3 April 2026

ਮਿਰਗਾਵਲੀ…ਜਿੰਦਗੀ ਦੇ ਰੰਗਾਂ, ਰਾਗਾਂ ਅਤੇ ਸ਼ਬਦਾਂ ਦਾ ਵਿਲੱਖਣ ਰਸ! — ਡਾ. ਕੁਲਵਿੰਦਰ ਸਿੰਘ ਬਾਠ

ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੀ ਜਾਣੀ ਪਛਾਣੀ ਹਰਫ਼ਨਮੌਲਾ ਸ਼ਖ਼ਸੀਅਤ ਗੁਰਭਜਨ ਸਿੰਘ ਗਿੱਲ ਦੇ ਗ਼ਜ਼ਲ ਸੰਗ੍ਰਹਿ “ਮਿਰਗਾਵਲੀ” ਨੂੰ ਪੜ੍ਹਨ ਅਤੇ ਮਾਣਨ ਦਾ ਮੌਕਾ ਮਿਲਿਆ। ਸੱਜਰੇ ਛਪੇ ਐਡੀਸ਼ਨ ਦੀ ਸਾਹਿਤਕ ਹਲਕਿਆਂ ਵਿੱਚ ਹੋ ਰਹੀ ਚਰਚਾ ‘ਮਿਰਗਾਵਲੀ ਤੇ ਗੁਰਭਜਨ ਗਿੱਲ’ ਦੀ ਪਾਠਕਾਂ ਵਿੱਚ ਮਕਬੂਲੀਅਤ ਨੂੰ ਪ੍ਰਗਟਾਉਂਦੀ ਹੈ। ਆਸਿਫ਼ ਰਜ਼ਾ ਅਤੇ ਇਮਰੋਜ਼ ਦੁਆਰਾ ‘ਮਿਰਗਾਂ ਦੀ ਡਾਰ’ ਅਤੇ ਦਿਲ ਟੁੰਬਦੇ ਰੰਗਾਂ ਨਾਲ ਸ਼ਿੰਗਾਰਿਆ ਮੁੱਖ ਪੰਨਾ ਇਸ ਕਾਵਿ ਸੰਗ੍ਰਹਿ ਅੰਦਰ ਸ਼ਾਮਲ ਗ਼ਜ਼ਲਾਂ ਦੀ ਰੂਹ ਤੇ ਰਸ ਨੂੰ ਚਾਰ ਚੰਨ ਲਗਾਉਂਦਾ ਹੈ।

ਕਵਿਤਾ, ਗ਼ਜ਼ਲ ਜਾਂ ਫਿਰ ਕੋਈ ਵੀ ਰਚਨਾ ਮਨੁੱਖੀ ਹਿਰਦੇ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀ ਹੈ, ਜਿਸ ਦੀ ਅਹਿਮੀਅਤ ਇਸ ਅੰਦਰ ਸਮਾਏ ਨਜ਼ਰੀਏ ਦੀ ਹੁੰਦੀ ਹੈ। ਗੁਰਭਜਨ ਗਿੱਲ ਦੀ ਗਜ਼ਲ ਉਸ ਦੇ ਜਜ਼ਬਿਆਂ ਅਤੇ ਭਾਵਨਾਵਾਂ ਦਾ ਆਪ-ਮੁਹਾਰਾ ਪ੍ਰਵਾਹ ਹੈ। ਰਚਨਾ ਵਿੱਚ ਰਸ ਅਤੇ ਸਕਾਰਾਤਮਕ ਸੁਨੇਹਾ ਹੈ, ਜੋ ਪਾਠਕ ਦੇ ਮਨ ਤੇ ਗਹਿਰਾ ਤੇ ਚਿਰਜੀਵੀ ਪ੍ਰਭਾਵ ਪਾਉਂਦਾ ਹੈ। ਸ਼ਬਦਾਂ ਦੀ ਚੋਣ ਅਤੇ ਜਾਦੂਗਰੀ ਪਾਠਕ ਦੇ ਮਨ ਉੱਪਰ ਅਸਰ ਛੱਡਦੀ ਹੈ। ਪਾਠਕ ਖ਼ੁਦ-ਬ-ਖ਼ੁਦ ਰਚਨਾ ਦੇ ਸੰਗ ਗੁਫ਼ਤਗੂ ਕਰਦਿਆਂ ਉਸ ਦੇ ਨਾਲ ਹੀ ਤੁਰ ਪੈਂਦਾ ਹੈ। ਚੰਗੇ ਲੇਖਕ ਦੀ ਸ਼ਾਹਕਾਰ ਸਿਰਜਣਾ ਦੀ ਨਿਸ਼ਾਨਦੇਹੀ ਕਰਦੀ ਹੈ।

ਗੁਰਭਜਨ ਗਿੱਲ ਦਾ ਵਿਸ਼ਾਲ ਸਾਹਿਤਕ ਸੰਸਾਰ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਨੂੰ ਬਹੁਤੀ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਜਾਨਣ ਤੇ ਚਾਹੁਣ ਵਾਲਿਆਂ ਦਾ ਘੇਰਾ ਵਿਸ਼ਾਲ ਹੈ। ਬਹੁਵਿਧਾਵੀ ਅਤੇ ਸਮਰੱਥ ਸਾਹਿਤਕਾਰ ਜਿਸ ਨੇ ਗੀਤ, ਗ਼ਜ਼ਲ, ਕਵਿਤਾ, ਵਾਰਤਕ ਵਿੱਚ ਵਿਲੱਖਣ ਪੈੜਾਂ ਪਾਈਆਂ ਹਨ। ਇਸ ਦੇ ਨਾਲ ਹੀ ਉਹ ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿਤ ਸੰਪਾਦਨ, ਪੇਂਡੂ ਖੇਡਾਂ ਤੇ ਸੱਭਿਆਚਾਰਕ ਮੇਲਿਆਂ ਦੇ ਸਰਪ੍ਰਸਤ ਵਜੋਂ ਵੀ ‘ਪੂਰੇ ਦਾ ਪੂਰਾ’ ਸਰਗਰਮ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਮੌਜੂਦਾ ਚੇਅਰਮੈਨ ਹਨ। ਅਨੇਕਾਂ ਸਨਮਾਨਾਂ ਨਾਲ ਸਨਮਾਨਿਤ ਪੰਜਾਬੀ ਸਾਹਿਤ ਦੇ ਇਸ ਧਰੂ-ਤਾਰੇ ਨੇ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਪਾ ਰਿਹਾ ਹੈ। ‘ਧੁਰ ਰੂਹ ਤੋਂ ਪੰਜਾਬੀ’ ਗੁਰਭਜਨ ਗਿੱਲ ਦੀ ਸਿਰਜਣਾਤਮਿਕ ਕ੍ਰਿਆਸ਼ੀਲਤਾ ਉਸ ਦੇ ‘ਜੀਨਜ’ ਵਿੱਚ ਹੈ, ਜੋ ਖ਼ੁਦ-ਬ-ਖ਼ੁਦ ਪ੍ਰਗਟ ਹੁੰਦੀ ਜਾ ਰਹੀ ਹੈ। ਅੱਧੀ ਸਦੀ ਤੋਂ ਵੀ ਲੰਮੇ ਸਾਹਿਤਕ ਸਫ਼ਰ ਦੇ ਪੈਂਡਿਆਂ ‘ਤੇ ਤੁਰਦਿਆਂ ਉਨ੍ਹਾਂ ਬਹੁਤ ਹੋਰ ਨਵੇਂ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਨਾਲ ਤੋਰਿਆ। ਸਾਹਿਤਕ ਸੱਜਣਾਂ ਦਾ ਇਹ ਕਾਫ਼ਲਾ ਹੋਰ ਵੱਡਾ ਹੁੰਦਿਆਂ ਅੱਗੇ ਵੱਧ ਰਿਹਾ ਹੈ।

ਗੁਰਭਜਨ ਗਿੱਲ ਦੀ ਲੇਖਣੀ ‘ਤੇ ਮੋਟੀ ਜਿਹੀ ਹੀ ਨਜ਼ਰ ਮਾਰਦਿਆਂ ਉਨਾਂ ਦੀ ਅਥਾਹ ਸਿਰਜਣਾਤਮਿਕ ਸ਼ਕਤੀ ਦਾ ਇਜ਼ਹਾਰ ਹੋ ਜਾਂਦਾ ਹੈ। ਉਨ੍ਹਾਂ ਦਾ ਪਲੇਠਾ ਕਾਵਿ ਸੰਗ੍ਰਹਿ “ਸ਼ੀਸ਼ਾ ਝੂਠ ਬੋਲਦਾ ਹੈ” 1978 ਵਿੱਚ ਪਾਠਕਾਂ ਦੇ ਸਨਮੁਖ ਹੋਇਆ ਸੀ। 21 ਕਾਵਿ / ਗਜ਼ਲ ਸੰਗ੍ਰਹਿ, 5 ਸਹਿ-ਸੰਪਾਦਕ ਗ਼ਜ਼ਲ ਸੰਗ੍ਰਹਿ, 1 ਵਾਰਤਕ, 1 ਹਿੰਦੀ ਕਾਵਿ ਸੰਗ੍ਰਹਿ, 2 ਕਾਵਿ ਸੰਗ੍ਰਹਿ ਸੰਪਾਦਨ ਤੋਂ ਇਲਾਵਾ 6 ਕਾਵਿ ਸੰਗ੍ਰਹਿਆਂ ਦਾ ਸ਼ਾਹਮੁਖੀ ਵਿੱਚ ਪ੍ਰਕਾਸ਼ਨ, ਗੁਰਭਜਨ ਗਿੱਲ ਦੀ ਚੜ੍ਹਦੇ, ਲਹਿੰਦੇ ਅਤੇ ਗਲੋਬਲ ਪੰਜਾਬ ਵਿੱਚ ਮਕਬੂਲੀਅਤ ਦਾ ਪ੍ਰਤੀਕ ਹੈ।

ਗੁਰਭਜਨ ਗਿੱਲ ਵਰਗੀ ਸਮੁੰਦਰ ਨੁਮਾ ਸ਼ਖ਼ਸੀਅਤ ਨੂੰ ਕੁੱਜੇ ਵਿੱਚ ‘ਕੱਠੇ ਕਰਨਾ ਮੇਰੇ ਵਰਗੇ ਐਰੇ-ਗੈਰੇ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨਾਲ ਜਦ ਵੀ ਗੱਲ ਕਰਦਾ ਹਾਂ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮੇਰਾ ਵੱਡਾ ਭਾਈ ਰੰਗਲੇ ਪੰਜਾਬ ਦੀਆਂ ਰੰਗਾਂ, ਰਾਗਾਂ ਤੇ ਰਸਾਂ ਨਾਲ ਲਬਰੇਜ਼ ਬਾਤਾਂ ਪਾਉਂਦਾ ਹੋਵੇ। ਮਾਨਵੀ ਕਦਰਾਂ ਕੀਮਤਾਂ ਦੇ ਨਿਘਾਰ, ਬੇਇਨਸਾਫ਼ੀ ਅਤੇ ਸ਼ੋਸ਼ਣ ਨੂੰ ਲੰਮੇ ਹੱਥੀਂ ਲੈਂਦਾ ਹੈ। ਸਮੁੱਚੀ ਮਾਨਵਤਾ ਦੀ ਭਲਾਈ ਵਾਸਤੇ ਚੜ੍ਹਦੀ ਕਲਾ ਅਤੇ ਸਕਾਰਾਤਮਕ ਸੋਚ ਵਾਲੀਆਂ… ਗੱਲਾਂ.. ਤੇ.. ਬਾਤਾਂ ਕਰਦਾ ਹੈ! ਮਿਠਬੋਲੜਾ, ਮਿਲਣਸਾਰ ਤੇ ਮੁਹੱਬਤੀ ਸ਼ਖ਼ਸੀਅਤ ਵਾਲਾ ਵਿਦਵਾਨ ਹੈ।

ਮਿਰਗਾਵਲੀਜਿੰਦਗੀ ਦੇ ਰੰਗਾਂ, ਰਾਗਾਂ ਅਤੇ ਸ਼ਬਦਾਂ ਦਾ ਵਿਲੱਖਣ ਰਸ!

ਖ਼ੂਬਸੂਰਤ ਟਾਈਟਲ ਪੇਜ ਨਾਲ ਸ਼ਿੰਗਾਰੇ 120 ਪੰਨੇ ਦੇ ਇਸ ਗ਼ਜ਼ਲ ਸੰਗ੍ਰਹਿ ਨੂੰ ਗੁਰਭਜਨ ਗਿੱਲ ਨੇ ਆਪਣੇ ਸਾਹਿਤਕ ਅਤੇ ਅਧਿਆਪਨ ਦੇ ਕਾਰਜਕਾਲ ਦੌਰਾਨ ਸ਼ਬਦ-ਸਿਰਜਣਾ ਲਈ ਮਿਲੀ ਮੁਹੱਬਤ ਦੇ ਨਾਮ ਇੰਜ ਕੀਤਾ ਹੈ…

ਰੰਗ, ਰਾਗ ਤੇ ਸ਼ਬਦ ਮੁਕੰਮਲ ਜ਼ਿੰਦਗੀ ਅੰਦਰ ਰਸ ਭਰਦੇ ਨੇ।
ਇਨ੍ਹਾਂ ਤੋਂ ਬਿਨ ਰੂਹ ਦੇ ਪੰਛੀ, ਗਗਨ ਉਡਾਰੀ ਕਦ ਭਰਦੇ ਨੇ।

‘ਮਿਰਗਾਵਲੀ’ ਗ਼ਜ਼ਲ ਸੰਗ੍ਰਹਿ ਦੀ ਰੂਹ ਦੇ ਅੰਦਰ ਲੇਖਕ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ, ਅਤੇ ਬੇਬਾਕ ਮਨ ਦੇ ਅੰਦਾਜ਼ ਦੀ ਸਾਫ਼ ਝਲਕ ਪੈਂਦੀ ਹੈ। ਅਨੁਭਵਾਂ, ਰੰਗਾਂ ਤੇ ਰਸਾਂ ਨੂੰ ਪ੍ਰਗਟਾਉਂਦੇ ਸ਼ਬਦ ਰੂਹ ਨੂੰ ਧੂਅ ਪਾਉਂਦੇ ਹਨ, ਚੰਗੇ ਵੀ ਲੱਗਦੇ ਹਨ ਅਤੇ ਵਕਤ ਦੇ ਘੁੰਮ ਰਹੇ ਪਹੀਏ ਵਾਂਗ ਆਪਣੀ ਮੰਜ਼ਿਲ ਵੱਲ ਤੁਰਦੇ ਰਹਿਣ ਲਈ ਪ੍ਰੇਰਦਿਆਂ ਚੰਗੇਰੀਆਂ ਪੈੜਾਂ ਪਾ ਰਹੇ ਹਨ।

ਦੋਸਤੋ, ਕਿਸੇ ਕਾਰਨ ਦੀ ਵਜ੍ਹਾ ਹੁੰਦਿਆਂ ਜਾਂ ਨਾ-ਹੁੰਦਿਆਂ ਹੋਇਆਂ ਵੀ ਅਜੋਕਾ ਇਨਸਾਨ ਖ਼ੁਦ ਦੀ ਭਾਲ ਵਿੱਚ ਹੀ ਗੁਆਚਾ ਫਿਰਦਾ ਹੈ। ਖ਼ੁਦ ਦੇ ਅੰਦਰ ਨਹੀਂ ਝਾਕਦਾ। ਉਸ ਦੇ ਪੈਰ ਵੀ ਜ਼ਮੀਨ ਤੋਂ ਉੱਖੜ ਗਏ ਹਨ। ਉੱਚੀਆਂ ਉਡਾਰੀਆਂ ‘ਚੋਂ ਪੰਛੀ ਝਾਤ ਮਾਰਦਾ ਹੈ ਤਾਂ ਉਸ ਨੂੰ ਸਭ ਸੰਸਾਰ ਖ਼ੁਦ ਤੋਂ ਬਹੁਤ ਛੋਟਾ ਅਤੇ ਥੱਲੇ ਲੱਗਦਾ ਹੈ। ਔਖੇ ਵੇਲੇ ਤੇ ਅਸਮਾਨੋਂ ਡਿੱਗਦੇ ਹੋਏ ਨੂੰ ਮਾਂ ਜਾਂ ਧਰਤੀ ਮਾਂ ਹੀ ਬੋਚਦੀ ਹੈ। ਠੋਕਰ ਲਗਦੀ ਹੈ ਤਾਂ ਉਸ ਦੇ ਚੁੱਪ ਮਨ ਜਾਂ ਜ਼ੁਬਾਨ ਵਾਲੇ ਮੁੱਖ ਵਿੱਚੋਂ ‘ਹਾਏ ਮਾਂ’ ਦੀ ਪੁਕਾਰ ਆਪ ਮੁਹਾਰੇ ਨਿਕਲਦੀ ਹੈ…।

“ਸੱਤ ਸਮੁੰਦਰ ਪਾਰ” ਗ਼ਜ਼ਲ ਦੀਆਂ ਕੁਝ ਖ਼ੂਬਸੂਰਤ ਲਾਈਨਾਂ ਇੰਜ ਬੋਲ ਰਹੀਆਂ ਹਨ…

ਸੱਤ ਸਮੁੰਦਰ ਪਾਰ ਗਵਾਚੇ ਫਿਰਦੇ ਹਾਂ।
ਖ਼ੁਦ ਨੂੰ ਲੱਭਦੇ ਫਿਰਦੇ ਕਿੰਨੇ ਚਿਰ ਦੇ ਹਾਂ।

ਮਾਂ ਹੀ ਚੇਤੇ ਆਵੇ ਜਾਂ ਫਿਰ ਧਰਤੀ ਮਾਂ,
ਵਿੱਚ ਮੁਸੀਬਤ ਜਦ ਵੀ ਆਪਾਂ ਘਿਰਦੇ ਹਾਂ।

ਹੁਸੀਨ ਸੁਪਨੇ, ਸਤਰੰਗੀ ਪਰਵਾਜ਼ਾਂ ਅਤੇ ਮੋਹ-ਮੁਹੱਬਤ ਧੜਕਦੇ ਦਿਲਾਂ ਦੀ ਨਿਸ਼ਾਨਦੇਹੀ ਕਰਦੀ ਹੈ। ਪਾਕਿ ਮੁਹੱਬਤ ਯਾਰ ਨਾਲ ਹੋਵੇ ਜਾਂ ਫਿਰ ਰੱਬ ਨਾਲ, ਇਹ ਇਨਸਾਨ ਨੂੰ ਜਿਉਂਦਾ ਰੱਖਦੀ ਹੈ, ਤੁਰ ਜਾਣ ਤੋਂ.. ਚਿਰ ਬਾਅਦ ਵੀ। ਮੁਹੱਬਤ ਅਤੇ ਮੁਹੱਬਤੀ ਰੂਹ ਤੋਂ ਵਿਹੂਣਾ ਇਨਸਾਨ ਜਿਉਂਦਾ ਕਿੱਥੋਂ ਹੈ? ਗੁਰਭਜਨ ਗਿੱਲ ਦੀ ਰੂਹ ਦੇ ਇਨ੍ਹਾਂ ਅਹਿਸਾਸਾਂ ਦੀ ਮੁਹੱਬਤੀ ਗਲਵੱਕੜੀ ਦਾ ਨਿੱਘ ਮਾਣਦਿਆਂ ਪਾਠਕ ਉਸ ਦੀ ਸਿਰਜਣਾ ਨੂੰ ਖ਼ੁਦ-ਬ-ਖ਼ੁਦ ਦਿਲ ਨਾਲ ਲਾਉਂਦਾ ਹੈ… ਤੇ ਸਲਾਮ ਕਰਦਾ ਹੈ!

“ਅੱਜ ਉੱਠਦੇ ਸਵੇਰੇ ਤੇਰਾ ਆਇਆ”…

ਅੱਜ ਉੱਠਦੇ ਸਵੇਰੇ ਤੇਰਾ ਆਇਆ ਸੀ ਖ਼ਿਆਲ।
ਝੋਲੀ ਭਰ ਗਈ ਹੈ ਮੇਰੀ ਸੂਹੇ ਸੂਹੇ ਫੁੱਲਾਂ ਨਾਲ।

ਹੋਰ ਸਾਰੇ ਹੀ ਸਵਾਲਾਂ ਦੇ ਜਵਾਬ ਮੇਰੇ ਕੋਲ,
ਕੱਲ੍ਹਾ ਹੱਲ ਹੀ ਨਾ ਹੋਵੇ, ਤੇਰੀ ਚੁੱਪ ਦਾ ਸਵਾਲ।

ਰਾਤੀਂ ਵੇਖਿਆ ਮੈਂ ਚੰਨ, ਟਿਕੀ ਰਾਤ ਸੀ ਚੁਫ਼ੇਰ,
ਤੂੰ ਹੀ ਅੰਬਰਾਂ ‘ਚ ਲੈ ਕੇ, ਫਿਰੇਂ ਮੋਤੀਆਂ ਦਾ ਥਾਲ।

“ਮਨ ਦਾ ਵਿਹੜਾ”…

ਮਨ ਦਾ ਵਿਹੜਾ ਮਹਿਕ ਗਿਆ ਹੈ।
ਹੁਣ ਹੀ ਤੇਰਾ ਖ਼ਤ ਮਿਲਿਆ ਹੈ।

ਵਗਦੀ ਪੌਣ ਮਗਰ ਨਹੀਂ ਜਾਣਾ,
ਮੈਂ ਸਧਰਾਂ ਨੂੰ ਵਰਜ ਲਿਆ ਹੈ।

“ਰੁੱਸ ਗਿਆ ਦਿਲ ਹੁਣ”…

ਰੁੱਸ ਗਿਆ ਦਿਲ ਹੁਣ ਕਦੋਂ ਤੂੰ ਮਨਾਵੇਂਗਾ।
ਕਰੀਂ ਇਕਰਾਰ, ਕਦੇ ਰੁੱਸ ਕੇ ਨਹੀਂ ਜਾਵੇਂਗਾ।

ਉਮਰਾ ਤੇ ਲੰਘ ਚੱਲੀ, ਗਿਣ ਗਿਣ ਤਾਰਿਆਂ,
ਮੁੱਕ ਚੱਲੀ ਜਿੰਦ ਹੋਰ ਕਿੰਨਾ ਤੜਫ਼ਾਵੇਂਗਾ।

ਪ੍ਰੋ. ਗੁਰਭਜਨ ਸਿੰਘ ਗਿੱਲ
    ਪ੍ਰੋ.ਗੁਰਭਜਨ ਸਿੰਘ ਗਿੱਲ

ਜਬਰ, ਜ਼ੁਲਮ, ਬੇਇਨਸਾਫ਼ੀ, ਵਿਤਕਰਾ, ਸ਼ੋਸ਼ਣ ਜਦ ਕੋਈ ਵੀ ਕਰਦਾ ਹੈ ਤਾਂ ਇਨਸਾਨ ਇਨਸਾਨੀਅਤ ਸਮੇਤ ਮਰਦਾ ਹੈ। ਬਾਣੀ ਵੀ ਇਹੀ ਕਹਿੰਦੀ ਹੈ… ਜਦ ਨਰ (ਬੰਦੇ / ਇਨਸਾਨ) ਦੇ ਅੰਦਰ ਨਰੂ (ਇਨਸਾਨੀਅਤ) ਮਰ ਜਾਂਦੀ ਹੈ ਤਾਂ ਉਹ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ। ਯਾਨੀ, ਬੰਦਾ ਜਿਉਂਦਾ ਹੀ ਮਰ ਜਾਂਦਾ ਹੈ ਜਾਂ ਕਹਿ ਲਵੋ ਮਰਿਆਂ ਬਰਾਬਰ ਹੀ ਹੁੰਦਾ ਹੈ। ਇਸ ਤਰਾਂ ਦੇ ਨਰ ਆਪਾਂ ਆਪਣੇ ਜੀਵਨ ਵਿੱਚ ਆਮ ਹੀ ਦੇਖਦੇ ਹਾਂ। ਸੰਵੇਦਨਸ਼ੀਲ ਸ਼ਾਇਰ ਦਾ ਕਾਵਿ-ਮਨ ਕੁਰਲਾਉਂਦਾ ਹੈ। ਜਾਬਰ ਨੂੰ ਵੰਗਾਰਨ ਦੇ ਨਾਲ ਹੀ ਜ਼ੁਲਮ ਨੂੰ ‘ਭਾਣਾ ਮੰਨ’ ਕੇ ਸਹਿੰਦੇ ਅਵਾਮ ਵਿੱਚ ਇਨਕਲਾਬੀ ਰੂਹ ਅਤੇ ਜੋਸ਼ ਵੀ ਭਰਦਾ ਹੈ।

“ਅੰਬਰਾਂ ਵਿਚ ਤਾਰੀ ਲੱਗਣੀ ਨਹੀਂ”…

ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ।
ਕਬਰਾਂ ਜਿਹੀ ਚੁੱਪ ਕਿਉਂ ਚਿਹਰੇ ਤੇ, ਹੈ ਬੰਦ ਜ਼ਬਾਨ, ਆਵਾਜ਼ ਨਹੀਂ।

ਕਾਵਾਂ ਦੀ ਅਸਲ ਹਕੀਕਤ ਨੂੰ, ਤੂੰ ਜਾਣਦਿਆਂ ਵੀ ਚੁੱਪ ਰਹਿੰਦੈਂ,
ਸੱਚ ਬੋਲਣ ਤੋਂ ਘਬਰਾ ਜਾਣਾ, ਇਸ ਧਰਤੀ ਦਾ ਅੰਦਾਜ਼ ਨਹੀਂ।

“ਇਨਕਲਾਬ ਦਾ ਨਾਅਰਾ ਲਾਇਆ”…

ਇਨਕਲਾਬ ਦਾ ਨਾਅਰਾ ਲਾਇਆ, ਸੀਸ ਤਲੀ ਤੇ ਧਰਿਆ ਨਹੀਂ।
ਏਸੇ ਕਰਕੇ ਹੁਕਮਰਾਨ ਵੀ, ਕਿਣਕਾ ਮਾਤਰ ਡਰਿਆ ਨਹੀਂ।

ਕੰਢੇ ਕੰਢੇ ਤੁਰਦੇ ਤੁਰਦੇ, ਮਾਰਗ ਦੱਸਦੈ ਹੋਰਾਂ ਨੂੰ,
ਆਪ ਕਦੇ ਸ਼ਹੁ ਸਾਗਰ ਵਿਚ ਜੋ ਇੱਕ ਵੀ ਤਾਰੀ ਤਰਿਆ ਨਹੀਂ।

ਬਹਿਸ ਕਰਦਿਆਂ ਉਮਰ ਗੁਜ਼ਾਰੀ, ਅਕਲਾਂ ਨੇ ਮੱਤ ਮਾਰ ਲਈ,
ਜਿਸ ਨੂੰ ਆਪਾਂ ਦੁਸ਼ਮਣ ਕਹੀਏ, ਤਾਹੀਉਂ ਸਾਥੋਂ ਮਰਿਆ ਨਹੀਂ।

“ਅਕਲਾਂ ਵਾਲੇ ਕਿੱਧਰ ਤੁਰ ਪਏ”…

ਅਕਲਾਂ ਵਾਲੇ ਕਿੱਧਰ ਤੁਰ ਪਏ ਭਾਸ਼ਨ ਝਾੜੀ ਜਾਂਦੇ ਨੇ।
ਚਾਰ ਘਰਾਣੇ ਵਣਜਾਂ ਪਿੱਛੇ, ਵਤਨ ਉਜਾੜੀ ਜਾਂਦੇ ਨੇ।

ਪਰਮਾਰਥ ਦਾ ਦੇਂਦਾ ਹੋਕਾ, ਨਜ਼ਰਾਂ ਸਿਰਫ਼ ਪਦਾਰਥ ਤੇ,
ਅਕਲਾਂ ਦੀ ਪੋਥੀ ‘ਚੋਂ ਬਾਂਦਰ ਵਰਕੇ ਪਾੜੀ ਜਾਂਦੇ ਨੇ।

“ਜੀ ਆਇਆਂ ਨੂੰ ਆਖਣ ਦੇ”… ਗ਼ਜ਼ਲ ਦੇ ਖ਼ੂਬਸੂਰਤ ਲਫ਼ਜ਼ ਖ਼ੁਦ-ਬ-ਖ਼ੁਦ ਬੜਾ ਕੁਝ ਬੋਲ ਰਹੇ ਨੇ! ਪਾਠਕ ਨਾਲ ਸੰਵਾਦ ਰਚਾਉਂਦੇ ਹਨ।

ਜੀ ਆਇਆਂ ਨੂੰ ਆਖਣ ਦੇ ਲਈ ਹਰ ਵਾਰੀ ਮੁਸਕਾਨ ਨਹੀਂ ਹੁੰਦੀ।
ਹਰ ਵੰਗਾਰ, ਚੁਣੌਤੀ ਮਿੱਤਰੋ, ਹਰ ਮਨ ਵਿਚ ਮਹਿਮਾਨ ਨਹੀਂ ਹੁੰਦੀ।

ਸੰਗਮਰਮਰ ਤੇ ਸੋਨੇ ਵਾਲੇ ਮਹਿਲ ਮੁਨਾਰੇ ਹੋ ਸਕਦੇ ਨੇ,
ਗੁਰ ਦੇ ਸ਼ਬਦ ਬਿਨਾ ਓ ਭਲਿਓ, ਕੌਮਾਂ ਦੀ ਕੋਈ ਸ਼ਾਨ ਨਹੀਂ ਹੁੰਦੀ।

ਦੋਸਤੋ, ਸਭ ਜਾਣਦੇ ਹਨ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ। ਮਨ ਮਸਤਕ ਦੀ ਧੂੜ ਸ਼ੀਸ਼ਾ ਸਾਫ਼ ਕੀਤਿਆਂ ਸਾਫ਼ ਨਹੀਂ ਹੁੰਦੀ। ਫਿਰ ਵੀ ਸ਼ੀਸ਼ੇ ਦੇ ਸੱਚ ਮੂਹਰੇ ਖੜ੍ਹਾ ਬੰਦਾ ਖ਼ੁਦ ਤੇ ਯਕੀਨ ਹੀ ਨਹੀਂ ਕਰਦਾ!

“ਸ਼ੀਸ਼ੇ ਅੰਦਰ ਕਿਸ ਦਾ ਚਿਹਰਾ”…

ਸ਼ੀਸ਼ੇ ਅੰਦਰ ਕਿਸ ਦਾ ਚਿਹਰਾ, ਮੇਰੇ ਤੇ ਕਿਉਂ ਹੱਸ ਰਿਹਾ ਹੈ।
ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ
ਮੈਂ ਕਿੱਧਰ ਨੂੰ ਤੁਰਿਆ ਜਾਵਾਂ, ਜਲਥਲ, ਦਲਦਲ ਚਾਰ ਚੁਫ਼ੇਰੇ,
ਪਿਛਲਾ ਕਦਮ ਗਵਾਚ ਰਿਹਾ ਹੈ, ਅਗਲਾ ਹੇਠਾਂ ਧੱਸ ਰਿਹਾ ਹੈ।

ਦਹਿਸ਼ਤ ਦੇ ਮਾਹੌਲ ਵਿੱਚ ਇਨਸਾਨ ਜੀਵਨ ਨਹੀਂ ਜਿਉਂਦਾ, ਬਲਕਿ, ਡਰਦਾ-ਸਹਿਮਦਾ ਤੇ ਡਿਗਦਾ-ਢਹਿੰਦਾ ਜੂਨ ਕੱਟਦਾ ਹੈ। ਕੋਈ ਵੀ ਧਰਮ ਜਾਂ ਮਜ਼ਬ ਦਹਿਸ਼ਤ ਨਹੀਂ, ਬਲਕਿ, ਮਨੁੱਖਤਾ ਅਤੇ ਇਨਸਾਨ ਦੇ ਜੀਵਨ ਜਾਚ ਦੀ ਗੱਲ ਕਰਦਾ ਹੈ।

“ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ”…

ਦਹਿਸ਼ਤ ਦਾ ਕੋਈ ਧਰਮ ਨਾ ਹੁੰਦਾ, ਇਹ ਤਾਂ ‘ਨੇਰ੍ਹਾ ਗਰਦੀ।
ਗ਼ਾਜ਼ੀ ਬਣ ਕੇ ਲੋਕ ਕਰਨ ਜਾਂ ਕਰਦੀ ਸ਼ਾਹੀ ਵਰਦੀ।

ਬਾਬਰ ਵੇਲੇ ਤੋਂ ਅੱਜ ਤੀਕਰ, ਸਰਬ ਸਮੇਂ ਨੇ ਤੱਕਿਆ,
ਕੁਰਸੀ ਦੀ ਰਖਵਾਲੀ ਖ਼ਾਤਰ, ਕਲਗੀ ਕੀਹ ਕੁਝ ਕਰਦੀ।

ਸੰਵੇਦਨਸ਼ੀਲ ਮਨੁੱਖ ਦੀ ਰੂਹ ਅੰਦਰ ਅਨੁਭਵਾਂ ਜਾਂ ਅਹਿਸਾਸਾਂ ਦਾ ਚਸ਼ਮਾ ਫੁੱਟਦਾ ਰਹਿੰਦਾ ਹੈ। ਚਾਹੁੰਦਿਆਂ ਹੋਇਆਂ ਵੀ ਉਹ ਇਸ ਪ੍ਰਕਿਰਿਆ ਨੂੰ ਜ਼ਿਆਦਾ ਦੇਰ ਤੱਕ ਰੋਕ ਜਾਂ ਟੋਕ ਨਹੀਂ ਸਕਦਾ। ਅਡੋਲ ਸ਼ਬਦਾਂ ਵਿੱਚ ਅਥਾਹ ਸ਼ਕਤੀ ਹੁੰਦੀ ਹੈ ਅਤੇ ਲੇਖਕ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਤੇ ਹੋਰ ਅਜਿਹੀਆਂ ਬੇਇਨਸਾਫ਼ੀਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਆਪਣਾ ਧਰਮੀ ਕਰਤੱਵ ਮੰਨਦਾ ਹੈ। ਗੁਰਭਜਨ ਗਿੱਲ ਦੀ ਰੂਹ ਦਾ ਇਹ ਸੁਨੇਹਾ ਪਾਠਕਾਂ ਦੀ ਰੂਹ ਨੂੰ ਛੂਹ ਜਾਂਦਾ ਹੈ।

“ਇਹ ਨਾ ਸਮਝੀਂ ਮੈਂ ਤਾਂ ਸਿਰਫ਼ ਲਿਖਾਰੀ ਹਾਂ”…

ਇਹ ਨਾ ਸਮਝੀਂ ਮੈਂ ਤਾਂ ਸਿਰਫ਼ ਲਿਖਾਰੀ ਹਾਂ।
ਹਰ ਪਲ ਬਦੀਆਂ ਦੀ ਜੜ੍ਹ ਕੱਟਦੀ ਆਰੀ ਹਾਂ।
ਗੀਤ, ਗ਼ਜ਼ਲ ਤੇ ਕਵਿਤਾ ਲਿਖਣਾ ਸ਼ੌਕ ਨਹੀਂ,
ਧਰਮ ਪਛਾਨਣ ਵਰਗੀ ਜ਼ੁੰਮੇਵਾਰੀ ਹਾਂ।
ਜੇ ਮੇਰਾ ਇੱਕ ਸ਼ਬਦ ਕਦੇ ਵੀ ਡੋਲੇ ਤਾਂ,
ਮੈਂ ਮੁਜਰਿਮ ਹਾਂ, ਲਾਅਣਤ ਦਾ ਅਧਿਕਾਰੀ ਹਾਂ।

ਅਜੋਕੇ ਸਮਾਜ ਵਿੱਚ ਵਿਚਰਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ‘ਚੁੱਪ’ ਸਾਡੇ ਜੀਵਨ ‘ਤੇ ਅਮਰ ਵੇਲ ਵਾਂਗ ਛਾ ਗਈ ਹੈ ਅਤੇ ਮਨੁੱਖ ਨੂੰ ਅੰਦਰੋਂ-ਅੰਦਰੀ ਖਾ-ਮੁਕਾ ਰਹੀ ਹੈ। ਚੁੱਪ ਦਾ ਸ਼ੋਰ ਮਨ ਦੇ ਬੋਲ਼ੇ ਕੰਨਾਂ ਦੇ ਉਪਰੋਂ ਲੰਘ ਜਾਂਦਾ ਹੈ। ਇਹ ਤ੍ਰਾਸਦੀ ਜ਼ਿੰਦਗੀ ਦੇ ਰੰਗ-ਰਸ ਤੇ ਆਪਸੀ ਮੋਹ-ਮੁਹੱਬਤ ਦੀਆਂ ਨੂੰ ਜੜ੍ਹਾਂ ਨੂੰ ਸੁਕਾ ਰਹੀ ਹੈ… ਖਾ ਰਹੀ ਹੈ। ਗੁਰਭਜਨ ਗਿੱਲ ਦੀਆਂ ਲਾਈਨਾਂ ਖ਼ੂਬਸੂਰਤ ਅੰਦਾਜ਼ ਵਿੱਚ ਪਾਠਕਾਂ ਨਾਲ ਇਸ ਚਿੰਤਾ ਤੇ ਚਿੰਤਨ ਦਾ ਸੰਵਾਦ ਰਚਾ ਰਹੀਆਂ ਹਨ…

“ਹੋਠਾਂ ਉੱਤੋਂ ਚੁੱਪ ਦੇ ਜੰਦਰੇ”…

ਹੋਠਾਂ ਉੱਤੋਂ ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ।
ਮਨ ਮਸਤਕ ਵਿਚ ਜੋ ਵੀ ਆਵੇ ਬੋਲ ਦਿਆ ਕਰ।

ਤੂੰ ਧਰਤੀ ਦੀ ਧੀ ਹੈਂ ਲੇਖਾ ਮਾਵਾਂ ਧੀਆਂ,
ਮਾਂ ਦੀ ਬੁੱਕਲ ਬਹਿ ਕੇ ਦੁਖ ਸੁਖ ਫ਼ੋਲ ਦਿਆ ਕਰ।

ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥ ਜੀਵਨ ਦੇ ਇਸ ਸੱਚ ਤੋਂ ਕੋਈ ਵੀ ਇਨਕਾਰੀ ਨਹੀਂ। ਫਿਰ ਵੀ, ਜਿਊਂਦੇ ਜੀ ਰੂਹ ਵਿੱਚ ਵੱਸਦੇ ਸੱਜਣ ਪਿਆਰੇ ਵਿਛੜਨ ਵੇਲੇ… ਪੂਰੀ ਤਰਾਂ ਕਦੇ ਵੀ ਨਹੀਂ ਵਿਛੜਦੇ। ਉਨ੍ਹਾਂ ਦਾ ਕੁਝ ਹਿੱਸਾ ਸਾਡੇ ਦਿਲ ਅੰਦਰ ਰਹਿ ਜਾਂਦਾ ਹੈ ਅਤੇ ਜਾਂਦੇ-ਜਾਂਦੇ ਸਾਡਾ ਕੁਝ ਨਾ ਕੁਝ ਉਹ ਆਪਣੇ ਨਾਲ ਲੈ ਜਾਂਦੇ ਹਨ। ਜੀਵਨ ਸਾਥਣ ਜਸਵਿੰਦਰ ਕੌਰ ਦੇ ਨਾਂ…. “ਨਜ਼ਰ ਤੇਰੀ ਦੀ ਇਨਾਇਤ” ਗ਼ਜ਼ਲ ਵਿੱਚ ਗੁਰਭਜਨ ਗਿੱਲ ਦਾ ਧੜਕਦਾ ਦਿਲ ਵੀ ਵਿੱਛੜ ਗਿਆਂ ਨੂੰ ਯਾਦ ਕਰ ਰਿਹਾ ਹੈ…।

ਨਜ਼ਰ ਤੇਰੀ ਦੀ ਇਨਾਇਤ, ਵੇਖ ਕੀ ਕੁਝ ਕਰ ਗਈ।
ਬਿਰਖ਼ ਸੁੱਕਾ ਫੁੱਟਿਆ, ਹਰ ਟਾਹਣ ਫੁੱਲੀਂ ਭਰ ਗਈ।

ਲੋਕ ਮਰਦੇ ਰੋਜ਼ ਏਥੇ ਧਰਤ ਅੰਬਰ ਵਾਸਤੇ,
ਮੁਸਕਣੀ ਤੇਰੀ ਕਿਵੇਂ ਮੈਨੂੰ ਸਿਕੰਦਰ ਕਰ ਗਈ।

ਰਿਸ਼ਤਿਆਂ ਦੇ ਤਾਣਿਆਂ-ਬਾਣਿਆਂ ਵਿੱਚੋਂ ਮਾਂ ਦਾ ਰਿਸ਼ਤਾ ਬੇਹੱਦ ਪ੍ਰਿਯ, ਨਾਜ਼ੁਕ, ਕੋਮਲ ਜਾਂ ਫਿਰ ਕਹਿ ਲਵੋ ਕਿ ਆਪਸੀ ਗੰਢ ਵਾਲਾ ਹੁੰਦਾ ਹੈ। ਸ਼ਾਇਦ ਨਹੀਂ…ਯਕੀਨਨ ਹੀ ‘ਨਾੜੂ ਦੀ ਸਾਂਝ’ ਦਾ ਖੇਲ ਹੈ। ਗੁਰਬਾਣੀ ਨੇ ਧਰਤੀ ਨੂੰ ਮਾਂ ਨਾਲ ਗੰਢਿਆ ਹੈ। ਸਮਾਜ, ਸੱਭਿਆਚਾਰ ਅਤੇ ਕਲਚਰ ਨੇ ਬੋਲੀ ਨੂੰ! ਨਾਸ਼ੁਕਰਾ ਬੰਦਾ ਮਾਂ, ਮਾਂ-ਭੂਮੀ ਤੇ ਮਾਂ-ਬੋਲੀ ਦੇ ਤਾਣਿਆਂ ਦੀਆਂ ਤੰਦਾਂ ਨੂੰ ਲੂਹਣ-ਜਾਲਣ ਤੇ ਕੱਟਣ-ਵੱਢਣ ਲਈ ਆਪਣਾ ਖ਼ੁਦ ਦਾ ਤਾਣਾ-ਬਾਣਾ ਬੁਣਦਾ ਈ ਰਹਿੰਦਾ ਹੈ! ਗੁਰਭਜਨ ਗਿੱਲ ਨੇ ਮਾਂ ਦੇ ਕੋਮਲ ਰਿਸ਼ਤੇ ਨੂੰ “ਉਹ ਤਾਂ ਕੇਵਲ ਚੋਲ਼ਾ ਬਦਲੇ” ਗ਼ਜ਼ਲ ਵਿੱਚ ਬਾਖੂਬੀ ਬਿਆਨਿਆ ਹੈ।

ਉਹ ਤਾਂ ਕੇਵਲ ਚੋਲ਼ਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ।
ਪੁੱਤਰ ਧੀਆਂ ਅੰਦਰ ਉਹ ਤਾਂ, ਆਪਣਾ ਸਭ ਕੁਝ ਧਰ ਜਾਂਦੀ ਹੈ।

ਮਹਿਕ ਸਦੀਵੀ, ਮੋਹ ਦੀਆਂ ਤੰਦਾਂ, ਮਮਤਾ ਮੂਰਤ ਰੂਪ ਬਦਲਦੀ,
ਕਿੰਨੇ ਮਹਿੰਗੇ ਅਸਲ ਖ਼ਜ਼ਾਨੇ, ਦੇ ਕੇ ਝੋਲੀ ਭਰ ਜਾਂਦੀ ਹੈ

ਰਤੀ ਮਾਂ ਦੀ ਧੀ ਸੁਚਿਆਰੀ, ਮੇਰੀ ਮਾਂ ਦੇ ਵਰਗੀ ਹਰ ਮਾਂ,
ਬਿਨ ਕੋਸ਼ਿਸ਼ ਤੋਂ ਮਾਂ ਬੋਲੀ ਦਾ ਸ਼ਬਦ-ਭੰਡਾਰਾ ਭਰ ਜਾਂਦੀ ਹੈ।

“ਇਹ ਸਾਰੀ ਸ਼ਾਨ ਤਾਂ”… ਗਜ਼ਲ ਵਿੱਚ ਗੁਰਭਜਨ ਗਿੱਲ ਗੁਰਾਂ ਦੀ ਬਖਸ਼ੀ ਹੋਈ ਦਸਤਾਰ ਦੀ ਸ਼ਾਨ ਦੇ ਨਾਲ ਹੀ ਦਸਤਾਰ ਲਈ ਚੁਣੌਤੀ, ਹਾਕਮ ਧਿਰਾਂ ਦੀ ਖ਼ੁਦੀ ਦੀ ਫੁੰਕਾਰ ਅਤੇ ਜਵਾਨੀ ਦੀ ਇਨਕਲਾਬੀ ਸੋਚ ਅਤੇ ਵੰਗਾਰ ਨੂੰ ਵੀ ਉਭਾਰਦੀ ਹੈ।

ਇਹ ਸਾਰੀ ਸ਼ਾਨ ਤਾਂ ਦਸਤਾਰ ਦੀ ਹੈ,
ਜੋ ਬਖਸ਼ਿਸ਼ ਬੇਕਸਾਂ ਦੇ ਯਾਰ ਦੀ ਹੈ।

ਤੁਸੀਂ ਅਰਦਾਸ ਕਰਿਓ, ਸੰਭਲ ਜਾਵਾਂ,
ਖ਼ੁਦੀ ਦੀ ਨਾਗਣੀ ਫੁੰਕਾਰਦੀ ਹੈ।

ਤੁਹਾਡੇ ਆਸਰੇ ਜ਼ਿੰਦਾ ਹਾਂ, ਓਦਾਂ,
ਰੋਜ਼ਾਨਾ ਮੌਤ ‘ਵਾਜ਼ਾਂ’ ਮਾਰਦੀ ਹੈ।

ਨਵੇਂ ਸੂਰਜ ਮੁਹਿੰਮਾਂ ਰੋਜ਼ ਨਵੀਆਂ,
ਜਵਾਨੀ ਕੌਣ ਆਖੇ, ਹਾਰਦੀ ਹੈ।

ਤੁਸੀਂ ਵਿਸ਼ਵਾਸ ਕਰਿਉ ਮਿਹਰਬਾਨੋ,
ਮੁਹੱਬਤ ਡੁੱਬਦਿਆਂ ਨੂੰ ਤਾਰਦੀ ਹੈ।

ਮੇਰੇ ਪਾਠਕ ਦੋਸਤੋ, ਮਿਰਗਾਵਲੀ ਕਿਤਾਬ ਦੀਆਂ ਸਾਰੀਆਂ ਗ਼ਜ਼ਲਾਂ ਕਾਬਲ-ਏ-ਤਾਰੀਫ਼ ਹਨ। “ਜਰਦਾ ਜਰਦਾ ਮਰ ਨਾ ਜਾਵਾਂ”, “ਅੱਗੇ ਅੱਗ ਸੀ ਪਿੱਛੇ ਪਾਣੀ”, “ਤੂੰ ਮੈਨੂੰ ਜੀਣ ਜੋਗਾ ਛੱਡ”, “ਰਾਤੀਂ ਬਿਰਖ ਉਦਾਸ ਬੜੇ ਸੀ”, “ਤੇਰਾ ਹੱਸਣਾ ਬਹਾਰ ਦੇਂਦਾ ਹੈ”, “ ਸੀਨਾ ਤਾਹੀਓਂ ਤਾਣ ਬਰਾਬਰ”, “ਜ਼ੁਲਮ ਜਬਰ ਦਾ ਕਹਿਰੀ”, “ਮੰਨਿਆ ਦਰਦ ਦਿਲੇ ਦਾ”, “ਦੂਰ ਦੇਸ ਪਰਦੇਸੋਂ ਹੁਣ ਤੂੰ”, “ਕਿਸ ਧਰਤੀ ਨੂੰ ਆਖਾਂ ਮਾਂ”, “ਕਿੱਥੇ ਵੱਸਦੇ ਭੇਤ ਨਾ ਦੱਸਦੇ” ਅਤੇ ਕਈ ਹੋਰ ਵੰਨ-ਸੁਵੰਨੀਆਂ ਗ਼ਜ਼ਲਾਂ ਜਿੱਥੇ ਪਾਠਕ ਦਾ ਧਿਆਨ ਖਿੱਚਦੀਆਂ ਹਨ, ਉੱਥੇ ਹੀ ਗੁਰਭਜਨ ਗਿੱਲ ਦੀ ਸੰਵੇਦਨਸ਼ੀਲਤਾ ਅਤੇ ਵਿਸ਼ਾਲ ਸੋਚਣੀ ਦੀ ਗਵਾਹੀ ਵੀ ਭਰਦੀਆਂ ਹਨ। ਬਹੁਤੇ ਮੇਰੇ ਵਰਗੇ ਲੋਕ ਦੋ ਨੇਤਰਾਂ ਨਾਲ ਈ ਸਮਾਜ ਵੱਲ ਝਾਕੀ ਜਾਂਦੇ ਰਹਿੰਦੇ ਨੇ। ਤੀਸਰੇ ਸੰਵੇਦਨਸ਼ੀਲ ਅਤੇ ਕਾਵਿ ਮਨ-ਰੂਹ ਵਾਲੇ ਨੇਤਰ ਦਾ ਕ੍ਰਿਸ਼ਮਈ ਕਮਾਲ ਇਸ ਲਿਖਤ ‘ਚ ਸਾਫ਼ ਝਲਕਦਾ ਹੈ।

ਮੈਨੂੰ ਗੁਰਭਜਨ ਗਿੱਲ ਜੀ ਦੀ ਇਹ ਸਿਰਜਣਾ ਬਾਕਮਾਲ ਲੱਗੀ। ਪਾਠਕ ਹੋਣ ਦੇ ਨਾਤੇ ਮੈਂ ਆਪ ਸੁਹਿਰਦ ਪਾਠਕਾਂ ਨੂੰ ‘ਮਿਰਗਾਵਲੀ’ ਗ਼ਜ਼ਲ ਪੁਸਤਕ ਪੜ੍ਹਣ ਲਈ ਪੁਰਜ਼ੋਰ ਸਿਫਾਰਸ਼ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਪੁਸਤਕ ਤੁਹਾਨੂੰ ਪਸੰਦ ਆਵੇਗੀ। ਗੁਰਭਜਨ ਗਿੱਲ ਦੇ ਅਗਲੇ ਅਤੇ ਅਗਲੇਰੇ ਸਾਹਿਤਕ ਸਫ਼ਰ ਲਈ ਸ਼ੁੱਭ ਕਾਮਨਾਵਾਂ ਵੀ!!

ਜ਼ਿੰਦਗੀ ਜਿੰਦਾਬਾਦ।
***
ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
**
* ਪ੍ਰੋ. ਗੁਰਭਜਨ ਗਿੱਲ ਦੀਆਂ ‘ਲਿਖਾਰੀ’ ਵਿੱਚ ਪ੍ਰਕਾਸ਼ਿਤ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1796
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →