|
ਪੁਾਰਾਤਨ ਸਮਿਆਂ ਵਿੱਚ, ਜਦੋਂ ਮਨੁੱਖ ਹਾਲੀਂ ਜੰਗਲਾਂ ਵਿੱਚ ਹੀ ਰਹਿੰਦੇ ਸਨ ਤੇ ਜਾਨਵਰਾਂ ਦਾ ਸ਼ਿਕਾਰ ਕਰ ਕੇ, ਜਾਂ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਸਨ, ਉਦੋਂ ਵੀ ਉਨ੍ਹਾਂ ਲਈ ਕਦੀਂ ਕਦੀਂ ਖੁਸ਼ੀ ਵਿੱਚ ਨੱਚਣ ਟੱਪਣ ਦਾ ਸਮਾਂ ਆ ਜਾਂਦਾ ਸੀ। ਉਨ੍ਹਾਂ ਦੇ ਹੱਥ ਜਦੋਂ ਲੰਮੇ ਸਮੇਂ ਪਿੱਛੋਂ ਕਿਸੇ ਮੋਟੇ ਤਕੜੇ ਜਾਨਵਰ ਦਾ ਸ਼ਿਕਾਰ ਆ ਜਾਂਦਾ ਜਾਂ ਕੰਦ ਮੂਲ ਦੀ ਭਾਲ ਵਿੱਚ ਤੁਰਦਿਆਂ ਫਿਰਦਿਆਂ ਕਿਤੇ ਫਲਾਂ ਨਾਲ ਲੱਦੇ ਦਰਖਤ ਲਭ ਪੈਂਦੇ, ਤਾਂ ਉਨ੍ਹਾਂ ਦੀ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਰਹਿੰਦੀ ਸੀ ਤੇ ਉਹ ਨੱਚਣ ਟੱਪਣ ਤੇ ਚੀਕਾਂ ਮਾਰਨ ਲੱਗ ਪੈਂਦੇ ਸਨ। ਜਾਂ ਜਦੋਂ ਕਦੀਂ ਇੱਕ ਲੰਮੀ ਔੜ ਪਿੱਛੋਂ ਕਾਲੇ ਬਦਲ ਛਾ ਜਾਂਦੇ, ਤਾਂ ਸਮੁੱਚੇ ਕਬੀਲੇ ਮੀਂਹ ਦੀ ਆਸ ਵਿੱਚ ਨੱਚਣ ਟੱਪਣ ਲੱਗ ਪੈਂਦੇ। ਜਦੋਂ ਇਹ ਕਬੀਲੇ ਥਾਵਾਂ ਮੱਲ ਕੇ ਤੇ ਟਿੱਕ ਕੇ ਖੇਤੀ ਬਾੜੀ ਕਰਨ ਲੱਗ ਪਏ, ਉਨ੍ਹਾਂ ਲਈ ਵੀ ਅਜੇਹੇ ਸਮੂਹਕ ਖੁਸ਼ੀ ਦੇ ਦਿਨ ਆਉਂਦੇ ਰਹਿੰਦੇ ਸਨ। ਕਿਉਂਕਿ ਫਸਲਾਂ ਰੁੱਤਾਂ ਅਨੁਸਾਰ ਬੀਜੀਆਂ ਵੱਢੀਆਂ ਜਾਂਦੀਆਂ ਸਨ, ਇਸ ਲਈ ਰੁੱਤਾਂ ਦੇ ਅਰੰਭਕ ਦਿਨ ਇਨ੍ਹਾਂ ਕਬੀਲਿਆਂ ਲਈ ਖੁਸ਼ੀ ਮਾਨਉਣ ਦੇ ਦਿਨ ਹੁੰਦੇ ਸਨ। ਇਸ ਤਰ੍ਹਾਂ ਮਨੁੱਖੀ ਜੀਵਨ ਵਿੱਚ ਤਿਉਹਾਰਾਂ ਦਾ ਅਰੰਭ ਹੋਇਆ। ਬਸੰਤ ਪੰਜਵੀਂ, ਵਿਸਾਖੀ, ਦੀਵਾਲੀ ਆਦਿ ਅਜੇਹੇ ਤਿਉਹਾਰ ਸਨ ਜਿਹੜੇ ਜਾਂ ਤਾਂ ਨਵੀਂ ਰੁਤ ਦੇ ਆਉਣ ਨਾਲ ਜਾਂ ਨਵੀਂ ਫਸਲ ਦੇ ਆਉਣ ਨਾਲ ਸੰਬੰਧਤ ਸਨ। ਮਨੁੱਖੀ ਇਤਿਹਾਸ ਦੇ ਲੰਮੇ ਪੰਧ ਵਿੱਚ ਅਨੇਕਾਂ ਅਵਤਾਰ, ਗੁਰੂ, ਪੀਰ ਤੇ ਸੂਰਬੀਰ ਹੋਏ ਹਨ। ਜਦੋਂ ਉਨ੍ਹਾਂ ਦੇ ਜਨਮ ਦਿਨ ਜਾਂ ਜੀਵਨ ਦੇ ਵਿਸ਼ੇਸ਼ ਦਿਨ, ਉਨ੍ਹਾਂ ਦੀ ਯਾਦ ਵਿੱਚ ਮਨਾਉਣ ਦਾ ਰਵਾਜ ਪਿਆ ਤਾਂ ਮਨੁੱਖਾਂ ਨੇ ਆਪਣੀ ਸਹੂਲਤ ਲਈ ਇਨ੍ਹਾਂ ਦਿਨਾਂ ਨੂੰ ਪਹਿਲਾਂ ਹੀ ਪ੍ਰਚਲੱਤ ਤਿਉਹਾਰਾਂ ਨਾਲ ਜੋੜ ਲਿਆ। ਐਨ ਇਸੇ ਤਰ੍ਹਾਂ ਦੀਵਾਲੀ ਨਾਲ ਵੀ ਹੋਇਆ। ਦੀਵਾਲੀ ਦਾ ਦਿਨ ਕੱਤਕ ਮਹੀਨੇ ਦੀ ਮੱਸਿਆ ਨੂੰ, ਦੁਸਹਿਰੇ ਤੋਂ 20 ਦਿਨ ਪਿੱਛੋਂ ਆਉਂਦਾ ਹੈ। ਇਸ ਦਿਨ ਨੂੰ ਸਿਆਲ ਰੁਤ ਦੇ ਆਗਮਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਸੀ। ਇਸ ਦਿਨ ਨਾਲ ਇਤਿਹਾਸਕ ਤੇ ਮਿਥਿਹਾਸਕ ਦਿਨ ਕਿਵੇਂ ਜੋੜ ਲਏ ਗਏ ਇਹ ਵੀ ਦੇਖਣ ਵਾਲੀ ਗੱਲ ਹੈ। ਇਸ ਦਿਨ ਕ੍ਰਿਸ਼ਨ ਭਗਵਾਨ ਨੇ ਨਰਕਾਸੁਰ ਦਾ ਬੱਧ ਕੀਤਾ ਸੀ। ਇਸੇ ਦਿਨ ਲਕਸ਼ਮੀ ਦੇਵੀ ਨੇ ਇੱਕ ਰਾਜੇ ਨੂੰ ਪਾਤਾਲ ਵਿੱਚੋਂ ਛੁਡਾਇਆ ਸੀ। ਬਿਕਰਮਾਜੀਤ ਰਾਜੇ ਦੀ ਗੱਦੀ ਨਸ਼ੀਨੀ ਵੀ ਇਸੇ ਦਿਨ ਹੋਈ ਸੀ। ਜੈਨ ਮੱਤ ਦੇ ਸੰਚਾਲਕ ਮਹਾਵੀਰ ਦਾ ਮੁਕਤੀ ਦਿਵਸ ਵੀ ਇਹੀ ਦਿਨ ਸੀ। 