2 April 2026

ਮਿਸਡ ਕਾਲ — ਗੁਰਦੀਪ ਸਿੰਘ ਮੁਕੱਦਮ

ਨਿਰਮਲ ਸਿੰਘ ਦੇ ਘਰ ਚ ਵੱਢ ਖਾਣ ਵਾਲੀ ਚੁੱਪ ਪਸਰੀ ਹੋਈ ਸੀ। ਨਿਰਮਲ ਸਿੰਘ ਦਾ ਭਰਾਵਾਂ ਵਰਗਾ ਜਿਗਰੀ ਦੋਸਤ ਰਣਜੀਤ ਸਿੰਘ, ਰਾਤ ਹੀ ਕਨੇਡਾ ਤੋਂ ਪਿੰਡ ਪਰਤਿਆ ਸੀ ਅਤੇ ਸਵੇਰੇ ਸਵਖਤੇ, ਦਿਨ ਚੜਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ਆ ਬੈਠਾ ਸੀ। ਚਾਰ ਪੰਜ ਘੰਟੇ ਉਹ ਸੋਣ ਦੀ ਕੋਸ਼ਿਸ਼ ਕਰਦਾ ਹੋਇਆ ਮੰਜੇ ‘ਤੇ ਪਲਸੇਟੇ ਮਾਰਦਾ ਰਿਹਾ ਸੀ,ਪਰ ਐਨੇ ਲੰਬੇ ਸਫ਼ਰ ਦੀ, ਸਰੀਰ ਟੁੱਟਵੀਂ ਥਕਾਵਟ ਹੋਣ ਦੇ ਬਾਵਜੂਦ ਵੀ ਜਦੋਂ ਉਸ ਨੂੰ ਨੀਂਦ ਨਹੀਂ ਆਈ ਤਾਂ ਉਹ ਘਰ ‘ਚ ਕਿਸੇ ਨੂੰ ਦੱਸੇ ਬਿਨਾਂ ਹੀ, ਉਠ ਕੇ ਨਿਰਮਲ ਸਿੰਘ ਦੇ ਘਰ ਆ ਗਿਆ ਸੀ। ਵੈਸੇ ਤਾਂ ਵੀਹ ਕੁ ਦਿਨ ਪਹਿਲਾਂ ਜਦੋਂ ਉਸਨੂੰ ਪਤਾ ਲੱਗਿਆ ਸੀ ਕਿ ਨਿਰਮਲ ਸਿੰਘ ਨੇ, ਅਦਾਲਤ ਵਿੱਚ ਤਲਾਕ ਦੀ ਅਰਜ਼ੀ ਲਾ ਦਿੱਤੀ ਹੈ, ਉਹ ਚੰਗੀ ਤਰ੍ਹਾਂ ਸੋਂ ਨਹੀਂ ਸਕਿਆ ਸੀ। ਉਸ ਨੇ ਨਿਰਮਲ ਸਿੰਘ ਨਾਲ, ਇਸ ਬਾਰੇ ਫੂਨ ‘ਤੇ ਗੱਲ ਕਰਨ ਦੀ ਵਜਾਏ ਪਿੰਡ ਆਉਣਾ ਹੀ ਠੀਕ ਸਮਝਿਆ ਸੀ।

ਚਾਰ ਸਾਲ ਪਹਿਲਾਂ,ਇੱਕ ਮਿਸਡ ਕਾਲ ਨੇ ਨਿਰਮਲ ਸਿੰਘ ਦੀ ਜਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ ਸੀ। ਮਿਸਡ ਕਾਲ ਦੇਖ ਕੇ ਜਦੋਂ ਉਸ ਨੇ ਬੈਕ ਕਾਲ ਕੀਤੀ ਸੀ ਤਾਂ ਪਰਮਿੰਦਰ ਦੀ ਖਣਕਵੀਂ ਅਤੇ ਜਾਦੂ ਬਿਖੇਰਦੀ ਅਵਾਜ਼ ਦਾ ਦੀਵਾਨਾਂ ਹੋ ਗਿਆ ਸੀ ਉਹ। ਕਈ ਦਿਨਾਂ ਬਾਅਦ, ਹਿੰਮਤ ਕਰ ਕੇ ਉਸਨੇ ਪਰਮਿੰਦਰ ਨੂੰ ਦੁਬਾਰਾ ਫੂਨ ਮਿਲਾ ਦਿੱਤਾ ਸੀ। ਉਸ ਦੀ ਇਸ ਹਰਕਤ ‘ਤੇ ਗੁੱਸੇ ‘ਚ ਉਸ ਨੂੰ ਫਿਟਕਾਰਦੀ ਹੋਈ ਪਰਮਿੰਦਰ, ਦੋ ਕੁ ਪਲ ‘ਚ ਸਹਿਜ ਹੋ ਗਈ ਸੀ। ਫ਼ੇਰ ਉਨ੍ਹਾਂ ਦੀਆਂ ਗੱਲਾਂ ਲੰਬੀਆਂ ਹੁੰਦੀਆਂ ਗਈਆਂ, ਮੁਲਾਕਾਤਾਂ ਹੋਣ ਲੱਗੀਆਂ ਤੇ ਉਹ ਇੱਕ ਜਾਨ ਹੋ ਗਏ ਸਨ।

“ਗੱਲ ਕੀ ਹੋਈ ਆ ਤਾਈ? ਕਲੇਸ਼ ਕਿਸ ਗੱਲ ਦਾ? ਜੋ ਗੱਲ ਇੱਥੇ ਤੱਕ ਅੱਪੜ ਗਈ?” ਰਣਜੀਤ ਸਿੰਘ ਨੂੰ ਨਿਰਮਲ ਸਿੰਘ ਨਾਲ ਗੱਲ ਕਰਨ ਦੀ ਵਜਾਏ ਉਸ ਦੀ ਮਾਂ ਤਾਈ ਸੀਤੋ ਗੱਲ ਕਰਨੀ ਠੀਕ ਲੱਗ ਰਹੀ ਸੀ।

“ਇਸੇ ਨੂੰ ਪੁੱਛ ਲੈ, ਕਿਹੜਾ ਸੱਪ ਲੜਿਆ ਇਹਦੇ। ਅਸੀਂ ਤਾਂ ਚੰਗੀਆਂ ਭਲੀਆਂ ਹੱਸਦੀਆਂ ਸੀ ਬੈਠੀਆਂ, ਬੈਠੇ ਬੈਠੇ ਦੇ ਪਤਾ ਨਹੀਂ ਕੀ ਭੂੰਡ ਲੜਿਆ ਇਹਦੇ, ਸਾਰਾ ਘਰ ਚੁੱਕ ਲਿਆ ਸਿਰ ‘ਤੇ। ਅਖੇ ਇਸ ਨੂੰ ਫੂਨ ਆਉਂਦੇ ਆ ਕਿਸੇ ਦੇ।ਵਿਆਹ ਤੋਂ ਪਹਿਲਾਂ ਤਾਂ ਇਹ ਸੋਹਲੇ ਗਾਉਂਦਾ ਸੀ ਪਰਮਿੰਦਰ ਦੇ। ਮਰਦਾ ਜਾਂਦਾ ਸੀ ਉਸ ਨਾਲ ਵਿਆਹ ਕਰਵਾਉਣ ਨੂੰ। ਹੁਣ ਵਕੀਲਾਂ ਮਗਰ ਘੁੰਮਦਾ, ਸਾਡਾ ਵੀ ਜਲੂਸ ਕੱਢਣ ਲੱਗਾ ਹੋਇਆ।” ਨਿਰਮਲ ਸਿੰਘ ਦੀ ਮਾਂ ਰੋਣਹਾਕੀ ਹੋਈ ਪਈ ਸੀ। “ਸਾਰੇ ਇਸਨੂੰ ਹੀ ਮਾੜਾ ਕਹਿੰਦੇ ਆ।”

“ਕਿਸ ਦੇ ਫੂਨ ਆਉਂਦੇ ਸੀ ਭਰਜਾਈ ਨੂੰ?” ਰਣਜੀਤ ਸਿੰਘ ਨੇ ਨਿਰਮਲ ਵਲ ਦੇਖਦਿਆਂ ਪੁੱਛਿਆ।

“ਇੱਕ ਘੰਟੇ ਵਿੱਚ ਦੋ ਮਿਸਡ ਕਾਲਾਂ ਆਈਆਂ ਉਸ ਦੇ ਫੂਨ ‘ਤੇ, ਜਦੋਂ ਮੈਂ ਬੈਕ ਕਾਲ ਕੀਤੀ ਤਾਂ ਕਿਸੇ ਨੇ ਫੂਨ ਨਹੀਂ ਚੁੱਕਿਆ। ਦੋ ਦਿਨ ਪਹਿਲਾਂ ਵੀ ਉਸੇ ਨੰਬਰ ਤੋਂ ਮਿਸਡ ਕਾਲ ਆਈ ਸੀ। ਪੁਛਿਆ ਤਾਂ ਕਹਿੰਦੀ ਮੈਨੂੰ ਨਹੀਂ ਪਤਾ ਕੌਣ ਹੈ।”

“ਤੂੰ ਆਪਣੇ ਫੂਨ ਤੋਂ ਜਾਂ ਕਿਸੇ ਹੋਰ ਦੇ ਫੂਨ ਤੋਂ ਕਰਾਸ ਚੈਕ ਕੀਤਾ?”

ਨਿਰਮਲ ਸਿੰਘ ਚੁੱਪ ਸੀ।

“ਤੂੰ ਐਨਾਂ ਤੰਗਦਿਲ ਅਤੇ ਸ਼ੱਕੀ ਸੁਭਾਅ ਦਾ ਹੋਵੇਂਗਾ ਕਦੇ ਸੋਚਿਆ ਨਹੀਂ ਸੀ।” ਰਣਜੀਤ ਸਿੰਘ ਨਰਾਜ਼ ਹੋ ਰਿਹਾ ਸੀ। “ਅਸਲ ਵਿੱਚ ਤੇਰੀ ਪਰੋਬਲਮ ਆਹ ਦੋ ਤਿੰਨ ਮਿਸਡ ਕਾਲਾਂ ਨਹੀਂ, ਤੇਰੀ ਘਟੀਆ ਸੋਚ ਹੈ। ਕਿਉਂਕਿ ਤੂੰ ਸੋਚ ਰਿਹਾਂ ਕਿ ਪਰਮਿੰਦਰ ਨੇ ਮਿਸਡ ਕਾਲ ਕਰ ਕੇ, ਤੇਰੇ ਨਾਲ ਗੱਲ ਕਰਨ ਦੀ ਪਹਿਲ ਕੀਤੀ ਸੀ। ਜਦੋਂ ਕਿ ਸਚਾਈ ਇਹ ਹੈ ਕਿ, ਮੇਰੇ ਕਹਿਣ ‘ਤੇ, ਤੇਰੀ ਭਰਜਾਈ ਨੇ,ਪਰਮਿੰਦਰ ਤੋਂ ਚੋਰੀ, ਉਸ ਦੇ ਫੂਨ ਤੋਂ ਉਹ ਮਿਸਡ ਕਾਲ ਕੀਤੀ ਸੀ। ਕਿਉਂਕਿ ਪਰਮਿੰਦਰ ਅੱਗੇ,ਆਪਣੇ ਪਿਆਰ ਦਾ ਇਜ਼ਹਾਰ ਕਰਨ ਦੀ ਤੇਰੇ ਵਿੱਚ ਹਿੰਮਤ ਨਹੀ ਹੋ ਰਹੀ ਸੀ। ਕਿਉਂਕਿ ਆਪਣੇ ਕਾਲਜ ਦੀ ਸੱਭ ਤੋਂ ਸੋਹਣੀ ਅਤੇ ਸੱਭ ਤੋਂ ਸਰੀਫ ਸਮਝੀ ਜਾਣ ਵਾਲੀ ਕੁੜੀ ਅੱਗੇ ਤੂੰ ਆਪਣੇ ਆਪ ਬੌਣਾ ਮਹਿਸੂਸ ਕਰਦਾ ਸੀ। ਅੱਜ ਵੀ ਉਸੇ ਹੀਣ ਭਾਵਨਾ ਚ ਜੀਅ ਰਿਹਾਂ ਤੂੰ।”

ਨਿਰਮਲ ਸਿੰਘ ਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ।

“ਮੈਨੂੰ,ਹੁਣੇ ਜੁਆਬ ਚਾਹੀਦਾ ਤੇਰਾ,ਤੂੰ ਤਲਾਕ ਲੈਣਾਂ ਜਾਂ ਘਰ ਵਸਾਉਣਾਂ।”

“ਤਲਾਕ ਦੀ ਅਰਜ਼ੀ ਪਰਮਿੰਦਰ ਨੇ ਲਾਈ ਆ।” ਨਿਰਮਲ ਸਿੰਘ ਬੜੀ ਮੁਸ਼ਕਿਲ ਨਾਲ ਕਹਿ ਸਕਿਆ।

“ਹੋਰ ਕਿਆ ਉਹ ਫਾਹਾ ਲੈ ਲੈਦੀਂ ਉਹ, ਤੇਰੀਆਂ ਜਲੀਆਂ ਕਟੀਆਂ ਸੁਣ ਕੇ।” ਨਿਰਮਲ ਸਿੰਘ ਦੀ ਮਾਂ ਉਸ ਨੂੰ ਝਾੜ ਪਾ ਰਹੀ ਸੀ।

ਰਣਜੀਤ ਸਿੰਘ ਨੇ ਉਸੇ ਸਮੇਂ ਪਰਮਿੰਦਰ ਨੂੰ ਫੂਨ ਮਿਲਾਇਆ: “ਪਰਮਿੰਦਰ,ਅਸੀਂ ਤੈਨੂੰ ਲੈਣ ਆ ਰਹੇ ਹਾਂ। ਪਲੀਜ਼, ਤਲਾਕ ਦੀ ਅਰਜ਼ੀ ਵਾਪਸ ਲੈ ਲੈ।” ਰਣਜੀਤ ਸਿੰਘ ਦੇ ਬੋਲ ਸੁਣਦਿਆਂ ਹੀ ਪਰਮਿੰਦਰ ਦੀ ਧਾਅ ਨਿਕਲ ਗਈ।ਰਣਜੀਤ ਸਿੰਘ ਨੂੰ ਉਹ ਸਕੇ ਭਰਾਵਾਂ ਵਾਂਗ ਮੰਨਦੀ ਸੀ। ਰਣਜੀਤ ਸਿੰਘ ਆਪਣਾ ਮੁਬਾਇਲ ਨਿਰਮਲ ਦੇ ਹੱਥ ਫੜਾਉਂਦਾ ਹੋਇਆ ਤਾਈ ਸੀਤੋਂ ਨੂੰ ਲੈ ਕੇ ਬਾਹਰ ਵੇਹੜੇ ਵਿੱਚ ਆ ਗਿਆ।

ਕੁੱਝ ਪਲਾਂ ਬਾਅਦ ਉਹ ਤਿੰਨੋਂ, ਪਰਮਿੰਦਰ ਨੂੰ ਘਰ ਵਾਪਸ ਲੈ ਆਉਣ ਲਈ ਗੱਡੀ ਚ ਬੈਠੇ ਸਨ। ਨਿਰਮਲ ਸਿੰਘ ਦੇ ਸ਼ਰਮਿੰਦਗੀ ਭਰੇ ਚੇਹਰੇ ਵਲ ਦੇਖਦਿਆਂ, ਰਣਜੀਤ ਸਿੰਘ ਨੇ ਗੱਡੀ ਅੱਗੇ ਤੋਰ ਲਈ।
***
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1794
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਦੀਪ ਸਿੰਘ ਮੁਕੱਦਮ
ਪਿੰਡ: ਲਧਾਣਾ ਝਿੱਕਾ, ਜਿਲਾ ਸ਼ਹੀਦ ਭਗਤ ਸਿੰਘ
ਵਿੱਦਿਆ: ਬੀ.ਏ., ਸਿੱਖ ਨੈਸ਼ਨਲ ਕਾਲਜ ਬੰਗਾ ਤੋਂ 1978 ‘ਚ
ਮੋਬਾਈਲ:+44 9878160133
ਤਿੰਨ ਨਾਵਲ: ਜੁਰਮ, ਰਣਪੁਰ ਤੇ ਕਤਲਗਾਹ, ਮੇਰੇ ਸਾਹੀਂ ਵੱਸਿਆ ਮੇਰਾ ਪਿੰਡ ਲਧਾਣਾ ਝਿੱਕਾ (ਇਤਿਹਾਸ) ਪਰਕਾਸ਼ਿਤ

ਗੁਰਦੀਪ ਸਿੰਘ ਮੁਕੱਦਮ

ਗੁਰਦੀਪ ਸਿੰਘ ਮੁਕੱਦਮ ਪਿੰਡ: ਲਧਾਣਾ ਝਿੱਕਾ, ਜਿਲਾ ਸ਼ਹੀਦ ਭਗਤ ਸਿੰਘ ਵਿੱਦਿਆ: ਬੀ.ਏ., ਸਿੱਖ ਨੈਸ਼ਨਲ ਕਾਲਜ ਬੰਗਾ ਤੋਂ 1978 ‘ਚ ਮੋਬਾਈਲ:+44 9878160133 ਤਿੰਨ ਨਾਵਲ: ਜੁਰਮ, ਰਣਪੁਰ ਤੇ ਕਤਲਗਾਹ, ਮੇਰੇ ਸਾਹੀਂ ਵੱਸਿਆ ਮੇਰਾ ਪਿੰਡ ਲਧਾਣਾ ਝਿੱਕਾ (ਇਤਿਹਾਸ) ਪਰਕਾਸ਼ਿਤ

View all posts by ਗੁਰਦੀਪ ਸਿੰਘ ਮੁਕੱਦਮ →