3 November 2025

ਹਿੰਦੀ ਕਹਾਣੀ: ਖ਼ਾਮੋਸ਼ ਸਫ਼ਰ– ਮੂਲ : ਮਨੀਸ਼ਾ ਮੰਜਰੀ — ਅਨੁ : ਪ੍ਰੋ. ਨਵ ਸੰਗੀਤ ਸਿੰਘ 

                             ਮਨੀਸ਼ਾ ਮੰਜਰੀ 

ਮਾਸਿਕ ਮੈਗਜ਼ੀਨ ‘ਕੰਪੀਟੀਸ਼ਨ ਦਰਪਣ’ ਦਾ ਨਵੀਨਤਮ ਅੰਕ ਪੜ੍ਹਦੇ ਸਮੇਂ, ਅਠਾਈ ਸਾਲਾ ਨੀਰਜ ਮਿਸ਼ਰਾ ਦੀਆਂ ਅੱਖਾਂ ਅਤੇ ਧਿਆਨ ਚੱਲਦੀ ਟ੍ਰੇਨ ਦੇ ਰੁਕਣ ਨਾਲ ਭਟਕ ਗਿਆ। ਉਸਨੇ ਮੈਗਜ਼ੀਨ ਬੰਦ ਕੀਤਾ ਅਤੇ ਟ੍ਰੇਨ ਦੀ ਖਿੜਕੀ ਵੱਲ ਵੇਖਿਆ। ਉਹ ਭੀੜ-ਭੜੱਕੇ ਵਾਲਾ ਸਟੇਸ਼ਨ ਉੱਤਰ ਪ੍ਰਦੇਸ਼ ਦਾ ਮਸ਼ਹੂਰ ਗੋਰਖਪੁਰ ਜੰਕਸ਼ਨ ਸੀ। ਕੁਝ ਯਾਤਰੀਆਂ ਦੀ ਯਾਤਰਾ ਉਸ ਜੰਕਸ਼ਨ ‘ਤੇ ਖਤਮ ਹੋ ਰਹੀ ਸੀ, ਜਦੋਂ ਕਿ ਕੁਝ ਆਪਣੀ ਯਾਤਰਾ ਸ਼ੁਰੂ ਕਰਨ ਲਈ ਟ੍ਰੇਨ ਵਿੱਚ ਦਾਖਲ ਹੋ ਰਹੇ ਸਨ। ਨੀਰਜ ਦਾ ਸਫ਼ਰ ਅਜੇ ਵੀ ਲੰਮਾ ਸੀ, ਸ਼ਾਮ ਦਾ ਸਮਾਂ ਸੀ ਅਤੇ ਉਸਨੇ ਇਸ ਟ੍ਰੇਨ ਵਿੱਚ ਪੂਰੀ ਰਾਤ ਬਿਤਾਉਣੀ ਸੀ। ਉਹਨੇ ਦਿੱਲੀ ਜਾਣਾ ਸੀ, ਚਾਰਟਰਡ ਅਕਾਊਂਟੈਂਟ ਬਣਨ ਦੀ ਪੜ੍ਹਾਈ ਦੇ ਨਾਲ-ਨਾਲ, ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਿਹਾ ਸੀ। ਦਰਅਸਲ, ਉਸਨੂੰ ਫ਼ਸਟ ਏਸੀ ਪਸੰਦ ਨਹੀਂ ਸੀ, ਕਿਉਂਕਿ ਉਸਨੂੰ ਗੱਲਾਂ ਕਰਨ ਦੀ ਆਦਤ ਸੀ ਅਤੇ ਇੱਥੇ ਇੱਕ ਬੋਗੀ ਵਿੱਚ ਸਿਰਫ ਦੋ ਸੀਟਾਂ ਹੀ ਹੁੰਦੀਆਂ ਹਨ, ਨਾਲੇ ਫਿਰ ਕੀ ਪਤਾ ਹੈ ਕਿ ਸਹਿ-ਯਾਤਰੀ ਦਾ ਸੁਭਾਅ ਕਿਹੋ ਜਿਹਾ ਹੋਵੇਗਾ? ਪਰ ਇਹ ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਸੀ, ਇਸ ਲਈ ਟਿਕਟਾਂ ਦੀ ਘਾਟ ਕਾਰਨ, ਉਸਨੂੰ ਏਸੀ ਕੋਚ ਦੇ ਪਹਿਲੇ ਦਰਜੇ ਦੀ ਟਿਕਟ ਹੀ ਮਿਲ ਸਕੀ। ਉਸਨੇ ਆਪਣੇ ਸਾਹਮਣੇ ਵਾਲੀ ਸੀਟ ਵੱਲ ਦੇਖਿਆ ਜੋ ਅਜੇ ਵੀ ਖਾਲੀ ਸੀ। ਉਸਨੇ ਇੱਕ ਡੂੰਘਾ ਸਾਹ ਲਿਆ ਅਤੇ ਆਪਣੇ ਆਪ ਨੂੰ ਕਿਹਾ, “ਚਲੋ ਚੰਗਾ ਹੈ, ਇਕੱਲੇ ਯਾਤਰਾ ਕਰਨ ਦਾ ਇਹ ਅਨੁਭਵ ਵੀ ਕੁਝ ਨਾ ਕੁਝ ਸਿਖਾ ਕੇ ਹੀ ਜਾਵੇਗਾ।”

 ਜਦੋਂ ਰੇਲਗੱਡੀ ਨੇ ਪਲੇਟਫਾਰਮ ਤੋਂ ਚੱਲਣ ਲਈ ਸੀਟੀ ਮਾਰੀ ਤਾਂ ਨੀਰਜ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਸੋਚਿਆ ਕਿ ਹੁਣ ਥੋੜ੍ਹੀ ਦੇਰ ਸੌਂ ਜਾਵਾਂ। ਪਰ ਦਰਵਾਜ਼ੇ ‘ਤੇ ਹੋਈ ਹਲਚਲ ਨੇ ਉਸਦਾ ਧਿਆਨ ਖਿੱਚਿਆ ਅਤੇ ਉਸਨੇ ਕੈਬਿਨ ਵਿੱਚ ਦਾਖਲ ਹੋਣ ਵਾਲੀ ਲਗਭਗ 25-26 ਸਾਲ ਦੀ ਇੱਕ ਕੁੜੀ ਨੂੰ ਦੇਖਿਆ। ਉਸਦੇ ਹੱਥ ਵਿੱਚ ਇੱਕ ਟਰਾਲੀ ਬੈਗ ਅਤੇ ਇੱਕ ਪਰਸ ਸੀ। ਉਸਦੇ ਨਾਲ ਦੋ ਜਣੇ ਹੋਰ ਵੀ ਸਨ, ਇੱਕ ਮੁੰਡਾ ਜੋ ਉਸ ਤੋਂ ਤਿੰਨ-ਚਾਰ ਸਾਲ ਵੱਡਾ ਸੀ ਅਤੇ ਇੱਕ ਔਰਤ। ਇਉਂ ਲੱਗ ਰਿਹਾ ਸੀ ਕਿ ਉਹ ਦੋਵੇਂ ਉਸਨੂੰ ਵਿਦਾ ਕਰਨ ਆਏ ਸਨ। ਉਤਰਦੇ ਸਮੇਂ ਮੁੰਡੇ ਨੇ ਕੁੜੀ ਨੂੰ ਕਿਹਾ, “ਮੈਂ ਅਜੇ ਵੀ ਤੈਨੂੰ ਕਹਿ ਰਿਹਾ ਹਾਂ, ਪਲੀਜ਼ ਇਸ ਤਰ੍ਹਾਂ ਨਾ ਜਾ। ਤੇਰੀ ਸਿਹਤ ਠੀਕ ਨਹੀਂ ਹੈ। ਤੂੰ ਇੰਨੀ ਲੰਬੀ ਦੂਰੀ ਕਿਵੇਂ ਤੈਅ ਕਰੇਗੀ, ਉਹ ਵੀ ਇਕੱਲੀ?”

ਅਗਲਾ ਕਰੀਬ ਇੱਕ ਘੰਟਾ ਇਸੇ ਤਰ੍ਹਾਂ ਬੀਤ ਗਿਆ। ਨੀਰਜ ਗੱਲਾਂ ਕਰਨ ਦਾ ਆਦੀ ਸੀ ਪਰ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਸ਼ਾਂਤ ਮੂਰਤੀ ਨਾਲ ਗੱਲਬਾਤ ਕਿਵੇਂ ਸ਼ੁਰੂ ਕਰੇ। ਅਚਾਨਕ ਮੋਬਾਈਲ ਦੀ ਘੰਟੀ ਵੱਜੀ, ਜੋ ਨੀਰਜ ਦੀ ਨਹੀਂ ਸਗੋਂ ਉਸ ਕੁੜੀ ਦੀ ਸੀ। ਅੰਤ ਵਿੱਚ ਕਰੀਬ ਘੰਟੇ ਬਾਅਦ, ਕੁੜੀ ਨੇ ਮੁੜ ਕੇ ਪਰਸ ਵਿੱਚੋਂ ਆਪਣਾ ਮੋਬਾਈਲ ਕੱਢਿਆ। ਨੀਰਜ ਦੂਜੇ ਪਾਸੇ ਦੀ ਗੱਲਬਾਤ ਤਾਂ ਸੁਣ ਨਹੀਂ ਸਕਿਆ ਪਰ ਕੁੜੀ ਦੇ ਜਵਾਬਾਂ ਤੋਂ ਉਸਨੂੰ ਥੋੜ੍ਹਾ ਜਿਹਾ ਸਮਝ ਆਇਆ ਕਿ ਇਹ ਸ਼ਾਇਦ ਬ੍ਰੇਕਅੱਪ ਦਾ ਮਾਮਲਾ ਹੈ। ਕੋਈ ਉਸਨੂੰ ਛੱਡ ਗਿਆ ਹੈ ਅਤੇ ਇਸ ਉਦਾਸੀ ਵਿੱਚ, ਉਹ ਸਭ ਕੁਝ ਛੱਡ ਕੇ ਕਿਸੇ ਅਣਜਾਣ ਯਾਤਰਾ ‘ਤੇ ਇਕੱਲੀ ਨਿਕਲ ਪਈ ਹੈ। ਗੱਲਬਾਤ ਤੋਂ ਪਤਾ ਲੱਗਾ ਕਿ ਫੋਨ ਦੇ ਦੂਜੇ ਪਾਸੇ ਉਸਦੀ ਮਾਂ ਸੀ, ਜੋ ਉਸਨੂੰ ਘਰ ਵਾਪਸ ਆਉਣ ਲਈ ਮਨਾ ਰਹੀ ਸੀ, ਅਤੇ ਇੱਧਰ ਉਹ ਆਪਣੇ ਆਪ ਨੂੰ ਤਲਾਸ਼ਣ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਰਹੀ ਸੀ। ਉਹ ਹੁਣ ਕਾਫ਼ੀ ਦੇਰ ਤੱਕ ਆਪਣੇ ਆਪ ਨੂੰ ਕਾਬੂ ਕਰਨ ਤੋਂ ਬਾਅਦ ਫੋਨ ‘ਤੇ ਰੋ ਰਹੀ ਸੀ, ਅਤੇ ਜਦੋਂ ਉਹ ਆਪਣੇ ਆਪ ਨੂੰ ਸੰਭਾਲ ਨਾ ਸਕੀ, ਤਾਂ ਉਸਨੇ ਫੋਨ ਬੰਦ ਕਰ ਦਿੱਤਾ।

ਨੀਰਜ, ਜੋ ਖਿੜਕੀ ਵੱਲ ਦੇਖਦਾ ਹੋਇਆ ਉਸਦੀ ਗੱਲ ਸੁਣ ਰਿਹਾ ਸੀ, ਨੇ ਮੁੜ ਕੇ ਉਸ ਵੱਲ ਵੇਖਿਆ। ਕੁੜੀ ਨੇ ਕਾਲ ਤਾਂ ਕੱਟ ਦਿੱਤੀ ਸੀ ਪਰ ਹੁਣ ਉਹ ਆਪਣੇ ਫੋਨ ਦੀ ਗੈਲਰੀ ਵਿੱਚ ਕੁਝ ਤਸਵੀਰਾਂ ਦੇਖ ਰਹੀ ਸੀ। ਉਸਦੀਆਂ ਅੱਖਾਂ ਅਜੇ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਅਤੇ ਉਸਦੇ ਹੱਥ ਕੰਬ ਰਹੇ ਸਨ। ਫਿਰ ਅਚਾਨਕ ਉਸਨੇ ਆਪਣਾ ਮੂੰਹ ਢੱਕ ਲਿਆ ਅਤੇ ਉੱਚੀ-ਉੱਚੀ ਰੋਣ ਲੱਗ ਪਈ। ਨੀਰਜ ਤੋਂ ਹੁਣ ਰਿਹਾ ਨਾ ਗਿਆ। ਉਸਨੇ ਆਪਣੀ ਜੇਬ ‘ਚੋਂ ਇੱਕ ਰੁਮਾਲ ਕੱਢਿਆ ਅਤੇ ਕੁੜੀ ਵੱਲ ਵਧਾਇਆ ਅਤੇ ਕਿਹਾ, “ਐਕਸਕਿਊਜ਼ ਮੀ, ਇਸ ਤਰ੍ਹਾਂ ਰੋਣ ਨਾਲ ਤੁਹਾਡੀ ਤਬੀਅਤ ਵਿਗੜ ਜਾਵੇਗੀ।”

ਕੁੜੀ ਨੇ ਆਪਣਾ ਮੂੰਹ ਉੱਪਰ ਕਰਕੇ ਨੀਰਜ ਵੱਲ ਦੇਖਿਆ ਅਤੇ ਆਪਣੇ ਹੱਥਾਂ ਨਾਲ ਆਪਣੇ ਹੰਝੂ ਪੂੰਝ ਕੇ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਨੀਰਜ ਦੁਆਰਾ ਵਧਾਏ ਗਏ ਰੁਮਾਲ ਨੂੰ ਛੂਹਿਆ ਵੀ ਨਹੀਂ, ਪਰ ਡੂੰਘੇ ਸਾਹ ਲੈ ਕੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਪਲਾਂ ਬਾਅਦ, ਨੀਰਜ ਨੇ ਫਿਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, “ਮੈਂ ਪੈਂਟਰੀ ਜਾ ਰਿਹਾ ਹਾਂ, ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸੋ, ਮੈਂ ਲੈ ਆਵਾਂਗਾ।”

ਕੁੜੀ ਨੇ ਨਾਂਹ ਵਿੱਚ ਸਿਰ ਹਿਲਾਇਆ ਅਤੇ ਨੀਰਜ ਓਕੇ ਕਹਿੰਦਾ ਹੋਇਆ ਕੈਬਿਨ ਤੋਂ ਬਾਹਰ ਆਇਆ, ਅਤੇ ਕੁਝ ਦੇਰ ਏਧਰ-ਓਧਰ ਘੁੰਮਣ ਤੋਂ ਬਾਅਦ ਵਾਪਸ ਕੈਬਿਨ ਵਿੱਚ ਆ ਕੇ ਬੈਠ ਗਿਆ। ਉਸਨੇ ਇੱਕ ਵਾਰ ਫਿਰ ਉਸਨੂੰ ਟੋਕਿਆ ਅਤੇ ਕਿਹਾ, “ਤਾਂ ਤੁਸੀਂ ਕਿੱਥੇ ਜਾ ਰਹੇ ਹੋ?” ਕੁੜੀ ਨੇ ਨੀਰਜ ਵੱਲ ਦੇਖਿਆ ਅਤੇ ਫਿਰ ਨਰਮ ਆਵਾਜ਼ ਵਿੱਚ ਕਿਹਾ, “ਦਿੱਲੀ।” “ਠੀਕ ਹੈ, ਮੈਂ ਵੀ ਦਿੱਲੀ ਜਾ ਰਿਹਾ ਹਾਂ। ਹਾਏ, ਮੇਰਾ ਨਾਮ ਨੀਰਜ ਹੈ, ਨੀਰਜ ਮਿਸ਼ਰਾ।”

ਇਹ ਕਹਿ ਕੇ ਨੀਰਜ ਨੇ ਕੁੜੀ ਵੱਲ ਆਪਣਾ ਹੱਥ ਵਧਾਇਆ। ਕੁੜੀ ਨੇ ਵੀ ਆਪਣਾ ਹੱਥ ਵਧਾਇਆ ਅਤੇ ਕਿਹਾ, “ਮੈਂ ਅਵਨੀ ਹਾਂ, ਅਵਨੀ ਸ਼ਰਮਾ।” ਨੀਰਜ ਨੇ ਹੱਥ ਮਿਲਾ ਕੇ ਛੱਡਦੇ ਹੋਏ ਕਿਹਾ, “ਦੈਟਸ ਏ ਬਿਊਟੀਫੁਲ ਨੇਮ। ਅਵਨੀ ਸ਼ਰਮਾ। ਕਾਸ਼ ਕਿ ਖੂਬਸੂਰਤ ਨਾਮ ਅਤੇ ਖੂਬਸੂਰਤ ਚਿਹਰੇ ਖੂਬਸੂਰਤ ਕਿਸਮਤ ਨਾਲ ਮਿਲਦੇ!” ਨੀਰਜ ਹੋਰ ਕੁਝ ਨਾ ਕਹਿ ਸਕਿਆ ਬਸ ਮੁਸਕਰਾ ਕੇ ਰਹਿ ਗਿਆ। ਫਿਰ ਅਵਨੀ ਨੇ ਅੱਗੇ ਕਿਹਾ, “ਆਈ ਐਮ ਸੌਰੀ। ਮੈਂ ਬਹੁਤ ਰੋ ਰਹੀ ਸੀ, ਤੁਸੀਂ ਜ਼ਰੂਰ ਪਰੇਸ਼ਾਨ ਹੋਏ ਹੋਵੋਗੇ।”

