18 February 2026

ਨਾਮ ਸਿਮਰਨ — ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਨਾਮ ਸਿਮਰਨ ਦੇ ਸੰਕਲਪ ਨੂੰ ਸਮਝਣ ਤੋਂ ਪਹਿਲਾਂ ਇਹ ਸਪੱਸ਼ਟ ਹੋਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਸਾਰੀ ਮਾਨਵਤਾ ਦੇ ਕਲਿਆਨ ਵਾਸਤੇ ਇਕ ਅਦੁੱਤੀ ਅੰਮ੍ਰਿਤਮਈ ਗਿਆਨ ਦਾ ਸੋਮਾ ਹੈ। ਗੁਰਬਾਣੀ ਦੀ ਵਿਚਾਰਧਾਰਾ ਨੂੰ ਅਪਣਾ ਕੇ, ਹਰ ਮਨੁੱਖ, ਸੁਖੀ ’ਤੇ ਅਨੰਦਮਈ ਜੀਵਨ ਬਤੀਤ ਕਰ ਸਕਦਾ ਹੈ। ਇਸ ਤਰ੍ਹਾਂ ਇਕ ਬਹੁਤ ਸੁੰਦਰ ਸਮਾਜ ਸਿਰਜਿਆ ਜਾ ਸਕਦਾ ਹੈ।

ਗੁਰਬਾਣੀ ਅਨੁਸਾਰ, ਨਾਮ ਸਿਮਰਨ ਦੀ ਖਾਸ ਵਿਸ਼ੇਸ਼ਤਾ ਹੈ। ਗੁਰਬਾਣੀ ਦਾ ਫ਼ਰਮਾਨ ਹੈ: “ਗੁਰ ਕਾ ਸਬਦੁ ਰਾਖੁ ਮਨ ਮਾਹਿ ॥ ਨਾਮੁ ਸਿਮਰਿ ਚਿੰਤਾ ਸਭ ਜਾਹਿ”॥ (ਗ:ਗ:ਸ:ਪੰਨਾ-192)। ਭਾਵ ਇਹ ਕਿ ਗੁਰੂ ਸਾਹਿਬ ਦੀ ਸਿਖਿਆ ਹਮੇਸ਼ਾ ਯਾਦ ਰੱਖੋ, ਅਤੇ ਸਿਖਿਆ ਹੈ: ਨਾਮ ਸਿਮਰਨ ਕਰਨ ਨਾਲ ਸਭ ਤਰ੍ਹਾਂ ਦੀ ਚਿੰਤਾ ਦੂਰ ਹੋ ਜਾਂਦੀ ਹੈ। ਇਸ ਦਾ ਭਾਵ ਇਹ ਹੋਇਆ ਕਿ ਚਿੰਤਾ ਰਹਿਤ ਜੀਵਨ ਜੀਉਣ ਵਾਸਤੇ ਨਾਮ ਸਿਮਰਨਾ ਇਕ ਵਡਮੁੱਲਾ ਨੁਕਤਾ ਹੈ।  ਲੇਕਿਨ ਨਾਮ ਸਿਮਰਨ ਦੇ ਸੰਬੰਧ ਵਿਚ ਬਹੁਤ ਸਾਰੇ ਭੁਲੇਖੇ ਪਾ ਕੇ ਆਮ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸੇ ਲਈ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਨਾਮ ਸਿਮਰਨ ਦਾ ਅਸਲ ਭਾਵ ਕੀ ਹੈ।

ਸਿਮਰਨ

ਸਿਮਰਨ ਦੇ ਸੰਬੰਧ ਵਿਚ ਬਿੱਪਰਵਾਦੀ ਵਿਚਾਰਧਾਰਾ ਅਨੁਸਾਰ ਕਈ ਤਰ੍ਹਾਂ ਦੇ ਹੱਠ ਵਾਲੇ ਜਪ ਤਪ ਕਰਨੇ ਹੀ ਸਿਮਰਨ ਕਰਨਾ ਹੈ। ਇਸ ਦੇ ਇਲਾਵਾ ਤੀਰਥ ਇਸ਼ਨਾਨ ਅਤੇ ਕਈ ਤਰ੍ਹਾਂ ਦੀ ਪਾਠ ਪੂਜਾ ਕਰਨ ਨੂੰ ਵੀ ਸਿਮਰਨ ਕਿਹਾ ਗਿਆ ਹੈ। ਇਸ ਤਰ੍ਹਾਂ ਦੀਆਂ ਸਿਮਰਨ ਜੁਗਤਾਂ ਅਪਣਾ ਕੇ ਇਹ ਸਮਝ ਲਿਆ ਜਾਂਦਾ ਹੈ ਕਿ ਬੁਰੇ ਕਰਮਾਂ ਦੀ ਸਜ਼ਾ ਨਹੀਂ ਮਿਲੇਗੀ ਅਤੇ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਵੇਗਾ। ਗੁਰਬਾਣੀ ਦੇ ਅਧਾਰ ’ਤੇ ਐਸੇ ਕਰਮ ਵਿਅਰਥ ਹਨ।

ਗੁਰਬਾਣੀ ਦਾ ਫ਼ਰਮਾਨ ਹੈ: “ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ॥” (ਗ:ਗ:ਸ: ਪੰਨਾ 436) ਭਾਵ ਸਭ ਤਰ੍ਹਾਂ ਦੇ ਹੱਠ ਵਾਲੇ ਜਪ, ਤਪ ਆਦਿ ਕਰਨ ਨਾਲ ਮਨ ਦੇ ਵਿਕਾਰਾਂ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਨਾਲ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ।

ਪਹਿਲਾਂ ਕਦੀ ਵੇਖਦੇ ਸੀ ਕਿ ਕਈ ਲੋਕ ਕਾਪੀਆਂ ਤੇ ਰਾਮ ਰਾਮ ਲਿਖਦੇ ਰਹਿੰਦੇ ਸਨ ਤੇ ਕਈ ਕਾਪੀਆ ਰਾਮ ਰਾਮ ਲਿਖ ਕੇ ਭਰ ਦਿੰਦੇ ਸਨ। ਇਸ ਸੰਬੰਧ ਵਿਚ ਇਹ ਕਿਹਾ ਜਾਂਦਾ ਸੀ ਕਿ ਇਹੀ ਸਾਡਾ ਨਾਮ ਸਿਮਰਨ ਹੈ। ਉਹ ਆਖਦੇ ਸਨ ਕਿ ਅਗਲੀ ਦਰਗਾਹ ਵਿੱਚ ਇਹ ਨਾਮ ਸਾਡੇ ਬੈਂਕ ਵਿਚ ਜਮ੍ਹਾਂ ਹੋ ਰਿਹਾ ਹੈ। ਇਸੇ ਤਰ੍ਹਾਂ ਹੁਣ ਗੁਰਦੁਆਰਿਆ ਵਿਚ ਹਾਜ਼ਰੀ ਭਰਨ ਵਾਲੇ ਪ੍ਰੇਮੀਆਂ ਨੇ ਵੀ ਕਾਪੀਆਂ ਤੇ ਵਾਹਿਗੁਰੂ ਵਾਹਿਗੁਰੂ ਲਿਖਣਾ ਸ਼ੁਰੂ ਕਰ ਦਿਤਾ ਹੈ। ਇਸੇ ਨੂੰ ਉਹ ਨਾਮ ਸਿਮਰਨ ਆਖਦੇ ਹਨ। ਇਹੀ ਹੈ ਬਿੱਪਰਵਾਦੀ ਵਿਚਾਰਧਾਰਾ ਦਾ ਪ੍ਰਭਾਵ। ਇਹ ਸਮਝਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਐਸਾ ਅਭਿਆਸ ਕਰਨ ਨਾਲ ਜੀਵਨ ਵਿਚ ਕਿੰਨਾਂ ਸੁਧਾਰ ਆਉਂਦਾ ਹੈ। ਕਿਉਂਕਿ ਮਕਸਦ ਤਾਂ ਜੀਵਨ ਵਿਚ ਸੁਧਾਰ ਲਿਆਉਣਾ ਅਤੇ ਆਪਣੇ ਅੰਦਰ ਜਾਗ੍ਰਿਤੀ ਪੈਦਾ ਕਰਨਾ ਹੈ।

