25 July 2024

ਖ਼ੈਰ ਹੋਵੇ ਸਹੀ – – – ਡਾ. ਗੁਰਬਖ਼ਸ਼ ਸਿੰਘ ਭੰਡਾਲ

ਖ਼ੈਰ ਹੋਵੇ ਸਹੀ, ਬਹੁਤ ਚਿਰ ਹੋਇਆ ਮਿੱਤਰ ਦਾ ਕੋਈ ਖ਼ਤ ਹੀ ਨਹੀਂ ਆਇਆ। ਪਹਿਲਾਂ ਤਾਂ ਅਜੇਹਾ ਕਦੇ ਨਹੀਂ ਸੀ ਹੁੰਦਾ। ਉਸ ਦਾ ਖ਼ਤ ਆਉਣਾ ਮੇਰੇ ਲਈ ਨਿੱਤਨੇਮ ਵਰਗਾ। ਖ਼ਤ ਜੋ ਉਸ ਦੀਆਂ ਸੱਤਾਂ ਖੈਰਾਂ ਲੈ ਕੇ ਮੇਰੇ ਦਰੀਂ ਦਸਤਕ ਦਿੰਦਾ ਸੀ। ਖ਼ੈਰ ਸੁੱਖ ਦੱਸਦੇ ਰਹੀਏ ਤਾਂ ਬੰਦਾ ਜਿਉਂਦਾ। ਖ਼ਤ ਨਾ ਆਵੇ ਤਾਂ ਮਨ ਵਿਚ ਧੁੜਕੂ ਪੈਦਾ ਹੁੰਦਾ। ਅਜੋਕੇ ਸਮੇਂ ਵਿਚ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਵੇ? ਸਿਰਫ਼ ਇਕ ‘ਜੇ’ ਹੀ ਪੱਲੇ ਵਿਚ ਰਹਿ ਜਾਵੇ ਅਤੇ ਬੰਦਾ ਸਾਰੀ ਉਮਰ ਝੂਰਨ ਜੋਗਾ ਰਹਿੰਦਾ।

ਅੱਗੇ ਤਾਂ ਕਦੇ ਵੀ ਇੰਝ ਨਹੀਂ ਸੀ ਹੋਇਆ। ਉਹ ਹਰ ਖ਼ਤ ਦਾ ਜਵਾਬ ਮੁੜਦੀ ਡਾਕ ‘ਚ ਦੇ ਦਿੰਦਾ ਸੀ। ਉਸਦਾ ਖ਼ਤ ਆਉਂਦਾ ਸੀ ਤਾਂ ਪਤਾ ਲੱਗਦਾ ਸੀ ਕਿ ਮੇਰਾ ਪਿੰਡ ਕਿਵੇਂ ਆ? ਕਿੰਨਾ ਕੁ ਬਿਮਾਰ ਹੋ ਚੁੱਕਾ? ਕਿੰਨਾ ਕੁ ਸਿਹਤਮੰਦ? ਕਿੰਨਾ ਕੁ ਨਸ਼ਿਆਂ ਵਿਚ ਡੁੱਬ ਗਿਆ? ਕਿੰਨੇ ਕੁ ਰਹਿ ਗਏ ਨੇ ਪਾੜ੍ਹਿਆਂ ਦੇ ਘਰ? ਕਿੰਨੇ ਕੁ ਜਵਾਕ ਅਜੇ ਵੀ ਕਿਤਾਬਾਂ ਨਾਲ ਮੋਹ ਪਾਲਦੇ, ਗਿਆਨ-ਸਾਗਰ ਵਿਚ ਡੁਬਕੀਆਂ ਲਾਉਂਦੇ? ਖੁਦ ਨੂੰ ਤਰਾਸ਼ਣ ਅਤੇ ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਵਿਚ ਕਿੰਨੇ ਕੁ ਨੇ? ਕਿੰਨਿਆਂ ਨੇ ਆਪਣੇ ਆਸਮਾਨ ਨੂੰ ਘਰ ਦੀ ਛੱਤ ‘ਤੇ ਉਤਾਰ ਲਿਆ?

ਉਸਦੇ ਖ਼ਤ ਨੇ ਹੀ ਦੱਸਿਆ ਸੀ ਕਿ ਹੁਣ ਹਰ ਘਰ ਦਾ ਭਵਿੱਖ ਆਈਲੈਟਸ ਤੀਕ ਹੀ ਸੁੰਘੜ ਕੇ ਰਹਿ ਗਿਆ। ਵੱਡੇ ਸੁਪਨੇ ਲੈਣ ਵਾਲੇ ਨਹੀਂ ਰਹੇ ਅਤੇ ਖ਼ੁਆਬ ਹੀ ਪਿੰਡ ਦੇ ਚੇਤਿਆਂ ਵਿਚੋਂ ਵਿਸਰ ਗਿਆ ਹੈ। ਖ਼ੁਆਬ ਹੀ ਵਿਸਰ ਜਾਣ ਤਾਂ ਬਹੁਤ ਕੁਝ ਗਵਾਚ ਜਾਂਦਾ ਅਤੇ ਇਸ ਗਵਾਚਣ ਦੇ ਰਾਹ ਤੁਰ ਪਿਆ ਹੈ ਮੇਰਾ ਪਿੰਡ ਜਿਸ ਬਾਰੇ ਉਸਦੀ ਫ਼ਿਕਰਮੰਦੀ ਹਰ ਖ਼ਤ ਵਿਚ ਜ਼ਾਹਰ ਹੁੰਦੀ ਸੀ। ਉਸਦੇ ਖ਼ਤ ਤੋਂ ਹੀ ਜਾਣ ਸਕਿਆ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਪਿੰਡ ਦੀਆਂ ਲੋੜਾਂ ਸਿਰਫ਼ ਗਲੀਆਂ ਪੱਕੀਆਂ ਕਰਨ ਤੀਕ ਹੀ ਸੀਮਤ ਨੇ। ਪਤਾ ਨਹੀਂ ਪਿੰਡ ਗਲੀਆਂ ਕੱਚੀਆਂ-ਪੱਕੀਆਂ ਕਰਨ ਦੇ ਚੱਕਰਵਿਊ ਵਿਚੋਂ ਕਦੋਂ ਨਿਕਲੇਗਾ? ਵੈਸੇ ਹੁਣ ਤਾਂ ਪਿੰਡ ਕਰਜ਼ੇ ਦਾ ਨਿਗਲਿਆ, ਕਰਜ਼ਾ-ਮੁਆਫ਼ੀ ਲਈ ਤਰਲੇ ਕਰਨ ਲੱਗ ਪਿਆ ਏ। ਪਿੰਡ ਨੂੰ ਪਤਾ ਹੀਂ ਨਹੀਂ ਲੱਗਿਆ ਕਿ ਕਦੋਂ ਉਹ ਅਣਜਾਣੇ ਹੀ ਕਰਜ਼ੇ ਦੇ ਚੁੰਗਲ ਵਿਚ ਫਸ ਗਿਆ?

ਉਸ ਦਾ ਖ਼ਤ ਨਾ ਆਉਣਾ ਬਹੁਤ ਫ਼ਿਕਰਮੰਦ ਕਰਦਾ ਕਿਉਂਕਿ ਉਸ ਨੇ ਕਦੇ ਲਿਖਿਆ ਸੀ ਕਿ ਉਸਦੇ ਘਰ ਦੀ ਡਿਗੂੰ-ਡਿਗੂੰ ਕਰਦੀ ਛੱਤ ਅਕਸਰ ਚੋਂਦੀ ਹੈ। ਪਿਛਲੀਆਂ ਬਰਸਾਤਾਂ ਵਿਚ ਉਸਨੂੰ ਡਿੱਗਦੇ ਛਤੀਰਾਂ ਹੇਠ ਥੰਮੀ ਦੇਣੀ ਪਈ ਸੀ। ਐਤਕੀਂ ਤਾਂ ਮੀਂਹ ਵੀ ਕਾਫ਼ੀ ਪਏ ਨੇ। ਰੱਬ ਮਿਹਰ ਕਰੇ। ਸਾਰਾ ਪਰਿਵਾਰ ਸੁਖੀਂ-ਸਾਂਦੀ ਹੋਵੇ। ਕਿਉਂਕਿ ਛੱਤ ਹੀ ਤਾਂ ਹੁੰਦੀ ਹੈ ਬੰਦੇ ਦੇ ਸਿਰ ਜਿਸ ਕਰਕੇ ਬੰਦਾ ਰਾਤ ਨੂੰ ਨਿਸ਼ਚਿੰਤ ਸੌਂਦਾ। ਜੇ ਛੱਤ ਹੀ ਨਾ ਰਹੇ ਤਾਂ ਫਿਰ ਬੰਦਾ ਅੰਬਰ ਹੇਠ ਰਾਤਾਂ ਕੱਟਦਾ, ਤਾਰਿਆਂ ਨੂੰ ਦੁੱਖ ਸੁਣਾਉਣ ਜੋਗਾ ਹੀ ਰਹਿ ਜਾਂਦਾ। ਬਹੁਤ ਚਿੰਤਤ ਹਾਂ ਕਿ ਕਿਉਂ ਨਹੀਂ ਉਸਦਾ ਜਵਾਬ ਆਇਆ। ਯਾਦ ਹੈ ਕਿ ਪਿਛਲੀ ਵਾਰੀ ਉਹਨੇ ਲਿਖਿਆ ਸੀ ਕਿ ਉਸਦਾ ਪੁੱਤ ਨਸ਼ੇ ਕਰਨ ਲੱਗ ਪਿਆ ਹੈ। ਬਹੁਤ ਔਖਾ ਹੋ ਗਿਆ ਹੈ ਉਸਦੀ ਨਸ਼ੇ ਦੀ ਲਤ ਨੂੰ ਪੂਰਿਆਂ ਕਰਨਾ ਅਤੇ ਹੌਲੀ ਹੌਲੀ ਮਰਦਿਆਂ ਦੇਖਣਾ। ਅਗਰ ਨਸ਼ਾ ਨਾ ਮਿਲੇ ਤਾਂ ਘਰ ਵਿਚ ਕਲੇਸ਼ ਅਤੇ ਘਰ ਦੀਆਂ ਵਸਤਾਂ ਵੇਚਣ ਤੀਕ ਦੀ ਨੌਬਤ। ਭਲਾ ਮਿੱਤਰ! ਕਿੰਨਾ ਕੁ ਚਿਰ ਨਸ਼ਿਆਂ ਵਿਚ ਡੁੱਬਦੀ ਅਤੇ ਮਰ ਰਹੀ ਸੰਤਾਨ ਨੂੰ ਦੇਖ ਸਕਦਾ? ਉਹ ਆਪਣੀ ਔਲਾਦ ਦਾ ਦੁੱਖ ਕਿਵੇਂ ਜਰੇਗਾ ਜਦ ਉਹ ਆਪਣੇ ਪੁੱਤ ਦੀ ਅਰਥੀ ਆਪਣੇ ਮੋਢੇ ‘ਤੇ ਢੋਵੇਗਾ? ਫਿਰ ਆਪ ਉਹ ਖੁਦ ਕਬਰ ਬਣ ਕੇ ਘਰ ਦੀਆਂ ਨੀਂਹਾਂ ਨੂੰ ਸਦਾ ਲਈ ਜ਼ਰਜ਼ਰੀ ਕਰ ਦੇਵੇਗਾ। ਦੋਹਾਂ ਹੀ ਗੱਲਾਂ ਤੋਂ ਬਹੁਤ ਡਰ ਲੱਗਦਾ। ਖੁਦਾ ਮਿਹਰ ਕਰੀਂ।

ਫ਼ਿਕਰ ਤਾਂ ਹੋ ਜਾਂਦਾ ਕਿਉਂਕਿ ਪਿਛਲੀ ਵਾਰ ਉਸਦੀ ਚਿੱਠੀ ਹੰਝੂਆਂ ਨਾਲ ਭਿੱਜੀ ਹੋਈ ਸੀ। ਉਸਦੇ ਸ਼ਬਦਾਂ ਵਿਚ ਹਟਕੋਰੇ ਬੋਲਦੇ ਸਨ ਅਤੇ ਉਸਦੇ ਵਾਕਾਂ ਵਿਚ ਸਿਸਕੀਆਂ ਦੀ ਗੂੰਜ ਸੀ। ਉਸ ਨੇ ਲਿਖਿਆ ਕਿ ਮੈਂ ਧੀ ਨੂੰ ਪੜ੍ਹਾਈ ਲਈ ਬਾਹਰਲੇ ਦੇਸ਼ ਤਾਂ ਭੇਜ ਦਿੱਤਾ ਪਰ ਮਨ ਡੁੱਬਦਾ ਜਾਂਦਾ ਹੈ ਜਦ ਮੈਂ ਬਾਹਰਲੇ ਦੇਸ਼ ਵਿਚ ਧੀਆਂ ਦੀ ਹੋ ਰਹੀ ਬੇਰੁਹਮਤੀ ਜਾਂ ਆਪਣਿਆਂ ਵਲੋਂ ਬੇਆਸਰੀਆਂ ਧੀਆਂ ਦੀ ਇੱਜ਼ਤ ਨਾਲ ਖੇਡਿਆ ਜਾਂਦਾ, ਸੁਣਦਾ ਹਾਂ। ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ। ਉਸਨੇ ਤਾਂ ਤਰਲਾ ਪਾਉਂਦਿਆ ਇਹ ਵੀ ਲਿਖ ਦਿੱਤਾ ਸੀ ਕਿ ਯਾ ਖੁਦਾਇਆ! ਮੇਰੀ ਧੀ ਸਲਾਮਤ ਰੱਖੀਂ। ਉਸਦੀ ਇੱਜ਼ਤ ਪੱਤ ਰੱਖੀਂ ਕਿਉਂਕਿ ਧੀਆਂ ਦਾ ਦੁੱਖ ਮਾਪਿਆਂ ਨੂੰ ਅੰਦਰੋਂ ਰਾਖ਼ ਕਰ ਦਿੰਦਾ। ਰੱਬਾ! ਧੀ ਨੂੰ ਖੁਸ਼ ਰੱਖੀਂ ਅਤੇ ਉਹ ਆਪਣੇ ਸੁਪਨੇ ਪੂਰੇ ਕਰ ਸਕੇ। ਦੁਆ ਹੀ ਕਰ ਸਕਦਾ ਹਾਂ ਕਿ ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਐ ਰੱਬਾ ਉਸਦੀ ਧੀ ਨੂੰ ਤੱਤੀ ਵਾਅ ਨਾ ਲੱਗੇ। ਉਹ ਆਪਣੇ ਆਪ ਨੂੰ ਮਾੜੇ ਹਾਲਾਤ ਤੋਂ ਬਚਾਉਂਦੀ ਜ਼ਿੰਦਗੀ ਨੂੰ ਨਵੇਂ ਅਰਥ ਦੇਣ ਦੇ ਕਾਬਲ ਹੋਵੇ। ਖ਼ੁਦਾ ਨਾ ਖਾਸਤਾ ਜੇ ਉਸਦੀ ਧੀ ਨੂੰ ਕਿਸੇ ਨੇ ਕੁਝ ਕਹਿ ਦਿੱਤਾ ਜਾਂ ਕੁਝ ਵਾਪਰ ਗਿਆ ਤਾਂ ਕੀ ਹੋਵੇਗਾ ਮੇਰੇ ਦੋਸਤ ਦਾ? ਇਸ ਲਈ ਉਸ ਦਾ ਖ਼ਤ ਨਾ ਆਉਣ ਕਾਰਨ ਡਰ ਜਾਂਦਾ ਹਾਂ।

ਖ਼ੱਤ ਲਿਖਦੇ ਰਹੀਏ ਦੋਸਤਾਂ ਨੂੰ
ਖੱਤ ਆਉਣ ‘ਤੇ ਹੀ ਪਤਾ ਲੱਗਦਾ
ਕਿ
ਸਭ ਜੀਅ ਸੁਖੀਂ ਸਾਂਦੀ ਨੇ
ਦੋਸਤ ਦੇ ਸੁਪਨੇ ਮਰੇ ਨਹੀਂ
ਭਾਵੇਂ ਅਧਮੋਏ ਜਹੇ ਹੋ ਗਏ ਨੇ
ਘਰ ਦੀਆਂ ਕੰਧਾਂ ਡਿੱਗੀਆਂ ਨਹੀਂ ਮਿੱਤਰ-ਦਰ
ਮਿੱਤਰ ਨੂੰ ਉਡੀਕਦਾ ਹੈ
ਮਿੱਤਰ ਮੋਹ ਜਿਉਂਦਾ ਹੈ
ਬਚਪਨੀ ਸਾਂਝਾਂ ਧੜਕਦੀਆਂ ਨੇ
ਬੀਤੇ ਦਿਨ ਯਾਦਾਂ ਵਿਚ ਤਾਜ਼ੇ ਨੇ ਬੇਫਿਕਰੀ ਦਾ ਆਲਮ
ਅਤੇ ਸੁਪਨੇ ਸਾਂਝੇ ਕਰਨ ਦੀ ਆਦਤ ਅਜੇ ਸਾਹ ਭਰਦੀ ਹੈ।
ਪਰ
ਸਭ ਤੋਂ ਅਹਿਮ
ਪਤਾ ਲੱਗ ਜਾਂਦਾ
ਕਿ
ਮਿੱਤਰ ਅਜੇ ਤੀਕ ਜਿਉਂਦਾ ਹੈ।

ਪਿਛਲੀ ਵਾਰੀ ਉਸਨੇ ਖ਼ਤ ਵਿਚ ਦੱਸਿਆ ਸੀ ਕਿ ਇਸ ਵਾਰ ਮੌਸਮੀ ਬਾਰਸ਼ ਨੇ ਨਿੱਸਰੀ ਕਣਕ ਨੂੰ ਧਰਤੀ ‘ਤੇ ਵਿਛਾ ਦਿੱਤਾ। ਨਾਲ ਹੀ ਨੈਣਾਂ ਵਿਚ ਸੰਜੋਏ ਸੁਪਨੇ ਮਰਨ ਕਿਨਾਰੇ ਹੋ ਗਏ, ਕਿਉਂਕ ਫਸਲ ਕਿਸਾਨ ਦਾ ਭਵਿੱਖ ਹੁੰਦਾ ਅਤੇ ਜਦ ਭਵਿੱਖ ਹੀ ਨਜ਼ਰ ਨਾ ਆਵੇ ਤਾਂ ਕਈ ਵਾਰ ਜਿਊਣਾ ਮੁਹਾਲ ਹੋ ਜਾਂਦਾ ਹੈ। ਡਰਦਾ ਹਾਂ ਕਿ ਕਿਤੇ ਮੇਰਾ ਮਿੱਤਰ ਟਾਹਲੀ ‘ਤੇ ਲਟਕਦੀ ਲਾਸ਼ ਹੀ ਨਾ ਬਣ ਗਿਆ ਹੋਵੇ। ਘਰ-ਪਰਿਵਾਰ ਨੂੰ ਛਾਂ ਵਿਹੂਣਾ ਨਾ ਕਰ ਗਿਆ ਹੋਵੇ। ਰੱਬ ਮਿਹਰ ਕਰੇ ਤੇ ਖ਼ਤ ਆ ਜਾਵੇ। ਮਿੱਤਰ ਦਾ ਖ਼ਤ ਆਉਂਦਾ ਤਾਂ ਪਤਾ ਲੱਗਦਾ ਕਿ ਅੱਜ ਕੱਲ੍ਹ ਉਹ ਖੇਤਾਂ ਵਿਚ ਸਬਜ਼ੀਆਂ ਅਤੇ ਫ਼ਲ ਨਹੀਂ ਉਗਾਉਂਦਾ ਸਗੋਂ ਸਬਜ਼ੀਆਂ ਬਿਨਾਂ ਖਾਦ ਜਾਂ ਸਪਰੇਅ ਤੋਂ ਉਗਾ ਲਿਆ ਕਰ। ਪਰ ਪਤਾ ਨਹੀਂ ਉਸ ਦੀ ਮੱਤ ਨੂੰ ਕੀ ਹੋਇਆ ਕਿ ਮੰਨਣ ਲਈ ਤਿਆਰ ਹੀ ਨਹੀਂ। ਭਲਾ ਸਬਜ਼ੀਆਂ ਜਾਂ ਫ਼ਲਾਂ ਤੋਂ ਬਗੈਰ ਤਾਂ ਸਰ ਜਾਓ ਪਰ ਕਣਕ ਦੀ ਰੋਟੀ ਜਾਂ ਲਵੇਰੀ ਗਾਂ ਦੇ ਦੁੱਧ ਤੋਂ ਕਿਵੇਂ ਬਚਿਆ ਜਾ ਸਕਦਾ? ਇਹ ਜ਼ਹਿਰਾਂ ਤਾਂ ਹੁਣ ਚੌਕੇ ਵਿਚ ਹਾਜ਼ਰ-ਨਾਜ਼ਰ। ਇਨ੍ਹਾਂ ਜ਼ਹਿਰਾਂ ਨੇ ਹੀ ਕੋਈ ਚੰਦ ਨਾ ਚਾੜ੍ਹ ਦਿੱਤਾ ਹੋਵੇ, ਇਹ ਸੋਚ ਕੇ ਸਿਰ ਚਕਰਾਉਣ ਲੱਗਦਾ ਹੈ। ਖ਼ਤ ਛੇਤੀ ਆ ਜਾਵੇ ਤਾਂ ਮਨ ਵਿਚ ਪੈਦਾ ਹੋ ਰਹੇ ਮਾੜੇ-ਖਿਆਲਾਂ ਅਤੇ ਭੈਅਭੀਤ ਹੋਈ ਮਾਨਸਿਕਤਾ ਤੋਂ ਕੁਝ ਰਾਹਤ ਮਿਲੇ।

ਮੋਹ-ਖੋਰਾ ਮਿੱਤਰ ਕਦੇ ਵੀ ਖ਼ਤ ਪਾਉਣ ਤੋਂ ਅਵੇਸਲਾ ਨਹੀਂ ਸੀ ਹੋਇਆ। ਫਿਰ ਇਸ ਵਾਰ ਕੀ ਹੋਇਆ ਹੋਵੇਗਾ ਕਿ ਉਸਨੇ ਖ਼ਤ ਹੀ ਨਹੀਂ ਪਾਇਆ। ਕਦੇ ‘ਕੇਰਾਂ ਖ਼ਤ ਵਿਚ ਲਿਖੀ ਗੰਭੀਰ ਗੱਲ ਵੀ ਯਾਦ ਆ ਜਾਂਦੀ ਜਦ ਉਸਨੇ ਲਿਖਿਆ ਸੀ ਕਿ ਉਸਦੀ ਪਤਨੀ ਨੂੰ ਕੈਂਸਰ ਹੈ। ਦੱਸਿਆ ਸੀ ਕਿ ਖਾਦਾਂ ਦੀ ਭਰਮਾਰ ਅਤੇ ਕੀਟ ਨਾਸ਼ਕਾਂ ਦੀ ਬਹੁਤਾਤ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਉਸ ਵਿਚ ਹੀ ਆ ਗਈ ਸੀ ਉਸਦੀ ਪਤਨੀ। ਉਸਦੇ ਇਲਾਜ ਕਾਰਨ ਘਰ ਦੀ ਹਾਲਾਤ ਖਸਤਾ ਹੋ ਗਈ। ਖੁਦਾਇਆ ਰਹਿਮ ਕਰੀਂ। ਜੀਵਨ ਸਾਥੀ ਜਿਉਂਦਾ ਰਹੇ ਤਾਂ ਬੰਦਾ ਜਿਉਂਦਾ। ਜੀਵਨ ਸਾਥੀ ਤੋਂ ਬਗੈਰ ਬਹੁਤ ਕੁਝ ਤਿੜਕ ਜਾਂਦਾ। ਵਿਅਕਤੀ ਇਕੱਲਤਾ ਭੋਗਦਾ ਹੀ ਆਖਰੀ ਸਾਹ ਪੂਰੇ ਕਰਦਾ। ਅੱਲ੍ਹਾ ਕਰੇ ਉਸਦੀ ਪਤਨੀ ਨੂੰ ਕੁਝ ਨਾ ਹੋਇਆ ਹੋਵੇ। ਮਿੱਤਰ ਦਾ ਘਰ ਵੱਸਦਾ ਰਸਦਾ ਰਹੇ। ਕਿਧਰੇ ਖੰਡਰ ਨਾ ਬਣ ਜਾਵੇ।

ਮਿੱਤਰ ਦੇ ਖ਼ਤ ਦਾ ਨਾ ਆਉਣਾ ਪਤਾ ਨਹੀਂ ਕਿਉਂ ਮਨ ਵਿਚ ਘਬਰਾਹਟ ਜਿਹੀ ਪੈਦਾ ਕਰ ਰਿਹਾ ਹੈ। ਉਸ ਨਾਲ ਬਿਤਾਏ ਖੂਬਸੂਰਤ ਪਲ ਮੁਸਾਫ਼ਰਾਂ ਵਾਂਗ ਬੀਤ ਗਏ। ਪਰ ਉਨ੍ਹਾਂ ਪਿਆਰੇ ਪਲਾਂ ਦੀਆਂ ਯਾਦਾਂ ਅਜੇ ਵੀ ਬਚਪਨੇ ਦੇ ਰਾਹਾਂ ਵਿਚ ਖੜੀਆਂ, ਪਤਾ ਨਹੀਂ ਕਿਸਦੀ ਉਡੀਕ ਕਰ ਰਹੀਆਂ। ਉਮਰ ਦੇ ਇਸ ਪੜਾਅ ‘ਤੇ ਬਚਪਨ ਦੇ ਉਹ ਪਲ, ਹਰ ਪਲ ਹੀ ਚੇਤਿਆਂ ਵਿਚ ਵੱਸਦ ਪਰ ਇਸ ਪਲ ਵਿਚ ਬੀਤੇ ਹੋਏ ਪਲਾਂ ਨੂੰ ਤੁਸੀਂ ਦੁਬਾਰਾ ਨਹੀਂ ਜੀਅ ਸਕਦੇ। ਮਿੱਤਰ ਦੇ ਹਰ ਖ਼ਤ ਵਿਚ ਉਸਦੇ ਹੱਥਾਂ ਦੀ ਛੋਹ ਵੀ ਹੁੰਦੀ ਸੀ। ਪੁਰਾਣੀ ਕਾਪੀ ਦੇ ਕਾਗਜ਼ ਦਾ ਕੋਰਾਪਣ ਵੀ। ਇਸ ‘ਤੇ ਉਕਰਿਆ ਹਰ ਸ਼ਬਦ ਇਕ ਚਿਰਾਗ ਵਾਂਗ ਰੌਸ਼ਨੀ ਵੰਡਦਾ ਮੇਰੇ ਅੰਦਰਲੇ ਹਨੇਰ ਨੂੰ ਚਾਨਣ ਨਾਲ ਭਰ ਜਾਂਦਾ ਸੀ।

ਮਿੱਤਰ ਦੇ ਖ਼ਤ ਦੀ ਦਸਤਕ
ਪਿੰਡ ਨੂੰ ਜਾਂਦੇ ਰਾਹ ਵਰਗੀ
ਫਿਰਨੀ ‘ਤੇ ਉਗੀ ਚਾ ਵਰਗੀ
ਤੇ ਦਰਗਾਹ ਤੋਂ ਆਉਂਦੀ ਦੁਆ ਵਰਗੀ।

ਮਿੱਤਰ ਦੇ ਖ਼ਤ ਦਾ ਆਉਣਾ
ਸਰਘੀ ਦੀ ਸੰਦਲੀ ਭਾਅ ਵਰਗਾ,
ਮਨ ਵਿਚ ਉਗੇ ਚਾਅ ਵਰਗਾ
ਤੇ ਚਾਨਣ ਦੀ ਦਿੱਤੀ ਸਦਾਅ ਵਰਗਾ।

ਮਿੱਤਰ ਦੇ ਖ਼ਤ ਦਾ ਮਿਲਣਾ
ਮਹਿਕਾਂ ਭਿੱਜੀ ‘ਵਾ ਵਰਗਾ
ਰੂਹ ‘ਚ ਉਗਮੇ ਉਮਾਹ ਵਰਗਾ
ਤੇ ਸਾਹਾਂ ਨੂੰ ਮਿਲਦੇ ਸਾਹ ਵਰਗਾ।

ਮਿੱਤਰ ਦੇ ਖ਼ਤ ਦੇ ਅੱਖਰ
ਸੋਚਾਂ ਵਿਚ ਵੱਸਦੀ ਦੁਆ ਵਰਗੇ
ਰੂਹ ਨੂੰ ਜਾਂਦੇ ਰਾਹ ਵਰਗੇ
ਤੇ ਵਗਦੀ ਨਦੀ ਦੇ ਵਹਾਅ ਵਰਗੇ।

ਮਿੱਤਰ ਦੇ ਖ਼ਤ ਦੀ ਛੋਹ
ਖੁਦ ਸੰਗ ਖੁਦ ਦਾ ਮਿਲਾਪ ਹੁੰਦਾ
ਤਾਰਿਆਂ ਭਰੀ ਰਾਤ ਹੁੰਦਾ
ਤੇ ਮੋਹ ‘ਚ ਭਿੱਜੀ ਬਾਤ ਹੁੰਦਾ।

ਮਿੱਤਰ ਦੇ ਖ਼ਤ ਨੂੰ ਚੁੰਮਣਾ
ਜੀਕੂੰ ਧਾਅ ਕੇ ਮਿਲਿਆ ਯਾਰ ਹੋਵੇ
ਪਹਿਲੀ ਰੁੱਤ ਜੇਹਾ ਪਿਆਰ ਹੋਵੇ
ਤੇ ਮੁੱਖ ‘ਤੇ ਉਗੜਿਆ ਨਿਖਾਰ ਹੋਵੇ।
ਮਿੱਤਰ ਦਾ ਖ਼ਤ ਸਿਰਫ਼ ਖ਼ਤ ਹੀ ਨਹੀਂ ਹੁੰਦਾ

ਇਸ ਨਾਲ ਆਉਂਦੀ ਹੈ ਮੇਰੇ ਪਿੰਡ ਦੀ ਪੌਣ, ਬਚਪਨੀ ਪਲਾਂ ਦੀ ਨਿੱਘੀ ਜਿਹੀ ਯਾਦ। ਬੇਫ਼ਿਕਰੀ ਦੇ ਆਲਮ ਵਿਚ ਬਿਤਾਏ ਹੋਏ ਦਿਨਾਂ ਦੀ ਆਵਾਰਗੀ। ਬਾਦਸ਼ਾਹੀ ਦਿਨਾਂ ਦਾ ਚੇਤਾ ਜਦੋਂ ਖੁਦ ਹੀ ਹਾਕਮ ਅਤੇ ਖੁਦ ਹੀ ਪਰਜਾ ਹੁੰਦੇ। ਸਾਡੇ ਹੁਕਮ ਚੱਲਦੇ ਸੀ ਅਤੇ ਅਸੀਂ ਕਾਗਜ਼ੀ ਹਵਾਈ ਜਹਾਜ਼ਾਂ ਤੇ ਦੇਸ਼-ਦੇਸ਼ਾਂਤਰਾਂ ਦੀ ਸੈਰ ਕਰ ਆਉਂਦੇ ਸਾਂ। ਘਰ ਦੇ ਨਿੱਕੇ ਜਿਹੇ ਟੋਏ ਵਿਚ ਕਾਗਜ਼ ਦੀਆਂ ਬੇੜੀਆਂ ਚਲਾਉਂਦੇ, ਸੱਤ ਸਮੁੰਦਰਾਂ ਦੀ ਸੈਰ ‘ਤੇ ਨਿਕਲਦੇ ਸਾਂ। ਉਹ ਕੇਹੇ ਪਲ ਹੁੰਦੇ ਸਨ ਜਦ ਘੜੀਆਂ ਦੀਆਂ ਸੂਈਆਂ ਦੀ ਟਿੱਕ-ਟਿੱਕ ਰਾਤਾਂ ਦੀ ਨੀਂਦ ਵਿਚ ਖਲਲ ਨਹੀਂ ਸੀ ਪਾਉਂਦੀ। ਕੰਮ ‘ਤੇ ਆਉਣ ਅਤੇ ਜਾਣ ਦੀ ਚਿੰਤਾ ਦਾ ਪਤਾ ਹੀ ਨਹੀਂ ਸੀ ਹੁੰਦਾ। ਖ਼ਤ ਆਉਂਦਾ ਜਾਂਦਾ ਰਹੇ ਤਾਂ ਨਿਰੰਤਰਤਾ ਬਰਕਰਾਰ ਰਹਿੰਦੀ। ਹਰਫ਼ਾਂ ਦੀ ਸਾਂਝ ਬਣੀ ਰਹਿੰਦੀ। ਇਨ੍ਹਾਂ ਹਰਫ਼ਾਂ ਵਿਚ ਪਰੋਏ ਹੋਏ ਅਹਿਸਾਸ ਇਕ ਦੂਜੇ ਲਈ ਜਿਊਣ ਦਾ ਆਹਰ। ਇਕ ਖ਼ਤ ਵਿਚੋਂ ਹੀ ਹੋਰ ਬਹੁਤ ਸਾਰੇ ਖ਼ਤ ਲਿਖਣ ਦੀ ਤਮੰਨਾ ਮਨ ਵਿਚ ਪੈਦਾ ਹੁੰਦੀ ਅਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ।

ਮਿੱਤਰ ਦੇ ਖ਼ਤ ਦਾ ਨਾ ਆਉਣਾ ਬਹੁਤ ਸਾਰੇ ਖਦਸ਼ੇ ਪੈਦਾ ਕਰਦਾ ਹੈ ਮਨ ਵਿਚ। ਖ਼ੈਰ ਹੋਵੇ ਸਹੀ ਕਿਉਂਕਿ ਮਿੱਤਰ ਦਾ ਖ਼ਤ ਅਤੇ ਪੁਰਾਣੀਆਂ ਯਾਦਾਂ, ਮਰ੍ਹਮ ਹੀ ਤਾਂ ਹੁੰਦੀਆਂ ਨੇ ਤੁਹਾਡੇ ਚਸਕਦੇ ਪਲਾਂ ਨੂੂੰ ਰਾਹਤ ਦੇਣ ਲਈ। ਉਸ ਦੇ ਖ਼ਤ ਦਾ ਆਉਣਾ ਮੇਰੇ ਲਈ ਇਉਂ ਹੁੰਦਾ ਜੀਕੂੰ ਮੈਂ ਖੁਦ ਨੂੰ ਮਿਲ ਲਿਆ ਹੋਵੇ ਜੋ ਮੇਰੇ ਤੋਂ ਅਕਸਰ ਹੀ ਅਲੋਪ ਹੋ ਜਾਂਦਾ। ਖੁਦ ਨੂੰ ਮਿਲਣਾ ਰੂਹ ਦਾ ਸਕੂਨ ਜੋ ਬੰਦੇ ਨੂੰ ਮਿਲਣਾ ਹੀ ਚਾਹੀਦਾ।

ਕਦੇ ਮਨ ਹੀ ਮਨ ਸੋਚਦਾਂ ਕਿ ਕਿਧਰੇ ਉਸਨੇ ਮੈਨੂੰ ਖ਼ਤ ਲਿਖਦਿਆਂ, ਆਪਣੇ ਹੀ ਜਜ਼ਬਾਤਾਂ ਦੇ ਨਾਮ ਭੁਲੇਖੇ ਨਾਲ ਖ਼ਤ ਪਾ ਦਿੱਤਾ ਹੋਵੇ। ਜਜ਼ਬਾਤਾਂ ਦਾ ਤਾਂ ਕੋਈ ਵੀ ਅਜਿਹਾ ਡਾਕ- ਪਤਾ ਨਹੀਂ ਹੁੰਦਾ ਜਿਹੜਾ ਕੋਈ ਡਾਕੀਆ ਜਾਣਦਾ ਹੋਵੇ। ਫਿਰ ਮੈਨੂੰ ਖ਼ਤ ਕਿਵੇਂ ਮਿਲਣਾ ਸੀ? ਪਤਾ ਨਹੀਂ ਕੀ ਕੁਝ ਦਿਲ ਵਿਚ ਆਈ ਜਾਂਦਾ। ਕਈ ਵਾਰ ਇਉਂ ਜਾਪਦਾ ਕਿ ਉਹ ਰੇਤ ਵਰਗੀ ਜ਼ਿੰਦਗੀ ਦੇ ਸਫ਼ੇ ‘ਤੇ ਕਿਵੇਂ ਖ਼ਤ ਲਿਖ ਸਕਦਾ ਕਿਉਂਕਿ ਰੇਤ ‘ਤੇ ਉਂਗਲ ਨਾਲ ਵਾਹੇ ਅੱਖਰ ਬਹੁਤ ਜਲਦੀ ਮਿਟ ਜਾਂਦੇ ਜਦ ਜ਼ਰਾ ਕੁ ਵੀ ਹਵਾ ਵਗਦੀ ਹੈ।

ਮਿੱਤਰਾ ਖ਼ਤ ਜ਼ਰੂਰ ਲਿਖਿਆ ਕਰ। ਇਸ ਨਾਲ ਤੇਰੇ ਦਿਲ ਦਾ ਗੁਬਾਰ ਵੀ ਨਿਕਲੇਗਾ। ਮਿੱਤਰ ਪਿਆਰੇ ਹੀ ਹੁੰਦੇ ਜਿਨ੍ਹਾਂ ਨਾਲ ਦਿਲ ਸਾਂਝੇ ਕੀਤੇ ਜਾ ਸਕਦੇ। ਦਿਲਾਂ ਨੂੰ ਹੌਲਾ ਕਰਦੇ ਰਹੀਏ ਤਾਂ ਇਸਨੂੰ ਹੌਲਾ ਕਰਨ ਲਈ ਨਾ ਤਾਂ ਨਸ਼ਿਆਂ ਦੀ ਲੋੜ ਹੁੰਦੀ ਅਤੇ ਨਾ ਹੀ ਕਿਸੇ ਚੀਰ-ਫਾੜ ਦੀ। ਮਿੱਤਰਾ ਜੇ ਲੰਮਾ ਖ਼ਤ ਲਿਖਣ ਲਈ ਸਮਾਂ ਨਾ ਹੋਵੇ ਤਾਂ ਇਕ ਦੋ ਵਾਕਾਂ ਵਾਲਾ ਖ਼ਤ ਹੀ ਪਾ ਦਿਆ ਕਰ ਕਿਉਂਕਿ ਕਈ ਵਾਰ ਇਕ ਵੀ ਵਾਕ ਵਾਲਾ ਖ਼ਤ ਵੱਡੇ-ਵੱਡੇ ਖ਼ਤਾਂ ਨਾਲੋਂ ਜ਼ਿਆਦਾ ਅਹਿਮ ਅਤੇ ਭਾਵਪੂਰਤ ਹੁੰਦਾ। ਕਈ ਵਾਰ ਤਾਂ ਇਕ ਹੀ ਵਾਕ ਨੂੰ ਪੜ੍ਹਦਿਆਂ ਅਤੇ ਸਮਝਦਿਆਂ ਕਈ ਕਈ ਦਿਨ ਬੀਤ ਜਾਂਦੇ। ਇਕ ਹਰਫ਼ੇ ਖ਼ਤ ਵਿਚੋਂ ਮਿੱਤਰ ਨੂੰ ਪੜ੍ਹਨ ਦੀ ਜਾਚ ਮਿੱਤਰ ਨੂੰ ਹੀ ਹੁੰਦੀ।

ਦੋਸਤ! ਖ਼ਤ ਦਾ ਜਵਾਬ ਦਿੰਦਾ ਰਿਹਾ ਕਰ। ਖ਼ਤ ਨਾਲ ਜੁੜੇ ਜੀਵਨ ਵਿਚੋਂ ਜਦ ਖ਼ਤ ਹੀ ਮਨਫ਼ੀ ਹੋ ਜਾਵੇ ਤਾਂ ਮਨ ਵਿਚ ਬਹੁਤ ਕੁਝ ਨਕਾਰਾਤਮਿਕ ਪੈਦਾ ਹੁੰਦਾ। ਮਨ ਨੀਵੇਂ ਵਹਿਣੀਂ ਵਗਣ ਲੱਗਦਾ। ਖ਼ਤ ਆ ਜਾਵੇ ਤਾਂ ਮਨ ਉਛਲਦਾ। ਅੰਬਰ ਨੂੰ ਛੂੰਹਦਾ। ਧਰਤੀ ਨੂੰ ਆਪਣੇ ਕਲਾਵੇ ਵਿਚ ਲੈਂਦਾ ਅਤੇ ਪਹਾੜਾਂ ਨੂੰ ਆਪਣਾ ਆਢੀ ਬਣਾ ਲੈਂਦਾ। ਉਹ ਫਿਰ ‘ਵਾ ਦੇ ਪਿੰਡੇ ‘ਤੇ ਦਿਲ ਦੇ ਨਗ਼ਮੇ ਲਿਖਦਾ। ਇਹੀ ਨਗ਼ਮੇ ਜਦ ਵਗਦੀਆਂ ਪੌਣਾਂ ਗੁਣਗੁਣਾਉਂਦੀਆਂ ਤਾਂ ਮਹਿਸੂਸ ਹੁੰਦਾ ਕਿ ਜ਼ਿੰਦਗੀ ਦਾ ਸੂਹਾ ਰੰਗ ਕੀ ਹੁੰਦਾ, ਦੋਸਤੀ ਨੂੰ ਕਿਵੇਂ ਮਾਣਿਆ ਜਾ ਸਕਦਾ? ਮਿੱਤਰ ਦੀ ਗਲਵੱਕੜੀ ਦੇ ਨਿੱਘ ਵਿਚ ਬੰਦਾ ਕਿਵੇਂ ਪਿਘਲ ਜਾਂਦਾ ਅਤੇ ਫਿਰ ਇਹ ਪਿਘਲੇ ਹੋਏ ਪਲ ਹੀ ਹੁੰਦੇ ਜਿਹੜੇ ਖੂਬਸੂਰਤ ਜ਼ਿੰਦਗੀ ਦੀ ਇਬਾਰਤ ਬਣਦੇ। ਭਾਵੇਂ ਹੋਰ ਕੁਝ ਨਾ ਵੀ ਲਿਖੀਂ ਦੋਸਤ, ਸਿਰਫ਼ ਇੰਨਾ ਹੀ ਲਿਖ ਦਿਆ ਕਰ ਕਿ ਸਭ ਠੀਕ-ਠਾਕ ਹੈ। ਮਿੱਤਰ-ਪਿਆਰਿਆਂ ਨੂੰ ਹੀ ਆਪਣਿਆਂ ਦੇ ਖ਼ਤ ਦੀ ਤੀਬਰਤਾ ਨਾਲ ਉਡੀਕ ਹੁੰਦੀ ਹੈ।
***
ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1041
***

ਡਾ. ਗੁਰਬਖਸ਼ ਸਿੰਘ ਭੰਡਾਲ

View all posts by ਡਾ. ਗੁਰਬਖਸ਼ ਸਿੰਘ ਭੰਡਾਲ →