ਨੀਰਜ ਨੇ ਤ੍ਰਭਕ ਕੇ ਕਿਹਾ, “ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ। ਇਹ ਤਾਂ ਭਾਵਨਾਵਾਂ ਹਨ ਜੋ ਮਨੁੱਖ ਦੀ ਜੀਵੰਤਤਾ ਦੀ ਪਛਾਣ ਹਨ। ਭਾਵਨਾਵਾਂ ਅਤੇ ਸੰਵੇਦਨਾਵਾਂ ਤੋਂ ਬਿਨਾਂ ਮਨੁੱਖ, ਮਨੁੱਖ ਨਹੀਂ ਹੈ। ਦੇਖਿਆ ਜਾਵੇ ਤਾਂ ਇਹਨੂੰ ਹਰ ਕੋਈ ਸਮਝਦਾ ਹੈ, ਬੱਸ ਅੱਜਕੱਲ੍ਹ ਲੋਕ ਖੁਦ ਵਿੱਚ ਸਿਮਟ ਕੇ ਰਹਿ ਗਏ ਹਨ। ਅਤੇ ਕੁਝ ਸੁਆਰਥੀ ਹੋ ਗਏ ਹਨ। ਦੇਖ ਕੇ ਵੀ ਅਣਡਿੱਠ ਕਰਨਾ, ਸੁਣ ਕੇ ਵੀ ਅਣਸੁਣਿਆ ਕਰਨਾ, ਇਹ ਸਭ ਹੁਣ ਲੋਕਾਂ ਲਈ ਇੱਕ ਆਮ ਜਿਹੀ ਗੱਲ ਬਣ ਗਈ ਹੈ। ਪਰ ਇਸ ਦੁਨੀਆਂ ਵਿੱਚ ਅਜੇ ਵੀ ਕੁਝ ਲੋਕ ਹਨ, ਜੋ ਆਪਣੀ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਪਰਵਾਹ ਕਰਦੇ ਹਨ।”

 “ਥੈਂਕ ਯੂ। ਇਹ ਸੁਣ ਕੇ ਮੈਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ।”

 ਕੁਝ ਦੇਰ ਏਧਰ-ਓਧਰ ਦੀਆਂ ਗੱਲ ਕਰਨ ਤੋਂ ਬਾਅਦ, ਨੀਰਜ ਨੂੰ ਅਵਨੀ ਬਾਰੇ ਥੋੜ੍ਹਾ ਜਿਹਾ ਪਤਾ ਲੱਗਾ ਅਤੇ ਉਸਨੇ ਉਸਨੂੰ ਆਪਣੇ ਘਰ-ਪਰਿਵਾਰ ਬਾਰੇ ਵੀ ਦੱਸਿਆ। ਅਵਨੀ ਇੱਕ ਇਕਹਿਰੇ ਪਰਿਵਾਰ ਤੋਂ ਸੀ, ਜਿੱਥੇ ਉਸਦੇ ਮਾਪਿਆਂ ਤੋਂ ਇਲਾਵਾ, ਉਸਦਾ ਇੱਕ ਭਰਾ ਅਤੇ ਇੱਕ ਭਰਜਾਈ ਸੀ। ਉਸਦਾ ਭਰਾ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਇੰਜੀਨੀਅਰ ਸੀ, ਜਦੋਂ ਕਿ ਉਸਦੇ ਪਿਤਾ ਵਿੱਤ ਵਿਭਾਗ ਵਿੱਚ ਇੱਕ ਅਧਿਕਾਰੀ ਸਨ ਅਤੇ ਹਾਲ ਹੀ ਵਿੱਚ ਸੇਵਾਮੁਕਤ ਹੋਏ ਸਨ। ਨੀਰਜ ਨੂੰ ਅਵਨੀ ਦੇ ਪਰਿਵਾਰ ਨਾਲੋਂ ਉਸਦੇ ਰੋਣ ਦੇ ਕਾਰਨ ਅਤੇ ਉਸਨੂੰ ਛੱਡ ਕੇ ਜਾਣ ਵਾਲੇ ਵਿਅਕਤੀ ਬਾਰੇ ਸੀ। ਨੀਰਜ ਨੇ ਅੱਗੇ ਇਹ ਕਹਿ ਕੇ ਗੱਲਬਾਤ ਸ਼ੁਰੂ ਕੀਤੀ, “ਤੁਹਾਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਇੱਕ ਜੋਤਸ਼ੀ ਹਨ, ਅਤੇ ਮੈਂ ਇਸ ਬਾਰੇ ਥੋੜ੍ਹਾ ਜਿਹਾ ਸਿੱਖਿਆ ਹੈ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਸਾਡੇ ਪਰਿਵਾਰ ਵਿੱਚ ਪੀੜ੍ਹੀਆਂ ਤੋਂ ਚੱਲ ਰਿਹਾ ਹੈ। ਮੇਰੇ ਪਿਤਾ ਜੀ ਜੋ ਵੀ ਭਵਿੱਖਬਾਣੀਆਂ ਕਰਦੇ ਹਨ, ਉਹ ਸਾਰੀਆਂ ਸੱਚ ਹੁੰਦੀਆਂ ਹਨ। ਮੈਂ ਤੁਹਾਡੀ ਜੀਵਨ ਰੇਖਾ ਦੇਖੀ ਹੈ, ਤੁਸੀਂ ਬਹੁਤ ਲੰਬੀ ਅਤੇ ਸੁਖਮਈ ਜ਼ਿੰਦਗੀ ਜੀਓਗੇ।”

ਅਵਨੀ ਨੇ ਮੁਸਕਰਾਉਂਦੇ ਹੋਏ ਕਿਹਾ, “ਅੱਛਾ, ਸੱਚੀਂ! ਲੰਬੀ ਦ‍ਾ ਤਾਂ ਪਤਾ ਨਹੀਂ, ਪਰ ਜ਼ਿੰਦਗੀ ਬਿਲਕੁਲ ਵੀ ਸੁਖਮਈ ਨਹੀਂ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੁਖ ਕੀ ਹੁੰਦਾ ਹੈ?” “ਵਾਹ, ਤੁਸੀਂ ਤਾਂ ਦਾਰਸ਼ਨਿਕਾਂ ਵਾਂਗ ਗੱਲਾਂ ਕਰਦੇ ਹੋ। ਇੰਨੀ ਛੋਟੀ ਉਮਰ ਵਿੱਚ ਅਜਿਹੀਆਂ ਗੱਲਾਂ? ਠੀਕ ਹੈ, ਮੈਨੂੰ ਆਪਣਾ ਹੱਥ ਵਿਖਾਓ। ਹੁਣ ਮੈਂ ਸੱਚਮੁੱਚ ਤੁਹਾਡੀਆਂ ਰੇਖਾਵਾਂ ਪੜ੍ਹਨਾ ਚਾਹੁੰਦਾ ਹਾਂ। ਵੇਖਾਂ ਕਿ ਉਨ੍ਹਾਂ ਵਿੱਚ ਕੀ ਲੁਕਿਆ ਹੋਇਆ ਹੈ?”

ਨੀਰਜ ਦੀਆਂ ਗੱਲਾਂ ਸੁਣਦੇ ਹੀ ਅਵਨੀ ਨੇ ਆਪਣੀ ਹਥੇਲੀ ਉਸਦੇ ਹੱਥਾਂ ਵਿੱਚੋਂ ਕੱਢ ਲਈ ਅਤੇ ਚੁੱਪਚਾਪ ਬੈਠ ਗਈ। ਨੀਰਜ ਨੇ ਉਸ ਵੱਲ ਦੇਖਿਆ ਅਤੇ ਥੋੜ੍ਹਾ ਪਰੇਸ਼ਾਨ ਹੋ ਕੇ ਕਿਹਾ, “ਕੀ ਹੋਇਆ? ਕੀ ਮੈਂ ਕੁਝ ਗਲਤ ਕਿਹਾ?”

ਅਵਨੀ ਕੁਝ ਦੇਰ ਲਈ ਕੁਝ ਨਾ ਕਹਿ ਸਕੀ ਪਰ ਉਸਦੀਆਂ ਹੰਝੂ ਭਰੀਆਂ ਅੱਖਾਂ ਬਹੁਤ ਕੁਝ ਕਹਿਣਾ ਚਾਹੁੰਦੀਆਂ ਸਨ। ਨੀਰਜ ਕੁਝ ਦੇਰ ਉਸ ਵੱਲ ਦੇਖਦਾ ਰਿਹਾ, ਫਿਰ ਹਿੰਮਤ ਕਰਕੇ ਕਿਹਾ, “ਤੁਸੀਂ ਇਹ ਬਹੁਤ ਵਾਰ ਸੁਣਿਆ ਹੋਵੇਗਾ, ਪਰ ਇਹ ਬਿਲਕੁਲ ਸੱਚ ਹੈ ਕਿ ਸਾਂਝਾ ਕਰਨ ‘ਤੇ ਦਰਦ ਹਲਕਾ ਹੋ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਅਜਨਬੀਆਂ ਨਾਲ ਗੱਲ ਕਰਨਾ ਹੋਰ ਵੀ ਆਸਾਨ ਹੈ ਕਿਉਂਕਿ ਉਹ ਸਿਰਫ਼ ਤੁਹਾਡੀ ਗੱਲ ਸੁਣਦੇ ਹਨ, ਸਿਰਫ਼ ਤੁਹਾਡੇ ਦ੍ਰਿਸ਼ਟੀਕੋਣ ਤੋਂ ਸੋਚਦੇ ਹਨ, ਨਾ ਤਾਂ ਉਹ ਕੋਈ ਰਾਏ ਬਣਾਉਂਦੇ ਹਨ ਅਤੇ ਨਾ ਹੀ ਉਹ ਤੁਹਾਡਾ ਨਿਰਣਾ ਕਰਦੇ ਹਨ। ਤਾਂ ਤੁਸੀਂ ਮੈਨੂੰ ਬਿਨਾਂ ਕਿਸੇ ਝਿਜਕ ਦੇ ਦੱਸ ਸਕਦੇ ਹੋ ਕਿ ਉਹ ਬਦਕਿਸਮਤ ਕੌਣ ਹੈ ਜਿਸਨੇ ਤੁਹਾਡੇ ਵਰਗੀ ਸੁੰਦਰ ਅਤੇ ਪਿਆਰੀ ਕੁੜੀ ਨੂੰ ਧੋਖਾ ਦਿੱਤਾ ਹੈ।”

ਅਵਨੀ ਦੀਆਂ ਅੱਖਾਂ ਅਜੇ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਸਨ, ਪਰ ਉਸਦੇ ਬੁੱਲ੍ਹਾਂ ‘ਤੇ ਇੱਕ ਵਿਅੰਗਾਤਮਕ ਮੁਸਕਰਾਹਟ ਫੈਲ ਗਈ। ਉਸਨੇ ਆਪਣਾ ਮੋਬਾਈਲ ਚੁੱਕਿਆ ਅਤੇ ਗੈਲਰੀ ਵਿੱਚੋਂ ਇੱਕ ਫੋਟੋ ਚੁਣ ਕੇ ਨੀਰਜ ਨੂੰ ਵਿਖਾਈ। ਨੀਰਜ ਨੇ ਮੋਬਾਈਲ ਆਪਣੇ ਹੱਥ ਵਿੱਚ ਲਿਆ ਅਤੇ ਸਕ੍ਰੀਨ ‘ਤੇ ਇੱਕ ਮੁਸਕਰਾਉਂਦੇ ਮੁੰਡੇ ਦੀ ਤਸਵੀਰ ਦੇਖੀ। ਹਾਲਾਂਕਿ ਤਸਵੀਰ ਵਿਚਲਾ ਮੁੰਡਾ ਉਸਨੂੰ ਚੰਗਾ, ਸੰਸਕਾਰੀ ਅਤੇ ਸੁੰਦਰ ਲੱਗ ਰਿਹਾ ਸੀ, ਪਰ ਨੀਰਜ ਜਾਣਦਾ ਸੀ ਕਿ ਇਹ ਮੁੰਡਾ ਅਵਨੀ ਦੇ ਹੰਝੂਆਂ ਅਤੇ ਉਸਦੀ ਹਾਲਤ ਲਈ ਜ਼ਿੰਮੇਵਾਰ ਹੈ, ਇਸ ਲਈ ਉਸਨੇ ਕਿਹਾ, “ਇਸ ਮੁੰਡੇ ਲਈ ਤੁਸੀਂ ਇੰਨੇ ਹੰਝੂ ਵਹਾ ਰਹੇ ਹੋ! ਤੁਸੀਂ ਕਿੱਥੇ ਅਤੇ ਇਹ ਕਿੱਥੇ! ਤੁਹਾਡੀ ਕੁੜੀਆਂ ਦੀ ਚੋਣ ਵੀ ਪਤਾ ਨਹੀਂ ਕਿਹੋ ਜਿਹੀ ਹੈ? ਅਤੇ ਇਸਦੇ ਜਾਣ ‘ਤੇ ਪਛਤਾਵਾ ਕਿਉਂ? ਤੁਹਾਡੀਆਂ ਰੇਖਾਵਾਂ ਵੀ ਦੱਸ ਰਹੀਆਂ ਹਨ ਕਿ ਤੁਹਾਨੂੰ ਇੱਕ ਸੁੰਦਰ ਜੀਵਨ ਸਾਥੀ ਮਿਲੇਗਾ। ਉਂਜ ਇਹ ਮੁੰਡਾ ਕਰਦਾ ਕੀ ਹੈ ਅਤੇ ਨਾਂ ਕੀ ਹੈ ਇਹਦਾ? ਥੋੜ੍ਹਾ ਜਿਹਾ ਮੈਨੂੰ ਇਸ ਬਾਰੇ ਦੱਸੋ ਅਤੇ ਮੈਂ ਵੀ ਤੁਹਾਨੂੰ ਥੋੜ੍ਹਾ ਦੱਸਾਂਗਾ, ਜੋਤਿਸ਼ ਦੇ ਹਿਸਾਬ ਨਾਲ।”

ਅਵਨੀ ਨੇ ਆਪਣੀਆਂ ਭਵਾਂ ਉੱਚੀਆਂ ਕੀਤੀਆਂ ਅਤੇ ਫਿਰ ਕਿਹਾ, “ਅਭੈ। ਅਭੈ ਇੱਕ ਸਾਫਟਵੇਅਰ ਡਿਵੈਲਪਰ ਹੈ…” ਅਵਨੀ ਨੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਨੀਰਜ ਨੇ ਉਸਨੂੰ ਰੋਕਿਆ ਅਤੇ ਕਿਹਾ, “ਓ ਬਈ, ਇਹ ਸਾਫਟਵੇਅਰ ਵਾਲੇ ਹਮੇਸ਼ਾ ਬੇਵਫ਼ਾ ਹੁੰਦੇ ਹਨ, ਤੁਸੀਂ ਕਿੱਥੇ ਫਸ ਗਏ? ਇਹ ਸਾਰਾ ਦਿਨ ਆਪਣੇ ਲੈਪਟਾਪ ਸਕ੍ਰੀਨਾਂ ਵੱਲ ਦੇਖਦੇ ਰਹਿੰਦੇ ਹਨ, ਫਿਰ ਵੀ ਉਨ੍ਹਾਂ ਦਾ ਦਿਮਾਗ ਇੰਨਾ ਛੋਟਾ ਹੁੁੰਦਾ ਹੈ। ਤੁਸੀਂ ਬੱਸ ਅੱਗੇ ਵਧੋ ਅਤੇ ਆਪਣੇ ਰੌਸ਼ਨ ਸੁਪਨਿਆਂ ਬਾਰੇ ਸੋਚੋ ਕਿ ਉਨ੍ਹਾਂ ਨੂੰ ਕਿਵੇਂ ਪੂਰਾ ਕਰਨਾ ਹੈ! ਜ਼ਿੰਦਗੀ ਇੱਕ ਵਿਅਕਤੀ ਦੇ ਚਲੇ ਜਾਣ ਜਾਂ ਬਦਲ ਜਾਣ ਨਾਲ ਨਹੀਂ ਰੁਕਦੀ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ, ਤਾਂ ਕੀ ਮੈਂ ਤੁਹਾਨੂੰ ਕੁਝ ਪੁੱਛ ਸਕਦਾ ਹਾਂ?”

ਅਵਨੀ ਨੇ ਕੁਝ ਪਲਾਂ ਲਈ ਨੀਰਜ ਵੱਲ ਇੱਕ ਸਥਿਰ ਨਜ਼ਰ ਨਾਲ ਦੇਖਿਆ ਅਤੇ ਫਿਰ ਕਿਹਾ, “ਹਾਂ, ਪੁੱਛੋ।” ਨੀਰਜ ਨੇ ਕੁਝ ਝਿਜਕਦੇ ਹੋਏ ਦੋਹਾਂ ਹੱਥਾਂ ਨੂੰ ਆਪਸ ਵਿੱਚ ਰਗੜਿਆ ਅਤੇ ਫਿਰ ਪੁੱਛਿਆ, “ਮੈਂ ਤੁਹਾਨੂੰ ਅਤੇ ਤੁਹਾਡੇ ਭਰਾ ਨੂੰ ਗੱਲਾਂ ਕਰਦੇ ਸੁਣਿਆ, ਜਦੋਂ ਤੁਸੀਂ ਸ਼ਾਇਦ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰ ਰਹੇ ਸੀ। ਮੈਂ ਸੁਣਿਆ ਕਿ ਸਾਰੇ ਤੁਹਾਨੂੰ ਰੁਕਣ ਬਾਰੇ ਕਹਿ ਰਹੇ ਸਨ, ਕੀ ਤੁਸੀਂ ਘਰ ਛੱਡ ਕੇ ਚੱਲੇ ਹੋ?”

ਅਵਨੀ ਦੀਆਂ ਅੱਖਾਂ ਵੀ ਨਮ ਹੋ ਗਈਆਂ ਅਤੇ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ, “ਮੈਂ ਘਰ ਛੱਡ ਕੇ ਨਹੀਂ ਜਾ ਰਹੀ, ਬਸ ਕੁਝ ਦਿਨਾਂ ਲਈ ਸਾਰਿਆਂ ਤੋਂ ਦੂਰ ਰਹਿਣਾ ਚਾਹੁੰਦੀ ਸੀ, ਇਸ ਲਈ ਮੈਂ ਆਪਣੀ ਉਸ ਮਾਂ ਕੋਲ ਜਾਣ ਬਾਰੇ ਸੋਚਿਆ ਜਿਸ ਕੋਲ ਸਾਰੀਆਂ ਸਮੱਸਿਆਵਾਂ ਅਤੇ ਸਾਰੀਆਂ ਰੁਕਾਵਟਾਂ ਦੇ ਹੱਲ ਹਨ।”

ਨੀਰਜ ਨੇ ਫਿਰ ਪੁੱਛਿਆ, “ਕੀ ਮਤਲਬ?” “ਮੈਂ ਵੈਸ਼ਨੋਦੇਵੀ ਜਾ ਰਹੀ ਹਾਂ। ਦਿੱਲੀ ਉੱਤਰਨ ਪਿੱਛੋਂ ਮੈਂ ਜੰਮੂ ਲਈ ਰਵਾਨਾ ਹੋਵਾਂਗੀ।” ਨੀਰਜ ਨੇ ਗ਼ੌਰ ਨਾਲ ਅਵਨੀ ਵੱਲ ਵੇਖਿਆ ਅਤੇ ਫਿਰ ਕਿਹਾ, “ਇੱਕ ਗੱਲ ਕਹਾਂ, ਬੁਰਾ ਨਾ ਮਨਾਉਣਾ। ਤੁਹਾਨੂੰ ਅਜਿਹੀ ਹਾਲਤ ਵਿੱਚ ਇਕੱਲਿਆਂ ਇੰਨੀ ਦੂਰ ਨਹੀਂ ਜਾਣਾ ਚਾਹੀਦਾ। ਅਤੇ ਉਹ ਵੀ ਉਦੋਂ ਜਦੋਂ ਤੁਹਾਡਾ ਪੂਰਾ ਪਰਿਵਾਰ ਤੁਹਾਡੇ ਲਈ ਪਰੇਸ਼ਾਨ ਹੈ! ਸ਼ਾਂਤੀ ਅਤੇ ਸਕੂਨ ਇਹ ਸਭ ਸਾਡੇ ਮਨ ਦੇ ਅੰਦਰ ਹੁੰਦਾ ਹੈ ਅਵਨੀ ਜੀ! ਜੇ ਤੁਹਾਡਾ ਮਨ ਹੀ ਸ਼ਾਂਤ ਨਹੀਂ ਤਾਂ ਬਾਹਰ ਕਿੰਨਾ ਵੀ ਲੱਭੋਗੇ, ਤੁਹਾਨੂੰ ਸ਼ਾਂਤੀ ਨਹੀਂ ਮਿਲੇਗੀ। ਆਪਣੇ ਮਨ ਨੂੰ ਜ਼ਰਾ ਮਜ਼ਬੂਤ ਕਰੋ, ਆਪਣੇ ਪਰਿਵਾਰ ਬਾਰੇ ਕੁਝ ਸੋਚੋ। ਬਸ ਇੱਕ ਵਾਰ ਆਪਣੀ ਮਾਂ, ਪਿਤਾ ਅਤੇ ਭਰਾ ਦੀ ਥਾਂ ਖੁਦ ਨੂੰ ਰੱਖ ਕੇ ਸੋਚੋ, ਕਿ ਜਦੋਂ ਤੱਕ ਤੁਸੀਂ ਉਨ੍ਹਾਂ ਦੇ ਸਾਹਮਣੇ ਵਾਪਸ ਨਹੀਂ ਆਓਗੇ, ਉਹ ਇੱਕ ਇੱਕ ਸਾਹ ਕਿਵੇਂ ਲੈਣਗੇ। ਤੁਸੀਂ ਖੁਦ ਦੱਸੋ ਕਿ ਤੁਹਾਨੂੰ ਉਨ੍ਹਾਂ ਤੋਂ ਦੂਰ ਹੋ ਕੇ ਕਿਹੋ ਜਿਹਾ ਲੱਗ ਰਿਹਾ ਹੈ, ਕੀ ਤੁਹਾਨੂੰ ਹੁਣ ਸਕੂਨ ਮਹਿਸੂਸ ਹੋ ਰਿਹਾ ਹੈ?”

ਅਵਨੀ ਨੇ ਇੱਕ ਡੂੰਘਾ ਸਾਹ ਲਿਆ ਅਤੇ ਫਿਰ ਉਦਾਸੀ ਵਿੱਚ ਕਿਹਾ, “ਨਹੀਂ, ਮੈਨੂੰ ਘਰ ਦੀ ਅਤੇ ਮਾਂ ਦੀ ਬਹੁਤ ਯਾਦ ਆ ਰਹੀ ਹੈ। ਮੈਨੂੰ ਹੁਣ ਪਹਿਲਾਂ ਨਾਲੋਂ ਵੀ ਵੱਧ ਅਸੁਰੱਖਿਆ ਮਹਿਸੂਸ ਹੋ ਰਹੀ ਹੈ। ਬੇਚੈਨੀ ਜਿਹੀ ਹੋ ਰਹੀ ਹੈ ਅਤੇ ਸਾਹ ਭਾਰੀ ਭਾਰੀ ਹੋ ਰਹੇ ਹਨ। ਪਤਾ ਨਹੀਂ ਇਹ ਕੈਸੀ ਉਲਝਣ ਹੈ ਜੋ ਸਾਥ ਹੀ ਨਹੀਂ ਛੱਡ ਰਹੀ, ਹਰ ਪਲ ਹੋਰ ਵਧੇਰੇ ਸੰਘਣੀ ਹੁੰਦੀ ਜਾ ਰਹੀ ਹੈ।ਪਰ ਹੁਣ ਜੇ ਮੈਂ ਇੰਨੀ ਦੂਰ ਆ ਹੀ ਗਈ ਹਾਂ ਤਾਂ ਘਰ ਕਿਵੇਂ ਪਰਤਾਂ? ਇਹ ਇੱਕ ਧਾਰਮਿਕ ਯਾਤਰਾ ਹੈ, ਇਹਨੂੰ ਵਿਚਾਲੇ ਕਿਵੇਂ ਛੱਡ ਦਿਆਂ?”

ਨੀਰਜ ਨੇ ਇੱਕ ਹਲਕੀ ਮੁਸਕਰਾਹਟ ਨਾਲ ਕਿਹਾ, “ਜਦੋਂ ਤੁਸੀਂ ਠੀਕ ਹੋ ਜਾਓ, ਪੂਰੀ ਤਰ੍ਹਾਂ। ਅਤੇ ਸਾਰੇ ਘਰ ਵਾਲੇ ਵੀ ਨਿਸ਼ਚਿੰਤ ਹੋ ਜਾਣ ਤਾਂ ਤੁਸੀਂ ਮਾਤਾ ਦੇ ਦਰਬਾਰ ਦੀ ਹਾਜ਼ਰੀ ਭਰੋ। ਮੈਂ ਤਾਂ ਕਹਾਂਗਾ ਕਿ ਤੁਹਾਨੂੰ ਪੂਰੇ ਪਰਿਵਾਰ ਨਾਲ ਮਾਤਾ ਦੇ ਦਰਸ਼ਨ ਕਰਨੇ ਚਾਹੀਦੇ ਹਨ। ਤੁਸੀਂ ਘਰੋਂ ਰੋਂਦੇ ਹੋਏ ਨਿਕਲੇ ਹੋ, ਮਾਤਾ ਦੇ ਦਰਸ਼ਨ ਕਰਨ, ਉਹ ਵੀ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਰੁਆ ਕੇ।”

ਨੀਰਜ ਨੂੰ ਅਚਾਨਕ ਮਹਿਸੂਸ ਹੋਇਆ ਜਿਵੇਂ ਉਸਨੇ ਅਵਨੀ ਨੂੰ ਬਹੁਤ ਕੁਝ ਕਹਿ ਦਿੱਤਾ ਹੋਵੇ ਜੋ ਪਹਿਲਾਂ ਹੀ ਉਦਾਸ ਅਤੇ ਪਰੇਸ਼ਾਨ ਸੀ। ਅਵਨੀ ਫਿਰ ਚੁੱਪ ਹੋ ਗਈ ਸੀ, ਅਤੇ ਜਦੋਂ ਵੀ ਨੀਰਜ ਉਸਨੂੰ ਕੋਈ ਗੱਲ ਪੁੱਛਦਾ ਸੀ, ਤਾਂ ਉਹ ‘ਹਾਂ’ ਅਤੇ ‘ਨਹੀਂ’ ਵਿੱਚ ਹੀ ਜਵਾਬ ਦਿੰਦੀ ਰਹੀ। ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਤੋਂ ਬਾਅਦ ਨੀਰਜ ਨੇ ਵੀ ਖੁਦ ਨੂੰ ਆਪਣੇ ਆਪ ਵਿੱਚ ਸਮੇਟ ਲਿਆ। ਚਲਦੀ ਰੇਲਗੱਡੀ ਦੀ ਰਫ਼ਤਾਰ ਵਿੱਚ ਸ਼ਾਮ ਰਾਤ ਵਿੱਚ ਬਦਲ ਗਈ ਅਤੇ ਅਵਨੀ ਦੀ ਉਦਾਸੀ ਅਤੇ ਉਸਦੇ ਕਦੇ-ਕਦੇ ਹੰਝੂਆਂ ਨੂੰ ਵੇਖਦੇ ਹੋਏ ਨੀਰਜ ਦੀਆਂ ਅੱਖਾਂ ਨੀਂਦ ਦੀ ਚਾਦਰ ਵਿੱਚ ਬੰਦ ਹੋ ਗਈਆਂ।

ਸਵੇਰੇ ਜਦੋਂ ਸੂਰਜ ਦੀਆਂ ਕਿਰਨਾਂ ਰੇਲਗੱਡੀ ਦੀ ਖਿੜਕੀ ਰਾਹੀਂ ਨੀਰਜ ਦੇ ਚਿਹਰੇ ਨੂੰ ਛੂਹੀਆਂ, ਤਾਂ ਉਹ ਆਪਣੀਆਂ ਅੱਖਾਂ ਮਲਦਾ ਹੋਇਆ ਉੱਠ ਬੈਠਾ। ਉਸਨੇ ਆਪਣੇ ਸਾਹਮਣੇ ਵਾਲੀ ਸੀਟ ਵੱਲ ਦੇਖਿਆ ਜਿੱਥੇ ਅਵਨੀ ਅਜੇ ਵੀ ਬਿਲਕੁਲ ਉਸੇ ਤਰ੍ਹਾਂ ਬੈਠੀ ਸੀ ਜਿਵੇਂ ਉਸਨੇ ਉਸਨੂੰ ਸੌਂਦੇ ਸਮੇਂ ਦੇਖਿਆ ਸੀ। ਉਸਨੇ ਅੰਗੜਾਈ ਲੈਂਦੇ ਹੋਏ ਅਵਨੀ ਨੂੰ ਗੁਡ ਮੌਰਨਿੰਗ ਕਿਹਾ, ਅਤੇ ਉਸਨੇ ਮੁਸਕਰਾਹਟ ਨਾਲ ਉਸਦਾ ਜਵਾਬ ਦਿੱਤਾ। ਰੇਲਗੱਡੀ ਦਿੱਲੀ ਦੀ ਸਰਹੱਦ ਵਿੱਚ ਦਾਖਲ ਹੋ ਗਈ ਸੀ ਅਤੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਕੁਝ ਮਿੰਟਾਂ ਦੀ ਦੂਰੀ ‘ਤੇ ਸੀ, ਜੋ ਕਿ ਨੀਰਜ ਅਤੇ ਅਵਨੀ ਦੋਵਾਂ ਦੀ ਆਖਰੀ ਮੰਜ਼ਿਲ ਸੀ। ਜਲਦੀ ਹੀ ਰੇਲਗੱਡੀ ਆਪਣੀ ਮੰਜ਼ਿਲ ‘ਤੇ ਪਹੁੰਚ ਗਈ ਅਤੇ ਆਪਣੇ ਨਿਰਧਾਰਤ ਪਲੇਟਫਾਰਮ ‘ਤੇ ਰੁਕ ਗਈ। ਨੀਰਜ ਨੇ ਆਪਣਾ ਸਾਮਾਨ ਤਾਂ ਚੁੱਕਿਆ ਹੀ, ਸਗੋਂ ਜ਼ਿਦ ਕਰਕੇ ਅਵਨੀ ਦੀ ਟਰਾਲੀ ਵੀ ਫੜ ਲਈ ਅਤੇ ਕਿਹਾ ਕਿ ਆਓ, ਮੈਂ ਤੁਹਾਨੂੰ ਬਾਹਰ ਤੱਕ ਛੱਡ ਦਿੰਦਾ ਹਾਂ।

ਜਿਵੇਂ ਹੀ ਉਹ ਸਟੇਸ਼ਨ ਦੇ ਬਾਹਰ ਪਹੁੰਚੇ, ਟੈਕਸੀ ਅਤੇ ਆਟੋ ਚਾਲਕਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪੁੱਛਣ ਲੱਗੇ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ। ਨੀਰਜ ਨੇ ਅਵਨੀ ਵੱਲ ਦੇਖਿਆ ਅਤੇ ਪੁੱਛਿਆ, “ਤੁਸੀਂ ਹੁਣ ਕਿੱਥੇ ਰੁਕੋਗੇ?”

ਅਵਨੀ ਨੇ ਨੀਰਜ ਦੇ ਹੱਥੋਂ ਆਪਣੀ ਟਰਾਲੀ ਲੈਂਦੇ ਹੋਏ ਕਿਹਾ, “ਮੈਂ ਵੀਰੇ ਨਾਲ ਤੁਹਾਡੇ ਸੌਣ ਤੋਂ ਬਾਅਦ ਗੱਲ ਕੀਤੀ ਸੀ। ਉਂਜ ਤਾਂ ਮੇਰੀ ਦਿੱਲੀ ਤੋਂ ਜੰਮੂ ਲਈ ਫਲਾਈਟ ਸੀ, ਪਰ ਉਹਨੂੰ ਕੈਂਸਲ ਕਰਕੇ ਉਨ੍ਹਾਂ ਨੇ ਦਿੱਲੀ ਤੋਂ ਗੋਰਖਪੁਰ ਲਈ ਦੁਪਹਿਰ ਦੀ ਫਲਾਈਟ ਬੁੱਕ ਕਰ ਦਿੱਤੀ ਹੈ। ਮੈਂ ਘਰ ਵਾਪਸ ਜਾ ਰਹੀ ਹਾਂ। ਤਾਂ ਕੀ ਤੁਸੀਂ ਮੇਰੇ ਲਈ ਏਅਰਪੋਰਟ ਦੀ ਟੈਕਸੀ ਬੁੱਕ ਕਰ ਦਿਓਗੇ? ਮੇਰੇ ਫੋਨ ‘ਤੇ ਟੈਕਸੀ ਐਪਸ ਨਹੀਂ ਹਨ ਅਤੇ ਮੈਂ ਅੱਜ ਤੱਕ ਇਹ ਸਭ ਕਦੇ ਨਹੀਂ ਕੀਤਾ।”

“ਤਾਂ ਤੁਸੀਂ ਹੁਣ ਜੰਮੂ ਨਹੀਂ ਜਾਓਗੇ?”

“ਜਾਵਾਂਗੀ, ਪਰ ਇਕੱਲੀ ਨਹੀਂ, ਪੂਰੇ ਪਰਿਵਾਰ ਨਾਲ।”

ਨੀਰਜ ਦੇ ਚਿਹਰੇ ‘ਤੇ ਮੁਸਕਰਾਹਟ ਆ ਗਈ ਅਤੇ ਉਸਨੇ ਖੁਸ਼ੀ ਨਾਲ ਅਵਨੀ ਲਈ ਟੈਕਸੀ ਬੁੱਕ ਕੀਤੀ। ਟੈਕਸੀ ਆਉਣ ਤੋਂ ਬਾਅਦ ਜਦੋਂ ਡਰਾਈਵਰ ਨੇ ਬੈਠਣ ਤੋਂ ਪਹਿਲਾਂ ਅਵਨੀ ਦੀ ਟਰਾਲੀ ਡਿੱਕੀ ਵਿੱਚ ਰੱਖੀ, ਤਾਂ ਅਵਨੀ ਨੇ ਨੀਰਜ ਨੂੰ ਕਿਹਾ, “ਥੈਂਕਯੂ ਨੀਰਜ ਜੀ। ਸ਼ਾਇਦ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇਸ ਤਰ੍ਹਾਂ ਸੋਚ ਵੀ ਨਾ ਸਕਦੀ। ਤੁਸੀਂ ਸੱਚ ਕਿਹਾ ਸੀ ਕਿ ਕਈ ਵਾਰ ਅਜਨਬੀਆਂ ਨਾਲ ਗੱਲ ਕਰਨਾ ਆਪਣੇ ਅਜ਼ੀਜ਼ਾਂ ਨਾਲ ਗੱਲ ਕਰਨ ਨਾਲੋਂ ਸੌਖਾ ਹੁੰਦਾ ਹੈ। ਅਤੇ ਉਨ੍ਹਾਂ ਦੀਆਂ ਗੱਲਾਂ ਕਈ ਵਾਰ ਸਾਡੇ ਅਜ਼ੀਜ਼ਾਂ ਨਾਲੋਂ ਜ਼ਿਆਦਾ ਅਸਰ ਕਰਦੀਆਂ ਹਨ। ਇਸ ਲਈ ਤੁਹਾਡੇ ਵੱਲੋਂ ਕੀਤੀ ਗਈ ਸਾਰੀ ਮਦਦ ਲਈ ਧੰਨਵਾਦ।”