ਅਜੋਕੇ ਸਮੇਂ ਵਿਚ ਆਮ ਤੌਰ ’ਤੇ ‘ਨਾਮ ਸਿਮਰਨ’ ਤੋਂ ਇਹ ਭਾਵ ਲਿਆ ਜਾਂਦਾ ਹੈ ਕਿ ਕਿਸੇ ਇਕ ਨਾਮ ਨੂੰ ਜਾਂ ਸ਼ਬਦ ਨੂੰ ਬਾਰ-ਬਾਰ ਰਟਿਆ ਜਾਵੇ। ਇਸੇ ਕਾਰਨ ਨਾਮ ਸਿਮਰਨ ਸੁਸਾਇਟੀਆਂ ਬਣੀ ਜਾ ਰਹੀਆਂ ਹਨ ’ਤੇ ਨਾਮ ਸਿਮਰਨ ਦਾ ਇਕ ਨਵਾਂ ਰਿਵਾਜ਼ ਪੈਦਾ ਹੋ ਗਿਆ ਹੈ। ਨਾਮ ਸਿਮਰਨ ਵਾਲੇ ਕਿੰਨਾਂ ਕਿੰਨਾਂ ਚਿਰ ਸਿਰਫ ਵਾਹਿਗੁਰੂ-ਵਾਹਿਗੁਰੂ ਦਾ ਰਟਣ ਕਰੀ ਜਾਂਦੇ ਹਨ ਅਤੇ ਇਸੇ ਨੂੰ ਉਹ ਨਾਮ ਸਿਮਰਨ ਸਮਝਦੇ ਹਨ। ਇੱਥੋਂ ਤੱਕ ਕਿ ਰਾਗੀ ਸਿੰਘ ਵੀ ਕੀਰਤਨ ਕਰਦਿਆਂ ਵਾਹਿਗੁਰੂ-ਵਾਹਿਗੁਰੂ ਕਰਨਾ ਸ਼ੁਰੂ ਕਰ ਦਿੰਦੇ ਹਨ। ਅਸਲਿਅਤ ਇਹ ਹੈ ਕਿ, ਇਹ ਸਭ ਦੇਖਾ ਦੇਖੀ ਰਿਵਾਜ਼ ਵਧਦਾ ਜਾ ਰਿਹਾ ਹੈ।

ਇਸ ਤਰ੍ਹਾਂ ਦੇ ਦੇਖਾ ਦੇਖੀ ਕਰਮਕਾਂਡ ਦੇ ਸੰਬੰਧ ਵਿਚ ਹੀ ਗੁਰੂ ਸਾਹਿਬ ਫ਼ਰਮਾਉਂਦੇ ਹਨ: “ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥” (ਗ:ਗ:ਸ: ਪੰਨਾ 28)। ਮਨਮੁਖ ਐਸੇ ਵਿਅਕਤੀ ਹੁੰਦੇ ਹਨ ਜੋ ਆਪਣੀ ਬੁੱਧ ਤੋਂ ਕੰਮ ਨਹੀਂ ਲੈਂਦੇ, ਮਨ ਦੀ ਮਰਜ਼ੀ ਕਰਦੇ ਹਨ। ਐਸੇ ਮਨਮੁੱਖ ਲੋਕ ਬਿਨਾਂ ਕੁਝ ਸੋਚੇ ਸਮਝੇ, ਮਨ-ਮੱਤ ਕਾਰਨ, ਲੋਕਾਂ ਨੂੰ ਦੇਖ ਕੇ ਜੋ ਉਹ ਕਰਦੇ ਹਨ, ਉਸੇ ਤਰ੍ਹਾਂ ਕਰਨ ਲੱਗ ਜਾਂਦੇ ਹਨ। ਜਦੋਂ ਕਿ ਗੁਰਮੁਖਿ ਆਪਣੀ ਬਿਬੇਕ ਬੁੱਧ ਤੋਂ ਕੰਮ ਲੈਂਦੇ ਹਨ। ਉਹ ਕਿਸੇ ਵੀ ਕਰਮ ਨੂੰ ਕਰਨ ਤੋਂ ਪਹਿਲਾਂ ਉਸ ਸੰਬੰਧ ਵਿਚ ਸੋਚ ਵਿਚਾਰ ਕਰਦੇ ਹਨ। ਉਹ ਦੇਖਾ ਦੇਖੀ ਕੋਈ ਕਰਮ ਨਹੀਂ ਕਰਦੇ। ਇਸੇ ਲਈ ਉਨ੍ਹਾਂ ਦਾ ਹਿਰਦਾ ਸ਼ੁਧ ਹੁੰਦਾ ਹੈ। ਆਰਥਾq  ਦੇਖਾ ਦੇਖੀ ਦੇ ਪ੍ਰਭਾਵ ਹੇਠ ਨਹੀਂ ਆਉਂਦੇ। ਆਪਣੀ ਬਿਬੇਕ ਬੁੱਧ ਤੋਂ ਕੰਮ ਲੈਂਦੇ ਹਨ। ਉਹ ਕੇਵਲੇ ਐਸੇ ਕਰਮ ਹੀ ਕਰਦੇ ਹਨ ਜਿਸ ਦਾ ਕੋਈ ਅਰਥ ਹੋਵੇ। ਅਰਥ-ਭਰਪੂਰ ਕਰਮ ਕਰਨ ਨਾਲ ਹੀ ਉਸ ਦਾ ਚੰਗਾ ਸਿੱਟਾ ਨਿਕਲਦਾ ਹੈ। ਇਸੇ ਨੂੰ ਕਿਹਾ ਹੈ: ਸੇਵ ਪਈ ਤਿਨ ਥਾਇ। ਭਾਵ ਜੋ ਕਰਮ ਸੋਚ ਵਿਚਾਰ ਕੇ ਕੀਤੇ ਜਾਂਦੇ ਹਨ ਉਨ੍ਹਾਂ ਦਾ ਹੀ ਕੋਈ ਲਾਭ ਹੋ ਸਕਦਾ ਹੈ।

ਗੁਰਬਾਣੀ ਰਾਹੀਂ ਬਹੁਤ ਵਾਰ, ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਰੱਬ ਦਾ ਕੋਈ ਨਾਮ ਰੱਖ ਕੇ, ਉਸ ਨਾਮ ਨੂੰ ਕੇਵਲ ਰਟਣ ਨਾਲ ਹੀ ਰੱਬ ਨਾਲ ਮਿਲਾਪ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 491 ਤੇ ਸ਼ਬਦ ਹੈ: “ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥” ਅਰਥ ਬਹੁਤ ਸਪੱਸ਼ਟ ਹਨ। ਭਾਵ ਕੇਵਲ ਰਾਮ ਰਾਮ, ਜਾਂ ਫਿਰ ਵਾਹਿਗੁਰੂ-ਵਾਹਿਗੁਰੂ ਸ਼ਬਦ ਨੂੰ ਜ਼ੁਬਾਣੀ ਕਹਿਣ ਨਾਲ ਹੀ (ਕਹਿਐ ਰਾਮੁ ਨ ਹੋਇ॥) ਰਾਮ ਜਾ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਜੇਕਰ ਵਾਹਿਗੁਰੂ ਨਾਲ ਮਲਾਪ ਕਰਨਾ ਹੈ ਤਾਂ ਗੁਰੂ ਸਾਹਿਬ ਇਸ ਦਾ ਰਸਤਾ ਵੀ ਦਸਦੇ ਹਨ ਅਤੇ ਆਖਦੇ ਹਨ: “ਗੁਰ ਪਰਸਾਦੀ ਰਾਮੁ ਮਨਿ ਵਸੇ ਤਾ ਫਲੁ ਪਾਵੈ ਕੋਇ ॥”  ਅਸਲ ਵਿਚ ਰਾਮ ਜਾਂ ਵਾਹਿਗੁਰੂ ਨੂੰ ਮਨ ਵਿਚ ਵਸਾਉਣਾ ਹੀ ਨਾਮ ਜਪਣਾ ਹੈ। ਗੁਰ ਪਰਸਾਦੀ ਤੋਂ ਭਾਵ ਹੈ ਗਿਆਨ ਦੀ ਪ੍ਰਾਪਤੀ ਕਰਨ ਨਾਲ, ਬਿਬੇਕ ਬੁੱਧ ਦੀ ਵਰਤੋਂ ਕਰਨ ਨਾਲ। “ਗੁਰ ਪਰਸਾਦੀ” ਦੇ ਅਰਥ ਜੋ ਆਮ ਪ੍ਰਚਾਰਕ ਕਰਦੇ ਹਨ ਉਹ ਆਖਦੇ ਹਨ ਕਿ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਇਹ ਸਪੱਸ਼ਟ ਹੋਣਾ ਚਾਹੀਦਾ ਹੈ ਗੁਰੂ ਦੀ ਕਿਰਪਾ ਤਾਂ ਹਰ ਸਮੇਂ ਹੀ ਹੁੰਦੀ ਰਹਿੰਦੀ ਹੈ। ਗੁਰੂ ਦੀ ਕਿਰਪਾ ਵਾਸਤੇ ਕਿਸੇ ਚਾਪਲੂਸੀ ਦੀ ਲੋੜ ਨਹੀਂ ਹੁੰਦੀ। ਜਦੋਂ ਰਾਮ ਦੇ ਭਾਵ ਵਾਹਿਗੁਰੂ ਦੇ ਗੁਣਾਂ ਦੀ ਸੋਝੀ ਆਉਂਦੀ ਹੈ ਤਾਂ ਇਹੀ ਗੁਰੂ ਦੀ ਕਿਰਪਾ ਹੈ। ਐਸੀ ਸੋਝੀ ਆਉਣ ਨਾਲ ਹੀ ‘ਰਾਮੁ ਮਨਿ ਵਸੇ ’ ਭਾਵ ਉਸ ਰਾਮ ਜਾਂ ਵਾਹਿਗੁਰੂ ਦੇ ਗੁਣ ਆਪਣੇ ਅੰਦਰ ਵਸਾਏ ਜਾ ਸਕਦੇ ਹਨ। ਨਾਮ ਸਿਮਰਨ ਦਾ ਮਕਸਦ ਤਾਂ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਹੈ। ਜਦੋਂ ਰਾਮ ਦੇ ਗੁਣ ਭਾਵ ਸੁਚੱਜੇ ਰੱਬੀ ਗੁਣ ਆਪਣੇ ਹਿਰਦੇ ਅੰਦਰ ਵਸ ਜਾਂਦੇ ਹਨ ਤਾਂ ਇਹ ਨਾਮ ਸਿਮਰਨ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਜੋ ਲੋਕ ਵਾਹਿਗੁਰੂ ਦਾ ਨਾਮ ਰਟਦੇ ਹਨ ਉਹ ਨਿਰ੍ਹਾ ਜੀਭ ਨਾਲ ਵਾਹਿਗੁਰੂ ਭਾਵ ਆਪਣੀ ਵਲੋਂ ਪਰਮਾਤਮਾ ਦਾ ਨਾਮ ਹੀ ਰਟਦੇ ਹਨ। ਮਨ ਦੀ ਸਥਿਤੀ ਵਿਚ ਬਦਲਾਵ ਨਹੀਂ ਆਉਂਦਾ। ਜਿਵੇਂ ਰੋਟੀ-ਰੋਟੀ ਕਹਿਣ ਨਾਲ ਹੀ ਰੋਟੀ ਢਿੱਡ ਵਿਚ ਨਹੀਂ ਪੈਅ ਸਕਦੀ। ਇਹ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ ਕਿ, ਕੀ ਵਾਹਿਗੁਰੂ ਦੇ ਸ਼ਬਦ ਨੂੰ ਰਟਣ ਨਾਲ ਮਨ ਦੀ ਸੋਚ ਵਿਚ ਬਦਲਾਵ ਆਉਂਦਾ ਹੈ ਜਾਂ ਨਹੀਂ?

ਇਸ ਸੰਕਲਪ ਨੂੰ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਵਿਸਥਾਰ ਨਾਲ ਇਸ ਤਰ੍ਹਾਂ ਬਿਆਨ ਕਰਦੇ ਹਨ: “ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ ਮੀਠੋ ਆਵੈ॥ ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ ॥ ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ॥ ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ ॥ ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸੁ ਚੰਦ੍ਰ ਚੰਦ੍ਰ ਕਹੈ ਉਜੀਆਰੋ ਨ ਪ੍ਰਗਾਸ ਹੈ ॥ ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ॥ ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ॥437॥” (ਵਾਰਾਂ ਭਾਈ ਗੁਰਦਾਸ ਜੀ ਪੰਨਾ 42) ਇੱਥੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ: ਖੰਡ ਖੰਡ ਕਹਿਣ ਨਾਲ ਮੂੰਹ ਮਿਠਾ ਨਹੀਂ ਹੋ ਸਕਦਾ। ਅੱਗ ਅੱਗ ਕਹਿਣ ਨਾਲ ਅੱਗ ਦਾ ਸੇਕ ਨਹੀਂ ਆ ਸਕਦਾ। ਡਾਕਟਰ ਡਾਕਟਰ ਕਹਿਣ ਨਾਲ ਰੋਗ ਦੂਰ ਨਹੀਂ ਹੋ ਜਾਂਦਾ। ਧਨ ਧਨ ਕਹਿਣ ਨਾਲ ਧਨ ਦੀ ਪ੍ਰਾਪਤੀ ਦਾ ਸੁਖ ਨਹੀਂ ਮਿਲ ਸਕਦਾ। ਚੰਦਨ ਚੰਦਨ ਕਹਿਣ ਨਾਲ ਚੰਦਨ ਦੀ ਖਸਬੂ ਦਾ ਅਨੰਦ ਨਹੀਂ ਆਉਂਦਾ ਅਤੇ ਚੰਦਰ ਚੰਦਰ ਰਟਣ ਨਾਲ ਚੰਦਰਮਾਂ ਦੀ ਰੋਸ਼ਣੀ ਦਾ ਅਨੰਦ ਨਹੀਂ ਮਿਲ ਸਕਦਾ। ਕੇਵਲ ਗੋਸ਼ਟੀ ਕਰਨ ਨਾਲ ਹੀ ਕੋਈ ਪ੍ਰਾਪਤੀ ਨਹੀਂ ਹੁੰਦੀ ਜਦ ਤੱਕ ਸੰਕਲਪ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਨਾ ਜੀਵਿਆ ਜਾਵੇ। ਕਿਸੇ ਚੀਜ਼ ਦੇ ਰਟਣ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ। ਇਸ ਅਨੁਸਾਰ ਵਾਹਿਗੁਰੂ-ਵਾਹਿਗੁਰੂ ਕਹਿਣ ਨਾਲ ਹੀ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ।

ਇਸ ਸੰਬੰਧ ਵਿਚ ਜਪੁ ਜੀ ਸਾਹਿਬ ਦੀ 32ਵੀਂ ਪੌੜੀ ਵਿਚ ਬੜੇ ਸਪੱਸ਼ਟ ਸ਼ਬਦਾਂ ਵਿਚ ਇਸ ਤਰ੍ਹਾਂ ਸਮਝਾਇਆ ਗਿਆ ਹੈ: “ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥32॥” (ਗ:ਗ:ਸ: ਪੰਨਾ 7) ਇਨ੍ਹਾਂ ਪੰਕਤੀਆਂ ਰਾਹੀਂ ਗੁਰੂ ਸਾਹਿਬ ਇਹ ਗੱਲ ਸਾਫ਼ ਕਰਦੇ ਹਨ ਕਿ ਜੇਕਰ ਮਨੁੱਖ ਲੱਖਾਂ ਜੀਭਾਂ ਨਾਲ ਵੀ ਅਨੰਤ ਵਾਰ ਪ੍ਰਭੂ ਦਾ ਨਾਮ ਜਪਦਾ ਰਹੇ ਅਤੇ ਇਸ ਆਧਾਰ ’ਤੇ ਇਹ ਦਾਅਵਾ ਕਰਨ ਲੱਗ ਜਾਵੇ ਕਿ ਉਸ ਨੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਹੈ, ਤਾਂ ਇਹ ਦਾਅਵਾ ਗੁਰਮਤਿ ਅਨੁਸਾਰ ਝੂਠੀ ਸ਼ੇਖੀ ਤੋਂ ਵੱਧ ਕੁਝ ਨਹੀਂ।

ਕੀਟਾ ਆਈ ਰੀਸ” ਵਾਲੀ ਉਪਮਾ ਰਾਹੀਂ ਗੁਰੂ ਸਾਹਿਬ ਮਨੁੱਖੀ ਕਲਪਨਾ ਦੀ ਹੱਦ ਦਰਸਾਉਂਦੇ ਹਨ। ਜਿਵੇਂ ਕੋਈ ਕੀੜਾ ਅਸਮਾਨ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਉਡਣ ਯੋਗ ਸਮਝਣ ਲੱਗ ਜਾਵੇ। ਇਸ ਤਰ੍ਹਾਂ ਗਿਣਤੀਆਂ ਵਾਲੇ ਜਾਪ ਕਰ ਕੇ ਵੱਡੇ ਦਾਅਵੇ ਕਰਨੇ ਆਤਮਕ ਉਚਾਈ ਦੀ ਪ੍ਰਾਪਤੀ ਨਹੀਂ ਕਰ ਸਕਦੇ।

ਇਸ ਪੌੜੀ ਰਾਹੀਂ ਜਦੋਂ “ਨਦਰੀ ਪਾਈਐ” ਦੀ ਗੱਲ ਕੀਤੀ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਕਾਲ ਪੁਰਖ ਦੀ ਪ੍ਰਾਪਤੀ ਕਿਸੇ ਦਾਅਵੇ, ਚਾਪਲੂਸੀ ਜਾਂ ਦਿਖਾਵੇ ਨਾਲ ਨਹੀਂ ਹੁੰਦੀ। ਗੁਰਮਤਿ ਅਨੁਸਾਰ ਪ੍ਰਭੂ ਦੀ ਕਿਰਪਾ ਤਾਂ ਸਦਾ ਮੌਜੂਦ ਹੈ। ਪਰ ਉਸ ਦੀ ਪ੍ਰਤੀਤੀ ਮਨੁੱਖ ਨੂੰ ਤਦੋਂ ਹੁੰਦੀ ਹੈ, ਜਦੋਂ, ਆਪਣੀ ਅਗਿਆਨਤਾ ਨੂੰ ਦੂਰ ਕਰਕੇ, ਉਸ ਨੂੰ ਬਿਬੇਕ ਬੁੱਧ ਨਾਲ ਮਹਿਸੂਸ ਕਰੇ।

ਇਸ ਤਰ੍ਹਾਂ ਇਸ ਪੌੜੀ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਨਾਮ ਸਿਮਰਨ ਦਾ ਮਕਸਦ ਗਿਣਤੀ ਜਾਂ ਦਾਅਵਾ ਨਹੀਂ, ਸਗੋਂ ਅੰਦਰਲੀ ਤਬਦੀਲੀ ਹੈ। ਇਸ ਅਨੁਸਾਰ ਜਦੋਂ ਵਾਹਿਗੂਰੂ ਨਾਮ ਦਾ ਜਾਪ ਕੀਤਾ ਜਾਵੇ ਤਾਂ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਇਸ ਨਾਲ ਅੰਦਰ ਦੀ ਤਬਦੀਲੀ ਕਿੰਨੀ ਹੋਈ ਹੈ।

ਇਸ ਦੇ ਇਲਾਵਾ ਨਾਮ ਸਿਮਰਨ ਤੋਂ ਇਹ ਵੀ ਸਮਝਿਆ ਜਾਂਦਾ ਹੈ ਕਿ ਗੁਰੂ ਗ੍ਰੰਥ swihb ਵਿਚੋਂ ਕਿਸੇ ਖਾਸ ਬਾਣੀ ਜਾਂ ਸ਼ਬਦ ਦਾ ਪਾਠ ਕਰਦੇ ਰਹੋ ਤਾਂ ਇਹ ਨਾਮ ਸਿਮਰਨ ਹੋ ਗਿਆ। ਇਸੇ ਲਈ ਕਈ ਸੁਸਾਇਟੀਆਂ ਆਪਣੇ ਮੈਂਬਰਾਂ ਨੂੰ ਕਿਸੇ ਖਾਸ ਬਾਣੀ ਦੇ ਪਾਠ ਕਰਨ ਵਾਸਤੇ ਆਖ ਦਿੰਦੀਆਂ ਹਨ। ਫਿਰ ਮਿਥੇ ਗਏ ਦਿਨ ਅਰਦਾਸ ਵਿਚ ਦਸਦੇ ਹਨ ਕਿ ਉਨ੍ਹਾਂ ਨੇ ਕਿੰਨੀ ਵਾਰੀ ਕਿਸ ਬਾਣੀ ਦੇ ਪਾਠ ਕੀਤੇ ਹਨ। ਇਸ ਨੂੰ ਵੀ ਨਾਮ ਸਿਮਰਨ ਕਿਹਾ ਜਾਂਦਾ ਹੈ। ਜਦੋਂ ਕਿ ਗੁਰਬਾਣੀ ਸਮਝਾਉਂਦੀ ਹੈ: “ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ” (ਗ:ਗ:ਸ: ਪੰਨਾ-1102) ਭਾਵ ਇਹ ਕਿ ਬੇਦ, ਪੁਰਾਨ ਆਦਿ ਪੜ੍ਹ ਕੇ, ਭਾਵ ਧਰਮ ਦੀਆਂ ਪੁਸਤਕਾਂ ਪੜ੍ਹ ਕੇ, ਜਾਂ ਫਿਰ ਕਿਸੇ ਬਾਣੀ ਨੂੰ ਬਿਨਾਂ ਵਿਚਾਰੇ ਕੇਵਲ ਪੜ੍ਹ ਕੇ ਹੀ, ਰਾਮ ਨਾਮ ਕੀ ਗਤਿ ਨਹੀ ਜਾਨੀ” ਭਾਵ ਜੇਕਰ ਪਰਮਾਤਮਾ ਦੇ ਗੁਣਾਂ ਦੀ, ਸੁਚੱਜੇ ਗੁਣਾਂ ਦੀ ਸਮਝ ਨਹੀਂ ਆਈ ਤਾਂ ਪੜ੍ਹਨਾ ਸੁਣਨਾ ਸਭ ਵਿਅਰਥ ਹੈ। ਕਿਉਂਕਿ ਜੇਕਰ ਰੱਬੀ ਗੁਣਾਂ ਦੀ ਸਮਝ ਹੀ ਨਹੀਂ ਆਈ ਤਾਂ ਗੁਣ ਅਪਣਾਏ ਨਹੀਂ ਜਾ ਸਕਦੇ। ਫਿਰ ਜੇ ਗੁਣ ਅਪਣਾਏ ਹੀ ਨਹੀਂ ਗਏ ਤਾਂ ਗੁਰਮਤਿ ਅਨੁਸਾਰ “ਕੈਸੇ ਉਤਰਸਿ ਪਾਰਾ”  ਜੀਵਨ ਸਫਲਾ ਨਹੀਂ ਹੋ ਸਕਦਾ। ਇਸੇ ਲਈ ਐਸੇ ਪਾਠ ਕਰਨ ਦੀ ਤੁਲਣਾ ਕਰਦੇ ਹੋਏ ਕਿਹਾ ਹੈ ਕਿ “ਖਰ ਚੰਦਨ ਜਸ ਭਾਰਾ ॥” ਭਾਵ ਇਹ ਇਸ ਤਰ੍ਹਾਂ ਹੈ ਜਿਵੇਂ ਖੋਤੇ ਉੱਤੇ ਚੰਦਨ ਦੀ ਲਕੜ ਲੱਧ ਦਿੱਤੀ ਜਾਵੇ। ਕਿਉਂਕਿ ਖੋਤੇ ਨੂੰ ਚੰਦਣ ਦੀ ਲਕੜੀ ਦੀ ਅਹਿਮੀਅਤ ਦਾ ਕੋਈ ਅਹਿਸਾਸ ਨਹੀਂ ਹੁੰਦਾ। ਉਸ ਵਾਸਤੇ ਤਾਂ ਉਹ ਵਾਧੂ ਦਾ ਭਾਰ ਹੀ ਹੈ। ਇਸ ਅਨੁਸਾਰ ਜੇਕਰ ਪਾਠ ਕਰਕੇ ਜੀਵਨ ਵਿਚ ਸੁਧਾਰ ਹੀ ਨਹੀਂ ਆਇਆ; ਮਨ ਸ਼ਾਂਤ ਹੀ ਨਹੀਂ ਹੋਇਆ, ਮਨ ਵਿਚੋਂ ਬੁਰੇ ਵਿਚਾਰ ਨਿਕਲੇ ਹੀ ਨਹੀਂ,  ਤਾਂ ਪਾਠ ਕਰਨਾ ਵਿਅਰਥ ਹੋ ਗਿਆ।

ਇਸ ਅਨੁਸਾਰ ਜਦੋਂ ਗੁਰਬਾਣੀ ਕੀਰਤਨ ਸੁਣਿਆ ਜਾਂਦਾ ਹੈ ਤਾਂ ਇਹ ਪੂਰਨ ਤੌਰ ’ਤੇ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜੋ ਸ਼ਬਦ ਪੜਿਆ ਜਾਂ ਸੁਣਿਆ ਗਿਆ ਹੈ ਉਸ ਰਾਹੀਂ ਜੀਵਨ ਸੁਧਾਰ ਲਈ ਸੁਨੇਹਾ ਕੀ ਦਿੱਤਾ ਗਿਆ ਹੈ। ਕਿਉਂਕਿ ਗੁਰੂ ਸਾਹਿਬ ਦਾ ਫ਼ਰਮਾਨ ਹੈ; ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥” (ਗ:ਗ:ਸ: ਪੰਨਾ 685)। “ਗੁਰਮਤਿ ਸੁਨਿ” ਭਾਵ ਗਿਆਨ ਪ੍ਰਦਾਨ ਕਰਨ ਵਾਲੇ ਵਿਚਾਰਾਂ ਨੂੰ ਪੜ੍ਹ-ਸੁਣ ਕੇ ਜੇਕਰ “ਕਛੁ ਗਿਆਨੁ ਨ ਉਪਜਿਓ’  ਕਿਸੇ ਸੁਚੱਜੇ ਗਿਆਨ ਦੀ ਪ੍ਰਾਪਤੀ ਨਾ ਹੋਵੇ ਤਾਂ ਇਹ ਸਭ ਇਸ ਤਰ੍ਹਾਂ ਹੋਵੇਗਾ ਜਿਵੇਂ “ਪਸੁ ਜਿਉ ਉਦਰੁ ਭਰਉ ॥” ਭਾਵ ਡੰਗਰ ਚਾਰਾ ਖਾ ਕੇ ਆਪਣਾ ਪੇਟ ਭਰ ਲੈਂਦਾ ਹੈ। ਚਾਰਾ ਖਾਣ ਦੀ ਅਹਿਮੀਅਤ ਦਾ ਉਸ ਨੂੰ ਕੋਈ ਅਹਿਸਾਸ ਨਹੀਂ ਹੁੰਦਾ। ਇਸ ਸਭ ਦਾ ਸਮੁੱਚਾ ਭਾਵ ਇਹ ਹੈ ਕਿ ਜੇਕਰ ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰਨ ਜਾਂ ਸੁਣਨ ਨਾਲ, ਉਸ ਰਾਹੀਂ ਦਿੱਤੇ ਗਿਆਨ ਦੀ ਸਮਝ ਹੀ ਨਾ ਆਵੇ, ਅਤੇ ਉਸ ਗਿਆਨ ਨੂੰ ਜੀਵਨ ਅਧਾਰ ਬਣਾਇਆ ਹੀ ਨਾ ਜਾਵੇ, ਤਾਂ ਇਹ ਇਸੇ ਤਰ੍ਹਾਂ ਹੋਵੇਗਾ, ਜਿਵੇਂ ਡੰਗਰ ਕੇਵਲ ਆਪਣਾ ਪੇਟ ਭਰਨ ਵਾਸਤੇ ਹੀ ਖਾਂਦਾ ਹੈ।

ਨਾਮ ਸਿਮਰਨ ਦੇ ਸੰਕਲਪ ਨੂੰ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1078 ’ਤੇ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਿਆ ਸ਼ਬਦ ਬਹੁਤ ਸੇਧ ਦਿੰਦਾ ਹੈ। ਇਸ ਸ਼ਬਦ ਦੀਆਂ ਕੁਝ ਪੰਗਤੀਆਂ ਉਦਾਹਰਨ ਦੇ ਤੌਰ ’ਤੇ ਵਿਚਾਰਨ ਨਾਲ ਨਾਮ ਸਿਮਰਨ ਦੇ ਸੰਕਲਪ ਨੂੰ ਸਮਝਿਆ ਜਾ ਸਕਦਾ ਹੈ। ਇਹ ਪੰਗਤੀਆਂ ਇਸ ਤਰ੍ਹਾਂ ਹਨ: “ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥” ਭਾਵ ਧਰਤੀ, ਅਕਾਸ਼, ਚੰਦ, ਸੂਰਜ ਹਵਾ, ਪਾਣੀ, ਅੱਗ, ਸ੍ਰਿਸ਼ਟੀ ਸਾਰੀ ਕਾਇਨਾਤ ਆਦਿ ਪਰਮਾਤਮਾ ਨੂੰ (ਭਾਵ ਗੁਣਤਾਸਾ ਗੁਣਾਂ ਦੇ ਖ਼ਜ਼ਾਨੇ ਰੱਬ ਨੂੰ ਜਿਸ ਨੂੰ ਗੁਰਬਾਣੀ ਵਿਚ ਨਾਮ ਵੀ ਕਿਹਾ ਗਿਆ ਹੈ) ਸਿਮਰ ਰਹੇ ਹਨ। ਇਸੇ ਤਰ੍ਹਾਂ ਸਾਰੇ ਦਵੀਪ, ਟਾਪੂ, ਸਾਰੇ ਲੋਕ ਮੰਡਲ ਵੀ ਉਸੇ ਰੱਬ ਦਾ ਸਿਮਰਨ ਕਰਦੇ ਹਨ। ਸਾਰੇ ਸ਼ਬਦ ਵਿਚ ਪਾਤਾਲ ਪੁਰੀਆਂ ਆਦਿ ਸਭ ਦੇ ਸੰਬੰਧ ਵਿਚ ਕਿਹਾ ਗਿਆ ਹੈ ਕਿ, ਉਹ ਸਭ ਪਰਮਾਤਮਾ ਦਾ ਨਾਮ ਸਿਮਰਦੇ ਹਨ। ਇੱਥੇ ਇਹ ਸਮਝਣਾ ਹੋਵੇਗਾ ਕਿ ਇਨ੍ਹਾਂ ਸਭ ਦੀ ਜ਼ੁਬਾਣ ਤਾਂ ਹੁੰਦੀ ਹੀ ਨਹੀਂ ’ਤੇ ਫਿਰ ਇਹ ਪਰਮਾਤਮਾ ਦਾ ਨਾਮ ਕਿਵੇਂ ਸਿਮਰ (ਰਟ) ਸਕਦੇ ਹਨ? ਇਸ ਤੋਂ ਸਪੱਸ਼ਟ ਹੈ ਜ਼ੁਬਾਨ ਨਾਲ ਕਿਸੇ ਨਾਮ ਨੂੰ ਬਾਰ-ਬਾਰ ਰਟਣ ਨੂੰ ਨਾਮ ਸਿਮਰਨ ਨਹੀਂ ਕਿਹਾ ਜਾ ਸਕਦਾ।

ਅਸਲ ਵਿਚ ਇਸ ਸਾਰੇ ਸ਼ਬਦ ਰਾਹੀਂ ਇਹ ਸਮਝਾਉਣ ਦਾ ਉਪਰਾਲਾ ਕੀਤਾ ਗਿਆ ਹੈ ਕਿ, ਹਵਾ, ਪਾਣੀ, ਅੱਗ, ਸ੍ਰਿਸ਼ਟੀ ਆਦਿ, ਅਤੇ ਹੋਰ ਸਾਰੀ ਕਾਇਨਾਤ ਆਦਿ ਪਰਮਾਤਮਾ ਦੇ ਸਥਾਪਤ ਕੀਤੇ ਗਏ ਨਿਯਮਾਂ ਅਤੇ ਗੁਣਾਂ ਦੇ ਅਨੁਕੂਲ ਹੀ ਆਪਣਾ ਫਰਜ਼ ਨਿਭਾ ਰਹੇ ਹਨ। ਇਸ ਸ਼ਬਦ ਰਾਹੀਂ ਸਮਝਾਇਆ ਇਹ ਗਿਆ ਹੈ ਕਿ, ਹਰ ਇਕ ਨੂੰ ਆਪਣਾ ਫਰਜ਼ ਸਮਝ ਕੇ, ਉਸ ਅਨੁਸਾਰ ਜੀਵਨ ਵਿਹਾਰ ਕਰਨਾ ਹੀ ਨਾਮ ਸਿਮਰਨਾ ਹੈ। ਭਾਵ ਜੇਕਰ ਤੁਸੀਂ ਇਨਸਾਨ ਹੋ ’ਤੇ ਇਨਸਾਨੀਅਤ ਵਾਲੇ ਗੁਣਾਂ ਅਨੁਸਾਰ ਵਿਚਰਨਾ ਹੈ; ਡੰਗਰਾਂ ਵਾਂਗ ਨਹੀਂ। ਇਸ ਲਈ ਸਿਮਰਨ ਕਰਕੇ ਆਪਣੀ ਜੀਵਨ ਸ਼ੇਲੀ ਨੂੰ ਸੁਧਾਰਨਾ ਹੀ ਨਾਮ ਜਪਣਾ ਹੈ।

ਨਾਮ

ਵਾਹਿਗੁਰੂ ਸ਼ਬਦ ਪਰਮਾਤਮਾ ਵਾਸਤੇ ਹੀ ਵਰਤਿਆ ਜਾਂਦਾ ਹੈ। ਇਸੇ ਨੂੰ ਗੁਰਬਾਣੀ ਵਿਚ ਨਾਮ ਕਿਹਾ ਗਿਆ ਹੈ। ਹੁਣ ਗੱਲ ‘ਨਾਮ ਸਿਮਰਨ’ ਦੀ ਹੈ। ਇਸ ਦਾ ਭਾਵ ਕਿ ‘ਨਾਮ’ ਨੂੰ ਆਪਣਾ ਜੀਵਨ-ਅਧਾਰ ਬਣਾਉਣਾ ਹੈ। ਇਸ ਲਈ ‘ਨਾਮ’ ਨੂੰ ਵਿਸਥਾਰ ਨਾਲ ਸਮਝਣਾ ਵੀ ਹੋਵੇਗਾ। ਗੁਰਬਾਣੀ ਫ਼ਲਸਫ਼ੇ ਅਨੁਸਾਰ ‘ਨਾਮ” ਸ਼ਬਦ ਦੀ ਬਹੁਤ ਅਹਿਮੀਅਤ ਹੈ। ਇਸ ਸੰਬੰਧ ਵਿਚ ਡਾ: ਗੁਰਸ਼ਰਨਜੀਤ ਸਿੰਘ ਆਪਣੀ ਪੁਸਤਕ ਗੁਰਮਤ ਨਿਰਣਯ ਕੋਸ਼ ਵਿਚ ਲਿਖਦੇ ਹਨ {“ਗੁਰਬਾਣੀ ਦੇ ਹਰ ਸ਼ਬਦ ਦਾ ਸਾਰ “ਨਾਮ” ਹੀ ਹੈ। ਗੁਰੂ ਗੂੰਥ ਸਾਹਿਬ ਵਿਚ “ਨਾਮ” ਪਦ ਦੀ ਵਰਤੋਂ ਹਜ਼ਾਰਾਂ ਵਾਰ ਹੋਣ ਦੇ ਬਾਵਜੂਦ, ਇਸਦੇ ਸਹੀ ਅਰਥਾਂ ਤੀਕ ਪਹੁੰਚਨਾ ਸੌਖਾ ਨਹੀ। ਕਈ ਵਿਦਵਾਨ “ਨਾਮ” ਦੀ ਅਜਿਹੀ ਵਰਤੋਂ ਵੇਖ ਕੇ ਸਿੱਖ ਮਤ ਨੂੰ ਨਾਮ-ਮਾਰਗ ਵੀ ਕਹਿੰਦੇ ਹਨ। ਪਰ ਹੈਰਾਨਗੀ ਦੀ ਗੱਲ ਹੈ ਕਿ ਇਸ ਮੂਲ ਸਿਧਾਂਤ ਨੂੰ ਸਪੱਸ਼ਟਤਾ ਅਤੇ ਸੰਖੇਪਤਾ ਨਾਲ ਬਿਆਨ ਕਰਨ ਦਾ ਯਤਨ ਨਹੀਂ ਕੀਤਾ ਗਿਆ। ਇਸ ਬਾਰੇ ਫੈਲੀ ਅਗਿਆਨਤਾ ਕਾਰਨ ਲੋਕਾਂ ਦੀ ਧਾਰਮਿਕ ਜਗਿਆਸਾ ਦਾ ਸ਼ੋਸ਼ਣ ਕਰਕੇ, ਉਨ੍ਹਾਂ ਨੂੰ ਫਜ਼ੂਲ ਦੇ ਕਰਮਕਾਂਡਾਂ ਅਤੇ ਮਕੈਨੀਕਲ ਅਭਿਆਸ ਵਿਚ ਪਾ ਦਿਤਾ ਜਾਂਦਾ ਹੈ”}।

ਇਹ ਟਿੱਪਣੀ ਠੀਕ ਹੀ ਜਾਪਦੀ ਹੈ। ਪਰ ਇਸ ਨਾਲ ਨਾਮ ਦੀ ਵਿਆਖਿਆ ਨਹੀਂ ਹੁੰਦੀ। ਅਸਲ ਲੋੜ ਤਾਂ ‘ਨਾਮ’ ਨੂੰ ਸਮਝਣਾ ਹੈ। ਗੁਰਮਤਿ ਅਨੁਸਾਰ ਪਰਮਾਤਮਾ ਗੁਣ-ਵਾਚਕ ਹੈ। ਇਸ ਅਦਾਰ ’ਤੇ ਪਰਮਾਤਮਾ ਨੂੰ ਉਸ ਦੇ ਗੁਣਾਂ ਜਾਂ ਵਿਸ਼ੇਸ਼ਤਾਵਾਂ ਤੋਂ ਹੀ ਜਾਣਿਆ ਜਾ ਸਕਦਾ ਹੈ।

ਗੁਰਬਾਣੀ ਅਧਿਐਨ ਤੋਂ ਜਿਨ੍ਹਾਂ ਵਿਸ਼ੇਸ਼ਤਾਵਾਂ ਦਾ ਪਤਾ ਚਲਦਾ ਹੈ ਉਹ ਇਸ ਤਰ੍ਹਾਂ ਹਨ:

(1)          ਪਰਮਾਤਮਾ ਗੁਣੀ ਨਿਧਾਰਨ ਹੈ। ਗੁਰਬਾਣੀ ਦਾ ਫ਼ਰਮਾਨ ਹੈ “ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ॥” (ਗ:ਗ:ਸ: ਪੰਨਾ 32)। ਭਾਵ ਪਰਮਾਤਮਾ ਗੁਣਾਂ (Divine Virtues) ਦਾ ਖ਼ਜ਼ਾਨਾ ਹੈ। ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਰਥਾਤ ਪਰਮਾਤਮਾ ਸੁਚੱਜੇ ਗੁਣਾਂ ਦਾ ਪ੍ਰਤੀਕ ਹੈ। ਸੁਭਾਵਕ ਹੈ ਕਿ ਸੁਚੱਜੇ ਗੁਣ ਅਪਣਾਉਣ ਨਾਲ ਹੀ ਜੀਵਨ ਉਧਾਰ ਹੋ ਸਕਦਾ ਹੈ। ਇਸ ਅਨੁਸਾਰ ਨਾਮ ਸਿਮਰਨ ਦਾ ਭਾਵ ਹੈ, ਰੱਬੀ ਗੁਣਾਂ ਨੂੰ ਅਪਣਾਉਣ ਦਾ ਉਪਰਾਲਾ ਕਰਨਾ। ਫਿਰ ਇਨ੍ਹਾਂ ਗੁਣਾਂ ਦੀ ਪ੍ਰਾਪਤੀ ਹੋਣਾ ਹੀ ਨਾਮ ਦੀ ਪ੍ਰਾਪਤੀ ਹੈ।

ਇਸੇ ਤਰ੍ਹਾਂ ਗੁਰਬਾਣੀ ਦਾ ਫ਼ਰਮਾਨ ਹੈ: “ਸਿਮਰਿ ਸਿਮਰਿ ਸਿਮਰਿ ਗੁਣਤਾਸ ॥” (ਗ:ਗ:ਸ: ਪੰਨਾ 178) ਇਸ ਅਨੁਸਾਰ ਗੁਰੂ ਸਾਹਿਬ ਸਮਝਾ ਰਹੇ ਹਨ ਕਿ:

(I) “ਸਿਮਰਿ ਪ੍ਰਭੂ ਦੇ ਗੁਣਾਂ ਨੂੰ ਸਮਝਿਆ ਜਾਵੇ,

(I I) ਫਿਰ “ਸਿਮਰਿ ਉਨ੍ਹਾਂ ਗੁਣਾਂ ਨੂੰ ਅਪਣਾਇਆ ਜਾਵੇ ਅਤੇ

(I I I) ਉਨ੍ਹਾਂ ਗੁਣਾਂ ਅਨੁਸਾਰ “ਸਿਮਰਿ  ਜੀਵਨ ਜੀਵਿਆ ਜਾਵੇ।

ਸਮੁੱਚਾ ਭਾਵ ਕਿ, ਗੁਣਕਾਰੀ ਹੋ ਕੇ ਸਾਮਜ ਵਿਚ ਵਿਚਰਿਆ ਜਾਵੇ। ਇਹ ਹੈ ਨਾਮ ਸਿਮਰਨਾ, ਅਤੇ ਇਹੀ ਮਨੁੱਖੀ ਜੀਵਨ ਦਾ ਮਨੋਰਥ ਹੈ।

ਇਸੇ ਮਨੋਰਥ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਫ਼ਰਮਾਉਂਦੇ ਹਨ: “ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੇ ਹਹਿਆ॥“ (ਗ:ਗ:ਸ: ਪੰਨਾ 1429) ਭਾਵ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜੇਕਰ ‘ਨਾਮ’ ਭਾਵ ਸੁਚੱਜੇ ਗਿਆਨ ਅਤੇ ਸੁਚੱਜੇ ਗੁਣਾਂ ਦੀ ਪ੍ਰਾਪਤੀ ਹੋ ਜਾਵੇ (ਨਾਮੁ ਮਿਲੈ) ਤਾਂ ਮੇਰਾ ਤਨ ਮਨ ਖਿੜ ਜਾਂਦਾ ਹੈ। ਭਾਵ ਮੇਰੀ ਦੇਹ ਤੇ ਆਤਮਾ ਪ੍ਰਫੁਲਤ ਹੋ ਜਾਂਦੀ ਹੈ। ਇਸ ਦਾ ਭਾਵ ਕਿ ਰੱਬੀ ਗੁਣਾਂ ਦੀ ਪ੍ਰਾਪਤੀ ਵਾਸਤੇ ਉਪਰਾਲਾ ਕਰਨਾ ਹੀ ਨਾਮ ਸਿਮਰਨਾ ਹੈ ਅਤੇ ਇਨ੍ਹਾਂ ਗੁਣਾਂ ਦੀ ਪ੍ਰਾਪਤੀ ਹੋਣਾ, ਨਾਮ ਦੀ ਪ੍ਰਾਪਤੀ ਹੈ।

