23 May 2024

4 ਰੋਜ਼ਾ ਪੁਸਤਕ ਮੇਲੇ ਵਿਚ ਵਿਕੀਆਂ 30 ਲੱਖ ਦੀਆਂ ਪੁਸਤਕਾਂ ਸਾਹਿਤ, ਸਭਿਆਚਾਰ ਤੇ ਵਿਰਾਸਤ ਨਾਲ ਸਜੇ 70 ਤੋਂ ਜ਼ਿਆਦਾ ਸਟਾਲ—ਦੀਪ ਜਗਦੀਪ ਸਿੰਘ

ਸਾਹਿਤ, ਸਭਿਆਚਾਰ ਤੇ ਵਿਰਸੇ ਦਾ ਸੁਮੇਲ। ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2021

ਪੰਜਾਬ ਨੂੰ ਤਾਂ ਮੇਲਿਆਂ ਦਾ ਵਰ ਮਿਲਿਆ ਹੋਇਆ ਹੈ। ਆਪਣੀ ਹੋਸ਼ ਸੰਭਾਲਣ ਤੋਂ ਪਹਿਲਾਂ ਦੇ ਅਸੀਂ ਜਗਰਾਵਾਂ ਦੇ ਰੌਸ਼ਨੀਆਂ ਦੇ ਮੇਲੇ ਤੇ ਛਪਾਰ ਦੇ ਮੇਲੇ ਤੋਂ ਲੈ ਕੇ ਆਨੰਦਪੁਰ ਦੇ ਵਿਸਾਖੀ ਦੇ ਮੇਲਿਆਂ ਤੱਕ ਬਾਰੇ ਸੁਣਦੇ ਰਹੇ ਹਾਂ। ਜਿਉੇਂ-ਜਿਉਂ ਪੰਜਾਬ ਵਿਚ ਅੱਖਰ ਗਿਆਨ ਵਿਚ ਵਾਧਾ ਹੋਇਆ, ਪੜ੍ਹਨ ਤੇ ਲਿਖਣ ਵਾਲਿਆਂ ਦਾ ਵੀ ਵਾਧਾ ਹੋਇਆ। ਪੜ੍ਹਨ ਵਾਲਿਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜਿੱਥੇ ਲੇਖਕਾਂ ਨੇ ਇਕ ਤੋਂ ਵਧ ਕੇ ਇਕ ਪੁਸਤਕਾਂ ਲਿਖੀਆਂ ਉੱਥੇ ਹੀ ਦੇਸ਼-ਵਿਦੇਸ਼ ਵਿਚ ਪਾਠਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੁਸਤਕ ਮੇਲਿਆਂ ਦਾ ਪਿੜ ਬੱਝਣ ਲੱਗਾ। ਪਿਛਲੇ ਸਮਿਆਂ ਵਿਚ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੋਂ ਲੈ ਕੇ ਸੱਤ ਸਮੁੰਦਰ ਪਾਰ ਘੁੱਗ ਵੱਸਦੇ ਪੰਜਾਬੀਆਂ ਦੇ ਗਲੋਬਲ ਪਿੰਡਾਂ ਤੱਕ ਪੁਸਤਕ ਮੇਲਿਆਂ ਦਾ ਸਭਿਆਚਾਰ ਪ੍ਰਫੁੱਲਤ ਹੋਇਆ ਹੈ। ਇਹੀ ਨਹੀਂ ਦਿੱਲੀ ਤੇ ਜੈਪੁਰ ਵਿਚ ਹੁੰਦੇ ਸੰਸਾਰ ਪੱਧਰ ਦੇ ਪੁਸਤਕ ਮੇਲਿਆਂ ਵਿਚ ਗੰਭੀਰ ਪੰਜਾਬੀ ਪਾਠਕ ਰੇਲਗੱਡੀਆਂ ਭਰ ਕੇ ਪਹੁੰਚਦੇ ਹਨ ਤੇ ਪੰਡਾਂ ਬੰਨ੍ਹ ਕੇ ਵਿਸ਼ਵ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਲੈ ਕੇ ਮੁੜਦੇ ਹਨ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਖੁੱਲ੍ਹੇ ਮੈਦਾਨ ਵਿਚ ਲੱਗਣ ਵਾਲੇ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦਾ ਜਲੌ ਵੀ ਇਹੋ ਜਿਹਾ ਹੀ ਹੈ। ਇਸ ਵਾਰ ਤਾਂ ਨੌਜਵਾਨ ਪਾਠਕ ਬੋਰੀਆਂ ਭਰ ਕੇ ਕਿਤਾਬਾਂ ਮੋਢਿਆਂ ‘ਤੇ ਚੁੱਕੀ ਲੈ ਜਾਂਦੇ ਦੇਖੇ ਗਏ।

ਮਾਰਚ ਮਹੀਨੇ ਦੀ 2 ਤੋਂ 5 ਤਰੀਕ ਦੌਰਾਨ ਹੋਏ ਅੰਮ੍ਰਿਤਸਰ ਸਾਹਿਤ ਉਤਸਵ 2021 ਦੀ ਚਰਚਾ ਫਰਵਰੀ ਮਹੀਨੇ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਜਿਵੇਂ ਬਸੰਤ ਆਪਣੇ ਜੋਬਨ ‘ਤੇ ਆ ਰਹੀ ਸੀ ਉਵੇਂ ਹੀ ਇਸ ਉਤਸਵ ਦੀਆਂ ਤਿਆਰੀਆਂ ਜੋਬਨ ‘ਤੇ ਸਨ। ਉਤਸਵ ਦੇ ਅਧਿਕਾਰਕ ਫੇਸਬੁੱਕ ਪੰਨੇ ‘ਤੇ ਸਾਹਿਤ-ਪ੍ਰੇਮਿਆਂ ਦਾ ਉਤਸਾਹ ਦੇਖਣ ਵਾਲਾ ਸੀ। ਹਰ ਕੋਈ ਸੁਲਾਹ ਮਾਰ ਇਕ ਦੂਜੇ ਨੂੰ ਸੁਲਾਹ ਮਾਰ ਰਿਹਾ ਸੀ, ‘ਚੱਲਣੈ ਬਾਈ ਅੰਬਰਸਰ?’ ਤੇ ਹੋਰ ਕੋਈ ਗ਼ੁਜ਼ਾਰਿਸ਼ ਕਰ ਰਿਹਾ ਸੀ ‘ਜੇ ਕੋਈ ਬਠਿੰਡੇ ਵੱਲੋਂ ਜਾਣ ਵਾਲਾ ਹੋਵੇ ਤਾਂ ਮੈਨੂੰ ਵੀ ਲੈ ਚੱਲਿਉ।’ ਬਾਕੀ ਅੱਗੇ ਹੋ-ਹੋ ਕਹਿ ਰਹੇ ਸਨ, ‘ਮਿਲਦੇ ਆਂ ਫੇਰ!’

ਲੌਕਡਾਊਨ ਤੋਂ ਬਾਅਦ ਇਹ ਆਪਣੇ ਆਪ ਵਿਚ ਇਸ ਕਿਸਮ ਦਾ ਪਹਿਲਾ ਮੇਲਾ ਹੋਣ ਵਾਲਾ ਸੀ। ਮੇਲੇ ਦਾ ਮੇਜ਼ਬਾਨ ਪੰਜਾਬੀ ਅਧਿਐਨ ਵਿਭਾਗ ਦਾ ਸਾਰਾ ਸਟਾਫ਼ ਮੇਲੇ ਦੇ ਹਰ ਪੱਖ ਨੂੰ ਯਾਦਗਾਰ ਬਣਾਉਣ ਵਿਚ ਜੁਟਿਆ ਹੋਇਆ ਸੀ। ਪੰਜਾਬ ਦੇ ਕਈ ਪ੍ਰਕਾਸ਼ਕ ਪਹਿਲੀ ਮਾਰਚ ਦੀ ਦੁਪਹਿਰ ਨੂੰ ਹੀ ਆ ਕੇ ਆਪਣੇ ਸਟਾਲਾਂ ‘ਤੇ ਪੁਸਤਕਾਂ ਸਜਾਉਣ ਲੱਗ ਪਏ ਸਨ। ਦੇਖਦੇ-ਦੇਖਦੇ ਦੋ ਮਾਰਚ ਦੀ ਉਹ ਸਵੇਰ ਆ ਗਈ ਜਦੋਂ ਸੂਹਾ ਰੀਬਨ ਕੱਟ ਕੇ ਇਸ ਰੰਗ-ਬਰੰਗੇ ਮੇਲੇ ਦਾ ਉਦਘਾਟਨ ਹੋਣਾ ਸੀ। ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਸਨ। ਮੱਠੀ-ਮੱਠੀ ਪੌਣ ਰੁਮਕਦੀ ਸੀ। ਗ਼ਮਲਿਆਂ ਤੇ ਕਿਆਰਿਆਂ ਵਿਚੋਂ ਖ਼ੁਸ਼ਬੂਆਂ ਆ ਰਹੀਆਂ ਸਨ। ਖ਼ਾਲਸਾ ਕਾਲਜ ਦੇ ਮੁੱਖ ਗੇਟ ਤੋਂ ਪੰਡਾਲ ਤੱਕ ਰਾਹ ਵਿਚ ਪੰਜਾਬੀ ਦੇ ਨਾਮਵਰ ਕਵੀਆਂ ਦੀਆਂ ਪੰਜਾਬੀ ਮਾਂ ਬੋਲੀ ਦਾ ਹੋਕਾ ਦਿੰਦੀਆਂ ਕਾਵਿਕ ਸਤਰਾਂ ਆਉਣ ਵਾਲਿਆਂ ਦੇ ਮਨ ਨੂੰ ਹੁਲਾਰਾ ਦੇ ਰਹੀਆਂ ਸਨ। ਲਾਇਬ੍ਰੇਰੀ ਤੋਂ ਪਹਿਲਾਂ ਸਜਿਆ ਹੋਇਆ ਗੇਟ ਜੀ ਆਇਆਂ ਨੂੰ ਕਹਿ ਰਿਹਾ ਸੀ। ਉਸੇ ਵੇਲੇ ਕਾਲਜ ਦੀ ਮਾਣਮੱਤੀ ਵਿਰਾਸਤੀ ਇਮਾਰਤ ਵੱਲੋਂ ਮੁੱਖ-ਮਹਿਮਾਨ ਤੇ ਉਤਸਵ ਦੇ ਸਰਪ੍ਰਸਤ ਡਾ. ਸੁਰਜੀਤ ਪਾਤਰ, ਵਿਸ਼ੇਸ਼ ਮਹਿਮਾਨ ਡਾ. ਲਖਵਿੰਦਰ ਜੌਹਲ, ਨੈਸ਼ਨਲ ਬੁੱਕ ਟਰੱਸਟ ਡਾਇਰੈਕਟਰ ਯੁਵਰਾਜ ਮਲਿਕ, ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਉਦਘਾਟਨੀ ਗੇਟ ਵੱਲ ਸਹਿਜੇ-ਸਹਿਜੇ ਆ ਰਹੇ ਸਨ। ਉਡੀਕ ਭਰੀਆਂ ਨਜ਼ਰਾਂ ਉਨ੍ਹਾਂ ਨੂੰ ਤੱਕ ਰਹੀਆਂ ਸਨ। ਉਹ ਆਏ, ਰਿਬਨ ਕੱਟਿਆ ਗਿਆ। ਸੁਆਗਤੀ ਬੋਲ ਕਹੇ ਗਏ ਤੇ ਮਹਿਮਾਨਾਂ ਦਾ ਕਾਫ਼ਲਾ ਪੁਸਤਕਾਂ ਤੇ ਵਿਰਾਸਤੀ ਵਸਤਾਂ ਦੇ ਸਜੇ ਹੋਏ ਸੱਤਰ ਤੋਂ ਜ਼ਿਆਦਾ ਸਟਾਲਾਂ ਵੱਲ ਵਧ ਗਿਆ। 

ਪਤਵੰਤੇ ਮਹਿਮਾਨ ਹਰ ਸਟਾਲ ‘ਤੇ ਪਈਆਂ ਆਪਣੀ ਪਸੰਦ ਦੀਆਂ ਵਿਲੱਖਣ ਕਿਤਾਬਾਂ ਨੂੰ ਛੋਹ ਕੇ, ਖੋਲ੍ਹ ਕੇ ਤੇ ਟੋਹ ਕੇ ਵੇਖ ਰਹੇ ਸਨ। ਓਧਰ ਮੁੱਖ-ਮੰਚ ‘ਤੇ ਹਲਚਲ ਤੇਜ਼ ਹੋ ਗਈ ਸੀ। ਮਹਿਮਾਨਾਂ ਦਾ ਇੰਤਜ਼ਾਰ ਹੋਰ ਵੀ ਬੇਸਬਰੀ ਨਾਲ ਹੋਣ ਲੱਗਾ ਸੀ। ਮੰਚ ਦੇ ਸਾਹਮਣੇ ਪੰਡਾਲ ਵਿਚ ਸਜੇ ਅਧਿਆਪਕ, ਵਿਦਿਆਰਥੀ ਤੇ ਸਾਹਿਤ-ਪ੍ਰੇਮੀ ਉਸ ਸ਼ਗਨਾਂ ਵਾਲੀ ਘੜੀ ਦਾ ਇੰਤਜ਼ਾਰ ਕਰ ਰਹੇ ਸਨ, ਜਦੋਂ ਮੰਚ ‘ਤੇ ਮਾਣਮੱਤੇ ਸਾਹਿਤਕਾਰਾਂ ਨੇ ਸੱਜ ਜਾਣਾ ਸੀ।

ਮੰਚ ਦੀ ਕਾਰਵਾਈ ਸ਼ੁਰੂ ਹੋਈ। ਡਾ. ਸੁਰਜੀਤ ਪਾਤਰ ਨੇ ਗਾਗਰ ਵਿਚ ਸਾਗਰ ਭਰਦਿਆਂ ਨਿਚੋੜ ਕੱਢ ਦਿੱਤਾ ਕਿ ਬੰਦਾ ‘ਕੱਲਾ ਅੰਨ-ਪਾਣੀ ਨਾਲ ਨਹੀਂ ਬਣਦਾ ਬਲਕਿ ਬੋਲ-ਬਾਣੀ ਨਾਲ ਵੀ ਬਣਦਾ ਹੈ। ਬੋਲ-ਬਾਣੀ ਲੇਖਕ ਸਾਂਭਦੇ ਤੇ ਸਿਰਜਦੇ ਹਨ ਤੇ ਪੁਸਤਕਾਂ ਇਸ ਨੂੰ ਸਾਂਭਦੀਆਂ ਹਨ। ਪੀੜ੍ਹੀ-ਦਰ-ਪੀੜ੍ਹੀ ਬੋਲ-ਬਾਣੀ ਸਫ਼ਰ ਕਰਦੀ ਹੈ ਤੇ ਕਿਸੇ ਖਿੱਤੇ ਦੇ ਲੋਕਾਂ ਦੀ ਪਛਾਣ ਬਣ ਜਾਂਦੀ ਹੈ। ਅਗਲੀ ਗੱਲ ਉਨ੍ਹਾਂ ਵਿੱਦਿਅਕ ਅਦਾਰਿਆਂ ਦੀ ਭੂਮਿਕਾ ਬਾਰੇ ਕਹੀ ਕਿ ਇਹ ਅਦਾਰੇ ਗਿਆਨ ਦੇ ਸੋਮਿਆਂ ਦੇ ਮੂੰਹ ਵਿਦਿਆਰਥੀਆਂ ਲਈ ਖੋਲ੍ਹ ਦਿੰਦੇ ਹਨ। ਕਿਤਾਬੀ ਪੜ੍ਹਾਈ ਤੋਂ ਇਲਾਵਾ ਸਾਹਿਤਕ, ਸਮਾਜਿਕ ਤੇ ਸਭਿਆਚਾਰਕ ਸਰਗਰਮੀਆਂ ਨਵੀਆਂ-ਪੀੜ੍ਹੀਆਂ ਦੀ ਸ਼ਖ਼ਸੀਅਤ ਉਸਾਰਦੀਆਂ ਹਨ। ਵਿਦਿਆਰਥੀ ਹੁਨਰੰਮਦ ਹੋ ਕੇ ਜਿਓਣ ਦਾ ਨਵਾਂ ਮੁਹਾਵਰਾ ਸਿੱਖ ਕੇ ਨਾਗਰਿਕ ਬਣ ਜਾਂਦੇ ਹਨ। ਇਸ ਤੋਂ ਅੱਗੇ ਉਨ੍ਹਾਂ ਮਾਂ-ਬੋਲੀ ਦੀ ਗੱਲ ਤੋਰੀ ਕਿ ਭਾਸ਼ਾਵਾਂ ਸਾਰੀਆਂ ਸਿੱਖਣੀਆਂ ਚਾਹੀਦੀਆਂ ਹਨ, ਬਹੁ-ਭਾਸ਼ੀ ਮਨੁੱਖ ਬਹੁ-ਦਿਸ਼ਾਵੀ ਮਨੁੱਖ ਹੁੰਦੈ, ਪਰ ਮਾਂ-ਬੋਲੀ ਦਾ ਦਰਜਾ ਹਮੇਸ਼ਾ ਰੂਹ ਦੇ ਨੇੜੇ ਹੁੰਦਾ ਹੈ। ਉਨ੍ਹਾਂ ਲੇਖਕਾਂ ਨੂੰ ਤਾਕੀਦ ਕੀਤੀ ਕਿ ਆਪਣੀਆਂ ਲਿਖਤਾਂ ਵਿਚ ਦਿਲ ਪਾਉਗੇ ਤਾਂ ਪਾਠਕਾਂ ਦੇ ਦਿਲ ਵਿਚ ਉਤਰਦੇ ਜਾਉਗੇ। ਉਹ ਗਿਆਨ ਦੀ ਪਰੰਪਰਾ ਸਾਂਭਣਗੇ ਤੇ ਅਗਲੀਆਂ ਪੀੜ੍ਹੀਆਂ ਨੂੰ ਸੌਂਪਣਗੇ। ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਮਾਣ ਮਹਿਸੂਸ ਕੀਤਾ ਕਿ ਕਾਲਜ ਆਪਣੀਆਂ ਵਿਰਾਸਤੀ ਪਰੰਪਰਾਂ ਨੂੰ ਅੱਗੇ ਤੋਰ ਰਿਹਾ ਹੈ।ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਸਰਗਰਮੀਆਂ ਕਰ ਰਿਹਾ ਹੈ, ਆਪਣੀਆਂ ਵੱਡਮੁੱਲੀਆਂ ਰਿਵਾਇਤਾਂ ਨੂੰ ਅੱਗੇ ਤੋਰਨ ਵਿਚ ਵੱਡਮੁੱਲਾ ਯੋਗਦਾਨ ਦੇ ਰਿਹਾ ਹੈ।

ਨੈਸ਼ਨਲ ਬੁੱਕ ਟਰੱਟਸ ਦੇ ਡਾਇਰੈਕਟਰ ਸ੍ਰੀ ਯੁਵਰਾਜ ਮਲਿਕ ਨੇ ਸਮੁੱਚੇ ਸਮਾਗਮ ਦੀ ਵਿਸ਼ਾਲਤਾ ਦੇਖ ਕੇ ਭਾਵਨਾਵਾਂ ਨਾਲ ਭਰਪੂਰ ਹੁੰਦਿਆਂ ਵਾਅਦਾ ਕੀਤਾ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਪੁਸਤਕ ਸਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਜੋ ਵੀ ਉਪਰਾਲੇ ਕਰੇਗਾ, ਨੈਸ਼ਨਲ ਬੁੱਕ ਟਰੱਸਟ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ। ਉੇਨ੍ਹਾਂ ਦਾ ਵਿਸ਼ਵਾਸ਼ ਸੀ ਕਿ ਜਿਸ ਭਾਸ਼ਾ ਵਿਚ ਸਾਹਿਤ ਸਿਰਜਿਆ ਜਾਂਦਾ ਰਹੇਗਾ, ਉਹ ਭਾਸ਼ਾ ਬਚੀ ਰਹੇਗੀ। ਉਨ੍ਹਾਂ ਇਕਬਾਲ ਕੀਤਾ ਕਿ ਪੰਜਾਬ ਦੇ ਵਡੇਰੇ ਲੇਖਕਾਂ ਨੇ ਪੰਜਾਬ ਦੀ ਬੋਲੀ ਤੇ ਸਭਿਆਚਾਰ ਨੂੰ ਬਹੁਤ ਅਮੀਰ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ।

ਪੰਜਾਬ ਭਰ ਤੋਂ ਪਹੁੰਚੇ ਨਾਮਵਰ ਕਵੀਆਂ ਡਾ. ਸੁਰਜੀਤ ਪਾਤਰ, ਜਸਵੰਤ ਜਫ਼ਰ, ਲਖਵਿੰਦਰ ਜੌਹਲ, ਸੁਖਵਿੰਦਰ ਅੰਮ੍ਰਿਤ, ਸਵਰਨਜੀਤ ਸਵੀ, ਦਰਸ਼ਨ ਬੁੱਟਰ, ਵਾਹਿਦ, ਬਲਵਿੰਦਰ ਸੰਧੂ, ਜਗਵਿੰਦਰ ਜੋਧਾ ਅਤੇ ਚਮਨਦੀਪ ਦਿਉਲ ਨੇ ਖ਼ੂਬਸੂਰਤ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਭਰਪੂਰ ਦਾਦ ਹਾਸਲ ਕੀਤੀ।

ਲੋਕ-ਗੀਤ ਪੇਸ਼ਕਾਰੀਆਂ ਵਿਚ ਉਭਰਦੇ ਗਾਇਕਾਂ ਨੇ ਆਪਣੀ ਗਾਇਕੀ ਦੇ ਜੌਹਰ ਵਿਖਾਉਂਦਿਆਂ ਹੋਕਾ ਦਿੱਤਾ ਕਿ ਚੰਗੀ ਤੇ ਉਸਾਰੂ ਗਾਇਕੀ ਦਾ ਕਣ ਹਾਲੇ ਵੀ ਨੌਜਵਾਨ ਪੀੜ੍ਹੀ ਵਿਚ ਬਚਿਆ ਹੋਇਆ ਹੈ।ਵਿਰਾਸਤੀ ਖਾਣਿਆਂ ਦੇ ਸਟਾਲ, ਫਲਾਵਰ ਸ਼ੋਅ ਅਤੇ ਵਿਗਿਆਨਕ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਪੰਡਾਲ ਦੇ ਇਕ ਹਿੱਸੇ ਵਿਚ ਤਿਆਰ ਕੀਤੀ ਗਈ ਪੰਜਾਬ ਦੇ ਪਿੰਡਾਂ ਦੀ ਸੱਥ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ।

ਦੂਸਰਾ ਦਿਨ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਿਹਾ। ਗੁਰੂ ਸਾਹਿਬ ਦੀ ਬਾਣੀ ਤੇ ਸ਼ਹਾਦਤ ਬਾਰੇ ਗੰਭੀਰ ਚਿੰਤਨ ਕਰਨ ਲਈ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼ ਹੋਇਆ।ਕੁੰਜੀਵਤ ਭਾਸ਼ਨ ਦਿੰਦਿਆਂ ਉੱਘੇ ਸਿੱਖ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਤਪਾਦਨ ਸਰੋਤ ਵਸਤਾਂ ਪੈਦਾ ਕਰਦੇ ਹਨ ਜਦ ਕਿ ਸਾਹਿਤ ਅਰਥਾਂ ਦਾ ਉਤਪਾਦਨ ਕਰਦਾ ਹੈ। ਅੱਜ ਪੂਰੇ ਸੰਸਾਰ ਵਿਚ ਇਕਰੂਪਤਾ ਲਿਆਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਦਕਿ ਜੀਵਨ ਬਹੁਰੂਪਤਾ ਵਿਚ ਪਿਆ ਹੈ ਤੇ ਸਾਡਾ ਸੰਘਰਸ਼ ਇਸੇ ਬਹੂਰੂਪਤਾ ਨੂੰ ਬਚਾਉਣ ਵਿਚ ਪਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸ਼ਹਾਦਤ ਦਾ ਗੌਰਵ ਸਾਨੂੰ ਇਹੀ ਪ੍ਰੇਰਨਾ ਦਿੰਦੇ ਹਨ।

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਬ ਤਲਵਾਰ ਦੇ ਧਨੀ ਵੀ ਸਨ ਪਰ ਕੋਮਲ ਹਿਰਦੇ ਵਾਲੇ ਸਨ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਪ੍ਰੋ. ਰਾਨਾ ਨੱਈਅਰ ਨੇ ਈਸਾਈ, ਯਹੂਦੀ ਅਤੇ ਇਸਲਾਮ ਧਰਮ ਦੇ ਹਵਾਲੇ ਨਾਲ ਸ਼ਹਾਦਤ ਨੂੰ ਪੁਨਰ-ਪਰਭਾਸ਼ਿਤ ਕਰਦਿਆਂ ਕਿਹਾ ਸਮਾਜ ਹਿੱਤ ਲਈ ਆਪਣੀ ਮਰਜ਼ੀ ਨਾਲ ਆਪਣੇ ਜੀਵਨ ਦਾ ਤਿਆਗ ਕਰਕੇ ਮੌਤ ਦੀ ਚੋਣ ਕਰਨਾ ਹੀ ਅਸਲੀ ਸ਼ਹਾਦਤ ਹੈ।

ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਦੋ ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ: ਬਾਣੀ ਤੇ ਸ਼ਹਾਦਤ ਦਾ ਗੌਰਵ’ ਅਤੇ ‘ਸ੍ਰੀ ਗੁਰੂ ਤੇਗ ਬਹਾਦਰ: ਜੀਵਨ ਫ਼ਲਸਫ਼ਾ ਤੇ ਸ਼ਹਾਦਤ’ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿਚ ਗੁਰੂ ਸਾਹਿਬ ਦੀ ਬਾਣੀ, ਸ਼ਹਾਦਤ ਤੇ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਡੂੰਘੇ ਅਧਿਐਨ ਤੇ ਚਿੰਤਨ ਨਾਲ ਭਰਪੂਰ ਲੇਖ ਹਨ।

ਦੂਜੇ ਅਕਾਦਮਿਕ ਸੈਸ਼ਨ ਦੌਰਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਸ਼ਹਾਦਤ ਦੇ ਵੱਖ-ਵੱਖ ਪਹਿਲੂਆਂ ਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਭਾਵਪੂਰਤ ਅੰਦਾਜ਼ ਵਿਚ ਬਿਆਨ ਕੀਤਾ। ਗੁਰੂ ਤੇਗ ਬਹਾਦਰ ਕਾਲਜ, ਦਿੱਲੀ ਦੇ ਡਾ. ਅਮਨਪ੍ਰੀਤ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ ਤੇ ਡਾ. ਬਲਜੀਤ ਸਿੰਘ ਵਿਰਕ ਨੇ ਗਿਆਨ ਭਰਪੂਰ ਵਿਚਾਰ ਵਟਾਂਦਰਾ ਕੀਤਾ।

ਦੂਜੇ ਦਿਨ ਦੇ ਕਵੀ ਦਰਬਾਰ ਵਿਚ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ, ਸ. ਅਜਾਇਬ ਹੁੰਦਲ, ਦੇਵ ਦਰਦ, ਹਰਮੀਤ ਵਿਦਿਆਰਥੀ, ਵਿਸ਼ਾਲ, ਅਰਤਿੰਦਰ ਸੰਧੂ, ਮਲਵਿੰਦਰ, ਰੋਜ਼ੀ ਸਿੰਘ ਤੇ ਇੰਦਰੇਸ਼ਮੀਤ ਨੇ ਵੱਖ-ਵੱਖ ਵਿਸ਼ਿਆਂ ‘ਤੇ ਦਿਲ ਨੂੰ ਛੋਹ ਲੈਣ ਵਾਲੀਆਂ ਰਚਨਾਵਾਂ ਪੇਸ਼ ਕਰਕੇ ਸ਼ਾਇਰਾਂ ਨੇ ਖ਼ੂਬ ਦਾਦ ਹਾਸਲ ਕੀਤੀ।

ਤੀਸਰਾ ਦਿਨ ਪੰਜਾਬੀ ਮਾਧਿਅਮ ਅਤੇ ਵਿਸ਼ੇ ਰਾਹੀਂ ਸਿਵਿਲ ਸੇਵਾਵਾਂ ਵਿਚ ਸਫ਼ਲਤਾ ਦੇ ਝੰਡੇ ਗੱਡਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਰਿਹਾ।ਅਫ਼ਸਰਾਂ ਦੀ ਬਜਾਇ ਅਧਿਆਪਕਾਂ ਵਾਲੀ ਭੂਮਿਕਾ ਨਿਭਾਉਂਦਿਆਂ ‘ਪੰਜਾਬੀ ਭਾਸ਼ਾ ਦਾ ਗੌਰਵ’ ਸਿਰਲੇਖ ਵਾਲੀ ਇਸ ਚਰਚਾ ਦੌਰਾਨ ਮੈਂਬਰ ਪੰਜਾਬ ਸਿੱਖਿਆ ਟ੍ਰਿਬਿਊਨਲ ਅਤੇ ਸਾਬਕਾ ਪ੍ਰਮੁੱਖ ਸਕੱਤਰ, ਪੰਜਾਬ ਸ. ਜਸਪਾਲ ਸਿੰਘ ਨੇ ਕਿਹਾ ਇਨਸਾਨ ਆਪਣੇ ਦਿਲ ਦੇ ਵਲਵਲੇ, ਗੁੱਸਾ ਤੇ ਪਿਆਰ ਹਮੇਸ਼ਾ ਆਪ-ਮੁਹਾਰੇ ਆਪਣੀ ਮਾਂ-ਬੋਲੀ ਵਿਚ ਹੀ ਪ੍ਰਗਟਾਉਂਦਾ ਹੈ। ਫਿਰ ਉੱਚੇ ਰੁਤਬੇ ਤੇ ਸਫ਼ਲਤਾ ਹਾਸਲ ਕਰਨ ਵਿਚ ਮਾਂ-ਬੋਲੀ ਰੁਕਾਵਟ ਕਿਵੇਂ ਬਣ ਸਕਦੀ ਹੈ। ਇਸ ਮੌਕੇ ਪੰਜਾਬੀ ਮਾਧਿਅਮ ਰਾਹੀਂ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰ ਚੁੱਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ, ਸ. ਬਲਵਿੰਦਰ ਸਿੰਘ ਧਾਲੀਵਾਲ ਆਈ. ਆਰ. ਐੱਸ. ਜਾਇੰਟ ਡਾਇਰੈਕਟਰ, ਜੀ. ਐੱਸ. ਟੀ. ਅਤੇ ਸ. ਗੁਰਜੀਤ ਸਿੰਘ ਪੀ. ਸੀ. ਐੱਸ. ਡਿਪਟੀ ਕਮਿਸ਼ਰਨ ਫ਼ਰੀਦਕੋਟ ਨੇ ਪੰਜਾਬੀ ਵਿਸ਼ੇ ਤੇ ਪੰਜਾਬੀ ਮਾਧਿਅਮ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫ਼ਲਤਾ ਹਾਸਲ ਕਰਨ ਦੇ ਤਜਰਬੇ ਸਾਂਝੇ ਕਰਕੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਸਾਹਿਬ ਡਾ. ਮਹਿਲ ਸਿੰਘ ਨੇ ਨਿੱਜੀ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਭਾਸ਼ਾ ਜਾਂ ਸਮਾਜਿਕ-ਵਿਗਿਆਨ ਦੇ ਅਨੁਸ਼ਾਸਨ ਦਾ ਕੋਈ ਵਿਦਵਾਨ ਕਿਸੇ ਵੱਡੇ ਵਿੱਦਿਆਕ ਅਦਾਰੇ ਦਾ ਮੁਖੀ ਬਣਦਾ ਹੈ ਤਾਂ ਉਹ ਵਿੱਦਿਅਕ ਅਦਾਰੇ ਵਧੇਰੇ ਤਰੱਕੀ ਕਰਦੇ ਹਨ।

ਦੂਸਰੇ ਦਿਨ ਤੋਂ ਜਾਰੀ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਸੈਮੀਨਾਰ ਦੇ ਤੀਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਜਸਪਾਲ ਕੌਰ ਕਾਂਗ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਅਮਰਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਸ਼ਿਰਕਤ ਕੀਤੀ ਡਾ. ਸਰਬਜੀਤ ਸਿੰਘ ਨੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਇਤਿਹਾਸਕ ਤੱਥਾਂ ਦੇ ਨਾਲ-ਨਾਲ ਹੋਰ ਸਾਹਿਤਕ ਸਰੋਤਾਂ ਤੋਂ ਮਿਲਦੀ ਜਾਣਕਾਰੀ ਬਾਰੇ ਖੋਜ-ਭਰਪੂਰ ਜਾਣਕਾਰੀ ਸਾਂਝੀ ਕੀਤੀ। ਡਾ. ਜਸਪਾਲ ਕੌਰ ਕਾਂਗ ਨੇ ਕਿਹਾ ਕਿ ਅਸੀਂ ਬਹੁਤ ਵੱਡਭਾਗੇ ਹਾਂ ਕਿ ਸਾਨੂੰ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਅੰਬਰਸਰੀ ਸੱਥ ਵਿਚ ਪੰਜਾਬੀ ਸਾਹਿਤ, ਸਭਿਆਚਾਰ, ਸੰਗੀਤ ਅਤੇ ਕਲਾ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਸੱਥ ਦੀਆਂ ਪਤਵੰਤੀਆਂ ਸਖ਼ਸੀਅਤਾਂ ਦੀ ਜਾਣ-ਪਛਾਣ ਕਰਵਾਉਂਦਿਆਂ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਨੇ ਖ਼ੂਬ ਰੰਗ ਬੰਨ੍ਹਿਆ। ਲੋਕ-ਗਾਇਕਾ ਗੁਰਮੀਤ ਬਾਵਾ, ਪ੍ਰੱਸਿਧ ਅਦਾਕਾਰਾ ਜਤਿੰਦਰ ਕੌਰ, ਪੱਤਰਕਾਰ ਮਨਮੋਹਨ ਢਿੱਲੋਂ, ਕਾਮੇਡੀਅਨ ਰਾਜਬੀਰ ਕੌਰ, ਗਾਇਕ ਹਰਿੰਦਰ ਸੋਹਲ, ਕਹਾਣੀਕਾਰ ਦੀਪ ਦਵਿੰਦਰ, ਕਲਾ ਸੰਗ੍ਰਹਿ ਕਰਤਾ ਤੇ ਫੋਟੋਕਾਰ ਸੰਦੀਪ ਸਿੰਘ ਅਤੇ ਸਾਹਿਤਕਾਰ ਭੁਪਿੰਦਰ ਸੰਧੂ ਨੇ ਆਪਣੀ-ਆਪਣੀ ਸਿਰਜਣਾਤਮਕਤਾ ਦੇ ਰੰਗ ਦਿਖਾਂਉਂਦਿਆਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਇਕਿਆਸੀ ਸਾਲ ਦੀ ਉਮਰ ਵਿਚ ਵੀ ਗੁਰਮੀਤ ਬਾਵਾ ਨੇ ਲੰਮੀ ਹੇਕ ਨਾਲ ਜਦੋਂ ਲੋਕ ਗੀਤ ਗਾਏ ਤਾਂ ਨੌਜਵਾਨਾਂ ਦੇ ਹੁੰਗਾਰਾ ਭਰਦਿਆਂ ਦੇ ਸਾਹ ਫੁੱਲ ਗਏ।

ਉਤਸਵ ਦਾ ਚੌਥਾ ਦਿਨ ‘ਸਾਹਿਤ, ਸਮਾਜ ਤੇ ਪੱਤਰਕਾਰੀ’ ਬਾਰੇ ਚਰਚਾ ਨੂੰ ਸਮਰਪਿਤ ਰਿਹਾ। ਇਸ ਪੈਨਲ ਚਰਚਾ ਵਿਚ ਸ਼ਾਮਲ ਪ੍ਰਿੰਸੀਪਲ ਡਾ. ਮਹਿਲ ਸਿੰਘ ਉੱਘੇ ਰਾਜਨੀਤੀ-ਵਿਗਿਆਨੀ ਡਾ. ਜਗਰੂਪ ਸਿੰੰਘ ਸੇਖੋਂ, ਪ੍ਰਵਚਨ ਮੈਗਜ਼ੀਨ ਦੇ ਸੰਪਾਦਕ ਤੇ ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ, ਨਵਾਂ-ਜ਼ਮਾਨਾ ਅਖ਼ਬਾਰ ਦੇ ਸਾਬਕਾ ਸਾਹਿਤ ਸੰਪਾਦਕ ਤੇ ਨਾਵਲਕਾਰ ਬਲਬੀਰ ਪਰਵਾਨਾ, ਪ੍ਰਬੁੱਧ ਵਿਦਵਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਕੁਲਵੰਤ ਸਿੰਘ, ਡਾ. ਆਤਮ ਰੰਧਾਵਾ ਅਤੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਪ੍ਰੋ. ਦੀਪ ਜਗਦੀਪ ਸਿੰਘ ਵੱਲੋਂ ਕੀਤੀ ਗਈ ਚਰਚਾ ਵਿਚ ਇਹ ਨੁਕਤੇ ਉੱਭਰ ਕੇ ਸਾਹਮਣੇ ਆਏ ਕਿ ਸਿਆਸੀ ਉਤਰਾਅ-ਚੜਾਵਾਂ ਦੇ ਬਾਵਜੂਦ ਪੰਜਾਬ ਮੁੜ-ਮੁੜ ਢਹਿ ਕੇ ਉੱਸਰਿਆ ਹੈ ਤੇ ਪੰਜਾਬੀਆਂ ਅੰਦਰ ਸਿਆਸਤ, ਪੱਤਰਕਾਰੀ ਤੇ ਸਾਹਿਤ ਵਿਚ ਆਈ ਗਿਰਾਵਟ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਨਿਵੇਕਲਾ ਸੁਭਾਅ ਹੈ।ਮੌਜੂਦਾ ਮਾਹੌਲ ਪੰਜਾਬ ਵਿਚ ਵੱਡੇ ਸਿਆਸੀ ਬਦਲ ਦੀ ਨਿਸ਼ਾਨਦੇਹੀ ਕਰ ਰਿਹਾ ਹੈ। ਪੰਜਾਬ ਦੇ ਸਮਾਜ, ਸਾਹਿਤ ਤੇ ਪੱਤਰਕਾਰੀ ਵਿਚ ਜੋ ਤਬਦੀਲੀਆਂ ਆਈਆਂ ਹਨ, ਤਿੰਨਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਪੱਤਰਕਾਰੀ ਅਦਾਰੇ ਪੱਤਰਕਾਰਾਂ ਕੋਲੋਂ ਸੱਚ ਬੋਲਣ ਦੀ ਆਜ਼ਾਦੀ ਖੋਹ ਰਹੇ ਹਨ। ਸਾਰੇ ਹੀ ਵਿਦਵਾਨਾਂ ਨੇ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਹਾਲੇ ਵੀ ਸਭ ਕੁਝ ਖ਼ਤਮ ਨਹੀਂ ਹੋਇਆ, ਪੰਜਾਬ ਦੇ ਲੋਕਾਂ ਅੰਦਰ ਤਬਦੀਲੀ ਦੀ ਚਿਣਗ ਹਾਲੇ ਵੀ ਮੌਜੂਦ ਹੈ। ਇਸ ਤਰ੍ਹਾਂ ਦੀਆਂ ਵਿਚਾਰ-ਚਰਚਾਵਾਂ ਉਸ ਚਿਣਗ ਨੂੰ ਜਿਊਂਦੀਆਂ ਰੱਖਦੀਆਂ ਹਨ। ਪੰਜਾਬੀ ਵਿਭਾਗ ਇਸ ਸੰਵਾਦ ਨੂੰ ਜਾਰੀ ਰੱਖੇਗਾ।

ਸਭਿਆਚਾਰਕ ਸਮਾਗਮਾਂ ਦੀ ਲੜੀ ਵਿਚ ਵਿਦਿਆਰਥੀਆਂ ਵੱਲੋਂ ਢੱਡ, ਸਾਰੰਗੀ, ਝੂਮਰ, ਸੰਮੀ ਤੇ ਗਿੱਧਾ ਪੇਸ਼ ਕਰਕੇ ਹਾਜ਼ਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਪੰਜਾਬੀ ਵਿਭਾਗ ਦੇ ਮਾਣਮੱਤੇ ਹਸਤਾਖ਼ਰ ਅਧੀਨ ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਲਣੀ ਦੌਰਾਨ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ।

ਉੱਤਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ 50 ਦੇ ਕਰੀਬ ਪੁਸਤਕ ਵਿਕਰੇਤਾਵਾਂ ਨੇ ਆਪਣੀ ਪੁਸਤਕਾਂ ਦੀ ਨੁਮਾਇਸ਼ ਲਾਈ।ਕਰੀਬ 30 ਲੱਖ ਤੋਂ ਜ਼ਿਆਦਾ ਦੀਆਂ ਪੁਸਤਕਾਂ ਦੀ ਵਿਕਰੀ ਹੋਈ। ਪੁਸਤਕਾਂ ਦੇ ਨਾਲ-ਨਾਲ ਕਰੀਬ 70 ਸਟਾਲਾਂ ‘ਤੇ ਪੰਜਾਬੀ ਸਾਹਿਤ, ਸਭਿਆਚਾਰ ਤੇ ਵਿਰਾਸਤ ਦੇ ਵੱਖ-ਵੱਖ ਵਿਰਾਸਤੀ ਰੰਗਾਂ ਨੂੰ ਪੇਸ਼ ਕੀਤਾ ਗਿਆ।

ਉਤਸਵ ਦੌਰਾਨ ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਦੀ ਰਹਿਨੁਮਾਈ ਅਧੀਨ ਨਿਰਦੇਸ਼ਕ ਇਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਚਾਰ ਨਾਟਕਾਂ ਵਿਸਮਾਦ, ਅਰਬਦ ਨਰਬਦ ਧੁੰਦੂਕਾਰਾ, ਮਿੱਠੇ ਤੇ ਸ਼ੀਰੀ ਦਾ ਵਿਆਹ ਅਤੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਨਾਟਕਾਂ ਦਾ ਮੰਚਨ ਕੀਤਾ ਗਿਆ।

ਇਸ ਵਾਰ ਸਮੁੱਚੇ ਉਤਸਵ ਦੇ ਅੰਮ੍ਰਿਤਸਰ ਸਾਹਿਤ ਉਤਸਵ ਦੇ ਫੇਸਬੁੱਕ ਪੇਜ (ਜੁੜਨ ਲਈ ਇੱਥੇ ਕਲਿੱਕ ਕਰੋ) ਰਾਹੀਂ ਵਿਸ਼ਵ ਭਰ ਵਿਚ ਹੋਏ ਸਿੱਧੇ ਪ੍ਰਸਾਰਣ ਨਾਲ ਇਹ ਕੌਮਾਂਤਰੀ ਉਤਸਵ ਬਣ ਗਿਆ। ਲੌਕਡਾਊਨ ਕਰਕੇ ਵਿਦੇਸ਼ਾਂ ਤੋਂ ਨਾ ਆ ਸਕਣ ਵਾਲੇ ਪੰਜਾਬੀ ਲਾਈਵ ਪ੍ਰਸਾਰਣ ਦੇਖ ਕੇ ਅਸ਼-ਅਸ਼ ਕਰਦੇ ਰਹੇ ਤੇ ਆਪਣੀਆਂ ਅਸੀਸਾਂ ਭੇਜਦੇ ਰਹੇ। ਅਨੇਕ ਅਭੁੱਲ ਯਾਦਾਂ ਸਮੇਟਦੇ ਹੋਏ ਪੁਸਤਕ ਪ੍ਰੇਮੀ, ਵਿਦਿਆਰਥੀ ਤੇ ਨੌਜਵਾਨ ਮੁੱਲਵਾਨ ਪੁਸਤਕਾਂ ਤੇ ਵਿਚਾਰਾਂ ਦੇ ਨਾਲ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਰੁਖ਼ਸਤ ਹੋਏ।
***
127
***
ਦੀਪ ਜਗਦੀਪ ਸਿੰਘ
ਸਹਾਇਕ ਪ੍ਰੋਫ਼ੈਸਰ, ਪੱਤਰਕਾਰੀ ਤੇ ਜਨਸੰਚਾਰ ਵਿਭਾਗ, ਖ਼ਾਲਸਾ ਕਾਲਜ ਅੰਮ੍ਰਿਤਸਰ

About the author

ਦੀਪ ਜਗਦੀਪ ਸਿੰਘ
lafzandapul@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੰਪਾਦਕ,
ਲਫ਼ਜ਼ਾਂ ਦਾ ਪੁੱਲ
ਲੁਧਿਆਣਾ-141003

ਦੀਪ ਜਗਦੀਪ ਸਿੰਘ

ਸੰਪਾਦਕ, ਲਫ਼ਜ਼ਾਂ ਦਾ ਪੁੱਲ ਲੁਧਿਆਣਾ-141003

View all posts by ਦੀਪ ਜਗਦੀਪ ਸਿੰਘ →