-ਰੀਵੀਊ- |
ਪੁਸਤਕ: ‘ਪਿੰਡ ਕੱਦੋ ਦੇ ਵਿਰਾਸਤੀ ਰੰਗ’
ਜਦੋਂ ਲੇਖਕ ਕੱਦੋਂ ਪਿੰਡ ਬੱਝਣ ਦੇ ਇਤਿਹਾਸਕ ਪਿਛੋਕੜ ਨੂੰ ਤਲਾਸ਼ਦਾ ਹੈ ਤਾਂ ਉਸਨੂੰ ਮਾਲ ਮਹਿਕਮੇ ਦੇ ਰਿਕਾਰਡ ਜਾਂ ਹੋਰ ਦਸਤਾਵੇਜੀ ਸਰੋਤਾਂ ਤੋਂ ਇਸ ਬਾਰੇ ਤੱਥਾਂ ‘ਤੇ ਅਧਾਰਿਤ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ। ਇਸ ਲਈ ਪਿੰਡ ਦੇ ਮੋੜ੍ਹੀ ਗੱਡ ਸਮੇਂ ਬਾਰੇ ਉਸਦੀ ਸਾਰੀ ਜਾਣਕਾਰੀ ਸੁਣੀਆਂ ਸੁਣਾਈਆਂ ਮਿਥਹਾਸਿਕ ਦੰਤ ਕਥਾਵਾਂ ‘ਤੇ ਅਧਾਰਿਤ ਹੈ। ਇਹਨਾਂ ਕਥਾਵਾਂ ਅਨੁਸਾਰ ਇਸ ਪਿੰਡ ਦੇ ਲੋਕ ਰਾਜਸਥਾਨ ਤੋਂ ਆ ਕੇ ਇੱਥੇ ਵੱਸੇ ਹਨ। ਇਕ ਵਿਸਵਾਸ਼ ਅਨੁਸਾਰ ਪਿੰਡ ਦਾ ਮੁੱਢ ਕੱਦੋਂ ਮਾਖਾ ਨਾਂ ਦੇ ਪੁਰਖੇ ਵੱਲੋਂ ਬੰਨ੍ਹਿਆ ਗਿਆ ਹੈ। ਇਹ ਪਿੰਡ ਵਿਚ ਵੱਸਦੇ ਮੁੰਡੀ ਜਾਤੀ ਦੇ ਵਸਨੀਕਾਂ ਦੀ ਇਹ ਸਰਵ ਪ੍ਰਵਾਨਿਤ ਧਾਰਨਾ ਹੈ ਕਿ ਕੂਮਕਲਾ ਦੇ ਨਿਵਾਸੀ ਕਾਲਾ ਮਾਂਗਟ ਵੱਲੋਂ ਕਿਸੇ ਭੁਲੇਖੇ ਵਿਚ ਮਹਾਨ ਤੱਪਸਵੀ ਬਾਬਾ ਸਿੱਧ ਦਾ ਸੁੱਤੇ ਪਏ ਦਾ ਸਿਰ ਵੱਢ ਦਿੱਤਾ ਗਿਆ ਤਾਂ ਉਹ ਆਪਣੇ ਧੜ ਨਾਲ ਲੜਦੇ ਹੋਏ ਹੀ ਕੱਦੋਂ ਪਿੰਡ ਪਹੁੰਚ ਗਏ ਸਨ। ਪਿੰਡ ਵਿਚ ਬਣੀਆਂ ਬਾਬਾ ਸਿੱਧ ਤੇ ਉਨ੍ਹਾਂ ਦੇ ਨਾਲ ਸਤੀ ਹੋਣ ਵਾਲੀ ਉਨ੍ਹਾਂ ਦੀ ਮੰਗੇਤਰ ਮਾਤਾ ਸਤੀ ਦੀ ਸਮਾਧਾਂ ਹੁਣ ਤੱਕ ਵੀ ਇੱਥੋਂ ਦੇ ਲੋਕਾਂ ਦੀ ਸ਼ਰਧਾ ਦਾ ਮੁੱਖ ਕੇਂਦਰ ਹਨ ਤੇ ਇਨ੍ਹਾਂ ਸਮਾਧਾਂ ਤੇ ਹਰ ਸਾਲ ਜੋੜ ਮੇਲਾ ਵੀ ਲੱਗਦਾ ਹੈ।
ਪਿੰਡ ਕੱਦੋਂ ਦਾ ਨਾਂਅ ਪੂਰੀ ਦੁਨੀਆਂ ਵਿਚ ਉੱਘਾ ਕਰਨ ਵਾਲੇ ਹਾਸ ਕਲਾਕਾਰ ਜਸਵਿੰਦਰ ਭਲਾ ਵੱਲੋਂ ਹਾਸ ਵਿਅੰਗ ਤੇ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਇਹ ਪੁਸਤਕ ਉਚੇਚਾ ਸਨਮਾਨ ਦਿੰਦੀ ਹੈ। ਲੇਖਕ ਵੱਲੋਂ ਪਿੰਡ ਦੇ ਸਰਵਪੱਖੀ ਵਿਕਾਸ ਵਿਚ ਨਿਰਨਾਇਕ ਭੂਮਿਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਪ੍ਰੋ. ਓਮ ਪ੍ਰਕਾਸ਼ ਵਸ਼ਿਸਟ, ਪ੍ਰੋ ਗੁਰਮੁਖ ਸਿੰਘ, ਜੌਹਰੀ ਬੀਬੀ, ਮਨਪ੍ਰੀਤ ਅਖ਼ਤਰ, ਰਮਨ ਕੱਦੋ, ਉਜਾਗਰ ਸਿੰਘ( ਖੁਦ ਲੇਖਕ) ਨਵਜੀਤ ਸਿੰਘ ਮੁੰਡੀ, ਨਵਦੀਪ ਸਿੰਘ ਮੁੰਡੀ, ਕੱਦੋਂ ਨਵਦੀਪ, ਮਹਿੰਦਰ ਸਿੰਘ ਮੂੰਡੀ, ਗੁਰਦੀਪ ਸਿੰਘ ਮੂੰਡੀ, ਡਾ. ਜਸਵੀਰ ਸਿੰਘ ਮੂੰਡੀ, ਬਲਦੇਵ ਸਿੰਘ ਖਰੇ, ਮਾਸਟਰ ਗੁਰਦੇਵ ਸਿੰਘ, ਨਾਥ ਸਿੰਘ, ਪਾਖਰ ਸਿੰਘ, ਗੱਜਣ ਸਿੰਘ, ਭਵਪ੍ਰੀਤ ਸਿੰਘ ਮੁੰਡੀ, ਨੰਦ ਸਿੰਘ, ਫੁੰਮਣ ਸਿੰਘ, ਪ੍ਰਤਾਪ ਸ਼ਾਹ ਸਿੰਘ, ਕੇਵਲ ਸਿੰਘ ਕੱਦੋਂ, ਅਥਲੀਟ ਧਰਮ ਸਿੰਘ, ਸਿੰਗਾਰਾ ਸਿੰਘ ਤੇ ਬਲਤੇਜ ਸਿੰਘ ਦੀ ਸ਼ਾਨਦਾਰ ਕਾਰਗੁਜਾਰੀ ਨੂੰ ਪੂਰਾ ਮਾਣ-ਸਨਮਾਨ ਦਿੱਤਾ ਗਿਆ ਹੈ। ਕਿਸੇ ਪਿੰਡ ਦੀ ਵਿਰਾਸਤ ਨੂੰ ਸੰਭਾਲਣ ਵਾਲੀ ਸ਼ਾਇਦ ਇਹ ਪੰਜਾਬੀ ਭਾਸ਼ਾ ਵਿਚ ਲਿਖੀ ਪਹਿਲੀ ਪੁਸਤਕ ਹੈ, ਜਿਸ ਪਿੰਡ ਵਿਚਲੇ ਛੋਟੇ ਤੋਂ ਛੋਟੇ ਕਿੱਤੇ ਨਾਲ ਜੁੜੇ ਹਰ ਵਸਨੀਕ ਦਾ ਜ਼ਿਕਰ ਕਰਨ ਵਿਚ ਦਿਲਚਸਪੀ ਵਿਖਾਈ ਹੈ। ਭਾਵੇ ਇਸ ਪੁਸਤਕ ਵਿਚਲੇ ਕੁਝ ਵੇਰਵੇ ਦੁਹਰਾਓ ਦਾ ਸ਼ਿਕਾਰ ਹਨ ਤੇ ਪੁਸਤਕ ਵਿਚ ਬੇਲੋੜਾ ਵਿਸਥਾਰ ਵੀ ਹੈ ਪਰ ਕੁਲ ਮਿਲਾ ਕੇ ਇਹ ਆਪਣੇ ਮੰਤਵੀ ਕਾਰਜ਼ ਨੂੰ ਸਿਰੇ ਚਾੜ੍ਹਣ ਵਿਚ ਪੂਰੀ ਤਰ੍ਹਾਂ ਸਫਲ ਰਹੀ ਹੈ। ਲੇਖਕ ਨੂੰ ਮੁਬਾਰਕਾਂ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |