ਜਿਵੇਂ-ਜਿਵੇਂ ਉਮਰ ਵਧਦੀ ਹੈ, ਦਿਮਾਗ਼ ਦਾ ਸੁੰਗੜਨਾ ਵਧਦਾ ਜਾਂਦਾ ਹੈ। ਇਸੇ ਲਈ ਯਾਦਾਸ਼ਤ ਦੀ ਕਮੀ ਵੀ ਦਿਸਣ ਲੱਗ ਪੈਂਦੀ ਹੈ। ਕਈ ਕਿਸਮਾਂ ਦੇ ਹਾਰਮੋਨ ਅਤੇ ਰਸ ਵੀ ਘੱਟ ਜਾਂਦੇ ਹਨ। ਢਹਿੰਦੀ ਕਲਾ ਦਾ ਬਹੁਤ ਅਹਿਮ ਰੋਲ ਲੱਭਿਆ ਗਿਆ, ਜਿਸ ਨਾਲ ਦਿਮਾਗ਼ ਦਾ ਸੁੰਗੜਨਾ ਵਕਤ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਭੁੱਲਣੀਆਂ, ਨਾਂ ਭੁੱਲ ਜਾਣੇ, ਚੀਜ਼ ਰੱਖ ਕੇ ਭੁੱਲ ਜਾਣੀ, ਜਿੱਥੇ ਗਏ ਹੋਵੇ, ਉੱਥੇ ਕੁੱਝ ਛੱਡ ਆਉਣਾ ਆਦਿ ਆਮ ਹੀ ਲੋੜੋਂ ਵੱਧ ਦਿਮਾਗ਼ ਉੱਤੇ ਬੋਝ, ਤਣਾਓ ਜਾਂ ਢਹਿੰਦੀ ਕਲਾ ਵਿਚ ਦਿਸਣ ਲੱਗ ਪੈਂਦਾ ਹੈ। ਇਹ ਵੀ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਵਧਦੀ ਉਮਰ ਨਾਲ ਆਵਾਜ਼ ਦੀ ਗੜਕ ਵਿਚ ਫ਼ਰਕ ਪੈ ਜਾਂਦਾ ਹੈ। ਕਈ ਵਾਰ ਲੋਕਾਂ ਜਾਂ ਸ਼ਹਿਰਾਂ ਦੇ ਨਾਂ ਵੀ ਚੇਤੇ ਵਿੱਚੋਂ ਵਿਸਰ ਜਾਂਦੇ ਹਨ। ਕੁੱਝ ਬਹੁਤ ਹੌਲੀ ਬੋਲਣ ਲੱਗ ਪੈਂਦੇ ਹਨ। ਇਹ ਸਭ ਕੁੱਝ ਦਿਮਾਗ਼ ਵੱਲ ਜਾਂਦੇ ਲਹੂ ਦਾ ਘਟਣਾ, ਦਿਮਾਗ਼ ਦੀਆਂ ਨਾੜੀਆਂ ਦਾ ਭੀੜੀਆਂ ਹੋਣਾ, ਲਹੂ ਦੇ ਝੱਪੇ ਜੰਮਣੇ, ਬੋਲਣ ਵਾਲੇ ਜੰਤਰ ਦਾ ਸੁੰਗੜ ਜਾਣਾ, ਗਲੇ ਦੇ ਪੱਠਿਆਂ ਦੀ ਕਮਜ਼ੋਰੀ ਆਦਿ, ਅਨੇਕ ਕਾਰਨਾਂ ਕਰ ਕੇ ਉੱਚੀ ਆਵਾਜ਼ ਨਾ ਨਿਕਲਣੀ ਅਤੇ ਤੇਜ਼ੀ ਨਾਲ ਨਾ ਬੋਲ ਸਕਣਾ ਆਮ ਹੀ ਦਿਸਦੇ ਹਨ। ਜੇ ਪਾਰਕਿਨਸਨ ਰੋਗ ਹੋ ਜਾਵੇ ਜਾਂ ਦਿਮਾਗ਼ੀ ਸੱਟ ਵੱਜੀ ਹੋਵੇ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਕਈ ਵਾਰ ਬੋਲਣ ਵੇਲੇ ਮੂੰਹ ਦਾ ਕਾਂਬਾ ਜਾਂ ਰਲਗਡ ਜਿਹੇ ਬੋਲ ਵੀ ਸੁਣੇ ਜਾ ਸਕਦੇ ਹਨ। ਇਹ ਮੂੰਹ, ਗਲੇ ਅਤੇ ਚਿਹਰੇ ਦੇ ਪੱਠਿਆਂ ਦੀ ਲੋੜੋਂ ਵੱਧ ਕਮਜ਼ੋਰੀ ਕਾਰਨ ਹੋ ਜਾਂਦਾ ਹੈ ਕਿਉਂਕਿ ਪ੍ਰੋਟੀਨ ਦੀ ਘਾਟ ਨਾਲ ਪੱਠੇ ਵੀ ਬਹੁਤੇ ਕਮਜ਼ੋਰ ਹੋ ਜਾਂਦੇ ਹਨ। ਜੇ ਦਿਮਾਗ਼ ਨੂੰ ਲਗਾਤਾਰ ਰਵਾਂ ਨਾ ਕੀਤਾ ਜਾ ਰਿਹਾ ਹੋਵੇ, ਯਾਨੀ ਇਕੱਲੇ ਬਹਿ ਜਾਣਾ ਜਾਂ ਘਰ ਅੰਦਰ ਹੀ ਤੜੇ ਜਾਣਾ ਅਤੇ ਕੁੱਝ ਵੀ ਨਵਾਂ ਨਾ ਲਿਖਣਾ ਜਾਂ ਪੜ੍ਹਣਾ, ਤਾਂ 50 ਵਰ੍ਹਿਆਂ ਦੀ ਉਮਰ ਤੋਂ ਪਹਿਲਾਂ ਹੀ ਦਿਮਾਗ਼ ਲੋੜੋਂ ਵੱਧ ਸੁੰਗੜ ਜਾਂਦਾ ਹੈ। ਇਸੇ ਲਈ ਬੁਝਾਰਤਾਂ ਬੁੱਝਣੀਆਂ, ਨਵੀਂ ਜ਼ਬਾਨ ਸਿੱਖਣੀ, ਨੱਚਣਾ, ਤੇਜ਼ ਤੁਰਨਾ, ਸਵੈਟਰ ਬੁਣਨਾ, ਗੀਤ ਗਾਉਣੇ, ਗਿੱਧਾ ਪਾਉਣਾ, ਖੇਤੀ ਕਰਨੀ, ਗੋਡੀ ਕਰਨੀ, ਨਵੀਂ ਚੀਜ਼ ਬਣਾ ਕੇ ਖਾਣੀ, ਤਾਸ਼ ਖੇਡਣੀ, ਅਖਬਾਰ ਜਾਂ ਨਾਵਲ ਪੜ੍ਹਨੇ, ਸੰਗੀਤ ਸਿਰਜਣਾ ਜਾਂ ਸੁਣਨਾ ਆਦਿ, ਵਰਗੇ ਕੰਮ ਦਿਮਾਗ਼ ਨੂੰ ਚੁਸਤ ਰੱਖਣ ਲਈ ਜ਼ਰੂਰ ਕਰਨੇ ਚਾਹੀਦੇ ਹਨ। ਦਿਮਾਗ਼ ਵਿਹਲਾ ਹੁੰਦੇ ਸਾਰ ਸੁਸਤ ਪੈ ਕੇ ਵਾਧੂ ਚੀਜ਼ਾਂ ਬਾਹਰ ਕੱਢ ਦਿੰਦਾ ਹੈ। ਖੋਜਾਂ ਤਾਂ ਇੱਥੋਂ ਤੱਕ ਸਾਬਤ ਕਰ ਚੁੱਕੀਆਂ ਹਨ ਕਿ ਵਿਹਲੇ ਸਮੇਂ ਤਾਸ਼ ਖੇਡਣ ਜਾਂ ਅਖ਼ਬਾਰ ਪੜ੍ਹਨ ਨਾਲ ਵੀ ਬੌਧਿਕ ਵਿਕਾਸ ਵਾਲਾ ਸੈਂਟਰ ਰਵਾਂ ਹੁੰਦਾ ਰਹਿੰਦਾ ਹੈ ਤੇ ਸੁੰਗੜਦਾ ਨਹੀਂ। ਇੰਜ ਹੀ ਨਵੇਂ ਲੋਕਾਂ ਨੂੰ ਮਿਲਣ ਗਿਲਣ ਜਾਂ ਵੈਸੇ ਹੀ ਖਲੋ ਕੇ ਉਨ੍ਹਾਂ ਨਾਲ ਗੱਲ ਕਰਨ ਨਾਲ ਵੀ ਦਿਮਾਗ਼ ਵੱਲ ਜਾਂਦਾ ਲਹੂ ਰਵਾਂ ਹੁੰਦਾ ਰਹਿੰਦਾ ਹੈ। ਇਸ ਦੇ ਨਾਲੋ ਨਾਲ ਸਵੇਰ ਵੇਲੇ ਦੀ ਲੰਮੀ ਸੈਰ ਅਤੇ ਹਰੀਆਂ ਸਬਜ਼ੀਆਂ ਤੇ ਫਲ ਖਾਂਦੇ ਰਹਿਣਾ ਅਧੇੜ ਉਮਰ ਤੱਕ ਦਿਮਾਗ਼ੀ ਤੰਦਰੁਸਤੀ ਦਾ ਰਾਜ਼ ਮੰਨੇ ਗਏ ਹਨ। ਨੈਸ਼ਨਲ ਰਿਸਰਚ ਕਾਊਂਸਲ ਨੇ ਸੰਨ 2000 ਵਿਚ ਤੇ ਫਿਰ ਸੰਨ 2003 ਵਿਚ ਇਹ ਸਪਸ਼ਟ ਕੀਤਾ ਸੀ ਕਿ ਕੋਈ ਵੀ ਨਵੀਂ ਖੋਜ ਪੜ੍ਹਦੇ ਰਹਿਣ ਨਾਲ ਵੀ ਵਡੇਰੀ ਉਮਰ ਤੱਕ ਯਾਦਾਸ਼ਤ ਦਾ ਸੈਂਟਰ ਤਾਜ਼ਾ ਰੱਖਿਆ ਜਾ ਸਕਦਾ ਹੈ। ਇਹ ਵੀ ਅਣਗਿਣਤ ਲੋਕਾਂ ਉੱਤੇ ਖੋਜ ਕੀਤੀ ਜਾ ਚੁੱਕੀ ਹੈ ਕਿ ਦੋਸਤਾਂ ਮਿੱਤਰਾਂ ਜਾਂ ਆਂਢੀਆਂ ਗੁਆਂਢੀਆਂ ਨਾਲ ਗੱਲਬਾਤ ਕਰਦੇ ਰਹਿਣ ਵਾਲੇ ਲੰਮੀ ਉਮਰ ਭੋਗਦੇ ਹਨ। ਇਸ ਦੇ ਸਬੂਤ ਵੀ ਮਿਲ ਚੁੱਕੇ ਹਨ ਕਿ ਪੋਤਰੇ ਦੋਹਤਰਿਆਂ ਨਾਲ ਸਾਂਝ ਗੰਢਣ ਵਾਲੇ ਬਜ਼ੁਰਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਜ਼ਿਆਦਾ ਦੇਰ ਤੱਕ ਠੀਕ ਰਹਿੰਦੀ ਹੈ। ਜਾਨਵਰ ਵੀ ਜੇ ਇਕੱਲੇ ਰੱਖ ਕੇ ਪਾਲੇ ਜਾਣ ਤਾਂ ਉਨਾਂ ਦੇ ਦਿਮਾਗ਼ ਦਾ ਸੁੰਗੜਨਾ ਵੇਖਿਆ ਗਿਆ ਹੈ। ਇੰਜ ਹੀ ਇਕੱਲਾ ਰਹਿ ਗਿਆ ਬਜ਼ੁਰਗ ਆਪਣੇ ਆਪ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਇਸ ਚੁੱਪ ਅਤੇ ਜ਼ਿੰਦਗੀ ਵਿਚਲੇ ਖੋਖਲੇਪਨ ਨੂੰ ਭਰਨ ਲਈ ਬਜ਼ੁਰਗ ਘਰ ਅਤੇ ਬਜ਼ੁਰਗਾਂ ਲਈ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਵਡੇਰੀ ਉਮਰ ਵਿਚ ਵੀ ਬਜ਼ੁਰਗ ਕਿਸੇ ਉੱਤੇ ਆਸ਼ਰਿਤ ਮਹਿਸੂਸ ਨਾ ਕਰਨ। ਇੰਜ ਹੀ ਵਿਸ਼ਵ ਪੱਧਰ ਉੱਤੇ ਬਜ਼ੁਰਗਾਂ ਦੀਆਂ ਖੇਡਾਂ ਪ੍ਰਚਲਿਤ ਕੀਤੀਆਂ ਗਈਆਂ ਹਨ। ਢਹਿੰਦੀ ਕਲਾ ਵਡੇਰੀ ਉਮਰ ਵਿਚ ਆਮ ਹੀ ਆ ਦਬੋਚਦੀ ਹੈ। ਕਾਰਨ-ਮੌਤ ਦਾ ਭੈਅ, ਪੈਸੇ ਦੀ ਘਾਟ, ਆਪਣਿਆਂ ਵੱਲੋਂ ਬੇਕਦਰੀ, ਜੀਵਨ ਸਾਥੀ ਦਾ ਤੁਰ ਜਾਣਾ ਆਦਿ। ਇਸੇ ਲਈ ਰੈਗੂਲਰ ਸਿਹਤ ਦਾ ਚੈੱਕਅੱਪ ਅਤੇ ਵੇਲੇ ਸਿਰ ਬੀਮਾਰੀਆਂ ਦਾ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਮਨੋਰੋਗ ਸਪੈਸ਼ਲਿਸਟ ਵੱਲੋਂ ਚੈੱਕਅੱਪ ਜ਼ਰੂਰੀ ਹੁੰਦਾ ਹੈ। ਮਨੋਰੋਗਾਂ ਤੋਂ ਬਚਾਓ ਲਈ ਬਜ਼ੁਰਗਾਂ ਨੂੰ ਬੈਂਕ, ਸੈਰ ਸਪਾਟਾ ਜਾਂ ਬਜ਼ਾਰ ਵਿਚ ਖਰੀਦੋ ਫਰੋਖ਼ਤ ਲਈ ਜਾਣ ਵਾਸਤੇ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਨਵੀਂ ਜ਼ਬਾਨ ਸਿੱਖਣ, ਨਵੀਆਂ ਗੱਲਾਂ ਸੁਣਨ ਅਤੇ ਨਵੀਆਂ ਚੀਜ਼ਾਂ ਵੇਖਣ ਨਾਲ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵੱਲ ਜਾਂਦੀਆਂ ਤਰੰਗਾਂ ਦਿਮਾਗ਼ ਦੇ ਸਾਰੇ ਹਿੱਸਿਆਂ ਨੂੰ ਚੁਸਤ ਕਰ ਦਿੰਦੀਆਂ ਹਨ। ਹਰ ਨਵੇਂ ਸਿੱਖੇ ਸ਼ਬਦ ਨੂੰ ਬੱਚਿਆਂ ਵਾਂਗ ਪੰਜ ਜਾਂ ਛੇ ਵਾਰ ਦੁਹਰਾਉਣਾ ਚਾਹੀਦਾ ਹੈ। ਬਿਲਕੁਲ ਇੰਜ ਹੀ ਨੱਚਣ ਨਾਲ ਜਿੱਥੇ ਵੱਖੋ-ਵੱਖ ਜੋੜ ਅਤੇ ਪੱਠੇ ਠੀਕ ਰਹਿੰਦੇ ਹਨ, ਉੱਥੇ ਦਿਮਾਗ਼ ਵੀ ਪੂਰਾ ਚੁਸਤ ਹੋ ਜਾਂਦਾ ਹੈ। ਚੰਗੇ ਸਪੈਸ਼ਲਿਸਟ ਡਾਕਟਰਾਂ ਅਨੁਸਾਰ ਹਰ ਇੰਦ੍ਰੀ ਨੂੰ ਰੋਜ਼ ਚੁਸਤ ਕਰਨ ਲਈ ਵੇਖਣ, ਸੁਣਨ, ਛੋਹਣ, ਸੁਆਦ ਅਤੇ ਸੁੰਘਣ ਦੀਆਂ ਤੰਤੀਆਂ ਨੂੰ ਵਰਤਣ ਦੀ ਲੋੜ ਹੁੰਦੀ ਹੈ। ਨਵੇਂ ਹੋਟਲ ਵਿਚ ਰੋਟੀ ਖਾਣੀ, ਬਾਗ਼ ਵਿਚ ਸੈਰ ਕਰਨੀ, ਨਵੀਂ ਪਰਫਿਊਮ ਲਾਉਣੀ, ਨਵੀਂ ਚਾਦਰ ਵਿਛਾਉਣੀ, ਨਵੇਂ ਫੁੱਲ ਲਾਉਣੇ, ਪਾਲਤੂ ਜਾਨਵਰ ਰੱਖਣਾ ਆਦਿ, ਹਰ ਗੱਲ ਨੂੰ ਵਾਰੀ-ਵਾਰੀ ਕਰ ਕੇ ਅਜਿਹਾ ਕੀਤਾ ਜਾ ਸਕਦਾ ਹੈ। ਜੇ ਬਜ਼ੁਰਗ ਆਪ ਕਾਰ ਚਲਾ ਸਕਦੇ ਹੋਣ ਜਾਂ ਸਾਈਕਲ ਚਲਾ ਰਹੇ ਹੋਣ ਤਾਂ ਬਹੁਤ ਵਧੀਆ ਹੈ। ਜੇ ਨਾ ਕਰ ਸਕਦੇ ਹੋਣ ਤਾਂ ਕਿਸੇ ਹੋਰ ਨੂੰ ਨਵੀਂ ਚੀਜ਼ ਚਲਾਉਣੀ ਜਾਂ ਬਣਾਉਣੀ ਸਿਖਾਈ ਜਾ ਸਕਦੀ ਹੈ। ਇੰਜ ਹੀ ਗੋਲਫ਼, ਘੁੜਸਵਾਰੀ, ਤੈਰਨਾ ਆਦਿ ਕੁੱਝ ਵੀ ਕਰਨ ਜਾਂ ਕਿਸੇ ਨੂੰ ਸਿਖਾਉਣ ਨਾਲ ਦਿਮਾਗ਼ ਰਵਾਂ ਕੀਤਾ ਜਾ ਸਕਦਾ ਹੈ। ਸਿਤਾਰ, ਗਿਟਾਰ, ਢੋਲ, ਪਿਆਨੋ, ਵਾਜਾ ਜਾਂ ਬੰਸਰੀ ਵਜਾਉਣੀ ਏਨੀ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ ਕਿ ਸੰਨ 2017 ਵਿਚ ਕੀਤੀ ਖੋਜ ਅਨੁਸਾਰ ਜਿਹੜੇ ਸੰਗੀਤ ਨਾਲ ਜੁੜੇ ਰਹੇ, ਉਨ੍ਹਾਂ ਵਿਚ ਢਹਿੰਦੀ ਕਲਾ ਕਾਫੂਰ ਹੋ ਗਈ ਤੇ ਦਿਮਾਗ਼ ਬਾਕੀਆਂ ਨਾਲੋਂ ਵੱਧ ਚੁਸਤ ਹੋ ਗਏ। ਜੇ ਹਰ ਰੋਜ਼ ਸੈਰ ਕਰਨ ਲੱਗਿਆਂ ਵੱਖ ਰਾਹ ਲੈ ਲਿਆ ਜਾਵੇ ਤਾਂ ਏਨੇ ਨਾਲ ਹੀ ਮਾਨਸਿਕ ਅਤੇ ਸਰੀਰਕ ਤਬਦੀਲੀ ਵੇਖੀ ਜਾ ਸਕਦੀ ਹੈ। ਹਰ ਰੋਜ਼ ਕੁੱਝ ਚਿਰ ਲਈ ਧਿਆਨ ਲਾਉਣਾ, ਯੋਗ ਕਰਨਾ ਜਾਂ ਭਗਤੀ ਕਰਨ ਨਾਲ ਵੀ ਇਕਾਗਰਤਾ ਵਿਚ ਵਾਧਾ ਹੋ ਜਾਂਦਾ ਹੈ। ਜਿਹੜੇ ਬਜ਼ੁਰਗ ਦੋ ਜਾਂ ਤਿੰਨ ਜ਼ਬਾਨਾਂ ਬੋਲ ਸਕਦੇ ਹੋਣ, ਉਨ੍ਹਾਂ ਦੇ ਦਿਮਾਗ਼ ਨੂੰ ਬੁਢੇਪਾ ਛੇਤੀ ਚੰਬੜਦਾ ਨਹੀਂ, ਯਾਦਾਸ਼ਤ ਦੇਰ ਤਕ ਦਰੁਸਤ ਰਹਿੰਦੀ ਹੈ ਅਤੇ ਚੀਜ਼ਾਂ ਵੀ ਛੇਤੀ ਭੁੱਲਦੇ ਨਹੀਂ। ਹਲਕਾ ਭਾਰ ਚੁੱਕ ਕੇ ਤੁਰਨ ਨਾਲ ਪੱਠਿਆਂ ਦੀ ਮਜ਼ਬੂਤੀ ਬਣੀ ਰਹਿੰਦੀ ਹੈ ਅਤੇ ਕਮਜ਼ੋਰੀ ਘੱਟ ਮਹਿਸੂਸ ਹੁੰਦੀ ਹੈ। ਇੰਜ ਪੱਠੇ ਅਤੇ ਮਾਸ ਲਟਕਿਆ ਨਹੀਂ ਦਿਸਦਾ। ਜਦੋਂ ਬਜ਼ੁਰਗ ਬਾਹਰ ਸੈਰ ਕਰਨ ਨਿਕਲਣ ਤਾਂ ਸਿਰ ਝੁਕਾ ਕੇ ਤੁਰਨ ਨਾਲੋਂ ਸਾਹਮਣੇ ਲੰਘਦੇ ਬੰਦਿਆਂ ਅਤੇ ਤੀਵੀਆਂ ਦੇ ਕਪੜਿਆਂ ਦੇ ਰੰਗ, ਜੁੱਤੀਆਂ, ਵਾਲ, ਐਨਕ, ਟੋਪੀ, ਦਾੜੀ, ਮੁੱਛਾਂ ਆਦਿ ਵੱਲ ਗਹੁ ਨਾਲ ਤੱਕਦੇ ਰਹਿਣ ਤਾਂ ਦਿਮਾਗ਼ ਨੂੰ ਵੰਨ ਸੁਵੰਨੇ ਸੁਣੇਹੇ ਪਹੁੰਚਦੇ ਹਨ ਜਿਸ ਨਾਲ ਯਾਦਾਸ਼ਤ ਦਾ ਸੈਂਟਰ ਰਵਾਂ ਹੁੰਦਾ ਰਹਿੰਦਾ ਹੈ ਅਤੇ ਨਵੀਆਂ ਚੀਜ਼ਾਂ ਦੇ ਨਾਵਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ। ਲੰਮੀ ਉਮਰ ਦਰਅਸਲ ਜ਼ਿਆਦਾਤਰ ਜੀਨ ਆਧਾਰਿਤ ਹੁੰਦੀ ਹੈ ਕਿ ਮਾਪੇ ਜਾਂ ਵੱਡੇ ਵਡੇਰੇ ਕਿੰਨੀ ਲੰਮੀ ਉਮਰ ਭੋਗ ਕੇ ਗਏ। ਇਸ ਦੇ ਨਾਲ ਹੀ ਜੀਨ ਆਧਾਰਿਤ ਬੀਮਾਰੀਆਂ ਉਮਰ ਉੱਤੇ ਅਸਰ ਪਾਉਂਦੀਆਂ ਹਨ। ਜੇ 60 ਵਰ੍ਹਿਆਂ ਦੀ ਉਮਰ ਟੱਪ ਚੁੱਕੇ ਹੋਵੇ ਤਾਂ ਰੂਟੀਨ ਬੰਨ੍ਹਣਾ ਬਹੁਤ ਜ਼ਰੂਰੀ ਹੁੰਦਾ ਹੈ। ਸਵੇਰ ਦੇ ਨਾਸ਼ਤੇ ਦਾ, ਦੁਪਹਿਰ ਦੇ ਖਾਣੇ ਦਾ, ਸ਼ਾਮ ਦੀ ਚਾਹ ਦਾ, ਰਾਤ ਦੇ ਖਾਣੇ ਦਾ, ਸੌਣ ਦਾ ਅਤੇ ਸਵਖ਼ਤੇ ਉੱਠਣ ਦਾ! ਜੇ ਰਾਤ ਨੀਂਦਰ ਨਾ ਵੀ ਆਈ ਹੋਵੇ, ਤਾਂ ਵੀ ਸਵੇਰ ਵੇਲੇ ਉੱਠ ਕੇ, ਨਹਾ ਧੋ ਕੇ, ਤਿਆਰ ਹੋ ਕੇ, ਨਾਸ਼ਤਾ ਕਰ ਕੇ, ਬਾਅਦ ਵਿਚ ਕੁੱਝ ਚਿਰ ਸੁੱਤਾ ਜਾ ਸਕਦਾ ਹੈ। ਖ਼ੁਰਾਕ ਵਿਚ ਤਬਦੀਲੀ ਕੀ ਹੋਵੇ? 50 ਸਾਲਾਂ ਦੀ ਉਮਰ ਤੋਂ ਬਾਅਦ ਰੈਗੂਲਰ ਤਗੜੀ ਕਸਰਤ ਦੇ ਨਾਲੋ ਨਾਲ ਖ਼ੁਰਾਕ ਦੀ ਬਹੁਤ ਅਹਿਮੀਅਤ ਹੈ। ਘੱਟ ਥਿੰਦਾ, ਵੱਧ ਸਬਜ਼ੀਆਂ, ਦਾਲਾਂ ਤੇ ਪ੍ਰੋਟੀਨ ਭਰਪੂਰ ਖ਼ਰਾਕ ਜ਼ਰੂਰੀ ਹੈ। ਜੇ 50 ਸਾਲਾਂ ਤੋਂ ਬਾਅਦ ਖ਼ੁਰਾਕ ਦਾ ਸਹੀ ਖ਼ਿਆਲ ਰੱਖ ਲਿਆ ਜਾਵੇ ਤਾਂ ਘੱਟੋ ਘੱਟ 10 ਤੋਂ 15 ਸਾਲ ਦੀ ਉਮਰ ਵੱਧ ਜਾਂਦੀ ਹੈ। ਇਸ ਵਿਚ ਸਿਗਰਟ ਬੀੜੀ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਂਦੀ ਹੈ। ਕਦੇ ਕਦਾਈਂ ਬਹੁਤ ਘੱਟ ਸ਼ਰਾਬ ਲਈ ਜਾ ਸਕਦੀ ਹੈ, ਯਾਨੀ ਬਸ ਵਾਈਨ ਦੇ ਇੱਕ ਜਾਂ ਦੋ ਗਿਲਾਸ! ਬਰਿਟਿਸ਼ ਮੈਡੀਕਲ ਜਰਨਲ ਵਿਚ ਛਪੀ ਖੋਜ ਅਨੁਸਾਰ ਜਿਹੜੇ ਜਣੇ 50 ਸਾਲ ਦੀ ਉਮਰ ਤੋਂ ਬਾਅਦ ਸਹੀ ਖ਼ੁਰਾਕ ਖਾਂਦੇ ਰਹੇ ਉਨ੍ਹਾਂ ਵਿਚ ਸ਼ੱਕਰ ਰੋਗ, ਕੈਂਸਰ ਜਾਂ ਦਿਲ ਦੇ ਰੋਗ ਘੱਟ ਹੋਏ ਅਤੇ ਉਹ ਬਾਕੀਆਂ ਨਾਲੋਂ ਲਗਭਗ 8 ਜਾਂ 10 ਸਾਲ ਵੱਧ ਜੀਅ ਸਕੇ। ਇਸ ਖੋਜ ਵਿਚ 73,196 ਔਰਤਾਂ ਅਤੇ 38,366 ਆਦਮੀ ਸ਼ਾਮਲ ਕੀਤੇ ਗਏ ਸਨ। ਸਭ ਨੂੰ ਰੋਜ਼ 40 ਮਿੰਟ ਤਗੜੀ ਕਸਰਤ ਵੀ ਕਰਵਾਈ ਗਈ ਸੀ। ਕਿਹੜੀ ਚੀਜ਼ ਖਾਧੀ ਜਾਵੇ :- ਭਾਰ ਕਾਬੂ ਵਿਚ ਰੱਖਣ ਅਤੇ ਸਾਰੇ ਅੰਗਾਂ ਦਾ ਕੰਮ ਕਾਰ ਸਹੀ ਰੱਖਣ ਲਈ ਢੇਰ ਸਾਰੀਆਂ ਵੰਨ ਸੁਵੰਨੀਆਂ ਸਬਜ਼ੀਆਂ, ਫਲ, ਛਾਣਬੂਰੇ ਵਾਲਾ ਆਟਾ, ਘਟ ਥਿੰਦੇ ਵਾਲਾ ਦੁੱਧ, ਦਹੀਂ ਪਨੀਰ, ਚਿਕਨ, ਮੱਛੀ, ਅੰਡੇ ਅਤੇ ਸੁੱਕੇ ਮੇਵੇ ਰੋਜ਼ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਰਾਹੀਂ ਲੋੜੀਂਦੇ ਕੈਲਸ਼ੀਅਮ, ਪ੍ਰੋਟੀਨ, ਮਿਨਰਲ ਤੱਤ ਅਤੇ ਵਿਟਾਮਿਨ ਬੀ 12 ਸਰੀਰ ਅੰਦਰ ਪਹੁੰਚ ਜਾਂਦੇ ਹਨ। ਕਿੰਨੀ ਨੀਂਦਰ ਹੋਵੇ ? ਫ਼ਿਕਰ ਕਰਨਾ ਕਿਵੇਂ ਛੱਡਿਆ ਜਾਵੇ? ਮੰਨੀ ਪਰਮੰਨੀ ਗੱਲ ਹੈ ਕਿ ਲੋਕ ਮਰ ਮੁੱਕ ਜਾਂਦੇ ਹਨ ਪਰ ਕੰਮ ਨਹੀਂ ਮੁੱਕਦੇ। ਇਸ ਲਈ ਬਚੇ ਹੋਏ ਕੰਮਾਂ ਦੀ ਫ਼ਿਕਰ ਛੱਡ ਦੇਣੀ ਚਾਹੀਦੀ ਹੈ। ਇੰਜ ਹੀ ਅੱਜ ਤੱਕ ਕਿਸੇ ਨੂੰ ਕਦੇ ਮੁਕੰਮਲ ਜਹਾਨ ਹਾਸਲ ਨਹੀਂ ਹੋਇਆ। ਸਾਨੂੰ ਤਾਂ ਜ਼ਿੰਦਗੀ ਨਾਲ ਸ਼ਿਕਾਇਤਾਂ ਕਰਨ ਦੀ ਥਾਂ ਉਦਾਸੀਆਂ ਦੇ ਓਹਲੇ ਲੁਕੀਆਂ ਖ਼ੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਿੰਦਗੀ ਅਤੇ ਸਮੇਂ ਨੂੰ ਬੰਨਿਆ ਜਾ ਹੀ ਨਹੀਂ ਸਕਦਾ। ਇਸੇ ਲਈ ਹੋਰਨਾਂ ਨੂੰ ਠੀਕ ਕਰਨ ਦੀ ਥਾਂ ਆਪਣੇ ਆਪ ਨੂੰ ਤਬਦੀਲ ਕਰਨਾ ਹੀ ਠੀਕ ਰਹਿੰਦਾ ਹੈ। ਹੱਸਣਾ ਅਤੇ ਗਾਣਾ ਜਾਂ ਗੁਣਗੁਣਾਉਣਾ ਤਣਾਓ ਘਟਾਉਣ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੋ ਚੁੱਕਿਆ ਹੈ। ਪਿਛਾਂਹ ਲੰਘ ਚੁੱਕੀ ਜ਼ਿੰਦਗੀ ਵਿਚ ਵਾਰ-ਵਾਰ ਝਾਤ ਮਾਰ ਕੇ ਕਿਸੇ ਹੋਰ ਨਾਲ ਮੇਚ ਕੇ ਸਿਵਾਏ ਢਹਿੰਦੀ ਕਲਾ ਦੇ, ਕੁੱਝ ਵੀ ਹਾਸਲ ਨਹੀਂ ਹੁੰਦਾ। ਇਸੇ ਲਈ ਅੱਗੋਂ ਆਉਣ ਵਾਲੇ ਸਮੇਂ ਬਾਰੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਕਿ ਹੁਣ ਕਿਵੇਂ ਇਹ ਸਮਾਂ ਵਧੀਆ ਗੁਜ਼ਾਰਿਆ ਜਾਵੇ। ਜਿਹੜੀਆਂ ਤਮੰਨਾਵਾਂ ਪਹਿਲਾਂ ਘਰੇਲੂ ਕੰਮਾਂ ਦੇ ਪੂਰਾ ਕਰਨ ਵਿਚ ਦਫਨ ਹੋ ਚੁੱਕੀਆਂ ਹੋਣ, ਉਨ੍ਹਾਂ ਨੂੰ ਪੂਰਾ ਕਰਨ ਦਾ ਇਸ ਤੋਂ ਬਿਹਤਰ ਸਮਾਂ ਹੋਰ ਹੋ ਹੀ ਨਹੀਂ ਸਕਦਾ। ਨਵੀਆਂ ਦੋਸਤੀਆਂ ਗੰਢਣ, ਨਵੀਂ ਖੇਡ ਸਿੱਖਣ, ਨਵੀਂ ਕਸਰਤ ਸਿੱਖਣ, ਨਵੀਂ ਚੀਜ਼ ਬਣਾਉਣ ਜਾਂ ਖਾਣ ਦੀ ਨਵੀਂ ਚੀਜ਼ ਤਿਆਰ ਕਰਨ ਵਰਗੇ ਨਿੱਕੇ-ਨਿੱਕੇ ਕੰਮ ਤਣਾਓ ਨੂੰ ਝੱਟ ਕਾਫ਼ੂਰ ਕਰ ਦਿੰਦੇ ਹਨ। ਮੌਤ ਦਾ ਭੈਅ ਅਤੇ ਇਕੱਲੇ ਰਹਿ ਜਾਣ ਦਾ ਡਰ ਇਸ ਉਮਰ ਵਿਚ ਹਰ ਕਿਸੇ ਨੂੰ ਹੁੰਦਾ ਹੈ। ਇਸੇ ਲਈ ਦੋ ਗੱਲਾਂ ਜ਼ਰੂਰ ਚੇਤੇ ਰੱਖਣੀਆਂ ਚਾਹੀਦੀਆਂ ਹਨ। ਪਹਿਲੀ, ਇਸ ਦੁਨੀਆ ਦਾ ਭਾਰ ਸਿਰਫ਼ ਮੇਰੇ ਸਿਰ ਉੱਤੇ ਨਹੀਂ ਹੈ। ਦੂਜੀ, ਇਸ ਸੰਸਾਰ ਵਿਚ ਕਿਸੇ ਧਰਮ ਦਾ ਰੱਬ, ਕੋਈ ਜਾਨਵਰ, ਪੰਛੀ, ਕੀੜਾ, ਮਕੌੜਾ ਜਾਂ ਬੂਟਾ ਤੱਕ ਵੀ ਸਦੀਵੀ ਨਹੀਂ ਹੈ। ਸਭ ਨੇ ਮਰ ਮੁੱਕ ਜਾਣਾ ਹੁੰਦਾ ਹੈ। ਇਸੇ ਲਈ ਅੰਤ ਬਾਰੇ ਸੋਚਦੇ ਰਹਿਣ ਨਾਲੋਂ ਇਸ ਜ਼ਿੰਦਗੀ ਦੇ ਆਖ਼ਰੀ ਸਫ਼ਰ ਵਿਚਲਾ ਰਸਤਾ ਜ਼ਰੂਰ ਰੱਜ ਕੇ ਜੀਅ ਲੈਣਾ ਚਾਹੀਦਾ ਹੈ। ਅਖ਼ੀਰ ਵਿਚ ਸਿਰਫ਼ ਇਹੋ ਕਹਿਣਾ ਹੈ ਕਿ ਪੈਸਾ ਕਈ ਕਿਸਮਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਪੈਸਾ ਹੀ ਵਧੀਆ ਜ਼ਿੰਦਗੀ ਜਿਊਣ ਦਾ ਆਧਾਰ ਹੋਵੇ! ਸੋ ਇਹ ਉਮਰ ਫ਼ਿਕਰਾਂ ਨੂੰ ਛੰਡ ਕੇ ਜ਼ਿੰਦਗੀ ਦੀ ਹਰ ਖ਼ੁਸ਼ੀ ਦਾ ਇਹਸਾਸ ਕਰਨ ਦੀ ਹੁੰਦੀ ਹੈ! ਜ਼ਿੰਦਗੀ ਇੱਕੋ ਮਿਲਣੀ ਹੈ, ਰੱਜ ਕੇ ਜੀਅ ਲੈਣੀ ਚਾਹੀਦੀ ਹੈ। ਕੋਈ ਸਧਰ ਅਧੂਰੀ ਨਹੀਂ ਰਹਿਣ ਦੇਣੀ ਚਾਹੀਦੀ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |