27 April 2026

ਪ੍ਰੋ. ਜਸਪਾਲ ਸਿੰਘ ਦੀ ਸਿਰਜਣਾਤਮਿਕਤਾ  ਦਾ ਬਹੁ-ਪੱਖੀ ਅਧਿਐਨ: ‘ਪੱਤਝੜ ‘ਚ ਖਿੜਿਆ ਕੇਸਰ’ — ਕੰਵਰ ਸਿੰਘ ਬਰਾੜ, ਇੰਗਲੈਂਡ

ਪ੍ਰਕਿਰਤੀ ਦੇ ਕਣ-ਕਣ ਵਿੱਚ ਨਵ-ਸਿਰਜਣ ਦੀ ਅਪਾਰ ਅਤੇ ਅਨਾਦਿ ਸਮਰੱਥਾ ਹੀ ਕੁਦਰਤ ਨੂੰ ਅਨੰਤ ਬਣਾਉਂਦੀ ਹੈ।

ਕੁਦਰਤ ਦੀ ਅਨਮੋਲ ਦੇਣ ਮਹਿਕਦੇ ਫੁੱਲਾਂ ਨੇ ਮਨੁੱਖੀ ਜੀਵਨ ਵਿੱਚ ਆਸ ਦਾ ਪ੍ਰਤੀਕ ਬਣ ਦਸਤਕ ਦਿੱਤੀ ਤੇ ਦੋਹਾਂ ਦੇ ਅਟੁੱਟ ਰਿਸ਼ਤੇ ਦੀ ਗੰਢ ਸ਼ਾਇਦ ਉਸੇ ਪਲ ਬੱਝ  ਗਈ ਸੀ ਜਦੋਂ ਪਹਿਲੀ ਵਾਰੀਂ ਮਨੁੱਖੀ ਚੇਤਨਾ ਦੀ ‘ਤੀਜੀ ਅੱਖ’ ਖੁੱਲ੍ਹੀ ਹੋਵੇਗੀ ਅਤੇ ਮਨੁੱਖੀ ਮਨ ਨੇ ਕੁਦਰਤ ਦੀ ਸਵੱਲੀ ਗੋਦ ਵਿੱਚ ਪਹਿਲੀ ਵਾਰ ਮਨ ਅੰਦਰੋਂ ਮਹਿਸੂਸ ਹੋਣ ਦੇ ਅਹਿਸਾਸ ਦੀ ਆਸ ਵਾਲੀ ਪਹਿਲੀ ਕਿਲਕਾਰੀ ਮਾਰੀ ਹੋਵੇਗੀ।

ਸਾਡੇ ਸਮਕਾਲੀ ਇਤਿਹਾਸ ‘ਚ ਫੁੱਲ ਤੇ ਇਨਸਾਨ ਦੀ ਗਹਿਰੀ ਸਾਂਝ ਦੀ ਸਭ ਤੋਂ ਵੱਡੀ ਉਦਾਹਰਨ 20ਵੀਂ ਸਦੀ ਦੇ ਸ਼ੁਰੂ ਵਿੱਚ ਮਿਲਦੀ ਹੈ, ਜਦੋਂ ਪਹਿਲੀ ਸੰਸਾਰ ਜੰਗ ਦੇ ਚਲਦਿਆਂ ਪੱਛਮੀ ਸਰਹੱਦਾਂ ਤੇ ਸਾਹ ਲੈਂਦੀ ਹਰ ਸ਼ੈਅ – ਮਨੁੱਖਾਂ, ਪਰਿੰਦਿਆਂ ਤੋਂ ਪੌਦਿਆਂ ਤੱਕ ਦੀ ਰੂਹ ਨੂੰ ਨਿੱਤ ਦਿਨ ਦੀਆਂ ਜੰਗਾਂ ਤੇ ਕਤਲੇਆਮ ਨੇ ਧੁਰ ਅੰਦਰੋਂ ਝੰਜੋੜ ਦਿੱਤਾ, ਆਪਣੇ ਸੂਰਮਿਆਂ ਤੇ ਬਿਗਾਨੇ ਦੁਸ਼ਮਣਾਂ ਦੇ ਵਹਿੰਦੇ ਖ਼ੂਨ ਦੀ ਇੱਕੋ ਨਦੀ ਵਿੱਚ ਲੱਥਪੱਥ ਹੋਈ ਮਿੱਟੀ ਦੇ ਦਿਲ ਵਿੱਚ ਦੱਬੀਆਂ ਲਾਸ਼ਾਂ ਦੇ ਵੀ ਸਾਹ ਸੂਤੇ ਗਏ। ਫਿਰ ਮੌਸਮ ਨੇ ਕਰਵਟ ਲਈ, ਚਾਨਣ ਦੀ ਕਿਰਨ ਉੱਭਰੀ, ਕਬਰਾਂ ਦੀ ਚੁੱਪ ਤੇ ਉਹਨਾਂ ਉੱਪਰ ਲੜੀਵਾਰ ਸ਼ਾਂਤ ਵੈਰਾਗਮਈ ਝਾਕਦੀਆਂ ਚਿੱਟੀਆਂ ਸਲੀਬਾਂ ਦੀ ਛਾਂ ਥੱਲਿਓਂ ਅਚਾਨਕ ਪੋਸਤ (ਪੋਪੀ) ਦੇ ਲਾਲ ਫੁੱਲਾਂ ਦਾ ਹੜ੍ਹ ਆ ਗਿਆ। ਲਹੂ ਰੰਗੇ ਇਨ੍ਹਾਂ ਫੁੱਲਾਂ ਦੀ ਲਾਲੀ ਨੇ ਮਨੁੱਖਤਾ ਦੇ ਟੁੱਟੇ ਹੋਏ ਹੋਂਸਲਿਆਂ ਨੂੰ ਇੱਕ ਨਵੀਂ ਉਡਾਣ ਬਖ਼ਸ਼ੀ। ਮੌਤ ਦੀ ਜਗ੍ਹਾ ਹੁਣ ਇਹ ਕੋਮਲ ਫੁੱਲ ਨਫ਼ਰਤ ਦੇ ਮੈਦਾਨਾਂ ਵਿੱਚ ਮੋਈਆਂ ਬਹਾਦਰ ਰੂਹਾਂ ਦੀ ਨਿਸ਼ਾਨਦੇਹੀ ਕਰਦੇ ਜ਼ਿੰਦਾ ਨਿਸ਼ਾਨ ਬਣ ਗਏ।

ਨਵੀਂ ਰੁੱਤ ਖਿੜੇ ਇਨ੍ਹਾਂ ਫੁੱਲਾਂ ਦੀ ਦਾਸਤਾਨ ਨੂੰ ਜੌਹਨ ਮਕਰੇ ਨੇ ਆਪਣੀ ਕਵਿਤਾ “ਇਨ ਫਲੈਂਡਰਜ਼ ਫੀਲਡਜ਼” ਵਿੱਚ ਪਰੋ ਸਦਾ ਲਈ ਅਮਰ ਕਰ ਦਿੱਤਾ। ਸ਼ਾਇਦ ਇਸ ਲਈ ਕਿ ਫੁੱਲ, ਮਨੁੱਖ ਤੇ ਕਵਿਤਾ ਦਾ ਰਿਸ਼ਤਾ ਇੱਕੋ ਤੰਦ ਵਿੱਚ ਕੱਤਿਆ ਹੋਇਆ ਹੈ।

ਅੱਜ ਸਦੀ ਬਾਅਦ ਵੀ ਉਹ ਲਾਲ ਪੋਸਤੀ ਫੁੱਲ ਸ਼ਾਂਤੀ ਤੇ ਕੁਰਬਾਨੀ ਦਾ ਪ੍ਰਤੀਕ ਮੰਨਿਆ ਜਾਂਦਾ, ਤੇ ਪ੍ਰੋ. ਜਸਪਾਲ ਸਿੰਘ ਦਾ ‘ਕੇਸਰ’ ਵੀ ਉਸੇ ਸੱਚ ਦੀ ਗਵਾਹੀ ਦਿੰਦਾ ਹੈ ਕਿ ਫੁੱਲ ਇਕੱਲੇ ਮੌਸਮ ਨਹੀਂ, ਮਿੱਟੀ ਦੀ ਤਾਸੀਰ ਤੋਂ ਖਿੜਦੇ ਹਨ।

ਇਹ ਬਾਤ ਸੀ ਬਸੰਤ ਰੁੱਤੇ ਆਪਣੀ ਜੋਬਨ ਉਮਰੇ ਖਿੜੇ ਫੁੱਲ ਦੀ, ਜਿਸ ਨੇ ਯੁੱਗ ਬਦਲ ਦਿੱਤਾ।
ਹੁਣ ਜ਼ਰਾ ਸੋਚੋ…
ਕਿੰਨੀ ਅਜ਼ੀਮ ਦਿੱਖ ਤੇ ਅਦਿੱਖ ਤਾਕਤ ਹੋਵੇਗੀ ਪੱਤਝੜ ਦੀ ਰੁੱਤ ‘ਚ ਖਿੜੇ ਕੇਸਰ ਦੇ ਫੁੱਲਵਿੱਚ!

ਜੋ ਕੁਦਰਤੋਂ ਹੀ, ਪਰ ਕੁਦਰਤ ਦੀ ਹਰ ਅੜਚਨ ਦੇ ਉਲਟ, ਹਰ ਅਸੰਭਵ ਨੂੰ ਚੁਣੌਤੀ ਦਿੰਦਿਆਂ, ਨਸੀਬਾਂ ਦੀਆਂ ਲਕੀਰਾਂ ਦੇ ਵਿਦਰੋਹ ਵਿੱਚ ਪਥਰੀਲੀ ਧਰਤ ਦੀ ਹਿੱਕ ਪਾੜਦਾ ਖਿੜ ਉੱਠਦਾ ਜਿੱਤ ਦਾ ਪ੍ਰਤੀਕ ਬਣ  – ਓਹ ਵੀ ਓੁਹ ਜਿੱਤ, ਜਿਸ ਵਿੱਚ ਜਰੂਰੀ ਨਹੀਂ ਕੇ ਕਿਸੇ ਨੂੰ ਹਾਰਨਾ ਪਵੇ, ਇੱਕ ਅਜਿਹੀ ਜਿੱਤ ਜਿਸ ਵਿੱਚ ਸਾਰੀ ਲੁਕਾਈ ਇੱਕ ਮੁੱਠ ਹੋ ਕੇ ‘ਚੜ੍ਹਦੀ ਕਲਾ’ ਦਾ ਹੁੰਗਾਰਾ ਭਰਦੀ ਹੈ।

ਇਸ ਪਰਚੇ ਵਿੱਚ ਅਸੀਂ ਪ੍ਰੋ. ਜਸਪਾਲ ਸਿੰਘ ਦੀ ਪੁਸਤਕ ਦੇ ਆਰ-ਪਾਰ ਉਸੇ ਕੇਸਰ ਦੇ ਫ਼ਲਸਫ਼ੇ ਨੂੰ ਲੱਭਣਾ ਹੈ।

ਉਹ ਫ਼ਲਸਫ਼ਾ ਜੋ ਸਾਨੂੰ ਦੱਸਦਾ ਹੈ ਕਿ ਅਸਲ ਮਨੁੱਖ ਹੋਣ ਦੀ ਪਰਖ ਚੰਗੇ ਵੇਲਿਆਂ ਵਿੱਚ ਨਹੀਂ ਹੁੰਦੀ ਸਗੋਂ ਔਖੇ ਵੇਲਿਆਂ ਵਿੱਚ ਹੁੰਦੀ ਹੈ। ਜਦੋਂ ਸਭ ਕੁਝ ਝੜ ਰਿਹਾ ਹੋਵੇ, ਉਦੋਂ ਵੀ ਆਪਣੇ ਅੰਦਰਲੀ ਇਨਸਾਨੀਅਤ ਦੀ ਚਿਣਗ ਬਲਦੀ ਰੱਖਣੀ, ਖ਼ੁਦ ਨੂੰ ਖ਼ੁਦ ਦੇ ਨਾਲ ਖੜ੍ਹਾ ਕਰਨਾ ਤੇ ਮਾੜੇ ਸਮੇਂ ਵਿੱਚੋਂ ਚੰਗੇ ਸਮੇਂ ਵੱਲ ਰਾਹ ਤਹਿ ਕਰਨਾ ਅਤੇ ਜਿੱਥੇ ਹੋ ਸਕੇ, ਕਿਸੇ ਲੋੜਵੰਦ ਦਾ ਹੱਥ ਫੜ ਕੇ ਉਹ ਰਾਹ ਪਾਰ ਕਰਵਾਉਣਾ।

