15 October 2024

ਮਨ ‘ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ ਬਿਰਤਾਂਤ – ‘ਹੌਲ’ — ਅਮਨਪ੍ਰੀਤ ਸਿੰਘ ਮਾਨ

181 ਮਨ ‘ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ ਬਿਰਤਾਂਤ – ਹੌਲ ਸੁਪਨੇ ਹਰ ਵਾਰ ਕੋਈ ਭਰਮ ਨੀ ਹੁੰਦੇ, ਕਈ ਵਾਰ ਇਹ ਸੱਚ ਵੀ ਹੁੰਦੇ ਨੇ। ਵਾਰ ਵਾਰ ਆਉਣ ਵਾਲਾ ਸੁਪਨਾ ਮਨ ਦੀ ਆਵਾਜ਼ ਹੁੰਦਾ ਹੈ ਤੇ ਭਵਿੱਖ ਵਿੱਚ ਹੋਣ ਵਾਲੀ ਕਿਸੇ ਅਣਹੋਣੀ ਘਟਨਾ ਲਈ ਆਗਾਹ ਵੀ ਕਰਦਾ ਹੈ।

ਇੰਗਲੈਂਡ ਦਾ ਪਰਿਵਾਰ (ਪਤੀ ਪਤਨੀ ਆਪਣੇ ਪੰਜ ਬੱਚਿਆਂ ਸਮੇਤ) ਈਸਟਰ ਅਤੇ ਵਿਸਾਖੀ ਦੀਆਂ ਛੁੱਟੀਆਂ ਮਨਾਉਣ ਲਈ ਜਾਂਦਾ ਹੈ। ਉਹ ਇਕ ਕਾਟੇਜ ਜਿਸਦਾ ਨਾਂ ਇਸ਼ਕ ਪੇਚਾ ਬਾਗ਼ (ਆਈਵੀ ਓਰਚਡ) ਹੈ, ਕਿਰਾਏ ਤੇ ਲੈਂਦੇ ਹਨ। ਉਸ ਤੋਂ ਬਾਅਦ ਉਹਨਾਂ ਨਾਲ ਉਸ ਘਰ ਵਿੱਚ ਕੀ ਕੀ ਬੀਤਦਾ ਹੈ? ਤੇ ਇਹ ਕਿਉਂ ਵਾਪਰਦਾ ਹੈ? ਇਸਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ?

ਇਹ ਸਭ ਪੂਰਾ ਨਾਵਲ ਪੜ੍ਹਨ ਉਪਰੰਤ ਹੀ ਪਤਾ ਲੱਗਦਾ ਹੈ। ਹੁਣ ਗੱਲ ਜੇਕਰ ‘ਰੂਪ ਢਿੱਲੋਂ’ ਦੀ ਕੀਤੀ ਜਾਵੇ ਤਾਂ ਇਸ ਨਾਵਲ ‘ਹੌਲ’ ਤੋਂ ਪਹਿਲਾਂ ਉਹ ਸੱਤ ਨਾਵਲ ‘ਨੀਲਾ ਨੂਰ’, ‘ਬਾਥੇਲੋਨਾ: ਘਰ ਵਾਪਸੀ’, ‘ਓ’, ‘ਗੁੰਡਾ’, ‘ਸਮੁਰਾਈ’, ‘ਸਿੰਧਬਾਦ’ ਅਤੇ ‘ਚਿੱਟਾ ਤੇ ਕਾਲ਼ਾ’ ਅਤੇ ਇੱਕ ਕਹਾਣੀ ਸੰਗ੍ਰਹਿ (ਕਵਿਤਾ ਸਮੇਤ) ‘ਭਰਿੰਡ’ ਪੰਜਾਬੀ ਸਹਿਤ ਦੀ ਝੋਲੀ ਪਾ ਚੁੱਕਿਆ ਹੈ। ਉਹ ਅਕਸਰ ਕਹਿੰਦਾ ਹੈ ਕਿ ਮੇਰੇ ਨਾਵਲ ਆਮ ਪਾਠਕਾਂ ਲਈ ਨਹੀਂ ਪਰ ਮੈਂ ਉਸਦੀ ਇਸ ਦਲੀਲ ਨਾਲ ਸਹਿਮਤ ਨਹੀਂ ਕਿਉਂਕਿ ਰੂਪ ਢਿੱਲੋਂ ਨੂੰ ਪੜ੍ਹਦਿਆਂ ਮੇਰਾ ਕਦੇ ਵੀ ਮਨ ਨੀ ਭਰਦਾ, ਸਗੋਂ ਉਸਨੂੰ ਹੋਰ ਵੀ ਜਿਆਦਾ ਪੜ੍ਹਨ ਦੀ ਉਤਸੁਕਤਾ ਜਾਗ ਪੈਂਦੀ ਹੈ। ਉਹਨਾਂ ਦੀ ਲਿਖਣ ਦੀ ਸ਼ੈਲੀ, ਬੋਲੀ ਦਾ ਲਹਿਜ਼ਾ ਬੇਸ਼ੱਕ ਆਮ ਨਾਲੋਂ ਬਿਲਕੁੱਲ ਹੀ ਵੱਖਰਾ ਹੈ ਪਰ ਕੁਝ ਨਵਾਂ ਪੜ੍ਹਨ ਦੇ ਸ਼ੌਕੀਨਾਂ ਲਈ ਇਹ ਵੱਖਰਾ ਹੀ ਸਵਾਦ ਦਿੰਦਾ ਹੈ ਤੇ ਆਪਣਾ ਪ੍ਰਭਾਵ ਪਾਠਕ ਦੇ ਮਨ ਉੱਪਰ ਪੂਰੀ ਤਰ੍ਹਾਂ ਛੱਡਦਾ ਹੈ। ਰੂਪ ਆਪਣੇ ਨਾਵਲਾਂ ਵਿੱਚ ਨਵੇਂ ਨਵੇਂ ਤਰਜ਼ਬੇ ਕਰਦਾ ਹੈ।

ਇਹ ਨਾਵਲ ਵੀ ਉਸਦਾ ਇੱਕ ਵੱਖਰਾ ਤਜ਼ਰਬਾ ਹੈ। ਆਪਣੇ ਪਹਿਲੇ ਨਾਵਲਾਂ ਵਿੱਚ ਜਿੱਥੇ ਉਹ ਪਾਠਕਾਂ ਨੂੰ ਪੁਲਾੜ ਦੀ ਸੈਰ ਤੇ ਲੈ ਜਾਂਦਾ ਹੈ, ਦੁਨੀਆਂ ਦੀਆਂ ਵੱਖ ਵੱਖ ਸੱਭਿਅਤਾਵਾਂ ਨਾਲ ਰੂਬਰੂ ਕਰਵਾਉਂਦਾ ਹੈ ਅਤੇ ਖਣਿਜ ਦੀ ਖ਼ੋਜ ਲਈ ਧਰਤੀ ਦਾ ਸੀਨਾ ਚੀਰਕੇ ਪਾਤਾਲ ਵਿੱਚ ਇੱਕ ਮਰਡਰ ਮਿਸਟਰੀ ਲਿਖਦਾ ਹੈ ਤਾਂ ਇਸ ਨਾਵਲ ਵਿੱਚ ਉਹ ਮਨੁੱਖ ਦੇ ਸੁਪਨਿਆਂ ਅੰਦਰ ਝਾਤੀ ਮਾਰਦਾ ਹੈ। ਕੋਈ ਵੀ ਸੀਮਾ ਉਸਨੂੰ ਰੋਕ ਨੀ ਸਕਦੀ। ਉਹ ਕਿਸੇ ਵੀ ਸੀਮਾ ਦੇ ਬਾਹਰ ਜਾਕੇ ਲਿਖਣ ਦਾ ਹੌਸਲਾ ਰੱਖਦਾ ਹੈ। ਹਾਂ ਉਸਨੂੰ ਸਮਝਣ ਲਈ ਪਾਠਕ ਨੂੰ ਉਸਦੇ ਨਾਲ਼ ਤੁਰਨਾ ਪਵੇਗਾ। ਇਸ ਨਾਵਲ ਵਿੱਚ ਵੀ ਜਦੋਂ ਉਹ ਇਸ਼ਕ ਪੇਚਾ ਬਾਗ਼ ਦੀਆਂ ਤਸਵੀਰਾਂ, ਪੇਂਟਿੰਗਾਂ ਤੇ ਚਿੱਤਰਾਂ ਨੂੰ ਆਪਣੇ ਸ਼ਬਦਾਂ ਦੀ ਬਿਆਨਗੀ ਰਾਹੀਂ ਕਾਗ਼ਜ਼ ਤੇ ਉਤਰਦਾ ਹੈ ਤਾਂ ਪੜ੍ਹਣ ਵੇਲੇ ਪਾਠਕ ਨੂੰ ਵੀ ਉਹਨਾਂ ਤਸਵੀਰਾਂ ਤੇ ਚਿੱਤਰਾਂ ਨੂੰ ਆਪਣੇ ਜਿਹਨ ਵਿੱਚ ਪੂਰੀ ਤਰ੍ਹਾਂ ਉਤਾਰਨਾ ਪਵੇਗਾ, ਤਾਂਹੀ ਪਾਠਕ ਦੇ ਮਨ ਵਿੱਚ ਉਹ ਹੌਲ਼ ਉਪਜੇਗਾ, ਜਿਸਨੂੰ ਰੂਪ ਪੈਦਾ ਕਰਦਾ ਹੈ।  181ਤਾਹੀਂ ਇਸ ਨਾਵਲ ਨੂੰ ਪੜ੍ਹਨ ਦਾ ਪੂਰਾ ਸਵਾਦ ਆਵੇਗਾ। ਮਨ ਅੰਦਰਲਾ ਡਰ ਹੀ ਇਸ ਨਾਵਲ ਦਾ ਅਸਲ ਆਨੰਦ ਹੈ। ਬਾਕੀ ਆਪਣੇ ਸੁਪਨਿਆ ਤੋਂ ਸਾਵਧਾਨ ਰਹੋ, ਨਹੀਂ ਤਾਂ ਰਾਤ ਨੂੰ ਕਦੇ ਵੀ ਤੁਹਾਡੇ ਫ਼ੋਨ ਦੀ ਘੰਟੀ ਖੜਕ ਸਕਦੀ ਹੈ ਤੇ ਉਹ ਅਵਾਜ਼ ਤੁਹਾਨੂੰ ਇਕੋ ਗੱਲ ਕਹੇਗੀ – ਮੈਂ ਤੁਹਾਡੇ ਨਾਲ਼ ਰੱਬ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਭੁੱਲਕੇ ਵੀ ਉਹਨੂੰ ਇਹ ਜਵਾਬ ਨਾ ਦੇਣਾ – ਇਹ ਕੀ ਪਾਗ਼ਲਪਣ ਹੈ? ਨਹੀਂ ਤਾਂ ਅੱਗੋਂ ਆਵਾਜ਼ ਆਵੇਗੀ – ਪਾਗ਼ਲਪਣ ਨਹੀਂ ਹੈ। ਪਾਪੀ ਸਾਰੇ ਨਰਕ ਜਾਂਦੇ..-
***
ਅਮਨਪ੍ਰੀਤ ਸਿੰਘ ਮਾਨ
+91 9915263614

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1147
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Amanpreet Singh Mann
M. Sc (Mathematics). B. Ed.
Novelist
+91 99152 63614

ਮੇਰੇ ਨਾਵਲ
1. ਕਚਕੌਲ
2. ਉਮਰ ਕੈਦੀ
3. 360 ਡਿਗਰੀ

ਅਮਨਪ੍ਰੀਤ ਸਿੰਘ ਮਾਨ

Amanpreet Singh Mann M. Sc (Mathematics). B. Ed. Novelist +91 99152 63614 ਮੇਰੇ ਨਾਵਲ 1. ਕਚਕੌਲ 2. ਉਮਰ ਕੈਦੀ 3. 360 ਡਿਗਰੀ

View all posts by ਅਮਨਪ੍ਰੀਤ ਸਿੰਘ ਮਾਨ →