(2) ਪਰਮਾਤਮਾ ਸੁਚੱਜੀ ਮੱਤ – ਬਿਬੇਕ ਬੁੱਧ – ਸੁਚੱਜੇ ਗਿਆਨ (Divine Wisdom) ਦਾ ਪ੍ਰਤੀਕ ਹੈ। ਪਰਮਾਤਮਾ ਦੀ ਇਹ ਇਕ ਹੋਰ ਵਿਸ਼ੇਸ਼ਤਾ ਹੈ। ਗੁਰਬਾਣੀ ਦਾ ਫ਼ਰਮਾਨ ਹੈ: “ਗੁਰ ਪਰਮੇਸਰੁ ਇਕੁ ਜਾਣਿ ॥” (ਗ:ਗ:ਸ: ਪੰਨਾ 29)। ‘ਗੁਰ’ ਤੋਂ ਭਾਵ ਹੈ ਸੁਚੱਜਾ ਗਿਆਨ (Divine Wisdom)। ਇਸ ਅਨੁਸਾਰ ਇਹ ਸਪੱਸ਼ਟ ਕੀਤਾ ਹੈ ਕਿ ਸੁਚੱਜਾ ਗਿਆਨ (Divine Wisdom) ਅਤੇ ਪਰਮੇਸ਼ਰੁ ਜਾਂ ਪਰਮਾਤਮਾ ਇਕ ਹੀ ਗੱਲ ਹੈ। ਇਸ ਵਿਚ ਕੋਈ ਅੰਤਰ ਨਹੀਂ ਹੈ। ਭਾਵ ਸੁਚੱਜੇ ਗਿਆਨ ਨਾਲ ਘੜੀ ਗਈ ਸੁਚੱਜੀ ਮੱਤ ਹੀ ਪਰਮੇਸ਼ਰ ਹੈ। ਇਸ ਅਨੁਸਾਰ ਪਰਮਾਤਮਾ ਸੁਚੱਜੇ ਗਿਆਨ ਵਾਲੀ ਬਿਬੇਕ ਬੁੱਧ ਦਾ ਪ੍ਰਤੀਕ ਹੈ। ਇਸ ਨੂੰ ਇਸ ਤਰ੍ਹਾਂ ਵੀ ਸਮਝਾਇਆ ਹੈ: “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ”- (ਗ:ਗ:ਸ: ਪੰਨਾ-8), ਭਾਵ ਜਿਨ੍ਹਾਂ ਨੇ ਨਾਮੁ ਧਿਾਇਆ; ਅਰਥਾਤ, ਜੋ ਵਿਅਕਤੀ ਸੁਚੱਜੇ ਗੁਣ ਅਤੇ ਸੁਚੱਜੇ ਗਿਆਨ ਵਾਲੀ ਬਿਬੇਕ ਬੁੱਧ ਘੜ ਲੈਂਦੇ ਹਨ, ਉਹ ਸਚਿਆਰ ਹੋਣ ਵਾਲਾ ਮੁਸ਼ਕਲ ਕੰਮ ਪੂਰਾ ਕਰ ਲੈਂਦੇ ਹਨ। ਐਸੀ ਮਿਹਨਤ ਨਾਲ ਉਹ ਆਪਣੀ ਜ਼ਿੰਦਗੀ ਸਫਲ ਕਰ ਲੈਂਦੇ ਹਨ।

(3) ਤੀਸਰੀ ਵਿਸ਼ੇਸ਼ਤਾ ਇਹ ਹੈ ਕਿ ਰੱਬੀ ਨਿਯਮ (ਕੁਦਰਤ ਦੇ ਨਿਯਮ) (Divine Laws or God) ਪਰਮਾਤਮਾ ਦੇ ਸਥਾਪਤ ਕੀਤੇ ਗਏ ਨਿਯਮ, ਪਰਮਾਤਮਾ ਦਾ ਹੀ ਪ੍ਰਤੀਕ ਹਨ। ਗੁਰਬਾਣੀ ਅਨੁਸਾਰ ਕੁਦਰਤ ਅਤੇ ਕੁਦਰਤ ਨਿਯਮਾਂ ਨੂੰ ‘ਨਾਮ’ਵੀ ਕਿਹਾ ਗਿਆ ਹੈ। ਜਿਵੇਂ ਕਿ:“ਨਾਮ ਕੇ ਧਾਰੇ ਆਗਾਸ ਪਾਤਾਲ ॥ਨਾਮ ਕੇ ਧਾਰੇ ਸਗਲ ਆਕਾਰ ॥ਨਾਮ ਕੇ ਧਾਰੇ ਪੁਰੀਆ ਸਭ ਭਵਨ ॥” (ਗ:ਗ:ਸ: ਪੰਨਾ 284)। ਭਾਵ ਸੁਖਮਨੀ ਸਾਹਿਬ ਦੇ ਇਸ ਪਦੇ ਵਿਚ ਵਿਸਥਾਰ ਨਾਲ ਸਮਝਾਇਆ ਗਿਆ ਹੈ ਕਿ, ਅਕਾਸ਼, ਪਤਾਲ, ਪੁਰੀਆਂ ਭਵਨ ਇਹ ਸਾਰਾ ਬ੍ਰਹਿਮੰਡ, ਆਦਿ ਪਰਮਾਤਮਾ ਭਾਵ ਨਾਮ ਜਾਂ ਉਸ ਦੇ ਨਿਯਮਾਂ (Divine Laws) ਦੇ ਅਨੁਕੂਲ ਹੀ ਚੱਲ ਰਹੇ ਹਨ। ਇੱਥੇ ਪਰਮਾਤਮਾ ਨੂੰ ‘ਨਾਮ’ ਭਾਵ ਕੁਦਰਤ ਦੇ ਨਿਯਮ ਕਹਿ ਕੇ ਹੀ ਸਮਝਾਇਆ ਹੈ। ਇਸ ਅਨੁਸਾਰ ਕੁਦਰਤ ਦੇ ਨਿਯਮ ਸਮਝਣਾ ਅਤੇ ਉਨ੍ਹਾਂ ਨਿਯਮਾਂ ਅਨੁਸਾਰ ਜੀਵਨ ਜੀਉਣਾ ਹੀ ਨਾਮ ਸਿਮਰਨਾ ਹੈ। ਇਸੇ ਨੂੰ  ਕਿਹਾ ਹੈ: “ਹੁਕਮਿ ਰਜਾਈ ਚਲਣਾ

ਗੁਰਬਾਣੀ ਵਿਚ ਕੁਦਰਤ ਦੇ ਨਿਯਮਾਂ ਨੂੰ ਹੁਕਮ ਵੀ ਕਿਹਾ ਗਿਆ ਹੈ। ਜਿਵੇਂ ਕਿ: “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥” (ਗ:ਗ:ਸ: ਪੰਨਾ 1) ਭਾਵ ਜੋ ਕੁਝ ਵੀ ਵਾਪਰਦਾ ਹੈ ਉਹ ਕੁਦਰਤ ਭਾਵ ਪਰਮਾਤਮਾ ਦੇ ਨਿਯਮਾਂ ਦੇ ਅਨੁਕੂਲ ਹੀ ਵਾਪਰਦਾ ਹੈ। ਕੁਦਰਤ ਦੇ ਨਿਯਮਾਂ ਦੇ ਉਲਟ ਕੁਝ ਨਹੀਂ ਹੋ ਸਕਦਾ।

ਕੁਦਰਤ ਦੇ ਨਿਯਮਾਂ ਨੂੰ ‘ਭੈ’ ਵੀ ਕਿਹਾ ਹੈ। ਜਿਵੇਂ ਕਿ: “ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥” (ਗ:ਗ:ਸ: ਪੰਨਾ 464) ਇਸ ਸ਼ਬਦ ਰਾਹੀਂ ਵਿਸਥਾਰ ਨਾਲ ਸਮਝਾਇਆ ਹੈ ਕਿ ਕਾਇਨਾਤ ਦੀ ਹਰ ਚੀਜ਼ ਕੁਦਰਤ ਦੇ ਨਿਯਮਾਂ ਦੇ ਅਨੁਕੂਲ ਵਿਚਰ ਰਹੀ ਹੈ।

ਹੁਣ ਕਿਉਂਕਿ ਗੁਰਬਾਣੀ ਅਨੁਸਾਰ ਪਰਮਾਤਮਾ ਹਰ ਵਿਅਕਤੀ ਦੇ ਹਿਰਦੇ ਅੰਦਰ ਵੱਸਦਾ ਹੈ, ਇਸ ਅਨੁਸਾਰ ਇਹ ਵਿਸ਼ੇਸ਼ਤਾਵਾਂ ਹਰ ਮਨੁੱਖ ਦੇ ਅੰਦਰ ਹੋਣੀਆਂ ਚਾਹੀਦੀਆਂ ਹਨ। ਅਰਥਾਤ ਹਰ ਵਿਅਕਤੀ ਨੂੰ ਗੁਣਵਾਨ, ਗਿਆਨਵਾਨ ਅਤੇ ਸੂਝਵਾਨ ਹੋਣਾ ਚਾਹੀਦਾ ਹੈ।  ਇਸ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਗੁਣਾਂ ਅਤੇ ਵਿਸ਼ੇਸ਼ਤਾਵਾਂ ਦਾ ਆਪਣੇ ਅੰਦਰ ਵਿਕਾਸ ਕੀਤਾ ਜਾਵੇ। ਇਨ੍ਹਾਂ ਗੁਣਾਂ ਅਤੇ ਵਿਸ਼ੇਸ਼ਤਾਵਾਂ ਨੂੰ ਸਮਝਣਾ ਉਨ੍ਹਾਂ ਦਾ ਵਿਕਾਸ ਕਰਨਾ ਅਤੇ ਉਨ੍ਹਾਂ ਅਨੁਸਾਰ ਜੀਵਨ ਵਿਹਾਰ ਕਰਨਾ ਹੀ ਨਾਮ ਸਿਮਰਨਾ ਹੈ।

ਸੁਭਾਵਕ ਹੈ ਕਿ, ਜਦੋਂ ਸੁਚੱਜੇ ਗਿਆਨ ਅਤੇ ਸੁਚੱਜੇ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਤਾਂ ਇਸ ਨਾਲ ਆਪਣੀ ਸੁਰਤ ਮੱਤ ਬੁੱਧ ਘੜੀ ਜਾਂਦੀ ਹੈ। ਇਹ ਸੋਝੀ Enlightenment (ਅੇਨਲਾਈਟਨਮੈਂਟ) ਆਉਣ ਦਾ ਪ੍ਰਤੀਕ ਹੈ ਅਤੇ ਇਹੀ ਨਾਮ ਦੀ ਪ੍ਰਾਪਤੀ ਹੈ।

ਇੱਥੇ ਇਹ ਵੀ ਸਮਝ ਆਉਂਦੀ ਹੈ ਕਿ ਕੁਦਰਤ ਦੀ ਮਿਹਰ, ਬਖਸ਼ਿਸ਼ ਨੂੰ ਅਨੁਭਵ ਕਰਕੇ ਸ਼ੁਕਰਾਨਾ ਕਰਨਾ ਵੀ ਨਾਮ ਜਪਣਾ ਅਥਵਾ ਨਾਮ ਸਿਮਰਨਾ ਹੀ ਹੈ। ਜਦੋਂ ਮਨ ਵਿਚ ਸਬਰ, ਸਨਤੋਖ, ਪੈਦਾ ਹੋ ਜਾਵੇ ਤਾਂ ਇਹ ਨਾਮ ਦੀ ਪ੍ਰਾਪਤੀ ਦਾ ਹੀ ਪ੍ਰਤੀਕ ਹੈ।

ਇਸ ਵਿਆਖਿਆ ਅਮਨੁਸਾਰ: ਸੁਚੱਜੇ ਗੁਣ ਅਤੇ ਸੁਚੱਜਾ ਗਿਆਨ ਗ੍ਰਹਿਣ ਕਰ ਕੇ ਆਪਣੀ ਸੁਚੱਜੀ ਮੱਤ ਅਤੇ ਬਿਬੇਕ ਬੁੱਧ ਨੂੰ ਘੜਣਾ ਅਤੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਨਿਯਮਾਂ ਦੇ ਅਨੁਕੂਲ ਜੀਵਨ ਜੀਉਣਾ ਹੀ ਨਾਮ ਸਿਮਰਨਾ ਹੈ। ਇਹੀ “ਹੁਕਮਿ ਰਜਾਈ ਚਲਣਾ” ਹੈ ਅਤੇ ਇਹੀ ਨਾਮ ਦੀ ਪ੍ਰਾਪਤੀ ਹੈ।

ਜਦੋਂ ਨਾਮ ਸਿਮਰਨ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦੇ ਲਾਭ ਵੀ ਗੁਰਬਾਣੀ ਵਿਚ ਕਈ ਥਾਈਂ ਸਮਝਾਏ ਹਨ। ਇਸ ਲੇਖ ਵਿਚ ਕੇਵਲ ਸਮਝਣ ਵਾਸਤੇ ਸੁਖਮਨੀ ਸਾਹਿਬ ਦੇ ਇਕ ਪਦੇ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ। ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿਚ ਇਸ ਦਾ ਬਹੁਤ ਸੁੰਦਰ ਉਲੇਖ ਕੀਤਾ ਹੈ। ਜਿਵੇਂ ਕਿ: “ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥”2 (ਗ:ਗ:ਸ: ਪੰਨਾ 262) ਪ੍ਰਭ ਕਾ ਸਿਮਰਨ, ਨਾਮ ਸਿਮਰਨਾ ਹੀ ਹੈ। ਇਸ ਦਾ ਭਾਵ ਹੈ ਪ੍ਰਭੂ ਦੇ ਗੁਣਾਂ ਨੂੰ ਗ੍ਰਹਿਣ ਕਰਨਾ। ਇਸ ਅਨੁਸਾਰ ਇਸ ਪਦੇ ਵਿਚ ਪ੍ਰਭੂ ਦੇ ਗੁਣ ਗ੍ਰਹਿਣ ਕਰਨ ਦੇ ਲਾਭ ਦਰਸਾਏ ਗਏ ਹਨ ਅਤੇ ਅਰਥ ਬਹੁਤ ਸਪੱਸ਼ਟ ਹਨ, ਇਸ ਲਈ ਵੱਖਰੀ ਵਿਆਖਿਆ ਦੀ ਲੋੜ ਨਹੀਂ  ਭਾਸਦੀ।

ਇਸੇ ਤਰ੍ਹਾਂ ਸੁਖਮਨੀ ਸਾਹਿਬ ਵਿਚ ਹੀ ਇਕ ਨੁਕਤਾ ਇਹ ਸਮਝਾਇਆ ਹੈ ਕਿ: “ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥” (ਗ:ਗ:ਸ: ਪੰਨਾ 263) ਭਾਵ ਪ੍ਰਭੂ ਦਾ ਸਿਮਰਨ ਕਰਨ ਨਾਲ ਭਾਵ ਸੁਚੱਜੇ ਗੁਣ ਅਪਣਾਉਣ ਨਾਲ, ਮਨ ਦੇ ਵਿਕਾਰਾਂ ਅਤੇ ਨਕਾਰਾਤਮਕ ਵਿਚਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਮਨ ਵਿਚੋਂ ਈਰਖਾ, ਦਵੈਸ਼, ਵੈਰ-ਵਿਰੋਧ, ਲਾਲਚ, ਲਾਲਸਾ, ਵਰਗੀਆਂ ਭਾਵਨਾਵਾਂ ਖਤਮ ਹੋ ਜਾਂਦੀਆਂ ਹਨ। ਜੀਵਨ ਨੂੰ ਚੜ੍ਹਦੀਕਲਾ ਵਿਚ ਰੱਖਣ ਵਾਲਾ ਅੰਮ੍ਰਿਤ ਰੂਪੀ ਨਾਮੁ ਭਾਵ ਸੁਚੱਜੇ ਗੁਣਾਂ ਵਾਲੀ ਬਿਬੇਕ ਬੁੱਧ ਦਾ ਹਿਰਦੇ ਅੰਦਰ ਵਾਸਾ ਹੋ ਜਾਂਦਾ ਹੈ। ਇਹ ਹੈ ਨਾਮ ਸਿਮਰਨ ਨਾਲ ਜੀਵਨ ਉਧਾਰ ਦਾ ਨੁਕਤਾ।

ਇੱਥੇ ਹੀ ਬਸ ਨਹੀਂ। ਨਾਮ ਸਿਮਰਨ ਦੇ ਰਸਤੇ ਵਿਚ ਰੁਕਾਵਟਾਂ ਵੀ ਹੁੰਦੀਆਂ ਹਨ। ਗੁਰਬਾਣੀ ਉਨ੍ਹਾਂ ਰੁਕਾਵਟਾਂ ਦਾ ਜ਼ਿਕਰ ਕਰਕੇ ਖਬਰਦਾਰ ਵੀ ਕਰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥” (ਗ:ਗ:ਸ: ਪੰਨਾ 560) ਭਾਵ ਜਿਸ ਦੇ ਮਨ ਵਿਚ ਹਉਮੈ ਹੋਵੇ ਉੱਥੇ ਨਾਮ (ਸੁਚੱਜਾ ਗਿਆਨ) ਨਹੀਂ ਵੱਸ ਸਕਦਾ। ਹਉਮੈ ਕਾਰਨ ਐਸਾ ਵਿਅਕਤੀ ਆਪਣੇ ਆਪ ਨੂੰ ਸਭ ਤੋਂ ਗੁਣਵਾਨ ਅਤੇ ਗਿਆਨਵਾਨ ਸਮਝਦਾ ਹੈ, ਇਸੇ ਲਈ ਉਹ ਕੋਈ ਗੁਣ ਗ੍ਰਹਿਣ ਕਰਨ ਲਈ ਉੱਦਮ ਹੀ ਨਹੀਂ ਕਰਦਾ। ਕਿਸੇ ਗਿਆਨ ਨੂੰ ਗ੍ਰਹਿਣ ਕਰਨ ਦਾ ਉਪਰਾਲਾ ਨਹੀਂ ਕਰਦਾ। ਇਸੇ ਕਾਰਨ ਉਹ ਸੁਚੱਜਾ ਗਿਆਨ ਅਤੇ ਸੁਚੱਜੇ ਗੁਣ ਪ੍ਰਾਪਤ ਨਹੀਂ ਕਰ ਸਕਦਾ।
***
ਐਡਵੋਕੇਟ ਸੁਰਿੰਦਰ ਸਿੰਘ ਕੰਵਰ
Whatapp No. +61-470306519
kanwar238@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1751
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਐਡਵੋਕੇਟ ਸੁਰਿੰਦਰ ਸਿੰਘ ਕੰਵਰ

View all posts by ਐਡਵੋਕੇਟ ਸੁਰਿੰਦਰ ਸਿੰਘ ਕੰਵਰ →