ਖਿੜੇ ਮੱਥੇ। ਹਨੇਰਿਆਂ ਵਿੱਚ ਜੁਗਨੂੰ ਬਣ ਕੇ।

ਕੇਸਰ ਕਿਸੇ ਹੋਰ ਦੀ ਉਡੀਕ ਨਹੀਂ ਕਰਦਾ। ਉਹ ਬਸੰਤ ਦੀ ਆਸ ਨਹੀਂ ਰੱਖਦਾ, ਬਾਕੀ ਫੁੱਲਾਂ ਦੇ ਖਿੜਨ ਦੀ ਇੰਤਜ਼ਾਰ ਛੱਡ ਉਹ ਆਪਣਾ ਮੌਸਮ ਆਪ ਚੁਣਦਾ ਹੈ – ਪੱਤਝੜ ਵਿੱਚ, ਠੰਡ ਵਿੱਚ, ਜਦੋਂ ਕੋਈ ਹੋਰ ਖਿੜਨ ਦੀ ਹਿੰਮਤ ਨਹੀਂ ਕਰਦਾ। ਇਸੇ ਲਈ ਉਹ ਆਸ ਦਾ ਪ੍ਰਤੀਕ ਹੈ, ਨਾ ਕਿ ਇਸ ਲਈ ਕਿ ਉਹ ਸਿਰਫ਼ ਸੁੰਦਰ ਹੈ, ਸਗੋਂ ਇਸ ਲਈ ਕਿ ਉਹ ਦਲੇਰ ਵੀ ਹੈ।

ਸ਼ਾਇਦ ਤਾਂ ਹੀ ਕਵੀ ਲਿਖਦਾ ਹੈ:

“ਆਪਾਂ ਤੁਰਾਂਗੇ….
ਆਪਾਂ ਪਗਡੰਡੀਆਂ ਬਣਾਵਾਂਗੇ,
ਲੋਕ ਰਾਹ ਬਣਾ ਲੈਣਗੇ,
ਅਸੀਂ ਚਾਨਣ ਬੀਜਾਂਗੇ,
ਲੋਕ ਸੂਰਜ ਉਗਾ ਲੈਣਗੇ।”
(ਸਫ਼ਾ 86)

ਪ੍ਰੋ. ਜਸਪਾਲ ਸਿੰਘ ਦੀ ਪੁਸਤਕ  ‘ਪੱਤਝੜ ‘ਚ ਖਿੜਿਆ ਕੇਸਰ’  ਦੇ ਝੀਲ ਵਾਂਗ ਸ਼ਾਂਤ ਸ਼ਬਦਾਂ ਅਤੇ ਵਾਕਾਂ ਦੀ ਹਿੱਕ ਥੱਲੇ ਵਿਚਾਰਾਂ ਅਤੇ ਸੰਵੇਦਨਾ ਦੀ ਇੱਕ ਅਜਿਹੀ ਭਾਵਨਾਤਮਕ ਨਦੀ ਸ਼ੂਕਦੀ ਹੈ, ਜੋ ਪਾਠਕ ਨੂੰ ਕਵਿਤਾਵਾਂ ਦੇ ਗੂੜ੍ਹ ਅਰਥਾਂ ਵਿੱਚ ਇੱਕ ਮਿੱਕ ਹੋ ਗੋਤਾ ਲਾਉਣ ਲਈ ਹੋਰ ਡੂੰਘੀ ਚੁੱਭੀ ਮਾਰਨ ਵਾਸਤੇ ਪ੍ਰੇਰਦੀ ਹੈ।

ਪ੍ਰੋ. ਜਸਪਾਲ ਸਿੰਘ ਦੀ ਇਹ ਲਿਖਤ ਪਾਠਕ ਦੇ ਚੇਤਨ ਅਤੇ ਅਚੇਤਨ ਮਨ ਅੱਗੇ ਇੱਕ ਅਨੋਖਾ ਦਵੰਦ ਅਤੇ ਮੌਲਿਕ ਸਵਾਲ ਖੜ੍ਹਾ ਕਰਦੀ ਹੈ: ਕੀ ਕੋਮਲਤਾ, ਨਿਮਰਤਾ ਅਤੇ ਸੁਹਜ ਵਰਗੇ ਮਾਨਵੀ ਗੁਣ, ਕਠੋਰਤਾ ਨਾਲੋਂ ਵਧੇਰੇ ਬਲਵਾਨ ਹੋ ਸਕਦੇ ਹਨ?

ਜੇ ਹਾਂ, ਤਾਂ ਉਹ ਕਿਹੜੀ ਰਹੱਸਮਈ ਤਾਕਤ ਹੈ ਜੋ ਨਾਜ਼ੁਕਤਾ ਨੂੰ ਜੇਤੂ ਬਣਾਉਂਦੀ ਹੈ? ਸ਼ਾਇਦ ਇਹੀ ਇਸ ਪੁਸਤਕ ਦਾ ਕੇਂਦਰੀ ਧੁਰਾ ਹੈ ਅਤੇ ਸੰਗ੍ਰਹਿ ਦੀ ਹਰ ਨਜ਼ਮ ਇਸ ਮਹਾਂ-ਪ੍ਰਸ਼ਨ ਦੇ ਇੱਕ ਸਜੀਵ ਉੱਤਰ ਵਜੋਂ ਉੱਭਰਦੀ ਹੈ।

ਕਵੀ ਚਿਤਵਦਾ ਹੈ ਕਿ ਜਿੱਥੇ ਸਦੀਆਂ ਪੁਰਾਣੇ ਬਾਬੇ ਬੋਹੜ ਦੀਆਂ ਜੜ੍ਹਾਂ ਅਤੇ ਅੰਬਰ-ਛੁੰਹਦੇ ਸਿੰਬਲ ਵਰਗੇ ਕਠੋਰ ਰੁੱਖ ਪੱਤਝੜ ਦੀ ‘ਜੜ੍ਹ-ਬੋਅ’ ਕਰਦੀ ਹਉਮੈ ਅੱਗੇ ਬੇਵਸ ਹੋ ਕੇ ਝੁਕ ਜਾਂਦੇ ਹਨ, ਉੱਥੇ ਕੇਸਰ ਦੀਆਂ ਛੇ ਨੀਲ-ਬੈਂਗਣੀ ਕੋਮਲ ਪੱਤੀਆਂ ਉਸ ਡੈਣ ਵਰਗੀ ਰੁੱਤਦੇ ਚਾਰੋ-ਖਾਨੇ ਚਿੱਤ ਕਰ ਦਿੰਦੀਆਂ ਹਨ।

ਲੇਖਕ ਅਨੁਸਾਰ ਇਹ ਕੇਸਰ ਮਹਿਜ਼ ਇੱਕ ਨਾਜ਼ੁਕ ਫੁੱਲ ਨਹੀਂ, ਸਗੋਂ ‘ਹਾੜ ਦੀ ਬੰਜਰ ਕੁੱਖ ਪਾੜ ਕੇ’ ਉੱਠਿਆ ਇੱਕ ਸ਼ਕਤੀਸ਼ਾਲੀ ਵਿਦਰੋਹ ਅਤੇ ਮਨੁੱਖੀ ਸਿਦਕ ਦੀ ਜਿੱਤ ਦਾ ਪ੍ਰਤੀਕ ਹੈ। ਇਸ ਪੁਸਤਕ ਦੀ ਹਰ ਨਜ਼ਮ ਇਹ ਨਿਸ਼ਾਨਦੇਹੀ ਕਰਦੀ ਹੈ ਕਿ ਅਸਲੀ ਤਾਕਤ ਅੰਦਰੂਨੀ ਸਿਦਕ ਅਤੇ ਸਿਰੜੀ ਸੰਵੇਦਨਾ ਵਿੱਚ ਹੁੰਦੀ ਹੈ, ਜੋ ਬੰਜਰ ਹਾਲਤਾਂ ਵਿੱਚ ਵੀ ਖੇੜੇ ਦਾ ਸੁਪਨਾ ਸਿਰਜਣ ਦੀ ਹਿੰਮਤ ਰੱਖਦੀ ਹੈ।

ਲੇਖਕ ਦੀ ਇਹ ਪਲੇਠੀ ਕਾਵਿ-ਪੁਸਤਕ ਕੋਈ ਆਮ ਦਸਤਾਵੇਜ਼ ਨਹੀਂ, ਬਲਕਿ ਉਸ ਦੇ ਛੇ ਦਹਾਕਿਆਂ ਦੇ ਜੀਵਨ ਅਨੁਭਵਾਂ, ਅਹਿਸਾਸਾਂ ਅਤੇ ਖਾਸ ਤੋਰ ਤੇ ਭੂਗੋਲਿਕ ਚਿੰਤਨ ਦਾ ਇੱਕ ਅਜਿਹਾ ਨਿਚੋੜ ਤੱਤ ਹੈ ਜੋ ਡੂੰਘੇ ਅਧਿਐਨ ਦੀ ਮੰਗ ਕਰਦਾ ਹੈ। ਕਵਿਤਾ ਦੀ ਤਾਣੀ ਭਾਵੇਂ ਉੱਪਰੋਂ ਸਰਲ ਅਤੇ ਸਾਦਗੀ ਭਰੀ ਜਾਪਦੀ ਹੈ, ਪਰ ਇਸ ਦੀ ਬੁਣਤੀ ਵਿੱਚ  ਮਨੁੱਖੀ ਹੋਂਦ ਅਤੇ ਸਮਾਜਿਕ ਨਿਆਂ-ਅਨਿਆਂ ਦੇ ਗੁੰਝਲਦਾਰ ਸਵਾਲ ਬੁਣੇ ਹੋਏ ਹਨ। ਖਾਸ ਤੌਰ ‘ਤੇ ਜਦੋਂ ਕਿਤਾਬ ਦਾ ਆਗਾਜ਼ ਕਵੀ ਦੇ ਕਲਮ ਦੇ ਕਿਰਦਾਰ’ ਨੂੰ ਬਿਆਨ ਕਰਦੀਆਂ ਇਨ੍ਹਾਂ ਖਰੀਆਂ ਪੰਕਤੀਆਂ ਨਾਲ ਹੁੰਦਾ ਹੈ:

ਨਾ ਤੋਲ਼ਾ ਵੱਧ ਲਿਖਦਾ ਹਾਂ, ਨਾ ਮਾਸਾ ਘੱਟ ਲਿਖਦਾ ਹਾਂ,
ਸੋਲ਼ਾਂ ਆਨੇ ਖਰੀ ਗੱਲ ਦਾ ਵੀ, ਕੱਢ ਕੇ ਤੱਤ ਲਿਖਦਾ ਹਾਂ।”
(ਸਫ਼ਾ 25)

ਪ੍ਰੋ. ਜਸਪਾਲ ਸਿੰਘ ਦੇ ਇਸ ਕਾਵਿ-ਸੰਗ੍ਰਹਿ ਨੇ ਪੰਜਾਬੀ ਅਦਬ ਵਿੱਚ ਲੈਅਬੱਧਤਾ ਅਤੇ ਗੰਭੀਰ ਚਿੰਤਨ  ਦੀ ਇੱਕ ਅਜਿਹੀ ਨਵੀਂ ਪਿਰਤ ਪਾ ਦਿੱਤੀ ਹੈ, ਜੋ ਪੰਜਾਬੀ ਕਵਿਤਾ ਨੂੰ ਇੱਕ ਨਵੀਂ ਤੇ ਆਸ਼ਾਵਾਦੀ ਦਿਸ਼ਾ ਦਿਖਾਉਂਦੀ ਹੈ।

ਮੈਂ ਉਨ੍ਹਾਂ ਕੁਝ ਖ਼ੁਸ਼ਕਿਸਮਤ ਲੋਕਾਂ ਵਿੱਚੋਂ ਹਾਂ ਜਿਨ੍ਹਾਂ ਨੂੰ ਪ੍ਰੋ. ਜਸਪਾਲ ਸਿੰਘ ਹੋਰਾਂ ਦੀ ਜਮਾਤ ਵਿੱਚ ਬੈਠ ਕੇ ਇਲਮ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਵੇਂ ਉਨ੍ਹਾਂ ਨੇ ਆਪਣੀ ਪੁਸਤਕ ਦੇ ਮੇਰੇ ਵੱਲੋਂ ਹਿੱਸੇ ਵਿੱਚ ਬਹੁਤ ਸੁੰਦਰਤਾ ਨਾਲ ਬਿਆਨ ਕੀਤਾ ਹੈ, ਉਨ੍ਹਾਂ ਦੀ ਜਮਾਤ ਵਿੱਚ ਭੂਗੋਲ ਸਿਰਫ਼ ਨਕਸ਼ਿਆਂ ਦੀਆਂ ਬੇਜਾਨ ਲਕੀਰਾਂ ਜਾਂ ਅੰਕੜਿਆਂ ਦਾ ਖ਼ੁਸ਼ਕ ਵਿਸ਼ਾ ਨਹੀਂ ਸੀ। ਉਸ ਜਮਾਤ ਵਿੱਚ ਬੱਦਲਾਂ ਦੇ ਏਧਰ ਤੇ ਬੱਦਲਾਂ ਦੇ ਓਧਰ ਦੀ ਦਾਸਤਾਨ ਦੀ ਬਾਤ ਪਾਈ ਜਾਂਦੀ, ਹਰ ਕੋਈ ਆਪਣੇ ਹਿੱਸੇ ਦੇ ਸੂਰਜ ਤੇ ਚੰਨ ਦੇ ਨੂਰ ਨਾਲ ਅੰਬਰ ਦੀ ਹਿੱਕ ‘ਤੇ ਤਾਰੇ ਜੜ੍ਹ ਆਪਣੀ ਦੁਨੀਆ ਸਿਰਜਣ ਲਈ ਉਤਾਵਲਾ ਹੁੰਦਾ। ਨਦੀ ਵਰਗੀ ਨਰਮੀ ਦੀ ਗੱਲ ਚੱਲਦੀ, ਝਰਨੇ ਦੀ ਲੈਅ ਜਿਹਾ ਸੰਵਾਦ ਹੁੰਦਾ, ਤੇ ਦਰਿਆਵਾਂ ਦੇ ਕੰਢਿਆਂ ‘ਤੇ ਵੱਸਦੀ ਖ਼ਲਕਤ ਦੇ ਸਮੁੰਦਰਾਂ ਤੋਂ ਪਾਰ ਹੋਰ ਦੁਨੀਆ ਲੱਭਣ ਦੀ ਲਾਲਸਾ ‘ਤੇ ਡਟ ਕੇ ਭਾਸ਼ਣ ਹੁੰਦੇ।

ਅੱਜ ਜਦੋਂ ਮੈਂ ‘ਪੱਤਝੜ ‘ਚ ਖਿੜਿਆ ਕੇਸਰ’ ਦੇ ਪੰਨੇ ਫਰੋਲਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਪ੍ਰੋ. ਜਸਪਾਲ ਸਿੰਘ ਸਾਨੂੰ ਸਿਰਫ਼ ਧਰਾਤਲ ਦੀ ਬਣਤਰ ਨਹੀਂ ਸਨ ਸਮਝਾ ਰਹੇ, ਸਗੋਂ ਜ਼ਿੰਦਗੀ ਨੂੰ ਜਿਉਣ ਤੇ ਦੇਖਣ ਦਾ ਇੱਕ ਨਵਾਂ ‘ਨਜ਼ਰੀਆ’ ਪ੍ਰਦਾਨ ਕਰ ਰਹੇ ਸਨ। ਪਿਛਲੇ ਢਾਈ ਕੁ ਦਹਾਕਿਆਂ ਦੌਰਾਨ ਜ਼ਿੰਦਗੀ ਮਾਣਦਿਆਂ ਮੈਨੂੰ ਪਤਾ ਲੱਗਿਆ ਕਿ ਉਦੋਂ ਉਨ੍ਹਾਂ ਨੇ ਸਾਨੂੰ ਸਿਖਾਇਆ ਸੀ ਕਿ ਕਿਵੇਂ ਹਾਲਾਤਾਂ ਦੀ ਪੱਤਝੜ ਵਿੱਚ ਵੀ ‘ਕੇਸਰ ਦਾ ਫੁੱਲ’ ਬਣ ਕੇ ਖਿੜਿਆ ਜਾ ਸਕਦਾ ਹੈ।

ਇਸ ਪੁਸਤਕ ਦਾ ਅਸਲ ਮਕਸਦ ਪਾਠਕ ਦੇ ਜ਼ਿਹਨ ਵਿੱਚ ਉਹ ਤਰਕਅਤੇ ਸਵਾਲਪੈਦਾ ਕਰਨਾ ਹੈ, ਜੋ ਮਨੁੱਖੀ ਚੇਤਨਾ ਦੀ ‘ਤੀਜੀ ਅੱਖ’ ਖੋਲ੍ਹ ਕੇ ਉਸ ਨੂੰ ਇੱਕ ਸੁਚੇਤ ਇਨਸਾਨ ਬਣਨ ਲਈ ਪ੍ਰੇਰ ਸਕਣ।

ਮੈਂ ਇਸ ਕਿਤਾਬ ਦੀ ਸਮੀਖਿਆ ਕਰਦਿਆਂ ਪ੍ਰੋ. ਜਸਪਾਲ ਸਿੰਘ ਨਾਲ ਆਪਣੀ ਸਾਂਝ ਨੂੰ ਇੱਕ ਪਾਸੇ ਰੱਖ, ਇੱਕ ਸੁਹਿਰਦ ਪਾਠਕ ਵਾਂਗੂੰ ਕਵਿਤਾਵਾਂ ਨੂੰ ਮਾਣਨ ਦੀ ਕੋਸ਼ਿਸ਼ ਕੀਤੀ।

ਕਿਤਾਬ ਪੜ੍ਹਦਿਆਂ ਮੇਰੇ ਜ਼ਿਹਨ ਵਿੱਚ ਛੇ ਸਵਾਲ ਉੱਭਰੇ, ਜਿਨ੍ਹਾਂ ਦੇ ਉੱਤਰ ਮੈਂ ਕਿਤਾਬ ਦੀਆਂ ਕਵਿਤਾਵਾਂ ਵਿੱਚ ਚੁੱਭੀਆਂ ਲਾ ਕੇ ਲੱਭਣ ਦੀ ਕੋਸ਼ਿਸ਼ ਕੀਤੀ। ਛੇ ਸਵਾਲ ਹੀ ਕਿਉਂ? ਇਸ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ।

ਪਹਿਲਾ ਸਵਾਲ: ਕੀ ਔਖੇ ਹਾਲਾਤਾਂ ਵਿੱਚ ਖਿੜਿਆ ਜਾ ਸਕਦਾ ਹੈ?

ਪੁਸਤਕ ਦਾ ਸਿਰਲੇਖ ਹੀ ਪ੍ਰੋ ਜਸਪਾਲ ਸਿੰਘ ਹੋਰਾਂ ਦੀ ਲੇਖਣੀ ਵਿਚਲੀ ਸਿਰਜਣਾਤਮਿਕਤਾ ਦਾ ਸਿਖਰ ਹੈ। ਕੇਸਰ ਬਾਰੇ ਇੱਕ ਹੈਰਾਨੀ ਵਾਲੀ ਗੱਲ ਹੈ ਇਸ ਦੀ ਤਾਸੀਰ ਅੱਗ ਵਰਗੀ ਗਰਮ ਹੈ, ਪਰ ਇਹ ਜ਼ਿਆਦਾਤਰ ਗਲੇਸ਼ੀਅਰਾਂ ਦੇ ਨੇੜੇ, ਬਰਫ਼ੀਲੇ ਇਲਾਕਿਆਂ ਵਿੱਚ ਖਿੜਦਾ ਹੈ। ਕਸ਼ਮੀਰ ਤੋਂ ਲੈ ਕੇ ਈਰਾਨ ਅਤੇ ਸਪੇਨ ਤੱਕ ਇਸ ਨੂੰ ‘ਲਾਲ ਸੋਨਾ’ ਮੰਨਿਆ ਜਾਂਦਾ ਹੈ। ਭੂਗੋਲ ਦੇ ਅਧਿਆਪਕ ਨੇ ਇਹ ਪ੍ਰਤੀਕ ਕੋਈ ਐਵੇਂ ਨਹੀਂ ਚੁਣਿਆ।

ਕਵੀ ਲਿਖਦਾ ਹੈ:

ਪਰ ਜਦ ਉਹ ਪਤਝੜ ਨਾਂ ਦੀ ਰੁੱਤ-ਕੁਰੁੱਤੀ,
ਡੈਣ ਦੇ ਵਾਂਗਰ,
ਜੜ੍ਹ-ਬੋਅ, ਜੜ੍ਹ-ਬੋਅ ਕਰਦੀ ਆਉਂਦੀ,

ਕਿੰਨੀ ਘੋਰ ਨਿਰਾਸ਼ਾ ਛਾਉਂਦੀ।
ਤਾਂ ਫਿਰ ਮੈਂ……
ਬਲਿਹਾਰੀ ਕੁਦਰਤ ਦਾ ਵਰਸੋਇਆ,
ਹਾੜ ਦੀ ਬੰਜਰ ਕੁੱਖ ਪਾੜ ਕੇ,
ਕੇਸਰ ਦਾ ਫੁੱਲ ਬਣ ਖਿੜਦਾ ਹਾਂ।
(ਸਫ਼ਾ 29 & 30)

ਅੱਜ ਹੱਦਾਂ-ਸਰਹੱਦਾਂ ਦੇ ਆਰ-ਪਾਰ ਨਿਗਾਹ ਮਾਰੋ, ਹਰ ਪਾਸੇ ਨਿਰਾਸ਼ਾ ਦੇ ਕਾਲੇ ਬੋਲੇ ਬੱਦਲ ਮੰਡਰਾ ਰਹੇ ਨੇ, ਪੱਤਝੜ ਵਾਂਗ ਸਭ ਕੁਝ ਕਿਰ ਗਿਆ ਜਾਪਦਾ। ਇਹੋ ਜਿਹੇ ਸਮੇਂ ਨਵੀਂ ਰੁੱਤ ਦੀ ਆਸ ਅਜੇ ਦੂਰ-ਦੁਰਾਡੇ ਲੱਗਦੀ ਹੈ ਤੇ ਘੋਰ ਹਨੇਰਾ, ਚਾਨਣ ਦੀ ਉਡੀਕ ਕਰਦਾ, ਹਨੇਰੇ ਨੂੰ ਹੀ ਵੱਢ-ਵੱਢ ਖਾਂਦਾ।

ਸਾਡੇ ਵਿੱਚੋਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਕਿੰਨੀ ਹੀ ਵਾਰ ਪੱਤਝੜ ਦੀ ਉਸ ‘ਡੈਣ’ ਵਰਗੀ ਰੁੱਤ ਆਈ ਹੋਵੇਗੀ ਜੋ ਬਿਮਾਰੀ, ਨੁਕਸਾਨ ਤੇ ਅਸਫ਼ਲਤਾ ਬਣ ਕੇ ਵਿਅਕਤੀਗਤ ਤੇ ਸਮੂਹਿਕ ਤੌਰ ‘ਤੇ ਸਾਡੇ ਹੌਸਲਿਆਂ ਨੂੰ ‘ਰੁੰਡ-ਮਰੁੰਡ’ ਕਰ ਜਾਂਦੀ ਹੈ। ਅਸੀਂ ਕਿੰਨੀ ਹੀ ਵਾਰ ਨਿਰਾਸ਼ਾ ਵਿੱਚ ਮੁਰਝਾਏ ਹੋਵਾਂਗੇ ਤੇ ਫਿਰ ਉਮੀਦ ਦੀ ਕਿਰਨ ਨਾਲ ‘ਕੇਸਰ ਦੇ ਫੁੱਲ’ ਵਾਂਗ ਖਿੜੇ ਹੋਵਾਂਗੇ।

ਪੰਜਾਬ ਤੇ ਪੰਜਾਬੀਆਂ ਲਈ ਸਮਾਂ ਕਦੇ ਵੀ ‘ਮੇਹਰਬਾਨ ਮਾਲੀ’ ਬਣ ਕੇ ਨਹੀਂ ਆਇਆ, ਨਾ ਅਬਦਾਲੀਆਂ ਦੀਆਂ ਧਾੜਾਂ ਵੇਲੇ, ਨਾ ਵੰਡ ਦੀ ਖ਼ੂਨੀ ਲਕੀਰ ਵੇਲੇ, ਨਾ ਚੁਰਾਸੀ ਦੀਆਂ ਲਾਟਾਂ ਵਿੱਚ ਤੇ ਉਸ ਤੋਂ ਪਿੱਛੋਂ ਪਸਰੀ ਗਹਿਰ ਵਿੱਚ। ਪਰ ਅੱਜ ਪੰਜਾਬ ਅਗਿਆਨਤਾ ਦੀ ਜਿਸ ‘ਕਾਲੀ ਬੋਲੀ ਰਾਤ’ ‘ਚੋਂ ਲੰਘ ਰਿਹਾ, ਨੈਤਿਕਤਾ ਦੀ ਗਿਰਾਵਟ ਤੇ ਨਮੋਸ਼ੀ ਦੇ ਜਿਸ ਚੁਰਾਹੇ ‘ਤੇ ਖੜ੍ਹਾ ਹੈ, ਇਹ ਸੰਤਾਪ ਉਨ੍ਹਾਂ ਸਭ ਤੋਂ ਵੱਖਰਾ ਹੈ ਕਿਉਂਕਿ ਇਸ ਵਾਰ ਵੈਰੀ ਬਾਹਰੋਂ ਨਹੀਂ ਆਇਆ, ਸਾਡੇ ਅੰਦਰੋਂ ਹੀ ਉੱਗਿਆ ਹੈ।

ਅੱਜ ਸਾਡੇ ‘ਬੇਰੂਹੇ ਪਿੰਡਾਂ’ ਵਿੱਚ ਨੌਜਵਾਨੀ ਦਾ ਪ੍ਰਦੇਸਾਂ ਵੱਲ ਉਡਾਣ ਭਰਨਾ ਤੇ ਕਿਰਤੀ ਦਾ ‘ਖ਼ੁਦਕੁਸ਼ੀਆਂ’ ਦੇ ਰਾਹ ਪੈਣਾ ਇੱਕ ਅਜਿਹਾ ਸਵਾਲ ਹੈ ਜਿਸ ਨੇ ਪੰਜਾਬ ਦੇ ਸਵੈ-ਮਾਣ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ।

ਕੀ ਤੁਸੀਂ ਬੋਹੜ ਦੇ ਪੱਤਿਆਂ ਵਾਂਗ ਝੁਕ ਕੇ ਝੜਨਾ ਚਾਹੁੰਦੇ ਹੋ, ਜਾਂ ਕੇਸਰ ਵਾਂਗ ਖਿੜਨਾ?

ਖਿੜਨ ਲਈ ਮੌਸਮ ਸੁਖਾਵੇਂ ਹੋਣੇ ਜ਼ਰੂਰੀ ਨਹੀਂ, ਸਗੋਂ ਅੰਦਰੋਂ ‘ਕੇਸਰ’ ਦੀ ਤਾਸੀਰ ਹੋਣੀ ਜ਼ਰੂਰੀ ਹੈ। ਕਵੀ ਲਿਖਦਾ ਹੈ ਕਿ ਆਸ ਜਿਊਂਦੀ ਰਹਿਣ ਦਿਓ:

ਸਮਾਂ ਬਦਲੇਗਾ, ਹਾਲਾਤ ਬਦਲਣਗੇ, ਮੌਸਮ ਬਦਲੇਗਾ,
ਫਿਰ ਬਹਾਰ ਆਵੇਗੀ,

ਸ਼ਰਫ਼ ਦਾ ਸੋਹਣਾ ਗੁਲਾਬ ਫਿਰ ਖਿੜੇਗਾ,

ਇਹ ਨਗਰ ਖੇੜਾ ਫਿਰ ਹੱਸੇਗਾ,
ਆਪਣਾ ਰੰਗਲਾ ਪੰਜਾਬ ਪਹਿਲਾਂ ਵਾਂਗੂ ਫਿਰ ਨੱਚੇਗਾ,
(ਸਫ਼ਾ 86)
 

ਦੂਜਾ ਸਵਾਲ: ਬਦਲਣਾ ਕਿਸ ਨੇ ਹੈ ਦੁਨੀਆ ਨੇ ਜਾਂ ਨਜ਼ਰੀਏ ਨੇ?

ਅਸੀਂ ਅਕਸਰ ਸਮਾਜਿਕ ਤਬਦੀਲੀ ਅਤੇ ਭ੍ਰਿਸ਼ਟ ਨਿਜ਼ਾਮ ਦੇ ਸੁਧਾਰ ਦੀ ਗੱਲ ਕਰਦੇ ਹਾਂ, ਪਰ ਸਾਡੀ ਆਪਣੀ ਹੋਂਦ ਚਾਹੇ ਉਹ ਸਫਲਤਾ ਦੇ ਸਿਖਰ ‘ਤੇ ਹੋਵੇ ਜਾਂ ਨਿਰਾਸ਼ਾ ਦੇ ਹਨੇਰੇ ਵਿੱਚ ਟੁੱਟੀ-ਭੱਜੀ, ਸਾਨੂੰ ਇੱਕ ਅਜਿਹੇ ਭਰਮ ਵਿੱਚ ਰੱਖਦੀ ਹੈ ਕਿ ‘ਮੈਂ ਤਾਂ ਸਹੀ ਹਾਂ, ਬਾਕੀ ਸਭ ਗ਼ਲਤ ਹਨ।’ ਇਹੋ ਹਉਮੈ ਹੀ ਸਾਡੀ ਚੇਤਨਾ ਦੀ ‘ਤੀਜੀ ਅੱਖ’ ਤੇ ਪੱਟੀ ਬੰਨ੍ਹ ਕੇ ਰੱਖਦੀ ਹੈ।

ਜਿਥੇ ਅੱਜ ਦੇ ਸਮਿਆਂ ਵਿੱਚ ਇਨਸਾਨ ਹੋਣਾ ਵਰਦਾਨ ਹੈ, ਉਥੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਉਥਲ-ਪੁਥਲ ਵਿੱਚ ਸੰਤਾਪਿਆ ਬੰਦਾ ਬੁੱਤ ਹੋਇਆ ਪਿਆ: ਕੌਣ ਕਿਸ ਦਾ, ਕਿਹੜੀਆਂ ਕਦਰਾਂ-ਕੀਮਤਾਂ, ਕਿਹੜੇ ਸਾਕ ਤੇ ਕਿਹੜੀਆਂ ਮੁਆਫ਼ੀਆਂ? ਕਿੰਨੇ ਸੰਘਰਸ਼ ਘਾਲੇ ਹੋਣਗੇ ਸਾਡੇ ਲੱਕੜਦਾਦਿਆਂ-ਪੜਦਾਦਿਆਂ ਨੇ ਇੱਕ ਵਕਤ ਦੇ ਭੋਜਨ ਦੀ ਤਲਾਸ਼ ਵਿੱਚ। ਅੱਜ ਅਸੀਂ ਭਰੇ ਢਿੱਡ ਤੇ ਖ਼ਾਲੀ ਦਿਮਾਗ਼ ਫ਼ੋਨ ਦੀ ਡੱਬੀ ਨਾਲ ਚਿੰਬੜੇ ਬੰਦੇ ਦੀ ਬੰਦੇ ਨਾਲ ਕੁੱਤੇ-ਖ਼ਾਣੀ ਦੀ ਪਲ-ਪਲ ਨੁਮਾਇਸ਼ ਲਾਉਂਦੇ ਹਾਂ। ਤਾਂ ਹੀ ਸ਼ਾਇਦ ਭੀੜ ਵਿੱਚ ਹਰ ਇਨਸਾਨ ਅੱਜ ਇਕੱਲਾ ਤੇ ਗੁੰਮਨਾਮ ਮਹਿਸੂਸ ਕਰ ਰਿਹਾ। ਕਵੀ ਲਿਖਦਾ:

ਇਹ ਕੰਧਾਂ ਨੇ ਕੰਧਾਂ,
ਹੈ ਇਹਨਾਂ ਦਾ ਫ਼ਤਵਾ,
ਵੰਡਾਂ ਹੀ ਵੰਡਾਂ,
ਨਿਹੱਥਾ, ਵਿਚਾਰਾ,
ਖੜ੍ਹਿਆ ਦੋਨੋਂ ਪਾਸੇ
ਬੇਬਸ ਹੈ ਬੰਦਾ…।
ਇਹ ਕੰਧਾਂ ਨੇ ਕੰਧਾਂ।
(ਸਫ਼ਾ 34)

ਪ੍ਰੋ. ਜਸਪਾਲ ਸਿੰਘ ਅਨੁਸਾਰ ਜਦੋਂ ਤੱਕ ਅਸੀਂ ਧਰਮਾਂ, ਨਸਲਾਂ ਅਤੇ ‘ਮੈਂ’ ਦੇ ਸੌੜੇ ਦਾਇਰਿਆਂ ਨੂੰ ਨਹੀਂ ਤੋੜਦੇ, ਉਦੋਂ ਤੱਕ ਇਨਸਾਨੀਅਤ ਦਾ ਅਸਲੀ ਪੈਗ਼ਾਮ ਸਮਝ ਨਹੀਂ ਆ ਸਕਦਾ। ਉਹ ਸਮਾਜਿਕ ਜੜ੍ਹਤਾ ‘ਤੇ ਸਿੱਧੀ ਚੋਟ ਕਰਦਿਆਂ ਇਹ ਖਰੀ ਰਾਇ ਦਿੰਦੇ ਹਨ:

ਜੇ ਸਾਡੀ ਸੋਚ ਨਾ ਬਦਲੀ ਕਿਵੇਂ ਇਹ ਸਮਾਜ ਬਦਲੇਗਾ,
ਨਜ਼ਰ ਨਹੀਂ ਨਜ਼ਰੀਆ ਬਦਲੋ, ਮੰਜ਼ਰ ਸ਼ਰੇਆਮ ਬਦਲੇਗਾ।
(ਸਫ਼ਾ 36)

ਕਿੰਨਾ ਫ਼ਰਕ ਹੈ ‘ਨਜ਼ਰ’ ਤੇ ‘ਨਜ਼ਰੀਏ’ ਵਿੱਚ! ਨਜ਼ਰ ਸਰੀਰਕ ਹੈ, ਜੋ ਅਸੀਂ ਦੇਖਦੇ ਹਾਂ। ਨਜ਼ਰੀਆ ਮਾਨਸਿਕ ਹੈ, ਜਿਸ ਤਰ੍ਹਾਂ ਅਸੀਂ ਸਮਝਦੇ ਹਾਂ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਹਰ ਪਾਸੇ ਨਜ਼ਰੀਆ ਕਤਲ ਕੀਤਾ ਜਾ ਰਿਹਾ। ਤੇ ਫਿਰ ਕਵੀ ਇੱਕ ਬਹੁਤ ਹੀ ਹੈਰਾਨੀਜਨਕ ਪਰ ਅੱਜ ਦੇ ਸੰਦਰਭ ਵਿੱਚ ਕਮਾਲ ਦੀ ਗੱਲ ਕਹਿੰਦਾ ਹੈ:

ਨਹੀਂ ਸੁਣਨਾ, ਨਹੀਉਂ ਤੱਕਣਾ, ਨਾ ਮੂੰਹੋਂ ਬੋਲ ਕੋਈ ਕੱਢਣਾ,
ਫਲਸਫ਼ਾ ਬਾਂਦਰਾਂ ਦਾ ਹੈ ਕਿਵੇਂ ਇਨਸਾਨ ਬਦਲੇਗਾ।
ਤਿਲਕ ਵਾਲਾ, ਟੋਪੀ ਵਾਲਾ, ਆਹ ਨੀਵਾਂ ਹੈ ਉਹ ਹੈ ਕਾਲ਼ਾ,
ਜਦੋਂ ਟੁੱਟਣਗੇ ਸਭ ਦਾਇਰੇ ਉਦੋਂ ਇਨਸਾਨ ਬਦਲੇਗਾ।
(ਸਫ਼ਾ 36)

ਕਵੀ ਗਾਂਧੀ ਜੀ ਦੇ ਤਿੰਨ ਬਾਂਦਰਾਂ ਦੇ ਉਲਟ, ਸਮੇਂ ਨਾਲ ਬਦਲਦੀ ਦੁਨੀਆ ਨੂੰ ਨਵੇਂ ਨਜ਼ਰੀਏ ਨਾਲ ਤੱਕਣ ਦੀ ਪੁਕਾਰ ਲਾਉਂਦਾ। ਬੁਰਾ ਨਾ ਦੇਖੋ, ਨਾ ਸੁਣੋ, ਨਾ ਬੋਲੋ: ਕਵੀ ਕਹਿੰਦਾ ਹੈ ਇਹ ਤਾਂ ਜਾਨਵਰਾਂ ਦਾ ਫ਼ਲਸਫ਼ਾ ਹੈ, ਇਨਸਾਨ ਦਾ ਨਹੀਂ। ਅੱਜ ਦੇ ਦੌਰ ਵਿੱਚ ਬੁਰਾਈ ਦੇਖ ਕੇ ਚੁੱਪ ਰਹਿਣਾ ਇਨਸਾਨੀਅਤ ਨਹੀਂ।

ਕਵੀ ਲੋਕਤੰਤਰ ਨੂੰ ‘ਮੈਲਾ ਸਰੋਵਰ’ ਤੇ ਨੇਤਾਵਾਂ ਨੂੰ ‘ਬਗਲੇ’ ਕਹਿੰਦਾ ਹੈ ਤੇ ਪੁੱਛਦਾ ਹੈ: ਇਨ੍ਹਾਂ ਬਗਲਿਆਂ ਦਾ ਕਿਰਦਾਰ ਕਦੋਂ ਬਦਲੇਗਾ?

ਸਰੋਵਰ ਲੋਕਤੰਤਰ ਦਾ ਮੈਲ਼ਾ ਹੋਇਆ ਤੇ ਬੋਅ ਮਾਰੇ,
ਪੁੱਛਣ ਮੱਛੀਆਂ, ਤੇਰਾ ਬਗ਼ਲੇ ਕਦੋਂ ਕਿਰਦਾਰ ਬਦਲੇਗਾ।
(ਸਫ਼ਾ 36)

ਪਰ ਕਵੀ ਸਿਰਫ਼ ਚੋਟ ਨਹੀਂ ਕਰਦਾ  ਉਹ ਰਾਹ ਵੀ ਦੱਸਦਾ ਹੈ। ‘ਹੁੰਗਾਰਾ’ ਵਿੱਚ ਹਾਮੀ ਭਰਦਾ ਹੈ ਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੰਦਾ ਹੈ:

ਹੈ ਕੋਈ ਜੋ ਬਾਤ ਮੇਰੀ ਦਾ ਹੁੰਗਾਰਾ ਭਰੇਗਾ,
ਸੁੰਨ ਹੋਈ ਚੇਤਨਾ ਵਿੱਚ ਚਿਣਗ ਅੱਗ ਦੀ ਧਰੇਗਾ।
ਜੇ ਨਾ ਉੱਠੇ, ਜੇ ਨਾ ਜਾਗੇ, ਨਾ ਲੜੇ ਜੇ ਦੋਸਤੋ,
ਬੁਜ਼ਦਿਲਾਂ ਦੇ ਫਿਰ ਕੋਈ ਇਤਿਹਾਸ ਨਹੀਂ ਲੜੇਗਾ।
(ਸਫ਼ਾ 133)

ਤਾਂ ਸਵਾਲ ਤੁਹਾਡੇ ਨਾਲ ਵੀ ਹੈ  ਤੁਸੀਂ ਹੁੰਗਾਰਾ ਭਰੋਗੇ ਕਿ ਨਹੀਂ? ਜੇ ਹਰ ਕੋਈ ਆਪਣੇ ਨਜ਼ਰੀਏ ਨੂੰ ਨਾ ਮਰਨ ਦੇਵੇ ਤਾਂ ਨਜ਼ਰਾਂ ਖ਼ੁਦ ਹੀ ਠੀਕ ਹੋ ਜਾਣਗੀਆਂ।

ਤੀਜਾ ਸਵਾਲ: ਅਸੂਲਾਂ ਦੀ ਇਸ ਮੰਡੀ ਵਿੱਚ ‘ਜ਼ਮੀਰ’ ਦੀ ਕੀਮਤ ਕੀ ਹੈ?

ਅੱਜ ਦੇ ਇਸ ਪਦਾਰਥਵਾਦੀ ਦੌਰ ਵਿੱਚ, ਜਿੱਥੇ ਹਰ ਰੂਹ ਅਤੇ ਹਰ ਅਹਿਸਾਸ ਦੀ ਬੋਲੀ ਲੱਗ ਰਹੀ ਹੈ, ਉੱਥੇ ਆਦਰਸ਼ਵਾਦੀ ਹੋਣ ਦਾ ਦਾਅਵਾ ਕਰਨਾ ਤਾਂ ਬੜਾ ਸੌਖਾ ਹੈ, ਪਰ ਉਨ੍ਹਾਂ ਆਦਰਸ਼ਾਂ ‘ਤੇ ਆਖ਼ਰੀ ਸਾਹ ਤੱਕ ਪਹਿਰਾ ਦੇਣਾ ‘ਸੂਲੀ ‘ਤੇ ਚੜ੍ਹਨ’ ਦੇ ਬਰਾਬਰ ਹੈ।

ਪ੍ਰੋ. ਜਸਪਾਲ ਸਿੰਘ ਦੀ ਕਲਮ ਸਾਨੂੰ ਪੁੱਛਦੀ ਹੈ ਕਿ ਕੀ ਇਸ ਬਜ਼ਾਰ ਵਿੱਚ ਅਸੂਲਾਂ ਦੀ ਵੀ ਕੋਈ ਕੀਮਤ ਹੋ ਸਕਦੀ ਹੈ? ਕਵੀ ਦਾ ਜਵਾਬ ਬੜਾ ਖਰਾ ਅਤੇ ਬੇਬਾਕ ਹੈ:

ਜੋ ਮੁੱਲ ਆਪਣੇ ਅਸੂਲਾਂ ਦਾ ਕਦੇ ਲਾਇਆ ਨਹੀਂ ਕਰਦੇ,
ਉਹ ਸਿਰ ਬਾਦਸ਼ਾਹਾਂ ਦੇ ਮੂਹਰੇ ਵੀ ਝੁਕਾਇਆ ਨਹੀਂ ਕਰਦੇ।
(ਸਫ਼ਾ 114)

 ਅਤੇ ਸਭ ਤੋਂ ਖ਼ੂਬਸੂਰਤ ਸਤਰ:

ਮੈਂ ਇੱਕ ਮਿਸਾਲ ਉਨ੍ਹਾਂ ਦੇ ਕਿਰਦਾਰ ਦੀ ਦਿੰਦਾ,
ਚਿਰਾਗ ਆਪਣੇ ਉਹ ਦੁਸ਼ਮਣ ਦਾ ਵੀ ਬੁਝਾਇਆ ਨਹੀਂ ਕਰਦੇ।
(ਸਫ਼ਾ 114)

 ਇਹ ਭਾਈ ਕਨ੍ਹਈਆ ਜੀ ਵਾਲੀ ਬਿਰਤੀ ਸਾਡੇ ਆਚਰਣ ਦਾ ਧੁਰਾ ਹੈ। ਚੰਗਾ ਦੁਸ਼ਮਣ ਸਿਧਾਂਤਾਂ ‘ਤੇ ਵਾਰ ਕਰਦਾ ਹੈ, ਕਿਰਦਾਰਾਂ ‘ਤੇ ਨਹੀਂ। ਉਹ ਵਿਰੋਧੀ ਦੇ ਵਿਚਾਰ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਵਿਰੋਧੀ ਨੂੰ ਨਹੀਂ। ਸਿਆਣਾ ਦੁਸ਼ਮਣ ਮੱਥੇ ਦੀ ਲੜਾਈ ਲੜਦਾ ਹੈ, ਮੂਰਖ ਜੜ੍ਹਾਂ ਵੱਢਦਾ ਹੈ।

ਤੇ ਫਿਰ ਕਵੀ ਸੁਕਰਾਤ ਦਾ ਹਵਾਲਾ ਦਿੰਦਾ ਪਾਠਕ ਨੂੰ ਆਪਣੇ ਅਸੂਲਾਂ ਨੂੰ ਦਾਅ ‘ਤੇ ਨਾ ਲਾਉਣ ਦੀ ਦੁਹਾਈ ਦਿੰਦਾ ਹੈ:

ਆਪਣੇ ਅਸੂਲਾਂ ਨੂੰ ਨੀ ਦਾਅ ਉੱਤੇ ਲਾਈਦਾ,
ਮਰੀਆਂ ਜ਼ਮੀਰਾਂ ਦਾ ਨਹੀਂ ਮਾਤਮ ਮਨਾਈਦਾ।

ਸੱਚ ਬੋਲਣੇ ਦਾ ਸਿਲਾ ਜ਼ਹਿਰ ਦਾ ਪਿਆਲਾ ਏ,
ਐਵੇਂ ਤਾਂ ਨੀ ਕੋਈ ਸੁਕਰਾਤ ਅਖਵਾਈਦਾ।
(ਸਫ਼ਾ 156)

ਸੱਚ ਦੀ ਕੀਮਤ ਹਮੇਸ਼ਾ ਮਹਿੰਗੀ ਹੁੰਦੀ ਹੈ। ਪਰ ਇਹੀ ਕੁਰਬਾਨੀ ਇਤਿਹਾਸ ਵਿੱਚ ਇਨਸਾਨ ਨੂੰ ਅਮਰ ਕਰ ਜਾਂਦੀ ਹੈ। ਭਗਤ ਸਿੰਘ ਤੋਂ ਸੁਕਰਾਤ ਤੱਕ ਇੱਕੋ ਗੱਲ ਹੈ।

ਮੈਂ ਪ੍ਰੋ. ਜਸਪਾਲ ਸਿੰਘ ਦੀ ਇੱਕ ਕਵੀ ਦੇ ਤੌਰ ਤੇ ਅਸੂਲਾਂ ਦੀ ਪਰਖ ਕਰਨ ਦੀ ਲੋੜ ਨਹੀਂ ਸਮਝੀ ਕਿਉਂਕਿ ਮੈਂ ਜਾਣਦਾ ਸਾਂ ਕਿ ਉਹ ਹਮੇਸ਼ਾ ਸੱਚ-ਹੱਕ ਦੇ ਨਾਲ ਖੜ੍ਹਨ ਵਾਲੇ ਅਸੂਲੀ ਇਨਸਾਨ ਹਨ, ਪਰ ਹੇਠਲੀਆਂ ਸਤਰਾਂ ਨੇ ਸਹਿਜੇ ਹੀ ਮੇਰੇ ਵਿਸ਼ਵਾਸ ਨੂੰ ਹੋਰ ਵੀ ਪੱਕਾ ਕਰ ਦਿੱਤਾ। ਸਮਕਾਲੀ ਨਿਜ਼ਾਮ ਨੂੰ ਫਿਟਕਾਰ ਪਾਉਣ ਲਈ ਅਸੂਲਾਂ ‘ਤੇ ਖੜ੍ਹਨਾ ਪੈਂਦਾ:

ਚੱਲ ਬਾਪੂ ਇੱਥੋਂ ਕਿਤੇ ਦੂਰ ਟੁਰ ਚੱਲੀਏ,

ਇਹ ਆਪਣਾ ਪਹਿਲਾਂ ਵਾਲਾ, ਪੰਜਾਬ ਨਹੀਂ ਰਿਹਾ,

ਬਘਿਆੜੀ ਪੰਜਿਆਂ ’ਚ ਫਸਿਆ ਆਮ ਆਦਮੀ,

ਦਿਨ-ਰਾਤ ਤਰਲੋ-ਮੱਛੀ ਹੋ ਰਿਹਾ ਦਮ ਤੋੜਦਾ।

ਹੱਕ ਤੇ ਸੱਚ ਦੇ ਪਹਿਰੇਦਾਰਾਂ ਨੇ,
ਸਾਮ, ਦਾਮ, ਦੰਡ-ਭੇਦ ਦੀ,
ਚਾਣਕਿਆ ਨੀਤੀ ਤੇ ਪੂਰਾ ਪਹਿਰਾ ਦਿੱਤਾ,
ਪਰਿਵਾਰ-ਦਰ-ਪਰਿਵਾਰ ਲੋਕਤੰਤਰ ਨੂੰ ਰਖੈਲ ਸਮਝ,
ਭਾਰਤ ਮਾਂ ਦੀ ਅੰਤਰ-ਆਤਮਾ ਨੂੰ ਲਹੂ-ਲੁਹਾਣ ਕਰ ਦਿੱਤਾ।
(ਸਫ਼ਾ 81, 82)

 ਚੌਥਾ ਸਵਾਲ: ਖੁਸ਼ੀ ਦੀ ਤਲਾਸ਼ ਕਿੱਥੇ ਜਾ ਕੇ ਮੁੱਕਦੀ ਹੈ?

ਮੈਂ ਤੁਹਾਡੇ ਸਾਹਮਣੇ ਇੱਕ ਅਜਿਹਾ ਸਵਾਲ ਰੱਖਣਾ ਚਾਹੁੰਦਾ ਹਾਂ ਜਿਸ ਦੇ ਪਿੱਛੇ ਸਾਰੀ ਮਨੁੱਖਤਾ ਸਦੀਆਂ ਤੋਂ ਦੌੜ ਰਹੀ ਹੈ – ਤੁਸੀਂ ਖ਼ੁਸ਼ੀ ਕਿੱਥੇ ਲੱਭਦੇ ਹੋ?

ਕੀ ਇਹ ਖੁਸ਼ੀ ਪੈਸੇ ਦੇ ਢੇਰਾਂ ਵਿੱਚ ਹੈ? ਕਿਸੇ ਵੱਡੇ ਰੁਤਬੇ ਜਾਂ ਬਾਹਰਲੀ ਦੁਨੀਆ ਦੀ ਚਮਕ-ਧਮਕ ਵਿੱਚ? ਪ੍ਰੋ. ਜਸਪਾਲ ਸਿੰਘ ਇਸ ਭਟਕਣ ਨੂੰ ਰੋਕਦਿਆਂ ਸਾਨੂੰ ਕਸਤੂਰੀ ਮਿਰਗ ਦੀ ਮਿਸਾਲ ਦਿੰਦੇ ਹਨ। ਉਹ ਲਿਖਦੇ ਹਨ:

ਬੜੀ ਨਾਯਾਬ ਹੈ ਜ਼ਿੰਦਗੀ, ਦੋਬਾਰਾ ਫੇਰ ਨਹੀਂ ਮਿਲਣੀ,
ਕਲੀ ਮੁਰਝਾ ਗਈ ਜੇ ਇਹ, ਦੋਬਾਰਾ ਫੇਰ ਨਹੀਂ ਖਿੜਨੀ।
ਇਹ ਜਿਸ ਦੀ ਭਾਲ ਵਿੱਚ ਦਿਨ-ਰਾਤ ਭਰ-ਭਰ ਚੁੰਗੀਆਂ ਦੌੜੇ,
ਇਹਦੇ ਅੰਦਰ ਹੀ ‘ਕਸਤੂਰੀ’, ਤੇ ਥਾਂ-ਥਾਂ ਭਟਕਦੀ ਹਿਰਨੀ।
(ਸਫ਼ਾ 128)

ਜਿਵੇਂ ਕਸਤੂਰੀ ਹਿਰਨੀ ਆਪਣੀ ਹੀ ਨਾਭੀ ਵਿੱਚੋਂ ਆ ਰਹੀ ਅਦਭੁਤ ਖ਼ੁਸ਼ਬੂ ਨੂੰ ਜੰਗਲਾਂ ਦੇ ਘਾਹ-ਫੂਸ ਵਿੱਚ ਲੱਭਦੀ ਫਿਰਦੀ ਹੈ, ਓਵੇਂ ਹੀ ਅਸੀਂ ਆਪਣੀ ਅੰਦਰੂਨੀ ਸ਼ਾਂਤੀ ਨੂੰ ਬਾਹਰੀ ਪਦਾਰਥਾਂ ਵਿੱਚ ਤਲਾਸ਼ ਰਹੇ ਹਾਂ। ਇਹ ਸਤਰਾਂ ਬਹੁਤ ਹੀ ਗਹਿਰੀ ਜੀਵਨ ਫ਼ਲਸਫ਼ੇ ਨੂੰ ਬਿਆਨ ਕਰਦੀਆਂ ਹਨ।

ਕਵੀ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਇਹ ਜ਼ਿੰਦਗੀ ਬੜੀ ‘ਨਾਯਾਬ’ ਹੈ ਅਤੇ ਜੋ ਸਮਾਂ ਲੰਘ ਰਿਹਾ ਹੈ, ਉਹ ਕਦੇ ਮੁੜ ਕੇ ਨਹੀਂ ਆਉਣਾ। ਸਮੇਂ ਦੀ ਬੇਰਹਿਮੀ ਬਾਰੇ ਉਹ ਇੱਕ ਬੜਾ ਹੀ ਡੂੰਘਾ ਸੱਚ ਬਿਆਨ ਕਰਦੇ ਹਨ:

ਤੂੰ ਜੀਅ ਹਰ ਪਲ ਸਦੀ ਵਾਂਗੂੰ, ਸਮਾਂ ਲੰਘਿਆ ਨਹੀਂ ਮੁੜਨਾ,
ਭਾਵੇਂ ਲੱਖ ਮੀਚ ਲਈਂ ਮੁੱਠੀਆਂ, ਸਾਹਾਂ ਦੀ ਰੇਤ ਤਾਂ ਕਿਰਨੀ।
(ਸਫ਼ਾ 128)

ਅਸੀਂ ਚਾਹੇ ਕਿੰਨੀ ਵੀ ਕੋਸ਼ਿਸ਼ ਕਰ ਲਈਏ, ਮੁੱਠੀ ਵਿੱਚ ਘੁੱਟੀ ਰੇਤ ਵਾਂਗ ਸਾਡੇ ਸਾਹ ਤੇ ਸਾਡਾ ਸਮਾਂ ਨਿਰੰਤਰ ਕਿਰ ਰਿਹਾ ਹੈ।
ਫਿਰ ਇਹ ਬਾਹਰਮੁਖੀ ਦੌੜ ਕਿਉਂ? ਜਦੋਂ ਖ਼ੁਸ਼ੀ ਦੀ ‘ਕਸਤੂਰੀ’ ਸਾਡੇ ਆਪਣੇ ਅੰਦਰ ਹੀ ਵਸੀ ਹੋਈ ਹੈ, ਤਾਂ ਅਸੀਂ ਆਪਣੀ ਰੂਹ ਦੀ ਬੁੱਕਲ ਵਿੱਚ ਝਾਤ ਕਿਉਂ ਨਹੀਂ ਮਾਰਦੇ?

ਕਵੀ ਸਾਨੂੰ ਪ੍ਰੇਰਦਾ ਹੈ ਕਿ ਹਰ ਸਾਹ ਨੂੰ ‘ਸਦੀ’ ਵਾਂਗ ਮਾਣੀਏ, ਕਿਉਂਕਿ ਇਹ ‘ਗਾਥਾ’ ਦੁਬਾਰਾ ਨਹੀਂ ਛਿੜਨੀ।

ਅਸਲੀ ਖ਼ੁਸ਼ੀ ਬਾਹਰਲੇ ਮੰਜ਼ਰ ਬਦਲਣ ਵਿੱਚ ਨਹੀਂ, ਸਗੋਂ ਆਪਣਾ ‘ਨਜ਼ਰੀਆ’ ਬਦਲ ਕੇ ਅੰਦਰ ਖਿੜੇ ਕੇਸਰ ਨੂੰ ਪਛਾਣਨ ਵਿੱਚ ਹੈ।

ਪੰਜਵਾਂ ਸਵਾਲ: ਜਦੋਂ ਦਿਲ ਤੇ ਜ਼ਿਹਨ ਲੜਨ, ਤਾਂ ਅਸੀਂ ਕਿਸ ਦੀ ਮੰਨਦੇ ਹਾਂ?

ਹੁਣ ਮੈਂ ਉਸ ਸਵਾਲ ‘ਤੇ ਆਉਂਦਾ ਹਾਂ ਜੋ ਸ਼ਾਇਦ ਸਭ ਤੋਂ ਵੱਧ ਪੀੜਾਦਾਇਕ ਤੇ ਔਖਾ ਹੈ। ਔਖਾ ਇਸ ਲਈ ਕਿ ਇਹ ਕਿਸੇ ਦੂਜੇ ਦੀ ਕਹਾਣੀ ਨਹੀਂ, ਸਾਡੇ ਸਭ ਦੀ ਰੂਹ ਦੀ ਨਿੱਜੀ ਦਾਸਤਾਨ ਹੈ।

ਪ੍ਰੋ. ਜਸਪਾਲ ਸਿੰਘ ਆਪਣੀ ਬੇਬਾਕ ਕਵਿਤਾ ‘ਮਜਬੂਰੀ’ ਵਿੱਚ ਇੱਕ ਅਜਿਹੀ ਸਚਾਈ ਸਵੀਕਾਰ ਕਰਦੇ ਹਨ ਜਿਸ ਨੂੰ ਮੰਨਣ ਦੀ ਹਿੰਮਤ ਅਸੀਂ ਅਕਸਰ ਨਹੀਂ ਕਰ ਪਾਉਂਦੇ। ਜ਼ਿੰਦਗੀ ਦੀ ਇੱਕ ਅਸਲੀਅਤ ਇਹ ਵੀ ਹੈ ਕਿ ਹਰ ਕੋਈ ਤਕੜੇ ਦਾ ਪੱਖ ਪੂਰਦਾ। ਉਹ ਲਿਖਦੇ ਹਨ:

ਕਾਲਾ ਭਰਿਆ ਬੱਦਲ ਬਣ ਕੇ ਫਿਰ ਵੀ ਮੈਂ ਮਜਬੂਰ ਰਿਹਾ,
ਸਾਗਰ ਉੱਤੇ ਜਮ-ਜਮ ਵਰ੍ਹਿਆ, ਮਾਰੂਥਲ ਤੋਂ ਦੂਰ ਰਿਹਾ।

ਜ਼ਿਹਨ ਕਹੇ ਸਿਰ ਝੁਕਿਆ ਰਹਿਣ ਦੇ, ਦਿਲ ਆਖੇ ਇਹ ਲਾਹਨਤ ਹੈ,
ਜ਼ਿਹਨ ਕਮੀਨੇ ਦੀ ਮੈਂ ਮੰਨ ਲਈ, ਇਹੀ ਮੇਰਾ ਕਸੂਰ ਰਿਹਾ।
(ਸਫ਼ਾ 152)

ਇਹ ਕਿੰਨੀ ਇਮਾਨਦਾਰ ਤੇ ਕੌੜੀ ਸਵੈ-ਪੜਚੋਲ ਹੈ! ਦਿਲ ਬਗ਼ਾਵਤ ਦਾ ਹੌਸਲਾ ਦਿੰਦਾ ਹੈ, ਪਰ ਇਹ ‘ਕਮੀਨਾ ਜ਼ਿਹਨ’ ਸਾਨੂੰ ਸੁਰੱਖਿਆ ਤੇ ਸੁੱਖ-ਸਹੂਲਤਾਂ ਦਾ ਲਾਲਚ ਦੇ ਕੇ ਸਮਝੌਤਿਆਂ ਅੱਗੇ ਸਿਰ ਝੁਕਾਉਣ ਲਈ ਮਜਬੂਰ ਕਰ ਦਿੰਦਾ ਹੈ।

ਇਹ ਸਤਰਾਂ ਇਸ ਲਈ ਵੀ ਖ਼ਾਸ ਹਨ ਕਿ ਪੂਰੀ ਪੁਸਤਕ ਦਾ ਸੁਰ ਬਹੁਤ ਹੀ ਆਸ਼ਾਵਾਦੀ ਤੇ ਜੁਝਾਰੂ ਹੈ। ਲੇਖਕ ਸਾਨੂੰ ‘ਉਕਾਬ’ ਵਾਂਗ ਉੱਚੀ ਉਡਾਰੀ ਭਰਨ ਦੀ ਪ੍ਰੇਰਨਾ ਦਿੰਦਾ ਹੈ, ਪਰ ਇੱਥੇ ਉਹ ਇੱਕ ਮਾਨਵੀ ਕਮਜ਼ੋਰੀ ਨੂੰ ਸਵੀਕਾਰਦਾ ਹੋਇਆ ਲਿਖਦਾ ਹੈ:

ਹਾਂ ਤਾਂ ਮੈਂ ਉਕਾਬ ਦੀ ਕੁੱਲ ‘ਚੋਂ, ਪਰ ਆਪੇ ਖੰਭ ਕਟਵਾ ਬੈਠਾਂ,
ਅੰਬਰ ਨਹੀਂ ਹੁਣ, ਸੋਨੇ ਵਾਲਾ ਪਿੰਜਰਾ ਹੀ ਮਨਜ਼ੂਰ ਰਿਹਾ।
(ਸਫ਼ਾ 152)

ਉਕਾਬ ਦੀ ਕੁੱਲ ਦਾ ਹੋ ਕੇ ਵੀ, ਅਜ਼ਾਦ ਅੰਬਰਾਂ ਨੂੰ ਤਿਆਗ ਕੇ ਸਿਰਫ਼ ਸਹੂਲਤਾਂ ਭਰੇ ‘ਸੋਨੇ ਦੇ ਪਿੰਜਰੇ’ ਨੂੰ ਚੁਣ ਲੈਣਾ, ਇਹ ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਆਪਣੇ ਆਦਰਸ਼ਾਂ ਨੂੰ ਦੁਨਿਆਵੀ ਲਾਲਚਾਂ ਲਈ ਕੁਰਬਾਨ ਕਰ ਦਿੰਦਾ ਹੈ। ਉਨ੍ਹਾਂ ਦੀ ਇੱਕ ਹੋਰ ਕਵਿਤਾ ‘ਇਤਰਾਜ਼’ ਵੀ ਇਸੇ ਦਰਦ ਨੂੰ ਦੁਹਰਾਉਂਦੀ ਹੈ:

ਸੋਨੇ ਦੇ ਪਿੰਜਰੇ ‘ਚ ਜਦ ਪਰਿੰਦਾ ਫੜਫੜਾਉਂਦਾ ਹੈ,
ਉਹਨੂੰ ਟੁੱਟਿਆ ਵੀ ਖੰਭ ਆਪਣਾ ਕੋਈ ਪਰਵਾਜ਼ ਲੱਗਦਾ ਹੈ।
(ਸਫ਼ਾ 46)

ਮੈਨੂੰ ਲੱਗਦਾ ਕਵੀ ਸਭ ਨੂੰ ਪੁੱਛਦਾ ਹੈ ਕਿ ਕੀ ਅਸੀਂ ਸਾਰੀ ਉਮਰ ਸਿਰਫ਼ ਇਸ ਲਈ ‘ਉਕਾਬ’ ਨਹੀਂ ਬਣ ਸਕੇ ਕਿਉਂਕਿ ਅਸੀਂ ਆਪਣੇ ‘ਕਮੀਨੇ ਜ਼ਿਹਨ’ ਦੀ ਮੰਨ ਕੇ ਸੋਨੇ ਦੇ ਪਿੰਜਰੇ ਨੂੰ ਹੀ ਆਪਣੀ ਮੰਜ਼ਿਲ ਸਮਝ ਲਿਆ?

ਛੇਵਾਂ ਸਵਾਲ: ਜੇ ਪੰਜਾਬ ਚੋਂ ਪਿਆਰ ਤੇ ਪੰਜਾਬੀ ਸਭਿਆਚਾਰਕ ਚੇਤਨਾ ਮੁੱਕ ਜਾਵੇ, ਤਾਂ ਪੰਜਾਬ ਰਹੇਗਾ ਕੀ?

ਅੱਜ ਜਦੋਂ ਅਸੀਂ ਪੰਜਾਬ ਦੇ ਸਮਾਜਿਕ ਧਰਾਤਲ ਦਾ ਵਿਸ਼ਲੇਸ਼ਣ ਕਰਦੇ ਹਾਂ, ਤਾਂ ਸਾਡਾ ਸਾਹਮਣਾ ਇੱਕ ਗੰਭੀਰ ਹੋਂਦਮੁਖੀ ਸੰਕਟ ਨਾਲ ਹੁੰਦਾ ਹੈ। ਪੰਜਾਬ ਦੀ ਉਹ ਪਵਿੱਤਰ ਮਿੱਟੀ ਜਿਸ ਨੇ ਕਦੇ ‘ਸੋਨੇ ਵਰਗੀ ਤਾਸੀਰ’ ਰੱਖੀ ਸੀ, ਅੱਜ ਨਸ਼ਿਆਂ ਦੇ ਕਾਲੇ ਨਾਗ, ਪਰਵਾਸ ਦੇ ਉਦਾਸ ਮੌਸਮ ਤੇ ਸਭਿਆਚਾਰਕ ਟੁੱਟ-ਭੱਜ ਵਰਗੇ ਕਈ ਜਟਿਲ ਖ਼ਤਰਿਆਂ ਦੀ ਗ੍ਰਿਫ਼ਤ ਵਿੱਚ ਹੈ।

ਪਰ ਅਜਿਹੇ ਨਾਜ਼ੁਕ ਦੌਰ ਵਿੱਚ ਵੀ ਕਵੀ ਦੀ ਕਲਮ ਇੱਕ ਅਜੀਬ ਸਿਰਜਣਾਤਮਕ ਆਸ਼ਾਵਾਦ ਨਾਲ ਗੂੰਜਦੀ ਹੈ। ਉਹ ਐਲਾਨ ਕਰਦਾ ਹੈ ਕਿ ਪੰਜਾਬੀਆਂ ਦਾ ਪਿਆਰ ਨਾਲ ਰਿਸ਼ਤਾ ਕੋਈ ਆਰਜ਼ੀ ਭਾਵਨਾ ਨਹੀਂ, ਸਗੋਂ ਸਾਡੀ ਜੈਵਿਕ ਤੇ ਰੂਹਾਨੀ ਗੁੜ੍ਹਤੀ ਹੈ:

ਪੰਜਾਬੀਆਂ ਦੇ ਪੋਤੜਿਆਂ ‘ਚ ਗੁੜਤੀ ਏ ਪਿਆਰ ਦੀ,
ਜੋਬਨਾਂ ਦੀ ਰੁੱਤੇ ਕੋਠੇ ਚੜ੍ਹ-ਚੜ੍ਹ ਕੂਕਾਂ ਮਾਰਦੀ,
(ਸਫ਼ਾ 162)

ਹੀਰ-ਰਾਂਝਾ, ਸੋਹਣੀ-ਮਹੀਂਵਾਲ ਤੇ ਮਿਰਜ਼ਾ-ਸਾਹਿਬਾਂ — ਪੰਜਾਬੀ ਲੋਕ-ਧਾਰਾ ਵਿੱਚ ਇਹ ਮਹਿਜ਼ ਦੁਖਾਂਤਕ ਕਿੱਸੇ ਨਹੀਂ, ਸਗੋਂ ਪੰਜਾਬੀ ਰੂਹ ਦੇ ਉਹ ਅਮਰ ਹਸਤਾਖ਼ਰ ਹਨ ਜਿਨ੍ਹਾਂ ਨੇ ਸਮੇਂ ਦੀਆਂ ਕਠੋਰ ਕਟਾਰਾਂ ਤੇ ਜਾਬਰ ਨਿਜ਼ਾਮਾਂ ਦੇ ਮੂਹਰੇ ਕਦੇ ਗੋਡੇ ਨਹੀਂ ਟੇਕੇ।

ਇਤਿਹਾਸ ਗਵਾਹ ਹੈ ਕਿ ਕਟਾਰਾਂ ਨੇ ਚੀਰੇ ਕੱਟੇ, ਪਰ ਇਸ਼ਕ ਦੀ ਅਨਾਦਿ ਸ਼ਕਤੀ ਨੂੰ ਕੋਈ ਦਬਾ ਨਹੀਂ ਸਕਿਆ।

ਕਵੀ ਬੜੇ ਮਾਣ ਨਾਲ ਲਿਖਦਾ ਹੈ:

ਇਸ਼ਕੇ ਦੀ ਕਦੇ ਤੰਦ-ਤਾਣੀ ਨਹੀਓਂ ਮੁੱਕਣੀ,
ਜੁੱਗ ਵਿਚੋਂ ਪਿਆਰ ਦੀ ਨਿਸ਼ਾਨੀ ਨਹੀਓਂ ਮੁੱਕਣੀ।
(ਸਫ਼ਾ 162)

ਇਹ ਸਫ਼ਰ ਸਿਰਫ਼ ‘ਇਸ਼ਕ-ਏ-ਮਿਜਾਜ਼ੀ’ ਦੀਆਂ ਦਹਿਲੀਜ਼ਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਸੂਫ਼ੀ ਰੰਗ ਵਿੱਚ ਰੰਗ ਕੇ ‘ਇਸ਼ਕ-ਏ-ਹਕੀਕੀ’ ਦੇ ਉਸ ਮੁਕਾਮ ਤੱਕ ਪਹੁੰਚਦਾ ਹੈ ਜਿੱਥੇ:

ਦੁਨੀਆਂ ਦੇ ਮੇਲਿਆਂ ਵਿੱਚੋਂ ਕੋਈ ਦਿਲਦਾਰ ਲੱਭੇ,
ਫ਼ਕੀਰਾਂ ਦੇ ਧੂਣਿਆਂ ਵਿੱਚੋਂ ਕੋਈ ਮੌਲਾ ਯਾਰ ਲੱਭੇ,
ਇਸ਼ਕੇ ਦੀ ਗਾਥਾ ਇਹ ਲਾਸਾਨੀ ਨਹੀਂਓ ਮੁੱਕਣੀ
ਜੱਗ ਵਿਚੋਂ…
(ਸਫ਼ਾ 162)

ਇੱਥੇ ਪਿਆਰ ਮਹਿਜ਼ ਨਿੱਜੀ ਅਹਿਸਾਸ ਨਹੀਂ ਰਹਿੰਦਾ, ਸਗੋਂ ‘ਲਾ-ਮਿਸਾਲ ਜੁਝਾਰੂ ਨਾਇਕ’ ਵਾਂਗ ਸਮਾਜਿਕ ਕੰਧਾਂ ਢਾਹੁਣ ਦੀ ਸ਼ਕਤੀ ਬਣ ਜਾਂਦਾ ਹੈ।

ਅੰਤ ਵਿੱਚ, ਪ੍ਰੋ. ਜਸਪਾਲ ਸਿੰਘ ਪੰਜਾਬੀ ਗੌਰਵ ਦਾ ਇੱਕ ਅਜਿਹਾ ਸਭਿਆਚਾਰਕ ਸੰਕਲਪ-ਨਾਮਾ ਪੇਸ਼ ਕਰਦੇ ਹਨ ਜੋ ਸਾਡੇ ਅੰਦਰਲੇ ਨਿਰਾਸ਼ਾਵਾਦੀ ਖ਼ਲਾਅ ਨੂੰ ਬੌਧਿਕ ਦਲੇਰੀ ਵਿੱਚ ਬਦਲ ਦਿੰਦਾ ਹੈ। ਉਹ ਆਪਣੀ ਕਵਿਤਾ ‘ਗੁਲਮੋਹਰ’ ਰਾਹੀਂ ਇਹ ਸਚਾਈ ਉਜਾਗਰ ਕਰਦੇ ਹਨ:

ਤਿਤਲੀਆਂ-ਭੌਰੇ ਸੱਤ-ਅਸਮਾਨੋਂ, ਅੱਖਾਂ ਮੀਟ ਕੇ ਦੱਸ ਦਿੰਦੇ ਨੇ,
ਜੇ ਮਿੱਟੀ ਪੰਜਾਬ ਦੀ ਹੈ ਤਾਂ ਫੁੱਲ ਹੋਣੇ, ਕੋਈ ਥੋਹਰ ਨਹੀਂ ਹੈ।

(ਸਫ਼ਾ 142)

ਜਿਸ ਮਿੱਟੀ ਨੇ ਬਾਬਾ ਨਾਨਕ ਦੀ ਸਰਬ-ਸਾਂਝੀਵਾਲਤਾ, ਬੁੱਲ੍ਹੇ ਸ਼ਾਹ ਦੀ ਦਰਵੇਸ਼ਾਨਾ ਬੇਬਾਕੀ ਤੇ ਵਾਰਿਸ ਸ਼ਾਹ ਦੀ ਲਾ-ਮਿਸਾਲ ਸੰਵੇਦਨਾ ਨੂੰ ਜਨਮ ਦਿੱਤਾ, ਉਸ ਮਿੱਟੀ ਦੀ ਤਾਸੀਰ ਕਦੇ ਵੀ ‘ਥੋਹਰ’ ਵਰਗਾ ਬੰਜਰਪਨ ਪੈਦਾ ਨਹੀਂ ਕਰ ਸਕਦੀ। ਇਸ ਧਰਤੀ ‘ਤੇ ਤਾਂ ਹਮੇਸ਼ਾ ਗੁਲਮੋਹਰ ਹੀ ਉੱਗਣੇ ਹਨ, ਕਿਉਂਕਿ ਪੰਜਾਬੀਆਂ ਨੂੰ ਪਿਆਰ ਦੀ ਉਹ ‘ਅਮਰ ਗੁੜ੍ਹਤੀ’ ਮਿਲੀ ਹੋਈ ਹੈ ਜੋ ਹਰ ਪੱਤਝੜ ਵਿੱਚ ਵੀ ਖੇੜੇ ਦਾ ਸੁਪਨਾ ਸਿਰਜਣ ਦਾ ਦਮ ਰੱਖਦੀ ਹੈ।

ਇਹ ਪੁਸਤਕ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਪਿਆਰ ਦੀ ਇਹ ਤੰਦ-ਤਾਣੀ ਹੀ ਉਹ ‘ਨੂਰ’ ਹੈ ਜੋ ਪੰਜਾਬ ਦੀ ‘ਕਾਲੀ ਬੋਲੀ ਰਾਤ’ ਨੂੰ ਮੁੜ ਸੋਨ-ਸਵੇਰ ਵਿੱਚ ਬਦਲਣ ਦਾ ਦਮ ਰੱਖਦੀ ਹੈ।

ਸਿੱਟਾ: ਤੁਸੀਂ ਖ਼ੁਦ ਕੇਸਰ ਹੋ।

ਪ੍ਰੋ. ਜਸਪਾਲ ਸਿੰਘ ਨੇ ਚਾਰ ਦਹਾਕੇ ਜਮਾਤਾਂ ਵਿੱਚ ਦੁਨੀਆ ਦਾ ਭੂਗੋਲ ਪੜ੍ਹਾਇਆ ਹੈ, ਪਰ ਅੱਜ ਉਨ੍ਹਾਂ ਦੀ ਕਵਿਤਾ ਰਾਹੀਂ ਅਸੀਂ ਆਪਣੇ ‘ਅੰਦਰਲੇ ਭੂਗੋਲ’ ਦੀ ਯਾਤਰਾ ਕੀਤੀ ਹੈ। ਇਹ ਛੇ ਸਵਾਲ ਮਹਿਜ਼ ਸ਼ਬਦ ਨਹੀਂ, ਸਗੋਂ ਕੇਸਰ ਦੇ ਫੁੱਲ ਦੀਆਂ ਛੇ ਨੀਲ-ਬੈਂਗਣੀ ਪੱਤੀਆਂ ਹਨ ਜੋ ਸਾਡੀ ਹੋਂਦ ਨੂੰ ਮੁਕੰਮਲ ਕਰਦੀਆਂ ਹਨ:

ਕੋਮਲਤਾ ਦੀ ਸ਼ਕਤੀ
ਕੇਸਰ ਦਾ ਸਿਦਕ ਸਿੰਬਲ ਵਰਗੇ ਹੰਕਾਰ ਨੂੰ ਵੀ ਬੌਣਾ ਕਰ ਦਿੰਦਾ ਹੈ। [ਸਫ਼ਾ 29]

ਨਜ਼ਰੀਏ ਦੀ ਤਬਦੀਲੀ
ਸਮਾਜਿਕ ਬਦਲਾਅ ਲਈ ਪਹਿਲਾਂ ਆਪਣੀ ਅੰਦਰੂਨੀ ਚੇਤਨਾ ਬਦਲਣੀ ਪਵੇਗੀ। [ਸਫ਼ਾ 36]

ਅਸੂਲਾਂ ਦਾ ਮੁੱਲ
ਖ਼ੁਦਦਾਰ ਕਿਰਦਾਰ ਵਿਕਦਾ ਨਹੀਂ, ਉਹ ਬਾਦਸ਼ਾਹਾਂ ਅੱਗੇ ਵੀ ਨਹੀਂ ਝੁਕਦਾ। [ਸਫ਼ਾ 114]

ਖੁਸ਼ੀ ਦੀ ਤਲਾਸ਼
ਅਸਲੀ ਖ਼ੁਸ਼ਬੂ ਤੁਹਾਡੇ ਅੰਦਰ ਹੈ, ਬਾਹਰੀ ਭਟਕਣਾ ਮਹਿਜ਼ ਇੱਕ ਛਲਾਵਾ ਹੈ। [ਸਫ਼ਾ 128]

ਦਿਲ ਦੀ ਪਰਵਾਜ਼
ਸੋਨੇ ਦੇ ਪਿੰਜਰੇ ਤਿਆਗ ਕੇ ‘ਉਕਾਬ’ ਵਾਂਗ ਅਜ਼ਾਦ ਉਡਾਰੀ ਭਰਨਾ ਹੀ ਜੀਵਨ ਹੈ। [ਸਫ਼ਾ 152]

ਪਿਆਰ ਦੀ ਅਮਰਤਾ
ਪੰਜਾਬ ਦੀ ਪਿਆਰ-ਗੁੜਤੀ ਸਦੀਵੀ ਹੈ, ਇਹ ਇਸ਼ਕ ਦੀ ਤੰਦ ਕਦੇ ਨਹੀਂ ਟੁੱਟਦੀ। [ਸਫ਼ਾ 162]

ਯਾਦ ਰੱਖਣਾ, ਪੱਤਝੜ ਕੋਈ ਅੰਤ ਨਹੀਂ, ਸਿਰਫ਼ ਪਰਖ ਹੈ। ਜਦੋਂ ਜ਼ਿੰਦਗੀ ਨਿਰਾਸ਼ਾ ਦੀ ‘ਬੰਜਰ ਕੁੱਖ’ ਬਣ ਜਾਵੇ, ਤਾਂ ਆਪਣੇ ਅੰਦਰਲੇ ‘ਉਕਾਬ’ ਨੂੰ ਜਗਾਓ। ਸੋਨੇ ਦੇ ਪਿੰਜਰਿਆਂ ਨੂੰ ਤਿਆਗ ਕੇ ਅਸੂਲਾਂ ਦੀ ਪਰਵਾਜ਼ ਭਰੋ।

ਕਿਉਂਕਿ ਜਿਸ ਦਿਨ ਤੁਹਾਡੇ ਅੰਦਰਲਾ ਕੇਸਰ ਖਿੜ ਗਿਆ, ਉਸ ਦਿਨ ਵਕਤ ਦੀ ਪੱਤਝੜਖ਼ੁਦ ਤੁਹਾਡੇ ਮੂਹਰੇ ਸਿਜਦੇ ਵਿੱਚ ਝੁਕ ਜਾਵੇਗੀ।

ਧੰਨਵਾਦ।
***

ਨਿੱਜੀ ਟਿੱਪਣੀ:

ਇਹ ਕਿਤਾਬ ਪੜ੍ਹਦਿਆਂ ਇੱਕ ਗੱਲ ਚੇਤੇ ਆ ਗਈ, ਜਿਸ ਨੂੰ ਸਾਂਝਿਆਂ ਕੀਤੇ ਬਿਨਾਂ ਸ਼ਾਇਦ ਇਹ ਵਾਰਤਾ ਅਧੂਰੀ ਰਹਿ ਜਾਵੇ।

ਗੱਲ ਉਸ ਦੌਰ ਦੀ ਹੈ ਜਦੋਂ ਬ੍ਰਜਿੰਦਰਾ ਕਾਲਜ ਫਰੀਦਕੋਟ ਦੀਆਂ ਕੰਧਾਂ ਸਾਡੇ ਸੁਪਨਿਆਂ ਦੀਆਂ ਗਵਾਹ ਹੁੰਦੀਆਂ ਸਨ। ਮੈਂ ਡਿਗਰੀ ਦੇ ਦੂਜੇ ਸਾਲ ਵਿੱਚ ਸਾਂ। ਇੱਕ ਵੱਖਰੀ ਜਿਹੀ ਸ਼ਖ਼ਸੀਅਤ ਵਾਲਾ ਨੌਜਵਾਨ ਪ੍ਰੋਫ਼ੈਸਰ ਸੀ ਜਸਪਾਲ ਸਿੰਘ ਸਾਡਾ ਰਾਹਗੀਰ, ਜਿਸ ਦਾ ਪੜ੍ਹਾਉਣ ਦਾ ਤਰੀਕਾ ਵੀ ਕੁਝ ਨਿਵੇਕਲਾ ਹੀ ਸੀ।

ਉਨ੍ਹਾਂ ਦਿਨਾਂ ਵਿੱਚ ਕਾਲਜਾਂ ਦਾ ਰਿਵਾਜ ਸੀ ਕਿ ਵਿਦਿਆਰਥੀ ਅਕਸਰ ਕਲਾਸਾਂ ਤੋਂ ਕੰਨੀ ਕਤਰਾਉਂਦੇ, ਪਰ ਪ੍ਰੋ. ਜਸਪਾਲ ਸਿੰਘ ਦੀ ‘ਭੂਗੋਲ’ ਦੀ ਕਲਾਸ ਇੱਕ ਅਜਿਹਾ ਚੁੰਬਕ ਸੀ ਜਿਸ ਤੋਂ ਕੋਈ ਦੂਰ ਨਹੀਂ ਸੀ ਰਹਿ ਸਕਦਾ। ਕਲਾਸ ਦੀ ਸ਼ੁਰੂਆਤ ਪਾਠ-ਪੁਸਤਕਾਂ ਨਾਲ ਨਹੀਂ ਹੁੰਦੀ ਸੀ ਸਗੋਂ ਸ਼ੁਰੂਆਤ ਹੁੰਦੀ ਸੀ ਚਿੱਟੇ ਚਾਕ ਦੀ ਉਸ ‘ਕਰ-ਕਰ’ ਨਾਲ, ਜਦੋਂ ਉਹ ਕਾਲੇ ਬੋਰਡ ਉੱਤੇ ਅੰਗਰੇਜ਼ੀ ਜਾਂ ਪੰਜਾਬੀ ਦਾ ਕੋਈ ਡੂੰਘਾ ਕਥਨ ਲਿਖਦੇ। ਉਹ ਪੰਜ-ਦੱਸ ਮਿੰਟਾਂ ਦੀ ਵਿਚਾਰ-ਚਰਚਾ ਸਾਨੂੰ ਦੁਨੀਆ ਦਾ ਨਕਸ਼ਾ ਨਹੀਂ, ਜ਼ਿੰਦਗੀ ਦਾ ਨਕਸ਼ਾ ਸਮਝਾ ਜਾਂਦੀ ਸੀ। ਉਦੋਂ ਸਾਨੂੰ ਅਹਿਸਾਸ ਹੋਇਆ ਕਿ ਸਿਲੇਬਸ ਤਾਂ ਸਿਰਫ਼ ਬਹਾਨਾ ਹੈ, ਅਸਲ ਪੜ੍ਹਾਈ ਤਾਂ ਸੋਚਣ ਦਾ ਤਰੀਕਾ ਸਿੱਖਣਾ ਹੈ।

ਮੈਨੂੰ ਅੱਜ ਵੀ ਉਹ ਦਿਨ ਸਿਆਲ ਦੀ ਧੁੱਪ ਵਾਂਗ ਚੇਤੇ ਹੈ। ਸਾਲ ਦੇ ਅੱਧ ਵਿੱਚ ਕੱਚੇ ਪੇਪਰ ਹੋਏ ਸਨ। ਮੈਂ ਹਰੀ ਜਿਹੀ ਕੋਟੀ ਪਾਈ, ਜਮਾਤ ਦੇ ਪਿਛਲੇ ਦਰਵਾਜ਼ੇ ਕੋਲ ਪਿਛਲੇ ਡੈਸਕ ‘ਤੇ ਬੈਠਾ ਸਾਂ। ਪ੍ਰੋ. ਜਸਪਾਲ ਸਿੰਘ ਪਰਚੇ ਵੰਡ ਰਹੇ ਸਨ। ਇੱਕ-ਇੱਕ ਕਰਕੇ ਸਭ ਨੂੰ ਨੰਬਰ ਮਿਲ ਗਏ, ਪਰ ਇੱਕ ਪਰਚਾ ਉਨ੍ਹਾਂ ਦੇ ਮੇਜ਼ ‘ਤੇ ਇਕੱਲਾ ਪਿਆ ਰਿਹਾ। ਅਖ਼ੀਰ ਵਿੱਚ ਗੂੰਜੀ ਉਹ ਆਵਾਜ਼ ‘ਰੋਲ ਨੰਬਰ 1454!’

ਮੈਂ ਧੜਕਦੇ ਦਿਲ ਨਾਲ ਅੱਗੇ ਵਧਿਆ। ਉਨ੍ਹਾਂ ਨੇ ਸਿਰਫ਼ ਪਰਚਾ ਨਹੀਂ ਫੜਾਇਆ ਸਗੋਂ ਸਾਰੀ ਜਮਾਤ ਦੇ ਸਾਹਮਣੇ ਮੇਰੀ ਪਿੱਠ ਥਾਪੜ ਕੇ ਸ਼ਾਬਾਸ਼ ਦਿੱਤੀ। ਉਹ ‘ਸ਼ਾਬਾਸ਼’ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤਗ਼ਮਾ ਬਣ ਗਈ।

ਅੱਜ, ਵਰ੍ਹਿਆਂ ਬਾਅਦ, ਜਦੋਂ ਮੈਂ ਉਨ੍ਹਾਂ ਦੀ ਲਿਖੀ ਕਿਤਾਬ ਪੜ੍ਹ ਰਿਹਾ ਹਾਂ, ਤਾਂ ਵਕਤ ਦਾ ਪਹੀਆ ਘੁੰਮ ਜਾਂਦਾ ਹੈ। ਮੇਰੀ ਘਰੇਲੂ ਲਾਇਬਰੇਰੀ ਵਿੱਚ ਦੁਨੀਆ ਭਰ ਦੇ ਵੱਡੇ-ਵੱਡੇ ਲੇਖਕਾਂ ਦੀਆਂ ਕਿਤਾਬਾਂ ਸਜੀਆਂ ਹੋਈਆਂ ਹਨ। ਪਰ ਅੱਜ ਇਸ ਕਿਤਾਬ ਨੂੰ ਪੜ੍ਹਦਿਆਂ ਇੰਝ ਲੱਗ ਰਿਹਾ ਜਿਵੇਂ ਉਹ ਸਾਰੇ ਲੇਖਕ ਇੱਕ ਕਤਾਰ ਵਿੱਚ ਖੜ੍ਹੇ ਹੋਣ, ਤੇ ਮੈਂ ਪਾਠਕ ਦੀ ਕੁਰਸੀ ਤੋਂ ਉੱਠ ਕੇ, ਉਸੇ ਪੁਰਾਣੇ ਅੰਦਾਜ਼ ਵਿੱਚ, ਪ੍ਰੋਫ਼ੈਸਰ ਜਸਪਾਲ ਸਿੰਘ ਨੂੰ ਮੂਹਰੇ ਸੱਦਾਂ ਤੇ ਉਨ੍ਹਾਂ ਦੇ ਸ਼ਬਦਾਂ ਵਿੱਚ ਹੀ ਉਨ੍ਹਾਂ ਦੀ ਪਿੱਠ ਥਾਪੜ ਕੇ ਕਹਾਂ:

‘ਪ੍ਰੋਫੈਸਰ ਸਾਹਿਬ, ਬਹੁਤ ਸ਼ਾਬਾਸ਼! ਵਾਕਿਆ ਹੀ ਕਮਾਲ ਦੀ ਕਿਤਾਬ ਪੰਜਾਬੀ ਅਦਬ ਦੀ ਝੋਲੀ ਪਈ ਹੈ। ਚੜ੍ਹਦੀ ਕਲਾ ਵਿੱਚ ਰਹੋ ਤੇ ਤੁਹਾਡੀ ਕਲਮ ਸਦਾ ਆਬਾਦ ਤੇ ਆਜ਼ਾਦ ਰਹੇ।’

ਹਵਾਲੇ:
ਪੰਜਾਬੀ ਹਵਾਲੇ
ਸਿੰਘ, ਜਸਪਾਲ. ਪੱਤਝੜ ‘ਚ ਖਿੜਿਆ ਕੇਸਰ. ਸਪਤਰਿਸ਼ੀ ਪਬਲੀਕੇਸ਼ਨ, 2025.

ਅੰਗਰੇਜ਼ੀ ਹਵਾਲੇ
McCrae, John. “In Flanders Fields.” Punch, 8 Dec. 1915.

ਸਹਾਇਕ ਸਾਧਨ
“ਵਿਆਕਰਣ ਤੇ ਵਾਕ-ਬਣਤਰ ਦੀ ਪਰਖ.” Claude, Anthropic, 6–8 Apr. 2026, claude.ai.
“ਸ਼ਬਦਾਂ ਦੇ ਅਰਥ.” Gemini, Google, 6–8 Apr. 2026, gemini.google.com.
ਇਸ ਖੋਜ ਪੱਤਰ ਦੀ ਵਿਆਕਰਣ ਤੇ ਵਾਕ-ਬਣਤਰ ਦੀ ਪਰਖ ਲਈ ਤੇ ਕੁਝ ਸ਼ਬਦਾਂ ਦੇ ਅਰਥ ਲੱਭਣ ਲਈ AI ਦੀ ਸਹਾਇਤਾ ਲਈ ਗਈ। ਸਮੱਗਰੀ, ਸਮੀਖਿਆ ਤੇ ਵਿਚਾਰ ਪੂਰੀ ਤਰ੍ਹਾਂ ਲੇਖਕ ਦੇ ਆਪਣੇ ਹਨ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1821
***

+44 7930886448 | kenwar.brar@gmail.com | Website |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →