੀ ਦੱਸਵੀਂ ਕਹਾਣੀ ਹੈ, ਇਹ ਕਹਾਣੀ ਵੀ ਕਮਾਲ ਦੀ ਕਹਾਣੀ ਹੈ, ਕਿ ਦੂਸਰੇ ਇਨਸਾਨ ਬਾਰੇ ਅਸੀਂ ਕਿਵੇਂ ਸੋਚਦੇ ਹਾਂ? ਕਹਾਣੀ ਪੜ੍ਹ ਕੇ ਸਾਨੂੰ ਆਪਣੀ ਸੋਚ ਬਾਰੇ ਅਹਿਸਾਸ ਹੁੰਦਾ ਹੈ! ਕਹਾਣੀ ਸੰਗ੍ਰਹਿ ਦੀ ਆਖਰੀ ਗਿਆਰਵੀਂ ਕਹਾਣੀ ਹੈ “ਦੋ ਔਰਤਾਂ” ਜਿਸ ਵਿੱਚ ਲੇਖਿਕਾ ਨੇ ਪਤੀਆਂ ਦੀਅਾਂ ਜ਼ਿਆਦਤੀਆਂ ਨੂੰ ਵਿਲੱਖਣ ਢੰਗ ਨਾਲ ਪੇਸ਼ ਕੀਤਾ ਏ। ਕਹਾਣੀਕਾਰਾ ਖੁਦ ਚਰਚਿਤ ਅਭਿਨੇਤਰੀ ਹੋਣ ਕਾਰਨ ਉਸ ਨੂੰ ਪਤਾ ਏ ਕਿ ਫਿਲਮ ਅਤੇ ਨਾਟਕਾਂ ਵਿਚ ਦ੍ਰਿਸ਼ ਚਿੱਤਰਣ ਦਾ ਖਾਸ ਮਹੱਤਵ ਹੁੰਦਾ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਕਮਾਲ ਦੇ ਦ੍ਰਿਸ਼ ਸਿਰਜੇ ਹਨ, ਜੋ ਕਹਾਣੀ ਪੜ੍ਹਣ ਅਤੇ ਹੋਰ ਦਿਲਚਸਪੀ ਪੈਦਾ ਕਰਨ ਵਿੱਚ ਸਹਾਈ ਹੋਏ ਹਨ। ਇਸ ਭਾਵਪੂਰਤ ਕਹਾਣੀ ਸੰਗ੍ਰਹਿ ਬਾਰੇ ਹੋਰ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ। ਅੰਤ ਵਿੱਚ ਖੂਬਸੂਰਤ ਕਹਾਣੀ ਸੰਗ੍ਰਹਿ “ਤੁਮ ਕਿਉਂ ਉਦਾਸ ਹੋ” ਲਈ ਭੈਣ ਕੁਲਬੀਰ ਬਡੇਸਰੋਂ ਨੂੰ ਦਿਲੀ ਮੁਬਾਰਕਾਂ ਦਿੰਦਾ ਹਾਂ ਅਤੇ ਪਾਠਕਾਂ ਨੂੰ ਪੜ੍ਹਣ ਦੀ ਸਿਫਾਰਸ਼ ਕਰਦਾ ਹਾਂ। |
*** 25 ਅਕਤੂਬਰ 2021 *** 461 *** |
ਰੂਪ ਦਬੁਰਜੀ,ਪਿੰਡ ਦਬੁਰਜੀ,ਡਾਕਘਰ ਲੱਖਣ ਕਲਾਂ,ਜ਼ਿਲ੍ਹਾ ਕਪੂਰਥਲਾ
ਫੋਨ ਨੰਬਰ -94174 80582