ਨੀਰਜ ਨੇ ਮੁਸਕਰਾਉਂਦੇ ਹੋਏ ਕਿਹਾ, “ਸਿਰਫ਼ ਇੱਕ ਇਨਸਾਨ ਹੀ ਦੂਜੇ ਇਨਸਾਨ ਦੇ ਕੰਮ ਆਉਂਦਾ ਹੈ। ਹੁਣ ਤੁਸੀਂ ਖੁਸ਼ੀ-ਖੁਸ਼ੀ ਘਰ ਜਾਓ ਅਤੇ ਆਪਣੀਆਂ ਸਾਰੀਆਂ ਚਿੰਤਾਵਾਂ ਛੱਡ ਦਿਓ। ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਉਸ ਅਭੈ ਨਾਲੋਂ ਵਧੀਆ ਇਨਸਾਨ ਮਿਲੇਗਾ ਜੋ ਤੁਹਾਡੇ ਮਹੱਤਵ ਨੂੰ ਸਮਝੇਗਾ ਅਤੇ ਤੁਹਾਨੂੰ ਹਮੇਸ਼ਾ ਖੁਸ਼ ਰੱਖੇਗਾ।”

ਅਵਨੀ ਨੇ ਨੀਰਜ ਵੱਲ ਧਿਆਨ ਨਾਲ ਦੇਖਿਆ ਅਤੇ ਫਿਰ ਕਿਹਾ, “ਨੀਰਜ ਜੀ, ਤੁਸੀਂ ਬਹੁਤ ਚੰਗੇ ਇਨਸਾਨ ਹੋ, ਪਰ ਮੈਂ ਤੁਹਾਨੂੰ ਇੱਕ ਸਲਾਹ ਦਿੰਦੀ ਹਾਂ। ਤੁਹਾਡੇ ਵਿੱਚ ਸਬਰ ਅਤੇ ਸਹਿਣਸ਼ੀਲਤਾ ਦੀ ਘਾਟ ਹੈ। ਤੁਸੀਂ ਗੱਲਾਂ ਦੇ ਵਹਾਅ ਵਿੱਚ ਇਸ ਤਰ੍ਹਾਂ ਵਹਿ ਜਾਂਦੇ ਹੋ ਕਿ ਤੁਸੀਂ ਦੂਜੇ ਵਿਅਕਤੀ ਦੀ ਪੂਰੀ ਗੱਲ ਨਹੀਂ ਸੁਣਦੇ ਅਤੇ ਨਾ ਹੀ ਤੁਸੀਂ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੰਦੇ ਹੋ। ਮੈਂ ਤੁਹਾਡੀ ਧੰਨਵਾਦੀ ਹਾਂ ਕਿ ਤੁਸੀਂ ਮੇਰੀ ਮਦਦ ਕੀਤੀ ਅਤੇ ਮੇਰੀ ਸੋਚ ਨੂੰ ਦਿਸ਼ਾ ਦਿੱਤੀ ਪਰ ਤੁਸੀਂ ਅਭੈ ਬਾਰੇ ਗਲਤ ਹੋ। ਅਭੈ ਨੇ ਮੈਨੂੰ ਨਹੀਂ ਛੱਡਿਆ, ਅਸੀਂ ਬਚਪਨ ਦੇ ਦੋਸਤ ਸੀ, ਅਤੇ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਿੱਚ ਸੀ। ਅਸੀਂ ਪਿਛਲੇ ਸਾਲ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਮੰਗਣੀ ਕਰ ਲਈ। ਅਤੇ ਕੁਝ ਮਹੀਨਿਆਂ ਬਾਅਦ ਪਤਾ ਲੱਗਾ ਕਿ ਉਸਨੂੰ ਬਲੱਡ ਕੈਂਸਰ ਹੈ। ਅਸੀਂ ਅਤੇ ਸਾਡੇ ਪਰਿਵਾਰਾਂ ਨੇ ਮਿਲ ਕੇ ਇੱਕ ਲੰਬੀ ਲੜਾਈ ਲੜੀ, ਪਰ ਅਸੀਂ ਅਭੈ ਦੀ ਇਸ ਘਾਤਕ ਬਿਮਾਰੀ ਤੋਂ ਹਾਰ ਗਏ। ਅਭੈ ਨੇ ਆਪਣਾ ਆਖਰੀ ਸਾਹ ਮੇਰੇ ਹੱਥਾਂ ਵਿੱਚ ਲਿਆ। ਧੋਖਾ ਅਭੈ ਨੇ ਨਹੀਂ, ਸਾਡੀ ਕਿਸਮਤ ਨੇ ਦਿੱਤਾ ਹੈ। ਹਾਂ, ਮੈਂ ਇਸ ਪਰੇਸ਼ਾਨੀ ਅਤੇ ਪੀੜਾ ਤੋਂ ਇੰਨੀ ਸਵਾਰਥੀ ਹੋ ਗਈ ਕਿ ਮੈਂ ਆਪਣੇ ਅਜ਼ੀਜ਼ਾਂ ਦੇ ਦੁੱਖ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਪਰ ਤੁਹਾਡੇ ਕਾਰਨ ਮੈਂ ਇੱਕ ਵਾਰ ਫਿਰ ਖੁੱਲ੍ਹ ਕੇ ਸੋਚਣ ਦੇ ਯੋਗ ਹੋ ਗਈ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।”

ਇਹ ਕਹਿਣ ਤੋਂ ਬਾਅਦ ਅਵਨੀ ਟੈਕਸੀ ਵਿੱਚ ਬੈਠੀ ਅਤੇ ਹੰਝੂਆਂ ਭਰੀਆਂ ਅੱਖਾਂ ਨਾਲ ਉਸਨੇ ਨੀਰਜ ਨੂੰ ਅਲਵਿਦਾ ਕਿਹਾ, ਤਾਂ ਨੀਰਜ ਉਸਨੂੰ ਵਿਦਾ ਕਰਨ ਲਈ ਸਿਰਫ਼ ਆਪਣਾ ਹੱਥ ਹੀ ਹਿਲਾ ਸਕਿਆ। ਇਸ ਵਾਰ ਨੀਰਜ ਦੇ ਸ਼ਬਦ ਖਾਮੋਸ਼ ਹੋ ਗਏ ਅਤੇ ਉਸਦੇ ਮਨ ਵਿੱਚ ਸੰਵੇਦਨਾਵਾਂ ਦੀ ਇੱਕ ਹਨੇਰੀ  ਚੱਲਣ ਲੱਗ ਪਈ।

ਤਿੰਨ ਸਾਲ ਬਾਅਦ, ਜਦੋਂ ਨੀਰਜ ਸ਼ਨੀਵਾਰ ਨੂੰ ਆਪਣੇ ਕੰਮ ਤੋਂ ਥੱਕਿਆ ਹੋਇਆ ਘਰ ਪਹੁੰਚਿਆ, ਤਾਂ ਉਹ ਬਹੁਤ ਪਰੇਸ਼ਾਨ ਸੀ। ਕਿਉਂਕਿ ਉਸਨੂੰ ਆਪਣਾ ਛੋਟਾ ਭਰਾ ਸੰਜੇ ਘਰ ਨਹੀਂ ਮਿਲਿਆ। ਉਸਨੇ ਸੰਜੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਲੈ ਲਈਆਂ ਸਨ ਅਤੇ ਉਹ ਚਾਹੁੰਦਾ ਸੀ ਕਿ ਸੰਜੇ ਉਸਦੇ ਅਧੂਰੇ ਸੁਪਨੇ ਨੂੰ ਪੂਰਾ ਕਰੇ ਅਤੇ ਕਿਸੇ ਪ੍ਰਸ਼ਾਸਕੀ ਅਹੁਦੇ ‘ਤੇ ਤਾਇਨਾਤ ਹੋਵੇ। ਕਿਉਂਕਿ ਨੀਰਜ ਨੇ ਇੱਕ ਚਾਰਟਰਡ ਅਕਾਊਂਟੈਂਟ ਵਜੋਂ ਆਪਣਾ ਚੰਗਾ ਨਾਮ ਬਣਾਇਆ ਸੀ ਅਤੇ ਉਹ ਆਰਥਿਕ ਤੌਰ ‘ਤੇ ਵੀ ਮਜ਼ਬੂਤ ​​ਹੋ ਗਿਆ ਸੀ, ਫਿਰ ਵੀ ਉਸਨੇ ਸਰਕਾਰੀ ਸੇਵਾ ਨੂੰ ਵਧੇਰੇ ਮਹੱਤਵ ਦਿੱਤਾ।

ਨੀਰਜ ਸੋਫੇ ‘ਤੇ ਬੈਠਾ ਚਾਹ ਦਾ ਕੱਪ ਫੜੀ ਆਪਣੀ ਘੜੀ ਵੱਲ ਵਾਰ-ਵਾਰ ਦੇਖ ਰਿਹਾ ਸੀ ਕਿ ਸੰਜੇ ਅਜੇ ਤੱਕ ਕਿਉਂ ਨਹੀਂ ਆਇਆ। ਉਸਨੇ ਆਪਣੀ ਚਾਹ ਖਤਮ ਕਰਕੇ ਕੱਪ ਮੇਜ਼ ‘ਤੇ ਰੱਖਿਆ ਹੀ ਸੀ ਕਿ ਸੰਜੇ ਬਾਹਰੀ ਦਰਵਾਜ਼ੇ ਤੋਂ ਗੁਣਗੁਣਾਉਂਦਾ ਹੋਇਆ ਕਮਰੇ ਵਿੱਚ ਆਇਆ। ਸੰਜੇ ਵੱਲ ਵੇਖੇ ਬਿਨਾਂ ਨੀਰਜ ਨੇ ਗਰਜਦੀ ਆਵਾਜ਼ ਵਿੱਚ ਕਿਹਾ, “ਜੇ ਤੂੰ ਇਸੇ ਤਰ੍ਹਾਂ ਘੁੰਮਦਾ ਰਿਹਾ, ਤਾਂ ਤੂੰ ਬਣ ਗਿਆ ਕੁਲੈਕਟਰ! ਅਜਿਹੀ ਸਥਿਤੀ ਵਿੱਚ ਤਾਂ ਤੂੰ ਕੰਡਕਟਰ ਵੀ ਨਹੀਂ ਬਣ ਸਕੇਂਗਾ।”

ਸੰਜੇ ਨੇ ਮੂੰਹ ਬਣਾਇਆ ਅਤੇ ਕਿਹਾ, “ਵੀਰੇ, ਤੁਸੀਂ ਕਿਹੋ ਜਿਹੀਆਂ ਊਲ-ਜਲੂਲ ਗੱਲਾਂ ਕਰਦੇ ਰਹਿੰਦੇ ਹੋ? ਮੈਂ ਤਾਂ ਸਾਰਾ ਦਿਨ ਹੀ ਪੜ੍ਹ ਰਿਹਾ ਸੀ। ਦੇਖੋ ਮੈਂ ਇਹ ਮੈਗਜ਼ੀਨ ਲੈਣ ਗਿਆ ਸੀ। ਤੁਸੀਂ ਕੁਝ ਵੀ ਬੋਲਦੇ ਰਹਿੰਦੇ ਹੋ, ਬੋਲਣ ਤੋਂ ਪਹਿਲਾਂ ਜ਼ਰਾ ਸੋਚ ਲਿਆ ਕਰੋ। ਵੱਡਿਆਂ ਦੀਆਂ ਗੱਲਾਂ ਲੱਗ ਜਾਂਦੀਆਂ ਹਨ ਛੋਟਿਆਂ ਨੂੰ।”

ਇਹ ਕਹਿ ਕੇ ਸੰਜੇ ਨੇ ਨੀਰਜ ਦੇ ਸਾਹਮਣੇ ਮੇਜ਼ ‘ਤੇ ਸਾਰੇ ਮੈਗਜ਼ੀਨ ਅਤੇ ਖਰੀਦੀਆਂ ਹੋਈਆਂ ਕਿਤਾਬਾਂ ਖਿੰਡਾ ਦਿੱਤੀਆਂ। ਨੀਰਜ ਨੇ ਸੰਜੇ ਵੱਲ ਗੁੱਸੇ ਨਾਲ ਨਜ਼ਰ ਮਾਰੀ ਅਤੇ ਫਿਰ ਉਨ੍ਹਾਂ ਮੈਗਜ਼ੀਨਾਂ ਦੇ ਪੰਨੇ ਪਲਟਣ ਲੱਗ ਪਿਆ। ਅਚਾਨਕ, ਉਸਨੂੰ ‘ਪ੍ਰਤਿਯੋਗਿਤਾ ਦਰਪਣ’ ਰਸਾਲੇ ਦੇ ਇੱਕ ਪੰਨੇ ‘ਤੇ ਇੱਕ ਜਾਣਿਆ-ਪਛਾਣਿਆ ਨਾਮ ਅਤੇ ਤਸਵੀਰ ਦਿਖਾਈ ਦਿੱਤੀ। ਉਸਨੇ ਇੱਕ ਵਾਰ ਫਿਰ ਰਸਾਲੇ ਨੂੰ ਪਲਟਿਆ ਅਤੇ ਇੱਕ ਤਸਵੀਰ ਦੇਖ ਕੇ ਹੈਰਾਨ ਰਹਿ ਗਿਆ। ਇੱਕ ਪ੍ਰੇਰਨਾਦਾਇਕ ਲੇਖ ਦੇ ਹੇਠਾਂ ਅਵਨੀ ਦੀ ਤਸਵੀਰ ਅਤੇ ਉਸਦਾ ਨਾਮ ਲਿਖਿਆ ਹੋਇਆ ਸੀ। ਇਹ ਵੀ ਲਿਖਿਆ ਸੀ ਕਿ ਉਹ ਮਹਾਰਾਸ਼ਟਰ ਦੇ ਇਗਤਪੁਰੀ ਦੀ ਮੌਜੂਦਾ ਕੁਲੈਕਟਰ ਸੀ। ਨੀਰਜ ਇੱਕ ਪਲ ਲਈ ਹੈਰਾਨ ਰਹਿ ਗਿਆ। ਕਿੱਥੇ ਉਹ ਸਹਿਮੀ ਹੋਈ, ਹੰਝੂਆਂ ਵਿੱਚ ਡੁੱਬੀ ਹੋਈ ਅਵਨੀ ਸੀ ਅਤੇ ਕਿੱਥੇ ਇਸ ਤਸਵੀਰ ਵਿੱਚ ਆਤਮਵਿਸ਼ਵਾਸ ਦੇ ਰੰਗਾਂ ਵਿੱਚ ਰੰਗੀ ਹੋਈ ਅਵਨੀ ਸੀ। ਇੱਕੋ ਸ਼ਖਸੀਅਤ ਦੇ ਦੋ ਵੱਖ-ਵੱਖ ਰੂਪ। ਸ਼ਾਇਦ ਇਸੇ ਨੂੰ ਸਮੇਂ ਦੀ ਧਰਾਤਲ ‘ਤੇ ਲਏ ਗਏ ਟੈਸਟ ਕਿਹਾ ਜਾਂਦਾ ਹੈ, ਜੋ ਮਨੁੱਖੀ ਸੋਚ ਤੋਂ ਪਰੇ ਹਨ ਅਤੇ ਹੈਰਾਨੀ ਨਾਲ ਭਰੇ ਹੋਏ ਹਨ। ਨੀਰਜ ਦੇ ਬੁੱਲ੍ਹਾਂ ‘ਤੇ ਮੁਸਕਰਾਹਟ ਫੈਲ ਗਈ ਅਤੇ ਮੈਗਜ਼ੀਨ ਨੂੰ ਉੱਥੇ ਰੱਖਣ ਤੋਂ ਬਾਅਦ ਉਹ ਦੁਬਾਰਾ ਆਪਣੇ ਭਰਾ ਨੂੰ ਸਮਝਾਉਣ ਉਸਦੇ ਕਮਰੇ ਵੱਲ ਚਲਾ ਗਿਆ।
***
* ਮੂਲ : ਮਨੀਸ਼ਾ ਮੰਜਰੀ, ਦਰਭੰਗਾ-846004 (ਬਿਹਾਰ)   (7903666277)
***
* ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.  (9417692015)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1571
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਨੀਸ਼ਾ ਮੰਜਰੀ
(Author, Poetess, Traveller & A Person With Heart And Soul.)


ਦਰਭੰਗਾ-846004

ਬਿਹਾਰ
+91 7903666277
**
Author of:
* अर्धविराम
* अधूरी दस्तक "कविता संग्रह"
* Frozen In Time 'A Cursed Love Story'
* वियोग "काव्य-संग्रह"
*Midnight Serenade
* यथार्थ
* गूंज "काव्य-संग्रह"
*फ़ितरत
 * निः शब्द
* यादों की आहटें

ਮਨੀਸ਼ਾ ਮੰਜਰੀ

ਮਨੀਸ਼ਾ ਮੰਜਰੀ (Author, Poetess, Traveller & A Person With Heart And Soul.) ਦਰਭੰਗਾ-846004 ਬਿਹਾਰ +91 7903666277 ** Author of: * अर्धविराम * अधूरी दस्तक "कविता संग्रह" * Frozen In Time 'A Cursed Love Story' * वियोग "काव्य-संग्रह" * Midnight Serenade * यथार्थ * गूंज "काव्य-संग्रह" * फ़ितरत  * निः शब्द * यादों की आहटें

View all posts by ਮਨੀਸ਼ਾ ਮੰਜਰੀ →