21 April 2024

ਨੈਤਿਕ ਸਿੱਖਿਆ ਤੋਂ ਸੱਖਣਾ ਸਮਾਜ—ਸ਼ਮਸ਼ੀਲ ਸਿੰਘ ਸੋਢੀ

ਅੱਜ ਦਾ ਤੇਜ਼ ਤਰਾਰੀ ਦੀ ਰਫ਼ਤਾਰ ਨਾਲ਼ ਭਰਿਆ ਜ਼ਮਾਨਾ ਬੜੀ ਜਲਦੀ ਆਪਣੇ ਅਗਲੇ ਪੜਾਅ ਵੱਲ ਵੱਧਦਾ ਨਜ਼ਰ ਆ ਰਿਹਾ ਹੈ। ਜਿਵੇਂ -ਜਿਵੇਂ ਸਮਾਂ ਨਵੀਆਂ ਪੈੜ੍ਹਾਂ ਨੱਪਦਿਆਂ ਅਗਾਂਹ ਵੱਧ ਰਿਹਾ ਹੈ ਤਿਵੇਂ ਹੀ ਅੱਜ-ਕੱਲ੍ਹ ਦੀ ਦੁਨੀਆਂ ਬਹੁਤ ਅਗਾਂਹ ਵਧੂ ਸੋਚ ਵਿੱਚ ਲਿਬੜੀ ਨਜ਼ਰ ਆ ਰਹੀ ਹੈ। ਜੇਕਰ ਅਸੀਂ ਪੁਰਾਤਨ ਅਤੇ ਬੀਤੇ ਸਮੇਂ ਦੇ ਹਰ ਪਹਿਲੂ ਦੀ ਚੰਗੀ ਸੂਝ-ਬੂਝ ਨਾਲ਼ ਘੋਖ- -ਪੜਤਾਲ ਕਰੀਏ ਤਾਂ ਸਾਨੂੰ ਇੱਕ‌ ਗੱਲ ਤਾਂ ਬੜੀ ਗੂੜ੍ਹੀ ਸੋਚ ਦੀ ਬਿਆਨਬਾਜ਼ੀ ਕਰਦੀ ਨਜ਼ਰ ਆਵੇਗੀ ਕਿ ਪਹਿਲਾਂ ਵਾਲੇ ਬੀਤ ਚੁੱਕੇ ਜ਼ਮਾਨੇ ਵਿੱਚ ਪਰਿਵਾਰਕ ਸਾਂਝ ਦੀ ਗੱਲ ਅਮੁੱਕ ਅਤੇ ਅਮਿੱਟ ਸਾਂਝ ਦਾ ਖ਼ੂਬ ਵਰਤਾਰਾ ਸੀ। ਉਦੋਂ ਭਾਵੇਂ ਘਰ ਕੱਚੀਆਂ ਕੰਧਾਂ, ਕੱਚੀਆਂ ਛੱਤਾਂ ਅਤੇ ਕੱਚੇ ਫਰਸ਼ਾਂ ਨਾਲ ਉਸਾਰੇ ਜਾਂਦੇ ਸਨ ਪਰ ਉਹਨਾਂ ਵਿੱਚ ਅਪਣੱਤ ਦੀ ਸੱਚੀ- ਸੁੱਚੀ ਸਾਂਝ ਸੂਰਜ ਦੀਆਂ ਪ੍ਰਕਾਸ਼ ਫੈਲਾਉਂਦੀਆਂ ਰਿਸ਼ਮਾਂ ਵਾਂਗ ਦੂਰੋਂ ਹੀ ਲਿਸ਼ਕਦੀ ਨਜ਼ਰ ਆਉਂਦੀ ਸੀ।

ਉਸ ਕੱਚੀ ਮਿੱਟੀ ਵਿੱਚ ਤਹਿਜ਼ੀਬ ਅਤੇ ਇੱਕ-ਦੂਜੇ ਪ੍ਰਤਿ ਸਤਿਕਾਰ ਵਾਲੀ ਇਬਾਰਤ ਪਿਆਰ ਦੀ ਗਲਵੱਕੜੀ ਪਾ ਸੋਹਣੀ ਸੋਚ ਦੇ ਰੂਪ ਵਿੱਚ ਉੱਕਰੀ ਹੋਈ ਨਜ਼ਰ ਆਉਂਦੀ ਸੀ ਅਤੇ ਸਾਂਝੀਆਂ ਛਾਵਾਂ ਦੇ ਪਰਛਾਵਿਆਂ ਦੀ ਚਾਨਣੀ ਹੇਠ ਸਾਰੇ ਮਸਲਿਆਂ ਦੇ ਨਿਪਟਾਰੇ ਕੀਤੇ ਜਾਂਦੇ ਸਨ ਪਰ ਜਿਵੇਂ-ਜਿਵੇਂ ਦੌੜ ਲਾਉਂਦੇ ਸਮੇਂ ਦਾ ਫੈਲਾਅ ਇਹਨਾਂ ਕੱਚੀਆਂ ਅਤੇ ਸੁੱਚੀ ਮਿੱਟੀ ਦੀਆਂ ਬਣਤਰਾਂ ਤੋਂ ਬਾਹਰ ਆ ਪੱਕੀਆਂ ਇੱਟਾਂ ਨਾਲ ਸ਼ਿੰਗਾਰੀਆਂ ਸੜਕਾਂ ਅਤੇ ਇਮਾਰਤਾਂ ਨਾਲ ਜੁੜਦਾ ਹੋਇਆ ਆਪਣੇ ਅਗਲੇ ਪੜਾਅ ਵੱਲ ਰਫ਼ਤਾਰ ਫੜਦਾ ਨਜ਼ਰ ਆ ਰਿਹਾ ਸੀ ਉਵੇਂ ਹੀ ਅੱਜ-ਕੱਲ੍ਹ ਇਨਸਾਨੀ ਜੀਵਨ ਵਿੱਚੋਂ ਰਿਸ਼ਤਿਆਂ ਦੀ ਨਿੱਘ ਵਿਚਲੀ ਮਹਿਕ ਵਖਰੇਵਿਆਂ ਅਤੇ ਖ਼ੁਦਮੁਖਤਿਆਰੀ ਦਾ ਸ਼ਿਕਾਰ ਹੋ ਕੇ ਦਿਨੋਂ- -ਦਿਨ ਅਲੋਪ ਹੁੰਦੀ ਨਜ਼ਰ ਆਉਂਦੀ ਹੈ।

ਇਸ ਤਰ੍ਹਾਂ ਦੀ ਸੋਚ ਦਾ ਬਣਦੇ ਜਾਣਾ ਕਿਤੇ ਨਾ ਕਿਤੇ ਸਮਾਜ ਦੀ ਹੋਂਦ ਨੂੰ ਖ਼ਤਮ ਕਰਨ ਵੱਲ ਸਾਫ਼ ਤੌਰ ਤੇ ਨਜ਼ਰ ਆਉਣਾ ਹੈ ਜਿਸ ਦੇ ਮੁੱਖ ਜ਼ਿੰਮੇਵਾਰ ਅੱਜ-ਕੱਲ ਮਾਪੇ ਹਨ। ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਸਾਂਝੇ ਪਰਿਵਾਰ ਟੁੱਟ ਕੇ ਇਕੱਲੇ-ਇਕੱਲੇ ਪਰਿਵਾਰ ਹੀ ਬਣ ਗਏ ਹਨ ਜਿਸ ਦਾ ਕਾਰਨ ਸਵਾਰਥ ਦਾ ਵਧਣਾ, ਸਹਿਣਸ਼ੀਲਤਾ ਦੀ ਘਾਟ ਅਤੇ ਮਿਲਵਰਤਣ ਦੀ ਭਾਵਨਾ ਪ੍ਰਤਿ ਸੁਚੇਤ ਨਾ ਹੋਣਾ ਹੈ। ਪਹਿਲਾਂ-ਪਹਿਲ ਤਾਂ ਆਮ ਕਿਹਾ ਜਾਂਦਾ ਸੀ ‘ਸਾਝਾਂ ਪਰਿਵਾਰ ਸੁੱਖੀ ਪਰਿਵਾਰ’ ਪਰ ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਦੀ ਸੋਚ ਬਹੁਤ ਸਾਰੇ ਆਰਥਿਕ ਅਤੇ ਸਮਾਜਿਕ ਕਾਰਣਾਂ ਦੇ ਨਾਲ਼-ਨਾਲ਼ ਝੂਠੀ ਸ਼ਾਨ, ਨਫ਼ਰਤ ਅਤੇ ਵਖਰੇਵਿਆਂ ਦੀ ਚਪੇਟ ਵਿੱਚ ਆਉਣ ਕਰਕੇ ਸਾਫ਼ ਅਤੇ ਸਪਸ਼ਟ ਰੂਪ ਵਿੱਚ ਅਕਲੋਂ ਖ਼ਾਲੀ ਹੋਣ ਕਰਕੇ ਸੋੜੀ ਸੋਚ ਦਾ ਰੂਪ ਧਾਰਨ ਕਰ ਚੁੱਕੀ ਹੈ। ਅੱਜ-ਕੱਲ ਕੱਲੀਆਂ ਕੱਲੀਅਾਂ ਔਲਾਦਾਂ ਹੋਣ ਕਰਕੇ ਮਾਪੇ ਉਹਨਾਂ ਨੂੰ ਜ਼ਿਆਦਾ ਲਾਡ ਪਿਆਰ ਕਰਕੇ ਕੁੱਝ ਕਹਿਣ ਤੋਂ ਡਰਦੇ ਅਤੇ ਅਸਮਰਥ ਨਜ਼ਰ ਆਉਂਦੇ ਹੋਏ ਕਿਤੇ ਨਾ ਕਿਤੇ ਡਰ ਦੀ ਕਾਲਕੋਠੜੀ ਵਿੱਚ ਬੈਠੇ ਦਿਖਾਈ ਦਿੰਦੇ ਨੇ ਪਰ ਜਦੋਂ ਸਿਰੋਂ ਪਾਣੀ ਲੰਘ ਜਾਂਦਾ ਹੈ ਤਾਂ ਉਹਨਾਂ ਕੋਲ਼ ਪਛਤਾਵੇ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਰਹਿ ਜਾਂਦਾ।

ਅੱਜ-ਕੱਲ੍ਹ ਤਾਂ ਘਰਾਂ ਵਿਚਲੇ ਬੱਚਿਆਂ ਦਾ ਨੈਤਿਕ ਸਿੱਖਿਆ ਤੋਂ ਬੇਮੁੱਖ ਹੋਣ ਦਾ ਮੁੱਖ ਕਾਰਨ ਮਾਪਿਆਂ ਦਾ ਸਿਰਫ਼ ਪੈਸਾ ਕਮਾਉਣ ਤੱਕ ਮਤਲਬ ਹੋਣ ਤੋਂ ਹੈ ਕਿਉਂਕਿ ਉਹ ਸੋਚਦੇ ਹਨ ਕਿ ਜੇਕਰ ਉਹਨਾਂ ਕੋਲ਼ ਅਥਾਹ ਦੌਲਤ ਹੋਵੇਗੀ ਤਾਂ ਉਹਨਾਂ ਦੇ ਬੱਚਿਆਂ ਦਾ ਭਵਿੱਖ ਬਹੁਤ ਸੁਰਖਿਅਤ ਹੈ ਪਰ ਉਹਨਾਂ ਦਾ ਇਹ ਭੁਲੇਖਾ ਦੂਰ ਹੋ ਜਾਂਦਾ ਹੈ ਜਦੋਂ ਉਹ ਆਪਣੇ ਢਿੱਡੋਂ ਜੰਮਿਆਂ ਨੂੰ ਸਿਰਫ਼ ਪੈਸੇ ਨਾਲ਼ ਜੋੜ ਕੇ ਜੀਵਣ ਬਿਤਾਉਣ ਲਈ ਦੱਸਦੇ ਨੇ ਪਰ ਨੈਤਿਕ ਸਿੱਖਿਆ ਦੇਣ ਵੱਲ  ਉੱਕਾ ਵੀ ਨਹੀਂ ਧਿਆਨ ਰੱਖਦੇ ਜਿਸ ਦਾ ਖਮਿਆਜ਼ਾ ਉਹਨਾਂ ਨੂੰ ਲੰਮੇ ਸਮੇਂ ਤੱਕ ਭੁਗਤਣਾ ਪੈਂਦਾ ਹੈ। ਨੈਤਿਕ ਸਿੱਖਿਆ ਦੇਣ ਲਈ ਜਿੱਥੇ ਮਾਪਿਆਂ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਅਧਿਆਪਕ ਵਰਗ ਦੀ ਵੀ ਵੱਡੀ ਭੂਮਿਕਾ ਨਜ਼ਰ ਆਉਂਦੀ ਹੈ। ਸਮਾਜ ਵਿੱਚ ਚੰਗੀ ਸੋਚ ਪੈਂਦਾ ਕਰਨ ਲਈ ਜੇਕਰ ਮਾਪੇ ਅਤੇ ਅਧਿਆਪਕ ਵਰਗ ਅੱਗੇ ਨਹੀਂ ਨਜ਼ਰ ਆਉਂਦੇ ਲੱਗਣਗੇ ਤਦ ਸਾਡਾ ਅਜੋਕਾ  ਸਮਾਜ “ਨੈਤਿਕ ਸਿੱਖਿਆ ਤੋਂ ਸੱਖਣਾ ਸਮਾਜ ਕਹਾਉਂਦਾ ਨਜ਼ਰ ਆਵੇਗਾ ਜਿਸ ਲਈ ਵਕਤ ਸਾਨੂੰ ਕਿਸੇ ਨੂੰ ਵੀ ਕਦੇ ਵੀ ਮਾਫ਼ ਨਹੀਂ ਕਰੇਗਾ ਅਤੇ ਸਮਾਜ ਦੇ ਉਜਾੜੇ ਦੇ ਅਸੀਂ ਖ਼ੁਦ ਹੀ ਜ਼ਿੰਮੇਵਾਰ ਹੋਵਾਂਗੇ।
***

ਸ਼ਮਸ਼ੀਲ ਸਿੰਘ ਸੋਢੀ, ਚੰਡੀਗੜ੍ਹ।
91-95010133321(ਭਾਰਤ)
***
688

About the author

ਸ਼ਮਸ਼ੀਲ ਸਿੰਘ ਸੋਢੀ
91-95010133321(ਭਾਰਤ | sodhi20009@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸ਼ਮਸ਼ੀਲ ਸਿੰਘ ਸੋਢੀ, ਚੰਡੀਗੜ੍ਹ।
91-95010133321(ਭਾਰਤ)

ਸ਼ਮਸ਼ੀਲ ਸਿੰਘ ਸੋਢੀ

ਸ਼ਮਸ਼ੀਲ ਸਿੰਘ ਸੋਢੀ, ਚੰਡੀਗੜ੍ਹ। 91-95010133321(ਭਾਰਤ)

View all posts by ਸ਼ਮਸ਼ੀਲ ਸਿੰਘ ਸੋਢੀ →