4 November 2024

ਦੀਪ ਸਿੱਧੂ ਤੇ ਕਿਸਾਨ ਮਜ਼ਦੂਰ ਏਕਤਾ ਸੰਘਰਸ਼— ਬਲਜਿੰਦਰ ਸੰਘਾ

ਦੀਪ ਸਿੱਧੂ ਨੂੰ ਸਮਾਜਿਕ ਸਰੋਕਾਰਾਂ ਤੇ ਇਸਦੇ ਦੂਰ-ਪ੍ਰਭਾਵੀ ਨਤੀਜਿਆਂ ਬਾਰੇ ਡੂੰਘੀ ਸਮਝ ਨਹੀਂ ਹੈ। ਇਸਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਉਸਨੇ ਸਮਾਜਿਕ ਜ਼ਿੰਦਗੀ ਵਿਚ ਹੁਣੇ-ਹੁਣੇ ਪੈਰ ਰੱਖਿਆ ਹੈ ਤੇ ਸੰਨੀ ਦਿਉਲ ਦੀ ਰਾਜਨੀਤੀ ਵਿਚ ਨਾਟਕੀ ਇੰਟਰੀ ਦਾ ਪ੍ਰਭਾਵ ਕਬੂਲ ਚੁੱਕਾ ਹੈ। ਇਸੇ ਪ੍ਰਭਾਵ ਅਧੀਨ ਉਹ ਵੀ ਸ਼ਾਰਟਕੱਟ ਰਸਤੇ ਰਾਹੀਂ ਪੰਜਾਬ ਦੀ ਰਾਜਨੀਤੀ ਵਿਚ ਛਾਅ ਜਾਣ ਦੀ ਅੰਨ੍ਹੀ ਚਾਹਤ ਰੱਖਦਾ ਮਹਿਸੂਸ ਹੋ ਰਿਹਾ ਹੈ। ਪੰਜਾਬ ਦੀ ਰਾਜਨੀਤੀ ਵਿਚ ਇਹ ਅੰਨ੍ਹੀ ਚਾਹਤ ਤਾਂ ਹੀ ਪੂਰੀ ਹੋ ਸਕਦੀ ਹੈ ਜੇਕਰ ਸਿੱਖ ਸਮਾਜ ਪ੍ਰਤੀ ਹਮਦਰਦੀ ਦਾ ਨਾਟਕ ਕਰਨ ਦਾ ਤਰੀਕਾ ਹੋਵੇ। ਦੂਸਰਾ ਜੇਕਰ ਕੋਈ ਅਨਪੜ੍ਹ ਵੀ ਗੱਲ ਗੱਲ ਤੇ ਗੁਰਬਾਣੀ ਦੀਆਂ ਤੁਕਾਂ ਤੇ ਸਿੱਖ ਸ਼ਹੀਦੀਆਂ ਦੀ ਬਾਤ ਪਾਉਣ ਬਾਰੇ ਇਕ ਦੋ ਪੰਨੇ ਸਿੱਖ ਹਿਸਟਰੀ ਦੇ ਰਟ ਲਏ। ਹਰ ਮੁੱਦੇ ਨੂੰ ਸਿੱਖਾਂ ਦੀ ਹੋਂਦ ਦੇ ਮੁੱਦੇ ਨਾਲ ਜੋੜਨ ਦੀ ਲੱਛੇਦਾਰ ਗੱਲਬਾਤ ਸਿੱਖ ਲਵੇ ਤਾਂ ਅਸੀਂ ਭਾਵੁਕ ਹੋਕੇ ਉਸਨੂੰ ਆਪਣਾ ਸਭ ਕੁਝ ਮੰਨ ਲੈਂਦੇ ਹਾਂ। ਬਿਨਾਂ ਆਪਣੇ ਸਿਰ ਵਰਤਿਆਂ ਉਸਦੇ ਆਖੇ ਲੜਨ-ਮਰਨ ਨੂੰ ਤਿਆਰ ਹੋ ਜਾਂਦੇ ਹਾਂ। ਬਾਅਦ ਵਿਚ ਵਿਸ਼ਲੇਸ਼ਣ ਵੀ ਨਹੀਂ ਕਰਦੇ ਕਿ ਨੁਕਸਾਨ ਤਾਂ ਆਪਣੀ ਕੌਮ ਦਾ ਹੀ ਜ਼ਿਆਦਾ ਕਰਵਾ ਲਿਆ। ਦੀਪ ਸਿੱਧੂ ਨੂੰ ਵੀ ਇਸੇ ਢੰਗ ਤੇ ਰਾਹ ਰਾਹੀਂ ਸੰਸਦ ਵਿਚ ਡਿੱਠੀ ਆਪਣੀ ਕੁਰਸੀ ਦਿਖ ਰਹੀ ਹੈ। ਕਿਉਂਕਿ ਇਹ ਰਾਹ ਪਹਿਲਾ ਵੀ ਕਈਆਂ ਨੇ ਅਪਣਾਇਆ ਹੈ ਤੇ ਸਫ਼ਲ ਵੀ ਹੋਏ ਹਨ।

ਦੀਪ ਸਿੱਧੂ ਨੇ ਵੀ ਆਪਣੀ ਪੈਂਤੜੇ ਬਾਜ਼ੀ ਇਸੇ ਅਧਾਰ ਤੇ ਬਣਾਉਣੀ ਸ਼ੁਰੂ ਕੀਤੀ। ਉਸਨੇ ਕਿਸਾਨਾਂ ਦੇ ਤਿੰਨ ਬਿੱਲਾਂ ਦੇ ਸੰਘਰਸ਼ ਵਿਚ ਸਿੱਖਾਂ ਦੀ ਹੋਂਦ ਦਾ ਮਸਲਾ ਜੋੜ ਕੇ ਅਸਲ ਮੁੱਦੇ ਦੀ ਗੱਲ ਧੁੰਦਲੀ ਕਰਨ ਦੀ ਹਰ ਕੋਸ਼ਿਸ਼ ਕੀਤੀ। ਜਦੋਂਕਿ ਅਜੋਕੇ ਨਹੀਂ ਬਲਕਿ ਜਦੋਂ ਤੋਂ ਮਨੁੱਖ ਨੇ ਸਮਾਜਿਕ ਜ਼ਿੰਦਗੀ ਵਿਚ ਪੈਰ ਰੱਖਿਆ, ਉਹੀ ਕਬੀਲੇ ਜਾਂ ਕੌਮ ਹੀ ਅੱਗੇ ਰਹੀ ਜਿਸਨੇ ਵੱਧ ਆਰਥਿਕ ਵਸੀਲੇ ਕਬਜ਼ੇ ਵਿਚ ਲਏ। ਪਰ ਇੱਥੇ ਦੀਪ ਸਿੱਧੂ ਗੱਲ ਘੁਮਾਕੇ ਸਿੱਖ ਹੋਂਦ ਦੀ ਗੱਲ ਧਰਮ ਰਾਹੀਂ ਕਰਦਾ ਹੈ। ਚਾਹੇ ਸੱਚ ਇਹ ਹੈ ਕਿ ਅਜੋਕੇ ਡੈਮੋਕਰੈਸੀ ਦੇ ਯੁੱਗ ਵਿਚ ਜਦੋਂ ਕਾਰਪੋਰੇਟ ਦਾ ਭੁੱਖਾ ਸ਼ੇਰ ਸਭ ਕੁਝ ਨਿਗਲਣ ਲਈ ਸ਼ਹਿ ਲਾਈ ਤਿਆਰ ਬੈਠਾ ਹੈ ਤਾਂ ਜ਼ਮੀਨਾਂ ਵਾਲਿਆਂ ਨੇ ਜੇਕਰ ਜ਼ਮੀਨਾਂ ਬਚਾ ਲਈਆਂ ਤੇ ਦੁਕਾਨਦਾਰਾਂ ਨੇ ਦੁਕਾਨਾਂ, ਤਾਂ ਉਹਨਾਂ ਦੀ ਹੋਂਦ ਆਪੇ ਬਚ ਜਾਵੇਗੀ। ਪਰ ਦੀਪ ਸਿੱਧੂ ਇਸ ਸਿੱਧੀ ਗੱਲ ਨੂੰ, ਜੋ ਕਿਸਾਨ ਮਜ਼ਦੂਰ ਏਕਤਾ ਮੋਰਚੇ ਦੇ ਆਗੂ ਕਹਿ ਰਹੇ ਹਨ, ਧੁੰਦਲੀ ਕਰਕੇ ਆਪਣੀ ਪੀਪਣੀ ਵਜਾਉਂਦਾ ਹੈ।     

ਚਾਹੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲ ਸਿੱਖ, ਹਿੰਦੂ ਜਾਂ ਮੁਸਲਮਾਨ ਦਾ ਮਸਲਾ ਨਹੀਂ ਇਹ ਪੂੰਜੀਵਾਦ  ਦੁਆਰਾ ਆਮ ਆਦਮੀ ਦੀ ਸੰਘੀ ਨੱਪਕੇ ਭਾਰਤ ਵਿਚ ਖਾਣ-ਪੀਣ ਦੀਆਂ ਵਸਤੂਆਂ ਦੇ ਸਭ ਰਾਹ ਕਾਰਪੋਰੇਟ ਸੈਕਟਰ ਰਾਹੀਂ ਸਾਡੇ ਤੱਕ ਲਿਆਉਣਾ ਹੈ। ਜਿਸ ਨਾਲ ਉਹ ਮਨਮਰਜ਼ੀ ਦੇ ਭਾਅ ਤਹਿ ਕਰ ਸਕਣ। ਇਸ ਕਰਕੇ ਕਿਸੇ ਵੀ ਕੌਮ ਜਾਂ ਮਨੁੱਖ ਦੀ ਹੋਂਦ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਆਰਥਿਕ ਤੌਰ ਤੇ ਕਿੰਨਾ ਮਜ਼ਬੂਤ ਹੈ। ਦੀਪ ਸਿੱਧੂ ਇਹ ਵੀ ਕਹਿ ਸਕਦਾ ਹੈ ਕਿ ਸਾਡੀ ਹੋਂਦ ਦਾ ਮਸਲਾ ਸਾਡੀ ਆਰਥਿਕਤਾ ਨਾਲ ਜੁੜਿਆ ਹੈ। ਪਰ ਉਹ ਜੈ ਕਿਸਾਨ ਜਾਂ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਸਿੱਧੀ ਨਾ ਕਰਕੇ ਹਰ ਗੱਲ ਵਿਚ ਸਿੱਖੀ ਜਾਂ ਖਾਲਿਸਤਾਨ ਦੇ ਮਸਲੇ ਨੂੰ ਅਸਿੱਧੇ ਢੰਗ ਨਾਲ ਵਾੜਕੇ ਆਪਣੇ ਨਾਲ ਵੱਧ ਹਜ਼ੂਮ ਜੋੜਨ ਦੇ ਚੱਕਰ ਵਿਚ ਰਿਹਾ ਹੈ।

ਉਹ ਕਿਸਾਨੀ ਸੰਘਰਸ਼ ਦੇ ਲੀਡਰਾਂ ਦੀ ਗੱਲ ਵਿਚ ਆਪਣੇ ਵਿਚਾਰ ਮਿਲਾਕੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਆਮ ਬੰਦਾ ਗੁੰਮਰਾਹ ਹੋ ਜਾਂਦਾ ਹੈ। ਜਿਵੇਂ ਜਦੋਂ ਕਿਸਾਨੀ ਲੀਡਰ ਹਰ ਗੱਲ ਜ਼ਾਬਤੇ ਰਾਹੀਂ ਕਰਨ ਤੇ ਜ਼ਾਬਤੇ ਵਿਚ ਰਹਿਣ ਦੀ ਅਪੀਲ ਕਰਦੇ ਹਨ ਤਾਂ ਉਹ ਤੇ ਇਕ (ਗੈਗੰਸਟਰ ਲਾਈਫ਼ ਵਿਚੋਂ ਪੱਥਰ ਚੱਟਕੇ ਮੁੜੀ ਮੱਛੀ) ਇਹ ਕਹਿਕੇ ਅਸਿੱਧੇ ਢੰਗ ਨਾਲ ਕਾਬਜ਼ ਹੋਣ ਦੀ ਗੱਲ ਕਰਦੇ ਹਨ ਕਿ ਨੌਜਵਾਨੀ ਦੀਆਂ ਭਾਵਨਾਵਾਂ ਕੁਝ ਹੋਰ ਹਨ। ਭਾਵ ਉਹ ਲੰਬਾ ਸਮਾਂ ਮੋਰਚੇ ਵਿਚ ਸ਼ਾਂਤ ਨਹੀ ਬੈਠਣਾ ਚਾਹੁੰਦੇ। ਜਦੋਂ ਕਿ ਜੇਕਰ ਉਹ ਕਿਸਾਨ ਆਗੂਆਂ ਦੇ ਸੱਚੀਂ ਹੀ ਮਗਰ ਹਨ ਤਾਂ ਆਖ ਸਕਦੇ ਹਨ ਕਿ ਨੌਜਵਾਨੋ! ਆਪਣੇ ਆਗੂਆਂ ਦਾ ਹੁਕਮ ਮੰਨੋ। ਸਬਰ, ਸ਼ਾਂਤੀ ਬਣਾਈ ਰੱਖੋ। ਸਿੱਖੀ ਵਿਚ ਸਭ ਤੋਂ ਵੱਧ ਸਬਰ ਹੈ। ਯਾਦ ਕਰੋ ਉਹਨਾਂ ਮਾਵਾਂ ਨੂੰ ਜੋ ਬੱਚਿਆਂ ਦੇ ਟੁਕੜੇ ਝੋਲੀ ਪਵਾਕੇ ਵੀ ਸਬਰ ਵਿਚ ਚੱਕੀਆਂ ਪੀਸਦੀਆਂ ਰਹੀਆਂ। ਡੈਮੋਕਰੇਸੀ ਵਿਚ ਯੁੱਧ, ਹਥਿਆਰਾਂ ਤੋਂ ਪਹਿਲਾਂ, ਸ਼ਾਂਤੀ ਨਾਲ ਲੜਕੇ ਸੰਸਾਰ ਦਾ ਵੱਧ ਧਿਆਨ ਖਿੱਚਿਆ ਜਾ ਸਕਦਾ ਹੈ। ਇਹੋ ਜਿਹੇ ਯੁੱਧ ਸਭ ਨੂੰ ਨਾਲ ਲੈ ਕੇ ਲੜੇ ਜਾਂਦੇ ਹਨ ਤੇ ਕਈ ਸਟੇਜਾਂ ਵਿਚੋਂ ਨਿਕਲਦੇ ਹਨ। ਜੇਕਰ ਕੁਰਬਾਨੀਆਂ ਦੇਣ ਜਾਂ ਹਥਿਆਰ ਚੁੱਕਣ ਦੀ ਨੌਬਤ ਆਈ ਤਾਂ ਤਿੰਨ-ਤਿੰਨ ਦਹਾਕੇ ਤੋਂ ਘੋਲਾਂ ਵਿਚ ਲੱਗੇ ਇਹ ਬਾਬੇ ਆਗੂ ਆਪ ਦੱਸਣਗੇ। ਦੀਪ ਸਿੱਧੂ ਦੀ ਸਿੱਖੀ ਪੈਤੜਾ ਵਰਤਕੇ ਕਿਸਾਨੀ ਸੰਘਰਸ਼ ਦੀ ਥਾਂ ਆਪਣੇ ਨਾਲ ਭਾਵੁਕ ਸਿੱਖ ਨੌਜਵਾਨੀ ਨੂੰ ਜੋੜਨ ਦੀ ਅੰਦਰੂਨੀ ਖਾਹਿਸ਼ ਸਿੱਧੀ ਤੇ ਥੋੜੀ ਮਿਹਨਤ ਨਾਲ ਤੇ ਜਾਗਰੂਕਤਾ ਨਾਲ ਫੜੀ ਜਾ ਸਕਦੀ ਹੈ, ਪਰ ਗੈਗੰਸਟਰ ਮੱਛੀ ਸਮੇਂ-ਸਮੇਂ ਪੈਂਡੂਲਮ ਵੱਲ ਲਟਕ ਜਾਂਦੀ ਹੈ ਤੇ ਭਾਰਾ ਪੱਲੜਾ ਦੇਖਣ ਦੀ ਤਾਕ ਵਿਚ ਰਹਿੰਦੀ ਹੈ। ਪਰ ਉਦੇਸ਼ ਦੋਹਾਂ ਦਾ ਇਕੋ ਹੀ ਹੈ। ਆਪਣੇ ਨਾਲ ਭਾਵੁਕ ਲੋਕਾਂ ਨੂੰ ਜੋੜਨਾ।

ਅਖੀਰ ਵਿਚ ਸਾਨੂੰ ਸਿੱਖਾਂ ਨੂੰ ਭਾਵੁਕਤਾ ਦੀਆਂ ਗੱਲਾਂ ਕਰਕੇ ਸਾਡੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਬਹੁਤ-ਬਹੁਤ ਲੋੜ ਹੈ। ਸਮਝਣ ਦੀ ਲੋੜ ਹੈ ਕਿ ਕਿਸਾਨ ਆਗੂ ਚਾਹੇ ਆਸਤਿਕ ਹਨ ਜਾਂ ਨਾਸਤਿਕ ਪਰ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਹੀ ਨਹੀਂ, ਬਲਕਿ ਇਹਨਾਂ ਤਿੰਨਾਂ ਬਿੱਲਾਂ ਦੇ ਦੂਰ-ਪ੍ਰਭਾਵੀ ਨਤੀਜੇ ਸਮਝਣ ਵਾਲੇ ਹਨ। ਹਰ ਮਨੁੱਖ ਨੂੰ ਸੰਘਰਸ਼ ਨਾਲ ਜੋੜਕੇ, ਜੇਕਰ ਜਿੱਤ ਪ੍ਰਾਪਤ ਕਰਦੇ ਹਨ ਤਾਂ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਦੀ ਹੋਂਦ ਦੀ ਵੀ ਜਿੱਤ ਹੈ। ਜੇਕਰ ਅਸੀਂ ਗੁਰਬਾਣੀ ਦੀ ਸਰਬ-ਸਾਂਝੀਵਾਲਤਾ ਦੇ ਅਰਥ ਸਮਝਦੇ ਹਾਂ ਤਾਂ ਸਾਨੂੰ ਸਿੱਖੀ ਭੇਸ ਵਿਚ ਅਜਿਹੇ ਲੋਕਾਂ ਦੀਆਂ ਗੱਲਾਂ ਤੋਂ ਦੂਰ ਰਹਿਣ ਦੀ ਲੋੜ ਹੈ ਜੋ ਆਖਦੇ ਹਨ ਇਹ ਸੰਘਰਸ਼ ਸਾਡਾ ਸਿੱਖਾਂ ਦਾ ਜਿ਼ਆਦਾ ਹੈ, ਕਿਉਂਕਿ ਹਰ ਪਾਸੇ ਦਸਤਾਰਾਂ ਵਾਲੇ ਜ਼ਿਆਦਾ ਹਨ, ਜ਼ਿਆਦਾ ਦਾਨ ਅਸੀਂ ਕਰ ਰਹੇ, ਅਸੀਂ ਮੂਹਰੇ ਹਾਂ, ਅਸੀਂ ਪਹਿਲ ਕੀਤੀ ਹੈ ਵਗੈਰਾ ਵਗੈਰਾ। ਕਿਉਂਕਿ ਸਿੱਖੀ ਸਿਧਾਂਤਾਂ ਵਿਚ ਇੱਕ ਲੱਖ ਰੁਪਏ ਦਾਨ ਕਰਨ ਵਾਲਾ ਵੀ ਦਾਨੀ ਹੈ ਤੇ ਇਕ ਪੈਸਾ ਪਾਉਣ ਵਾਲਾ ਵੀ ਦਾਨੀ ਹੈ। ਵੱਡੇ-ਨਿੱਕੇ, ਊਚ-ਨੀਚ, ਵੱਧ-ਘੱਟ ਦਾ ਮਸਲਾ ਹੀ ਨਹੀਂ। ਜੇਕਰ ਅਸੀਂ ਸੱਚੀ ਸਿੱਖੀ ਦੀ ਸਮਝ ਰੱਖਦੇ ਹਾਂ ਤਾਂ ਇਹ ਗੱਲਾਂ ਖੁਦ ਨਾ ਕਰਕੇ ਦੂਸਰਿਆਂ ਨੂੰ ਕਰਨ ਦਾ ਮੌਕਾ ਦੇਈਏ ਤੇ ਉਹ ਕਰ ਵੀ ਰਹੇ। ਹਰਿਆਣੀਏ, ਰਾਜਸਥਾਨੀ ਤੇ ਹੋਰ ਸਟੇਟਾਂ ਦੇ ਲੋਕ ਬਾਰ-ਬਾਰ ਸਿੱਖਾਂ ਨੂੰ ਵੱਡਾ ਭਾਈ, ਪੰਜਾਬ ਸਾਡਾ ਵੱਡਾ ਭਾਈ ਆਦਿ ਨਾਲ ਨਿਵਾਜ ਰਹੇ ਹਨ। ਸਾਡਾ ਸੱਚੇ ਦਿਲੋਂ ਕੀਤਾ ਵੱਧ ਕੰਮ, ਵੱਧ ਕੁਰਬਾਨੀਆਂ, ਵੱਧ ਜ਼ਜਬਾ, ਵੱਧ ਦਾਨ ਇਹਨਾਂ ਸਭ ਦੀ ਥਾਂ ਤੇ ਇਕ ਸ਼ਬਦ ਵੱਧ ਯੋਗਦਾਨ ਨਾ ਤਾਂ ਅਜਾਈ ਗਿਆ ਹੈ ਤੇ ਨਾ ਜਾਵੇਗਾ।

ਦੂਸਰੇ ਪਾਸੇ ਕੁਝ ਹਿੰਦੂ ਤੇ ਸਿੱਖ ਵੀਰ ਮੀਡੀਆ ਵਿਚ ਜਾਂ ਸੋਸ਼ਲ ਮੀਡੀਆ ਤੇ ਖਾਲਿਸਤਾਨ ਜਾਂ ਆਰ. ਐਸ. ਐਸ. ਦੇ ਪ੍ਰਭਾਵ ਹੇਠ ਇਕ ਦੂਸਰੇ ਨੂੰ ਵੱਧ ਘੱਟ ਬੋਲ ਜਾਂਦੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਜ਼ੁਬਾਨ ਤੇ ਕਾਬੂ ਰੱਖਣ। ਕਿਉਂਕਿ ਕਿਸੇ ਪ੍ਰਤੀ ਬੋਲੇ ਗਲਤ ਸ਼ਬਦ ਵਾਪਸ ਮੂੰਹ ਵਿਚ ਨਹੀਂ ਪੈਂਦੇ। ਆਪੋ ਆਪਾ ਆਪਣੇ ਵਿਸ਼ਵਾਸ਼, ਆਪਣੇ ਧਰਮ, ਆਪਣੇ ਲਿਬਾਸ,ਆਪਣੀ ਵਿਭਿੰਨਤਾ ਵਿਚ ਰਹਿਕੇ ਵੀ ਇਕ ਰਹੀਏ ਤੇ ਇਹਨਾਂ ਤਿੰਨਾਂ ਬਿੱਲਾਂ ਨੂੰ ਵਾਪਸ ਲੈਣ ਲਈ ਸਰਕਾਰ ਤੇ ਦਬਾ ਬਣਾਈ ਰੱਖੀਏ।

ਬਿੱਲਾਂ ਦੇ ਲਾਗੂ ਰਹਿਣ ਨਾਲ ਜੋ ਮੰਹਿਗਾਈ ਦੇ ਪ੍ਰਭਾਵ ਪੈਣੇ ਹਨ। ਵੱਡੇ ਸਟੋਰਾਂ ਨੇ ਨਿੱਕੇ ਵਪਾਰ ਖਾਣੇ ਹਨ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਵਪਾਰ ਕਿਸ ਧਰਮ ਦੇ ਬੰਦੇ ਦਾ ਹੈ। ਜੇਕਰ ਦੁਕਾਨਦਾਰ ਅੱਜ ਇਹ ਸੋਚਦੇ ਹਨ ਕਿ ਬਿੱਲਾਂ ਦਾ ਪ੍ਰਭਾਵ ਸਿਰਫ਼ ਕਿਸਾਨਾਂ ਤੇ ਹੈ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾ ਪ੍ਰਭਾਵ ਫੂਡ ਪਰੋਸੈਸਿੰਗ ਅਧੀਨ ਨਿੱਕੀ ਦੁਕਾਨਦਾਰੀ ਤੇ ਪੈਣਾ ਹੈ। ਕਾਰਪੋਰੇਟ ਸੈਕਟਰ ਦਾ ਵਾਲਮਾਰਟ ਵਰਗਾ ਇਕ ਵੱਡਾ ਸਟੋਰ ਖੁੱਲ੍ਹਣ ਦੇ ਇਕ ਹਫ਼ਤੇ ਵਿਚ ਹੀ ਇਕ ਹਜ਼ਾਰ ਪਰਚੂਨ ਦੀ ਦੁਕਾਨ ਖਾ ਜਾਂਦਾ ਹੈ। ਉਹਨਾਂ ਦੁਕਾਨਦਾਰਾਂ ਵਿਚ ਪੰਜ ਪ੍ਰਤੀਸ਼ਤ ਨੂੰ ਹੀ ਉਸ ਵਿਚ ਨੌਕਰੀ ਮਿਲਦੀ ਹੈ ਤੇ ਉਹ ਆਪਣੇ ਵਪਾਰ ਦੀ ਥਾਂ ਨੌਕਰ ਬਣ ਜਾਂਦੇ ਹਨ ਤੇ ਬਾਕੀ ਬੇਰੁਜ਼ਗਾਰ।

ਆਵੋ ਸਮਝੀਏ ਕਿ ਦੁਨੀਆਂ ਵਿਚ ਅਸਲ ਵਿਚ ਦੋ ਤਰ੍ਹਾਂ ਦੇ ਹੀ ਲੋਕ ਹਨ ਇਕ ਲੁੱਟਣ ਵਾਲੇ ਤੇ ਦੂਸਰੇ ਲੁੱਟੇ ਜਾਣ ਵਾਲੇ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਬਹੁਤ ਸਮਾਂ ਪਹਿਲਾਂ ਲਿਖਿਆ ਸੀ ਕਿ ‘ਦੋ ਧੜਿਆਂ ਵਿਚ ਖ਼ਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ’। ਦੀਪ ਸਿੱਧੂ ਤੇ ਇਸ ਵਰਗੇ ਹੋਰ ਬਹੁਤ ਹਿੰਦੂ, ਸਿੱਖ ਮੁਸਲਮਾਨ ਵੰਡੀਆ ਰਾਹੀਂ ਅਸਲ ਵਿਚ ਆਪਣੇ ਲਈ ਪਲੇਟਫਾਰਮ ਲੱਭ ਰਹੇ ਹਨ। ਅਗਲੀਆਂ ਚੋਣਾਂ ਤੱਕ ਅਜਿਹੀਆਂ ਬਹੁਤ ਸਾਰੀਆਂ ਬਿੱਲੀਆਂ ਥੈਲੇ ‘ਚੋਂ ਬਾਹਰ ਆਉਣਗੀਆਂ। ਭਾਰਤ ਦੇਸ਼ ਭਾਰਤ ਵਾਸੀਆਂ ਦਾ ਸਾਝਾਂ ਹੈ। ਇਸਨੂੰ ਵੰਡਣ ਵਾਲੇ, ਤੋੜਨ ਵਾਲੇ, ਲੁੱਟਣ ਵਾਲੇ ਮੁਗਲਾਂ ਤੋਂ ਲੈ ਕੇ ਕਈ ਆਏ ਤੇ ਕਈ ਗਏ। ਅਜੋਕੇ ਲੋਕਤੰਤਰੀ ਢਾਂਚੇ ਵਿਚ ਸਰਕਾਰਾਂ ਤਾਂ ਹਮੇਸ਼ਾਂ ਅਸਥਾਈ ਹੁੰਦੀਆਂ ਹਨ। ਨਾ ਭਾਰਤ ਮੋਦੀ ਦਾ ਹੈ ਨਾ ਅਮਿਤਸ਼ਾਹ ਦਾ। ਆਵੋ ਇਕੱਠੇ ਹੋਕੇ ਇਹਨੂੰ ਇਹਨਾਂ ਦੀਆਂ ਲੋਕਮਾਰੂ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਦੀਆਂ ਨੀਤੀਅਾਂ ਤੋਂ ਬਚਾਈਏ। ਭਾਰਤ ਜਿ਼ੰਦਾਬਾਦ, ਜੈ ਕਿਸਾਨ, ਜੈ ਜਵਾਨ, ਜੈ ਕਿਰਤੀ।
***
(49)

ਬਲਜਿੰਦਰ ਸੰਘਾ 403-680-3212
***

‘ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਅਾਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ।
ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।

baljinder sangha
1403-680-3212 | sanghabal@yahoo.ca | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