|
ਅਜੋਕੇ ਸਮੇਂ ਦਾ ਮਨੁੱਖ ਚੁਸਤ ਚਲਾਕ ਹੋ ਗਿਆ ਹੈ। ਉਸ ਦਾ ਸੁਭਾਅ ਵੀ ਰੁੱਖਾ ਅਤੇ ਕਿਸੇ ਦੀ ਵੀ ‘ਟੈਂਅ ਨਾ ਮੰਨਣ ਵਾਲਾ’ ਹੋ ਗਿਆ ਹੈ। ਗਲੋਬਲ ਵਾਰਮਿੰਗ ਦੀ ਤਰਾਂ ਹੀ, ਤੁਸੀਂ ਮੰਨੋ ਜਾ ਨਾ ਮੰਨੋ, ਪਰ ਮਨੁੱਖੀ ਰਿਸ਼ਤੇ ਵੀ ਖੁਸ਼ਕੀ ਪਕੜ ਰਹੇ ਹਨ। ਬੰਦਾ ਵੈਰ-ਵਿਰੋਧ, ਕਲਾ-ਕਲੇਸ਼ ਵੱਲ ਨੂੰ ਤੁਰ ਪਿਆ ਹੈ। ਸੁੱਖ-ਚੈਨ, ਸਹਿਜ-ਠਹਿਰਾਓ ਅਤੇ ਰਿਸ਼ਤੇ-ਨਾਤਿਆਂ ਦੀ ਨਿੱਘ ਵਗੈਰਾ ਸਭ-ਕੁਝ ਸਮੇਂ ਦੇ ਖੰਭ ਲਾ ਕੇ ਕਿਤੇ ਦੂਰ ਪਰਦੇਸ ਉੱਡ ਗਏ ਹਨ। ਜੀਵਨ ਨੂੰ ਜੀਉਣ ਦੀ ਰਫ਼ਤਾਰ ਵੱਧ ਗਈ ਹੈ। ਸਮੁੱਚਾ ਜੀਵਨ ਹੀ ਅਫਰਾ-ਤਫਰੀ, ਭੱਜ-ਨੱਠ ਅਤੇ ਡਰ-ਸਹਿਮ ਜਿਹੇ ਵਾਲਾ ਹੋ ਗਿਆ ਹੈ। ਇਹ ਸਭ ਜੀਵਨ ‘ਚ ਆਈ ਉਕਸਾਹਟ ਦੇ ਕਾਰਨ ਹੀ ਹੈ ਕਿ ਬਦਲਦੇ ਸਮੇਂ ਦੇ ਨਾਲ ਹੀ ਲੋਕਾਂ ਦਾ ਵਿਵਹਾਰ, ਖਾਣ-ਪੀਣ, ਉੱਠਣ-ਬੈਠਣ, ਬੋਲਣ-ਚੱਲਣ, ਸੁਣਨ-ਸੁਣਾਉਣ, ਲੜਨ-ਲੜਾਉਣ, ਦੌੜਨ-ਭੱਜਣ ਦਾ ਤੌਰ ਤਰੀਕਾ ਵੀ ਬਦਲ ਰਿਹਾ ਹੈ। ਬੰਦੇ ਦੀਆਂ ਕਦਰਾਂ ਕੀਮਤਾਂ ਵਿੱਚ ਵੀ ਬਦਲਾਓ ਆ ਰਿਹਾ ਹੈ। ਸ਼ਾਇਦ ਇਹ ਸਮੇਂ ਦਾ ਬਦਲਾਓ ਹੈ ਜੋ ਤੁਹਾਨੂੰ ਘੇਰ-ਘੇਰ ਹੁੱਝਾਂ ਮਾਰ ਰਿਹਾ ਹੈ ਕਿ ਜੇ ਨਹੀਂ ਬਦਲੋਗੇ.. ਤਾਂ ਆਪਣੇ ਆਲ਼ੇ ਦੁਆਲ਼ੇ ਅਤੇ ਸਮਾਜ ਤੋਂ ਨਿੱਖੜ ਜਾਵੋਗੇ। ਜ਼ਿੰਦਗੀ ਦੀ ਇਸ ਦੌੜ ਭੱਜ ਅਤੇ ਡਿਗ ਰਹੀਆਂ ਕਦਰਾਂ ਕੀਮਤਾਂ ਬਾਰੇ ਸੋਚਦਿਆਂ ਅਚਾਨਕ ਹੀ ਇੱਕ ਪੁਰਾਣੀ ਘਟਨਾ ਨੇ ਆ ਦਸਤਕ ਦਿੱਤੀ, ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਜਮਦੂਤ ਦਾ ਖੌਫ਼… ਜਮ ਜਾਂ ਜਮਦੂਤ ਇੱਕ ਡਰਾਉਣਾ ਸ਼ਬਦ ਹੈ ਜਿਸ ਦਾ ਜ਼ਿਕਰ ਅਕਸਰ ਸਾਡੇ ਪੁਰਾਣੇ ਗ੍ਰੰਥਾਂ ਵਿੱਚ ਵੀ ਪੜ੍ਹਨ ਤੇ ਸੁਣਨ ਨੂੰ ਮਿਲਦਾ ਹੈ। ਜਮਦੂਤ ਦਾ ਸਿੱਧਾ ਜਿਹਾ ਮਤਲਬ ਹੈ – ਯਮ (ਮੌਤ) ਦਾ ਦੂਤ! ਜੋ ਮੌਤਾਂ ਵੰਡਦਾ ਹੈ। ਜਮਦੂਤ ਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਪਰ ਉਸ ਦੀ ਕਾਲਪਨਿਕ ਦਿੱਖ ਅਤੇ ਖੌਫ਼ ਨੂੰ ਜ਼ਿਆਦਾ ਭਿਆਨਕ ਦਰਸਾਉਣ ਤੇ ਬਣਾਉਣ ਲਈ ਅਕਸਰ ਚਲਾਕ ਲੋਕ ਜਮਦੂਤ ਨੂੰ ਇੰਜ ਵੀ ਬਿਆਨ ਕਰਦੇ ਹਨ,… “ਆਪਣੇ ਹੱਥਾਂ ‘ਚ ਵੰਨ-ਸਵੰਨੇ ਭਿਆਨਕ ਸ਼ਸਤਰ ਪਕੜੀ, ਡਰਾਉਣਾ ਮੂੰਹ, ਤਿੰਨ-ਅੱਖੀ, ਵੱਡੀਆਂ-ਮੁੱਛਾਂ, ਵੱਡੇ ਸਿੰਗ, ਅੱਧ-ਨੰਗਾ ਅਤੇ ਮੋਟੇ ਢਿੱਡ ਵਾਲਾ, ਕਿਸੇ ਮੋਟੇ ਤਕੜੇ ਜਾਨਵਰ ਉੱਪਰ ਸਵਾਰ, ਅਤੇ ਜ਼ਾਲਮ ਸ਼ਕਲ ਵਾਲਾ ਜਮਦੂਤ, ਜੋ ਸਿਰਫ਼ ਤੇ ਸਿਰਫ਼ ਮਨੁੱਖ ਵਾਸਤੇ ਆਖਰੀ ਪੈਗ਼ਾਮ ਨਾਲ ਲੈ ਕੇ ਆਉਂਦਾ ਹੈ। ਸਾਰੀ ਉਮਰ ਦੇ ‘ਅਧੂਰੇ ਰਹਿੰਦੇ’ ਬੰਦੇ ਦੇ ‘ਪੂਰੇ ਹੋਣ’ ਦਾ ਪੈਗ਼ਾਮ !! ਬਸ ਇਹੀ ਕੰਮ ਹੈ ਇਹਦਾ। ਬੰਦਿਆਂ ਦੀ ਭੀੜ ਵਿੱਚ ਵੀ ਕਦੇ ਭੁਲੇਖਾ ਨਹੀਂ ਖਾਂਦਾ ਕਿ ਕਿਹੜੇ ਬੰਦੇ ਨੂੰ ਰੱਬ ਨੇ ਬੁਲਾਇਆ ਹੈ ਆਪਣੇ ਪਾਸ।” ਪਤਾ ਨਹੀਂ ਕਿੰਨੇ ਕੁ ਪੈਗ਼ਾਮ ਦੁਨੀਆ ਭਰ ‘ਚ ਰਾਤ-ਦਿਨ ਤੇ ਹਰ ਰੁੱਤ ‘ਚ ਵੰਡਦਾ ਹੈ। ਅੱਕਣ ਜਾਂ ਥੱਕਣ ਨਾਮ ਦਾ ਇਸ ਵਿੱਚ ਕੋਈ ਪੁਰਜ਼ਾ ਹੀ ਨਹੀ। ਜੇ ਸੋਚਿਆ ਜਾਵੇ ਤਾਂ ਦੁਨੀਆ ਭਰ ਵਿੱਚ ਚੱਲ ਰਹੀਆਂ ਲੜਾਈਆਂ ਜਾਂ ਵੱਢ-ਵਢਾਂਗਿਆਂ ਜਾਂ ਫਿਰ ਕੁਦਰਤੀ ਆਫ਼ਤਾਂ ਵੀ ਕਿਸੇ ਜਮਦੂਤ ਤੋਂ ਘੱਟ ਨਹੀਂ ਹਨ! ਪਤਾ ਨਹੀ ਕਿਤਨੇ ਕੁ ਬੇਕਸੂਰੇ ਇਨਸਾਨਾਂ ਅਤੇ ਬੱਚਿਆਂ ਦੀਆਂ ਜਾਨਾਂ ਹਰ ਰੋਜ਼ ਜਾ ਰਹੀਆਂ ਹਨ? ਵੈਂਟੀਲੇਟਰ ਦੇ ਭੇਸ ‘ਚ ਜਮਦੂਤ… ਮੈਡੀਕਲ ਫੀਲਡ ਜਾਂ ਹਸਪਤਾਲ ਵਿੱਚ ਵੈਂਟੀਲੇਟਰ (ਮਨੁੱਖ ਦੇ ਸਾਹ ਅਤੇ ਆਕਸੀਜਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਵਾਲੀ ਮਸ਼ੀਨ) ਦੀ ਜ਼ਰੂਰਤ ਕਿਸੇ ਮਰੀਜ਼ ਨੂੰ ਪਹਿਲਾਂ ਵੀ ਪੈਂਦੀ ਰਹੀ ਹੈ, ਹੁਣ ਵੀ ਅਤੇ ਕਦੇ ਵੀ ਪੈ ਸਕਦੀ ਹੈ। ਵੈਂਟੀਲੇਟਰ ਵੀ ਮਨੁੱਖ ਦੀ ਬੇਹਤਰੀ ਲਈ ਬਣਾਈਆਂ ਦੁਸਰੀਆਂ ਮੈਡੀਕਲ ਮਸ਼ੀਨਾਂ ਦੀ ਤਰਾਂ ਹੀ ਹੈ। ਮਸ਼ੀਨੀ ਸਾਹ ਦੇ-ਦੇ ਕੇ ਬਹੁਤ ਜਾਨਾਂ ਬਚਾਉਂਦਾ ਹੈ। ਪਰ ਕੋਵਿਡ ਮਹਾਂਮਾਰੀ ਦੌਰਾਨ ‘ਵੈੰਟੀਲੇਟਰ ਦੇ ਡਰਾਏ ਤੇ ਸਤਾਏ’ ਲੋਕਾਂ ਨੂੰ ਵੈਂਟੀਲੇਟਰ ਹੁਣ ਤੱਕ ਵੀ ਜਮਦੂਤ ਹੀ ਲੱਗਦਾ ਹੈ। ਹਸਪਤਾਲ ਵਿੱਚ ਕਿਤੇ ਵੀ ਰੱਖਿਆ, ਜਾਂ ਪਿਆ, ਹਿੱਲਦਾ-ਜੁਲਦਾ, ਲਾਇਆ-ਲਾਹਿਆ ਵੈਂਟੀਲੇਟਰ – ਇੱਕ ਜਮਦੂਤ!! ਭਾਵੇਂ ਮਰਨਾ ਤਾਂ ਸਾਰਿਆਂ ਨੇ ਹੀ ਹੈ, ਪਰ ਸਾਰੀ ਉਮਰ ਜਮਦੂਤ ਦੇ ਡੰਡੇ ਅਤੇ ਭੈਅ ਤੋਂ ਵਿਸਰਿਆ ਬੰਦਾ, ਇੱਕ ਦਿਨ ਅਚਾਨਕ ਜਮਦੂਤ ਨੂੰ ਬਾਹਰ ਬੂਹੇ ਤੇ ਆਇਆ ਸੋਚ-ਸਮਝ ਕੇ ਪਲ-ਦੋ-ਪਲ ਵਿੱਚ ਅਤੇ ਪਲ-ਦੋ-ਪਲ ਲਈ ਹੀ ‘ਭਗਤ ਕਬੀਰ’ ਨੂੰ ਬੜਾ ਯਾਦ ਕਰਦਾ ਹੈ। ਉਹ ਸ਼ਾਇਦ ਆਪਣੇ ਆਪ ਨੂੰ ਜਮਦੂਤ ਦੁਆਰਾ ਕੇਸਾਂ / ਵਾਲਾਂ ਤੋਂ ਫੜ ਕੇ ਬਾਰ ਬਾਰ ਜ਼ਮੀਨ ਤੇ ਪਟਕਾਇਆ ਵੀ ਮਹਿਸੂਸ ਕਰਦਾ ਹੈ… ਵਾਹਿਗੁਰੂ.. ਅੱਲਾ.. ਰਾਮ.. ਬੋਲਦਾ ਹੈ, ਮਨੋ-ਮਨ ਪਛਤਾਉਂਦਾ ਵੀ ਹੈ… ਪਰ ਸਿਰਫ ਪਲ-ਦੋ-ਪਲ ਲਈ ਹੀ!! ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ॥ ਇੱਕ ਮਰੀਜ਼ ਆਪਣੇ ਵੱਲ ਆਉਂਦੇ ਜਮਦੂਤ ਵੈਂਟੀਲੇਟਰ ਨੂੰ ਦੇਖ ਕੇ ਜਿਉਣ ਦੀ ਕੋਸ਼ਿਸ਼ ਕਰਦਾ ਹੋਇਆ ਵੀ ਮਰ ਜਿਹਾ ਜਾਂਦਾ ਹੈ। ਉਸਦੇ ਸਾਕ-ਸਬੰਧੀ ਉਹਦੇ ਮੂੰਹ ਉੱਤੇ ਵੈਂਟੀਲੇਟਰ ਲਾਇਆ ਦੇਖ ਕੁਝ ਬੋਲਿਆਂ ਜਾਂ ਫਿਰ ਬਿਨ-ਬੋਲਿਆਂ ਹੀ ਉਸ ਮਰੀਜ਼ ਦੀ “ਮੌਤ ਤੋਂ ਅਗਾਂਹ” ਦੇ ਪ੍ਰੋਗਰਾਮ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਨ। ਸ਼ਾਇਦ ਨਹੀਂ, ਯਕੀਨਨ ਹੀ ਉਹਨਾਂ ਨੂੰ ਇਹ ਲੱਗਣ ਲੱਗਦਾ ਹੈ… ਕਿ.. ਦਰਿਆ ਕੰਡੇ ਵਾਲਾ ਇਹ ਬਗਲਾ ਤਾਂ ਹੁਣ ਗਿਆ… ਪਿਆਰਾ ਸੱਜਣ ਤਾਂ ਗਿਆ ਈ ਗਿਆ!!.. ਪੈ ਗਏ…ਅਚਿੰਤੇ ਬਾਜ਼!! ‘ਬਾਬਾ ਫ਼ਰੀਦ’ ਫੇਰ ਅਚਾਨਕ ਯਾਦ ਆਉਂਦਾ ਹੈ। ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਫ਼ਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥ ਬਿਸ਼ਨਾ ਨਾ ਮਰਿਆ ਵੀ… ਆਖ਼ਰ ਮਰ ਈ ਗਿਆ… ਬਚਪਨ ਤੇ ਜਵਾਨੀ ਦੀਆਂ ਰੰਗ-ਬਰੰਗੀਆਂ ਰੁੱਤਾਂ ਮਾਣ ਕੇ ਬਿਸ਼ਨ ਸਿੰਘ, ਉਰਫ਼ ਬਿਸ਼ਨਾ, ਹੁਣ ਜੀਵਨ ਦੇ ਅੰਤ ‘ਚ ਕਮਜ਼ੋਰ ਹੋਈ ਸਿਹਤ ਨਾਲ, ਜੀਵਨ ਦੇ ਆਖਰੀ ਤੰਦ ਕੱਤ ਰਿਹਾ ਸੀ। ਜਾਂਦੀ ਹੋਈ ਜਵਾਨੀ ਬਿਸ਼ਨੇ ਦੀ ਉਂਗਲੀ ਨੂੰ ਬੁਢਾਪੇ ਦੇ ਹੱਥ ਫੜਾ ਕੇ ਬਹੁਤ ਪਹਿਲਾਂ ਈ ਗਾਇਬ ਹੋ ਗਈ ਸੀ, ਮੁੜ ਕੇ ਆਈ ਹੀ ਨਹੀਂ, ਬਿਸ਼ਨਾ ਉਡੀਕਦਾ ਵੀ ਰਿਹਾ! ਹੁਣ ਤਾਂ ਪਾਣੀ ਪੁਲ਼ਾਂ ਦੇ ਥੱਲਿਓਂ ਲੰਘ ਚੁੱਕਿਆ ਸੀ। ਢਲਦੇ ਸੂਰਜ ਦੇ ਪ੍ਰਛਾਵੇਂ ਖ਼ੁਦ ਨਾਲ਼ੋਂ ਲੰਮੇ ਹੋ ਗਏ ਸਨ ਅਤੇ ਜ਼ਿੰਦਗੀ ਦੀ ਤੀਜੀ ਪਾਰੀ ਦੇ ਮੁੱਕਣ ਦਾ ਬਸ ਇਸ਼ਾਰਾ ਹੀ ਬਾਕੀ ਸੀ। ਜੀਉਣ ਪੰਧ ਦੀ ਛੇਕੜਲੀ ਮੰਜ਼ਿਲ ਵੱਲ ਵਧਦਾ ਬਿਸ਼ਨਾ ਹੁਣ ਸੋਚ ਅਤੇ ਸਮਝ ਗਿਆ ਸੀ,…ਜ਼ਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ!! ਆਪਣੀ ਜਵਾਨੀ ਵੇਲੇ, ਬਿਸ਼ਨੇ ਨੇ ਲੋਕਾਂ ਨੂੰ ਡਰਾ, ਧਮਕਾ, ਬਹਿਲਾ, ਫੁਸਲਾ, ਉਲਝਾ, ਦਬਕਾ, ਭਰਮਾ, ਅਤੇ ਫਸਾ ਕੇ ਕਾਫ਼ੀ ਜ਼ਮੀਨਾਂ, ਜਾਇਦਾਦਾਂ, ਜਗੀਰਾਂ ਅਤੇ ਇੱਜ਼ਤਾਂ ਬਣਾ ਲਈਆਂ ਸਨ। ਪਰ ਹੁਣ ਇਸ ਉਮਰੇ ਉਹਨੂੰ ਇਹ ਕਿਸੇ ਵੀ ਕੰਮ ਦੀਆਂ ਨਹੀਂ ਲੱਗਦੀਆਂ ਸਨ। ਆਪਣੇ ਜੀਵਨ ਦੇ ਢਲਦੇ ਪ੍ਰਛਾਵੇਂ ਦੇਖ ਹੁਣ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਇਕੱਠੇ ਕੀਤੇ ਪਦਾਰਥਾਂ ਦੇ ਕਾਰਨ ਜਗਤ ‘ਚ ਮਿਲੀ ਵਡਿਆਈ ਨਾਲ ਕੋਈ ਬੰਦਾ ਵੱਡਾ ਨਹੀਂ ਬਣਦਾ। ਵੱਡੇ-ਵੱਡੇ ਅਤੇ ਕਹਿੰਦੇ ਕਹਾਉਂਦੇ ਲੋਕ ਵੀ ਅੰਦਰੋਂ ਦੁਖੀ ਹੀ ਹਨ। ਇਹ ਜ਼ਮੀਨਾਂ, ਜਿਹਨਾਂ ਦੀ ਤ੍ਰਿਸ਼ਨਾ ਸਾਰੀ ਉਮਰ ਨਹੀਂ ਮਿਟਦੀ, ਸਭ ਐਥੇ ਈ ਰਹਿ ਜਾਣੀਆਂ ਹਨ… ਵਡੇ ਵਡੇ ਜੋ ਦੀਸਹਿ ਲੋਗ ॥ ਭੂਮੀਆ ਭੂਮਿ ਊਪਰਿ ਨਿਤ ਲੁਝੈ ॥ ਬਿਸ਼ਨੇ ਦਾ ‘ਵੱਡਾ ਸਾਰਾ ਲਾਣਾ’ ਦੇਸ਼-ਵਿਦੇਸ਼ ‘ਚ ਖਿਲਰਿਆ ਹੋਇਆ ਸੀ। ਐਤਕੀਂ ਦੇ ਸਿਆਲ, ਜ਼ਿੰਦਗੀ ਦੇ ਚਰਖੇ ਤੇ ਆਖ਼ਰੀ ਪੂਣੀਆਂ ਕੱਤਦਿਆਂ ਤੰਦ ਉਲਝ ਗਈ.. । ਝੋਨੇ ਦੀ ਝੜਾਈ ਦੌਰਾਨ, ਇੱਕ ਦਿਨ, ਉਹਨੂੰ ਜ਼ੋਰ ਦਾ ਹੁਥੂ ਜਿਹਾ ਛਿੜਿਆ ਅਤੇ ਉਹ ਕੋਲ ਈ ਪਏ ਮੰਜੇ ਤੇ ਢੇਰੀ ਹੋ ਗਿਆ। ਰੌਲ਼ਾ-ਰੱਪਾ ਪਾਉਂਦੇ ਮੁੰਡਿਆਂ ਨੇ ਬਿਸ਼ਨੇ ਨੂੰ ਆਪਣੀ ਗੱਡੀ ‘ਚ ਲੱਦ ਲਿਆ, ਲਾਗਲੇ ਸ਼ਹਿਰ ਦੇ ਹਸਪਤਾਲ ਲੈ ਕੇ ਜਾਣ ਲਈ..। ਆਪਣੇ ਘਰੋਂ ਨਿਕਲਣ ਲੱਗਿਆਂ ਬਿਸ਼ਨੇ ਦਾ ਚਿਹਰਾ ਆਪ-ਮੁਹਾਰੇ ਹੀ ਪਿਛਾਂਹ ਵੱਲ ਨੂੰ ਮੁੜ ਪਿਆ, ਸ਼ਾਇਦ ਆਪਣੇ ਘਰ ਅਤੇ ਪਰਿਵਾਰ ਦੀ ਆਖਰੀ ਝਾਤ ਲਈ! ਹਸਪਤਾਲ ਵਿੱਚ ਚੈੱਕਅਪ ਹੋਣ ਬਾਅਦ, ਮੌਕੇ ਦੇ ਸਪੈਸ਼ਲਿਸਟ ਨੇ ਐਮਰਜੈਂਸੀ ਵਾਰਡ ਵਿੱਚ ਉਹਨੂੰ ‘ਵੈਂਟੀਲੇਟਰ’ ਲਗਾ ਕੇ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਡਾਕਟਰ ਨੇ ਆ ਕੇ ਪਰਿਵਾਰ ਨੂੰ ਕਿਹਾ,… ”ਸਾਹ ਲੈਣ ਵਾਲੇ ਜ਼ਰੂਰੀ ਅੰਗ ਪੂਰਾ ਕੰਮ ਨਹੀਂ ਕਰ ਰਹੇ। ਅਪਰ ਰੈਸਪੀਟੋਰੀ ਸਿਸਟਮ (ਉੱਪਰਲੀ ਸਾਹ ਪ੍ਰਣਾਲੀ) ਵਿੱਚ ਇਨਫੈਕਸ਼ਨ ਹੈ, ਅਤੇ ਸਾਹ ਦੇ ਨਾਲ ਹੀ ਆਕਸੀਜਨ ਦੀ ਘਾਟ ਵੀ ਆ ਰਹੀ ਹੈ। ਹਾਲਾਤ ਤਾਂ ਗੰਭੀਰ ਈ ਆ.. ਪਰ ਇਲਾਜ ਬਰਾਬਰ ਚੱਲ ਰਿਹਾ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।” ਡਾਕਟਰ ਦੁਆਰਾ ਉਸ ਦੇ ਬਚਣ ਜਾ ਨਾ ਬਚਣ ਵਾਰੇ ਕੁਝ ਨਾ ਕਹਿਣ ਦੇ ਬਾਵਜੂਦ ਵੀ ਬਿਸ਼ਨੇ ਦੇ ਮੁੰਡਿਆਂ ਨੂੰ ਲੱਗਾ ਕਿ ਹੁਣ ਬਾਪੂ ਨਹੀਂ ਬਚਦਾ..!! ਐਮਰਜੈਂਸੀ ਵਾਰਡ ਵਿੱਚ ਦਾਖ਼ਲਾ, ਔਖੇ ਸਾਹ, ਅਤੇ ਆਕਸੀਜਨ ਦੀ ਘਾਟ ਵਗੈਰਾ ਦੇ ਖੌਫ਼ ਦੇ ਨਾਲ਼- ਨਾਲ਼ ਹੀ ਮੁੰਡਿਆਂ ਨੇ ਆਪਣੇ ਬਜ਼ੁਰਗ ਨੂੰ ਢਾਹ ਕੇ ਮਧੋਲ ਰਹੇ “ਵੈਂਟੀਲੇਟਰ ਦਾ ਵੀ ਜਮਦੂਤ” ਦੇਖ ਲਿਆ ਸੀ। ਹਸਪਤਾਲ ਦਾ ਆਉਣ ਵਾਲਾ ਸੰਭਾਵੀ ਵੱਡਾ ਬਿੱਲ ਵੀ ਉਹਨਾਂ ਨੂੰ ਕਿਸੇ ਜਮਦੂਤ ਤੋ ਘੱਟ ਨਹੀ ਲੱਗ ਰਿਹਾ ਸੀ!! ਮੁੰਡਿਆਂ ਨੇ ਆਪਣੇ ਜਾਣ ਪਹਿਚਾਣ ਵਾਲੇ ਅਤੇ ਸਕੇ-ਸੰਬੰਧੀਆਂ ਨੂੰ ਵੀ ਬਾਪੂ ਦੇ ਫਿਕਰ ਦੀ ਇਤਲਾਹ ਕਰ ਦਿੱਤੀ। ‘ਝੋਨੇ ਦਾ ਸੀਜਨ’ ਹੁੰਦਿਆਂ ਵੀ ਤੀਸਰੇ ਕੁ ਦਿਨ ਤੱਕ ਸਭ ਕੱਠ-ਮੱਠ ਜਿਹਾ ਹੋ ਗਿਆ। ਬਿਸ਼ਨੇ ਦੀ ‘ਮੌਤ ਤੋਂ ਪਹਿਲਾਂ’ ਹੀ ਉਹਦੇ ‘ਮਰਨ ਤੋਂ ਬਾਅਦ’ ਦੀਆਂ ਯੋਜਨਾਵਾਂ, ਸਲਾਹਾਂ, ਅਤੇ ਤਿਆਰੀਆਂ ਚੱਲ ਪਈਆਂ। ਬਿਸ਼ਨੇ ਦੇ ਮੁੰਡਿਆਂ ਨੇ ਅਚਾਨਕ ਡਾਕਟਰ ਨੂੰ ਜਾ ਪੁੱਛਿਆ,… “ਆਹ ਸਾਹ ਆਲ਼ੀ ਮਸ਼ੀਨ (ਵੈਂਟੀਲੇਟਰ) ਮਾੜੀ ਜਿਹੀ ਲਹਿ.. ਸਕਦੀ ਆ?.. ਕਿ ਨਹੀ? ਡਾਕਟਰ ਬੋਲਿਆ,… “ਇਹਦੀ ਜਾਨ ਬਚਾਉਣ ਨਾਲ਼ੋ ਜ਼ਰੂਰੀ ਵੀ ਹੈ, ਕੋਈ ਗੱਲ.. ??” ਡਾਕਟਰ ਨੇ ਕਹਿ ਤਾਂ ਦਿੱਤਾ, ਪਰ ਉਸਨੂੰ ਆਪਣੀ ਕਹੀ ਗੱਲ “ਊਤ ਲਾਣੇ ਵਿੱਚ ਅਕਲ ਨੂੰ ਕੁੱਟ ਪੈਣ ਬਰਾਬਰ” ਹੀ ਲੱਗ ਰਹੀ ਸੀ। ਫ਼ਸਲ ਦਾ ਸੀਜਨ ਹੋਣ ਕਰਕੇ ਸਭ ‘ਦਰਦ-ਵੰਡਾਉਣ ਵਾਲੇ’ ਬਿਨ-ਬੋਲਿਆਂ ਹੀ ਬੋਲ ਰਹੇ ਸਨ,… “ਬਿਸ਼ਨੇ ਦਾ ‘ਜਾਣਾ’ ਤਾਂ ਪੱਕਾ ਹੈ ਈ… ਐਵੇਂ ਸਾਡਾ ਟਾਇਮ ਕਿਓਂ ਖ਼ਰਾਬ ਕਰੀ ਜਾਂਦਾ?? ਇਹ ਕਿਸੇ ਪਾਸੇ ਉਡਾਰੀ ਮਾਰੇ ਤਾਂ ਅਸੀਂ ਵੀ ਆਪੋ-ਆਪਣੇ ਰਾਹੀਂ ਪਈਏ, … ਕੋਈ ਕੰਮ ਧੰਦਾ ਈ ਕਰੀਏ!” ਲੰਡੇ ਨੂੰ ਮੀਣਾ ਸੌ ਕੋਹ ਦਾ ਵਲ਼ ਪਾ ਕੇ ਵੀ ਟੱਕਰ ਲੈਂਦਾ ਹੈ… ਕਹਿੰਦੇ ਹਨ ਕਿ ਲੰਡੇ ਨੂੰ ਮੀਣਾ ਸੌ ਕੋਹ ਦਾ ਵਲ਼ ਪਾ ਕੇ ਵੀ ਮਿਲ ਜਾਂਦਾ ਹੈ। “ਗਿੱਲਾ ਪੀਹਣ ਈ ਆ ਹੁਣ.. ਇਹ ਬੁੜ੍ਹਾ.. ਬਿਸ਼ਨਾ!! ਆਹ ਵੱਡੀਆਂ-ਵੱਡੀਆਂ ਸਾਹ ‘ਆਲੀਆਂ ਮਸ਼ੀਨਾਂ ਲਾ ਕੇ ਓਨਾ ਈ ਵੱਡਾ ਹਸਪਤਾਲ ਦਾ ਬਿੱਲ ਬਣਾਈ ਜਾਂਦੇ ਆ… ਇਹ ਬਿੱਲ ਭਲਾ ਭਰਨਾ ਵੀ ਕੀਹਨੇ ਆ?? ਜੇ ਕਿਤੇ ਜਲਦੀ ਮੁਕਤੀ ਹੁੰਦੀ ਹੋਵੇ.. ਤਾਂ.. ਇਹਦੇ ਮੁੰਡਿਆਂ ਨੂੰ ‘ਕੈਹ-ਕੁਹਾ ਕੇ ਬਿੱਲ ਦੁਆ ਦਿਆਂਗੇ। ਨਹੀ ਤਾਂ… ਫੇ.. ਹਸਪਤਾਲ ਵਾਲੇ ਰੱਖ ਲੈਣ ਇਹਨੂੰ, ਮਰਿਓ ਨੂੰ…!! ਸਰਕਾਰੀ ਬਾਲਣ ਜੋਗਾ ਈ ਰਹਿ ਜਾਣਾ.., ਪਹਿਲਾਂ ਈ ਇਹਦੇ ਮੁੰਡੇ ਖਿਸਕਣ ਨੂੰ ਫਿਰਦੇ ਆ..!” ਉਸ ਮੁਲਾਜ਼ਮ ਨੇ ਬਿੱਲ ਦੇ ਫਿਕਰ ਦੀ ਖ਼ਬਰ ਹਸਪਤਾਲ ਦੇ ‘ਉੱਪਰ ਵਾਲਿਆਂ’ ਨੂੰ ਪਹੁੰਚਾ ਦਿੱਤੀ…। ਕਈ ਦਿਨਾਂ ਦਾ ਰਿੜਕਦਾ ਬਿਸ਼ਨਾ ਅਗਲੇ ਦਿਨ ਹੀ ‘ਪੂਰਾ ਕਰ ਕੇ ਜਾਂ ਪੂਰਾ ਹੋ ਕੇ’ ਸ਼ਹਿਰ ਦੇ ਹਸਪਤਾਲੋਂ ਪਿੰਡ ਦੇ ਸਿਵਿਆਂ ਵਾਲੇ ਰਾਹ ‘ਤੇ ਜਾ ਰਿਹਾ ਸੀ… । ਬਿਸ਼ਨੇ ਦੀਆਂ ਬਾਕੀ ਰਸਮਾਂ ਅਤੇ ਪ੍ਰੋਗਰਾਮ ਵੀ “ਮੌਤ ਤੋਂ ਪਹਿਲਾਂ ਦੀ ਬਣਾਈ ਯੋਜਨਾ ਅਤੇ ਟਾਇਮ ਟੇਬਲ” ਅਨੁਸਾਰ ਹੀ ਮੁਕੰਮਲ ਹੋ ਰਹੇ ਸਨ, ਪਰ ਬਿਸ਼ਨੇ ਦੇ ਮੁੰਡਿਆਂ ਨੇ ਇਸ ਯੋਜਨਾ ਵਿੱਚ ਥੋੜ੍ਹੀ ਜਿਹੀ ਸੋਧ ਕਰਕੇ ‘ਸਧਾਰਨ ਪਾਠ’ ਨੂੰ ‘ਅਖੰਡ ਪਾਠ’ ਵਿੱਚ ਬਦਲਾਅ ਲਿਆ ਸੀ ਤਾਂ ਕਿ ਫ਼ਸਲ ਟਾਇਮ ਨਾਲ ਸਾਂਭ ਲਈ ਜਾਵੇ ਅਤੇ ਸਕੇ ਸੰਬੰਧੀਆਂ ਨੂੰ ਵੀ ਟਾਇਮ ਨਾਲ ਈ ਘਰ ਤੋਰ ਦਿੱਤਾ ਜਾਵੇ। ਭੋਗ ਵਾਲ਼ੇ ਦਿਨ ਸਵਰਗਵਾਸੀ ਬਿਸ਼ਨੇ ਨੂੰ ਸ਼ਰਧਾਂਜਲੀ ਦਿੰਦਿਆਂ ਉਸ ਲੰਡੇ-ਬੰਦੇ ਨੇ ਆਪਣੇ ਧੂੰਆਂਧਾਰ ਭਾਸ਼ਨ ਦੌਰਾਨ ਅੱਡੀਆਂ ਅਤੇ ਪੰਜਿਆਂ ਤੇ ਉੱਲਰ-ਉੱਲਰ ਕੇ, ਨਾਸਾਂ ਫੈਲਾ-ਫੈਲਾ ਕੇ ਅਤੇ ਸੰਘ ਪਾੜ-ਪਾੜ ਕੇ ਇਸ ਰਾਜ ਦਾ ਖੁਲਾਸਾ ਕੀਤਾ,… “ਬਿਸ਼ਨੇ ਦੇ ਮੁੰਡਿਆਂ ਨੇ ਤਾਂ.. ਹਸਪਤਾਲ ਵਾਲਿਆਂ ਨੂੰ ਪਹਿਲੇ ਦਿਨ ਜਾਂਦਿਆਂ ਹੀ ਕਹਿ ਦਿੱਤਾ ਸੀ,.. ਪੈਸੇ-ਪੂਸੇ ਦੀ ਪ੍ਰਵਾਹ ਨਹੀਂ ਜੋ ਮਰਜ਼ੀ ਹੋ ਜਾਵੇ ਪਰ ਸਾਡਾ ਬਾਪੂ ‘ਮਰਨਾ’… ਨਹੀਂ ਚਾਹੀਦਾ!!” ਪੂਰੇ ਜ਼ੋਰ ਨਾਲ ਭਾਸ਼ਨ ਦਿੰਦਿਆਂ ਉਹਦੇ ਮੂੰਹ ਵਿੱਚੋਂ ਮੱਲੋ-ਮੱਲੀ ਥੁੱਕ ਦੀ ਵਾਛੜ ਵੀ ਹੋ ਗਈ…!! ਬਾਹਲ਼ਾ ਮਾਣ ਆਪਾਂ ਵੀ ਨਾ ਕਰੀਏ, ਦੋਸਤੋ! ਕੀ ਪਤਾ ਸਾਡਾ ਵਕਤ ਇਸ ਤੋਂ ਵੀ ਜ਼ਿਆਦਾ ਖਲਬਲੀ ਤੇ ਅਫਰਾ-ਤਫਰੀ ਭਰਪੂਰ ਹੋਵੇ? ਪਰ ਐਨਾ ਕੁ ਯਾਦ ਰੱਖ ਲਈਏ… ਸਾਢੇ ਤਿੰਨ ਹੱਥ ਧਰਤੀ ਤੇਰੀ ਵੇ ਬਹੁਤੀਆਂ ਜ਼ਮੀਨਾਂ ਵਾਲ਼ਿਆ !! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਾਢੇ ਤਿੰਨ ਹੱਥ ਧਰਤੀ ਤੇਰੀ… ਵੇ ਬਹੁਤੀਆਂ ਜ਼ਮੀਨਾਂ ਵਾਲ਼ਿਆ !! — ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by 