24 May 2024

ਬਾਬਾਣੈ ਘਰਿ ਚਾਨਣ ਲਹਿਣਾ—ਜਸਵਿੰਦਰ ਸਿੰਘ ਰੁਪਾਲ

ਪਾਰਸ ਵਿੱਚ ਇੱਕ ਖਾਸ ਖੂਬੀ ਹੈ ਕਿ ਉਹ ਲੋਹੇ ਵਰਗੀ ਧਾਤ ਨੂੰ ਸੋਨਾ ਬਣਾ ਦਿੰਦਾ ਹੈ, ਪਰ ਗੁਰੂ ਨੂੰ ਪਾਰਸ ਤੋਂ ਵੀ ਉੱਪਰ ਮੰਨਿਆ ਗਿਆ ਹੈ। ਗੁਰੂ ਦੀ ਛੋਹ ਸੋਨਾ ਨਹੀਂ, ਸਗੋਂ ਪਾਰਸ ਹੀ ਬਣਾ ਦਿੰਦੀ ਹੈ, ਜੋ ਅੱਗੇ ਫਿਰ ਲੋਹੇ ਨੂੰ ਸੋਨੇ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਦ੍ਰਿਸ਼ਟਾਂਤ ਦਿੰਦੇ ਹਨ ਕਿ ਜਦੋਂ ਲਹਿਣਾ ਗੁਰੂ ਨਾਨਕ ਜੀ ਦੇ ਅੰਗਾਂ ਨਾਲ ਲੱਗਿਆ, ਗੁਰੂ ਨਾਨਾਕ ਨੇ ਆਪਣੇ ਸਾਰੇ ਗੁਣ ਅਤੇ ਤਾਕਤ ਲਹਿਣੇ ਨੂੰ ਦੇ ਦਿੱਤੀ ਅਤੇ ਉਹ ਗੁਰੂ ਅੰਗਦ ਬਣ ਗਏ। ਭਾਈ ਸਾਹਿਬ ਜੀ ਲਿਖਦੇ ਹਨ:

“ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰ ਕਹਣਾ॥
ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤਿ ਵਿਚਿ ਰਹਣਾ॥
ਅਚਰਜ ਨੋ ਅਚਰਜੁ ਮਿਲੈ ਵਿਸਮਾਦੇ ਵਿਸਮਾਦੁ ਸਮਹਣਾ॥
ਅਪਿਉ ਪੀਅਣ ਨਿਝਰੁ ਝਰਣੁ ਅਜਰੁ ਜਰਣੁ ਅਸਹੀਅਣੁ ਸਹਣਾ॥
ਸਚੁ ਸਮਾਣਾ ਸਚੁ ਵਿਚਿ ਗਾਡੀ ਰਾਹੁ ਸਾਧਸੰਗਿ ਵਹਣਾ॥
ਬਾਬਾਣੈ ਘਰਿ ਚਾਨਣ ਲਹਣਾ ॥”…….. (ਭਾਈ ਗੁਰਦਾਸ ਜੀ,ਵਾਰ 24,ਪਉੜੀ 6)

ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਤੇ ਉਹਨਾਂ ਦੇ “ਭਾਈ ਲਹਿਣਾ ਤੋਂ ਗੁਰੂ ਅੰਗਦ” ਬਣਨ ਦੇ ਸਫਰ ਤੇ ਵਿਚਾਰ ਕਰਦੇ ਹਾਂ।

5 ਵੈਸਾਖ ਸੰਮਤ 1561 ਨੂੰ ਫਿਰੋਜਪੁਰ ਜਿਲੇ ਦੇ ਕਸਬੇ “ਮੱਤੇ ਦੀ ਸਰਾਂ” ਵਿਖੇ ਪਿਤਾ ਸ਼੍ਰੀ ਫੇਰੂ ਮੱਲ ਦੇ ਘਰ ਮਾਤਾ ਸਭਰਾਈ ਜੀ (ਦਇਆ ਕੌਰ ਅਤੇ ਰਾਮੋ ਨਾਂ ਵੀ ਆਏ ਹਨ ਇਹਨਾਂ ਦੇ) ਦੀ ਕੁੱਖੋਂ ਜਨਮ ਲੈਣ ਵਾਲੇ ਬਾਲਕ ਦਾ ਨਾਮ ਲਹਿਣਾ ਰੱਖਿਆ ਗਿਆ। ਪਿਤਾ ਜੀ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਨੇ ਲਹਿਣੇ ਦੀ ਪੜ੍ਹਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਫਾਰਸੀ ਦੀ ਪੜ੍ਹਾਈ ਦੇ ਨਾਲ ਨਾਲ ਦੁਕਾਨਦਾਰੀ ਦਾ ਹਿਸਾਬ ਕਿਤਾਬ ਸਿਖਾਇਆ ਕਿਉਂਕਿ ਫੇਰੂ ਮੱਲ ਜੀ ਆਪ ਮੱਤੇ ਦੀ ਸਰਾਂ ਦੇ ਚੌਧਰੀ ਤਖਤ ਮੱਲ ਦੇ ਮੁਨਸ਼ੀ ਸਨ। ਚੌਧਰੀ ਨੇ ਆਪ ਜੀ ਦੀ ਈਮਾਨਦਾਰੀ ਤੋਂ ਖੁਸ਼ ਹੋ ਕੇ ਆਪਣੀ ਸਾਰੀ ਜਮੀਨ (70 ਪਿੰਡਾਂ ਦੀ) ਦਾ ਕਾਰਦਾਰ ਵੀ ਬਣਾ ਦਿੱਤਾ ਸiੀ। ਫਿਰੋਜਪੁਰ ਦੇ ਹਾਕਮ ਕੋਲ ਜਦੋਂ ਭਾਈ ਸਾਹਿਬ ਦੀ ਈਮਾਨਦਾਰੀ, ਉਦਾਰਦਿਲੀ ਅਤੇ ਸਖਤ ਮਿਹਨਤ ਦੀ ਖਬਰ ਪਈ, ਤਾਂ ਉਸਨੇ ਫੇਰੂ ਮੱਲ ਨੂੰ ਸਾਰੇ ਜਿਲੇ ਦਾ ਮੁਨਸ਼ੀ ਬਣਾ ਦਿੱਤਾ ਸੀ। ਇਸ ਤਰਾਂ ਲਹਿਣਾ ਜੀ ਨੂੰ ਅਮੀਰੀ, ਖੁਸਹਾਲੀ ਅਤੇ ਈਮਾਨਦਾਰੀ ਵਿਰਸੇ ਵਿੱਚੋਂ ਹੀ ਮਿਲੀ। ਪਰਿਵਾਰ ਦੁਰਗਾ ਦੇਵੀ ਦਾ ਉਪਾਸ਼ਕ ਸੀ ਅਤੇ ਲਹਿਣਾ ਜੀ ਵੀ ਬਚਪਨ ਤੋਂ ਹੀ ਦੇਵੀ ਦੀਆਂ ਭੇਟਾ ਗਾਉਣ ਲੱਗੇ ਅਤੇ ਦੇਵੀ ਦੇ ਭਗਤ ਬਣ ਗਏ।

