ਮੇਲਾ ਵਿਸਾਖੀ ਦਾ
ਲੰਘ ਗਿਆ ਚੇਤ, ਆਣ ਚੜ੍ਹਿਆ ਵਿਸਾਖ ਏ
ਘਰ ਘਰ ਹੋ ਗਈ ਦਾਣੇ-ਫੱਕਿਆਂ ਦੀ ਆਸ ਏ
ਰੰਗ ਸੂਰਜ ਦੀਆਂ ਅੱਖਾਂ ਦਾ ਵੀ ਗਹਿਰੀ ਹੋ ਗਿਆ
ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ
ਪੱਕੀ ਫਸਲ ਨੂੰ ਵੇਖ ਨਹੀਂ ਸਮਾਉਂਦਾ ਫੁੱਲਿਆ…
ਲਾਕੇ ਟੌਹਰ ਤੇ ਸ਼ੁਕੀਨੀ ਜੱਟ ਮੇਲੇ ਚੱਲਿਆ……
ਚਿੱਟਾ ਚਾਦਰਾ ਤੇ ਵੱਟ ਮੁੱਛਾਂ ਨੂੰ ਵੀ ਚਾੜ੍ਹ ਕੇ
ਜੁੱਤੀ ਤਿੱਲੇਦਾਰ ਪਾ ਲਈ ਪੈਰੀਂ, ਥੱਲੇ ਝਾੜ ਕੇ
ਪੱਗ ਬੰਨ੍ਹ ਉੱਚਾ ਤੁਰਲ੍ਹੇ ਦਾ ਲੜ ਛੱਡਿਆ
ਡਾਂਗ ਸੰਮਾ ਵਾਲੀ ਧਰੀ, ਮੋਢੇ ਤੇ ਸ਼ਿੰਗਾਰ ਕੇ
ਰੋਹਬ ਜੱਟੀ ਦਾ ਵੀ ਮਿੱਤਰੋ, ਨਹੀਂ ਜਾਂਦਾ ਝੱਲਿਆ…
ਲਾਕੇ ਟੌਹਰ ਤੇ ਸ਼ੁਕੀਨੀ ਜੱਟ ਮੇਲੇ ਚੱਲਿਆ……
ਲੋਕੀਂ ਮੇਲਿਆਂ ਨੂੰ ਜਾਣ ਬੰਨ੍ਹ ਬੰਨ੍ਹ ਟੋਲੀਆਂ
ਕਿਤੇ ਵੱਜਦੇ ਨੇ ਢੋਲ, ਕਿਤੇ ਪੈਣ ਬੋਲੀਆਂ
ਰਾਗੀ, ਢਾਡੀ ਤੇ ਕਵੀਸ਼ਰ ਵੀ ਗਾਉਣ ਵਾਰਾਂ ਨੂੰ
ਗੀਤਾਂ ਰਾਹੀਂ ਸਮਝਾਉਣ ਸਿੱਖੀ ਸੰਸਕਾਰਾਂ ਨੂੰ
ਕਿਤੇ ਅਲਗੋਜ਼ੇ ਵਾਲਿਆਂ ਨੇ ਪਿੜ ਮੱਲਿਆ…
ਲਾਕੇ ਟੌਹਰ ਤੇ ਸ਼ੁਕੀਨੀ ਜੱਟ ਮੇਲੇ ਚੱਲਿਆ……
ਕੋਈ ਕੱਢਦਾ ਜਲੇਬੀਆਂ, ਪਕੌੜੇ ਤਲ਼ ਕੇ
ਬੱਚੇ, ਬੁੱਢੇ ਤੇ ਜਵਾਨ ਸਾਰੇ ਖਾਣ ਰਲ਼ ਕੇ
ਮੇਲਾ ਵੇਖਦੀਆਂ ਜੱਟੀਆਂ, ਲੈ ਫੁਲਕਾਰੀਆਂ
ਕਿਤੇ ਘੁੰਮਦੇ ਪੰਘੂੜੇ, ਪੈਣ ਕਿਲਕਾਰੀਆਂ
ਕਿਤੇ ਵਣਜਾਰਿਆਂ ਨੂੰ ਕੁੜੀਆਂ ਦਵੱਲਿਆ…
ਲਾਕੇ ਟੌਹਰ ਤੇ ਸ਼ੁਕੀਨੀ ਜੱਟ ਮੇਲੇ ਚੱਲਿਆ……
ਏਸੇ ਦਿਨ ਹੀ ਗੁਰੂ ਨੇ ਖਾਲਸਾ ਸੀ ਸਾਜਿਆ
ਬਾਟੇ ਅੰਮ੍ਰਿਤ ਨਾਲ ਸਿੰਘਾਂ ਨੂੰ ਨਵਾਜਿਆ
ਏਸੇ ਲਈ ਇਹ ਦਿਹਾੜਾ ਹੋਰ ਵੀ ਮਹਾਨ ਹੈ
ਸਿੱਖੀ ਵਾਸਤੇ ਵਿਸਾਖੀ, “ਖੁਸ਼ੀ” ਵੱਡਾ ਮਾਣ ਹੈ
ਜ਼ੁਲਮ ਨਾ’ ਟਾਕਰੇ ਦਾ ਸੀ ਸੁਨੇਹਾ ਘੱਲਿਆ…
ਲਾਕੇ ਟੌਹਰ ਤੇ ਸ਼ੁਕੀਨੀ ਜੱਟ ਮੇਲੇ ਚੱਲਿਆ……
***
735 |