14 ਸਾਲ ਦੇ ਬਣਵਾਸ ਤੇ ਲੰਕਾ ਦੀ ਜਿਤ ਤੋਂ ਪਿੱਛੋਂ ਭਗਵਾਨ ਰਾਮ ਵੀ ਇਸੇ ਦਿਨ ਵਾਪਸ ਅਯੁਧਿਆ ਆਏ ਸਨ। ਗੁਰੂ ਹਰਗੋਬਿੰਦ ਜੀ ਵੀ ਇਸੇ ਦਿਨ ਬੰਦੀ-ਛੋੜ ਬਣ ਕੇ ਗਵਾਲੀਅਰ ਦੇ ਕਿਲ੍ਹੇ ਵਿੱਚੋ ਰਿਹਾ ਹੋ ਕੇ ਵਾਪਸ ਆਏ ਸਨ। ਕੀ ਇਹ ਸਾਰੀਆਂ ਘਟਨਾਵਾਂ ਸਚਮੁਚ ਇਸੇ ਦਿਨ ਘਟੀਆਂ ਸਨ? ਸਾਫ ਸਪਸ਼ਟ ਹੈ ਕਿ ਲੋਕਾਂ ਨੇ ਇਨ੍ਹਾਂ ਘਟਨਾਵਾਂ ਨੂੰ ਪਹਿਲਾਂ ਤੋਂ ਪ੍ਰਚੱਲਤ ਮੌਸਮੀ ਤਿਉਹਾਰ ਨਾਲ ਜੋੜ ਲਿਆ। ਆਮ ਪ੍ਰਚੱਲਤ ਮੱਤ ਅਨੁਸਾਰ ਹੁਣ ਇਹ ਦਿਨ ਰਾਮਚੰਦਰ ਦੀ ਅਯੁਧਿਆ ਵਾਪਸੀ ਨਾਲ ਜੁੜ ਗਿਆ ਹੈ। ਇਸੇ ਕਾਰਨ ਇਸ ਤਿਉਹਾਰ ਨੂੰ ਹਿੰਦੂਆਂ ਦਾ ਤਿਉਹਾਰ ਸਮਝ ਕੇ ਸਾਡੇ ਕੁਝ ਭੁੱਲੜ ਸਿੱਖ ਵੀਰ ਇਸ ਦਿਨ ਦਾ ਬਾਈਕਾਟ ਕਰਨ ਤੱਕ ਚਲੇ ਜਾਂਦੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਭਗਵਾਨ ਰਾਮ ਹੋਏ ਸਨ, ਉਦੋਂ ਨਾ ਕੋਈ ਹਿੰਦੂ ਸੀ ਨਾ ਹਿੰਦੂ ਧਰਮ। ਧਰਮ ਕੇਵਲ ਧਰਮ ਹੀ ਸੀ, ਜਿਹੜਾ ਸਰਬ-ਮਨੁੱਖਤਾ ਲਈ ਸਾਂਝਾ ਸੀ। ਰਾਮਾਇਣ, ਮਹਾਭਾਰਤ, ਭਗਵਦ ਗੀਤਾ, ਵੇਦਾਂ, ਸ਼ਾਸ਼ਤਰਾਂ ਤੇ ਪੁਰਾਣਾਂ ਵਿੱਚ ਕਿਤੇ ਵੀ ਹਿੰਦੂ ਜਾਂ ਹਿੰਦੂ ਧਰਮ ਦਾ ਨਾਉਂ ਨਹੀਂ ਮਿਲਦਾ। ਹਾਲ ਦੀ ਘੜੀ ਅਸੀਂ ਇਸ ਗੱਲ ਤੇ ਵਿਚਾਰ ਨਹੀਂ ਕਰ ਰਹੇ ਕਿ ਰਾਮ ਇਤਿਹਾਸਕ ਪਾਤਰ ਜਾਂ ਮਿਥਿਹਾਸਕ ਪਾਤਰ ਸੀ, ਕੇਵਲ ਇਸ ਗੱਲ ਤੇ ਹੀ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਰਾਮ ਅਤੇ ਰਾਮਾਇਣ ਸਾਰੇ ਭਾਰਤੀਆਂ ਦਾ ਸਾਂਝਾ ਵਿਰਸਾ ਹੈ। ਰਾਮ ਉੱਨਾ ਹੀ ਸਿੱਖਾਂ ਦਾ ਹੈ, ਜਿੰਨਾ ਕਿ ਹਿੰਦੂਆਂ ਦਾ। ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਬਚਿਤ੍ਰ ਨਾਟਕ ਨੂੰ ਠੀਕ ਮੰਨ ਕੇ ਤੁਰੀਏ ਤਾਂ ਰਾਮ ਸੱਗੋਂ ਸਿੱਖਾਂ ਦਾ ਵਧੇਰੇ ਹੈ, ਕਿਉਂਕਿ ਬਚਿਤ੍ਰ ਨਾਟਕ ਦੀ ਕਥਾ ਅਨੁਸਾਰ ਰਾਮ ਚੰਦਰ ਗੁਰੂ ਨਾਨਕ ਤੇ ਗੁਰੂ ਗੋਬਿੰਸ ਸਿੰਘ ਦੋਹਾਂ ਦਾ ਸਾਂਝਾ ਪੂਰਵਜ ਸੀ। ਬਚਿਤ੍ਰ ਨਾਟਕ ਦੀ ਕਥਾ ਅਨੁਸਾਰ ਰਾਮ ਚੰਦਰ ਦੇ ਦੋ ਪੁਤਰ ਲਵ ਤੇ ਕੁਸ਼ ਸਨ। ਲਵ ਨੇ ਲਵਪੁਰ ਜਾਂ ਲਾਹੌਰ ਸ਼ਹਿਰ ਵਸਾਇਆ ਸੀ ਤੇ ਕੁਸ਼ ਨੇ ਕਸੂਰ ਸ਼ਹਿਰ। ਲਵ ਦੀ ਬੰਸ ਵਿੱਚੋਂ ਸੋਢੀ ਬੰਸ ਚਲਿਆ ਤੇ ਕੁਸ਼ ਦੀ ਬੰਸ ਵਿੱਚੋਂ ਬੇਦੀ ਬੰਸ। ਇਸੇ ਸੋਢੀ ਬੰਸ ਵਿੱਚ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਸੀ ਤੇ ਬੇਦੀ ਬੰਸ ਵਿੱਚ ਗੁਰੂ ਨਾਨਕ ਦੇਵ ਜੀ ਦਾ। ਗੁਰੂ ਗੋਬਿੰਦ ਸਿੰਘ ਜੀ ਬੜੀ ਸ਼ਰਧਾ ਨਾਲ ਆਪਣੇ ਪੂਰਵਜ ਰਾਮ ਚੰਦਰ ਬਾਰੇ ਲਿਖਦੇ ਹਨ:- ਰਾਮ ਕਥਾ ਯੁਗ ਯੁਗ ਅਟੱਲ ਸਭ ਕੋ ਭਾਖਤ ਨੇਤ ਸੁਰਗਵਾਸ ਰਘਬਰ ਕੀਆ ਸਗਲੀ ਪੁਰੀ ਸਮੇਤ। ਹੁਣ ਦੱਸੋ ਰਾਮ ਕਿਨ੍ਹਾਂ ਦਾ ਹੈ ਹਿੰਦੂਆਂ ਦਾ ਜਾਂ ਸਿੱਖਾਂ ਦਾ? ਜੇ ਦੋ ਭਰਾਵਾਂ ਵਿੱਚ ਜ਼ਮੀਨ ਜਾਇਦਾਦ ਦੀ ਵੰਡ ਲਈ ਝਗੜਾ ਹੋ ਜਾਵੇ। ਝਗੜੇ ਦੇ ਕਾਰਨ ਬੜਾ ਭਰਾ ਕਹੇ, ‘ਮੇਰਾ ਪੜਦਾਦਾ ਮੇਰੇ ਇਕੱਲੇ ਦਾ ਸੀ’ ਤੇ ਛੋਟਾ ਕਹੇ ‘ਤੇਰਾ ਪੜਦਾਦਾ ਮੇਰਾ ਹੋ ਹੀ ਨਹੀਂ ਸਕਦਾ’, ਤਾਂ ਕੀ ਇਹ ਗੱਲ ਮੰਨੀ ਜਾ ਸਕਦੀ ਹੈ? ਦੀਵਾਲੀ ਸਿੱਖਾਂ ਤੇ ਹਿੰਦੂਆਂ ਦਾ ਸਾਂਝਾ ਤਿਉਹਾਰ ਹੈ। ਸੱਗੋਂ ਇਹ ਤਿਉਹਾਰ ਸਦੀਆਂ ਤੋਂ ਸਾਰੇ ਭਾਰਤ ਦੇ ਸਾਂਝੇ ਤਿਉਹਾਰ ਦੇ ਤੌਰ ਤੇ ਮਨਾਇਆ ਜਾਂਦਾ ਰਿਹਾ ਹੈ। ਭਾਰਤ ਦੀ ਕਿਸੇ ਸਰਕਾਰ ਨਾਲ ਜਾਂ ਹਿੰਦੂ ਬਹੁ-ਸਮਤੀ ਨਾਲ ਸਿੱਖਾਂ ਨੂੰ ਕਦੀ ਕੋਈ ਰੋਸਾ ਹੋ ਸਕਦਾ ਹੈ ਤੇ ਆਪਣੇ ਹੱਕ ਮੰਗਣੇ ਜਾਂ ਆਪਣੇ ਹੱਕਾਂ ਲਈ ਲੜਨਾ ਯੋਗ ਹੋ ਸਕਦਾ ਹੈ, ਪਰ ਗੁੱਸੇ ਵਿੱਚ ਆ ਕੇ ਆਪਣੇ ਸਦੀਆਂ ਪੁਰਾਣੇ ਸਾਂਝੇ ਸਭਿਆਚਾਰ ਤੇ ਸਾਂਝੇ ਇਤਿਹਾਸ ਤੋਂ ਮੂੰਹ ਮੋੜ ਲੈਣਾ ਅਕਲਮੰਦੀ ਦੀ ਗੱਲ ਨਹੀਂ ਹੁੰਦੀ। ਸਾਨੂੰ ਸਾਰੇ ਭਾਰਤੀਆਂ ਨੂੰ ਸਦੀਆਂ ਤੋਂ ਚਲੇ ਆ ਰਹੇ ਰਿਵਾਜ ਅਨੁਸਾਰ ਰਲ ਕੇ ਬੜੀ ਸ਼ਾਨ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ, ਭਗਵਾਨ ਰਾਮ ਦੀ ਯਾਦ ਵਿੱਚ ਵੀ ਭਗਵਾਨ ਮਹਾਵੀਰ ਦੀ ਯਾਦ ਵਿੱਚ ਵੀ, ਗੁਰੂ ਹਰਗੋਬਿੰਦ ਜੀ ਦੀ ਯਾਦ ਵਿੱਚ ਵੀ ਤੇ ਰੁੱਤ ਬਦਲਣ ਦੇ ਸਾਂਝੇ ਤਿਉਹਾਰ ਵਜੋਂ ਵੀ। ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਸਾਡਾ ਸਾਰਾ ਟੱਬਰ ਸਿੱਖ ਧਰਮ ਨਾਲ ਤੇ ਅਕਾਲੀ ਦੱਲ ਦੀ ਨੀਤੀ ਨਾਲ ਸੰਬੰਧਤ ਸੀ। ਦੁਸਹਿਰੇ ਤੋਂ ਪਿਛੋਂ ਕਿਵੇਂ ਅਸੀਂ ਦੀਵਾਲੀ ਆਉੇਣ ਦੇ ਦਿਨ ਗਿਣਨੇ ਸ਼ੁਰੂ ਕਰ ਦਿੰਦੇ ਸਾਂ, ਹੁਣ ਵੀਹ ਦਿਨ, ਹੁਣ ਪੰਦਰਾਂ ਦਿਨ, ਹੁਣ ਦਸ ਦਿਨ, ਹੁਣ ਪੰਜ ਦਿਨ ਰਹਿ ਗਏ। ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਫੁਲਝੜੀਆਂ, ਪਟਾਕਿਆਂ ਅਦਿ ਦੀ ਖਰੀਦ ਸ਼ੁਰੂ ਹੋ ਜਾਂਦੀ ਸੀ। ਹਲਵਾਈਆਂ ਦੀਆਂ ਦੁਕਾਨਾਂ ਤੇ ਰੌਣਕਾਂ ਲੱਗ ਜਾਂਦੀਆਂ ਸਨ। ਸਾਡੇ ਟੱਬਰ ਨੇ ਗੁਆਂਢੀ ਬ੍ਰਾਹਮਣਾਂ ਦੇ ਟੱਬਰ ਨਾਲ ਰਲ ਕੇ ਲਡੂਆਂ ਜਲੇਬੀਆਂ ਲਈ ਭਠੀਆਂ ਲਾ ਲੈਣੀਆਂ। ਸਾਡੇ ਬਜ਼ੁਰਗਾਂ ਨੇ ਪਰਾਤਾਂ ਦੀਆਂ ਪਰਾਤਾਂ ਸੋਨੇ ਵਰਗੇ ਲੱਡੂਆਂ ਦੀਆਂ ਘਰ ਲੈ ਆਉਣੀਆਂ। ਅਸੀ ਦੀਵਾਲੀ ਤੋਂ ਪਿੱਛੋਂ ਵੀ ਕਈ ਕਈ ਦਿਨ ਲੱਡੂਆਂ ਦਾ ਅਨੰਦ ਮਾਣਦੇ ਰਹਿਣਾ। ਉਦੋਂ ਸਾਡੇ ਬਜ਼ੁਰਗਾਂ ਨੂੰ ਇਹ ਅਹਿਸਾਸ ਅਵਸ਼ ਸੀ ਕਿ ਬੱਚਿਆਂ ਲਈ ਇਸ ਸਭ ਕੁਝ ਦੀ ਕੀ ਮਹੱਤਤਾ ਹੈ। ਉਹ ਸਭ ਕੁਝ ਹੋਣਾ ਚਾਹੀਦਾ ਹੈ ਜਿਹੜਾ ਨੀਰਸ ਜੀਵਨ ਵਿੱਚ ਰਸ ਭਰੇ। ਉਹ ਸਭ ਕੁਝ ਕਰਨਾ ਚਾਹੀਦਾ ਹੈ ਜਿਹੜਾ ਜੀਵਨ ਨੂੰ ਜੀਣ ਯੋਗ ਬਣਾਵੇ। ਉਸੇ ਤਰ੍ਹਾਂ ਘਰਾਂ ਦੀ ਸਫਾਈ ਕਰ ਕੇ, ਰੰਗ ਰੋਗਨ ਕਰ ਕੇ, ਦੀਵਾਲੀ ਦੀ ਉਡੀਕ ਕਰਨੀ ਚਾਹੀਦੀ ਹੈ। ਉਸੇ ਤਰ੍ਹਾਂ ਪਟਾਕੇ ਤੇ ਫੁਲਝੜੀਆਂ ਚਲਣੀਆਂ ਚਾਹੀਦੀਆਂ ਹਨ, ਉਸੇ ਤਰ੍ਹਾਂ ਮਠਿਆਈਆਂ ਬਣਨੀਆਂ ਚਾਹੀਦੀਆਂ ਹਨ ਤੇ ਉਸੇ ਤਰ੍ਹਾਂ ਬੱਚਿਆਂ ਲਈ, ਬੁੱਢਿਆਂ ਲਈ ਤੇ ਰਿਸ਼ਤੇਦਾਰਾਂ ਲਈ ਤੁਹਫੇ ਖਰੀਦਣੇ ਚਾਹੀਦੇ ਹਨ। ਜੋ ਨਹੀਂ ਕਰਨਾ ਚਾਹੀਦਾ, ਉਹ ਹੈ- ਨਸ਼ਿਆਂ ਉਤੇ ਪੈਸੇ ਰੋੜ੍ਹਨੇ, ਜੂਆ ਖੇਲ੍ਹ ਕੇ ਧੰਨ ਦਾ ਨਾਸ ਕਰਨਾ ਤੇ ਇਹ ਆਸ ਕਰਨੀ ਕਿ ਧਨ ਦੀ ਦੇਵੀ ਲਕਸ਼ਮੀ ਦੀ ਕਿਰਪਾ ਨਾਲ ਸਾਰੇ ਜੱਗ ਦਾ ਧੰਨ ਸਾਡੇ ਘਰ ਆ ਜਾਵਗਾ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਾਂਝਾਂ ਪਾਉਣ ਤੇ ਰੱਖਣ ਨਾਲ ਹੀ ਸਾਂਝਾਂ ਪੈਦੀਆਂ ਤੇ ਰਹਿੰਦੀਆਂ ਹਨ। ਸਾਂਝਾਂ ਪਾਉਣ ਤੇ ਰੱਖਣ ਨਾਲ ਹੀ ਗੁੱਸੇ ਗਿਲੇ ਮਿਟਦੇ ਹਨ। ਜਦੋਂ ਸਾਂਝੇ ਤਿਉਹਾਰਾਂ ਨੂੰ ਤਿਲਾਂਜਲੀ ਦੇ ਦਿੱਤੀ ਜਾਵੇ ਤਾਂ ਫੇਰ ਸਾਰੀਆਂ ਸਾਂਝਾਂ ਵੀ ਖਤਮ ਹੋ ਜਾਂਦੀਆਂ ਹਨ। ਜਿੱਥੇ ਸਾਝਾਂ ਨਾ ਰਹਿਣ, ਉੱਥੇ ਫੁੱਟ ਦੇ ਬੀਜ ਅਵਸ਼ ਪੁੰਗਰਦੇ ਹਨ ਤੇ ਇੱਕ ਦਿਨ ਨਫਰਤ ਦੀ ਭਰਪੂਰ ਫਸਲ ਵਿੱਚ ਬਦਲ ਜਾਂਦੇ ਹਨ। ਸਾਰੇ ਭਾਰਤੀਆਂ ਖਾਸ ਤੌਰ ਤੇ ਹਿੰਦੂਆਂ ਸਿੱਖਾਂ ਦੀ ਸਾਂਝ ਨੂੰ ਕਾਇਮ ਰੱਖਣ ਲਈ, ਦੀਵਾਲੀ ਦੀ ਸਾਂਝ ਦੀ ਰੂਹ ਜ਼ਿੰਦਾ ਰਹਿਣੀ ਚਾਹੀਦੀ ਹੈ, ਇਸੇ ਵਿੱਚ ਹੀ ਸਾਰੇ ਭਾਰਤੀਆਂ ਖਾਸ ਤੌਰ ਤੇ ਹਿੰਦੂਆਂ ਸਿੱਖਾਂ ਦਾ ਸਾਂਝਾ ਭਲਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |