ਡਾ. ਅਮਰਜੀਤ ਕੌਂਕੇ
ਡਾ. ਅਮਰਜੀਤ ਕੌਂਕੇ
ਜਨਮ: ਅਗਸਤ 1964
ਜ਼ਿਲ੍ਹਾ ਲੁਧਿਆਣਾ, ਭਾਰਤੀ (ਪੰਜਾਬ)
ਸਿੱਖਿਆ: ਐੱਮ.ਏ. (ਪੰਜਾਬੀ), ਪੀ. ਐੱਚ. ਡੀ.
ਕਿੱਤਾ: ਕਵੀ,ਸੰਪਾਦਕ ਅਤੇ ਅਨੁਵਾਦਕ
ਵਿਧਾ: ਕਵਿਤਾ
****
ਕੇਵਲ ਪੰਜਾਬੀ ਵਿਚ ਛਪੀਅਾਂ ਪੁਸਤਕਾਂ ਦੀ ਸੂਚੀ:
ਦਾਇਰਿਆਂ ਦੀ ਕਬਰ ‘ਚੋਂ (1985)
ਇਸ ਪੁਸਤਕ ਦੇ ਤਿੰਨ ਹਿੱਸੇ ਹਨ ਤੇ ਇਸਦਾ ਸਾਂਝਾ ਨਾਂ ਹੈ ‘ਦਾਇਰਿਆਂ ਦੀ ਕਬਰ ‘ਚੋਂ ’। ਇਸ ਵਿੱਚ ਬਲਜੀਤ ਮੋਗਾ, ਅਮਰਜੀਤ ਕੌਂਕੇ ਅਤੇ ਸਵਰਨਜੀਤ ਸਵੀ ਨੇ ਨਜ਼ਮਾਂ ਦੀ ਰਚਨਾ ਕੀਤੀ ਹੈ। (ਓ) ਬਲਜੀਤ ਮੋਗਾ :- ਇਸਦੀ ਕਵਿਤਾ ਦੀ ਖੂਬੀ ਇਹ ਹੈ ਕਿ ਇਸ ਵਿੱਚ ਇੱਕ ਤਾਜੇ ਫੁੱਟੇ ਚਸ਼ਮੇ ਦੀ ਤਾਜ਼ਗੀ ਤੇ ਅਮੀਰੀ ਹੈ। ਇਸ ਲਈ ਕੁੜੀ ਦਾ ਮੋਹ-ਵਿਰਾਗ ਹੀ ਦਾਇਰਾ ਹੈ। (ਅ) ਅਮਰਜੀਤ ਕੌਂਕੇ :- ਇਸ ਨੇ ਕਵਿਤਾ ਨੂੰ ਇੰਨੀ ਮੌਲਿਕਤਾ ਨਾਲ ਬਿਆਨ ਕੀਤਾ ਹੈ ਕਿ ਕਵਿਤਾ ਮੁੱਕਣ ਤੋਂ ਬਾਅਦ ਵੀ ਸ਼ਬਦ ਪਾਰਦਰਸ਼ੀ ਹੋ ਜਾਂਦੇ ਹਨ, ਵਿਆਕੁਲ ਪੈਰਾਂ ਦੀ ਆਵਾਜ਼ ਸੁਣਦੀ ਹੈ ਤੇ ਲੱਗਦਾ ਹੈ ਕਿ ਸ਼ਬਦਾਂ ਦੀ ਦਰਗਾਹ ਤੇ ਕੋਈ ਰੋਹ ਰਿਹਾ ਹੈ। ਇਸ ਲਈ ਮਾਂ ਦੀ ਮਮਤਾ ਹੀ ਦਾਇਰਾ ਹੈ।[2] (ੲ) ਸਵਰਜੀਤ ਸਵੀ :- ਇਸ ਅਨੁਸਾਰ ‘ਜੋ ਹੈ’ ਉਸਦਾ ਯਥਾਰਥ ਹੈ ਤੇ ‘ਜੋ ਹੋਣਾ ਚਾਹੀਦਾ ਹੈ’ ਉਸ ਦਾ ਆਦਰਸ਼। ਇਸ ਯਥਾਰਥ ਤੇ ਆਦਰਸ਼ ਵਿਚਲਾ ਫਾਸਲਾ ਦਾਇਰਾ ਹੈ।
ਨਿਰਵਾਣ ਦੀ ਤਲਾਸ਼ 'ਚ (1987, 1994,2009)
ਅਮਰਜੀਤ ਕੌਂਕੇ ਦੀ ਕਾਵਿ ਪੁਸਤਕ ‘ਨਿਰਵਾਣ ਦੀ ਤਲਾਸ਼ ‘ਚ’ ਮਨੁੱਖੀ ਪਛਾਣ ਦੀ ਸਮੱਸਿਆ ਨੂੰ ਕਈ ਰੂਪਾਂ ਚ ‘ਉਘਾੜਦੀ ਹੈ। ਜਿਵੇਂ ਚੰਗਾ ਭਲਾ ਮਨੁੱਖ ਕਈ ਵਾਰ ਬੇਪਛਾਣ ਹੋ ਜਾਂਦਾ ਹੈ। ਉਦੋਂ ਰਿਸ਼ਤਾ ਉਸਦੀ ਪਛਾਣ ਬਣਦਾ ਹੈ। ਇਸ ਵਿੱਚ ਕਵੀ ਨੇ ਮਨੁੱਖ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਬਾਰੇ ਗੱਲ ਕੀਤੀ ਹੈ। ਉਹ ਇਹ ਵੀ ਦੱਸਦਾ ਹੈ ਕਿ ਜਦੋਂ ਮਨੁੱਖ ਵਾਸਤਵਿਕਤਾ ਨਾਲ ਟਕਰਾਉਂਦਾ ਹੈ ਤਾਂ ਉਹ ਕਦੇ ਹਾਰਦਾ, ਕਦੇ ਟੁੱਟਦਾ ਤੇ ਕਦੇ ਖੁਰਦਾ ਹੈ। ਉਸਦੀ ਹਰ ਕਵਿਤਾ ਕੋਈ ਨਾ ਕੋਈ ਪ੍ਰਸ਼ਨ ਸਿਰਜਦੀ ਹੈ।
ਦਵੰਦ ਕਥਾ (1990,2009)
ਅਮਰਜੀਤ ਕੌਂਕੇ ਦੀਆਂ ਰਚਨਾਵਾਂ ਪੜ੍ਹ ਕੇ ਪਰੰਪਰਾ ਤੇ ਆਧੁਨਿਕਤਾ ਵਿਚਕਾਰ ਵਖਰੇਵਾਂ ਬਹੁਤ ਬਨਾਵਟੀ ਲਗਦਾ ਹੈ।ਬੇਕਿਨਾਰ ਹੋ ਕੇ ਵੀ ਉਹ ਕਿਸੇ ਥਾਂ ਹ੍ਮ੍ਕਿਨਾਰ ਹੋਇਆ ਜਾਪਦਾ ਹੈ।ਦੂਰ ਤੱਕ ਫੈਲਦਾ ਹੈ ਪਰ ਸੰਕੇਤ ਦੇ ਜਾਂਦਾ ਹੈ ਕਿ ਫੈਲਨ ਲਈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਜਰੂਰੀ ਨਹੀਂ.ਏਡੇ ਸੰਯੁਕਤ ਆਪੇ ਨਾਲ ਮੁਲਾਕਾਤ ਦੇਰ ਬਾਅਦ ਹੋਈ ਹੈ, ਇਸ ਲਈ ਕਿਸੇ ਚਿਰੀਂ ਵਿਛੜੇ ਦੇ ਮਿਲਣ ਦਾ ਅਹਿਸਾਸ ਜਾਗਦਾ ਹੈ- ਡਾ. ਹਰਿਭਜਨ ਸਿੰਘ
ਯਕੀਨ (1993,2009)
ਇਸ ਕਾਵਿ ਸੰਗ੍ਰਹਿ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਨਾਲ ਪੁਰਾਣੇ ਯੁੱਗ ਨੂੰ ਰੂਪਾਂਤ੍ਰਿਤ ਕਰਨਾ ਹੈ।
ਸ਼ਬਦ ਰਹਿਣਗੇ ਕੋਲ (1996,2009)
ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਕਵੀ ਨੇ ‘ਮੈਂ, ਯਥਾਰਥ, ਪ੍ਰਕਿਤੀ ਦੇ ਚਿੰਨ੍ਹਾਂ ਨਾਲ ਦੂਜੀ ਫੈਂਟਸੀ, ਸਹਿਜ-ਸੁਹਜ, ਪਿਆਰ ਭਾਵਾਂ ਤੋਂ ਤੁਰ ਕੇ ਭੌਤਿਕ ਜਾਂ ਦੇਹ ਦੇ ਅਨੰਦ, ਵਿਸ਼ਵਾਸ-ਅਵਿਸ਼ਵਾਸ ਆਦਿ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਲ 1997 ਲਈ ਸਰਵੋਤਮ ਪੁਸਤਕ ਪੁਰਸਕਾਰ "ਮੋਹਨ ਸਿੰਘ ਮਾਹਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ।
ਸਿਮਰਤੀਆਂ ਦੀ ਲਾਲਟੈਨ (2000, 2004,2009)
ਇਸ ਵਿੱਚ ਸ਼ਾਮਿਲ ਕਵਿਤਾਵਾਂ ਵਿੱਚ ਕਵੀ ਨੇ ਜਿੰਦਗੀ ਦੇ ਬਹੁਪਸਾਰੀ ਸਰੋਕਾਰਾਂ ਨੂੰ ਦੂਰਦ੍ਰਿਸ਼ਟੀ ਨਾਲ ਰੂਪਮਾਨ ਕੀਤਾ ਹੈ। ਇਸ ਵਿੱਚ ਮਨੁੱਖ ਦੀ ਦਾਸਤਾਨ, ਉਸਦੇ ਆਂਤਰਿਕ ਸੰਬੰਧ, ਨਵੀਆਂ ਰਾਹਾਂ ਦੀ ਭਾਲ, ਮਾਨਵੀ ਰਿਸ਼ਤਿਆਂ, ਆਰਥਿਕ ਉੱਨਤੀ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਕਾਰਨ ਪੇਂਡੂ ਅਰਥਚਾਰੇ ਦਾ ਖੇਰੂ-ਖੇਰੂ ਹੋਣਾ, ਔਰਤ ਮਰਦ ਦੇ ਰਿਸ਼ਤੇ, ਭਟਕਦੀ ਮਨੁੱਖੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਪ੍ਰਤੀਕਾਂ ਦੀ ਵਰਤੋ ਜਿਆਦਾ ਕੀਤੀ ਹੈ।
ਪਿਆਸ (2013)
"ਪਿਆਸ" ਜਿੰਦਗੀ ਦੇ ਬਹੁਭਾਂਤ ਵਸਤੂ ਵਰਤਾਰਿਆਂ ਨਾਲ ਸੰਵਾਦ ਸਿਰਜਦੀ ਇੱਕ ਮਹੱਤਵਪੂਰਨ ਪੁਸਤਕ ਹੈ ਜਿਹੜੀ ਆਧੁਨਿਕ ਗਲੋਬਲੀ ਯੁਗ ਵਿੱਚ ਗੁਆਚ ਰਹੀ ਸੰਵੇਦਨਾ, ਪੂੰਜੀਵਾਦੀ ਪ੍ਰਬੰਧ ਵਿੱਚ ਪਿਸ ਰਹੇ ਆਮ ਇਨਸਾਨ ਦੀ ਹੋਣੀ, ਤੇ ਦਿਨੋ ਦਿਨ ਟੁੱਟ ਰਹੇ ਰਿਸ਼ਤਿਆਂ ਤੇ ਬੇਗਾਨਗੀ ਦੀ ਬਾਤ ਪਾਉਂਦੀ ਹੈ। ਇਸ ਕਿਤਾਬ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2014 ਲਈ ਸਰਵੋਤਮ ਪੁਸਤਕ ਪੁਰਸਕਾਰ " ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ ਹੈ।
(ਜਾਣਕਾਰੀ ਵਿਕੀਪੀਡੀਆ ਤੋਂ ਧੰਂਨਵਾਦ ਸਹਿਤ, ਡਾ. ਅਮਰਜੀਤ ਕੌਂਕੇ ਦੀਅਾਂ ਲਿਖਤਾਂ ਸਬੰਧੀ ਹੋਰ ਵੇਰਵਾ 'ਵਿਕੀਪੀਡੀਆ 'ਤੇ ਵੀ ਵੇਖਿਆ ਜਾ ਸਕਦਾ ਹੈ)