ਗੁਰਨੂਰ ਸਰਦਾਰ ਹਰਬੰਸ ਸਿੰਘ ਦੀ ਲੜਕੀ, ਜਿਸ ਦਾ ਛੋਟਾ ਨਾਂ ਨੂਰ ਸੀ। ਉਸ ਨੂੰ ਰੱਬ ਨੇ ਰੱਜ ਕੇ ਰੂਪ ਦਿੱਤਾ। ਗੋਰਾ ਰੰਗ ਤਿੱਖੇ ਨੈਣ ਨਕਸ਼ ਅਤੇ ਪਤਲੀ ਪਤੰਗ, ਪੜ੍ਹਾਈ ਵਿੱਚ ਵੀ ਬੜੀ ਹੁਸ਼ਿਆਰ। ਉਸਨੇ ਆਪਣੀ ਕਲਾਸ ਵਿੱਚੋਂ ਸਦਾ ਫਸਟ ਆਉਣਾ ਤੇ ਸਿਲਾਈ ਕਢਾਈ ਵਿੱਚ ਵੀ ਸਭ ਤੋਂ ਅੱਗੇ। ਪਰ ਪਤਾ ਨਹੀਂ ਕਿਓਂ ਉਸ ਨੂੰ ਰਸੋਈ ਦਾ ਕੰਮ ਕਾਜ ਬਹੁਤਾ ਨਹੀਂ ਸੀ ਆਉਂਦਾ। ਖਬਰੇ ਉਨ੍ਹਾਂ ਦੇ ਘਰ, ਰਸੋਈ ਵਿੱਚ ਕੰਮ ਕਰਨ ਵਾਲ਼ੇ ਨੌਕਰ ਚਾਕਰ ਸਨ, ਤਾਂ ਕਰਕੇ ਜਾਂ ਫਿਰ ਇਸ ਵਿੱਚ ਉਸਦੀ ਰੁਚੀ ਹੀ ਨਹੀਂ ਸੀ। ਅਜੇ ਉਹ ਬੀ.ਏ ਹੀ ਕਰ ਰਹੀ ਸੀ ਕਿ ਸਰਦਾਰ ਹਰਬੰਸ ਸਿੰਘ ਨੂੰ ਕਿਸੇ ਨੇ ਨੂਰ ਲਈ ਚੰਗੇ ਰਿਸ਼ਤੇ ਦੀ ਦੱਸ ਪਾਈ। ਉਨ੍ਹਾਂ ਨੂੰ ਇਹ ਰਿਸ਼ਤਾ ਪਸੰਦ ਆ ਗਿਆ ਕਿਉਂਕਿ ਲੜਕਾ ਇੰਗਲੈਂਡ ਤੋਂ ਪੜ੍ਹਕੇ ਆਇਆ ਸੀ ਤੇ ਉਸ ਕੋਲ਼ ਜਮੀਨ ਜਾਇਦਾਦ ਵੀ ਖੁੱਲ੍ਹੀ ਸੀ, ਕੋਈ 200 ਏਕੜ ਦੇ ਨੇੜ ਤੇੜ। ਤੇ ਫੇਰ ਮਾਪਿਆਂ ਦਾ ਇੱਕੋ ਇੱਕ ਪੁੱਤ। ਸ. ਗੁਰਦੀਪ ਸਿੰਘ ਦਾ ਇਕੱਲਾ ਪੁੱਤ ਤੇ ਮਾਪਿਆਂ ਨੇ ਉਸ ਦਾ ਨਾਂ ਰੱਖਿਆ ਰਾਜਦੀਪ। ਜਿਸ ਨੂੰ ਸਾਰੇ ਰਾਜਾ ਕਹਿਕੇ ਬਲਾਉਂਦੇ ਸਨ। ਸ. ਹਰਬੰਸ ਸਿੰਘ ਨੇ ਦੋਵੇਂ ਪਰਵਾਰਾਂ ਦੇ ਮਿਲਣ-ਮਿਲਾਉਣ ਦਾ ਸਮਾਂ ਰੱਖ ਦਿੱਤਾ। ਉਸ ਦਿਨ ਨੂਰ ਨੂੰ ਦੇਖਣ ਸਾਰ ਹੀ ਰਾਜੇ ਦੀ ਮੰਮੀ ਨੇ ਨੂਰ ਦੇ ਗਲ਼ ਵਿੱਚ ਇੱਕ ਹਾਰ ਪਾ ਦਿੱਤਾ ਤੇ ਹੱਥ ਤੇ ਪੌਂਡ ਧਰ ਦਿੱਤਾ ਅਤੇ ਰਿਸਤਾ ਪੱਕਾ ਹੋ ਗਿਆ। ਦੋਨੋਂ ਧਿਰਾਂ ਬਹੁਤ ਖੁਸ਼। ਨੂਰ ਦੇ ਮਾਪਿਆਂ ਨੂੰ ਸੋਹਣਾ ਸੁਨੱਖਾ ਮੁੰਡਾ ਮਿਲ਼ ਗਿਆ। ਗੋਰਾ ਰੰਗ, ਨੈਣ ਨਕਸ਼ ਤਿੱਖੇ, ਮੋਟੀ ਅੱਖ ਇੰਜ ਲਗਦਾ ਸੀ ਕਿ ਜਿਵੇਂ ਰੱਬ ਨੇ ਉਸਨੂੰ ਵਿਹਲੇ ਵੇਲ਼ੇ ਆਪ ਹੀ ਬਣਾਇਆ ਹੋਵੇ। ਰਾਜੇ ਦੇ ਮਾਪੇ ਵੀ ਪੂਰੇ ਖੁਸ਼ ਸਨ ਕਿ ਉਨ੍ਹਾਂ ਦੇ ਬੇਟੇ ਲਈ ਸੋਹਣੀ ਸੁਨੱਖੀ ਤੇ ਸੁਲਝੀ ਹੋਈ ਕੁੜੀ ਮਿਲ਼ ਗਈ। ਵਿਆਹ ਦਾ ਦਿਨ ਧਰ ਦਿੱਤਾ ਗਿਆ। ਗੁਰਨੂਰ ਨੂੰ ਬਹੁਤ ਚਾਅ ਸੀ। ਉਹ ਚਾਈਂ-ਚਾਈਂ ਕਦੇ ਉਹ ਘਰ ਬੈਠੇ ਦਰਜੀ ਕੋਲ਼ ਜਾਂਦੀ ਤੇ ਪੁੱਛਦੀ ਬਾਈ ਜੀ ਕੀ ਮੇਰੇ ਕੱਪੜੇ ਤਿਆਰ ਹੋ ਗਏ। ਤੇ ਕਦੇ ਉਹ ਰਜਾਈਆਂ ਗੁਦੈਲੇ ਭਰਨ ਵਾਲ਼ੇ ਤਾੜੇ ਕੋਲ਼ ਜਾਂਦੀ ਜੋ ਘਰ ਵਿੱਚ ਤਾੜਾ ਲਾ ਕੇ ਤੁਨਕ-ਤੁਨਕ ਕਰ ਰਿਹਾ ਸੀ। ਹਰ ਪਾਸੇ ਹੀ ਖੁਸ਼ੀ ਦਾ ਮਾਹੌਲ ਸੀ। ਨੂਰ ਦੀ ਮੰਮੀ ਵੀ ਬਹੁਤ ਖੁਸ਼ ਸੀ। ਪਰ ਉਸ ਦੇ ਮਨ ਵਿੱਚ ਇੱਕ ਗੱਲ ਵਾਰ ਵਾਰ ਆਉਂਦੀ ਸੀ ਕਿ ਜੇ ਅੱਜ ਮੇਰੀ ਮਾਂ ਜਿਉਂਦੀ ਹੁੰਦੀ ਮੈਂ ਉਸ ਨੂੰ ਦਿਖਾਉਂਦੀ ਕਿ ਦੇਖ ਮੇਰਾ ਜੁਆਈ! ਕਿਉਂਕਿ ਨੂਰ ਦੀ ਮੰਮੀ ਨੂੰ ਸ. ਹਰਬੰਸ ਸਿੰਘ ਬਹੁਤਾ ਪਸੰਦ ਨਹੀਂ ਸੀ। ਉਸ ਦਾ ਸੁਭਾਅ ਸਖਤ ਸੀ ਤੇ ਉਹ ਰੰਗ ਵੱਲੋਂ ਵੀ ਪੱਕਾ ਸੀ। ਜਦੋਂ ਕਿ ਨੂਰ ਦੀ ਮੰਮੀ ਦਾ ਰੰਗ ਗੋਰਾ ਸੀ। ਨੂਰ ਦੀ ਮੰਮੀ ਹਮੇਸ਼ਾ ਹੀ ਆਪਣੀ ਮਾਂ ਨੂੰ ਕੋਸਦੀ ਰਹਿੰਦੀ ਸੀ ਕਿ ਤੂੰ ਮੇਰੇ ਲਈ ਚੰਗਾ ਵਰ ਨਹੀਂ ਲੱਭਿਆ। ਅੱਗੋਂ ਨੂਰ ਦੀ ਨਾਨੀ ਨੇ ਕਹਿਣਾ ਮੈਂ ਕਿਹੜਾ ਉਹਨਾਂ ਨਾ ਸੀਰੀ ਰਲ਼ੀ ਹੋਈ ਸੀ ਉਹਨਾਂ ਨਾਲ਼ ਤੇ ਤੂੰ ਹੁਣ ਚੰਗੇ ਜੁਆਈ ਲੱਭ ਲਈਂ। ਨੂਰ ਦੀ ਮੰਮੀ ਦੇ ਮਨ ਵਿੱਚ ਇਹ ਸਦੀਵੀ ਕੰਡਾ ਚੁਭਿਆ ਹੋਇਆ ਸੀ। ਚਾਹੇ ਹਰਬੰਸ ਸਿੰਘ ਕੋਲ਼ ਜਮੀਨ ਜਾਇਦਾਦ ਬਹੁਤ ਸੀ ਪਰ ਉਹ ਕਹਿੰਦੀ ਕਿ ਕੀ ਮੈਂ ਸਿਰ ਮਾਰਨੀ ਹੈ ਜਮੀਨ ਜਾਇਦਾਦ ਜਦੋਂ ਮਨ ਚਾਹਿਆ ਵਰ ਹੀ ਨਾ ਮਿਲਿਆ। ਨੂਰ ਦੀ ਮਾਂ ਕਹਿੰਦੀ ਮਾਂ ਅੱਜ ਤੂੰ ਜਿਉਂਦੀ ਹੁੰਦੀ ਤਾਂ ਮੈਂ ਤੈਨੂੰ ਦੱਸਦੀ, ਕਿ ਦੇਖ ਮੇਰਾ ਜੁਆਈ ਕਿੰਨਾਂ ਸੋਹਣਾ ਹੈ ਤੇ ਮੈਂ ਕਿਹੜਾ ਸੀਰੀ ਰਲ ਕੇ ਲੱਭਿਆ ਹੈ। ਵਿਆਹ ਵਾਲ਼ਾ ਦਿਨ ਆ ਗਿਆ। ਸਰਦਾਰ ਦੇ ਆਪਣੇ ਘਰ ਹੀ ਜੰਝ ਦਾ ਢੁਕਾਅ ਹੋਇਆ। ਗੇਟ ਤੇ ਖੜ੍ਹੀਆਂ ਕੁੜੀਆਂ ਨੂਰ ਦੇ ਪਰਾਉਹਣੇ ਨੂੰ ਦੇਖਣ ਲਈ ਬਹੁਤ ਉਤਾਵਲੀਆਂ ਸਨ। ਰਾਜਦੀਪ ਦੇ ਕੇਸਰੀ ਪੱਗ ਬੰਨ੍ਹੀ ਹੋਈ ਤੇ ਕੇਸਰੀ ਹੀ ਅਚਕਨ ਪਾਈ ਹੋਈ ਉਹ ਤਾਂ ਸੇਹਰੇ ਵਿੱਚੋਂ ਇੰਜ ਲੱਗ ਰਿਹਾ ਸੀ ਜਿਵੇਂ ਸਿਆਲ਼ ਦਾ ਚੜ੍ਹਦਾ ਸੂਰਜ ਸੰਦਲੀ ਕਿਰਨਾਂ ਛੱਡ ਰਿਹਾ ਹੋਵੇ। ਗੋਰਾ ਰੰਗ ਗੁਲਾਬੀ ਬੁੱਲ੍ਹਾਂ ਵਾਲ਼ਾ ਲਾੜਾ ਕਿਸੇ ਸਾਹਿਬਜ਼ਾਦੇ ਤੋਂ ਘੱਟ ਨਹੀਂ ਸੀ ਲੱਗ ਰਿਹਾ। ਜੰਝ ਵਿੱਚ ਆਏ ਸਾਰੇ ਜਾਂਝੀ ਚੰਗੇ ਅਫਸਰ ਜਾਪਦੇ ਸਨ। ਰਾਜਦੀਪ ਦੇ ਪਾਪਾ ਦੀ ਮਹਾਰਾਜਾ ਫਰੀਦਕੋਟ ਨਾਲ਼ ਬਹੁਤ ਗੂੜ੍ਹੀ ਦੋਸਤੀ ਸੀ ਤੇ ਅੱਜ ਰਾਜਦੀਪ ਵੀ ਮਹਾਰਾਜਾ ਹੀ ਲੱਗ ਰਿਹਾ ਸੀ। ਕਨਾਤਾਂ ਦੇ ਪਿੱਛੋ ਕੁੜੀਆਂ ਦੇ ਗਾਉਣ ਦੀ ਅਵਾਜ਼ ਆ ਰਹੀ ਸੀ, “ਚੰਦ ਨਾਲ਼ ਲਾਵਾਂ ਲੈ ਲਈਆਂ ਕੋਈ ਮੋਤੀ ਕੀਤੇ ਦਾਨ”। ਨੂਰ ਦੀ ਮੰਮੀ ਦੀ ਧਰਤੀ ਉੱਤੇ ਅੱਡੀ ਨਹੀਂ ਸੀ ਲੱਗ ਰਹੀ। ਵਿਆਹ ਹੋ ਗਿਆ। ਨੂਰ ਨੂੰ ਵਿਦਾ ਕਰ ਦਿੱਤਾ ਗਿਆ। ਆਪਣੇ ਘਰ ਜਾ ਕੇ ਉਹ ਬਹੁਤ ਖੁਸ਼ ਸੀ ਕਿਉਂਕਿ ਰਾਜਦੀਪ ਦਾ ਸੁਭਾਅ ਬਹੁਤ ਹੀ ਚੰਗਾ ਸੀ। ਜਿੰਨਾਂ ਉਹ ਆਪ ਸੋਹਣਾ ਸੀ ਉਸਤੋਂ ਵੀ ਵੱਧ ਸੋਹਣੀ ਉਸਦੀ ਬੋਲ ਬਾਣੀ ਸੀ। ਉਹ ਹਰ ਇੱਕ ਨੂੰ ਜੀ ਕਹਿਕੇ ਬਲਾਉਂਦਾ। ਨੂਰ ਦੀਆਂ ਭੈਣਾਂ ਨੂੰ ਉਹ ਸਦਾ ‘ਬੀਬਾ ਜੀ’ ਕਹਿਕੇ ਬਲਾਉਂਦਾ। ਜਦੋਂ ਕਦੇ ਉਨ੍ਹਾਂ ਦੋਨਾਂ ਨੇ ਕਿਤੇ ਬਾਹਰ ਜਾਣਾ ਹੁੰਦਾ ਤਾਂ ਉਹ ਨੂਰ ਨੂੰ ਵੀ ਇਹੀ ਕਹਿੰਦਾ ਕਿ ਨੂਰ ਜੀ ਤੁਸੀਂ ਤਆਰ ਹੋ ਜਾਓ, ਆਪਾਂ ਘੁੰਮਣ ਜਾਣਾ ਹੈ। ਨੂਰ ਨੂੰ ਉਸ ਨੇ ਕਦੇ ਤੂੰ ਕਹਿ ਕੇ ਨਹੀਂ ਸੀ ਬੁਲਾਇਆ। ਥੋੜ੍ਹੇ ਸਮੇਂ ਪਿੱਛੋਂ ਨੂਰ ਨੇ ਗਰਭ ਧਾਰਨ ਕਰ ਲਿਆ। ਉਸ ਦੀ ਸੱਸ ਸਹੁਰਾ ਬਹੁਤ ਖੁਸ਼ ਹੋਏ। ਨੂਰ ਦੇ ਰੰਗ ਰੂਪ ਵਿੱਚ ਹੋਰ ਵੀ ਨਿਖਾਰ ਆਉਣ ਲੱਗਾ। ਉਸ ਦੇ ਲਾਲ ਸੂਟ ਪਾਇਆ ਇੰਜ ਫਬਦਾ ਜਿਵੇਂ ਕੋਈ ਸਾਉਣ ਦੇ ਮਹੀਨੇ ਚੀਚ ਵਹੁਟੀ ਹੋਵੇ। ਨੂਰ ਦੀ ਮੰਮੀ ਨੇ ਹਮੇਸ਼ਾ ਇਹੋ ਕਹਿਣਾ ਕਿ ਪੁੱਤ ਨਜ਼ਰ ਨਾ ਲੱਗ ਜਾਵੇ ਲੈ ਤੇਰੇ ਤੋਂ ਮਿਰਚਾਂ ਵਾਰ ਦੇਵਾਂ। ਨੂਰ ਦਾ ਵਿਆਹ ਹੋਏ ਨੂੰ ਅਜੇ ਇੱਕ ਸਾਲ ਤਿੰਨ ਮਹੀਨੇ ਹੀ ਹੋਏ ਸਨ ਜਦੋਂ ਉਸ ਦੇ ਸਹੁਰਿਆਂ ਤੋਂ ਸਨੇਹਾ ਆ ਗਿਆ ਕਿ ਰਾਜਦੀਪ ਬੀਮਾਰ ਹੈ। ਉਹ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਹੈ। ਨੂਰ ਦੀ ਮੰਮੀ ਦੇ ਹੱਥਾਂ ਦੇ ਭਾਂਡੇ ਛੁੱਟ ਗਏ। ਉਹ ਰੱਬ ਅੱਗੇ ਅਰਦਾਸਾਂ ਕਰਨ ਲੱਗੀ। ਹਰਬੰਸ ਸਿੰਘ ਤੇ ਉਸ ਦੀ ਪਤਨੀ ਦੋਵੇਂ ਆਪਣੇ ਜਵਾਈ ਕੋਲ਼ ਚੰਡੀਗੜ੍ਹ ਪਹੁੰਚ ਗਏ ਤੇ ਗੁਰੂ ਅੱਗੇ ਤਰਲੇ ਪਾਉਣ ਲੱਗੇ। ਹੇ ਵਾਹਿਗੁਰੂ ਤੂੰ ਬੱਚੇ ਦੇ ਸਿਰ ਤੇ ਹੱਥ ਰੱਖੀਂ। ਪਰ ਹੋਣਾ ਉਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ। ਰਾਜਦੀਪ ਹਸਪਤਾਲ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਇਹ ਖ਼ਬਰ ਜਦੋਂ ਨੂਰ ਦੀ ਮੰਮੀ ਨੇ ਸੁਣੀ ਤਾਂ ਉਸ ਦਾ ਰੋਣ ਨਹੀਂ ਸੀ ਥੰਮ ਰਿਹਾ। ਉਹ ਕਿਵੇਂ ਆਪਣੀ ਧੀ ਨੂੰ ਹੌਸਲਾ ਦੇਵੇ। ਉਸ ਨੇ ਰੋਂਦੀ ਨੇ ਕਿਹਾ, “ਪੁੱਤ ਤੇਰੀ ਤਾਂ ਦੁਨੀਆਂ ਹੀ ਉਜੜ ਗਈ।” ਨੂਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਬਾਹਾਂ ਵਿੱਚ ਪਾਈਆਂ ਚੂੜੀਆਂ ਟੁੱਟ ਕੇ ਖਿਲਰ ਗਈਆਂ। ਮਾਂ ਧੀ ਨੂੰ ਹੋਸ਼ ਵਿੱਚ ਲਿਆਉਣ ਲਈ ਦਲਾਸੇ ਦਿੰਦੀ ਰਹੀ। ਭੋਗ ਪੈ ਗਿਆ। ਕੇਲ ਕਰੇਂਦੇ ਹੰਝੁ ਨੂੰ ਅਚਿੰਤੇ ਬਾਜ ਪਏ। ਨੂਰ ਦੇ ਮਾਪੇ ਇਸ ਗੱਲ ਤੇ ਜੋਰ ਦੇਣ ਲੱਗੇ ਕਿ ਅਜੇ ਉਸ ਦੀ ਉਮਰ ਹੀ ਕੀ ਹੈ। ਕਿਓਂ ਨਾ ਉਸ ਦਾ ਦੁਬਾਰਾ ਵਿਆਹ ਕਰ ਦਿੱਤਾ ਜਾਵੇ। ਪਰ ਨੂਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਹ ਕਹਿੰਦੀ ਜੋ ਇੱਜਤ ਪਿਆਰ ਮੈਨੂੰ ਰਾਜਦੀਪ ਨੇ ਦਿੱਤਾ ਹੈ ਉਹ ਜੇਕਰ ਮੈਨੂੰ ਦੂਜੇ ਮਰਦ ਕੋਲ਼ੋਂ ਨਾ ਮਿਲਿਆ ਤਾਂ ਮੇਰੀ ਜਿੰਦਗੀ ਹੋਰ ਵੀ ਨਰਕ ਹੋ ਜਾਵੇਗੀ। ਮੈਂ ਰਾਜਦੀਪ ਨੂੰ ਨਹੀਂ ਭੁੱਲ ਸਕਦੀ। ਉਸ ਦਾ ਬੋਲਣ ਦਾ ਸੁਚੱਜਾ ਢੰਗ ਤੇ ਉਸਦਾ ਪਿਆਰ ਉਸ ਨੂੰ ਹੋਰ ਪਾਸੇ ਜਾਣ ਤੋਂ ਰੋਕ ਰਿਹਾ ਸੀ। ਹਾਰ ਕੇ ਮਾਪੇ ਹੀ ਪਿੱਛੇ ਹਟ ਗਏ। ਰਾਜਦੀਪ ਦੇ ਸੁਰਗਵਾਸ ਹੋਣ ਦੇ ਪੰਜ ਮਹੀਨੇ ਪਿੱਛੋਂ ਨੂਰ ਨੇ ਇੱਕ ਸੋਹਣੇ ਜਿਹੇ ਬੱਚੇ ਨੂੰ ਜਨਮ ਦਿੱਤਾ। ਆਸ ਦੀ ਇੱਕ ਨਵੀਂ ਕਿਰਨ ਜਾਗ ਉੱਠੀ। ਉਹ ਆਪਣੇ ਬੱਚੇ ਦੀ ਸੁੱਖ ਸੁਵਿਧਾ ਲਈ ਤਨ ਮਨ ਤੋਂ ਕੁਰਬਾਨ ਸੀ। ਨੂਰ ਨੇ ਅੱਗੇ ਪੜ੍ਹਾਈ ਆਰੰਭ ਕਰ ਲਈ ਅਤੇ ਬੀ.ਏ. ਪਾਸ ਕਰਨ ਪਿੱਛੋਂ ਐੱਮ.ਏ.ਐੱਮ.ਐੱਡ ਪਾਸ ਕਰ ਲਈ। ਅਤੇ ਉਸਨੇ ਇੱਕ ਪ੍ਰਈਵੇਟ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਸਹੁਰੇ ਦੀ ਜਮੀਨ ਜਾਇਦਾਦ ਬਹੁਤ ਸੀ ਪਰ ਉਹ ਸੋਚਦੀ ਸੀ ਘਰੋਂ ਬਾਹਰ ਜਾ ਕੇ ਸ਼ਾਇਦ ਉਸ ਦਾ ਟਾਈਮ ਚੰਗਾ ਪਾਸ ਹੋ ਜਾਵੇਗਾ। ਹੁਣ ਉਹ ਇੱਕ ਮਾਂ ਦੇ ਫਰਜ਼ ਹੀ ਨਹੀਂ ਸਗੋਂ ਬਾਪ ਦ ਫਰਜ਼ ਵੀ ਇਮਾਨਦਾਰੀ ਨਾਲ਼ ਨਿਭਾਉਣ ਲੱਗੀ। ਬੱਚੇ ਦੀ ਜਿੰਦਗੀ ਉਸ ਦੇ ਸਾਹਾਂ ਦੀ ਜਿੰਦਗੀ ਸੀ। ਉਹ ਉਸ ਦੀ ਅੱਖਾਂ ਦੀ ਜੋਤ ਸੀ। ਉਹ ਬੱਚੇ ਦੀ ਸੇਵਾ ਵਿੱਚ ਲੱਗੀ ਰਹਿੰਦੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਨਾਂ ਕਮਾਵੇ। ਉਸਨੇ ਆਪਣੀ ਜ਼ਮੀਨ ਜ਼ਾਇਦਾਦ ਦੀ ਢੁਕਵੀਂ ਦੇਖਭਾਲ਼ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਚੰਗੇ ਸਿੱਟੇ ਸਾਹਮਣੇ ਆਉਣ ਲੱਗੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਉਸ ਦਾ ਪੁੱਤਰ ਪੜ੍ਹ ਲਿਖ ਤਾਂ ਗਿਆ ਪਰ ਕੰਮ ਕਾਰ ਵਿੱਚ ਉਸ ਦੀ ਰੁਚੀ ਨਹੀਂ ਸੀ। ਉਸ ਨੇ ਇੱਕ ਨੌਕਰੀ ਕੀਤੀ, ਕੇਵਲ ਦੋ ਮਹੀਨੇ ਲਈ ਹੀ ਅਤੇ ਛੱਡ ਦਿੱਤੀ। ਮਾਂ ਦੇ ਤਰਲੇ ਪਾਉਣ ਉੱਤੇ ਵੀ ਉਹ ਟੱਸ ਤੋਂ ਮੱਸ ਨਾ ਹੋਇਆ। ਉਨ੍ਹਾਂ ਦਿਨਾਂ ਵਿੱਚ ਹੀ ਨੂਰ ਦਾ ਸਹੁਰਾ ਵੀ ਸੁਰਗਵਾਸ ਹੋ ਗਿਆ। ਹੁਣ ਉਹ ਦੋਵੇਂ ਮਾਂ ਪੁੱਤ ਅਤੇ ਨੂਰ ਦੀ ਸੱਸ ਆਪਣਾ ਸਮਾਂ ਗੁਜਾਰ ਰਹੇ ਸਨ। ਨੂਰ ਦੀ ਸਮਰੱਥਾ ਦਿਨੋ ਦਿਨ ਘਟਦੀ ਜਾ ਰਹੀ ਸੀ। ਜਿਵੇਂ ਲੱਕੜ ਨੂੰ ਘੁਣ ਅੰਦਰੋ ਅੰਦਰੀ ਖਾਈ ਜਾਂਦਾ ਹੈ। ਉਹ ਆਪਣੀ ਉਮਰ ਨਾਲ਼ੋਂ ਜਿਆਦਾ ਬੁੱਢੀ ਲੱਗਣ ਲੱਗ ਪਈ। ਉਸਦੀ ਨਿੱਘਰਦੀ ਜਾਂਦੀ ਸਿਹਤ ਗਵਾਹੀ ਭਰ ਰਹੀ ਸੀ ਕਿ ਉਸਨੂੰ ਅੰਦਰੋਂ ਕੋਈ ਫਿਕਰ ਖਾ ਰਿਹਾ ਹੈ। ਉਸ ਨੂੰ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਜਾਪਦਾ ਸੀ, ਕਿਸੇ ਪਾਸੇ ਵੀ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਸੀ। ਆਖਰ ਕਾਰ ਉਸ ਨੇ ਆਪਣੇ ਪੁੱਤ ਦਾ ਵਿਆਹ ਕਰਨ ਦੀ ਸੋਚੀ। ਸ਼ਾਦੀ ਉਸ ਨੇ ਬੜੀ ਹੀ ਧੂਮ ਧਾਮ ਨਾਲ਼ ਕੀਤੀ। ਸਾਰੇ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਸਿਰਕੱਢ ਲੋਕਾਂ ਨੇ ਉਸਦੀ ਬੜੀ ਪ੍ਰਸੰਸਾ ਕੀਤੀ। ਦੋ ਸਾਲ ਪਿੱਛੋਂ ਉਸਦੇ ਘਰ ਇੱਕ ਨੰਨ੍ਹੀ ਜਿਹੀ ਬੇਟੀ ਨੇ ਜਨਮ ਲਿਆ। ਨੂਰ ਉਸ ਵਿੱਚ ਹੀ ਆਪਣਾ ਦਿਲ ਲਾਉਣ ਲੱਗੀ। ਬੇਟੇ ਨੇ ਗਲਤ ਸੰਗਤ ਵਿੱਚ ਪੈ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇਸ ਸਮੇਂ ਵਿੱਚ ਉਸਦੇ ਘਰ ਇੱਕ ਹੋਰ ਪੋਤੀ ਨੇ ਜਨਮ ਲੈ ਲਿਆ। ਇੱਕ ਦਿਨ ਨੂਰ ਨੂੰ ਇਹ ਸੁਣ ਕੇ ਵੱਡਾ ਝਟਕਾ ਲੱਗਾ ਕਿ ਉਸ ਦੇ ਬੇਟੇ ਨੇ ਬਹੁਤੀ ਸ਼ਰਾਬ ਪੀ ਕੇ ਆਪਣਾ ਮੂੰਹ ਮੱਥਾ ਸੱਟਾਂ ਨਾਲ਼ ਭਨਾ ਲਿਆ ਹੈ। ਨੂਰ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਅਜੇ ਮੈਂ ਇਹ ਦਿਨ ਵੀ ਦੇਖਣੇ ਸਨ। ਮੈਂ ਕੀ ਭੁੰਨ ਕੇ ਬੀਜਿਆ ਸੀ। ਇਸ ਨਾਲ਼ ਘਰ ਵਿੱਚ ਹਰ ਰੋਜ ਦਾ ਝਗੜਾ ਹੋਣ ਲੱਗ ਪਿਆ। ਨੂਰ ਨੇ ਕਹਿਣਾ, “ਵੇ ਪੁੱਤ ਮੈਂ ਤੈਨੂੰ ਕਿਵੇਂ ਪਾਲ਼ਿਆ ਹੈ ਤੂੰ ਕੁੱਝ ਤਾਂ ਖਿਆਲ ਕਰ।” ਨੂਰ ਆਪਣੇ ਪਤੀ ਨੂੰ ਯਾਦ ਕਰਕੇ ਰੋਂਦੀ ਤੇ ਕਹਿੰਦੀ: ਤੇਰੇ ਪਿਤਾ ਤਾਂ ਕਿੰਨੇ ਸਿਆਣੇ ਸੀ ਤੂੰ ਕਿਸ ਤੇ ਚਲਿਆ ਗਿਆ। ਕੱਲੀ ਪਈ ਰਾਤਾਂ ਨੂੰ ਸੋਚਦੀ ਰਹਿੰਦੀ। ਫੇਰ ਉਸ ਨੂੰ ਰਾਜਦੀਪ ਦੇ ਵਿਛੋੜੇ ਦਾ ਦੁੱਖ, ਉਸ ਦੀ ਪੀੜਾਂ ਵਿੱਚੋਂ ਲੰਘਣਾ, ਹੋਰ ਵੀ ਲੰਬਾ ਹੋਣ ਲੱਗ ਪਿਆ। ਇਸ ਬਿਰਹਾ ਦੇ ਅੱਠੇ ਪਹਿਰ ਇਸ ਯਾਦ ਵਿੱਚ ਲੰਘ ਜਾਂਦੇ। ਉਸ ਨੇ ਕਹਿਣਾ ਕਿ ਜਿੰਨਾਂ ਚਿਰ ਮੈਂ ਸਿਵਿਆਂ ਵਿੱਚ ਨਹੀਂ ਜਾਂਦੀ ਪਤਾ ਨਹੀਂ ਉਤਨਾ ਚਿਰ ਹੋਰ ਅਜੇ ਕੀ-ਕੀ ਦੁੱਖ ਕੱਟਣੇ ਨੇ। ਇੱਕ ਦਿਨ ਉਹ ਮੇਰੇ ਕੋਲ਼ ਆਪਣੇ ਦੁੱਖਾਂ ਦਾ ਪਟਾਰਾ ਖੋਹਲ ਕੇ ਬੈਠ ਗਈ। ਮੈਂ ਪਹਿਲੋਂ ਵੀ ਉਸ ਨਾਲ਼ ਦੁੱਖ ਸੁੱਖ ਕਰਦੀ ਰਹਿੰਦੀ ਸਾਂ। ਮੈਂ ਚੁੱਪ ਕਰਕੇ ਉਸਨੂੰ ਸੁਣਦੀ ਗਈ ਅਤੇ ਆਪਣੇ ਅੰਦਰੇ ਅੰਦਰ ਉਸਦੇ ਅੰਦਰ ਦੀ ਤਾਜ਼ਾ ਸਥਿਤੀ ਦੀ ਪੁਣ ਛਾਣ ਕਰਦੀ ਰਹੀ। ਜਦੋਂ ਉਹ ਆਪਣਾ ਢਿੱਡ ਫੋਲ ਕੇ ਸ਼ਾਂਤ ਹੋ ਗਈ ਤਾਂ ਮੈਂ ਕਿਹਾ ਕਿ ਦੇਖ ਭੈਣ ਮੇਰੀਏ! ਅਸੀਂ ਹਾਂ ਅਤੇ ਸਮਾਂ ਹੈ। ਸਮਾਂ ਸਾਡੇ ਨਾਲ਼ੋਂ ਬਹੁਤ ਬਲਵਾਨ ਹੈ। ਸਮੇਂ ਦੀਆਂ ਕੁਰੀਤੀਆਂ ਹੀ ਸਮਾਜ ਦੇ ਹਾਲ ਨੂੰ ਪੁੱਠਾ ਗੇੜ ਦੇ ਰਹੀਆਂ ਹਨ। ਜਿਸ ਵਿੱਚ ਗਿਣਤੀ ਦੇ ਲੋਕ ਹੀ ਮਾਲੋਮਾਲ ਹੋ ਰਹੇ ਹਨ ਪਰ ਅਨੇਕਾਂ ਦਾ ਘਾਣ ਹੋਈ ਜਾਂਦਾ ਹੈ। ਕਮੀਨੇ ਲੋਕ ਉੱਥੇ ਹੀ ਵਾਰ ਕਰਦੇ ਹਨ। ਜਿੱਥੇ ਕੁੱਝ ਖਾਣ ਨੂੰ ਹੁੰਦਾ ਹੈ। ਅਸੀਂ ਆਪਣੇ ਬੱਚੇ ਨੂੰ, ਜੋ ਸਾਡਾ ਭਵਿੱਖ ਹੈ, ਪੁੱਠੇ ਸਮੇਂ ਦੀ ਮਾਰ ਤੋਂ ਨਹੀਂ ਬਚਾ ਸਕੇ। ਕਿਤੇ ਨਾ ਕਿਤੇ ਗਲਤੀ ਸਾਥੋਂ ਵੀ ਹੋਈ ਹੈ। “ਮੈਂ ਹੁਣ ਕੀ ਕਰਾਂ?” ਨੂਰ ਨੇ ਪੁੱਛਿਆ। “ਮੇਰੇ ਇੱਕ ਅੰਕਲ ਆਮ ਹੀ ਕਹਿੰਦੇ ਹਨ ਕਿ ਔਕੜ ਵਿੱਚ ਦਿਲ ਛੱਡ ਕੇ ਢੇਰੀ ਢਾਇਆਂ ਕੁੱਝ ਨਹੀਂ ਬਣਦਾ, ਸਗੋਂ ਨੁਕਸਾਨ ਹੀ ਹੁੰਦਾ ਹੈ”, ਮੈਂ ਬੋਲੀ। “ਹਰ ਪਾਸੇ ਤੋਂ ਹਾਰ ਕੇ ਵੀ ਇਨਸਾਨ ਨੂੰ ਫਿਰ ਹਿੰਮਤ ਅਤੇ ਹੌਸਲੇ ਦਾ ਲੜ ਫੜਨਾ ਹੀ ਬਣਦਾ ਹੈ। ਰਹਿੰਦੇ ਜੀਵਨ ਭਰ ਸੋਚ ਸਮਝ ਅਤੇ ਯਤਨ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਸਵਾਰਨਾ ਚਾਹੀਦਾ ਹੈ। ਤੇਰੇ ਕੋਲ਼ ਤੇਰਾ ਬੇਟਾ ਹੈ ਉਸਦੇ ਪਰਿਵਾਰ ਵਿੱਚ ਅੱਗੇ ਪਤਨੀ ਅਤੇ ਦੋ ਬੇਟੀਆਂ ਹਨ। ਉਨ੍ਹਾਂ ਨਾਲ਼ ਆਪਣੇ ਮੋਹ ਦੀਆਂ ਤੰਦਾਂ ਪੀਡੀਆਂ ਕਰ। ਜਾਂ ਫਿਰ ਕਿਸੇ ਹੋਰ ਬਾਹਰਲੇ ਬੱਚੇ ਨਾਲ਼ ਮੋਹ ਪਾਲ਼। ਕਿਉਂਕਿ ਇਹ ਜੀਵਨ ਅਮੁੱਲਾ ਹੈ। ਇੱਕ ਵਾਰ ਹੱਥੋਂ ਗਿਆ ਮੁੜ ਹੱਥ ਨਹੀਂ ਆਉਂਦਾ। ਇਸ ਨੂੰ ਆਸ ਭਰਪੂਰ ਜਿਉਣ ਲਈ ਬੰਦੇ ਨੂੰ ਪਿਆਰ ਅਤੇ ਆਹਰ ਦੋਹਾਂ ਦੀ ਲੋੜ ਹੁੰਦੀ ਹੈ। ਆਪ ਹੀ ਜਿਸ ਨਾਲ਼ ਮੋਹ ਪੈਂਦਾ ਹੈ ਪਾ ਲੈ। ਜਿੱਥੇ ਪਿਆਰ ਆਉਂਦਾ ਹੈ ਉੱਥੇ ਆਹਰ ਵੀ ਆ ਹੀ ਜਾਂਦਾ ਹੈ। ਇਸੇ ਵਿੱਚ ਹੀ ਤੇਰੀ ਭਲਾਈ ਹੈ। ਇਸੇ ਵਿੱਚ ਹੀ ਸਭ ਦੇ ਭਲਾਈ ਹੈ। ਤੇ ਇਹ ਸਭ ਕੁੱਝ ਤੇਰੇ ਲਈ ਕਿਸੇ ਦੂਸਰੇ ਨੇ ਨਹੀਂ ਕਰਨਾ। ਇਹ ਜੁਗਾੜ ਤੈਂ ਆਪ ਹੀ ਕਰਨਾ ਹੈ।” ਗੱਲ ਤਾਂ ਤੇਰੀ ਠੀਕ ਹੈ, ਨੂਰ ਦੇ ਬੁੱਲ੍ਹ ਫਰਕੇ! |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਹਰਜੋਗਿੰਦਰ ਤੂਰ
Brampton, Ontario, Canada
Phone: +1 647-926-9797
Email: hargur.toor1@gmail.com