4 December 2022
dr.harshinder_kaur

ਪ੍ਰੋ. ਪ੍ਰੀਤਮ ਸਿੰਘ ਜੀ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ—ਡਾ: ਹਰਸ਼ਿੰਦਰ ਕੌਰ, ਐਮ.ਡੀ.

ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਤੇ ਸੰਤੋਖ ਸਿੰਘ ਧੀਰ ਜੀ ਇਕ ਵਾਰ ਦੁਪਹਿਰੇ ਪੰਜਾਬੀ ਜ਼ਬਾਨ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਮੈਨੂੰ ਉਸ ਸਮੇਂ ਉਨ੍ਹਾਂ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਨ੍ਹਾਂ ਦੀਆਂ ਉੱਚ ਪਧਰੀ ਵਿਦਵਤਾ ਭਰਪੂਰ ਗੱਲਾਂ ਵਿੱਚੋਂ ਬਹੁਤ ਕੁੱਝ ਸਮਝਣ ਨੂੰ ਮਿਲਿਆ। ਕਦੇ ਗੱਲ ਸ਼ਿਵ ਕੁਮਾਰ ਬਟਾਲਵੀ ਦੀ ਆ ਜਾਂਦੀ ਤੇ ਕਦੇ ਨਾਨਕ ਸਿੰਘ ਜੀ ਬਾਰੇ। ਕਦੇ ਮੌਜੂਦਾ ਲੱਚਰ ਗੀਤ ਸੰਗੀਤ ਉੱਤੇ।

ਭਾਪਾ ਜੀ ਨੇ ਦੱਸਿਆ ਕਿ ਭਾਵੇਂ ਡੇਢ ਲੱਖ ਸਾਲ ਪਹਿਲਾਂ ਜ਼ਬਾਨ ਦਾ ਜ਼ਿਕਰ ਮਿਲਦਾ ਹੈ ਪਰ ਸਾਨੂੰ ਸਿਰਫ਼ 6000 ਸਾਲ ਪਹਿਲਾਂ ਵਾਲੀਆਂ ਬੋਲੀਆਂ ਬਾਰੇ ਹੀ ਪਤਾ ਹੈ ਜਦੋਂ ਇਨ੍ਹਾਂ ਨੂੰ ਲਿਖਣਾ ਸ਼ੁਰੂ ਕੀਤਾ ਗਿਆ ਸੀ। ਪਹਿਲੇ ਮਨੁੱਖ ਤਾਂ ਵੱਖੋ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਜਾਂ ਚੀਜ਼ਾਂ ਅਤੇ ਸੀਟੀਆਂ ਦੀ ਵਰਤੋਂ ਕਰਦੇ ਰਹੇ। ਬਾਰ੍ਹਵੀਂ ਸਦੀ ਦੀ ਜਰਮਨੀ ਦੀ ਨਨ ਵੱਲੋਂ ਵਰਤੀ ‘ਲਿੰਗੂਆ ਇਗਨੋਤਾ’ ਬੋਲੀ ਦਾ ਸਿਰਫ਼ ਜ਼ਿਕਰ ਹੀ ਬਚਿਆ ਹੈ। ਬਾਕੀ ਸਭ ਇਤਿਹਾਸ ਵਿੱਚੋਂ ਗੁੰਮ ਹੋ ਚੁੱਕਿਆ ਹੋਇਆ ਹੈ। ਤਾਮਿਲ ਅਤੇ ਸੰਸਕ੍ਰਿਤ ਸਭ ਤੋਂ ਪੁਰਾਣੀਆਂ ਜ਼ਬਾਨਾਂ ਮੰਨੀਆਂ ਜਾ ਚੁੱਕੀਆਂ ਹਨ ਪਰ ਹੁਣ ਉਹ ਵੀ ਮਰ ਮੁੱਕ ਚੱਲੀਆਂ ਹਨ।

ਭਾਪਾ ਜੀ ਨੇ ਇਹ ਵੀ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਔਖੀ ਜ਼ਬਾਨ ‘ਮੈਂਡਾਰਿਨ’ ਹੈ ਪਰ ਫਿਰ ਵੀ ਉਸ ਨੂੰ ਬੋਲਣ ਵਾਲੇ 100 ਕਰੋੜ ਲੋਕ ਹਨ। ਉਹ ਵੀ ਹੋਰ ਭਾਸ਼ਾਵਾਂ ਸਿੱਖਣ ਦੀ ਚਾਹ ਰੱਖਦੇ ਹਨ ਪਰ ਆਪਣੀ ਜ਼ਬਾਨ ਮਿੱਧ ਕੇ ਨਹੀਂ।

ਕਮਾਲ ਤਾਂ ਇਹ ਵੇਖੋ ਕਿ ਅੰਗਰੇਜ਼ੀ ਜ਼ਬਾਨ ਮਸਾਂ ਹਜ਼ਾਰ ਕੁ ਸਾਲ ਪੁਰਾਣੀ ਹੈ ਪਰ ਫਿਰ ਵੀ ਸਾਰੀ ਦੁਨੀਆਂ ਵਿਚ ਧੁੰਮਾਂ ਪਾ ਰਹੀ ਹੈ। ਕਾਰਨ ਇਹ ਹੈ ਕਿ ਇਸ ਨੂੰ ਬੋਲਣ ਵਾਲੇ ਧੜਾਧੜ ਇਸ ਵਿਚ ਕਿੱਤਾ ਮੁਹੱਈਆ ਕਰਵਾਉਣ ਵਿਚ ਜੁਟੇ ਹਨ ਤੇ ਨਵੀਆਂ ਖੋਜਾਂ ਵੀ ਲਗਾਤਾਰ ਜਾਰੀ ਰੱਖ ਰਹੇ ਹਨ। ਜ਼ਬਾਨ ਨੂੰ ਪ੍ਰੋਤਸਾਹਿਤ ਕਰਨ ਦਾ ਹਰ ਹੀਲਾ ਵਰਤਿਆ ਜਾਂਦਾ ਹੈ। ਸਾਡੇ ਭੋਲੇ ਲੋਕ ਇਨ੍ਹਾਂ ਨੁਕਤਿਆਂ ਵਿਚ ਅੜ ਕੇ ਅਤੇ ਰੁਜ਼ਗਾਰ ਲੱਭਦੇ ਹੌਲੀ ਹੌਲੀ ਅੰਗਰੇਜ਼ੀ ਜ਼ਬਾਨ ਤੋਂ ਵੀ ਪੁਰਾਣੀ ਆਪਣੀ ਪੰਜਾਬੀ ਜ਼ਬਾਨ ਨੂੰ ਅਣਜਾਣੇ ਹੀ ਖ਼ਤਮ ਕਰਨ ਵੱਲ ਤੁਰ ਪਏ ਹਨ।
ਮੈਨੂੰ ਚੁਪ ਬੈਠੀ ਨੂੰ ਵੇਖ ਧੀਰ ਅੰਕਲ ਪੁੱਛਣ ਲੱਗੇ, ‘ਕਿਉਂ ਬਈ ਡਾਕਟਰ ਬੇਟੀ, ਤੇਰਾ ਕੀ ਖ਼ਿਆਲ ਐ? ਨਵੀਂ ਪੀੜ੍ਹੀ ਸਾਨੂੰ ਤਾਂ ਪੁਰਾਣਾ ਮੰਨ ਕੇ ਪੰਜਾਬੀ ਜ਼ਬਾਨ ਉੱਤੇ ਅੰਗਰੇਜ਼ੀ ਦਾ ਗਿਲਾਫ਼ ਚਾੜ੍ਹਨ ਲੱਗ ਪਈ ਐ। ਹੈ ਕੋਈ ਡਾਕਟਰੀ ਇਲਾਜ?’

ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲਦੀ, ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਕਹਿਣ ਲੱਗੇ, ‘ਇਸ ਨੇ ਕੀ ਦੱਸਣੈ, ਇਹ ਤਾਂ ਸਰੀਰ ਦੀਆਂ ਬੀਮਾਰੀਆਂ ਵਿਚ ਉਲਝੀ ਪਈ ਐ। ਸੰਨ 1971 ਤੋਂ ਹੁਣ ਤੱਕ ਸਿਰਫ਼ ਉਹ ਜ਼ਬਾਨਾਂ ਹੀ ਗਿਣੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬੋਲਣ ਵਾਲੇ 10,000 ਤੋਂ ਵੱਧ ਹਨ। ਇਸ ਦਾ ਮਤਲਬ ਇਹ ਹੋਇਆ ਕਿ 1652 ਜ਼ਬਾਨਾਂ ’ਚੋਂ ਘੱਟ ਕੇ ਸਿਰਫ਼ 108 ਜ਼ਬਾਨਾਂ ਹੀ ਜ਼ਿੰਦਾ ਬਚੀਆਂ ਹਨ।’

‘ਇਹ ਤਾਂ ਬਹੁਤ ਖ਼ਤਰੇ ਦੀ ਗੱਲ ਹੈ’, ਮੈਂ ਬੋਲੀ।

‘ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬੀ ਲੋਕ; ਆਪਣੀ ਮਾਂ ਬੋਲੀ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਚਿੰਤਿਤ ਨਹੀਂ ਹਨ। ਦੁਨੀਆ ਭਰ ਵਿਚ ਝਾਤ ਮਾਰੀਏ ਤਾਂ ਭਾਰਤ ਵਿਚਲੀਆਂ ਜ਼ਬਾਨਾਂ ਉੱਤੇ ਸੱਭ ਤੋਂ ਵੱਧ ਮਾਰ ਪੈ ਰਹੀ ਹੈ, ਜਿੱਥੇ ਅਸਟੇ੍ਰਲੀਆ, ਕਨੇਡਾ, ਚੀਨ, ਰੂਸ, ਅਮਰੀਕਾ ਤੋਂ ਕਿਤੇ ਵੱਧ ਬੋਲੀਆਂ ਖ਼ਾਤਮੇ ਵੱਲ ਜਾ ਰਹੀਆਂ ਹਨ। ਕਬੀਲਿਆਂ ਦੀਆਂ ਜ਼ਬਾਨਾਂ ਜੇ ਹੌਲੀ ਹੌਲੀ ਖ਼ਤਮ ਹੋ ਗਈਆਂ ਤਾਂ ਸਮਝੋ ਸਾਡੇ ਪਿਛੋਕੜ ਵਿੱਚੋਂ ਅੱਧਾ ਇਤਿਹਾਸ ਗਾਇਬ ਹੋ ਗਿਆ। ਸਾਡਾ ਸਦੀਆਂ ਤੋਂ ਚੱਲਦਾ ਆਉਂਦਾ ਜੜੀਆਂ-ਬੂਟੀਆਂ ਦਾ ਗਿਆਨ ਅਤੇ ਪੁਰਾਣੇ ਰੀਤ ਰਿਵਾਜ਼ ਸਮੇਤ ਬਹੁਤ ਵਡਮੁੱਲੀ ਜਾਣਕਾਰੀ ਹਮੇਸ਼ਾ ਲਈ ਗੁੰਮ ਹੋ ਜਾਏਗੀ’ ਭਾਪਾ ਜੀ ਨੇ ਸਮਝਾਇਆ।

ਧੀਰ ਅੰਕਲ ਨੇ ਕਿਹਾ, ‘ਬਿਲਕੁਲ ਸਹੀ ਪ੍ਰੋਫੈਸਰ ਸਾਹਿਬ। ਜੇ ਸਾਡੇ ਯੂਨੀਵਰਸਿਟੀਆਂ ਵਿਚਲੇ ਪ੍ਰੋਫੈਸਰ ਇਹ ਨੁਕਤਾ ਸਮਝ ਜਾਣ ਤਾਂ ਕੁੱਝ ਹੋ ਸਕਦਾ ਹੈ। ਵੇਖੋ ਨਾ, ਉੜੀਸਾ, ਛੱਤੀਸਗੜ੍ਹ, ਮਿਜ਼ੋਰਮ, ਤ੍ਰਿਪੁਰਾ ਤੇ ਮੇਘਾਲਿਆ ਵਿਚ ਪੜ੍ਹੇ ਲਿਖੇ ਲੋਕਾਂ ਨੇ ਜ਼ਿੰਮਾ ਚੁੱਕ ਕੇ ਆਪੋ ਆਪਣੀ ਮਾਂ ਬੋਲੀ ਦੀ ਮਹੱਤਤਾ ਬਾਰੇ ਹੋਰਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਹੈ ਤੇ ਬੱਚਿਆਂ ਨਾਲ ਸਿਰਫ ਮਾਂ ਬੋਲੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਹੋਇਆ ਹੈ।’

‘ਬਿਲਕੁਲ,’ ਭਾਪਾ ਜੀ ਨੇ ਅੱਗੋਂ ਗੱਲ ਤੋਰੀ, ‘ਆਪਣੀ ਮਾਂ ਬੋਲੀ ਵਿਚ ਵਧੀਆ ਬਾਲ ਕਹਾਣੀਆਂ, ਕਵਿਤਾਵਾਂ, ਲੇਖ, ਨਾਵਲ, ਫ਼ਿਲਮਾਂ ਆਦਿ ਬਣਾ ਕੇ ਜ਼ਬਾਨ ਵਿਚ ਰੂਹ ਫੂਕੀ ਜਾ ਸਕਦੀ ਹੈ। ਸੱਭ ਤੋਂ ਵੱਡਾ ਉੱਦਮ ਤਾਂ ਤਕਨੀਕੀ ਮਾਹਿਰਾਂ ਵੱਲੋਂ ਕਰਨਾ ਪੈਣਾ ਹੈ। ਜੇ ਤਕਨੀਕੀ ਵਿਦਿਆ ਆਪਣੀ ਜ਼ਬਾਨ ਵਿਚ ਸਿਖਾਈ ਜਾਏ ਤਾਂ ਜ਼ਬਾਨ ਕਦੇ ਨਹੀਂ ਮਰ ਸਕਦੀ। ਬਿਲਕੁਲ ਇੰਜ ਹੀ ਹਰ ਦਾਦੇ ਨਾਨੇ ਨੂੰ ਵੀ ਆਪਣੇ ਪੋਤਰੇ-ਦੋਹਤਰਿਆਂ ਨੂੰ ਮਾਂ ਬੋਲੀ ਦੀਆਂ ਕਹਾਣੀਆਂ ਸੁਣਾ ਕੇ ਮਾਂ ਬੋਲੀ ਦੀ ਨੀਂਹ ਪੱਕੀ ਕਰਨੀ ਚਾਹੀਦੀ ਹੈ।’

ਮੈਂ ਉਤਸੁਕਤਾ ਨਾਲ ਪੁੱਛਿਆ, ‘ਭਲਾ ਕਬਾਇਲੀਆਂ ਦੀ ਭਾਸ਼ਾ ਮੁੱਕ ਜਾਣ ਨਾਲ ਹੋਰ ਭਾਸ਼ਾਵਾਂ ਉੱਤੇ ਕੀ ਫ਼ਰਕ ਪਵੇਗਾ?’ ਭਾਪਾ ਜੀ ਨੇ ਸਮਝਾਇਆ, ‘ਜ਼ਬਾਨ ਨਾਲ ਲੋਕਾਂ ਦੀ ਪਛਾਣ ਜੁੜੀ ਹੁੰਦੀ ਹੈ। ਉਸੇ ਪਛਾਣ ਸਦਕਾ ਹੀ ਉਹ ਆਪਣੀ ਧਰਤੀ ਨਾਲ ਜੁੜਦੇ ਹਨ। ਉਹੀ ਜ਼ਬਾਨ ਉਨ੍ਹਾਂ ਦੀ ਆਪਣੇ ਪੁਰਖਿਆਂ ਨਾਲ ਸਾਂਝ ਗੰਢਦੀ ਹੈ। ਜਦੋਂ ਜ਼ਬਾਨਾਂ ਮਰਨ ਲੱਗ ਜਾਣ ਤਾਂ ਉਨ੍ਹਾਂ ਨਾਲ ਜੁੜੀ ਸੱਭਿਅਤਾ ਤਾਂ ਮਰਨੀ ਹੀ ਹੋਈ ਪਰ ਉਨ੍ਹਾਂ ਦੀ ‘ਆਪਣੀ ਧਰਤੀ’ ਵੀ ਮਰ ਮੁੱਕ ਜਾਂਦੀ ਹੈ। ਜੇ ਅਜਿਹਾ ਵੱਡੀ ਪੱਧਰ ਉੱਤੇ ਹੋਣ ਲੱਗ ਪਏ ਤਾਂ ਸਭ ਇੱਕੋ ਜਿਹੀ ਦੌੜ ਵਿਚ ਲੱਗ ਜਾਣਗੇ ਤੇ ਆਪੋ ਵਿਚ ਹੀ ਲੜ ਮਰ ਕੇ ਖ਼ਤਮ ਹੋ ਜਾਣਗੇ। ਕਿਸੇ ਨੂੰ ਦੂਜੇ ਬਾਰੇ ਜਾਣਨ ਦੀ ਚਾਹ ਹੀ ਨਹੀਂ ਹੋਵੇਗੀ ਕਿਉਂਕਿ ਸਭ ਇੱਕੋ ਜ਼ਬਾਨ ਰਾਹੀਂ ਇੱਕੋ ਸੱਭਿਅਤਾ ਬਾਰੇ ਰਟਦੇ ਇੱਕ ਦੂਜੇ ਨੂੰ ਕਾਟ ਕਰਨ ਲੱਗ ਪੈਣਗੇ। ਜੇ ਦੋ ਵੱਖੋ ਵੱਖ ਜਣੇ ਮਿਲਣ ਤਾਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤੇ ਦੂਜੇ ਨਾਲ ਜੁੜੇ ਇਤਿਹਾਸ ਵੱਲ ਵੀ ਝਾਤ ਮਾਰਨਗੇ। ਬੇਅੰਤ ਕੁਦਰਤੀ ਇਲਾਜ ਅਤੇ ਦਵਾਈਆਂ ਦੀ ਜਾਣਕਾਰੀ, ਜੋ ਪੁਰਾਤਨ ਸਮੇਂ ਵਿਚ ਸੀ, ਬਹੁਤ ਵਡਮੁੱਲੀ ਪੁਰਾਣੀ ਤਕਨੀਕੀ ਜਾਣਕਾਰੀ ਅਤੇ ਹੋਰ ਵੀ ਬਹੁਤ ਕੀਮਤੀ ਪੁਰਾਣਾ ਸਾਹਿਤ, ਸਭ ਕੁੱਝ ਖ਼ਤਮ ਹੋ ਜਾਵੇਗਾ। ਇਸੇ ਲਈ ਜ਼ਰੂਰੀ ਹੈ ਨਵੀਂ ਪਨੀਰੀ ਨੂੰ ਆਪਣੀ ਜ਼ਬਾਨ ਨਾਲ ਜੋੜਨਾ। ਉਹ ਭਾਵੇਂ ਦਸ ਹੋਰ ਜ਼ਬਾਨਾਂ ਸਿੱਖਣ ਪਰ ਆਪਣੀ ਮਾਂ ਬੋਲੀ ਮਿੱਧ ਕੇ ਨਹੀਂ।’

ਧੀਰ ਅੰਕਲ ਕਹਿਣ ਲੱਗੇ, ‘ਚੱਲ ਬੀਬਾ ਸਿਰਫ਼ ਏਨਾ ਹੀ ਸੋਚ ਕੇ ਵੇਖ ਕਿ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਭਾਸ਼ਾ ਨੂੰ ਸਮਝਣ ਵਾਲਾ ਕੋਈ ਬਚਿਆ ਹੀ ਨਾ, ਤਾਂ ਜਿਹੜਾ ਮਰਜ਼ੀ ਆ ਕੇ ਕਹਿ ਦੇਵੇਗਾ ਕਿ ਇਸ ਵਿਚ ਈਸਾ ਮਸੀਹ ਦੀ ਉਸਤਤ ਲਿਖੀ ਹੈ! ਫੇਰ ਸੋਚ ਕੇ ਵੇਖ ਕੀ ਬਣੇਗਾ!’

ਗੱਲ ਤਾਂ ਮੇਰੇ ਪੱਲੇ ਚੰਗੀ ਤਰ੍ਹਾਂ ਪੈ ਗਈ ਸੀ। ਉਸ ਸਮੇਂ ਜੋ ਮੇਰੇ ਜ਼ਿੰਮੇ ਉਨ੍ਹਾਂ ਦੋਵਾਂ ਨੇ ਕੰਮ ਲਾਇਆ ਸੀ, ਉਹ ਮੈਂ ਹਾਲੇ ਤੱਕ ਨਿਭਾ ਰਹੀ ਹਾਂ। ਭਾਪਾ ਜੀ 25 ਅਕਤੂਬਰ, 2008 ਨੂੰ ਅਲਵਿਦਾ ਕਹਿ ਗਏ ਸਨ ਪਰ ਨਿੱਕੇ ਬਾਲਾਂ ਨੂੰ ਤਕਨੀਕੀ ਜਾਣਕਾਰੀ ਪੰਜਾਬੀ ਜ਼ਬਾਨ ਵਿਚ ਦੇਣ ਦੀ ਜ਼ਿੰਮੇਵਾਰੀ ਮੈਂ ਲਗਾਤਾਰ ਨਿਭਾ ਰਹੀ ਹਾਂ ਅਤੇ ਪੁਰਾਣੇ ਪੰਜਾਬੀ ਸਾਹਿਤਕਾਰਾਂ ਦੀ ਯਾਦ ਵੀ ਤਾਜ਼ਾ ਕਰਦੀ ਰਹਿੰਦੀ ਹਾਂ। ਡਾਕਟਰੀ ਵਿਗਿਆਨ ਨੂੰ ਆਪਣੀ ਮਾਂ ਬੋਲੀ ਵਿਚ ਸੌਖੇ ਸ਼ਬਦਾਂ ਵਿਚ ਲਿਖਣ ਦਾ ਕੰਮ ਵੀ ਭਾਪਾ ਜੀ ਦੀ ਹੱਲਾਸ਼ੇਰੀ ਸਦਕਾ ਹੀ ਸੰਭਵ ਹੋ ਰਿਹਾ ਹੈ।
***
ਡਾ: ਹਰਸ਼ਿੰਦਰ ਕੌਰ,
ਬੱਚਿਆਂ ਦੇ ਰੋਗਾਂ ਦੇ ਮਾਹਰ,
ਪਟਿਆਲਾ,
ਫ਼ੋਨ : 0175-2216783

***
590
***

About the author

ਡਾ.ਹਰਸ਼ਿੰਦਰ ਕੌਰ
ਡਾ. ਹਰਸ਼ਿੰਦਰ ਕੌਰ, ਐਮ. ਡੀ.
0175-2216783/mobile:+91 9417666069 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਹਰਸ਼ਿੰਦਰ ਕੌਰ, ਐਮ. ਡੀ.

View all posts by ਡਾ. ਹਰਸ਼ਿੰਦਰ ਕੌਰ, ਐਮ. ਡੀ. →