ਉਦਾਸ ਤੇ ਥੱਕਿਆ ਜਿਹਾ ਉਹ ਜਦੋਂ ਹਸਪਤਾਲ ‘ਚੋਂ ਬਾਹਰ ਆਇਆ ਤਾਂ ਢਾਈ ਵਜ ਰਹੇ ਸਨ। ਇਕ ਕੱਪ ਚਾਹ ਪੀ ਕੇ ਸਵੇਰੇ ਅੱਠ ਵਜੇ ਉਹ ਘਰੋਂ ਨਿਕਲਿਆ ਸੀ। ਉਸ ਨੇ ਸੋਚਿਆ ਸੀ ਕਿ ਉਹ ਨੌਂ ਵਜੇ ਹਸਪਤਾਲ ਪਹੁੰਚ ਜਾਏਗਾ, ਤੇ ਗਿਆਰਾਂ ਸਾਢੇ ਗਿਆਰਾਂ ਵਾਪਸ ਮੁੜ ਆਏਗਾ। ਪਰ ਡਾਕਟਰ ਨੇ ਉਸ ਨੂੰ ਸਕੈਨ ਕਰਵਾਉਣ ਲਈ ਕਹਿ ਦਿੱਤਾ ਸੀ। ਭੁੱਖ ਨਾਲ ਉਸ ਦੀਆਂ ਆਂਦਰਾਂ ਕੱਠੀਆਂ ਹੋ ਰਹੀਆਂ ਸਨ। ਹੋਟਲ ਦਾ ਮਸਾਲੇਦਾਰ ਖਾਣਾਂ ਉਹ ਖਾ ਨਹੀਂ ਸੀ ਸਕਦਾ। ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਦਾ ਹੋਇਆ ਉਹ ਸਕੂਟਰ ਚੁੱਕ ਵਾਪਸ ਤੁਰ ਪਿਆ। ਅਜੇ ਉਹ ਸੋਚ ਹੀ ਰਿਹਾ ਸੀ ਕਿ ਸੜਕ ਕਿਨਾਰੇ ਕਿਸੇ ਢਾਬੇ ਤੋਂ ਦਹੀਂ ਚੌਲ ਖਾ ਲਵੇ ਕਿ ਸਾਹਮਣੇ ਹੀ ਸੜਕ ਮੁੰਢ ਬਣੇ ਧਾਰਮਿਕ ਅਸਥਾਨ ਸਾਹਮਣੇ ਨਿਸ਼ਾਨ ਸਾਹਿਬ ਫੜੀ ਖੜਾ ਸੇਵਾਦਾਰ, ਉਸ ਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਸੀ। “ਲੰਗਰ ਛਕ ਕੇ ਜਾਣਾਂ ਖਾਲਸਾ ਜੀ।” ਗੋਡਿਆਂ ਦੀ ਤਕਲੀਫ ਕਾਰਨ, ਉਸ ਤੋਂ ਜ਼ਮੀਨ ਤੇ ਬੈਠਿਆ ਨਹੀਂ ਸੀ ਜਾਂਦਾ। ਫਿਰ ਵੀ ਸਕੂਟਰ ਖੜਾ ਕਰ ਕੇ ਉਹ ਅੰਦਰ ਚਲਾ ਗਿਆ। ਉਹ ਬੈਠਣ ਲਈ ਥਾਂ ਦੇਖ ਹੀ ਰਿਹਾ ਸੀ ਕਿ ਕਿਸੇ ਨੇ ਉਸ ਦਾ ਨਾਂ ਲੈ ਕੇ ਉਸਨੂੰ ਅਵਾਜ ਦਿੱਤੀ: “ਐਧਰ ਆ ਜਾ ਕੇਵਲ ਸਿਆਂ, ਹੇਠਾਂ ਬਹਿ ਨਹੀਂ ਹੋਣਾਂ ਤੇਰੇ ਤੋਂ।” ਉਸ ਨੇ ਹੈਰਾਨੀ ਜਹੀ ਨਾਲ ਨਜ਼ਰਾਂ ਘੁਮਾਂ ਕੇ ਦੇਖਿਆ ਤਾਂ ਲੰਗਰ ਹਾਲ ਦੇ ਇਕ ਪਾਸੇ, ਕੰਧ ਨਾਲ ਢੋਅ ਲਾਈ, ਲੰਬੇ ਜਿਹੇ ਬੈਂਚ ਤੇ ਬੈਠਾ ਇਕ ਬਜੁਰਗ ਉਸ ਨੂੰ ਬੁਲਾ ਰਿਹਾ ਸੀ। ਚਿੱਟੇ ਕੱਪੜੇ, ਚਿੱਟੀ ਦਾੜ੍ਹੀ ਤੇ ਚਿੱਟੀ ਪੱਗ। ਸਾਇਦ ਇੱਥੇ ਦਾ ਮੁਖੀ ਹੋਏਗਾ ਇਹ, ਉਹ ਸੋਚ ਰਿਹਾ ਸੀ, ਪਰ ਇਹ ਮੇਰਾ ਨਾਂ ਕਿੱਦਾਂ ਜਾਣਦਾ? ਉਹ ਹੈਰਾਨ ਸੀ। “ਐਥੇ ਆ ਜਾ।” ਉਸ ਨੇ ਬੈਂਚ ਵਲ ਇਸ਼ਾਰਾ ਕਰਦਿਆਂ ਕਿਹਾ। ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦਾ ਕੇਵਲ ਸਿੰਘ ਬੈਂਚ ਤੇ ਬਹਿ ਗਿਆ। ਇਕ ਸੇਵਾਦਾਰ ਨੂੰ, ਇਸ਼ਾਰੇ ਨਾਲ ਪ੍ਰਸ਼ਾਦਾ ਲਿਆਉਣ ਲਈ ਕਹਿ ਕੇ ਉਸ ਨੇ ਕੇਵਲ ਸਿੰਘ ਨੂੰ ਪੁੱਛਿਆ, “ਪਹਿਚਾਣਿਆਂ?” “ਬਹੁਤ ਵਧੀਆ ਚੱਲ ਰਹੀ ਆ, ਸੱਭ ਸੈਟ ਆ ਆਪਣੀ ਆਪਣੀ ਥਾਂ, ਮਜ਼ੇ ਕਰ ਰਹੇ ਆ।” “ਤੇਰਾ ਚੇਹਰਾ ਤਾਂ ਕੁੱਝ ਹੋਰ ਹੀ ਦੱਸ ਰਿਹਾ ਕੇਵਲ ਸਿਆਂ,” ਬਾਬੇ ਨੇ ਕੇਵਲ ਦੇ ਮੂੰਹ ਵਲ ਦੇਖਦਿਆਂ ਕਿਹਾ: “ਲਗਦਾ ਕਿ ਅਜੇ ਵੀ ਤੂੰ ਪਹਿਚਾਣਿਆਂ ਨਹੀ ਮੈਨੂੰ। ਮੈ ਅਵਤਾਰ ਸਿੰਘ ਕਲੇਰਾਂ ਵਾਲਾ।” “ਉਹ ਅਵਤਾਰਿਆ ਤੂੰ?” ਹੈਰਾਨੀ ਨਾਲ ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। “ਪ੍ਰਸਾਦਾ ਛਕ ਲੈ, ਅੰਦਰ ਬਹਿ ਕੇ ਗੱਲ ਕਰਦੇ ਆਂ।” “ਸਦਾ ਹੱਸਦੇ ਮੁਸਕਰਾਉਦੇ ਰਹਿਣ ਵਾਲੇ ਤੇਰੇ ਚੇਹਰੇ ‘ਤੇ ਇੰਨੀ ਉਦਾਸੀ ਤੇ ਬੇਵਸੀ ਕਿਉਂ ਭਰੀ ਆ?” ਕਮਰੇ ‘ਚ ਵੜਦਿਆਂ ਹੀ ਅਵਤਾਰ ਸਿੰਘ ਨੇ ਫਿਰ ਪੁਛਿਆ, “ਕੋਈ ਪਰਿਵਾਰਿਕ ਕਲੇਸ਼, ਕੋਈ ਤੰਗੀ?” “ਕੋਈ ਤੰਗੀ ਨਹੀ ਆ ਅਵਤਾਰ, ਕ੍ਰਿਪਾ ਵਾਹਿਗੁਰੂ ਦੀ। ਕਲੇਸ? ਕਲੇਸ਼ ਕਿਹਦੇ ਨਾਲ ਪੈਣਾਂ।” ਕੇਵਲ ਸਿੰਘ ਨੇ ਠੰਡੀ ਆਹ ਭਰਦਿਆਂ ਕਿਹਾ। ਉਸ ਦੇ ਚੇਹਰੇ ਦੀ ਉਦਾਸੀ ਹੋਰ ਸੰਘਣੀ ਹੋ ਗਈ। “ਮੈ ਸਮਝਿਆ ਨਹੀਂ “ “ਗਿਆ ਸੀ, ਦਿਲ ਨਹੀਂ ਲੱਗਾ। ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ, ਸੋਚਿਆ ਜੇ ਇੱਥੇ ਕੁੱਝ ਹੋ ਗਿਆ ਤਾਂ ਬੱਚਿਆਂ ਦੀ ਸਾਰੀ ਕਮਾਈ ਜਾਂਦੀ ਲੱਗਣੀ।“ “ਆਹੀ ਸਾਡੀ ਕਮਜ਼ੋਰੀ ਆ ਕੇਵਲ ਸਿਆਂ। ਅਸੀਂ ਬੱਚਿਆਂ ਬਾਰੇ ਹੀ ਸੋਚਦੇ ਰਹਿੰਦੇ ਹਾਂ।ਆਪਣੇ ਬਾਰੇ ਕਦੇ ਨਹੀਂ ਸੋਚਦੇ। “ “ਤੂੰ ਦੱਸ,ਅੱਖੜ ਸੁਭਾ ਵਾਲਾ ਗੁਸੈਲ ਜਿਹਾ ਕਾਮਰੇਡ ਅਵਤਾਰ ਸਿੰਘ ਬਾਬਾ ਕਿੱਦਾਂ ਬਣ ਗਿਆ।” ਕੇਵਲ ਸਿੰਘ ਨੇ ਗੱਲ ਬਦਲਦਿਆਂ ਪੁਛਿਆ। “ਮੇਰੇ ਇਕੱਲੇਪਨ ਦਾ ਫਾਇਦਾ ਚੁੱਕ ਕੇ ਕੁੱਝ ਅੰਧ-ਵਿਸਵਾਸੀ ਲੋਕਾਂ ਨੇ ਮੈਨੂੰ ਬਾਬਾ ਬਣਾਂ ਦਿੱਤਾ।” “ਉਹ ਕਿਸ ਤਰ੍ਹਾਂ?” “ਸਾਡੇ ਦੋਹਾਂ ਦੀ ਕਹਾਣੀ ਤਾਂ ਇੱਕ ਹੀ ਹੈ। ਬਿਰਤਾਂਤ ਅਲੱਗ ਅਲੱਗ ਹੈ।” ਛੱਤ ਵਲ ਦੇਖਦਾ ਹੋਇਆ ਅਵਤਾਰ ਸਿੰਘ ਉਦਾਸ ਜਿਹੀ ਅਵਾਜ਼ ‘ਚ ਦੱਸਣ ਲੱਗਾ। “ਤੈਨੂੰ ਤਾਂ ਪਤਾ ਹੀ ਹੈ ਕਿ ਚੰਗਾ ਖਾਂਦਾ ਪੀਂਦਾ ਪ੍ਰੀਵਾਰ ਸੀ ਸਾਡਾ। ਵੀਹ ਏਕੜ ਜ਼ਮੀਨ, ਟਰੈਕਟਰ ਸੱਭ ਕੁੱਝ ਸੀ ਸਾਡੇ ਕੋਲ। ਫਿਰ ਵੀ ਦਿਮਾਗ ‘ਚ ਅਮਰੀਕਾ ਜਾਣ ਦਾ ਕੀੜਾ ਪੈਦਾ ਹੋ ਗਿਆ। ਥੋੜ੍ਹੀ ਬਹੁਤ ਨਾਂਹ ਨੁੱਕਰ ਕਰਨ ਤੋਂ ਬਾਅਦ ਮੇਰੇ ਮਾਂ-ਬਾਪ ਨੇ ਇਸ ਸ਼ਰਤ ਤੇ ਮੈਨੂੰ ਅਮਰੀਕਾ ਭੇਜ ਦਿੱਤਾ ਕਿ ਮੈ ਵਿਆਹ ਪਿੰਡ ਆ ਕੇ ਹੀ ਕਰਾਵਾਂਗਾ। ਕਿਸਮਤ ਨੇ ਸਾਥ ਦਿੱਤਾ, ਤਿੰਨ ਕੁ ਸਾਲ ਬਾਅਦ ਮੈ ਪੱਕਾ ਹੋ ਗਿਆ। ਗਰੀਨ ਕਾਰਡ ਲੈ ਕੇ ਮੈਂ ਪਿੰਡ ਆਇਆ। ਮੈ ਆਪਣੀ ਸਾਰੀ ਟੀਮ ਨੂੰ ਬਰਾਤੀ ਲਿਜਾਉਣਾਂ ਚਾਹੁੰਦਾ ਸੀ ਪਰ ਪਤਾ ਕੀਤਾ ਤਾਂ, ਤੂੰ, ਭਾਨਾਂ, ਹੁਸਨਾਂ, ਗੁਣਾਂਚੋਰੀਆ, ਮੀਕਾ ਸੱਭ ਬਾਹਰ ਨਿਕਲ ਗਏ ਸਨ। ਅਸੀਂ ਦੋਹਾਂ ਜੀਆਂ ਨੇ ਬਹੁਤ ਮਿਹਨਤ ਕੀਤੀ ਉੱਥੇ। ਦੋ ਪੈਟਰੋਲ ਪੰਪ ਖਰੀਦੇ। ਬੜੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਸੀ ਅਸੀਂ। ਦੂਏ-ਤੀਏ ਸਾਲ ਪਿੰਡ ਗੇੜਾ ਮਾਰ ਜਾਣਾਂ। ਫਿਰ ਅਚਾਨਕ ਇਕ ਦਿਨ ਸਾਡੇ ਘਰ ‘ਚ ਭੁਚਾਲ ਆ ਗਿਆ। ਲਾਡ-ਪਿਆਰ ਨਾਲ ਪਾਲਿਆ ਸਾਡਾ ਇਕਲੌਤਾ ਪੁੱਤ, ਬਿਨਾਂ ਸਾਡੇ ਨਾਲ ਕੋਈ ਗੱਲ ਕੀਤੇ, ਪਾਕਿਸਤਾਨੀ ਕੁੜੀ ਵਿਆਹ ਕੇ ਘਰ ਲੈ ਆਇਆ। ਮੈ ਤਾਂ ਸਬਰ ਕਰ ਗਿਆ, ਪਰ ਰਣਜੀਤ ਕੌਰ ਇਹ ਗੱਲ ਦਿਲ ਤੇ ਲੈ ਬੈਠੀ। ਮੈਂ ਬਥੇਰਾ ਸਮਝਾਇਆ ਕਿ ਰਣਜੀਤ ਕੌਰੇ ਆਹ ਤਾਂ ਮਮੂਲੀ ਗੱਲ ਆ ਇੱਥੇ, ਕੀ ਹੋਇਆ ਜੇ ਫਾਤਿਮਾ ਪਾਕਿਸਤਾਨ ਤੋਂ ਏ, ਹੈ ਤਾਂ ਆਪਣੀ ਪੰਜਾਬਣ ਈ। ਬੱਸ ਇਹੋ ਕਹੀ ਜਾਇਆ ਕਰੇ: ‘ਇਕ ਵਾਰ ਦੱਸ ਤਾਂ ਦਿੰਦਾ, ਅਸੀਂ ਵੀ ਆਪਣੇ ਦਿਲ ਦੀਅਾਂ ਰੀਝਾਂ ਪੂਰੀਆਂ ਕਰ ਲੈਂਦੇ। ਅਸੀਂ ਕਿਹੜਾ ਉਸ ਤੋਂ ਬਾਹਰੇ ਸੀ।’ ਉਸ ਅਰਦਾਸਾਂ ਕਰਦੀ ਰਹਿਣਾਂ ਕਿ ਪਰਮਾਤਮਾ, ਮੁਕਤੀ ਦੇ ਦੇ ਮੈਨੂੰ। ਫਿਰ ਇਕ ਰਾਤ ਅਰਦਾਸ ਕਰ ਕੇ ਐਸੀ ਸੁੱਤੀ.. ….।” ਉਸ ਦਾ ਗੱਚ ਭਰ ਆਇਆ ਆਪਣੇ ਆਪ ਨੂੰ ਸੰਭਾਲਦਾ ਹੋਇਆ ਉਹ ਫਿਰ ਦੱਸਣ ਲੱਗਾ: “ਮੇਰੀ ਦੁਨੀਆਂ ਉੱਜੜ ਗਈ ਸੀ। ਮੇਰੇ ਦਿਲ ਦਾ ਦੁਲਾਰਾ,ਮੇਰਾ ਕਪੁਤ ਬਣ ਕੇ ਮੇਰੀਆਂ ਨਜ਼ਰਾਂ ‘ਚੋਂ ਗਿਰ ਚੁੱਕਾ ਸੀ।” “ਇੱਕ ਦਿਨ, ਆਪਣੇ ਅਤੀਤ ‘ਚ ਡੁਬਿਆ ਮੈਂ, ਕੰਧ ਨਾਲ ਢੋਅ ਲਾਈ, ਧੁਪ ਸੇਕ ਰਿਹਾ ਸੀ। ਸਾਇਦ ਬੈਠੇ ਬੈਠੇ ਮੇਰੀ ਅੱਖ ਲੱਗ ਗਈ ਸੀ। ਮੇਰੀ ਅੱਖ ਖੁੱਲ੍ਹੀ ਤਾਂ ਸਾਹਮਣੇ ਤੀਵੀਂ ਆਦਮੀ ਹੱਥ ਜੋੜ ਕੇ ਬੈਠੇ ਸਨ। ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝਦਾ, ਉਨ੍ਹਾਂ ਮੇਰੇ ਪੈਰ ਫੜ ਲਏ। ਬਾਬਾ ਜੀ ਸਾਡੇ ਮੁੰਡੇ ਦਾ ਕੰਮ ਨਹੀਂ ਬਣਦਾ, ਪੀਰਾਂ ਅੱਗੇ ਅਰਦਾਸ ਕਰ ਦਿਉ।” ਮੈ ਹੈਰਾਨ ਪਰੇਸ਼ਾਨ, ਮੈ ਕਿਹਾ: “ਉਹ ਕਿਹੜੇ ਪੀਰ, ਕਾਹਦੀ ਅਰਦਾਸ?” ਮੇਰਾ ਦਿਲ ਕਰੇ ਕਿ ਮੈਂ ਇੱਥੋਂ ਨੱਠ ਜਾਵਾਂ। ਯਕੀਨ ਕਰ ਜੇ ਮੇਰਾ ਪਾਸਪੋਰਟ ਹੁੰਦਾ ਤਾਂ ਮੈਂ ਵਾਪਸ ਅਮਰੀਕਾ ਭੱਜ ਜਾਂਦਾ। ਪਿੱਛਾ ਛੁਡਾਉਣ ਲਈ ਮੈ ਕਹਿ ਬੈਠਾ ਕਿ ਸ਼ਾਮ ਨੂੰ ਨਹਾ ਧੋ ਕੇ ਅਰਦਾਸ ਕਰਾਂਗਾ। ਦੋ ਮਹੀਨੇ ਨਹੀਂ ਲੰਘੇ ਹੋਣੇ ਕਿ ਉਹੀ ਜੋੜਾ ਲੱਡੂਆਂ ਦਾ ਡੱਬਾ ਲੈ ਕੇ ਆ ਖੜਾ ਹੋਇਆ। ਸ਼ਾਇਦ ਉਹਨਾਂ ਦਾ ਮੁੰਡਾ ਕਨੇਡਾ ਚਲਾ ਗਿਆ ਸੀ। ਉਨ੍ਹਾਂ ਦੀ ਸੋਚ ਤੋਂ ਜਿਆਦਾ ਮੈਂਨੂੰ ਆਪਣੇ ਆਪ ਤੇ ਤਰਸ ਆਵੇ ਕਿ ਇਹ ਹੋ ਕੀ ਰਿਹਾ? ਉਹ ਕਹਿਣ ਕਿ ਅਸੀਂ ਕਮਰੇ ਅੱਗੇ ਬਰਾਂਡਾ ਪਾਉਣਾ, ਤੇ ਇੱਥੇ ਲੰਗਰ ਲਾਉਣਾਂ। ਫਿਰ ਤਾਂ ਇੱਥੇ ਤਾਂਤਾ ਹੀ ਲੱਗ ਗਿਆ। ਕੋਈ ਲੰਗਰਹਾਲ ਦੀ ਸੇਵਾ ਕਰ ਗਿਆ ਤੇ ਕੋਈ ਬਰਤਨਾਂ ਦੀ। ਕੋਈ ਰਸੋਈ ਦੀ ਤੇ ਕੋਈ ਕਮਰਿਆਂ ਦੀ। ਕੋਈ ਇੱਥੇ ਪੀਰਾਂ ਦੀ ਜਗ੍ਹਾ ਦੱਸੀ ਜਾਂਦਾ ਤੇ ਕੋਈ ਸ਼ਹੀਦਾਂ ਸਿੰਘਾਂ ਦਾ ਅਸਥਾਨ। ਕੋਈ ਆਉਂਦਾ ਕਿ ਬਾਬਾ ਜੀ ਸਾਡੇ ਮੁੰਡੇ ਦਾ ਬਾਹਰਲਾ ਕੰਮ ਨਹੀਂ ਬਣਦਾ, ਉਹ ਇਹ ਨਹੀਂ ਸਮਝਦੇ ਕਿ ਬਾਹਰੋਂ ਲੁੱਟ ਪੁੱਟ ਹੋ ਆਇਆ ਇਹ ਬਾਬਾ ਉਹਨਾਂ ਦਾ ਕੀ ਸੁਆਰੇਗਾ। ਜਿਹੜਾ ਆਪਣੇ ਘਰ ਦਾ ਕਲੇਸ਼ ਨਾਂ ਨਜਿੱਠ ਸਕਿਆ ਉਹ ਤੁਹਾਡੇ ਘਰ ਦਾ ਕੀ ਸੁਆਰੇਗਾ। ਕੋਈ ਆਉਦਾ ਕਿ ਬਾਬਾ ਜੀ ਕੰਮ ਤਾਂ ਬਹੁਤ ਕਰਦੇ ਆਂ ਪਰ ਘਰ ‘ਚ ਰਿਜ਼ਕ ਨਹੀਂ ਹੈ। ਉਹ ਕੀ ਜਾਨਣ ਕਿ ਆਪਣੇ ਅਤੀਤ ‘ਚ ਡੁਬਿਆ, ਆਤਮਾਂ ਤੋਂ ਬਗੈਰ ਖੋਖਲਾ ਹੋ ਚੁੱਕਿਆ ਸਰੀਰ ਢੋਈ ਫਿਰਦਾ ਇਹ ਬਾਬਾ, ਚਲਦੇ ਲੰਗਰਾਂ ‘ਚ ਭੁੱਖਾ ਹੀ ਸੋਂ ਜਾਂਦਾ।” ਉਦਾਸ ਜਿਹਾ ਬਾਬਾ ਅਵਤਾਰ ਸਿੰਘ ਛੱਤ ਵੱਲ ਦੇਖਦਾ ਜਾ ਰਿਹਾ ਸੀ। ਉਸ ਨੂੰ ਲੱਗਾ ਕਿ ਅਵਤਾਰ ਸਿੰਘ ਫਿਰ ਆਪਣੇ ਅਤੀਤ ‘ਚ ਗੁਆਚ ਗਿਆ ਹੈ। ਕੇਵਲ ਸਿੰਘ ਦੇ ਦਿਲ ਵਿਚ ਇਕ ਉਬਾਲ ਜਿੱਹਾ ਉਠਿਆ। ਇਸ ਤੋਂ ਪਹਿਲਾਂ ਕਿ ਦਿਲ ‘ਚ ਉਠਿਆ ਉਬਾਲ ਅੱਖਾਂ ਚ ਭਰ ਜਾਂਦਾ ਉਹ ਕਾਹਲੀ ਨਾਲ ਉਠਿਆ ਤੇ ਤੇਜ ਤੇਜ ਕਦਮ ਭਰਦਾ ਬਾਹਰ ਆ ਗਿਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਗੁਰਦੀਪ ਸਿੰਘ ਮੁਕੱਦਮ
ਪਿੰਡ: ਲਧਾਣਾ ਝਿੱਕਾ, ਜਿਲਾ ਸ਼ਹੀਦ ਭਗਤ ਸਿੰਘ
ਵਿੱਦਿਆ: ਬੀ.ਏ., ਸਿੱਖ ਨੈਸ਼ਨਲ ਕਾਲਜ ਬੰਗਾ ਤੋਂ 1978 ‘ਚ
ਮੋਬਾਈਲ:+44 9878160133
ਤਿੰਨ ਨਾਵਲ: ਜੁਰਮ, ਰਣਪੁਰ ਤੇ ਕਤਲਗਾਹ, ਮੇਰੇ ਸਾਹੀਂ ਵੱਸਿਆ ਮੇਰਾ ਪਿੰਡ ਲਧਾਣਾ ਝਿੱਕਾ(ਇਤਿਹਾਸ)