ਚੌਧਰੀ ਤਖਤ ਮੱਲ ਦਾ ਸਾਰਾ ਕੰਮ ਕਾਰ ਸੰਭਾਲਣ ਕਰਕੇ ਫੇਰੂ ਮੱਲ ਜੀ ਦੇ ਉਸ ਨਾਲ ਪਰਿਵਾਰਕ ਸੰਬੰਧ ਜੁੜ ਗਏ। ਚੌਧਰੀ ਦੀ ਧੀ “ਵਿਰਾਈ” ਫੇਰੂ ਮੱਲ ਜੀ ਨੂੰ ਵੀਰ ਕਹਿ ਕੇ ਬੁਲਾਉਂਦੀ ਸੀ ਅਤੇ ਲਹਿਣਾ ਜੀ ਵਿਰਾਈ ਨੂੰ ਭੂਆ ਆਖਦੇ ਸਨ। ਵਿਰਾਈ, ਲਹਿਣੇ ਨੂੰ ਬਹੁਤ ਪਿਆਰ ਕਰਦੀ। ਭੂਆ ਵਿਰਾਈ ਨੇ ਹੀ ਜਵਾਨ ਹੋਏ ਲਹਿਣੇ ਲਈ ਸੰਘਰ ਦੇ ਸ਼ਾਹੂਕਾਰ ਸ਼੍ਰੀ ਦੇਵੀ ਚੰਦ ਮਰਵਾਹਾ ਖੱਤਰੀ ਦੀ ਧੀ “ਖੇਮ-ਬਾਈ”, ਜਿਸ ਨੂੰ ਮਾਪੇ ਲਾਡ ਨਾਲ “ਖੀਵੀ” ਬੁਲਾਉਂਦੇ ਸਨ, ਦਾ ਰਿਸ਼ਤਾ ਲਿਆਂਦਾ ਸੀ। ਲਹਿਣਾ ਜੀ ਅਤੇ ਖੀਵੀ ਜੀ ਦੀ ਗ੍ਰਹਿਸਥੀ ਵਧੀਆ ਚੱਲਣ ਲੱਗੀ ਅਤੇ ਇਹਨਾ ਦੇ ਘਰ ਦੋ ਪੁੱਤਰ-ਦਾਸੂ ਅਤੇ ਦਾਤੂ ਅਤੇ ਦੋ ਧੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਦੀ ਬਖਸ਼ਿਸ਼ ਹੋਈ।

ਇੱਕ ਵਾਰੀ ਕਿਤੇ ਹਿਸਾਬ ਕਿਤਾਬ ਵਿੱਚ ਜਰਾ ਫਰਕ ਨਿਕਲ ਆਉਣ ਤੇ ਚੌਧਰੀ ਤਖਤ-ਮੱਲ ਨੇ ਫੇਰੂ ਮੱਲ ਦੀ ਈਮਾਨਦਾਰੀ ਪਲਾਂ ਵਿੱਚ ਹੀ ਭੁਲਾ ਕੇ ਉਸ ਨੂੰ ਕੈਦ ਕਰ ਲਿਆ। ਲਹਿਣੇ ਦੀ ਮਾਤਾ ਆਪਣੇ ਪਤੀ ਦੀ ਈਮਾਨਦਾਰੀ ਤੇ ਪੂਰਾ ਭਰੋਸਾ ਸੀ, ਉਸ ਨੇ ਲਹਿਣੇ ਨੂੰ ਵਿਰਾਈ ਕੋਲ ਖਡੂਰ ਭੇਜ ਦਿੱਤਾ, ਉਸ ਨੂੰ ਵਿਸਵਾਸ਼ ਸੀ ਕਿ ਚੌਧਰੀ ਆਪਣੀ ਧੀ ਦਾ ਕਿਹਾ ਨਹੀਂ ਮੋੜਦਾ। ਵਿਰਾਈ ਨੇ ਵੀ ਕਿਹਾ ਕਿ ਕੋਈ ਭੁਲੇਖਾ ਪੈ ਸਕਦਾ ਏ ਪਰ ਮੇਰਾ ਵੀਰ ਬੇਈਮਾਨੀ ਨਹੀਂ ਕਰ ਸਕਦਾ। ਉਸ ਲਹਿਣੇ ਨੂੰ ਭਰੋਸਾ ਦਿੱਤਾ ਕਿ ਫੇਰੂ ਮੱਲ ਨੂੰ ਰਿਹਾ ਕਰਵਾਇਆ ਜਾਵੇਗਾ। ਵਾਪਸ ਭੇਜਣ ਤੋਂ ਪਹਿਲਾਂ ਉਹ ਲਹਿਣੇ ਨੂੰ ਇੱਕ ਸੰਤ, ਜੋ ਅਸਲ ਵਿੱਚ ਗੁਰੂ ਨਾਨਕ ਜੀ ਹੀ ਸਨ, ਕੋਲ ਲੈ ਗਈ। ਵਿਥਿਆ ਸੁਣ ਕੇ ਗੁਰੂ ਨਾਨਕ ਜੀ ਨੇ ਕਿਹਾ, “ਬੇਈਮਾਨੀ ਨਹੀਂ, ਗਲਤੀ ਲੱਗ ਗਈ ਹੈ। ਹੁਣ ਤੂੰ ਆਪ ਹਿਸਾਬ ਕਿਤਾਬ ਵੇਖ। ਗਲਤੀ ਲੱਭਣ ਤੇ ਤੇਰਾ ਪਿਤਾ ਛੁੱਟ ਜਾਵੇਗਾ।” ਲਹਿਣਾ ਜੀ ਨੇ ਦੁਬਾਰਾ ਹਿਸਾਬ-ਕਿਤਾਬ ਕੀਤਾ, ਗਲਤੀ ਲੱਭ ਗਈ ਅਤੇ ਫੇਰੂ ਮੱਲ ਜੀ ਕੈਦ ਤੋਂ ਆਜ਼ਾਦ ਹੋ ਗਏ ਅਤੇ ਮੁੜ ਆਪਣੇ ਕੰਮ ਤੇ ਪੂਰੇ ਇਤਬਾਰ ਨਾਲ ਲਗਾਏ ਵੀ ਗਏ। ਇਸ ਮੁਲਾਕਾਤ ਨੂੰ ਲਹਿਣੇ ਦੀ ਗੁਰੂ ਨਾਨਕ ਜੀ ਨਾਲ ਪਹਿਲੀ ਮੁਲਾਕਾਤ ਆਖਿਆ ਜਾ ਸਕਦਾ ਹੈ, ਭਾਵੇਂ ਇਸ ਦਾ ਮਕਸਦ ਸੰਸਾਰਕ ਪੀੜਾ ਦੂਰ ਕਰਨ ਤੋਂ ਹੀ ਸੀ।

ਫੇਰੂ ਮੱਲ ਜੀ ਬਹਾਲ ਵੀ ਹੋ ਗਏ, ਸਤਿਕਾਰ ਵੀ ਵੱਧ ਗਿਆ, ਪਰ ਉਹਨਾਂ ਦਾ ਆਪਣਾ ਮਨ ਤਖਤ-ਮੱਲ ਦੀ ਨੌਕਰੀ ਤੋਂ ਖੱਟਾ ਪੈ ਗਿਆ। ਉਹਨਾਂ ਨੇ ਪਰਿਵਾਰ ਨਾਲ ਸਲਾਹ ਕਰਕੇ ਚੌਧਰੀ ਤਖਤ ਮੱਲ ਅਤੇ ਫਿਰੋਜਪੁਰ ਦੇ ਹਾਕਮ ਦੀ ਨੌਕਰੀ ਤੋਂ ਜਵਾਬ ਦੇ ਦਿੱਤਾ ਅਤੇ ਪਹਿਲਾਂ ਹਰੀ ਕੇ ਪੱਤਣ ਜਾ ਕੇ ਦੁਕਾਨ ਪਾਈ, ਪਰ ਲਹਿਣੇ ਦੇ ਸਹੁਰਿਆਂ ਦੇ ਜੋਰ ਦੇਣ ਤੇ ਸੰਘਰ ਜਾ ਕੇ ਪਿਓ-ਪੁੱਤ ਨੇ ਦੁਕਾਨ, ਵਪਾਰ ਅਤੇ ਸ਼ਾਹੂਕਾਰੇ ਦਾ ਕੰਮ ਆਰੰਭ ਕਰ ਦਿੱਤਾ, ਜੋ ਥੋੜ੍ਹੇ ਸਮੇਂ ਵਿੱਚ ਹੀ ਚਮਕ ਗਿਅਾ।

ਪਰਮਾਤਮਾ ਦੇ ਹੁਕਮ ਅਨੁਸਾਰ ਫੇਰੂ ਮੱਲ ਜੀ ਦਾ ਦਿਹਾਂਤ ਹੋ ਗਿਆ ਅਤੇ ਉਹਨਾਂ ਤੋਂ ਬਾਅਦ ਸਾਰੀ ਜਿੰਮੇਵਾਰੀ ਭਾਈ ਲਹਿਣੇ ਸਿਰ ਆ ਪਈ। ਦੇਵੀ-ਭਗਤਾਂ ਨੇ ਪਿਤਾ ਦੀ ਥਾਂ ਲਹਿਣੇ ਨੂੰ ਸੰਘ ਦਾ ਮੁਖੀਆ ਥਾਪ ਦਿੱਤਾ ਜਿਸ ਨੇ ਹਰ ਸਾਲ ਕਾਂਗੜੇ ਜਵਾਲਾ ਮੁਖੀ ਮਾਤਾ ਦੀ ਯਾਤਰਾ ਤੇ ਜਾਣਾ ਅਤੇ ਝੰਡਾ ਲਹਿਰਾਉਣਾ ਹੁੰਦਾ ਸੀ। ਲਹਿਣਾ ਹੁਣ ਦੇਵੀ-ਭਗਤਾਂ ਦੀ ਅਗਵਾਈ ਕਰਦਿਆਂ ਉਹਨਾਂ ਵਾਲਾ ਪਹਿਰਾਵਾ ਪਹਿਨ ਕੇ ਹੱਥ ਵਿੱਚ ਖੂੰਡੀ ਤੇ ਹੱਥ ਖੰਮਣੀ ਬੰਨ੍ਹ ਕੇ ਜਾਣ ਲੱਗਿਆ।

ਵਧੀਆ ਕਾਰੋਬਾਰ, ਵਧੀਆ ਮਾਣ ਸਨਮਾਨ ਪਰ ਲਹਿਣਾ ਜੀ ਨੂੰ ਅੰਦਰੋਂ ਮਾਨਸਿਕ ਸ਼ਾਂਤੀ ਨਹੀਂ ਸੀ। ਜਿੱਥੇ ਵੀ ਕੋਈ ਰੱਬ ਦੇ ਪਿਆਰੇ ਬਾਰੇ ਪਤਾ ਲੱਗਣਾ, ਲਹਿਣਾ ਜੀ ਨੇ ਉਸੇ ਵੇਲੇ ਉਸ ਨੂੰ ਮਿਲਣ ਚਲ ਪੈਣਾ। ਜਵਾਲਾ-ਮੁਖੀ ਯਾਤਰਾ ਦੌਰਾਨ ਨਾਨਕ-ਤਪੇ ਦੀ ਸ਼ੋਭਾ ਸੁਣ ਕੇ ਦਰਸ਼ਨ ਕਰਨ ਦੀ ਇੱਛਾ ਜਾਗੀ, ਜਿਹੜੀ ਭਾਈ ਜੋਧ ਸਿੰਘ ਤੋਂ ਸੁਣੀ ਬਾਣੀ ਨੇ ਹੋਰ ਪ੍ਰਬਲ ਕਰ ਦਿੱਤi। ਭਾਈ ਜੋਧ ਸਿੰਘ ਜੀ ਗਾ ਰਹੇ ਸਨ:

“ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬ ਸਦਾ ਸਮਾਲੀਐ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲਿ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ॥”……(ਪੰਨਾ 474,ਆਸਾ ਦੀ ਵਾਰ ਮਹਲਾ 1)

ਇਸ ਸ਼ਬਦ ਨੂੰ ਸੁਣ ਕੇ ਲਹਿਣੇ ਦਾ ਮਨ ਪੂਰਾ ਪਸੀਜ ਗਿਆ ਅਤੇ ਉਸ ਨੂੰ ਇਸ ਦੇ ਰਚਨਹਾਰੇ ਨੂੰ ਮਿਲਣ ਦੀ ਤਾਂਘ ਲੱਗ ਗਈ। ਭੂਆ ਵਿਰਾਈ ਨਾਲ ਵਿਚਾਰ ਕੀਤੀ, ਤਾਂ ਉਸ ਨੇ ਯਾਦ ਕਰਾਇਆ, “ਉਹਨਾਂ ਨੂੰ ਤੂੰ ਇੱਕ ਵਾਰ ਮਿਲ ਵੀ ਚੁੱਕਿਆ ਹੈਂ। ਕਰਤਾਰਪੁਰ ਤਾਂ ਤੇਰੀ ਯਾਤਰਾ ਦੇ ਰਾਹ ਵਿੱਚ ਹੀ ਪੈਂਦਾ ਏ। ਯਾਤਰਾ ਤੋਂ ਆਉਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਵੀ ਕਰ ਆਉਣੇ।”

ਲ਼ਹਿਣਾ ਜੀ ਨੇ ਦੇਵੀ-ਭਗਤਾਂ ਨੂੰ ਸੱਦਾ ਦਿੱਤਾ ਅਤੇ ਯਾਤਰਾ ਲਈ ਚੱਲ ਪਏ। ਕਰਤਾਰਪੁਰ ਦੇ ਪਹੇ ਤੇ ਪੁੱਜ ਕੇ ਦੇਵੀ ਦੇ ਯਾਤਰੀ ਠਹਿਰੇ ਅਤੇ ੳੁੱਥੇ ਰਾਤ ਦਾ ਪੜਾੳ ਕੀਤਾ ਗਿਆ। ਲਹਿਣਾ ਜੀ ਨੇ ਸੰਗੀਆਂ ਤੋਂ ਆਗਿਆ ਲਈ ਕਿ ਮੈਂ ਨਾਨਕ ਤਪਾ ਦੇ ਦਰਸ਼ਨ ਕਰਨੇ ਨੇ, ਸਵੇਰੇ ਹੀ ਅਗਲੀ ਯਾਤਰਾ ਲਈ ਤੁਹਾਡੇ ਨਾਲ ਮਿਲ ਜਾਵਾਂਗਾ।

ਲ਼ਹਿਣਾ ਜੀ ਘੋੜੀ ਤੇ ਸਵਾਰ ਹੋ ਕੇ ਗੁਰੂ ਨਾਨਕ ਜੀ ਨੂੰ ਮਿਲਣ ਚੱਲ ਪਏ। ਭਾਈ ਜੋਧ ਤੋਂ ਸੁਣਿਆ ਸ਼ਬਦ ਉਹਨਾਂ ਦੇ ਰੋਮ ਰੋਮ ਵਿੱਚ ਵੱਸ ਚੁੱਕਿਆ ਸੀ। ਰਾਹ ਵਿੱਚ ਹੀ ਇੱਕ 60-62 ਸਾਲ ਦਾ ਬਜੁਰਗ ਆੳਂਦਾ ਦੇਖਿਆ, ਜੋ ਅਸਲ ਵਿੱਚ ਗੁਰੂ ਨਾਨਕ ਜੀ ਹੀ ਸਨ, ਤਾਂ ਪੁੱਛਿਆ ਕਿ ਨਾਨਕ ਤਪੇ ਦੇ ਦਰਸ਼ਨ ਕਰਨੇ ਨੇ, ਕਿਸ ਰਾਹ ਜਾਵਾਂ। ਬਜੁਰਗ ਨੇ ਕਿਹਾ ਕਿ ਮੇਰੇ ਮਗਰ ਮਗਰ ਆਈ ਚੱਲ। ਮੈ ਤੈਨੂੰ ਬਾਬੇ ਕੇ ਘਰ ਲੈ ਚੱਲਦਾ ਹਾਂ। ਜਦੋਂ ਮੰਜਲ ਤੇ ਪੁੱਜੇ, ਭਾਈ ਲਹਿਣਾ ਜੀ ਘੋੜੀ ਨੂੰ ਬੰਨ੍ਹ ਕੇ ਧਰਮਸ਼ਾਲ ਦੇ ਕਮਰੇ ਅੰਦਰ ਗਏ ਜਿੱਥੇ ਕੀਰਤਨ ਹੋ ਰਿਹਾ ਸੀ। ਆਸਣ ਤੇ ਬਿਰਾਜਮਾਨ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਸਿਰ ਚੁੱਕਿਆ ਤਾਂ ਓਸੇ ਬਜੁਰਗ ਨੂੰ ਦੇਖਿਆ, ਜੋ ਉਸ ਦੀ ਘੋੜੀ ਦੀ ਵਾਗ ਫੜ ਕੇ ਲਿਆਏ ਸਨ। ਲਹਿਣਾ ਜੀ ਨੇ ਗੁਰੂ-ਚਰਨਾਂ ਨੂੰ ਹੰਝੂਆਂ ਨਾਲ ਧੋ ਦਿੱਤਾ। ਗੁਰੂ ਨਾਨਕ ਜੀ ਨੇ ਮੱਥੇ ਤੇ ਹੱਥ ਰੱਖ ਕੇ ਉਠਾਇਆ, ਅਸ਼ੀਰਵਾਦ ਦਿੱਤੀ। ਲਹਿਣਾ ਜੀ ਨੇ ਹੋਈ ਖੁਨਾਮੀ ਲਈ ਮੁਆਫੀ ਮੰਗੀ। ਗੁਰੂ ਜੀ ਦੇ ਪੁੱਛਣ ਤੇ ਜਦੋਂ ਲਹਿਣੇ ਨੇ ਆਪਣਾ ਨਾਮ ਦੱਸਿਆ ਤਾਂ ਗੁਰੂ ਨਾਨਕ ਜੀ ਬੋਲੇ, “ ਵਾਹ ਵਾਹ ਤੇਰਾ ਨਾਮ ਲਹਿਣਾ। ਆ ਬਈ ਤੂੰ ਲਹਿਣਾ ਅਤੇ ਅਸੀਂ ਤੇਰਾ ਦੇਣਾ।”

ਇਹ ਰਾਤ ਭਾਈ ਲਹਿਣਾ ਜੀ ਨੇ ਧਰਮਸ਼ਾਲਾ ਵਿੱਚ ਹੀ ਕੱਟੀ। ਪਿਛਲੀ ਰਾਤ ਅਚਾਨਕ ਅੱਖ ਖੁਲ੍ਹੀ ਤੇ ਦੇਖਿਆ ਇੱਕ ਸੂਹੇ ਕੱਪੜਿਆਂ ਵਾਲੀ ਇਸਤਰੀ ਬੁਹਾਰੀ ਕਰਦੀ ਹੈ। ਪੁੱਛਣ ਤੇ ਪਤਾ ਲੱਗਾ ਕਿ ਓਹੋ ਹੀ ਵੈਸ਼ਨੋ/ਦੁਰਗਾ ਦੇਵੀ ਹੈ। ਉਹ ਗੁਰੂ ਦਰਬਾਰ ਦੀ ਬੁਹਾਰੀ ਕਰਕੇ ਸ਼ਕਤੀ ਪ੍ਰਾਪਤ ਕਰਦੀ ਹੈ ਅਤੇ ਅੱਗੋਂ ਆਪਣੇ ਭਗਤਾਂ ਵਿੱਚ ਥੋੜ੍ਹੀ ਥੋੜ੍ਹੀ ਵੰਡ ਦਿੰਦੀ ਹੈ। ਸਵੇਰੇ ਉਹਨਾਂ ਕੀਰਤਨ ਸੁਣਿਆ, ਗੁਰ ਉਪਦੇਸ਼ ਸੁਣਿਆ ਅਤੇ ਨਿਹਾਲ ਹੋਇਆ ਮਨ ਹੁਣ ਉਥੇ ਹੀ ਟਿਕ ਗਿਆ। ਉਹ ਆਪਣੇ ਸਾਥੀਆਂ ਨੂੰ ਕਹਿ ਆਏ ਕਿ ਤੁਸੀਂ ਜਾਓ ਅੱਗੇ, ਮੈਂ ਤਾਂ ਹੁਣ ਇੱਥੇ ਹੀ ਰਹਾਂਗਾ।

ਲਹਿਣਾ ਜੀ ਨੇ ਇੱਥੇ ਰਹਿ ਕੇ ਪੂਰੀ ਸੇਵਾ ਕੀਤੀ।ਸੰਗਤਾਂ ਦੀ ਪੱਖਾ ਝੱਲਣ ਦੀ ਸੇਵਾ, ਲੰਗਰ ਦੀ ਸੇਵਾ, ਜੂਠੇ ਭਾਂਡੇ ਮਾਂਜਣ ਦੀ ਸੇਵਾ ਆਦਿ। ਇਸ ਤੋਂ ਬਿਨਾ ਉਹ ਬਾਬੇ ਨਾਨਕ ਦੇ ਹਰ ਹੁਕਮ ਦਾ ਪਾਲਣ ਕਰਕੇ ਖੁਸ਼ ਹੁੰਦੇ।

ਇਤਿਹਾਸ ਵਿੱਚ ਬਹੁਤ ਸਾਰੀਆਂ ਸਾਖੀਆਂ ਆਉਂਦੀਆਂ ਹਨ ਜਿਹੜੀਆਂ ਲਹਿਣਾ ਜੀ ਦੇ ਆਗਿਆਕਾਰੀ ਅਤੇ ਹੁਕਮ ਮੰਨਣ ਦੇ ਸੁਭਾਅ ਤੇ ਚਾਨਣਾ ਪਾਉਂਦੀਆਂ ਹਨ। ਸੰਖੇਪ ਵਿੱਚ ਹੀ ਜਿਕਰ ਕਰਾਂਗੇ:

1. ਨਦੀਨ ਦੀਆਂ ਤਿੰਨ ਪੰਡਾਂ ਚੁੱਕਣੀਆਂ:-ਗੁਰੂ ਨਾਨਕ ਜੀ ਨੇ ਨਦੀਨ ਕੱਢ ਕੇ ਹਰੇ ਘਾਹ ਦੀਆਂ ਤਿੰਨ ਪੰਡਾਂ ਬਣਾ ਲਈਆਂ ਸਨ, ਪਰ ਕੋਈ ਵੀ ਚੁੱਕਣ ਲਈ ਤਿਆਰ ਨਾ ਹੋਇਆ। ਚਿੱਕੜ ਚੋਂਦੀਆਂ ਪੰਡਾਂ ਜਦੋਂ ਲਹਿਣੇ ਨੇ ਚੁੱਕੀਆਂ ਤਾਂ ਕੱਪੜੇ ਵੀ ਚਿੱਕੜ ਨਾਲ ਭਰ ਗਏ। ਮਾਤਾ ਜੀ ਦੇ ਕਹਿਣ ਤੇ ਬਾਬੇ ਨੇ ਇਸ ਨੂੰ ਕੇਸਰ ਦੱਸਿਆ। ਮੈਕਾਲਿਫ ਨੇ ਤਿੰਨ ਪੰਡਾਂ ਨੂੰ ਅਧਿਆਤਮਕ, ਸੰਸਾਰਕ ਅਤੇ ਗੁਰਿਆਈ ਦੀ ਜਿੰਮੇਵਾਰੀ ਦੇ ਪ੍ਰਤੀਕ ਮੰਨਿਆ ਹੈ।

2. ਗੜ੍ਹਿਆਂ ਦੇ ਮੀਂਹ ਵਿੱਚ ਗੁਰਸੇਵਾ:-ਬਾਬਾ ਜੀ ਰਾਵੀ ਵਿੱਚ ਇਸ਼ਨਾਨ ਕਰਨ ਗਏ ਤੇ ਲਹਿਣਾ ਜੀ ਬਾਬਾ ਜੀ ਦੇ ਵਸਤਰ ਸਾਂਭ ਕੇ ਬੈਠ ਗਏ। ਅਚਾਨਕ ਜੋਰ ਦੀ ਮੀਂਹ ਆ ਗਿਆ। ਗੜ੍ਹੇ ਪੈਣ ਲੱਗੇ। ਬਾਕੀ ਸਿੱਖ ਘਰ ਨੂੰ ਮੁੜ ਗਏ ਪਰ ਲਹਿਣਾ ਜੀ ਉਸੇ ਤਰਾਂ ਵਸਤਰ ਸਾਂਭੀ ਬੈਠੇ ਰਹੇ। ਬਾਬਾ ਜੀ ਦੇ ਬਾਹਰ ਆਉਣ ਤੇ ਕੱਪੜੇ ਪੁਆ ਕੇ ਉਹਨਾਂ ਦੇ ਨਾਲ ਹੀ ਆਏ।

ਇੱਕ ਵਾਰ ਧਰਮਸਾਲ ਦੇ ਵਰਾਂਡੇ ਵਿੱਚ ਮੋਈ ਚੂਹੀ ਪਈ ਸੀ, ਤੇ ਗੁਰ-ਪੁੱਤਰਾਂ ਸਮੇਤ ਕਿਸੇ ਨੇ ਉਸ ਨੂੰ ਬਾਹਰ ਨਹੀਂ ਕੱਢਿਆ। ਲਹਿਣਾ ਜੀ ਨੂੰ ਹੁਕਮ ਮਿਲਿਆ ਤਾਂ ਉਹਨਾਂ ਪਲ ਵਿੱਚ ਹੀ ਚੂਹੀ ਬਾਹਰ ਕੱਢੀ ਅਤੇ ਸਫਾਈ ਕਰ ਦਿੱਤੀ।

ਗੁਰੂ ਨਾਨਕ ਜੀ ਪੁੱਛਿਆ ਕਿ ਕਿੰਨੀ ਰਾਤ ਲੰਘ ਗਈ ਹੈ। ਬਾਬਾ ਬੁੱਢੇ ਸਮੇਤ ਸਿੱਖਾਂ ਨੇ ਕਿਹਾ ਕਿ ਅੱਧੀ ਰਾਤ ਲੰਘ ਗਈ ਹੈ। ਪਰ ਲਹਿਣਾ ਜੀ ਨੂੰ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਮੇਹਰਬਾਨ ਤੇਰੀ ਰਾਤ ਤੇਰਾ ਦਿਨ। ਤੂੰ ਸਭ ਕੁਝ ਜਾਣਦਾ ਹੈਂ। ਸਾਨੂੰ ਕੋਈ ਖਬਰ ਨਹੀਂ।

3. ਗੁਰਿਆਈ ਲਈ ਪ੍ਰੀਖਿਆਵਾਂ:- ਇਤਿਹਾਸ ਵਿੱਚ ਕਈ ਵਾਰ ਪ੍ਰੀਖਿਆ ਲਏ ਜਾਣ ਦਾ ਜਿਕਰ ਆਉਂਦਾ ਹੈ। ਹਰ ਵਾਰੀ ਲਹਿਣਾ ਜੀ ਹੀ ਪਾਸ ਹੋਏ।

ਇੱਕ ਵਾਰ ਅੱਧੀ ਰਾਤ ਨੂੰ ਗੁਰੂ ਨਾਨਕ ਜੀ ਨੇ ਕਿਹਾ ਕਿ ਦੇਖੋ ਕਿੱਡਾ ਦਿਨ ਚੜ੍ਹਿਆ ਹੈ। ਸਾਡੇ ਕੱਪੜੇ ਧੋ ਕੇ ਲਿਆਓ। ਪੁੱਤਰਾਂ ਨੇ ਕਿਹਾ ਕਿ ਸਵੇਰ ਹੋਣ ਤੇ ਧੋ ਲਵਾਂਗੇ, ਪਰ ਲਹਿਣਾ ਜੀ ਉਸੇ ਵੇਲੇ ਗਏ ਤੇ ਕੱਪੜੇ ਧੋ ਲਿਆਏ।
ਸਰਦੀਆਂ ਦੀ ਰੁੱਤ ਵਿੱਚ ਰਾਤ ਵੇਲੇ ਮੀਂਹ ਨਾਲ ਧਰਮਸਾਲ ਦੀ ਕੰਧ ਡਿੱਗ ਪਈ ਸੀ। ਬਾਬੇ ਨੇ ਉਸੇ ਵੇਲੇ ਬਣਾਉਣ ਲਈ ਕਿਹਾ। ਪੁੱਤਰਾਂ ਨੇ ਸਵੇਰੇ ਰਾਜ ਮਿਸਤਰੀ ਤੋਂ ਬਣਵਾ ਦੇਣ ਬਾਰੇ ਕਿਹਾ। ਪਰ ਸੇਵਕ ਲਹਿਣੇ ਨੇ ਕੰਧ ਬਣਾ ਕੇ ਹੀ ਸੇਵਾ ਸਫਲ ਹੋਈ ਜਾਣੀ।

ਕਿੱਕਰਾਂ ਤੋਂ ਮਠਿਆਈਆਂ ਲਾਹੁਣਾ:- ਕਰਤਾਰਪੁਰ ਵਿਖੇ ਸੰਗਤ ਦਾ ਇਕੱਠ ਵੀਹ ਹਜਾਰ ਤੱਕ ਦਾ ਹੋ ਜਾਂਦਾ ਸੀ।ਇੱਕ ਦਿਨ ਸੰਗਤਾਂ ਬਹੁਤ ਜਿਆਦਾ ਆ ਗਈਆਂ, ਪਰ ਮੀਂਹ ਦੀ ਝੜੀ ਲੱਗੀ ਹੋਣ ਕਰਕੇ ਤਿੰਨ ਦਿਨ ਲੰਗਰ ਨਾ ਪੱਕ ਸਕਿਆ। ਮੀਂਹ ਟਿਕਿਆ ਤਾਂ ਬਾਬਾ ਨਾਨਕ ਇੱਕ ਕਿੱਕਰ ਹੇਠ ਬੈਠ ਗਏ ਅਤੇ ਸ਼੍ਰੀ ਚੰਦ ਨੂੰ ਉਸ ਉਪਰ ਚੜ੍ਹਨ ਅਤੇ ਮਠਿਆਈਆਂ ਲਾਹੁਣ ਦਾ ਹੁਕਮ ਦਿੱਤਾ। ਸ਼੍ਰੀ ਚੰਦ ਨੇ ਬਾਬਾ ਜੀ ਦੀ ਉਮਰ ਵੱਧ ਹੋਣ ਕਰਕੇ ਉਹਨਾਂ ਦੇ ਦਿਮਾਗ ਦੇ ਠੀਕ ਕੰਮ ਨਾ ਕਰਦੇ ਹੋਣ ਦੀ ਗੱਲ ਵੀ ਕਹਿ ਦਿੱਤੀ। ਲਹਿਣੇ ਨੂੰ ਕਿਹਾ ਤਾਂ ਉਹ ਤੁਰੰਤ ਕਿੱਕਰ ਤੇ ਚੜ੍ਹ ਗਏ ਅਤੇ ਉਸਨੂੰ ਹਿਲਾਇਆ। ਇਹਨਾਂ ਮਠਿਆਈਆਂ ਨੂੰ ਸੰਗਤ ਵਿੱਚ ਵੰਡਿਆ ਗਿਆ।

ਮੁਰਦਾ ਖਾਣਾ:-ਗੁਰੂ ਨਾਨਕ ਜੀ ਨੇ ਭਿਆਨਕ ਰੂਪ ਬਣਾ ਲਿਆ ਜਿਸ ਵਿੱਚ ਹੱਥ ਵਿੱਚ ਕੁਤਕਾ, ਲੱਕ ਨਾਲ ਛੁਰਾ, ਅੱਗੇ ਪਿੱਛੇ ਸ਼ਿਕਾਰੀ ਕੁੱਤੇ, ਗੋਦੜੀ ਵਿੱਚ ਸਿੱਕੇ, ਮੋਤੀ ਤੇ ਹੀਰੇ ਪਾ ਲਏ। ਧਰਮਸਾਲ ਤੋਂ ਸ਼ਮਸਾਨ ਘਾਟ ਵੱਲ ਚੱਲ ਪਏ। ਲੋਕ ਮਗਰ ਚੱਲੇ, ਬਾਬੇ ਪੈਸੇ ਸੁੱਟੇ। ਫੇਰ ਰੁਪਈਏ ਸੁੱਟੇ। ਕੁਝ ਲੋਕ ਪੈਸੇ ਲੈ ਕੇ ਤੇ ਕੁਝ ਰੁਪਈਏ ਲੇ ਕੇ ਵਾਪਸ ਮੁੜ ਗਏ। ਫਿਰ ਬਾਬੇ ਮੁਹਰਾਂ ਸੁੱਟੀਆਂ। ਅਖੀਰ ਤੇ ਦੋ ਸਿੱਖ ਨਾਲ ਰਹੇ। ਅੱਗੇ ਇੱਕ ਚਿਖਾ ਜਲਦੀ ਸੀ, ਦੁਰਗੰਧ ਵੀ ਆਉਂਦੀ ਸੀ। ਬਾਬੇ ਨੇ ਇਸ ਨੂੰ ਖਾਣ ਦਾ ਹੁਕਮ ਸੁਣਾ ਦਿੱਤਾ। ਦੂਜਾ ਸਿੱਖ ਤਾਂ ਮੂੰਂਹ ਫੇਰ ਕੇ ਥੁੱਕਾਂ ਸੁੱਟਣ ਲੱਗਾ। ਇਕੱਲੇ ਲਹਿਣਾ ਜੀ ਰਹਿ ਗਏ। ਲਹਿਣੇ ਪੁੱਛਿਆ ਕਿ ਕਿਸ ਪਾਸਿਓਂ ਖਾਵਾਂ। ਬਾਬੇ ਪੈਰਾਂ ਵੱਲੋਂ ਖਾਣ ਲਈ ਕਿਹਾ।ਚਾਦਰ ਉਠਾਈ ਤਾਂ ਬਾਬਾ ਨਾਨਕ ਪਿਆ ਦਿਖਿਆ। ਪਿੱਛੇ ਵੱਲ ਦੇਖਿਆ ਤਾਂ ਬਾਬਾ ਨਾਨਕ ਆਪਣੇ ਸਧਾਰਨ ਰੂਪ ਵਿੱਚ ਖੜ੍ਹਾ ਹੈ (ਭਿਆਨਕ ਰੂਪ ਨਹੀਂ)। ਲਹਿਣੇ ਮੱਥਾ ਟੇਕਿਆ ਤਾਂ ਬਾਬੇ ਨੇ ਲਹਿਣੇ ਨੂੰ ਗਲੇ ਲਗਾਇਆ ਤੇ ਕਿਹਾ ਕਿ ਤੂੰ ਅੱਜ ਤੋਂ ਅੰਗਦ ਹੋਇਆ ਹੈਂ। ਕੁਝ ਜਨਮ-ਸਾਖੀ ਸਰੋਤਾਂ ਵਿੱਚ ਚਾਦਰ ਚੁੱਕਣ ਤੇ ਗਰਮ ਕੜਾਹ-ਪ੍ਰਸਾਦਿ ਨਿਕਲਣ ਬਾਰੇ ਵੀ ਲਿਖਿਆ ਮਿਲਦਾ ਹੈ।

