ਨਵਾਂ ਸਾਲ: ‘ਚਾਲੂ ਹਲਾਤ ਦਿੱਲੀ ਦੇ ਕਿਸਾਨੀ ਸੰਘਰਸ਼’ ਦੀ ਉਦਹਾਰਨ ਰਾਹੀਂ ਸਮਝੀਏ ਤਾਂਂ—
ਜੇਕਰ ਤੁਸੀਂ ਬਹੁਤ ਹੀ ਸਮਝਦਾਰ ਹੋ, ਦੁਨੀਆਂ-ਦਾਰੀ ‘ਤੇ ਸਮੇਂ ਦੀ ਨਿਰੰਤਰ ਚਾਲ ਨੁੰ ਪੂਰੀ ਤ੍ਹਰਾਂ ਸਮਝ ਚੁੱਕੇ ਹੋ ਤਾਂ ਤੁਹਾਡੇ ਲਈ ਹਰ ਦਿਨ ਨਵਾਂ ਹੈ। ਹਰ ਦਿਨ ਪੁਰਾਣੇ ਦਿਨ ਵਰਗਾ ਤੁਸੀਂ ਨਹੀਂ ਰੱਖੋਗੇ। ਲੰਘੇ ਦਿਨ ਨੂੰ ਘੋਖੋਗੇ, ਮੈਂ ਕੀ ਪਾਇਆ, ਕੀ ਗਵਾਇਆ, ਕੀ ਨਵਾਂ ਕੀਤਾ, ਕੀ ਹੋਰ ਵਧੀਆ ਕਰ ਸਕਦਾ ਸੀ, ਕੀ ਕਰ ਸਕਦਾ ਸੀ ਪਰ ਨਹੀਂ ਕੀਤਾ, ਕੀ ਕਰ ਲਿਆ ਪਰ ਨਹੀਂ ਕਰਨਾ ਚਾਹੀਦਾ ਸੀ ਤੇ ਹੋਰ ਬਹੁਤ ਸਾਰੇ ਕੀ??
ਉਪਰੋਤਕ ਸਭ ਵਿਚ ਮੈਂ ਸ਼ਾਮਿਲ ਹੈ ਜਾਣੀ ਕਿ ਨਿੱਜ। ਮੈਂ ਇਹ ਸਮਝਦਾ ਹਾਂ ਕਿ ਜੇਕਰ ਆਪਾਂ ਨਿੱਜੀ ਤੌਰ ਤੇ ਕੁਝ ਆਪਣੇ-ਆਪ ਲਈ ਸਵਾਲਾਂ ਦੇ ਰੂਪ ਵਿਚ ਨਹੀਂ ਕਰਦੇ ਤਾਂ ਸਾਨੂੰ ਕਿਸੇ ਤੇ ਸਵਾਲ ਵੀ ਨਹੀਂ ਕਰਨੇ ਚਾਹੀਦੇ। ਇਸ ਤੋਂ ਅੱਗੇ ਜੇਕਰ ਆਪਾਂ ਨਿੱਜੀ ਤੌਰ ਤੇ ਆਪਣੇ ਸਮੂਹ ਜਾਂ ਸਮਾਜ ਵਿਚ ਸੁਧਾਰ ਕਰਨ ਲਈ ਪਰੈਕਟੀਕਲ ਤੌਰ ਤੇ ਕੰਮ ਨਹੀਂ ਕਰਦੇ ਤਾਂ ਆਪਾਂ ਨੂੰ ਇਹ ਵੀ ਹੱਕ ਨਹੀਂ ਕਿ ਦੂਸਰਿਆਂ ਤੋਂ ਬਹੁਤੀਆਂ ਆਸਾਂ ਰੱਖੀਏ।
ਗੱਲ ਅੱਗੇ ਤੋਰੀਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਮੈਂ ਕੀ ਕਰ ਸਕਦਾ ਹਾਂ। ਮੇਰੇ ਕੋਲ ਤਾਂ ਸਾਧਨ ਹੀ ਨਹੀਂ। ਇਸ ਮਾਨਸਿਕ ਦੁੱਬਿਧਾ ਨੂੰ ‘ਚਾਲੂ ਹਲਾਤ ਦਿੱਲੀ ਦੇ ਕਿਸਾਨੀ ਸੰਘਰਸ਼’ ਦੀ ਉਦਹਾਰਨ ਰਾਹੀਂ ਸਮਝਿਆ ਜਾ ਸਕਦਾ ਹੈ। ਕਿਸਾਨ ਆਪਣੇ ਆਗੂਆਂ ਦੇ ਕਹੇ ਘਰਾਂ ਤੋਂ ਜੋ ਵੀ ਹਲਾਤ ਸਨ ਆਪਣੇ-ਆਪ ਵੱਧ ਤੋਂ ਵੱਧ ਪਰਬੰਧ ਕਰਕੇ ਦਿੱਲੀ ਵੱਲ ਚੱਲੇ। ਖਾਲਸਾ ਏਡ ਵਾਲੇ ਸਹੂਲਤਾਂ ਤੇ ਖਾਣਾ ਪ੍ਰਦਾਨ ਕਰਨ ਵਿਚ ਮੁਹਾਰਤ ਰੱਖਦੇ ਹਨ ਤੇ ਬਿਨਾਂ ਕਿਸੇ ਸੱਦੇ ਦੇ ਹਲਾਤਾਂ ਨੂੰ ਸਮਝਕੇ ਕਿ ਇਹ ਮਨੁੱਖੀ ਭਲੇ ਦਾ ਕਾਰਜ ਹੈ ਆਪਣੇ ਝੰਡੇ ਜਾ ਗੱਡੇ। ਲੰਬੇ ਸਮੇਂ ਤੋਂ ਸੰਘਰਸ਼ਾਂ ਦਾ ਜੀਵਨ ਜਿਉਣ ਵਾਲੇ ਕਿਸਾਨ ਆਗੂ ਆਪਣੀ ਸਮਝ ਨਾਲ ਅੰਦੋਲਨ ਨੂੰ ਸ਼ਾਂਤਮਈ ਰੱਖਕੇ ਸੰਸਾਰ ਪੱਧਰ ਤੱਕ ਪਹੁੰਚਾਣ ਵਿਚ ਪੂਰੇ ਕਾਮਯਾਬ ਹੋਏ ਹਨ। ਜਿਹਨਾਂ ਕੋਲ ਅਜਿਹੇ ਸਾਧਨ ਨਹੀ ਹਨ ਉਹ ਇਸ ਸ਼ਾਂਤਮਈ ਅੰਦੋਲਨ ਦਾ ਹਿੱਸਾ ਬਣਕੇ ਇਤਿਹਾਸ ਸਿਰਜ ਰਹੇ ਹਨ। ਜੋ ਪੈਸੇ ਵਾਲੇ ਹਨ ਪੈਸੇ ਦੀ, ਜੋ ਗਿਆਨ ਵਾਲੇ ਹਨ ਗਿਆਨ ਦੀ, ਜੋ ਕਲਾ ਵਾਲੇ ਹਨ ਕਲਾ ਦੀ, ਜੋ ਸਾਹਿਤ ਵਾਲੇ ਸਾਹਿਤ ਦੀ, ਜੋ ਕਾਨੂੰਨ ਸਮਝਦੇ ਹਨ ਕਾਨੂੰਨ ਦੀ, ਨਿਹੰਗ ਜੱਥੇਬੰਦੀਆਂ ਆਪਣੇ ਖਾਲਸਈ ਰੰਗ ਵਿਚ ਲੋੜ ਪੈਣ ਤੇ ਜੂਝਾਰੂ ਗਤੀਵਿਧੀ ਲਈ ਪਹੁੰਚ ਗਈਆਂ ਹਨ। ਗੱਲ ਕੀ ਕਿ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ।
ਇਸ ਸੰਘਰਸ਼ ਤੋਂ ਅਸੀਂ ਖੁਦ ਨੂੰ ਤੇ ਆਪਣੇ ਬੱਚਿਆਂ ਨੂੰ ਸੇਧ ਦੇ ਸਕਦੇ ਹਾਂ ਕਿ ਜਦੋਂ ਮਸਲਾ ਵੱਡੇ ਪੱਧਰ ਦਾ ਹੋਵੇ ਤਾਂ ਆਪਣੇ ਨਿੱਕੇ ਰੋਸੇ ਖ਼ਤਮ ਕਰ ਦੇਣੇ ਚਾਹੀਦੇ ਹਨ। ਜਿਵੇਂ ਸੋਸ਼ਲ ਮੀਡੀਏ ਤੇ ਕੁਝ ਲੋਕ ਅਧੂਰੇ ਗਿਆਨ ਨਾਲ ਕਾਮਰੇਡ ਤੇ ਖਾਲਸਤਾਨੀ ਪੱਖੀ ਲੋਕਾਂ ਵਿਚ ਪਾੜਾ ਵਧਾਉਣ ਦੀਆਂ ਗੱਲਾਂ ਆਮ ਕਰਦੇ ਰਹਿੰਦੇ ਹਨ। ਬਲਕਿ ਗਿਆਨ ਦੇ ਪਰਪੱਕ ਲੋਕ ਜਾਣਦੇ ਹਨ ਕਿ ਦੋਹਾਂ ਦਾ ਟੀਚਾ ਮਨੁੱਖਤਾ ਦਾ ਭਲਾ ਤੇ ਬਰਾਬਰਤਾ ਹੈ। ਸੌਖੇ ਸ਼ਬਦਾਂ ਵਿਚ ਖਾਲਸਾ ਸੇਵਾ ਭਾਵਨਾ ਤੇ ਦਸਵੇਂ ਦਸੌਂਧ ਰਾਹੀਂ ਲੋੜਵੰਦ ਦੀ ਲੋੜ ਪੂਰੀ ਕਰਦਾ ਹੈ। ਕਾਮਰੇਡ ਕਾਨੂੰਨ ਰਾਹੀਂ ਅਜਿਹਾ ਢਾਂਚਾ ਪੈਦਾ ਕਰਨ ਦੀ ਜਦੋ-ਜਹਿਦ ਵਿਚ ਹਨ ਕਿ ਅਮੀਰ ਗਰੀਬ ਦਾ ਫ਼ਰਕ ਖ਼ਤਮ ਹੋ ਜਾਵੇ। ਸਰਕਾਰਾਂ ਤਾਂ ਹਮੇਸ਼ਾਂ ਇਹੀ ਚਾਹੁੰਦੀਆਂ ਹਨ ਕਿ ਲੋਕ ਧਰਮਾਂ, ਵਿਚਾਰਧਾਰਾਂ, ਪਹਿਰਾਵੇ, ਖਿੱਤੇ, ਨਸਲ, ਰੰਗ, ਜਾਤ ਆਦਿ ਦੇ ਰਾਹੀਂ ਟੁਕੜਿਆਂ ਵਿਚ ਵੰਡੇ ਰਹਿਣ ਤਾਂ ਕਿ ਕਿਸੇ ਸਾਂਝੇ ਪਲੇਟਫਾਰਮ ਤੇ ਇਕੱਠੇ ਨਾ ਹੋ ਸਕਣ। ਜੇਕਰ ਇਕੱਠੇ ਹੋ ਗਏ ਤਾਂ ਹੱਕਾਂ ਲਈ ਸਾਂਝੀ ਲੜਾਈ ਲੜਨਗੇ ਤੇ ਸਰਕਾਰਾਂ ਨੂੰ ਝੁਕਣ ਲਈ ਮਜ਼ਬੂਰ ਕਰਨਗੇ। ਲੋੜ ਹੈ ਸਾਨੂੰ ਸਭ ਨੂੰ ਇਹ ਵਰਤਾਰਾ ਸਮਝਣ ਦੀ।
ਇਸ ਲਿਖਤ ਦਾ ਵਿਸ਼ਾ ਚਾਹੇ ਸਿਰਫ਼ ਕਿਸਾਨੀ ਸੰਘਰਸ਼ ਨਹੀਂ ਹੈ ਪਰ ਸਭ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਦਾ ਸੰਘਰਸ਼ ਨਹੀਂ। ਬਲਕਿ ਆਮ ਲੋਕ ਤੇ ਕਾਰਪੋਰੇਟ ਸੈਕਟਰ ਦਾ ਸੰਘਰਸ਼ ਹੈ। ਬੇਸ਼ਕ ਮੂਹਰੇ ਕਿਸਾਨ ਲੱਗੇ ਹਨ ਪਰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਤਿੰਨ ਬਿੱਲ ਕਿਸਾਨ ਨੂੰ ਸਭ ਤੋਂ ਅਖ਼ੀਰ ਤੇ ਪ੍ਰਭਾਵਿਤ ਕਰਨਗੇ। ਪਹਿਲੇ ਸ਼ਿਕਾਰ ਫੂਡ ਪਰੋਸੈਸਿੰਗ ਨਾਲ ਜੁੜੇ ਸਭ ਭਾਰਤੀ ਹੋਣਗੇ ਜੋ ਨੇੜੇ ਦੇ ਮੰਡੀ ਸਬੰਧਾਂ ਵਿਚੋਂ ਅਨਾਜ ਖਰੀਦਦੇ ਹਨ ਤੇ ਵੇਚਦੇ ਹਨ। ਇਸ ਵਿਚ ਨਿੱਕੇ ਦੁਕਾਨਦਾਨ, ਰੇੜੀ-ਫੜੀ ਵਾਲੇ ਤੇ ਸਭ ਢਾਬੇ, ਹੋਟਲ ਪਹਿਲਾਂ ਰਗੜੇ ਜਾਣਗੇ। ਇਸ ਤੋਂ ਬਆਦ ਸਭ ਖਰੀਦਦਾਰ, ਕਿਸਾਨ ਤਾਂ ਅਖੀਰ ਤੇ ਹੈ ਪਰ ਯੁੱਧ ਪਹਿਲੇ ਨੰਬਰ ਤੇ ਲੜ ਰਿਹਾ ਹੈ।
ਆਓ ਆਪਾਂ ਸਾਰੇ ਪੰਜਾਬੀ ਪੜ੍ਹਨ ਵਾਲੇ ਨਵੇਂ ਸਾਲ ਵਿਚ ਹੋਰ ਗੂੜ੍ਹ-ਗਿਆਨੀ, ਸਹਿਜਵਾਦੀ, ਸਮਝਵਾਦੀ ਤੇ ਸਮਾਜਵਾਦੀ ਹੋਈਏ। ਅਧੂਰੇ ਗਿਆਨ, ਕਿਸੇ ਪੂਰੀ ਵੀਡੀਓ ਦੇ ਕੱਟੇ ਹਿੱਸੇ ਦੇ ਅਧਾਰ ਤੇ ਆਪਣੀ ਰਾਇ ਨਾ ਬਣਾਈਏ। ਸੋਸ਼ਲ ਮੀਡੀਏ ਤੇ ਬਹੁਤ ਸਾਜਸ਼ਾਂ ਚੱਲ ਰਹੀਆਂ ਹਨ। ਬਹੁਤ ਸਾਰੇ ਕਾਮਰੇਡੀ ਨੇਤਾ ਅਤੇ ਸਿੱਖ ਨੇਤਾਵਾਂ ਤੇ ਗੁਰੂਆਂ ਦੇ ਨਾਮ ਤੇ ਨਕਲੀ ਫੇਸਬੁੱਕ ਆਈਡੀਆਂ ਬਣੀਆਂ ਹੋਈਆਂ ਹਨ। ਉਹਨਾਂ ਨੂੰ ਦੋਸਤ ਲਿਸਟ ਵਿਚ ਸ਼ਾਮਿਲ ਨਾ ਕਰੋ ਤੇ ਉਹਨਾਂ ਦੇ ਕਿਸੇ ਭੜਕਾਊ ਤੇ ਤੁਹਾਡੀ ਸੋਚ ਦੇ ਵਿਰੁੱਧ ਟਿੱਪਣੀ ਦਾ ਜਵਾਬ ਨਾ ਦੇਵੋ। ਦੁਸ਼ਮਣ ਨੂੰ ਆਪਣੀ ਮੌਤ ਆਪ ਮਰਨ ਦੀ ਨੀਤੀ ਅਪਣਾਵੋ। ਸਮੇਂ ਦਾ ਫੈਸਲਾ ਲੇਟ ਜ਼ਰੂਰ ਹੋ ਸਕਦਾ ਹੈ ਪਰ ਆਉਂਦਾ ਸਦਾ ਸੱਚ ਦੇ ਹੱਕ ਵਿਚ ਹੈ। ਹੱਕ-ਸੱਚ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ, ਆਪ ਸਭ ਨੂੰ ਨਵਾਂ ਸਾਲ ਮੁਬਾਰਕ। (ਬਲਜਿੰਦਰ ਸੰਘਾ 403-680-3212)