25 December 2025

‘ਤਲਾਸ਼ ਜਾਰੀ ਹੈ’ ਜੀਵਨ ਦੇ ਅਸਲੀ ਅਰਥਾਂ ਨੂੰ ਖੋਜਣ ਦੀ ਨਿਵੇਕਲੀ ਕੋਸ਼ਿਸ਼…ਡਾ. ਕੁਲਵਿੰਦਰ ਸਿੰਘ ਬਾਠ

ਉੱਠੋ ਲੋਕੋ…
ਲੋਕਾਂ ਨੂੰ ਲੁੱਟਦੇ ਲੋਕੋ
ਵਾਜ਼ ਆ ਜਾਓ ਲੋਕੋ
ਲੁੱਟੇ ਜਾ ਰਹੇ ਲੋਕੋ
ਵਾਜ਼ ਆ ਜਾਓ ਲੋਕੋ

ਬੇਹਿੰਮਤੇ ਲੋਕੋ
ਜ਼ਰਾ ਉਠੋ ਲੋਕੋ

ਚਾਦਰ ਸੁਸਤੀ ਦੀ
ਲਾਹ ਸੁੱਟੋ ਲੋਕੋ…

ਅਨੁਭਵ ਅਤੇ ਅਹਿਸਾਸ ਭਰੀਆਂ ਇੰਨ੍ਹਾਂ ਲਾਈਨਾਂ ਨੂੰ ਪੜ੍ਹਦਿਆਂ ਇਨਕਲਾਬੀ ਕਵੀ ਗੁਰਦਾਸ ਰਾਮ ਆਲਮ ਜਾਂ ਫਿਰ ਸੰਤ ਰਾਮ ਉਦਾਸੀ ਵਰਗੀ ਵਿਚਾਰਧਾਰਾ ਝਲਕਦੀ ਹੈ। ਪਰ ਇਨ੍ਹਾਂ ਸਤਰਾਂ ਦੇ ਲੇਖਕ ਅਤੇ ਇਸ ਵਿਚਾਰਧਾਰਾ ਦੇ ਪਹਿਰੇਦਾਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਜਾਣੀ-ਪਛਾਣੀ ਸ਼ਖ਼ਸੀਅਤ ਪ੍ਰਿੰਸੀਪਲ ਮਲੂਕ ਚੰਦ ਕਲੇਰ ਹਨ।

ਪ੍ਰਿੰਸੀਪਲ ਮਲੂਕ ਚੰਦ ਕਲੇਰ

ਦੋਆਬਾ-ਮੰਜਕੀ ਇਲਾਕੇ ਦੇ ਪਿੰਡ ਸਰਹਾਲੀ ਦੇ ਇੱਕ ਸਧਾਰਨ ਤੇ ਆਰਥਿਕ ਤੰਗੀਆਂ ਨਾਲ ਜੂਝਦੇ ਕਿਰਤੀ ਮਜ਼ਦੂਰ ਪਰਿਵਾਰ ਵਿੱਚ ਜਨਮੇ। ਨੌਕਰੀ ਦੌਰਾਨ ਹੀ ਉੱਚ ਵਿੱਦਿਆ ਪ੍ਰਾਪਤ ਕਰਦਿਆਂ, ਪੰਜਾਬ ਦੇ ਵੱਖ-ਵੱਖ ਸਕੂਲਾਂ ‘ਚ ਪੜ੍ਹਾਉਣ ਤੋਂ ਬਾਅਦ ਆਪ ਪ੍ਰਿੰਸੀਪਲ ਦੇ ਆਹੁਦੇ ਤੋਂ ਰਿਟਾਇਰ ਹੋ ਕੇ ਸਾਲ 2008 ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਹੇ ਹਨ । 

ਆਪਣੇ ਸਾਹਿਤਕ ਸਫ਼ਰ ਵਿੱਚ ਹੁਣ ਤੱਕ ਕਈ ਮਿਆਰੀ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ । ਇਨ੍ਹਾਂ ਦੇ ਅਨੇਕਾਂ ਆਰਟੀਕਲ ਦੇਸ਼ ਵਿਦੇਸ਼ ਦੇ ਨਾਮਵਰ ਮੈਗਜ਼ੀਨਾਂ, ਅਖਬਾਰਾਂ, ਅਤੇ ਡਿਜੀਟਲ ਮੀਡੀਆ ਵਿੱਚ ਅਕਸਰ ਹੀ ਛਪਦੇ ਰਹਿੰਦੇ ਹਨ, ਜੋ ਸਾਹਿਤ ਦੇ ਸੁਹਿਰਦ ਪਾਠਕਾਂ ਵੱਲੋਂ ਪੜ੍ਹੇ ਤੇ ਸਰਾਹੇ ਜਾਂਦੇ ਹਨ ।

ਪ੍ਰਿੰਸੀਪਲ ਸਾਹਿਬ ਲਗਾਤਾਰਤਾ ਨਾਲ ਲਿਖਦੇ ਜਾ ਰਹੇ ਹਨ । ਹੁਣ ਤੱਕ ਇਹਨਾਂ ਦੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ। ਕੋਰੇ ਘੜੇ ਦਾ ਪਾਣੀ (2008), ਸੂਰਜ ਉੱਗ ਪਿਆ (2012), ਜੰਗਲ ਵਿੱਚ ਚੋਣ (2014), ਤਲਾਸ਼ ਜਾਰੀ ਹੈ (2018) ਅਤੇ ਸਕਾਈ ਟਰੇਨ ਟੂ ਵਾਟਰਫਰੰਟ (2024)। ਸਾਰੀਆਂ ਕਿਤਾਬਾਂ ਹੀ ਪਾਠਕਾਂ ਦੁਆਰਾ ਪੜ੍ਹੀਆਂ ਗਈਆਂ ਅਤੇ ਅੱਜ ਵੀ ਪੜ੍ਹੀਆਂ ਜਾ ਰਹੀਆਂ ਹਨ ।

ਮਲੂਕ ਕਲੇਰ ਜੀ ਦੀ ਜ਼ਿੰਦਗੀ ‘ਚ ਆਪਣੇ ਪਿਤਾ ਅਤੇ ਉਸ ਇਲਾਕੇ ਦੇ ਇਨਕਲਾਬੀ ਕਵੀ ਗੁਰਦਾਸ ਰਾਮ ਆਲਮ ਦੀ ਸੋਚ ਅਤੇ ਕਵਿਤਾ ਦਾ ਕਾਫ਼ੀ ਪ੍ਰਭਾਵ ਰਿਹਾ, ਜਿਸ ਦੀ ਬਦੌਲਤ ਇਨ੍ਹਾਂ ਨੇ ਆਪਣੇ ਜੀਵਨ ਦੇ ਸਹੀ ਅਰਥ ਲੱਭਣ ਦੀ ਕੋਸ਼ਿਸ਼ ਕੀਤੀ ਤੇ ਅਜੇ ਤੱਕ ਵੀ ਇਹ ਤਲਾਸ਼ ਜਾਰੀ ਰੱਖੀ ਹੋਈ ਹੈ। ਬੜੇ ਹਿੰਮਤੀ ਤੇ ਲਗਨ ਵਾਲੇ ਇਨਸਾਨ ਹਨ । ਕੈਨੇਡਾ ਦੀ ਪਰਵਾਸੀ ਧਰਤੀ ਤੇ ‘ਗੁਰਦਾਸ ਰਾਮ ਆਲਮ ਸਭਾ’ ਦਾ ਬੂਟਾ ਲਾਇਆ ਹੀ ਨਹੀਂ ਬਲਕਿ ਇਨ੍ਹਾਂ ਦੀ ਹਿੰਮਤ ਅਤੇ ਸੇਵਾ-ਸੰਭਾਲ ਕਾਰਨ ਵੱਧ ਫੁੱਲ ਵੀ ਰਿਹਾ ਹੈ । ਸਮੇਂ ਸਮੇਂ ‘ਤੇ ਸਾਹਿਤਕ ਸਮਾਗਮ ਵੀ ਕਰਾਉਂਦੇ ਰਹਿੰਦੇ ਹਨ। ਪ੍ਰਿੰਸੀਪਲ ਸਾਹਿਬ ਦੇ ਜੀਵਨ, ਤੇ ਸਾਹਿਤਕ ਪ੍ਰਾਪਤੀਆਂ ਵਾਰੇ ਤਾਂ ਕਈ ਜਾਣੇ ਪਛਾਣੇ ਲੇਖਕਾਂ ਨੇ ਕਈ ਜਗ੍ਹਾ ਬਹੁਤ ਸੁੰਦਰ ਵਰਨਣ ਕੀਤਾ ਹੋਇਆ ਹੈ । ਇਸ ਲੇਖ ‘ਚ ਮੈਂ ਸਿਰਫ ਆਪਣੇ ਹਿੱਸੇ ਦੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਅਤੇ ਉਹਨਾਂ ਦੀ ਇੱਕ ਪੁਸਤਕ “ਤਲਾਸ਼ ਜਾਰੀ ਹੈ” ਵਾਰੇ ਸੰਖੇਪ ਵਿੱਚ ਕੁੱਝ ਅਨੁਭਵ ਤੁਹਾਡੇ ਨਾਲ ਸਾਂਝੇ ਕਰਨੇ ਹਨ । ਪ੍ਰਿੰਸੀਪਲ ਸਾਹਿਬ ਦੀ ਜ਼ਿੰਦਗੀ ਨੂੰ ਇੱਕ ਛੋਟੇ ਜਿਹੇ ਆਰਟੀਕਲ ਦੀਆਂ ਸੀਮਾਵਾਂ ‘ਚ ਬਿਆਨ ਕਰਨਾ ਮੁਮਕਨ ਨਹੀਂ ਹੈ ।

ਪ੍ਰਿੰਸੀਪਲ ਮਲੂਕ ਚੰਦ ਕਲੇਰ ਨੂੰ ਮੈਂ ਪਿਛਲੇ ਕੁਝ ਕੁ ਵਰ੍ਹਿਆਂ ਤੋਂ ਜਾਣਦਾ ਹਾਂ ਅਤੇ ਇਹਨਾਂ ਦੀਆਂ ਲਿਖਤਾਂ ਤੇ ਕਿਤਾਬਾਂ ਅਕਸਰ ਪੜ੍ਹਦਾ ਰਹਿੰਦਾ ਹਾਂ । ਇਹ ਮੇਰੀ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਪਹਿਲੇ ਅਧਿਆਪਕ ਸ਼ਾਦੀ ਲਾਲ ਜੀ ਨਾਲ ਵੀ ਵਿਚਰਦੇ ਰਹੇ ਹਨ । ਮਾਸਟਰ ਸ਼ਾਦੀ ਲਾਲ ਜੀ ਦਾ ਅਨੇਕਾਂ ਹੋਰ ਵਿਦਿਆਰਥੀਆਂ ਦੀ ਤਰਾਂ ਮੈਂ ਵੀ ਸਦਾ ਰਿਣੀ ਰਹਾਂਗਾ । 

ਮੇਰੇ ਪਿਤਾ ਜੀ ਅਕਸਰ ਕਹਿੰਦੇ ਹੁੰਦੇ ਸਨ ਕੇ “ਚੰਗੇ ਅਧਿਆਪਕ ਅਤੇ ਸੁਲਝੇ ਹੋਏ ਇਨਸਾਨਾਂ” ਦੀ ਸੰਗਤ ਕਰ ਕੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਹੋ ਜਿਹੀਆਂ ਮਿਲਣੀਆਂ ਦਾ ਲਾਹਾ ਲੈਣ ਲਈ ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਹੈ। ਵੱਡੇ ਭਾਈ ਸੁੱਖੀ ਬਾਠ ਅਤੇ ਪੰਜਾਬ ਭਵਨ ਸਰੀ ਵੱਲੋਂ ਕਰਾਏ ਸਲਾਨਾ ਸਮਾਗਮ ਦੌਰਾਨ ਵੀ ਕੁਝ ਕਾਰਨਾ ਕਰਕੇ ਮੇਰਾ ਪ੍ਰਿੰਸੀਪਲ ਸਾਹਿਬ ਨਾਲ ਮੇਲ ਨਹੀਂ ਹੋ ਸਕਿਆ, ਜਿਸਦਾ ਮੈਨੂੰ ਪਛਤਾਵਾ ਰਿਹਾ । 

ਫਿਰ ਇੰਡੀਆ ਦੀ ਫੇਰੀ ਦੌਰਾਨ ਜਦ ਮੈਨੂੰ ਪਤਾ ਲੱਗਾ ਕੇ ਪ੍ਰਿੰਸੀਪਲ ਸਾਹਿਬ ਆਪਣੇ ਪਿੰਡ ਸਰਹਾਲੀ ਹੀ ਹਨ ਤਾਂ ਮੈਂ ਇੰਡੀਆ ਪਹੁੰਚ, ਦੂਸਰੇ ਦਿਨ ਹੀ ਰਾਬਤਾ ਕਾਇਮ ਕਰਕੇ ਇਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ । ਕੈਨੇਡਾ ਵਾਪਸ ਆਉਣ ਦੀ ਤਿਆਰੀ ਅਤੇ ਹੋਰ ਰੁਝੇਵਿਆਂ ਦੇ ਬਾਵਜੂਦ ਇਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਪਲ ਸਾਡੇ ਨਾਲ ਬਿਤਾਉਣ ਲਈ ਖਿੜੇ ਮੱਥੇ ਹਾਮੀ ਭਰ ਦਿੱਤੀ। ਸਾਝਰੇ ਹੀ ਅਸੀਂ ਇਹਨਾਂ ਦੇ ਘਰ ਪਹੁੰਚ ਗਏ । ਪ੍ਰਿੰਸੀਪਲ ਸਾਹਿਬ ਤੇ ਪ੍ਰਿੰਸੀਪਲ ਸਾਹਿਬਾ ਨੇ ਬਾਹਾਂ ਅਤੇ ਦਿਲ ਖੋਲ੍ਹ ਕੇ ਜ਼ਿੰਦਾਦਿਲੀ ਨਾਲ ਸਾਡਾ ਸਵਾਗਤ ਕੀਤਾ । 

ਕਾਫ਼ੀ ਦੇਰ ਪਰਿਵਾਰ, ਜ਼ਿੰਦਗੀ, ਪੰਜਾਬੀ ਸਾਹਿਤ, ਸਾਹਿਤਿਕ ਗਤੀਵਿਧੀਆਂ, ਕੈਨੇਡਾ – ਇੰਡੀਆ ਦੀ ਦੋਹਰੀ ਜ਼ਿੰਦਗੀ, ਪਿੰਡ ਵਿੱਚ ਕਰਵਾਏ ਜਾਂਦੇ ‘ਚੌਧਰੀ ਜਗਤ ਰਾਮ ਕਵੀ ਦਰਬਾਰ, ਮਿਲੇ-ਦਿੱਤੇ ਇਨਾਮਾਂ – ਅਵਾਰਡਾਂ ਸੰਬੰਧੀ ਗੱਲਾਂ ਬਾਤਾਂ ਕਰਦੇ ਰਹੇ । ਇਹਨਾਂ ਵੱਲੋਂ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ ਛੋਟੇ ਬੱਚਿਆਂ ਲਈ ਬਣਾਇਆ ਪਾਰਕ ਦੇਖਣ ਦਾ ਵੀ ਮੌਕਾ ਮਿਲਿਆ । ਜ਼ਿੰਦਾਦਿਲੀ ਨਾਲ ਜ਼ਿੰਦਗੀ ਜਿਉਂਦੇ ਪ੍ਰਿੰਸੀਪਲ ਸਾਹਿਬ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪ੍ਰਿੰ. ਕਲੇਰ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ਵੀ ਸਾਨੂੰ ਭੇਂਟ ਕੀਤੀਆਂ । ਸਾਨੂੰ ਖ਼ੁਸ਼ੀ ਹੋਈ ਕੇ ਸਾਡੀ ਇਹ ਮਿਲਣੀ ਬਹੁਤ ਖ਼ੂਬਸੂਰਤ ਤੇ ਯਾਦਗਾਰੀ ਰਹੀ ।

ਨਾਵਲ ਤਲਾਸ਼ ਜਾਰੀ ਹੈ ਬਾਰੇ ਕੁਝ ਅਨੁਭਵ

ਮੈਂ ਇਨ੍ਹਾਂ ਦੀਆਂ ਦੂਸਰੀਆਂ ਕਿਤਾਬਾਂ ਵੀ ਪੜ੍ਹੀਆਂ ਹਨ ਪਰ ਅੱਜ ਨਾਵਲ ਤਲਾਸ਼ ਜਾਰੀ ਹੈ ਬਾਰੇ ਗੱਲ ਕਰਦੇ ਹਾਂ। ਨਵਯੁਗ ਪਬਲਿਸ਼ਰ, ਦਿੱਲੀ ਵੱਲੋਂ ਛਾਪੀ 82 ਸਫਿਆਂ ਦੀ ਬਹੁਤ ਸਰਲ ਭਾਸ਼ਾ ‘ਚ ਲਿਖੀ ਪੁਸਤਕ ਨੂੰ ਤੁਸੀਂ ਨਾਵਲ ਜਾਂ ਨਾਵਲਿਟ ਦਾ ਨਾਮ ਵੀ ਦੇ ਸਕਦੇ ਹੋ । ਸੋਹਣੇ ਸ਼ਬਦਾਂ ‘ਚ ਪਰੋਈ ਇਸ ਕਿਤਾਬ ਵਿੱਚ ਤਿੰਨ-ਚਾਰ ਪੀੜ੍ਹੀਆਂ ‘ਚ ਫੈਲੀ ਜ਼ਿੰਦਗੀ ਅਤੇ ਜੀਵਨ ਜਾਚ ਦੇ ਗੰਭੀਰ ਅਰਥ ਲੱਭਣ ਦੀ ਤਲਾਸ਼ ਜਾਂ ਕਸ਼ਮਕਸ਼ ਹੈ ।ਇਸ ਨਾਵਲ ਵਿੱਚ ਲੇਖਕ ਆਪਣੇ ਬਾਪ, ਆਪਣੇ ਆਪ, ਆਪਣੇ ਬੱਚੇ, ਤੇ ਅਗਾਂਹ ਉਹਨਾਂ ਦੇ ਬੱਚਿਆਂ ਦੇ ਜੀਵਨ ਅਤੇ ਸਮਾਜਿਕ ਰਿਸ਼ਤਿਆਂ ਦੇ ਤਾਣੇ-ਬਾਣੇ ਦੇ ‘ਸਾਰਥਿਕ ਅਰਥਾਂ’ ਦੀ ਤਲਾਸ਼ ਵਿੱਚ ਹੈ । 

ਜਾਗਦੇ-ਸੌਂਦੇ, ਉੱਠਦੇ-ਬਹਿੰਦੇ, ਹਕੀਕਤ-ਸੁਪਨਾ, ਸਮੇਂ ਦੇ ਤਿੰਨੇ ਕਾਲ਼ – ਭੂਤ, ਵਰਤ, ਤੇ ਭਵਿੱਖ ਨੂੰ ਇੱਕ ਤੁਲਨਾਤਮਿਕ ਸ਼ਬਦ-ਜਾਲ ‘ਚ ਪਰੋਇਆ ਹੈ। ਸਮੇਂ ਦਾ ਚੱਕਰ ਤਾਂ ਆਪਣੀ ਚਾਲੇ ਘੁੰਮਿਆ ਹੀ ਹੈ, ਪਰ ਇਸ ਦੇ ਬਾਵਜੂਦ ਸਮਾਜਿਕ, ਆਰਥਿਕ, ਭਾਈਚਾਰਕ ਸਾਂਝਾਂ ਅਤੇ ਮਨੁੱਖਤਾ ਦੇ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਦਾ ਪਰਨਾਲਾ ਜ਼ਿਆਦਾ ਹਿੱਲਿਆ ਨਹੀਂ । ਗੁਰੂਆਂ ਅਤੇ ਗ੍ਰੰਥਾਂ ਤੇ ਅਸੀਂ ਆਪਣਾ ‘ਅਧਿਕਾਰ’ ਤਾਂ ਜਮਾ ਲਿਆ ਹੈ ਪਰ ਇਹਨਾਂ ਦੁਆਰਾ ਦਿੱਤੀ ਸਿੱਖਿਆ ਦੇ ਸਿਰਫ ਗੁਣ ਹੀ ਗਾਏ ਹਨ, ਅਪਣਾਉਣ ਤੋ ਕੋਹਾਂ ਦੂਰ ਹਾਂ । 

ਸਰਮਾਏਦਾਰੀ, ਜਗੀਰਦਾਰੀ, ਧਰਮ, ਸਿਆਸਤ, ਜਾਤ-ਪਾਤ ਅਤੇ ਇਸ ਸਭ ਕੁੱਝ ਦਾ ਖ਼ਤਰਨਾਕ ਰੁਝਾਨ ਹੁੰਦਾ ਆਇਆ ਤੇ ਅਜੇ ਵੀ ਹੋ ਰਿਹਾ ਹੈ ਜੋ ਇਕ ਸਧਾਰਨ ਇਨਸਾਨ ਦੀ ਜ਼ਿੰਦਗੀ ਨੂੰ ਨਰਕ ਤੇ ਇਨਸਾਨੀਅਤ ਦਾ ਗੱਲ ਘੁੱਟਦਾ ਹੈ । ਕਿਤਾਬ ਤਲਾਸ਼ ਜਾਰੀ ਹੈ ਕਲੇਰ ਸਾਹਿਬ ਦੇ ਜੀਵਨ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸ ਵਿੱਚ ਉਹ ਕਦੇ ਇਸਦਾ ‘ਮੀਕਾ’ ਜਾਂ ‘ਮਲਕੀਤ’ ਬਣ ਹਿੱਸਾ ਬਣਦੇ ਹਨ ਅਤੇ ਕਦੇ ਸੱਤ ਸਮੁੰਦਰ ਪਾਰ ਬੈਠ ਕੇ ਵੀ ਪ੍ਰਿੰਸੀਪਲ ਕਲੇਰ ਦੇ ਰੂਪ ਵਿੱਚ ਜੀਵਨ ਦੇ ਸਾਰਥਿਕ ਅਰਥਾਂ ਦੀ ‘ਦੂਰਬੀਨੀ ਅਤੇ ਖ਼ੁਰਦਬੀਨੀ’ ਤਲਾਸ਼ ਕਰਦੇ ਹਨ । ਆਪਣੇ ਅੱਜ ਨੂੰ ਅਤੀਤ ਅਤੇ ਆਉਣ ਵਾਲੇ ਕੱਲ੍ਹ ਨਾਲ ਜੋੜਨ ਦਾ ਅਨੁਭਵ ਮਹਿਸੂਸ ਕਰਦਿਆਂ ਜੀਵਨ ਅਤੇ ਜੀਵਨ ਜਾਚ ਦੇ ਸਹੀ ਅਰਥਾਂ ਦੀ ਤਲਾਸ਼ ਜਾਰੀ ਵੀ ਰੱਖਦੇ ਹਨ । ਇਸ ਨਾਵਲ ਨੂੰ ਪੜ੍ਹਦਿਆਂ ਪਾਠਕ ਨੂੰ ਕਲੇਰ ਜੀ ਦੀ ਤਲਾਸ਼ ਆਪਣੀ ਖ਼ੁਦ ਦੀ ਤਲਾਸ਼ ਹੀ ਮਹਿਸੂਸ ਹੋਣ ਲੱਗਦੀ ਹੈ । ਜਦ ਕੋਈ ਲਿਖਤ ਪੜ੍ਹਨ ਵਾਲੇ ਪਾਠਕ ਨੂੰ ਆਪਣੇ ਵਿੱਚ ਸਮਾਉਣ ਲਈ ਉਤਸ਼ਾਹਿਤ ਕਰਦੀ ਹੈ ਤਾਂ ਉਹ ਇੱਕ ਸ਼ਾਹਕਾਰ ਰਚਨਾ ਹੋ ਨਿਬੜਦੀ ਹੈ।

ਮਲੂਕ ਕਲੇਰ ਜੀ ਦੇ ‘ਕੱਲਿਆਂ ਦੇ ਕਾਫ਼ਲੇ’ ਦੌਰਾਨ ਵੀ ਪਤਨੀ ਵੱਲੋਂ ਚਾਹ ਪੀਣ ਸਬੰਧੀ ਦਿੱਤੀਆਂ ਨਸੀਅਤਾਂ ਦਸਤਕ ਕਰਦੀਆਂ ਹਨ… “ ਚਾਹ ਪੀਂਦੇ ਐਨੀ ਵਾਜ ਨਾ ਕਰਿਆ ਕਰੋ “ । ਕਦੇ ਪੰਜਾਬ ਦਾ ਆਪਣਾ ਜੱਦੀ ਪਿੰਡ ਸਰਹਾਲੀ ਵੀ ਇਹਨਾਂ ਨੂੰ ਰੂਸ ਦੇ ਦਾਗ਼ਿਸਤਾਨ ਦਾ ਪਿੰਡ ‘ਤਸਾਦਾ’ ਹੀ ਲੱਗਦਾ ਹੈ ਅਤੇ ਆਪਣਾ ਆਪ ਰਸੂਲ ਵਰਗਾ। ਆਪਣੇ ਬਾਪ ਦੀ ਹੱਡ-ਭਨ੍ਹਵੀਂ ਮਜ਼ਦੂਰੀ ਤੇ ਕਮਾਈ ਦਾ ਅਨੁਭਵ ਵੀ ਕਰਦੇ ਹਨ । ਬਾਪ ਦੀ ਇੱਕ ਉੱਤਮ ਬੁਣਕਾਰੀ ਦੀ ਕਲਾ ਦਾ ਮਾਣ ਵੀ ਮਹਿਸੂਸ ਹੁੰਦਾ ਹੈ । 

ਆਪਣੀ ਅਗਲੀ ਪੀੜ੍ਹੀ ਦਾ ਤੱੜਕੇ ਉੱਠ ਕੇ ਵੈਨਕੂਵਰ ਨੂੰ ਕੰਮ ਤੇ ਨਿਕਲਣਾ ਇਹਨਾਂ ਨੂੰ ਆਪਣੇ ਬਾਪ ਦੇ… 25 ਕਿਲੋਮੀਟਰ ਸਤਲੁਜ ਦਰਿਆ ਵੱਲ ਮਜ਼ਦੂਰੀ ਕਰਨ ਜਾਣ ਨਾਲ਼ ਜੁੜਦਾ ਲੱਗਦਾ ਹੈ । ਮਜ਼ਦੂਰ ਦੀਆਂ ਮਜਬੂਰੀ ‘ਚ ਪੁੱਟੀਆਂ ਪੁਲਾਂਘਾਂ ਨੂੰ ਵੀ ਬਾਖ਼ੂਬੀ ਬਿਆਨ ਕਰਦੇ ਹਨ । ਦਹਾਕਿਆਂ ਪਹਿਲਾਂ ਰੇਲ ਗੱਡੀ ਵਿੱਚ ਚੋਰੀ ਹੋਈ ਬਾਪ ਦੀ ਜੁੱਤੀ ਦਾ ਅਹਿਸਾਸ ਕੁਝ ਕੁ ਵਰ੍ਹੇ ਪਹਿਲਾਂ, ਸੱਤ ਸਮੁੰਦਰ ਪਾਰ ਗੁਆਚੀ ਆਪਣੀ ਜੈਕਟ ਨਾਲ ਕਰਦੇ ਹਨ, ਹਾਲਾਂ ਕੇ ਆਰਥਕ ਸਥਿਤੀਆਂ ਅਤੇ ਹਾਲਾਤ ਵੱਖਰੇ ਹਨ, ਪਰ ਦੁੱਖ ਤੇ ਅਹਿਸਾਸ ਮਿਲਦਾ ਜੁਲਦਾ ਹੈ । 

ਆਰਥਿਕ ਮੰਦਹਾਲੀ ਵਿੱਚ ਵੀ ਆਪਣੇ ਬਾਪ ਵੱਲੋਂ ਨਿਭਾਈਆਂ ਪਰਿਵਾਰਕ ਤੇ ਸਮਾਜਕ ਜ਼ਿੰਮੇਵਾਰੀਆਂ ਦਾ ਪੂਰਾ ਅਹਿਸਾਸ ਹੈ । ਭੂਆ ਦੀ ਆਪਣੇ ਭਰਾ ਨੂੰ ਲਿਖੀ ਹੰਝੂਆਂ ਭਰੀ, ਦੁਖਦਾਈ ਤੇ ਉਲਾਂਭੇ ਭਰੀ ਚਿੱਠੀ, ਅਲੀ ਦਾ ਆਪਣੀ ਲੜਕੀ ਦੀ ਸਿਰਫ ਇੱਕ ਚਿੱਠੀ ਨੂੰ ਉਡੀਕਦਿਆਂ, ਤੇ ਪੋਸਟ-ਮਾਸਟਰ ਦਾ ਪਛਤਾਵਾ ਆਦਿ ਸਭ ਸਾਡੀ ਮਨੁੱਖਤਾ ਤੇ ਇਨਸਾਨੀਅਤ ਦੀਆਂ ਨਿਸ਼ਾਨੀਆਂ ਬਿਆਨ ਕਰਦੇ ਹਨ । ਜਗੀਰਦਾਰਾਂ, ਡੇਰਿਆਂ, ਸਾਧਾਂ, ਚੇਲਿਆਂ, ਧਾਗਿਆਂ, ਤਵੀਤਾਂ ਦਾ ਵਕਤ ਦੇ ਪਹੀਏ ਨਾਲ ਵੀ ਬੋਲਬਾਲਾ ਸਾਡੇ ਸਮਾਜ ਦੀ ਜਾਗ੍ਰਿਤ ਨਾ ਹੋਣ ਜਾਂ ਨਾ ਹੋਣ ਦੇਣ ਦੀ ਮਿਸਾਲ ਹੈ । 1947 ਅਤੇ 1985 ਦੇ ਇਨਸਾਨੀਅਤ ਦਾ ਘਾਣ ਕਰਦੇ ਹਾਲਾਤ, ਪੰਜਾਬੀਅਤ ਲਈ ‘ਸਿਰਫ ਆਪਣੀ ਪੱਗ’ ਦਾ ਰੋਹਬ ਜਾਂ ਫਿਰ ‘ਸਾਰੇ ਪੰਜਾਬ ਦੀ ਪੱਗ’ ਦਾ ਫ਼ਿਕਰ ਇਸ ਕਿਤਾਬ ਵਿੱਚ ਦਰਜ ਹਨ । ਕਲੇਰ ਜੀ ਆਪਣਾ ਅਧਿਆਪਨ, ਪ੍ਰਬੰਧਕੀ, ਅਤੇ ਸਾਹਿਤਕ ਸਫ਼ਰ ਵੀ ਬਿਆਨ ਕਰਦੇ ਜਾਂਦੇ ਹਨ । ਆਪਣੇ ਵੱਲੋਂ ਜਾਰੀ ਤਲਾਸ਼ ‘ਚ ਅਨੇਕਾਂ ਸਵਾਲ ਵੀ ਕਰਦੇ ਹਨ –

ਕਦੋਂ ਆਵੇਗੀ ਕ੍ਰਾਂਤੀ ?, ਕਦੋਂ ਬਦਲੇਗੀ ਸੋਚ ?,
ਕਦੋ ਬਦਲੇਗੀ ਮਾਨਸਿਕਤਾ ?
ਕਦੋਂ ਹੋਵੇਗੀ ਮਨੁੱਖਤਾ ਦੇ ਰਿਸ਼ਤਿਆਂ ਦੀ ਕਦਰ ?,
ਤੇ ਹੋਰ ਕਈ ਸਵਾਲ…ਤੇ ਤਲਾਸ਼…ਤੇ ਤਲਾਸ਼…

ਜਾਂਦੇਜਾਂਦੇ

ਅੱਜ ਕਲੇਰ ਸਾਹਿਬ ਨੂੰ ਕੈਨੇਡਾ ਪੈ ਰਹੀ ਬਰਸਾਤ ਵਿੱਚੋਂ ਦਹਾਕਿਆਂ ਪਹਿਲਾਂ ਤੇ ਹਜ਼ਾਰਾਂ ਮੀਲ ਪਈ ਦੂਰ ਇੰਡੀਆ ਦੇ ਸਕੂਲ ਦੀ ਬਰਸਾਤ ‘ਬੈਕਫਲੈਸ਼ ਹੋ ਗਈ। ਪ੍ਰਿੰਸੀਪਲ ਸਾਹਿਬ ਹੱਥ ਵਿੱਚ ਛੱਤਰੀ ਫੜੀ, ਵਰ੍ਹਦੇ ਮੀਂਹ, ਤੇ ਗਰਜਦੀ-ਲਿਸ਼ਕਦੀ ਬਰਸਾਤ ‘ਚ ਸਕੂਲ ਦੀ ਇਮਾਰਤ ਦੀ ਇੱਕ ਪੌੜੀ ਚੜ੍ਹ, ਡੰਡੇ ਨਾਲ ਸਾਰੇ ਪਰਨਾਲੇ ਸਾਫ਼ ਕਰ, ਦੂਸਰੀ ਪੌੜੀ ਉੱਤਰ ਆਉਂਦੇ ਹਨ ਤਾਂ ਕੇ ਸਕੂਲੀ ਬੱਚੇ ਅਰਾਮ ਨਾਲ ਸੁੱਕੀ ਜਗ੍ਹਾ ਬੈਠ ਕੇ ਪੜ੍ਹ ਸਕਣ। ਕਲੇਰ ਸਾਹਿਬ ਨੇ ਬਰਸਾਤ ਵਿੱਚ ‘ਛੱਤ-ਰਹਿਤ ਮਕਾਨ’ ਜਾਂ ਚੋਂਦੀਆਂ ਛੱਤਾਂ ਦੇ ਕਮਰਿਆਂ ਅੰਦਰ ਸੁੱਕੀ ਜਗ੍ਹਾ ਭਾਲਣ ਦੇ ਸੰਘਰਸ਼ ਅਤੇ ਅਹਿਮੀਅਤ ਨੂੰ ਬਹੁਤ ਪਹਿਲਾਂ ਦੇਖ, ਜਾਣ, ਤੇ ਸਮਝ ਲਿਆ ਸੀ । ਸਕੂਲ ‘ਚ ਪੜ੍ਹਦੇ ਸਾਰੇ ਬੱਚੇ ਉਸਨੂੰ ਆਪਣੇ ਹੀ ਲੱਗਦੇ ਸਨ । ਪ੍ਰਿੰਸੀਪਲ ਕਲੇਰ ਜਿਹੇ ਅਧਿਆਪਕ ਹੀ ਬੱਚੇ ਨੂੰ ਪਲੇ-ਡੋਅ (ਗਿੱਲੀ-ਮਿੱਟੀ) ਵਿੱਚੋਂ ਤਰਾਸ਼ ਕੇ ਇੱਕ ‘ਖ਼ੂਬਸੂਰਤ ਇਨਸਾਨ’ ਬਣਨ ਦੇ ਰਾਹ ਤੋਰਦੇ ਹਨ । ਇੱਕ ਚੰਗਾ ਅਧਿਆਪਕ ਜਾਣਦਾ ਹੁੰਦਾ ਹੈ ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਮਾ ਨੂੰ ।

ਇੱਕ ਪਾਠਕ ਦੇ ਨਜ਼ਰੀਏ ਮੁਤਾਬਕ ਕਿਤਾਬ ਤਲਾਸ਼ ਜਾਰੀ ਹੈ ਇੱਕ ਵਧੀਆ ਨਾਵਲ ਹੈ । ਇਹੋ ਜਿਹੀਆਂ ਮਿਆਰੀ ਕਿਤਾਬਾਂ ਜ਼ਰੂਰ ਕਿਸੇ ਚੰਗੀ ਲਾਇਬਰੇਰੀ ਦਾ ਹਿੱਸਾ ਹੋਣਾ ਚਾਹੀਦੀਆਂ ਹਨ, ਤੁਹਾਡੇ ਚੰਗੇ ਦੋਸਤਾਂ ਦੀ ਤਰਾਂ ਹੀ – ਹੋਣ ਭਾਵੇਂ ਗਿਣਤੀ ਦੇ ਹੀ ਪਰ ਹੋਣ ਚੰਗੇ । ਆਪਣੀ ਜ਼ਿੰਦਗੀ ਦੀ ਤਲਾਸ਼ ਨੂੰ ਜਾਰੀ ਰੱਖਦਿਆਂ… ਮਲੂਕ ਕਲੇਰ ਜੀ ਸਾਨੂੰ ਸਾਰਿਆਂ ਨੂੰ ਵੀ ਜ਼ਿੰਦਗੀ ਤਲਾਸ਼ ਕਰਨ ਅਤੇ ਤਲਾਸ਼ ਜਾਰੀ ਰੱਖਣ ਲਈ ਪ੍ਰੇਰ ਰਹੇ ਹਨ। 

ਜੀਵਨ ਦੇ ਅਸਲੀ ਅਰਥ ਖੋਜਣ ਦੀ ਤਲਾਸ਼ ਜਾਰੀ ਰਹਿਣੀ ਚਾਹੀਦੀ ਹੈ।
***
ਡਾ. ਕੁਲਵਿੰਦਰ ਬਾਠ
ਕੈਲੀਫ਼ੋਰਨੀਆ ਯੂ ਐਸ ਏ 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1694
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →