‘ਖਿੱਦੋ’ ਨਾਵਲ ਪੜ੍ਹ ਕੇ ਬਸ਼ੀਰ ਬਦਰ ਦਾ ਇਹ ਸ਼ਿਅਰ ਬੜੀ ਸ਼ਿੱਦਤ ਨਾਲ ਯਾਦ ਆ ਰਿਹਾ ਹੈ: ਸ਼ੁਹਰਤ ਕੀ ਬੁਲੰਦੀ ਭੀ ਇਕ ਪਲ ਕਾ ਤਮਾਸ਼ਾ ਹੈ ਇਸ ਸ਼ਾਇਰ ਨੇ ‘ਖਿੱਦੋ’ ਦੇ ਸਾਰੇ ਕਥਾਨਕ ਨੂੰ ਇਕੋ ਸ਼ਿਅਰ ਵਿਚ ਸਮੇਟ ਲਿਆ। ਸ਼ੁਹਰਤ ਦਾ ਸਸਤਾ ਤਮਾਸ਼ਾ ਥੋੜ੍ਹ-ਚਿਰਾ ਹੁੰਦਾ ਹੈ ਇਸ ਗੱਲ ਦੀ ਪੁਸ਼ਟੀ ‘ਖਿੱਦੋ’ ਦੇ ਅੰਤ ਵਿਚ ਇਸਦੇ ਮੁਖ ਪਾਤਰ ਡਾਕਟਰ ਹਰਵੰਤ ਸਿੰਘ ਹੀਰਾ ਦੇ ਅੰਤਿਮ ਸਮੇਂ ਬੋਲੇ ਇਨ੍ਹਾਂ ਸੰਵਾਦਾਂ ਤੋਂ ਵੀ ਹੋ ਜਾਂਦੀ ਹੈ, “ਗਲੀਜ਼ ਸੁੰਡੀਆਂ ਵਰਗੇ ਨੇ ਸਾਰੇ ਇਨਾਮ-ਸਨਮਾਨ। ਪ੍ਰਤਿਭਾ ਨੂੰ ਕੁਤਰ ਦਿੰਦੇ ਨੇ…ਪਾੜ ਖਾਂਦੇ ਨੇ ਸਿਰਜਣਾ ਨੂੰ। ਉਨ੍ਹਾਂ ਨੂੰ ਕਹੀਂ ਬੰਦ ਕਰ ਦੇਣ ਸਾਰੇ ਇਨਾਮ। ਬੌਣੇ ਹੋ ਜਾਂਦੇ ਨੇ ਲੇਖਕ।…ਲੇਖਕ ਹੋਣਾ ਹੀ ਬੰਦ ਕਰ ਦਿੰਦੇ ਨੇ। ਕਈਆਂ ਨੂੰ ਮੇਰੀ ਪਛਾਣ ਵੀ ਭੁੱਲ ਜਾਂਦੀ ਐ। ਤੈਨੂੰ ਤਾਂ ਪਤਾ ਈ ਐ ਉਹ ਜਿਹੜੀ ਮੇਰੀ ਜਾਨ ਸੀ, ਮੁੜ ਮਿਲਣ ਵੀ ਨਹੀਂ ਆਈ…ਸੈਲਫਿਸ਼ ਬਿੱਚ! ਦੁਨੀਆਂ ਭਰ ਦੀ ਸ਼ੁਹਰਤ ਚਾਹੀਦੀ ਸੀ ਉਹਨੂੰ।” ਇਸਤੋਂ ਅੱਗੇ ਕੁਝ ਹੋਰ ਗੌਲਣਯੋਗ ਸੰਵਾਦ ਹਨ, “ਮੈਂ ਤੇਰੇ ਨਾਲ ਵੀ ਅਨਿਆ ਕੀਤਾ ਏ। ਬੇਹੱਕਿਆਂ ਲਈ ਇਨਾਮਾਂ ਦੇ ਜੁਗਾੜ ਕਰਦਾ ਰਿਹਾ ਵਾਂ। ਮੇਰੇ ਹੱਥੋਂ ਬੜੇ ਲੇਖਕ ਮਰੇ ਨੇ। ਕਿਹੜੇ ਵੇਲੇ ਮੈਂ ਆਪਣੇ ਆਪ ਨੂੰ ਵੀ ਮਾਰ ਲਿਆ।” ਇਹ ਸੰਵਾਦ ਮੇਰੇ ਜਾਚੇ ਇਸ ਨਾਵਲ ਦਾ ਤੱਤਸਾਰ ਹਨ, ਇਸਤੋਂ ਪਹਿਲਾਂ ਬਾਕੀ ਸਭ ਇਸਦਾ ਵਿਸਤਾਰ ਹੈ। ਇਸ ਤੋਂ ਵੱਡੀ ਸਮਝੌਤੀ ਹੋਰ ਕੀ ਹੋ ਸਕਦੀ ਸੀ? ਡਾਕਟਰ ਹੀਰਾ ਨੇ ਇੰਨੇ ਜੁਗਾੜ ਕੀਤੇ, ਉਸਨੂੰ ਕੀ ਮਿਲਿਆ? ਮਰਨਾ ਵੀ ਸਹਿਜ ਨਾ ਹੋਇਆ। ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਮੈਂ ਬੱਸ ਜ਼ਿੰਦਗੀ ਵਿਚ ਇਹੋ ਕਮਾਇਆ ਹੈ ਕਿ ਮਰਨ ਵੇਲੇ ਮੇਰੇ ਮਨ ’ਤੇ ਕੋਈ ਬੋਝ ਨਹੀਂ ਹੋਵੇਗਾ। ਇਨਸਾਨ ਮਰ ਤਾਂ ਚੈਨ ਨਾਲ ਸਕੇ ਨਾ! ਜਦੋਂ ਸ਼ੁਹਰਤ ਦੀ ਭੁੱਖ ਬੰਦੇ ਨੂੰ ਅੰਨ੍ਹਾਂ ਕਰ ਦਿੰਦੀ ਹੈ ਤਾਂ ਉਹ ਗਿਰਾਵਟ ਦੀ ਕੋਈ ਵੀ ਹੱਦ ਪਾਰ ਕਰ ਸਕਦਾ ਹੈ। ਜਸਬੀਰ ਭੁੱਲਰ ਇਹੋ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਜੋ ਅੱਜ ਜੁਗਾੜਬੰਦੀਆਂ ਵਾਲਾ ਨਵਾਂ ਚਲਨ ਚੱਲ ਪਿਆ ਹੈ ਇਸਦਾ ਅੰਤ ਮਾੜਾ ਹੈ, ਜ਼ਰਾ ਸੰਭਲੋ! ਉਹ ਇਹ ਸਾਬਿਤ ਕਰਨ ਲਈ ਕੁਝ ਪਾਤਰਾਂ ਨੂੰ ਸਿਰਜ ਕੇ ਵਿਦਿਅਕ ਅਤੇ ਸਾਹਿਤਕ ਅਦਾਰਿਆਂ ਵਿਚ ਹੋਣ ਵਾਲੀਆਂ ਮਨਮਾਨੀਆਂ, ਧੋਖਾਧੜੀਆਂ, ਬੇਈਮਾਨੀਆਂ ਅਤੇ ਬਦਫੈਲੀਆਂ ਤੋਂ ਬਹੁਤ ਹੀ ਰੌਚਕ ਕਹਾਣੀ ਦੁਆਰਾ ਪਰਦਾ ਚੁੱਕਦਾ ਹੈ ਤੇ ‘ਮੰਦੇ ਕੰਮੀਂ ਨਾਨਕਾ ਜਦ ਕਦ ਮੰਦਾ ਹੋਇ’ ਵਾਲਾ ਸਿੱਟਾ ਕੱਢਦਾ ਹੈ। ‘ਖਿੱਦੋ’ ਦੀਆਂ ਕਈ ਘਟਨਾਵਾਂ ਪੜ੍ਹ ਕੇ ਮਨ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਜੁਗਾੜ ਕਿਸ ਲਈ? ਸਿਰਫ਼ ਸ਼ੁਹਰਤ ਲਈ? ਹਰ ਲੇਖਕ ਨੂੰ ਆਪਣੇ ਆਪ ਨੂੰ ਸਵਾਲ ਕਰਨਾ ਬਣਦਾ ਹੈ ਕਿ ਕੀ ਉਹ ਆਪਣੇ ਲਈ ਲਿਖਦਾ ਹੈ ਜਾਂ ਸ਼ੁਹਰਤ ਲਈ? ਜੇ ਅਸੀਂ ਖੁਸ਼ਾਮਦ ਨਾਲ ਜਾਂ ਪੈਸੇ ਦੇ ਜ਼ੋਰ ਨਾਲ ਕੋਈ ਲਿਖਤ ਜਾਂ ਸਨਮਾਨ ਖਰੀਦ ਲੈਂਦੇ ਹਾਂ ਤਾਂ ਕੀ ਅਸੀਂ ਵੱਡੇ ਲੇਖਕ ਬਣ ਜਾਂਦੇ ਹਾਂ? ਨਹੀਂ। ਪਾਠਕਾਂ ਨੇ ਇਸ ਗੱਲ ਦਾ ਫੈਸਲਾ ਕਰਨਾ ਹੁੰਦਾ ਹੈ ਕਿ ਕਿਸੇ ਕਿਰਤ ਵਿਚ ਕਿੰਨੀ ਕੁ ਜਾਨ ਹੈ। ਕਿਸੇ ਕਿਰਤ ਵਿਚ ਕਿੰਨੇਂ ਕੁ ਤੁਸੀਂ ਹੋ ਤੇ ਕਿੰਨੀਂ ਕੁ ਤੁਹਾਡੀ ਆਪਣੀ ਭਾਸ਼ਾ ਹੈ। ਅਸੀਂ ਕਈ ਵਾਰ ਇਹ ਵੀ ਆਮ ਹੀ ਸੁਣਦੇ ਹਾਂ ਕਿ ਫਲਾਨੇ ਇਨਾਮਜ਼ਾਫਤਾ ਕਵੀ ਨੂੰ ਕਵਿਤਾ ਤਾਂ ਲਿਖਣੀ ਆਉਂਦੀ ਨਹੀਂ ਪਰ ਫਲਾਨੇ ਨੇ ਇਸਨੂੰ ਸਿਫਾਰਸ਼ੀ ਇਨਾਮ ਦੁਆਇਆ। ਫਿਰ ਦੱਸੋ ਇਹੋ ਜਿਹੇ ਇਨਾਮ-ਸਨਮਾਨ ਦਾ ਕੀ ਫਾਇਦਾ? ਇਹ ਤਾਂ ਅਪਮਾਨ ਹੈ। ਤਵਾਰੀਖ ਤੁਹਾਨੂੰ ਵੇਖ ਰਹੀ ਹੈ ਇਹ ਬਹੁਤ ਚਿਰ ਤੱਕ ਤੁਹਾਡੇ ਧੋਖੇ ਦੀ ਗਵਾਹੀ ਭਰਦੀ ਰਹੇਗੀ। ਇਸਦਾ ਜਵਾਬ ਇਸ ਨਾਵਲ ਦਾ ਸਭ ਤੋਂ ਵੱਡਾ ਜੁਗਾੜੀ ਡਾਕਟਰ ਹੀਰਾ ਵੀ ਦਿੰਦਾ ਹੈ ਕਿ ‘ਲੇਖਕ ਬੌਣੇ ਹੋ ਜਾਂਦੇ ਨੇ’। ਅਸੀਂ ਵੇਖਿਆ ਕਿ ਜਿਹੜੇ ਲੇਖਕ ਇਨਾਮਾਂ-ਸਨਮਾਨਾਂ ਪਿੱਛੇ ਦੌੜਦੇ ਰਹੇ ਉਹ ਲਿਖ ਨਾ ਸਕੇ, ਉਨ੍ਹਾਂ ਦੀ ਲੇਖਣੀ ਵਿਚ ਖੜੋਤ ਆ ਗਈ। ਜਿਹੜੇ ਸਦੀਆਂ ਪੁਰਾਣੇ ਕਵੀਆਂ ਨੂੰ ਅਸੀਂ ਅੱਜ ਵੀ ਚਾਅ ਨਾਲ ਪੜ੍ਹਦੇ ਹਾਂ ਉਹ ਤਾਂ ਕਿਸੇ ਸਾਹਿਤ ਅਕੈਡਮੀ ਵਲੋਂ ਸਨਮਾਨੇ ਹੋਏ ਨਹੀਂ ਸਨ। ਇਸ ਨਾਵਲ ਦਾ ਬਹੁਤ ਵਿਰੋਧ ਵੀ ਹੋਇਆ। ਕਿਹਾ ਜਾਂਦਾ ਹੈ ਕਿ ਕੁਝ ਮੌਜੂਦਾ ਲੇਖਕਾਂ/ਪ੍ਰੋਫੈਸਰਾਂ ਨੂੰ ਨਕਲੀ ਨਾਂਵਾਂ ਦੇ ਓਹਲੇ ਵਿਚ ਪੇਸ਼ ਕੀਤਾ ਗਿਆ ਹੈ। ਖੈਰ ਦੇਸੋਂ ਦੂਰ ਰਹਿਣ ਕਰਕੇ ਮੈਂ ਇਸ ਗੱਲ ਤੋਂ ਵਾਕਿਫ ਨਹੀਂ ਹਾਂ ਕਿ ਕਿਹੜੇ ਕਿਹੜੇ ਪਾਤਰਾਂ ਪਿੱਛੇ ਕਿਹੜੇ ਜੀਵੰਤ ਪ੍ਰੋਫੈਸਰ ਜਾਂ ਲੇਖਕ ਛੁਪੇ ਹੋਏ ਹਨ ਇਸ ਲਈ ਮੈਂ ਇਸਨੂੰ ਨਾਵਲ ਦੀ ਤਰ੍ਹਾਂ ਹੀ ਪੜ੍ਹਿਆ ਹੈ ਅਤੇ ਇਹ ਨਾਵਲ ਮੈਨੂੰ ਰੌਚਕ ਅਤੇ ਸਿੱਖਿਆਦਾਇਕ ਲੱਗਿਆ। ਜਸਬੀਰ ਭੁੱਲਰ ਦੀ ਭਾਸ਼ਾ ਦਾ ਜਾਦੂ ਵੀ ਸਿਰ ਚੜ੍ਹ ਕੇ ਬੋਲਦਾ ਹੈ। ਇਸ ਗੱਲ ਵਿਚ ਹੋਰ ਪੱਕਾ ਵਿਸ਼ਵਾਸ ਹੋ ਗਿਆ ਕਿ ਇਮਾਨਦਾਰੀ ਨਾਲ ਲਿਖਦੇ ਰਹਿਣਾ ਚਾਹੀਦਾ। ਅਸੀਂ ਸੋਸ਼ਲ ਮੀਡੀਆ ’ਤੇ ਅਤੇ ਆਪਣੇ ਆਲੇ ਦੁਆਲੇ ਇਹੋ ਜਿਹੀਆਂ ਘਟਨਾਵਾਂ ਵੇਖਦੇ/ਸੁਣਦੇ ਰਹਿੰਦੇ ਹਾਂ – ‘ਮੇਰੀ ਕਵਿਤਾ ਚੋਰੀ ਹੋ ਗਈ’ ਜਾਂ ਕਿਸੇ ਨੂੰ ਸਿਫਾਰਸ਼ੀ ਇਨਾਮ ਮਿਲ ਗਿਆ ਇਤਿਆਦਿ…। ਮੁਸ਼ਕਿਲ ਇਹ ਹੈ ਕਿ ਕਿਸੇ ਅਜਿਹੇ ਦੋਸ਼ੀ ਲੇਖਕ ਦੇ ਸਾਹਮਣੇ ਕੋਈ ਨਹੀਂ ਬੋਲਦਾ, ਸਾਰੇ ਪਿੱਠ ਪਿੱਛੇ ਬੋਲਦੇ ਹਨ। ਸੋਸ਼ਲ ਮੀਡੀਆ ਤੇ ਬੜਾ ਰੌਲ਼ਾ ਪੈਂਦਾ ਰਹਿੰਦਾ ਹੈ ਕਿ ਫਲਾਨੇ ਨੇ ਫਲਾਨੇ ਲੇਖਕ ਦੀ ਰਚਨਾ ਚੋਰੀ ਕਰ ਲਈ ਅਤੇ ਫਿਰ ਇਕ ਸਿਲਸਿਲਾ ਚੱਲ ਪੈਂਦਾ ਹੈ। ਕਈ ਟਿੱਪਣੀਆਂ ਆਉਣੀਆਂ ਸ਼ੁਰੂ ਹੁੰਦੀਆਂ ਹਨ ਕਿ ‘ਇਕ ਹੋਰ’ ਲੇਖਕ ਨੇ ਵੀ ਇਉਂ ਕੀਤਾ…। ਪਰ ਨਾਂ ਲੈ ਕੇ ਕੋਈ ਗੱਲ ਨਹੀਂ ਕਰਦਾ। ਜੇ ਨਾਮ ਹੀ ਸਾਹਮਣੇ ਨਹੀਂ ਆਉਣਗੇ ਤਾਂ ਫਿਰ ਇਸ ਵਰਤਾਰੇ ‘ਤੇ ਠੱਲ ਕਿਵੇਂ ਪਾਈ ਜਾ ਸਕੇਗੀ? ਜੇ ਡਾਕਟਰ ਹੀਰਾ ਵਰਗੇ ਪਾਤਰ ਕਸੂਰਵਾਰ ਹਨ ਤਾਂ ਅਸੀਂ ਘੱਟ ਕਸੂਰਵਾਰ ਨਹੀਂ ਹਾਂ। ਜਿਨ੍ਹਾਂ ਵੱਡੇ ਲੇਖਕਾਂ ਦੀਆਂ ਲੋਕ ਪਿੱਛੋਂ ਸੌ ਸੌ ਗੱਲਾਂ ਕਰਦੇ ਹਨ ਉਨ੍ਹਾਂ ਦੇ ਸਾਹਮਣੇ ਆਉਂਦਿਆਂ ਹੀ ਵਿਛ-ਵਿਛ ਜਾਂਦੇ ਹਨ। ਤੁਸੀਂ ਸੌ ਵਾਰ ਕਰੀ ਜਾਉ ਉਨ੍ਹਾਂ ਦੀਆਂ ਗੱਲਾਂ ਉਨ੍ਹਾਂ ਨੂੰ ਕੀ ਫਰਕ ਪੈਂਦਾ ਹੈ? ਹਰ ਸਟੇਜ ’ਤੇ ਉਹੀ ਲੋਕ ਸੁਸ਼ੋਭਿਤ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਸਦੇ ਕਿਸੇ ਕਵਿੱਤਰੀ ਨਾਲ ਵਿਆਹ ਬਾਹਰੇ ਸੰਬੰਧ ਨੇ ਜਾਂ ਉਸਨੇ ਧੋਖੇ ਨਾਲ ਇਨਾਮ ਲਿਆ/ਦਿੱਤਾ, ਉਹੀ ਲੋਕ ਸਾਹਿਤਕ ਅਦਾਰਿਆਂ ਦੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਨੇ ਤੇ ਸਾਹਿਤ ਦੇ ਠੇਕੇਦਾਰ ਵੀ। ਇਹ ਕਿਸੇ ਆਮ ਜਿਹੇ ਲੇਖਕ ਨੂੰ ਅਸਮਾਨੇਂ ਚਾੜ੍ਹ ਸਕਦੇ ਹਨ ਅਤੇ ਸਮਰੱਥਾਵਾਨ ਲੇਖਕ ਦੀ ਗੱਲ ਤੱਕ ਨਹੀਂ ਹੁੰਦੀ। ਇਹੀ ਤਾਂ ਲਿਖਿਆ ਹੈ ਜਸਬੀਰ ਭੁੱਲਰ ਨੇ ਖਿੱਦੋ ਵਿਚ ਤੇ ਜਿਸ ਵਿਚ ਰਤਾ ਵੀ ਝੂਠ ਨਹੀਂ ਹੈ, ਸਾਡੇ ਆਲੇ ਦੁਆਲੇ ਹੀ ਤਾਂ ਨਿਤ ਵਾਪਰ ਰਿਹਾ ਹੈ ਇਹ ਸਭ ਕੁਝ। ‘ਖਿੱਦੋ’ ਗਲਪ ਹੈ ਜਿਸ ਵਿਚ ਅਤਿਕਥਨੀ ਵੀ ਹੋ ਸਕਦੀ ਹੈ ਤੇ ਕਲਪਨਾ ਵੀ ਪਰ ਅਸੀਂ ਆਪ ਹੀ ਸਮਝਣਾ ਹੈ ਕਿ ਸਾਰੇ ਲੇਖਕ ਅਤੇ ਸਾਰੇ ਪ੍ਰੋਫੈਸਰ ਵੀ ਮਾੜੇ ਨਹੀਂ ਹੁੰਦੇ। ਨਾ ਸਾਰੀਆਂ ਖੋਜਾਰਥੀ ਕੁੜੀਆਂ ਵਿਕਾਊ ਹੁੰਦੀਆਂ ਹਨ। ਜਿਵੇਂ ਇਕ ਮਛਲੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਇਸੇ ਤਰ੍ਹਾਂ ਕੁਝ ਲੋਕਾਂ ਦੇ ਕਰਕੇ ਕੁਝ ਅਦਾਰੇ ਪੂਰੇ ਦੇ ਪੂਰੇ ਬਦਨਾਮ ਹੋ ਜਾਂਦੇ ਹਨ। ਸੋ ਇਸ ਨਾਵਲ ਦੇ ਆਸ਼ੇ ਨੂੰ ਸਮਝਕੇ ਵਿੱਦਿਅਕ ਅਤੇ ਸਾਹਿਤਕ ਅਦਾਰਿਆਂ ਨੂੰ ਸਾਫ਼ ਕਰਨ ਦੀ ਲੋੜ ਹੈ। ਜੇ ਵੇਖਿਆ ਜਾਵੇ ਤਾਂ ਸਾਡੇ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਦਿਨ ਪ੍ਰਤੀ ਦਿਨ ਡਿਗਦੀਆਂ ਜਾ ਰਹੀਆਂ ਹਨ। ਸ਼ੁਹਰਤ ਦੀ ਭੁੱਖ ਵੱਧ ਰਹੀ ਹੈ ਇਸ ਦੀ ਉਦਾਹਰਣ ਸਾਡੀਆਂ ਸਾਹਿਤ ਸਭਾਵਾਂ ਵੀ ਹਨ ਜੋ ਬਣਾਈਆਂ ਤਾਂ ਜਾਂਦੀਆਂ ਹਨ ਕਿ ਸਾਹਿਤ ਪ੍ਰਫੁੱਲਤ ਹੋ ਸਕੇ ਤੇ ਸਾਹਿਤਕਾਰਾਂ ਨੂੰ ਸਾਹਿਤ ਨਾਲ ਜੁੜਨ ਦਾ ਕੋਈ ਮੰਚ ਮਿਲ ਸਕੇ ਪਰ ਹੁੰਦਾ ਕੀ ਹੈ ਕਿ ਚੌਧਰ ਦੀ ਭੁੱਖ ਨੇ ਇੱਕੋ ਇੱਕੋ ਸ਼ਹਿਰ ਵਿਚ ਅਨੇਕ ਸਾਹਿਤਕ ਮੱਠ ਸਥਾਪਿਤ ਕਰ ਦਿੱਤੇ ਹਨ ਅਤੇ ਜਿਹੜਾ ਇਕ ਵਾਰ ਪ੍ਰਧਾਨਗੀ ਦੇ ਅਹੁਦੇ ਤੇ ਬੈਠ ਜਾਂਦਾ ਹੈ ਉਹ ਗੱਦੀ ਨੂੰ ਅਜਿਹਾ ਜੱਫਾ ਮਾਰਦਾ ਹੈ ਕਿ ਇਸ ਨਾਲ ਜੋਕ ਵਾਂਗ ਚੰਬੜ ਹੀ ਜਾਂਦਾ ਹੈ। ਕਿਸੇ ਨਵੇਂ ਬੰਦੇ ਨੂੰ ਮੌਕਾ ਨਹੀਂ ਦਿੱਤਾ ਜਾਂਦਾ, ਉਹੀ ਦੋ ਚਾਰ ਮੋਹਰੀ ਬੰਦੇ ਇਕ ਦੂਜੇ ਨੂੰ ਵਾਰੀ ਦਿੰਦੇ ਰਹਿੰਦੇ ਹਨ। ਜੇ 25-30 ਬੰਦਿਆਂ ਦੀ ਸੰਸਥਾ ਦਾ ਇਹ ਹਾਲ ਹੈ ਤਾਂ ਵੱਡੀਆਂ ਸੰਸਥਾਵਾਂ ਦਾ ਤਾਂ ਹੋਰ ਵੀ ਮਾੜਾ ਹੋਵੇਗਾ ਜਿਵੇਂ ‘ਖਿੱਦੋ’ ਵਿਚ ਦਿਖਾਇਆ ਗਿਆ ਹੈ। ਚੱਲਦਿਆਂ ਚੱਲਦਿਆਂ ਇਕ ਹੋਰ ਗੱਲ ਵੀ ਸਾਂਝੀ ਕਰ ਦਿਆਂ ਕਿ ‘ਅਸਾਹਿਤਕ’ ਲੋਕਾਂ ਦੀ ਢਾਣੀ ਨੇ ਸਾਹਿਤ ਦੇ ਖੇਤਰ ਵਿਚ ਵੜ ਕੇ ਇਸਦਾ ਦੂਹਰਾ ਨੁਕਸਾਨ ਕੀਤਾ ਹੈ। ਕਈ ਹੱਥਕੰਡੇ ਅਪਣਾ ਕੇ ਉਹ ਸਾਹਿਤ ਨੂੰ ਸ਼ੁਹਰਤ ਲਈ ਵਰਤ ਰਹੇ ਹਨ। ਵਿਦੇਸ਼ਾਂ ਵਿਚ ਇਹ ਕੰਮ ਜ਼ਿਆਦਾ ਹੋ ਰਿਹਾ ਹੈ ਅਤੇ ਦੇਸ ਵਿਚ ਇਹੋ ਜਿਹੇ ਸ਼ੁਹਰਤ ਦੇ ਭੁੱਖੇ ‘ਅਲੇਖਕਾਂ’ ਦੀਆਂ ਲੋਕ ਖੁਸ਼ਾਮਦਾਂ ਕਰਦੇ ਹਨ ਅਤੇ ਉਂਨ੍ਹਾਂ ’ਤੇ ਲੇਖ ਲਿਖ ਲਿਖ ਕੇ ਉਨ੍ਹਾਂ ਨੂੰ ਸਾਹਿਤਕਾਰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਵਰਤਾਰਾ ਤਾਂ ਵਰਤਮਾਨ ਵਿਚ ਵਾਪਰ ਹੀ ਰਿਹਾ ਹੈ। ਕੀ ਕੋਈ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ? ਸੱਚਾ ਲੇਖਕ ਆਪਣਾ ਸਮਾਂ ਲਾਉਂਦਾ ਹੈ, ਪੈਸੇ ਖਰਚ ਕੇ ਆਪਣੀ ਕਿਤਾਬ ਛਪਵਾਉਂਦਾ ਹੈ ਪਰ ਕਈ ਲੋਕ ਰਾਤੋ-ਰਾਤ ਸਾਹਿਤਕਾਰ ਬਣਦੇ ਦੇਖੇ ਜਾ ਰਹੇ ਹਨ ਜਦੋਂ ਉਨ੍ਹਾਂ ਨਾਲ ਗੱਲ ਕਰੋ ਤਾਂ ਨਾ ਤਾਂ ਉਨ੍ਹਾਂ ਕੋਲ ਉਹ ਸਾਹਿਤਕ ਭਾਸ਼ਾ ਹੁੰਦੀ ਹੈ ਜੋ ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਵਰਤੀ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦੀ ਲਿਖਤ ਨਾਲ ਉਨ੍ਹਾਂ ਦਾ ਕਿਰਦਾਰ ਮੇਚ ਖਾਂਦਾ ਹੈ। ਇਹੋ ਜਿਹੇ ਜਗਾੜੂ ਲੋਕ ‘ਖਿੱਦੋ’ ਨੂੰ ਜਰੂਰ ਪੜ੍ਹਨ ਅਤੇ ਇਸਤੋਂ ਸਬਕ ਸਿੱਖਣ ਕਿ ਇਸਦਾ ਨਤੀਜਾ ਕੀ ਨਿੱਕਲਦਾ ਹੈ। ਅੰਤ ਵਿਚ ਮੈਂ ਇਹ ਕਹਿੰਦਿਆਂ ਆਪਣੀ ਗੱਲ ਸਮਾਪਤ ਕਰਦੀ ਹਾਂ ਕਿ ਸਾਡੇ ਪੰਜਾਬੀ ਲੇਖਕਾਂ ਨੂੰ ਇਨਾਮਾਂ ਸਨਮਾਨਾਂ ਤੋਂ ਵਿੱਥ ਬਣਾ ਕੇ ਇਮਾਨਦਾਰੀ ਨਾਲ ਲਿਖਣ ਦੀ ਜ਼ਰੂਰਤ ਹੈ। ਸਾਹਿਤਕ ਖੇਤਰ ਵਿਚ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਮੁਕਾਬਲਾ ਆਪਣੇ ਆਪ ਨਾਲ ਹੁੰਦਾ ਹੈ। ਜਿਸ ਕੋਲ ਵੀ ਰਚਨਾਤਮਿਕ ਪ੍ਰਤਿਭਾ ਹੈ ਉਹ ਮਿਹਤਨ ਨਾਲ ਇਸਨੂੰ ਹੋਰ ਨਿਖਾਰ ਸਕਦਾ ਹੈ। ਜੇ ਲੇਖਕ ਨੂੰ ਪਾਠਕਾਂ ਦਾ ਹੁੰਗਾਰਾ ਮਿਲ ਜਾਵੇ ਤਾਂ ਹੋਰ ਕਿਸੇ ਇਨਾਮ-ਸਨਮਾਨ ਦੀ ਲੋੜ ਹੀ ਨਹੀਂ ਪੈਂਦੀ। ਆਉ ਨਵਾਂ ਪੜ੍ਹੀਏ ਤੇ ਚੰਗਾ ਲਿਖੀਏ ਤਾਂ ਕਿ ਪੰਜਾਬੀ ਸਾਹਿਤ ਵਿਚ ਇਕ ਵਾਰ ਫੇਰ ਤੋਂ ਉੱਤਮ ਸਾਹਿਤ ਰਚਿਆ ਜਾ ਸਕੇ। ਆਮੀਨ! |
*** 544 *** |
ਨਾਮ: ਸੁਰਜੀਤ (ਟੋਰਾਂਟੋ)
ਵਿੱਦਿਆ - ਬੀ. ਏ. ਆਨਰਜ਼, ਐਮ. ਏ., ਐਮ. ਫਿਲ.
ਕਿੱਤਾ – ਅਧਿਆਪਨ, ਹਿਊਮਨ ਰਿਸੋਰਸ, ਇੰਸ਼ੋਰੈਂਸ ਬਰੋਕਰ
ਕਿਤਾਬਾਂ: ਸ਼ਿਕਸਤ ਰੰਗ, ਹੇ ਸਖੀ, ਵਿਸਮਾਦ- -ਕਾਵਿ-ਸੰਗ੍ਰਹਿ,ਕਹਾਣੀ ਸੰਗ੍ਰਹਿ- ਪਾਰਲੇ ਪੁਲ਼
ਸਹਿ-ਸੰਪਾਦਿਤ – ਕੂੰਜਾਂ– ਕੈਨੇਡਾ ਦਾ ਨਾਰੀ ਕਾਵਿ
ਆਲੋਚਨਾ – ਪਰਵਾਸੀ ਪੰਜਾਬੀ ਸਾਹਿਤ – ਸ਼ਬਦ ਅਤੇ ਸੰਵਾਦ
- ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ
ਸੰਗ੍ਰਹਿਆਂ ਵਿਚ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ।
ਮੇਘਲਾ ਮੈਗ਼ਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਅਤੇ ਏਕਮ ਨੇ ਕਵੀ ਵਿਸ਼ੇਸ਼ ਵਜੋਂ ਛਾਪਿਆ
Forthcoming titles: ਵਾਰਤਕ ਅਤੇ ਟਰਾਂਸਲੇਸ਼ਨ ਦੀਆਂ ਪੁਸਤਕਾਂ ਛਪਣ ਲਈ ਤਿਆਰ
ਮੀਡੀਆ: ਟੀ.ਵੀ. ਤੇ ਰੇਡਿਓ ਹੋਸਟ
Phone Numbers: 416-605-3784
E-mail: surjitk33@gmail.com
Co-Director The Literary Reflections
Secretary DISHA– An organization of Canadian Punjabi Women
Blogs/ website: www.surjitkaur.blogspot.com, www.sirjanhari.blogspot.com