ਤਦ ਗੁਰੂ ਨਾਨਕ ਜੀ ਨੇ ਬਾਕਾਇਦਾ ਸੰਗਤ ਦੇ ਸਾਹਮਣੇ ਅੰਗਦ ਜੀ ਦੇ ਅੱਗੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਆਪ ਮੱਥਾ ਟੇਕਿਆ ਅਤੇ ਬਾਬੇ ਬੁਢੇ ਤੋਂ ਗੁਰਿਆਈ ਦਾ ਤਿਲਕ ਲਗਵਾਇਆ। ਇਸ ਗੱਲ ਦਾ ਜ਼ਿਕਰ ਰਾਮਕਲੀ ਦੀ ਵਾਰ ਵਿੱਚ ਸੱਤਾ ਬਲਵੰਡ ਜੀ ਦੀ ਕਲਮ ਦਾ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹੈ –

“ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ॥
ਗੁਰਿ ਚੇਲੇ ਰਹਰਾਸਿ ਕੀਈ ਨਾਨਕ ਸਲਾਮਤਿ ਥੀਵਦੈ ॥
ਸਹਿ ਟਿਕਾ ਦਿਤੋਸੁ ਜੀਵਦੈ “॥1॥…(ਪੰਨਾ 966,ਰਾਮਕਲੀ ਕੀ ਵਾਰ, ਰਾਇ ਬਲਵੰਡ ਤਥਾ ਸਤਾ ਡੂਮਿ ਆਖੀ)

ਦੋ ਗੱਲਾਂ ਬਿਲਕੁਲ ਵਿਲੱਖਣ ਹੋਈਆਂ ਹਨ-
ਗੁਰੂ ਨਾਨਕ ਦਾ ਸਿਰ ਕਿਸੇ ਵੀ ਦੁਨਿਆਵੀ ਮਨੁੱਖ ਅੱਗੇ ਨਹੀਂ ਝੁਕਿਆ, ਬੇਸ਼ੱਕ ਉਹ ਕੋਈ ਰਾਜਾ ਸੀ, ਸਾਧ ਸੀ, ਕਾਜੀ ਸੀ, ਪੰਡਤ ਸੀ, ਜਾਂ ਕੋਈ ਵੀ ਧਨਵਾਨ ਜਾਂ ਅਹੁਦੇਦਾਰ। ਪਰ ਲਹਿਣੇ ਅੱਗੇ ਗੁਰੂ ਨਾਨਕ ਨੇ ਮੱਥਾ ਟੇਕਿਆ ਅਤੇ ਉਸ ਨੂੰ ਗੁਰੂ ਅੰਗਦ ਬਣਾ ਦਿੱਤਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿਰਫ ਇੱਕ ਹੀ ਔਰਤ ਦਾ ਜਿਕਰ ਹੈ ਅਤੇ ਉਹ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖਵਿੀ ਜੀ ਹਨ।

“ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲ਼ੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
(ਪੰਨਾ 967,ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ)

ਅੰਤਿਕਾ:- ਜਨਮ-ਸਾਖੀਆਂ ਅਤੇ ਹੋਰ ਪੁਰਾਤਨ ਸਰੋਤਾਂ ਵਿੱਚ ਆਉਂਦੀਆਂ ਇਹਨਾਂ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਕੁਝ ਵੀ ਨਾ ਕਹਿੰਦੇ ਹੋਏ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਲਹਿਣਾ ਜੀ ਨੂੰ ਤਾਂ ਬੱਸ ਗੁਰ-ਹੁਕਮ ਮੰਨ ਕੇ ਹੀ ਆਨੰਦ ਆਉਂਦਾ ਸੀ। ਉਹਨਾ ਨੇ ਤਿੰਨ ਭੱਭੇ ਯਾਦ ਕੀਤੇ ਹੋਏ ਆਖਿਆ ਜਾਂਦਾ ਹੈ- ਭਲਾ ਜੀ, ਭੁੱਲਾ ਜੀ ਅਤੇ ਭੋਲਾ ਜੀ। ਕਿਉਂਕਿ ਸਿੱਖੀ ਅਜੇ ਆਰੰਭ ਹੀ ਹੋਈ ਸੀ, ਇਸ ਲਈ ਗੁਰਿਆਈ ਦਾ ਹੱਕਦਾਰ ਲਾਜ਼ਮੀ ਤੌਰ ਤੇ ਇਸ ਲਾਇਕ ਹੋਣਾ ਚਾਹੀਦਾ ਸੀ ਜੋ ਗੁਰੂ ਨਾਨਕ ਦੇ ਸ਼ੁਰੂ ਕੀਤੇ ਮਿਸ਼ਨ ਅਨੁਸਾਰ ਹੀ ਚੱਲੇ। ਇਸੇ ਨੂੂੰ ਸੱਤੇ ਬਲਵੰਡ ਨੇ “ ਜੋਤਿ ਓਹਾ ਜੁਗਤਿ ਸਾਇ” ਆਖ ਕੇ ਨਾਨਕ ਦੀ ਜੋਤਿ ਦਾ ਲਹਿਣੇ ਵਿੱਚ ਦਾਖਲ ਹੋਣਾ ਕਿਹਾ ਹੈ। ਇਹੀ ਜੋਤ ਇੱਥੋਂ ਚੱਲ ਕੇ ਦਸਵੇਂ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਤੁਰਦੀ ਹੈ। ਗੁਰੂ ਅੰਗਦ ਜੀ ਨੇ ਗੁਰ ਗੱਦੀ ਮਿਲਣ ਉਪਰੰਤ ਆਪਣੀ ਜਿੰਮੇਵਾਰੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਅਤੇ ਸਿੱਖੀ ਦੇ ਇਸ ਬੂਟੇ ਨੂੰ ਹੋਰ ਵਧਣ-ਫੁੱਲਣ ਲਈ ਹਰ ਸੰਭਵ ਯਤਨ ਕੀਤਾ।
***
ਜਸਵਿੰਦਰ ਸਿੰਘ “ਰੁਪਾਲ”,  ਐਮ.ਏ.(ਪੰਜਾਬੀ, ਇਕਨਾਮਿਕਸ, ਅੰਗਰੇਜ਼ੀ, ਜਰਨੇਲਿਜਮ ਅਤੇ ਮਨੋਵਿਗਿਆਨ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1200
***

About the author

ਜਸਵਿੰਦਰ ਸਿੰਘ 'ਰੁਪਾਲ'
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →