1982 ਦਾ ਜਨਵਰੀ ਦਾ ਮਹੀਨਾ, ਤੇ ਕਾਫੀ ਠੰਡ, ਮੈਂ ਆਪਣੇ ਸਿੱਧਵਾਂ ਕਾਲਜ ਦੇ ਹੋਸਟਲ ਵਿੱਚ ਆਰਾਮ ਨਾਲ਼ ਸੁੱਤੀ ਪਈ ਸੀ। ਮੇਰੇ ਕਮਰੇ ਦਾ ਦਰਵਾਜਾ ਖੜਕਿਆ ਤੇ ਮੈਂ ਖੋਹਲਿਆ ਤਾਂ ਇੱਕ ਲੜਕੀ ਨੇ ਸਲਿੱਪ ਮੇਰੇ ਹੱਥ ਵਿੱਚ ਫੜਾ ਦਿੱਤੀ। ਜਿਸ ਉੱਤੇ ਵਾਰਡਨ ਮੈਡਮ ਨੇ ਲਿਖਿਆ ਸੀ, “ਤੈਨੂੰ ਗੈੱਸਟ ਰੂਮ ਵਿੱਚ ਮਿਲਣ ਲਈ ਕੋਈ ਆਇਆ ਹੈ।” ਮੈਂ ਫਟਾ ਫਟ ਵਾਲ਼ ਸਵਾਰੇ, ਕੱਪੜੇ ਠੀਕ ਕੀਤੇ ਤੇ ਆਪਣੀ ਇੱਕ ਸਹੇਲੀ ਨੂੰ ਨਾਲ਼ ਲੈ ਕੇ ਗੈੱਸਟ ਰੂਮ ਵੱਲ ਚੱਲ ਪਈ। ਤੇ ਮਨ ਵਿੱਚ ਸੋਚਦੀ ਜਾਵਾਂ ਕਿ ਮੈਨੂੰ ਮਿਲਣ ਵਾਲ਼ਾ ਕੌਣ ਆ ਗਿਆ? ਮੈਂ ਤਾਂ ਆਪਣੇ ਘਰ ਤੋਂ ਥੋਹੜੇ ਦਿਨ ਪਹਿਲੋਂ ਹੀ ਆਈ ਹਾਂ। ਮੈਂ ਗੈੱਸਟ ਰੂਮ ਵਿੱਚ ਜਾ ਕੇ ਦੇਖਿਆ, ਇੱਕ ਬਣੀ-ਠਣੀ ਲੇਡੀ ਬੈਠੀ ਸੀ ਜਿਸ ਨੇ ਲੰਬਾ ਕੋਟ ਪਾਇਆ ਹੋਇਆ ਸੀ ਤੇ ਉਸ ਦੇ ਕੋਲ਼ ਬਹੁਤ ਸੋਹਣਾ ਪਰਸ ਫੜਿਆ ਹੋਇਆ ਸੀ। ਦੇਖਣ ਤੋਂ ਜਾਪਦਾ ਸੀ ਕਿ ਉਹ ਕਿਸੇ ਖਾਂਦੇ ਪੀਂਦੇ ਪਰਿਵਾਰ ਵਿੱਚੋਂ ਹੈ। ਉਸ ਦੇ ਨਾਲ਼ ਇੱਕ ਹੋਰ ਲੇਡੀ ਵੀ ਬੈਠੀ ਸੀ। ਮੈਂ ਤੇ ਮੇਰੀ ਸਹੇਲੀ ਨੇ ਉਨ੍ਹਾਂ ਦੋਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕੋਲ਼ ਪਏ ਸੋਫੇ ਉੱਤੇ ਬੈਠ ਗਈਆਂ। ਉਨ੍ਹਾਂ ਨੇ ਮੇਰੇ ਕੋਲ਼ੋਂ ਪੁੱਛਣਾਂ ਸ਼ੁਰੂ ਕਰ ਦਿੱਤਾ ਕਿ ਬੇਟਾ ਤੁਹਾਡਾ ਕਿਹੜਾ ਪਿੰਡ ਹੈ? ਤੁਸੀਂ ਕਦੋਂ ਤੋਂ ਇਸ ਕਾਲਜ ਵਿੱਚ ਪੜ੍ਹਦੇ ਹੋ ਆਦਿ। ਮੈਂ ਆਪਣੇ ਵੱਲੋਂ ਬਣਦੇ ਉੱਤਰ ਦੇ ਦਿੱਤੇ। ਉਸ ਤੋਂ ਪਿੱਛੋਂ ਅਸੀਂ ਉਨ੍ਹਾਂ ਨੂੰ ਕਾਲਜ ਦੀ ਕੰਟੀਨ ਵਿੱਚ ਲੈ ਗਈਆਂ ਅਤੇ ਚਾਹ-ਪਾਣੀ ਦੀ ਚੰਗੀ ਸੇਵਾ ਕੀਤੀ। ਹੁਣ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਮੇਰੇ ਕੋਲ਼ ਕਿਸ ਨੇ ਭੇਜਿਆ ਹੈ? ਉਨ੍ਹਾਂ ਨੇ ਇੱਕ ਮੈਡਮ ਦਾ ਨਾਂ ਦੱਸਿਆ ਜੋ ਸਿੱਧਵਾਂ ਦੇ ਹੀ ਸਕੂਲ ਵਿੱਚ ਪੜ੍ਹਾਉਂਦੀ ਸੀ। ਉਨ੍ਹਾਂ ਦੇ ਜਾਣ ਤੋਂ ਪਿੱਛੋਂ ਮੇਰੀਆਂ ਸਹੇਲੀਆਂ ਮੈਨੂੰ ਛੇੜਨ ਲੱਗ ਪਈਆਂ ਕਿ ਇਹ ਤਾਂ ਤੈਨੂੰ ਦੇਖਣ ਵਾਸਤੇ ਆਈ ਸੀ। ਮੈਂ ਉਨ੍ਹਾਂ ਨੂੰ ਕਿਹਾ ਤੇ ਅਰਦਾਸ ਕੀਤੀ ਹੇ ਰੱਬ ਜੀ ਮੈਨੂੰ ਇਹੋ ਜਿਹੀ ਸੱਸ ਨਹੀਂ ਚਾਹੀਦੀ ਜੋ ਆਪਣੇ ਆਪ ਨੂੰ ਹੀ ਦੇਖੀ ਜਾਵੇ। ਇਹ ਤਾਂ ਦੇਖਣ ਨੂੰ ਪੂਰੀ ਫ਼ੈਸ਼ਨੇਵਲ ਲੱਗਦੀ ਹੈ। ਇਸ ਨੇ ਮੇਰੇ ਵੱਲ ਧਿਆਨ ਨਾਲ਼ ਦੇਖਿਆ ਹੀ ਨਹੀਂ। ਸਿਆਣੇ ਕਹਿੰਦੇ ਹਨ ‘ਜਿੱਥੇ ਹੋਵੇ ਸੱਸ ਦਾ ਸ਼ਿੰਗਾਰ ਉੱਥੇ ਹੋਵੇ ਨੂੰਹ ਦਾ ਕੀ ਵਕਾਰ!’ ਮੈਂ ਮਨੋਂ ਕਿਹਾ ਕਿ ਰੱਬਾ ਜੇ ਮੇਰੀ ਮੰਨੇਂ ਤਾਂ ਮੈਨੂੰ ਤਾਂ ਪਿੰਡ ਵਾਲ਼ੀ ਸਧਾਰਣ ਜਿਹੀ ਸੱਸ ਚਾਹੀਦੀ ਹੈ। ਸੱਸ ਦੇ ਗੁਣਾਂ ਸਬੰਧੀ ਜਦੋਂ ਵੀ ਕੋਈ ਬੋਲੀ ਸੁਣਦੇ ਹਾਂ ਤਾਂ ਉਸ ਵਿੱਚੋਂ ਸੱਸ ਦਾ ਇੱਕ ਵਿਕਰਾਲ ਰੂਪ ਹੀ ਲੱਭਦਾ ਹੈ। ਜਿਵੇਂ ਕਿ ਸੱਸਾਂ ਸੱਸਾਂ ਹਰ ਕੋਈ ਕਹਿੰਦਾ, ਸੱਸਾਂ ਕਿਸ ਬਣਾਈਆਂ। ਮੇਰੇ ਸਤਿਗੁਰ ਨੇ ਮਗਰ ਚੁੜੇਲਾਂ ਪਾਈਆਂ। ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ ਅਤੇ ਮੈਨੂੰ ਨਿੰਮ ਦਾ ਲਿਆ ਦੇ ਘੋਟਣਾ, ਸੱਸ ਕੁੱਟਣੀ ਸੰਦੂਕਾਂ ਉਹਲੇ। ਇਹ ਬੋਲੀਆਂ ਤਾਂ ਲੱਗਭੱਗ ਹਰ ਗਿੱਧੇ ਵਿੱਚ ਹੀ ਪਾਈਆਂ ਜਾਂਦੀਆਂ ਹਨ। ਜਿਵੇਂ ਇਨ੍ਹਾਂ ਬਿਨਾਂ ਗਿੱਧੇ ਨੂੰ ਘੁੰਗਰੂ ਈ ਨਾ ਲਗਦੇ ਹੋਣ। ਸਾਡੇ ਸਮਾਜ ਦੀ ਸਮੁੱਚੀ ਸੋਚ ਹੀ ਇਹੋ ਜਿਹੀ ਹੈ ਕਿ ਬਚਪਨ ਤੋਂ ਹੀ ਮਾਵਾਂ ਲੜਕੀ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕੁਪੱਤੀ ਸੱਸ ਦਾ ਮਿਹਣਾ ਮਾਰਨਾ ਸ਼ੁਰੂ ਕਰ ਦਿੰਦੀਆਂ ਹਨ। ਕਦੇ-ਕਦੇ ਕਿਸੇ ਵਿਰਲੇ ਸਮੇਂ ਵਿੱਚ ਹੀ ਸੁਣਨ ਨੂੰ ਮਿਲ਼ਦਾ ਹੈ, ਨੀ ਮੈਂ ਸੱਸ ਰੱਖਣੀ, ਰੱਖਣੀ ਬਣਾ ਕੇ ਮਾਂ। ਸੱਚੀ ਗੱਲ ਤਾਂ ਇਹ ਹੈ ਕਿ ਚੰਦਰੀ ਸੱਸ ਦਾ ਡਰ ਮੇਰੀਆਂ ਸੋਚਾਂ ਦੇ ਵੀ ਕਿਸੇ ਨਾ ਕਿਸੇ ਖੂੰਜੇ ਬੈਠਾ ਹੋਇਆ ਸੀ। ਪਰ ਪਰਮਾਤਮਾ ਨੇ ਮੇਰੀ ਨੇੜੇ ਹੋ ਕੇ ਸੁਣ ਲਈ। ਜਦੋਂ ਮੇਰਾ ਰਿਸ਼ਤਾ ਪੱਕਾ ਹੋਇਆ ਤੇ ਮੇਰਾ ਸਹੁਰਾ ਪਰਿਵਾਰ ਮੈਨੂੰ ਚੁੰਨੀ ਚੜ੍ਹਾਉਣ ਸਾਡੇ ਪਿੰਡ ਆਇਆ। ਜਿਸ ਵਿੱਚ ਮੇਰੀ ਸੱਸ, ਤਿੰਨੇ ਨਣਦਾਂ ਤੇ ਮੇਰੇ ਪਤੀ ਦੀਆਂ ਤਾਈਆਂ ਚਾਚੀਆਂ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਸਨ। ਜਦੋਂ ਚੁੰਨੀ ਚੜ੍ਹਾਉਣ ਦੀ ਰਸਮ ਪੂਰੀ ਹੋ ਗਈ ਤਾਂ ਮਹਿਮਾਨਾਂ ਨੂੰ ਖਾਣੇ ਦਾ ਸੱਦਾ ਦਿੱਤਾ ਗਿਆ। ਉਹ ਖਾਣਾ ਖਾਣ ਲੱਗੇ ਤਾਂ ਮੈਨੂੰ ਕਿਹਾ ਗਿਆ ਕਿ ਮੈਂ ਵੀ ਨਾਲ਼ ਹੀ ਬੈਠ ਜਾਵਾਂ। ਮੇਰੀ ਕੁਰਸੀ ਦੇ ਨਾਲ਼ ਮੇਰੀ ਸੱਸ ਬੈਠ ਗਈ। ਮੈਂ ਦੇਖਿਆ ਕਿ ਉਸ ਦਾ ਫੁਲਕਾ ਠੰਡਾ ਹੋ ਗਿਆ ਹੈ। ਮੈਂ ਆਪਣੀ ਕੁਰਸੀ ਤੋਂ ਉੱਠੀ ਤੇ ਜਾ ਕੇ ਗਰਮ-ਗਰਮ ਫੁਲਕਾ ਲੈ ਆਈ। ਮੈਂ ਆਪ ਉਸ ਨੂੰ ਕਿਹਾ ਕਿ ਇਹ ਖਾਵੋ। ਮੇਰੀ ਸੱਸ ਨੇ ਸਗੋਂ ਅੱਗੋਂ ਕਿਹਾ ਕਿ ਕੋਈ ਨੀ ਪੁੱਤ ਪਹਿਲਾ ਫੁਲਕਾ ਵੀ ਠੀਕ ਹੈ, ਪਰ ਨਾਲ਼ ਦੀ ਨਾਲ਼ ਉਸ ਨੇ ਮੇਰੀ ਬੇਨਤੀ ਮੰਨ ਕੇ ਠੰਡੇ ਦੀ ਥਾਂ ਮੇਰਾ ਲਿਆਂਦਾ ਹੋਇਆ ਗਰਮ ਫੁਲਕਾ ਖਾਣਾ ਸ਼ੁਰੂ ਕਰ ਦਿੱਤਾ। ਮੈਨੂੰ ਬੜਾ ਹੀ ਚੰਗਾ ਲੱਗਿਆ। ਮੇਰਾ ਮਨ ਧੰਨ-ਧੰਨ ਹੋ ਗਿਆ। ਮੈਨੂੰ ਉਸ ਵਿੱਚੋਂ ਇੱਕ ਸੁਘੜ ਸਿਆਣੀ ਤੇ ਪਿਆਰ ਕਰਨ ਵਾਲ਼ੀ ਮਾਂ ਦੀ ਝਲਕ ਮਹਿਸੂਸ ਹੋਈ। ਜਦੋਂ ਉਹ ਜਾਣ ਲੱਗੀ ਤਾਂ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮੈਂ ਆਪਣੇ ਮਨ ਹੀ ਮਨ ਸੋਚਿਆ ਕਿ ਮਾਤਾ ਲਗਦੀ ਤਾਂ ਬੜੇ ਠੰਡੇ ਮਿੱਠੇ ਸੁਭਾਅ ਵਾਲ਼ੀ ਹੈ, ਅੱਗੇ ਤੇਰੇ ਭਾਗ ਲੱਛੀਏ! ਜਦੋਂ ਮੈਂ ਨਵੀਂ-ਨਵੀਂ ਵਿਆਹੀ ਸਹੁਰੀਂ ਗਈ ਤਾਂ ਮੈਂ ਦੇਖਿਆ ਕਿ ਮੇਰੀ ਸੱਸ ਨੂੰ ਮਣਾਂ ਮੂੰਹ ਚਾਅ ਚੜ੍ਹਿਆ ਹੋਇਆ ਹੈ। ਉਸ ਨੇ ਪਾਣੀ ਵਾਰ ਕੇ ਮੈਨੂੰ ਬੜਾ ਹੀ ਨਿੱਘਾ ਪਿਆਰ ਦਿੱਤਾ। ਵਿਆਹ ਤੋਂ ਕੋਈ 15, 20 ਦਿਨ ਬਾਅਦ ਮੈਨੂੰ ਉਸ ਨੇ ਕਿਹਾ ਕਿ ਪੁੱਤ ਆਪਾਂ ਨੇ ਨਾਨਕੇ ਕੋਠੀ-ਝਾੜ ਦੇ ਕੇ ਆਉਣਾ ਹੈ, ਤਿਆਰ ਹੋ ਜਾਹ। ਫਿਰ ਮੇਰਾ ਪਤੀ ਅਤੇ ਮੇਰੀ ਸੱਸ, ਅਸੀਂ ਤਿੰਨੇ ਹੀ ਨਾਨਕੇ (ਬੀ ਜੀ ਦੇ ਪੇਕੇ ਪਿੰਡ) ਗਏ। ਮੇਰੀ ਸੱਸ ਨੂੰ ਇੱਕ ਤਾਂ ਆਪਣੇ ਪੇਕੀਂ ਜਾਣ ਦਾ ਚਾਅ ਤੇ ਦੂਜਾ ਆਪਣੀ ਨੂੰਹ ਸੋਹਣੀ ਹੋਣ ਦਾ ਮਾਣ। ਸਾਡੇ ਮਾਮਿਆਂ ਦੇ ਦੋ ਘਰ ਸਨ। ਇੱਕ ਪਿੰਡੋਂ ਬਾਹਰ ਤੇ ਦੂਜਾ ਪਿੰਡ ਦੇ ਵਿੱਚ। ਕਾਰ ਨੂੰ ਬਾਹਰਲੇ ਮਾਮੇ ਦੇ ਘਰ ਖੜ੍ਹੀ ਕਰਕੇ ਪਿੰਡ ਦੇ ਅੰਦਰਲੇ ਘਰ ਸਾਨੂੰ ਤੁਰਕੇ ਜਾਣਾ ਪੈਣਾ ਸੀ, ਕਿਉਂਕਿ ਪਿੰਡ ਦੇ ਅੰਦਰ ਗਲ਼ੀਆਂ ਤੰਗ ਸਨ। ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਕੀ ਪੁੱਤ ਤੂੰ ਤੁਰਕੇ ਚਲੀ ਜਾਵੇਂਗੀ? ਮੈਂ ਉੱਤਰ ਦਿੱਤਾ ਕਿ ਹਾਂ ਜੀ। ਮੇਰਾ ਪਤੀ ਅੱਗੇ-ਅੱਗੇ ਅਤੇ ਮੈਂ ਤੇ ਮੇਰੀ ਸੱਸ ਪਿੱਛੇ-ਪਿੱਛੇ ਤੁਰ ਕੇ ਜਦੋਂ ਪਿੰਡ ਦੇ ਮੁੱਖ ਦਰਵਾਜੇ ਕੋਲ਼ ਪਹੁੰਚੀਆਂ ਤਾਂ ਮੇਰੀ ਸੱਸ ਰੁਕ ਗਈ। ਮੈਂ ਸੋਚਿਆ ਪਤਾ ਨਹੀਂ ਕੀ ਗੱਲ ਹੋ ਗਈ। ਮੇਰੀ ਸੱਸ ਨੇ ਪਿੱਛੇ ਮੂੰਹ ਮੋੜਕੇ ਬੱਚਿਆਂ ਨੂੰ ਪੁੱਛਿਆ, ਕਿ ਕੀ ਕਦੀ ਤੁਸੀਂ ਕੋਈ ਨਵਾਂ ਬੰਦਾ ਨਹੀਂ ਦੇਖਿਆ? ਜਾਓ ਪੁੱਤ ਜਾ ਕੇ ਖੇਹਲੋ। ਇਸ ਤਰ੍ਹਾਂ ਪਿੱਛੇ-ਪਿੱਛੇ ਆਉਂਣਾ ਚੰਗਾ ਨਹੀਂ ਲੱਗਦਾ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਪਿੰਡ ਦੇ ਕਿੰਨੇ ਹੀ ਜੁਆਕ ਇਕੱਠੇ ਹੋਏ ਸਾਡੇ ਪਿੱਛੇ-ਪਿੱਛੇ ਆ ਰਹੇ ਸਨ। ਅਤੇ ਕੋਠਿਆਂ ਤੇ ਖੜ੍ਹੀਆਂ ਔਰਤਾਂ ਵੀ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਕਿ ਨੀ ਇਹ ਤਾਂ ਛੋਟੋ ਦੀ ਨੂੰਹ ਲੱਗਦੀ ਹੈ। ਮੇਰੀ ਸੱਸ ਮੈਨੂੰ ਕਲਾਵੇ ਵਿੱਚ ਲੈ ਕੇ ਸਾਡੇ ਮਾਮੇ ਦੇ ਘਰ ਲੈ ਗਈ। ਮਾਮਾ ਮਾਮੀ ਬਹੁਤ ਖ਼ੁਸ਼ ਹੋਏ ਅਤੇ ਆਸ ਪਾਸ ਦੀਆਂ ਗੁਆਂਢਣਾ ਵੀ ਮੈਨੂੰ ਸ਼ਗਨ ਦੇਣ ਆਈਆਂ। ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਸੀ ਮੈਂ ਵੀ ਉਸ ਨੂੰ ਹਮੇਸ਼ਾ ਬੀ ਜੀ ਕਹਿ ਕੇ ਹੀ ਬੁਲਾਉਂਦੀ। ਮੇਰਾ ਵਿਆਹ ਸਾਂਝੇ ਘਰ ਵਿੱਚ ਹੋਇਆ ਸੀ। ਕੰਮ ਵੰਡ ਕੇ ਕੀਤਾ ਜਾਂਦਾ ਸੀ। ਬੀ ਜੀ ਦਾ ਹਮੇਸ਼ਾ ਇਹੋ ਹੀ ਯਤਨ ਹੁੰਦਾ ਸੀ ਕਿ ਉਸਦੀ ਨੂੰਹ ਦੇ ਹਿੱਸੇ ਆਇਆ ਕੰਮ ਵੀ ਓਹੋ ਹੀ ਕਰ ਦੇਵੇ। ਸਾਂਝੇ ਪਰਿਵਾਰ ਵਿੱਚ ਚੁਸਤੀਆਂ ਕਰਨ ਵਾਲ਼ੀਆਂ ਸ਼ਰੀਕਣਾਂ ਨੇ ਮੈਨੂੰ ਨੀਵਾਂ ਦਖਾਉਣ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਮੌਕਾ ਮਿਲ਼ਦੇ ਹੀ ਮੇਰੇ ਨਾਲ਼ ਕੋਈ ਨਾ ਕੋਈ ਚਤਰਾਈ ਖੇਡ ਜਾਣੀ। ਮੇਰੀ ਸੱਸ ਪਰਛਾਵੇਂ ਵਾਂਗ ਸਦਾ ਮੇਰੇ ਨਾਲ਼-ਨਾਲ਼ ਰਹਿੰਦੀ। ਉਸ ਨੇ ਹੋਈਆਂ ਚਤਰਾਈਆਂ ਦੀ ਸੁਲਘਦੀ ਧੂਣੀ ਉੱਤੇ ਸਦਾ ਠੰਡੇ ਪਾਣੀ ਦਾ ਤਰੌਂਕਾ ਦੇਣਾ। ਸ਼ਰੀਕੇ ਦੇ ਰੰਗ ਢੰਗ ਸਮਝਾਉਂਦਿਆਂ ਮੈਨੂੰ ਸਦਾ ਸਾਂਤੀ ਬਣਾਈ ਰੱਖਣ ਦੀ ਸਿੱਖਿਆ ਦੇਣੀ। ਮਿਲ਼ੇ ਮਿਹਣਿਆਂ ਨਿਹੋਰਿਆਂ ਨੂੰ ਅਸੀਂ ਦੋਹਾਂ ਨੇ ਰਲ਼-ਮਿਲ ਕੇ ਚੱਲ ਹੋਊ ਕਰ ਸੱਡਣਾ। ਜਦੋਂ ਅਸੀਂ ਸਾਂਝੇ ਪਰਿਵਾਰ ਨਾਲ਼ੋਂ ਅੱਡ ਹੋਏ ਤਾਂ ਸ਼ਰੀਕਾਂ ਨੇ ਸਾਡੇ ਪਰਿਵਾਰ ਨੂੰ ਹਰ ਪਾਸਿਓਂ ਹੀ ਵੱਧ ਤੋਂ ਵੱਧ ਰਗੜਾ ਲਾਇਆ। ਪਰ ਬੀ ਜੀ ਨੇ ਰੋਸਾ ਕਰਨ ਦੀ ਥਾਂ ਸਦਾ ਹੀ ਸਮੇਂ ਨਾਲ਼ ਸਮਝੌਤਾ ਕਰ ਲੈਣਾ ਅਤੇ ਖ਼ੁਸ਼ ਹੋ ਕੇ ਕਹਿਣਾ ਕਿ ਸ਼ੁਕਰ ਹੈ ਰੱਬ ਦਾ! ਹੁਣ ਅਸੀਂ ਆਪਣੇ ਘਰ ਦੇ ਆਪ ਮਾਲਕ ਹੋ ਗਏ ਹਾਂ। ਆਪਣੀ ਮਰਜ਼ੀ ਦੀਆਂ ਆਪ ਮਾਲਕ ਵੀ ਮੈਂ ਕਹਿਣਾ। ਬੀ ਜੀ ਨੇ ਕਦੇ ਵੀ ਮੈਨੂੰ ਸੁੱਤੀ ਨੂੰ ਨਹੀਂ ਸੀ ਉਠਾਇਆ। ਅਸੀਂ ਵੀ ਜੇ ਕਿਸੇ ਪਾਸੇ ਜਾਣਾ ਹੁੰਦਾ ਤਾਂ ਬੀ ਜੀ ਤੋਂ ਆਗਿਆ ਲੈ ਕੇ ਜਾਣਾ। ਉਨ੍ਹਾਂ ਨੇ ਆਪਣੇ ਪੋਤੇ ਅਤੇ ਪੋਤੀ ਨੂੰ ਰੱਜ ਕੇ ਪਿਆਰ ਕੀਤਾ। ਉਨ੍ਹਾਂ ਨੂੰ ਕਾਸ਼ਨੀ ਰੰਗ ਪਸ਼ੰਦ ਸੀ ਤੇ ਮੇਰੇ ਬੇਟੇ ਦੇ ਵਿਆਹ ਵੇਲ਼ੇ ਉਨ੍ਹਾਂ ਨੇ ਕਾਸ਼ਨੀ ਰੰਗ ਦਾ ਸੂਟ ਮੰਗਿਆ। ਦੁਕਾਨਦਾਰ ਨੇ ਸਾਨੂੰ ਕਾਸ਼ਨੀ ਰੰਗ ਨਾਲ਼ ਮਿਲ਼ਦੇ ਢੇਰ ਸਾਰੇ ਸੈਂਪਲ ਫੜਾ ਦਿੱਤੇ। ਪਰ ਸਾਨੂੰ ਲੋੜੀਂਦੇ ਰੰਗ ਦਾ ਪਤਾ ਨਾ ਲੱਗੇ। ਅਸੀਂ ਬੀ ਜੀ ਕੋਲ਼ੋਂ ਸਾਰੇ ਸੈਂਪਲ ਲੈ ਗਏ ਅਤੇ ਉਨ੍ਹਾਂ ਤੋਂ ਪੁੱਛਕੇ ਹੀ ਉਨ੍ਹਾਂ ਦੇ ਪਸ਼ੰਦ ਦਾ ਸੂਟ ਲਿਆ। ਗੱਲ ਕੀ ਮੈਨੂੰ ਮੇਰੀ ਸੱਸ ਦਾ ਇਤਨਾ ਮੋਹ ਪਿਆਰ ਸੀ ਕਿ ਮੈਂ ਉਨ੍ਹਾਂ ਦੇ ਹਰ ਬੋਲ ਨੂੰ ਖਿੜੇ ਮੱਥੇ ਮੰਨਦੀ ਸਾਂ ਤੇ ਆਪਣੇ ਧੰਨਭਾਗ ਸਮਝਦੀ ਸਾਂ। ਆਪਣੀ ਹੱਡ ਬੀਤੀ ਦਾ ਵਰਨਣ ਕਰਨ ਲੱਗਿਆਂ ਉਹ ਆਮ ਹੀ ਕਹਿੰਦੀ ਕਿ ਉਸਦੀ ਸੱਸ ਦਾ ਸੁਭਾਅ ਬੜਾ ਹੀ ਕੈੜਾ ਸੀ। ਉਸਦੇ ਨੱਕ ਚੋਂ ਸਦਾ ਹੀ ਠੂੰਹੇਂ ਕਿਰਦੇ ਅਤੇ ਬੁੱਲ੍ਹਾਂ ’ਚੋਂ ਫਨੀਅਰ ਨਾਗ਼ ਫੁੰਕਾਰਦੇ । ਉਹ ਕਿਸੇ ਨਾ ਕਿਸੇ ਬਹਾਨੇ ਹਮੇਸ਼ਾ ਟੋਕਾ ਟਾਕੀ ਦਾ ਗਿੱਲਾ ਪੀਹਣ ਪਾਈ ਰੱਖਦੀ। ਮੈਂ ਪੁੱਛਣਾ ਕਿ ਬੀ ਜੀ ਤੁਸੀਂ ਜਦੋਂ ਇਤਨਾ ਕੰਮ ਕਾਰ ਕਰਦੇ ਸੀ ਤਾਂ ਉਹ ਕਿਓਂ ਟੋਕਾ ਟੋਕੀ ਕਰਦੀ ਰਹਿੰਦੀ ਸੀ? “ਮੇਰੇ ਕਰਮ? ਮੈਂ ਆਪਣੇ ਜੀਵਨ ਵਿੱਚ ਕਦੀ ਸੁੱਖ ਦਾ ਸਾਹ ਨਹੀਂ ਲਿਆ ਪੁੱਤ।” ਹਉਕਾ ਭਰ ਕੇ ਉਸ ਨੇ ਅੱਗੇ ਦੱਸਿਆ ਕਿ ਉਸ ਦੇ ਪਹਿਲਾਂ ਤਿੰਨ ਧੀਆਂ ਪੈਦਾ ਹੋਈਆਂ। ਸ਼ਾਇਦ ਇਹ ਤਿੰਨ ਜਨਨੀਆਂ ਜੰਮਣ ਦਾ ਹੀ ਮੇਰਾ ਵੱਡਾ ਗੁਨਾਹ ਸੀ। ਹਰ ਅਗਲੀ ਧੀ ਜੰਮਣ ਵੇਲ਼ੇ ਮੇਰੇ ਸਿਰ ਤੂਹਮਤਾਂ ਦਾ ਇੱਕ ਹੋਰ ਢੇਰ ਚਾੜ੍ਹ ਦਿੱਤਾ ਜਾਂਦਾ। ਜੋ ਮੇਰੇ ਲਈ ਅਸਹਿ ਸੀ। ਮੈਂ ਆਪ ਹੈਰਾਨ ਹਾਂ ਕਿ ਇਹ ਸਾਰਾ ਕੁੱਝ ਮੈਂ ਸਹਾਰਿਆ ਕਿਵੇਂ। ਸ਼ਾਇਦ, ‘ਜਿਉਂਦੇ ਰਹਿਣ ਦੀ ਚਾਹ!’ ਦੀ ਪ੍ਰਵਿਰਤੀ ਕਰਕੇ ਹੀ ਹੋਇਆ ਹੋਵੇ। ਚੌਥੀ ਵੇਰ ਤਾਂ ਮੈਂ ਪੱਕਾ ਸੋਚ ਲਿਆ ਸੀ ਕਿ ਜੇ ਇਸ ਵੇਰ ਵੀ ਲੜਕੀ ਨੇ ਜਨਮ ਲਿਆ ਤਾਂ ਮੈਂ ਕਿਸੇ ਖੂਹ-ਟੋਭੇ ਵਿੱਚ ਛਾਲ਼ ਮਾਰ ਦੇਣੀ ਹੈ। ਪਰ ਦਾਤੇ ਦੀ ਮਰਜੀ ਇਸ ਵੇਰ ਮੇਰੀ ਗੋਦੀ ਬੇਟੇ ਨੇ ਚਰਨ ਪਾਏ ਤੇ ਇਸ ਦਾ ਨਾਂ ਰੱਖਿਆ ਗਿਆ ‘ਗੁਰਚਰਨ’। ਮੈਂ ਜਦੋਂ ਦੀ ਇਸ ਘਰ ਵਿੱਚ ਆਈ ਹਾਂ, ਸੱਚ ਕਹਿੰਦੀ ਹਾਂ ਕਿ ਮਾਲਕ ਨੇ ਕਸਰ ਕੋਈ ਨਹੀਂ ਰੱਖੀ। ਮੈਂ ਭੀ ਬੀ ਜੀ ਨੂੰ ਆਪਣੀ ਸਕੀ ਮਾਂ ਤੋਂ ਵੱਧ ਸਤਿਕਾਰਿਆ ਹੈ। ਬਾਕੀ ਦੇ ਸਾਰੇ ਜੀਵਨ ਉਸਦੀ ਹਰ ਇੱਛਾ ਪੂਰੀ ਕੀਤੀ। ਕਦੀ ਵੀ ਉਸਦੀ ਆਗਿਆ ਤੋਂ ਬਾਹਰ ਕੋਈ ਕੰਮ ਨਹੀਂ ਕੀਤਾ। ਅਸਲ ਵਿੱਚ ਉਹ ਹੈ ਹੀ ਬਾਹਲ਼ੀ ਚੰਗੀ ਸੀ। ਜਿਵੇਂ ਕੋਈ ਸ਼ਾਂਨਤੀ ਦੀ ਦੇਵੀ ਹੋਵੇ। ਜਦੋਂ ਵੀ ਮੈਂ ਬੀ ਜੀ ਲਈ ਕੋਈ ਸੂਟ ਜਾਂ ਜੁੱਤੀ ਲੈਣੀ ਤਾਂ ਉਨ੍ਹਾਂ ਨੇ ਸਦਾ ਹੀ ਉਸ ਦੀ ਸਲਾਘਾ ਕਰਨੀ। ਸ਼ਿਕਾਇਤ ਕਰਨਾ ਤਾਂ ਉਹ ਜਾਣਦੇ ਹੀ ਨਹੀਂ ਸਨ। ਘਰ ਵਿੱਚ ਜਦੋਂ ਵੀ ਅਸੀਂ ਰਸੋਈ ਦਾ ਕੰਮ ਕਰਨਾਂ ਤਾਂ ਉਸ ਨੇ ਕਹਿਣਾ ਪੁੱਤ ਤੂੰ ਸ਼ਬਜ਼ੀ ਬਣਾ ਲੈ ਮੈਂ ਦੁੱਧ ਰਿੜਕ ਕੇ ਮੱਖਣ ਕੱਢ ਲੈਂਦੀ ਹਾਂ। ਜੇਕਰ ਰੋਟੀ ਪਕਾਉਣੀ ਤਾਂ ਉਸ ਨੇ ਕਹਿਣਾ ਪੁੱਤ ਤੂੰ ਰੋਟੀਆਂ ਵੇਲ-ਵੇਲ ਕੇ ਤਵੀ ਉੱਤੇ ਪਾਈ ਜਾ ਮੈਂ ਇਨ੍ਹਾਂ ਨੂੰ ਰਾੜ੍ਹੀ ਜਾਂਦੀ ਆਂ। ਸਾਡੇ ਘਰ ਖੇਤੀ ਦਾ ਕੰਮ ਕਾਫੀ ਹੁੰਦਾ ਸੀ ਸੋ ਸਾਨੂੰ ਰਸੋਈ ਦਾ ਕੰਮ ਬਹੁਤ ਕਰਨਾ ਪੈਂਦਾ ਸੀ। ਪਰ ਬੀ ਜੀ ਨੇ ਕੰਮ ਤੋਂ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ। ਇੱਕ ਵਾਰ ਮੇਰੀ ਬੇਟੀ ਬੀ ਜੀ ਨੂੰ ਕਹਿੰਦੀ ਬੀ ਜੀ ਮੈਂ ਤੁਹਾਡਾ ਸੰਦੂਕ ਵੇਖਣਾ ਹੈ ਕਿ ਇਸ ਵਿੱਚ ਕੀ ਹੈ। ਬੀ ਜੀ ਕਹਿਣ ਲੱਗੇ ਕਿ ਬੇਟਾ ਇਸ ਵਿੱਚ ਤਾਂ ਖੇਸ ਚਾਦਰਾਂ ਹੀ ਹਨ। ਮੇਰੇ ਕੋਲ਼ ਕਿਹੜਾ ਕੋਈ ਟੂਮਾਂ ਹਨ। ਮੈਂ ਕੋਲ਼ੋਂ ਬੈਠੀ ਬੋਲ ਪਈ ਕਿ ਕਿਓਂ ਬੀ ਜੀ ਤੁਹਾਡੇ ਕੋਲ਼ ਗਹਿਣੇ ਕਿਓਂ ਨਹੀਂ ਹਨ? ਤਾਂ ਉਹ ਕਹਿੰਦੀ ਮੇਰੀਆਂ ਸਾਰੀਆਂ ਟੂਮਾਂ ਮੇਰੀ ਸੱਸ ਨੇ ਲੈ ਲਈਆਂ ਸਨ। ਜਦੋਂ ਛੋਟੇ ਦਿਉਰ ਦਾ ਵਿਆਹ ਹੋਇਆ ਕਹਿੰਦੀ ਇਹ ਸਾਰੀਆਂ ਉਸ ਦੀ ਘਰ ਵਾਲ਼ੀ ਨੂੰ ਪਾਉਣੀਆਂ ਹਨ। ਮੁੜ ਕੇ ਮੈਂ ਕਿਸੇ ਗਹਿਣੇ ਦਾ ਮੂੰਹ ਨਹੀਂ ਦੇਖਿਆ। ਮੈਨੂੰ ਬੜਾ ਦੁੱਖ ਲੱਗਾ। ਮੈਂ ਇਸ ਗੱਲ ਨੂੰ ਦੋ ਤਿੰਨ ਦਿਨ ਸੋਚਦੀ ਰਹੀ ਤੇ ਫੇਰ ਮੈਂ ਕਿਹਾ ਬੀ ਜੀ ਤੁਹਾਨੂੰ ਕਿਹੋ ਜਿਹੀਆਂ ਚੂੜੀਆਂ ਜਾਂ ਵਾਲ਼ੀਆਂ ਚਾਹੀਦੀਆਂ ਹਨ? ਆਪਾਂ ਨਵੀਆਂ ਕਰਵਾ ਲੈਂਦੇ ਹਾਂ। ਮੈਨੂੰ ਕਹਿੰਦੀ ਪੁੱਤ ਅਜੇ ਆਪਾਂ ਨਵੇਂ-ਨਵੇਂ ਅੱਡ ਹੋਏ ਹਾਂ। ਤੁਸੀਂ ਆਪਣੀ ਕਬੀਲਦਾਰੀ ਦੇਖੋ। ਕੋਈ ਨਹੀਂ ਜਦੋਂ ਚਰਨ ਦਾ ਹੱਥ ਸੌਖਾ ਹੋ ਜਾਇਗਾ ਇਹ ਵੀ ਬਣ ਜਾਣਗੀਆਂ। ਫੇਰ ਜਦੋਂ ਵੱਡੀ ਭੈਣ ਦੇ ਬੱਚਿਆਂ ਦਾ ਵਿਆਹ ਆਇਆ ਅਸੀਂ ਉੱਥੇ ਨਾਨਕ ਛੱਕ ਜਾਣਾ ਸੀ। ਬੀ ਜੀ ਦੀ ਫਰਮਾਇਸ਼ ਸੀ ਕਿ ਆਪਾਂ ਵਧੀਆ ਜੇਹੀ ਨਾਨਕ ਛੱਕ ਲੈਕੇ ਜਾਣੀ ਹੈ। ਮੈਂ ਕਿਹਾ ਬੀ ਜੀ ਹੁਣ ਤੁਸੀਂ ਵੀ ਚੂੜੀਆਂ ਕਰਵਾ ਲਵੋ। ਬੀ ਜੀ ਕਹਿੰਦੇ ਠੀਕ ਹੈ। ਪਰ ਕਿਸੇ ਮੰਗ ਲਈ ਉਸ ਨੇ ਕਦੇ ਵੀ ਸਾਨੂੰ ਤੰਗ ਨਹੀਂ ਕੀਤਾ। ਬਾਕੀ ਜੋ ਕੁੱਝ ਵੀ ਹੁੰਦਾ ਸੀ ਸਾਡੀ ਦੋਹਾਂ ਦੀ ਰਜਾਮੰਦੀ ਨਾਲ਼ ਹੀ ਹੁੰਦਾ ਸੀ। ਇੱਕ ਵਾਰ ਮੈਨੂੰ ਕਹਿੰਦੇ ਪੁੱਤ ਆਹ ਅਲਮਾਰੀ ਖੋਲ੍ਹ। ਖੋਲ੍ਹੀ ਤਾਂ ਉਸ ਵਿੱਚ ਕਾਫੀ ਸਾਰੇ ਨੋਟ ਪਏ ਸਨ। ਮੈਂ ਸਾਰੇ ਕੱਢ ਕੇ ਅਤੇ ਤਰਤੀਬ ਵਿੱਚ ਕਰ ਕੇ ਉਨ੍ਹਾਂ ਨੂੰ ਦੇ ਦਿੱਤੇ। ਮੈਨੂੰ ਕਹਿੰਦੇ ਇਹ ਤੂੰ ਰੱਖ ਲੈ। ਮੈਂ ਕਿਹਾ ਬੀ ਜੀ ਇਹ ਤੁਸੀਂ ਹੀ ਰੱਖੋ। ਭੈਣਾਂ (ਮੇਰੀਆਂ ਨਣਦਾਂ) ਤੁਹਾਨੂੰ ਮਿਲਣ ਆਉਂਦੀਆਂ ਹਨ, ਇਨ੍ਹਾਂ ਵਿੱਚੋਂ ਉਨ੍ਹਾਂ ਨੂੰ ਦਿੰਦੇ ਰਿਹਾ ਕਰੋ। ਕਹਿੰਦੇ ਕਿ ਪੁੱਤ! ਨੂੰਹਾਂ, ਧੀਆਂ ਨਾਲ਼ੋਂ ਬਹੁਤੀਆਂ ਪਿਆਰੀਆਂ ਅਤੇ ਨੇੜੇ ਹੁੰਦੀਆਂ ਹਨ। ਮੈਂ ਹੈਰਾਨ ਰਹਿ ਗਈ। ਜੀਵਨ ਵਿੱਚ ਇਹ ਮੈਂ ਪਹਿਲੀ ਵੇਰ ਸੁਣ ਰਹੀ ਸਾਂ ਕਿ ਨੂੰਹਾਂ ਧੀਆਂ ਨਾਲ਼ੋ …। ਬੀ ਜੀ ਸਾਰਿਆਂ ਦੀ ਹੀ ਬਹੁਤ ਇੱਜਤ ਕਰਦੇ ਸਨ। ਚਾਹੇ ਉਹ ਮੇਰੇ ਰਿਸ਼ਤੇਦਾਰ ਹੋਣ ਜਾਂ ਦੂਰ ਨੇੜੇ ਦੇ ਕੋਈ ਹੋਰ। ਮੈਨੂੰ ਬੀ ਜੀ ਮੇਰੇ ਪਤੀ ਦੀ ਮਾਂ ਨਹੀਂ ਸਗੋਂ ਮੇਰੀ ਆਪਣੀ ਮਾਂ ਹੀ ਲੱਗਦੇ ਸਨ। ਮੇਰੇ ਪਤੀ ਦਾ ਸੁਭਾਅ ਕੁੱਝ ਸਖਤ ਤੇ ਟੋਕਾ ਟੋਕੀ ਕਰਨ ਵਾਲ਼ਾ ਹੈ। ਉਹ ਮੈਨੂੰ ਇਕੱਲੀ ਨੂੰ ਹੀ ਨਹੀਂ ਟੋਕਦੇ, ਸਗੋਂ ਬੀ ਜੀ ਨੂੰ ਵੀ ਕੁੱਝ ਨਾ ਕੁੱਝ ਬੋਲ ਦਿੰਦੇ ਸਨ। ਜਦੋਂ ਮੈਂ ਅਤੇ ਬੀ ਜੀ ਨੇ ਇਕੱਠੀਆਂ ਬੈਠੇ ਹੋਣਾ ਜਾ ਕੁੱਝ ਕਰਦੇ ਹੋਣਾ ਤੇ ਮੇਰੇ ਪਤੀ ਨੇ ਉੱਥੇ ਆ ਜਾਣਾ ਤਾਂ ਮੈਂ ਕਹਿਣਾ ਲਉ ਬੀ ਜੀ ਆਪਣੀ ਦੋਹਾਂ ਦੀ ਸੱਸ ਆ ਗਈ। ਬੀ ਜੀ ਨੇ ਅੱਗੋਂ ਹੱਸਣ ਲੱਗ ਜਾਣਾ। ਜਦੋਂ ਮੈਨੂੰ, ਮੇਰੇ ਪਤੀ ਅਤੇ ਦੋਵੇਂ ਬੱਚਿਆਂ ਨੂੰ ਪੁਆਇੰਟ ਸਿਸਟਮ ਦੇ ਅਧੀਨ ਕੈਨੇਡਾ ਦੀ ਪੀ.ਆਰ ਮਿਲ਼ ਗਈ। ਮੇਰੇ ਕਹਿਣ ਉੱਤੇ ਅਸੀਂ ਨਾਲ਼ ਬੀ ਜੀ ਦਾ ਵੀ ਵਿਜਟਰ ਬੀਜ਼ਾ ਲਵਾ ਲਿਆ ਤੇ ਉਹ ਸਾਡੇ ਨਾਲ਼ ਹੀ ਕੈਨੇਡਾ ਆ ਗਏ। ਬੀ ਜੇ ਨੂੰ ਮੇਰੇ ਬੇਟੇ ਨੇ ਕੈਨੇਡਾ ਵਿੱਚ ਚੰਗਾ ਘੁਮਾਇਆ ਫਿਰਾਇਆ। ਇੱਕ ਦਿਨ ਬੇਟੇ ਦਾ ਪੇਪਰ ਸੀ। ਬੀ ਜੀ ਨੂੰ ਮੈੱ ਇਕੱਲੀ ਹੀ ਸਟੋਰ ਲੈ ਗਈ। ਬੀ ਜੀ ਕਹਿੰਦੇ ਮੇਰੇ ਕੋਲ਼ੋਂ ਤੁਰਿਆ ਨਹੀਂ ਜਾਣਾ। ਕੁਦਰਤੀ ਗੇਟ ਉੱਤੇ ਇੱਕ ਗੋਰੀ ਆਪਣੀ ਜੌਬ ਉੱਤੇ ਖੜ੍ਹੀ ਸੀ। ਮੈਂ ਉਸ ਨੂੰ ਬੇਨਤੀ ਕੀਤੀ ਤਾਂ ਉਸ ਨੇ ਸਾਨੂੰ ਇੱਕ ਵ੍ਹੀਲ ਚੇਅਰ ਲਿਆ ਦਿੱਤੀ। ਸਾਰਾ ਸਟੋਰ ਚੰਗੀ ਤਰ੍ਹਾਂ ਨਾਲ਼ ਅਸੀਂ ਘੁੰਮ ਫਿਰ ਕੇ ਦੇਖਿਆ ਜੋ ਸਮਾਨ ਲੈਣਾ ਸੀ ਲਿਆ। ਉਸੇ ਗੇਟ ਤੇ ਆ ਕੇ ਉਸੇ ਗੋਰੀ ਕੋਲ਼ ਅਸੀਂ ਵ੍ਹੀਲ ਚੇਅਰ ਵਾਪਿਸ ਕਰ ਦਿੱਤੀ ਤੇ ਬੀ ਜੀ ਉਸ ਨੂੰ ਕਹਿੰਦੇ, “ਆਪ ਕਾ ਬਹੁਤ ਧੰਨਵਾਦ”। ਮੈਂ ਹੱਸ ਕੇ ਕਿਹਾ ਕਿ ਬੀ ਜੀ ਇਹ ਗੋਰੀ ਹੈ ਇਹ ਤੁਹਾਡੀ ਭਾਸ਼ਾ ਨਹੀਂ ਸਮਝਦੀ। ਤਾਂ ਕਹਿੰਦੇ ਚੱਲ ਪੁੱਤ ਕੋਈ ਨਾ ਮੇਰੀ ਭਾਵਨਾ ਉਸਨੂੰ ਜਰੂਰ ਸਮਝ ਆ ਗਈ ਹੋਵੇਗੀ। ਕੁੱਝ ਸਮੇਂ ਪਿੱਛੋਂ ਅਸੀਂ ਦੋਵੇਂ ਹੀ ਇੰਡੀਆ ਵਾਪਿਸ ਆ ਗਈਆਂ। ਸਾਡੇ ਬਾਪੂ ਜੀ (ਮੇਰੇ ਸਹੁਰਾ ਸਾਹਬ) ਸੁਭਾਅ ਪੱਖੋਂ ਕੌੜਤੂੰਬੇ ਦੇ ਵੱਡੇ ਭਰਾ ਸਨ। ਬੱਸ, ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ। ਮੈਂ ਕਈ ਵਾਰ ਪੁੱਛਣਾ ਕਿ ਬੀ ਜੀ ਤੁਹਾਡਾ ਰਿਸ਼ਤਾ ਇਨ੍ਹਾਂ ਨਾਲ਼ ਕਿਸ ਨੇ ਕਰਵਾਇਆ ਸੀ? ਉਨ੍ਹਾਂ ਦੱਸਣਾ ਕਿ ਮੇਰੀ ਭੈਣ ਨੇ ਪੁੱਤ, ਤੁਹਾਡੀ ਮਾਸੀ ਨੇ। ਨਾਲ਼ ਹੀ ਇਹ ਵੀ ਸੁਣਾ ਦੇਣਾ ਕਿ ਆਪ ਤਾਂ ਡੁੱਬੀ ਸੀ ਨਾਲ਼ ਮੈਨੂੰ ਵੀ ਲੈ ਬੈਠੀ ਬੇਹੇ ਪਾਣੀ ਵਿੱਚ। ਉਸ ਨੇ ਇਹ ਮੁਹਾਵਰਾ ਆਮ ਹੀ ਵਰਤਣਾ, ‘ਤੰਗ ਜੁੱਤੀ ਨਾਲ਼ੋਂ ਨੰਗੀ ਚੰਗੀ, ਕੱਬੇ ਖਸਮ ਨਾਲ਼ੋਂ ਰੰਡੀ ਚੰਗੀ।’ ਫੇਰ ਅਸੀਂ ਦੋਹਾਂ ਨੇ ਹੱਸ ਪੈਣਾ। ਮੈਂ ਸੋਚਣਾ ਕਿ ਬੀ ਜੀ ਨੇ ਆਪਣੇ ਪਤੀ ਨਾਲ਼ ਕਿਹੜੇ ਹਾਲ਼ੀਂ ਵਕਤ-ਕਟੀ ਕੀਤੀ ਹੋਵੇਗੀ? ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਬੀ ਜੀ ਦਾ ਪਿਆਰ ਬਹੁਤ ਮਿਲਿਆ ਤੇ ਰੱਜ ਕੇ ਮਿਲਿਆ। 2013 ਵਿੱਚ ਉਹ ਥੋੜ੍ਹਾ ਬੀਮਾਰ ਰਹਿਣ ਲੱਗ ਪਏ। ਕੁੱਝ ਕੁ ਦਿਨਾਂ ਪਿੱਛੋਂ ਉਨ੍ਹਾਂ ਨੂੰ ਆਕਸੀਜਨ ਦੇਣ ਦੀ ਲੋੜ ਪੈ ਗਈ। ਥੋੜ੍ਹੇ ਦਿਨ ਹਸਪਤਾਲ ਰੱਖਣ ਪਿੱਛੋਂ ਡਾਕਟਰ ਕਹਿੰਦੇ ਇਨ੍ਹਾਂ ਨੂੰ ਘਰ ਲੈ ਜਾਵੋ ਉੱਥੇ ਹੀ ਆਕਸੀਜਨ ਲਾ ਦਿਆ ਕਰੋ। ਹੁਣ ਇਹ ਅੱਗੇ ਨਾਲ਼ੋਂ ਠੀਕ ਹਨ। ਮੈਨੂੰ ਉਨ੍ਹਾਂ ਦਿਨਾਂ ਵਿੱਚ ਆਪਣੀ ਬੇਟੀ ਦੇ ਬੱਚੇ ਸੰਭਾਲਣ ਲਈ ਕੈਨੇਡਾ ਜਾਣਾ ਪੈ ਗਿਆ। ਮਜਬੂਰੀ ਬਸ ਮੈਨੂੰ ਜਿਆਦਾ ਸਮਾਂ ਕੈਨੇਡਾ ਵਿੱਚ ਹੀ ਲੱਗ ਗਿਆ। ਮੈਂ ਤਾਂ ਛੇਤੀ ਤੋਂ ਛੇਤੀ ਆਪਣੀ ਬੀਮਾਰ ਬੀ ਜੀ ਕੋਲ਼ ਮੁੜ ਆਉਣਾ ਚਾਹੁੰਦੀ ਸੀ। ਪਰ ਨਾ ਮੁੜ ਹੋਇਆ। ਇਸੇ ਸਮੇਂ ਵਿੱਚ ਬੀ ਜੀ ਪੂਰੇ ਹੋ ਗਏ। ਮੈਨੂੰ ਕੈਨੇਡਾ ਫੋਨ ਆਇਆ ਮੈਂ ਬਹੁਤ ਰੋਈ। ਵੱਡਾ ਦੁੱਖ ਤਾਂ ਮੈਨੂੰ ਇਸੇ ਗੱਲ ਦਾ ਸੀ ਕਿ ਅਖੀਰਲੇ ਸਮੇਂ ਮੈਂ ਬੀ ਜੀ ਦੇ ਕੋਲ਼ ਨਹੀਂ ਸੀ। ਮੈਂ ਕਿਹਾ ਕਿ ਮੇਰੇ ਇੰਡੀਆ ਆਈ ਬਿਨਾਂ ਬੀ ਜੀ ਦਾ ਸਸਕਾਰ ਨਾ ਕਰਿਓ। ਮੈਂ ਗਈ ਤਾਂ ਉਨ੍ਹਾਂ ਦਾ ਸਸਕਾਰ ਹੋਇਆ। ਬੀ ਜੀ ਤੋਂ ਬਿਨਾਂ ਮੇਰਾ ਦਿਲ ਬਿਲਕੁੱਲ ਨਾ ਲੱਗਿਆ ਕਰੇ। ਮੈਂ ਇਕੱਲੀ ਬੈਠੀ ਨੇ ਰੋਂਦੇ ਰਹਿਣਾ। ਇੱਕ ਦਿਨ ਮੇਰਾ ਪਤੀ ਕਹਿੰਦਾ ਕਿ ਮੈਂ ਕਿਓਂ ਰੋਈ ਜਾਂਦੀ ਹਾਂ। ਰੋਣ ਨਾਲ਼ ਕਿਹੜਾ ਬੀ ਜੀ ਨੇ ਮੁੜ ਆਉਣਾ ਹੈ। ਸਗੋਂ ਤੂੰ ਆਪਣੇ ਸਰੀਰ ਨੂੰ ਵੀ ਕੋਈ ਰੋਗ ਲਾ ਲਵੇਂਗੀ। ਮੈਂ ਕਿਹਾ ਕਿ ਬੀ ਜੀ ਮੇਰੀਆਂ ਸੋਚਾਂ ਤੋਂ ਪਲ ਭਰ ਲਈ ਵੀ ਦੂਰ ਨਹੀਂ ਹੁੰਦੇ। ਕੀ ਕਰਾਂ। ਇਹ ਕਿਹੜਾ ਮੇਰੇ ਬਸ ਵਿੱਚ ਹੈ। ਮੇਰੇ ਪਤੀ ਨੇ ਮੈਨੂੰ ਮੈਡੀਸਨ ਲਿਆ ਕੇ ਦਿੱਤੀ ਤਾਂ ਕਿਤੇ ਜਾ ਕੇ ਮੈਨੂੰ ਥੋੜ੍ਹਾ ਚੈਨ ਆਇਆ। ਮੈਂ ਤਾਂ ਸਦਾ ਇਹੋ ਹੀ ਅਰਦਾਸ ਕਰਦੀ ਹਾਂ ਕਿ ਬੀ ਜੀ ਦਾ ਵਾਸਾ ਸੁਵਰਗਾਂ ਵਿੱਚ ਹੋਵੇ। ਮੈਂ ਲੋਕਾਂ ਨੂੰ ਬਹੁਤ ਵੇਰ ਕਹਿੰਦਿਆਂ ਸੁਣਿਆ ਹੈ ਕਿ ਜੇ ਫੇਰ ਜਨਮ ਮਿਲ਼ੇ ਤਾਂ ਮੈਨੂੰ ਮੇਰੇ ਇਸ ਪਤੀ ਵਰਗਾ ਹੀ ਫੇਰ ਪਤੀ ਮਿਲ਼ੇ। ਪਰ ਮੈਂ ਅਰਦਾਸ ਕਰਦੀ ਹਾਂ ਕੇ ਮੈਨੂੰ ਜੇ ਫੇਰ ਜਨਮ ਮਿਲ਼ੇ ਤਾਂ ਮੈਨੂੰ ਮੇਰੀ ਇਸੇ ਬੀ ਜੀ ਵਰਗੀ ਹੀ ਸੱਸ ਮਿਲ਼ੇ। ਹੁਣ ਜਦੋਂ ਕਿ ਮੈਂ ਇਹ ਸਤਰਾਂ ਲਿਖ ਰਹੀ ਹਾਂ ਤਾਂ ਮੁੜ ਕੇ ਬੀ ਜੀ ਦਾ ਵੈਰਾਗ ਜਾਗ ਪਿਆ ਹੈ। ਮੇਰੀਆਂ ਅੱਖਾਂ ਬੇ ਰੋਕ ਪਰਲ-ਪਰਲ ਵਗ ਰਹੀਆਂ ਹਨ। ਥੰਮਣ ਦਾ ਨਾਂ ਹੀ ਨਹੀਂ ਲੈ ਰਹੀਆਂ…। ਓਹ ਬੀ ਜੀ! |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਹਰਜੋਗਿੰਦਰ ਤੂਰ
Brampton, Ontario, Canada
Phone: +1 647-926-9797
Email: hargur.toor1@gmail.com