2 May 2026

ਅੱਜ ਦੇ ਸਮੇਂ ਵਿੱਚ ਲੇਖਕ ਪਦਮਸ਼੍ਰੀ ਲਈ ਲਿਖਦਾ ਹੈ : ਆਬਿਦ ਸੁਰਤੀ —ਅਨੁ : ਪ੍ਰੋ ਨਵ ਸੰਗੀਤ ਸਿੰਘ 

[5 ਮਈ, 1935 ਨੂੰ ਗੁਜਰਾਤ ਵਿੱਚ ਜਨਮੇ ਆਬਿਦ ਸੁਰਤੀ ਮੁੱਖ ਤੌਰ ‘ਤੇ ਇੱਕ ਕਾਰਟੂਨਿਸਟ ਵਜੋਂ ਜਾਣੇ ਜਾਂਦੇ ਹਨ। ‘ਢੱਬੂ ਜੀ’ ਦੇ ਕਲਮੀ ਨਾਮ ਹੇਠ ਕਾਰਟੂਨ ਬਣਾਉਣ ਵਾਲੇ ਆਬਿਦ ਨੂੰ ਇੱਕ ਨਾਵਲਕਾਰ, ਕਹਾਣੀਕਾਰ, ਪਟਕਥਾ ਲੇਖਕ ਅਤੇ ਹੋਰ ਕਲਾ ਰੂਪਾਂ ਵਿੱਚ ਵੀ ਮਾਹਿਰ ਮੰਨਿਆ ਜਾਂਦਾ ਹੈ। ਆਬਿਦ ਸੁਰਤੀ, ਜੋ ਹੁਣ 90 ਸਾਲ ਤੋਂ ਵੱਧ ਉਮਰ ਦੇ ਹਨ, ਅਜੇ ਵੀ ਸਰਗਰਮ ਹਨ ਅਤੇ ਪਾਣੀ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਂਦੇ ਰਹਿੰਦੇ ਹਨ। ਆਬਿਦ ਸੁਰਤੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਮੁਹੰਮਦ ਹਾਰੂਨ ਰਾਸ਼ਿਦ ਖਾਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਕੁਝ ਅੰਸ਼ ਇੱਥੇ ਪੇਸ਼ ਹਨ।] :

{ਇੱਥੇ ਜ਼ਿਕਰਯੋਗ ਹੈ ਕਿ ਆਬਿਦ ਸੁਰਤੀ ਦੇ ਇੱਕ ਦਿਲਚਸਪ ਨਾਵਲ ‘ਬਹੱਤਰ ਸਾਲ ਦਾ ਬੱਚਾ’ ਨੂੰ ‘ਰੋਜ਼ਾਨਾ ਅਜੀਤ’ ਵਿੱਚ 15 ਦਸੰਬਰ 1993 ਤੋਂ 30 ਅਗਸਤ 1994 ਤੱਕ ਲੜੀਵਾਰ (ਪੈਂਤੀ ਕਿਸ਼ਤਾਂ ਵਿੱਚ) ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸਦਾ ਪੰਜਾਬੀ ਅਨੁਵਾਦ ਪ੍ਰੋ. ਨਵ ਸੰਗੀਤ ਸਿੰਘ ਨੇ ਹੀ ਕੀਤਾ ਸੀ।}

* ਕਿਹਾ ਜਾਂਦਾ ਹੈ ਕਿ ਤੁਹਾਡਾ ਬਚਪਨ ਮੁੰਬਈ ਦੇ ਫੁੱਟਪਾਥਾਂ ‘ਤੇ ਬੀਤਿਆ… 

> ਮੇਰਾ ਜਨਮ ਗੁਜਰਾਤ ਦੇ ਰਾਜੂਲਾ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਮੇਰੇ ਦਾਦਾ ਜੀ ਇੱਕ ਵਪਾਰੀ ਸਨ। ਅਸੀਂ ਗੁਜਰਾਤ ਦੇ ਅਡਾਨੀ ਸਾਂ। ਅਸੀਂ 1947 ਵਿੱਚ ਗੁਜਰਾਤ ਤੋਂ ਮੁੰਬਈ ਚਲੇ ਗਏ। ਮੁੰਬਈ ਪਹੁੰਚਦੇ ਹੀ ਅਸੀਂ ਅਚਾਨਕ ਅਰਸ਼ ਤੋਂ ਫਰਸ਼ ਤੇ ਆ ਗਏ। ਉਹ ਵੰਡ ਦਾ ਸਮਾਂ ਸੀ। ਉਨ੍ਹਾਂ ਦਿਨਾਂ ਵਿੱਚ ਮੁਸਲਮਾਨਾਂ ਨੂੰ ਲੈ ਕੇ ਜਾਣ ਵਾਲਾ ਇੱਕ ਜਹਾਜ਼ ਉਨ੍ਹਾਂ ਨੂੰ ਕਰਾਚੀ ਵਿੱਚ ਛੱਡ ਕੇ ਆ ਰਿਹਾ ਸੀ। ਪਰਿਵਾਰ ਦੇ ਬਹੁਤ ਸਾਰੇ ਮੈਂਬਰ ਕਰਾਚੀ ਚਲੇ ਗਏ। ਦਾਦੀ ਆਪਣੇ ਦੇਸ਼ ਹਿੰਦੋਸਤਾਨ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਬੰਬਈ ਵਿੱਚ ਪੈਸੇ ਨਹੀਂ ਸਨ। ਕਿਸੇ ਤਰ੍ਹਾਂ ਸਾਨੂੰ ਡੋਂਗਰੀ ਵਿੱਚ ਇੱਕ ਖੋਲੀ ਮਿਲ ਗਈ। ਮੈਂ ਉਸ ਸਮੇਂ 6-7 ਸਾਲਾਂ ਦਾ ਸੀ। ਬਚਪਨ ਵਿੱਚ ਮੈਂ ਮੁੰਬਈ ਦੇ ਫੁੱਟਪਾਥਾਂ ‘ਤੇ ਖੱਟੀਆਂ-ਮਿੱਠੀਆਂ ਗੋਲੀਆਂ ਵੇਚੀਆਂ ਅਤੇ ਜੋ ਪੈਸੇ ਮਿਲਦੇ ਸਨ, ਉਸ ਨਾਲ ਮੈਂ ਦਸ-ਪੰਦਰਾਂ ਪੈਸੇ ਵਿੱਚ ਕਿਤਾਬਾਂ ਖਰੀਦਦਾ ਸਾਂ। ਮੈਂ ਇਹ ਕਿਤਾਬਾਂ ਬੱਚਿਆਂ ਨੂੰ ਪੰਜ ਪੈਸੇ ਵਿੱਚ ਕਿਰਾਏ ‘ਤੇ ਦਿੰਦਾ ਸੀ।

* ਤੁਸੀਂ ‘ਢੱਬੂ ਜੀ’ ਨੂੰ ਕਿਉਂ ਛੱਡ ਦਿੱਤਾ?

> ‘ਢੱਬੂ ਜੀ’ ਤੀਹ ਸਾਲਾਂ ਤੱਕ ‘ਧਰਮਯੁੱਗ’ ਦਾ ਹਿੱਸਾ ਰਿਹਾ, ਫਿਰ ਇੱਕ ਕਾਮਿਕ ਸੀਰੀਜ਼ ਬਣਾਈ। ਹਰ ਦੇਸ਼ ਦਾ ਇੱਕ ‘ਸੁਪਰਮੈਨ’ ਹੁੰਦਾ ਹੈ, ਇਸ ਲਈ ਮੈਂ ਭਾਰਤ ਦਾ ਸੁਪਰਮੈਨ, ਬਹਾਦੁਰ (1970) ਬਣਾਇਆ। ‘ਬਹਾਦੁਰ’ ਭਾਰਤ ਦਾ ਪਹਿਲਾ ਕਾਮਿਕ ਹੈ। ਮੈਂ ਰੋਜ਼ੀ-ਰੋਟੀ ਲਈ ਕਾਰਟੂਨ ਬਣਾਏ ਅਤੇ ਸਕ੍ਰਿਪਟ-ਰਾਈਟਿੰਗ ਕੀਤੀ। ਬਚਪਨ ਤੋਂ ਹੀ ਕ੍ਰੀਏਟਿਵੀਟੀ ਮੇਰੇ ਅੰਦਰ ਭਰੀ ਪਈ ਸੀ।

* ਕਿਹਾ ਜਾਂਦਾ ਹੈ ਕਿ ਉਨ੍ਹਾਂ ਦਿਨਾਂ ਵਿੱਚ ਓਸ਼ੋ ਤੁਹਾਡੇ ਫ਼ੈਨ ਸਨ, ਉਹ ਕਿਵੇਂ? 

> ਓਸ਼ੋ ਦੀ ਮੇਰੇ ਲਈ ਕੋਈ ਕੀਮਤ ਨਹੀਂ ਸੀ। ਉਸਨੇ ਮੈਨੂੰ ਕਦੇ ਅਪੀਲ ਨਹੀਂ ਕੀਤੀ। ਉਸਨੇ ਸੈਕਸ ਫ੍ਰੀ ਕਰ ਦਿੱਤਾ ਸੀ।

ਉਹਦੇ ਬਾਰੇ ਕੁਝ ਨੈਗੇਟਿਵ ਗੱਲਾਂ ਵੀ ਫੈਲਦੀਆਂ ਰਹੀਆਂ। ਇਹ ਗੱਲਾਂ ਧਰਮ-ਗੁਰੂਆਂ ਨੇ ਫੈਲਾਈਆਂ, ਕਿਉਂਕਿ ਉਨ੍ਹਾਂ ਦੀ ਦੁਕਾਨਦਾਰੀ ਬੰਦ ਹੋ ਗਈ ਸੀ। ਉਨ੍ਹਾਂ ਦਿਨਾਂ ਵਿੱਚ ਓਸ਼ੋ ਦੇ ਆਸ਼ਰਮ ਵਿੱਚ ਵਿਦੇਸ਼ਾਂ ਤੋਂ ਵੱਡੇ-ਵੱਡੇ ਸਿੰਗਰ ਅਤੇ ਡਾਂਸਰ ਆ ਰਹੇ ਸਨ। ਬਾਅਦ ਵਿੱਚ ਮੈਂ ਉਨ੍ਹਾਂ ਦੀ ਇੱਕ ਕਿਤਾਬ ਪੜ੍ਹੀ। ਮੈਂ ਹੈਰਾਨ ਰਹਿ ਗਿਆ। ਉਹ ਉਸ ਸਮੇਂ ਪੁਣੇ ਵਿੱਚ ਰਹਿੰਦਾ ਸੀ ਅਤੇ ਮੈਂ ਮੁੰਬਈ ਵਿੱਚ ਸੀ। ਉਨ੍ਹਾਂ ਦਿਨਾਂ ਵਿਚ ਟਾਈਮਜ਼ ਆਫ਼ ਇੰਡੀਆ ਵਿੱਚ ਹੜਤਾਲ ਸੀ ਅਤੇ ਰਾਸ਼ਨ-ਪਾਣੀ ਦੀ ਘਾਟ ਸੀ। ਮੇਰੀ ਆਮਦਨ ਦਾ ਮੁੱਖ ਸਰੋਤ ‘ਟਾਈਮਜ਼ ਆਫ਼ ਇੰਡੀਆ’ ਸੀ। ਜਦੋਂ ਓਸ਼ੋ ਸਤਸੰਗ ਚੱਲਦਾ ਦੇਖਦਾ ਸੀ, ਸ਼ਰਧਾਲੂ ਬੈਠੇ ਹੁੰਦੇ ਸਨ ਅਤੇ ਬੋਰੀਅਤ ਆ ਜਾਂਦੀ ਸੀ, ਤਾਂ ਉਹ “ਧਰਮਯੁਗ” ਦੀ ਇੱਕ ਕਾਪੀ ਕੱਢਦਾ ਸੀ ਅਤੇ ਉਨ੍ਹਾਂ ਨੂੰ ‘ਢੱਬੂ ਜੀ’ ਦੇ ਚੁਟਕਲੇ ਸੁਣਾਉਂਦਾ ਸੀ। ਅਕਸਰ ਮੈਂ ਆਪਣੇ ਵਿਚਾਰਾਂ ਨੂੰ ਦੋ ਲੇਬਲਾਂ ‘ਤੇ ਰੱਖਦਾ ਸੀ : ਪਹਿਲਾ, ਬੱਚਿਆਂ ਨੂੰ ਖੁਸ਼ ਕਰਨ ਲਈ। ਦੂਜਾ, ਉਸ ਤੋਂ ਪੈਦਾ ਹੋਣ ਵਾਲਾ ਕੋਈ ਵੀ ਵਿਚਾਰ ਬੁੱਧੀਜੀਵੀਆਂ ਲਈ ਹੁੰਦਾ ਸੀ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਓਸ਼ੋ ਨੇ ਬਕਰੀਦ ਬਾਰੇ ਇੱਕ ਚੁਟਕਲਾ ਸੁਣਾਇਆ। ਢੱਬੂ ਜੀ ਇੱਕ ਕਿੱਲੋ ਦਾ ਮੁਰਗਾ ਹਲਾਲ ਕਰਵਾ ਕੇ ਬਾਹਰ ਆਏ। ਉੱਪਰੋਂ ਇੱਕ ਇੱਲ੍ਹ ਆਈ ਅਤੇ ਝਪਟ ਕੇ ਮੁਰਗਾ ਲੈ ਗਈ। ਢੱਬੂ ਜੀ ਚੌਰਾਹੇ ‘ਤੇ ਨੱਚਣ ਲੱਗ ਪਏ। ਇੱਕ ਦੁਕਾਨਦਾਰ ਨੇ ਢੱਬੂ ਜੀ ਨੂੰ ਪੁੱਛਿਆ, ”ਤੁਹਾਨੂੰ ਤਾਂ ਰੋਣਾ ਚਾਹੀਦਾ ਹੈ, ਕਿਉਂਕਿ ਇੱਲ੍ਹ ਮੁਰਗਾ ਲੈ ਗਈ ਹੈ।” ਢੱਬੂ ਜੀ ਨੇ ਕਿਹਾ, ”ਰੋਣਾ ਤਾਂ ਇੱਲ੍ਹ ਨੂੰ ਚਾਹੀਦਾ ਹੈ, ਜੋ ਇੱਕ ਕਿਲੋ ਮੁਰਗਾ ਲੈ ਗਈ ਹੈ। ਰੈਸਿਪੀ ਤਾਂ ਮੇਰੇ ਕੋਲ ਹੈ। ਇੱਲ੍ਹ ਮੁਰਗੇ ਦਾ ਕੀ ਕਰੇਗੀ?” ਇਹ ਪਹਿਲਾ ਲੇਬਲ ਸੀ। ਸਾਰੇ ਸ਼ਰਧਾਲੂ ਹੱਸ ਪਏ। ਫਿਰ ਓਸ਼ੋ ਨੇ ਸ਼ਰਧਾਲੂਆਂ ਨੂੰ ਪੁੱਛਿਆ, “ਕਾਰਟੂਨਿਸਟ ਕੀ ਕਹਿਣਾ ਚਾਹੁੰਦਾ ਹੈ?” ਸ਼ਰਧਾਲੂਆਂ ਦਾ ਹਾਸਾ ਗਾਇਬ ਹੋ ਗਿਆ। ਸਤਸੰਗ ਵਿੱਚ ਸੰਨਾਟਾ ਛਾ ਗਿਆ। ਫਿਰ ਓਸ਼ੋ ਨੇ ਕਿਹਾ, ‘‘ਅਸੀਂ ਸਾਰੇ ਧਰਮ ਦੇ ਮੁਰਦੇ ਆਪਣੇ ਸੀਨੇ ਨਾਲ ਚਿਪਕਾਈ ਬੈਠੇ ਹਾਂ, ਪਰ ਕਿਸੇ ਕੋਲ ਧਰਮ ਦੀ ਰੈਸਿਪੀ ਨਹੀਂ ਹੈ। ਸੰਤ ਕੋਲ ਹੈ।”

* ਓਸ਼ੋ ਤੁਹਾਡੇ ਚੁਟਕਲਿਆਂ ਦੀਆਂ ਕੈਸੇਟਾਂ ਬਣਾਉਂਦਾ ਹੁੰਦਾ ਸੀ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਦਾ ਸੀ। ਕੀ ਤੁਸੀਂ ਕਦੇ ਰਾਇਲਟੀ ਨਹੀਂ ਮੰਗੀ?

> ਮੇਰੀ ਗਰੀਬੀ ਦੇ ਦਿਨ ਆਉਣ ਵਾਲੇ ਸਨ। ਇੱਕ ਦੋਸਤ ਨੇ ਕਿਹਾ ਆਬਿਦ ਭਾਈ, ਤੁਸੀਂ ਓਸ਼ੋ ਵਿਰੁੱਧ ਕਾਪੀਰਾਈਟ ਦਾ ਕੇਸ ਕਿਉਂ ਨਹੀਂ ਦਾਇਰ ਕਰਦੇ? ਮੈਨੂੰ ਦੋਸਤ ਦੀ ਗੱਲ ਪਸੰਦ ਆਈ। ਉਦੋਂ ਤੱਕ ਓਸ਼ੋ ਅਮਰੀਕਾ ਚਲਾ ਗਿਆ ਸੀ। ਓਸ਼ੋ ਦੇ ਆਸ਼ਰਮ ਵਿੱਚ ਉਸ ਸਮੇਂ ‘ਰੋਲਸ ਰਾਇਸ’ ਨਾਮ ਦੀ ਇੱਕ ਕਾਰ ਸੀ, ਜਿਸਨੂੰ ਸਿਰਫ਼ ਰਾਜੇ-ਮਹਾਰਾਜੇ ਹੀ ਖਰੀਦ ਸਕਦੇ ਸਨ। ਉਸ ਕੋਲ ਲਗਭਗ 99 ਕਾਰਾਂ ਸਨ। ਉਹ ਇਸਨੂੰ 101 ਬਣਾਉਣਾ ਚਾਹੁੰਦਾ ਸੀ। ਮੈਂ ਉਸਨੂੰ ਅਮਰੀਕਾ ਵਿੱਚ ਇੱਕ ਪੱਤਰ ਭੇਜਿਆ ਕਿ ਮੈਨੂੰ ਰਾਇਲਟੀ ਵਜੋਂ ਸਿਰਫ਼ ਇੱਕ ‘ਰੋਲਸ ਰਾਇਸ’ ਦੇ ਦਿਓ। ਇਸ ਤੋਂ ਬਾਅਦ ਉਸਨੇ ‘ਢੱਬੂ ਜੀ’ ਨੂੰ ਸੁਣਾਉਣਾ ਹੀ ਬੰਦ ਕਰ ਦਿੱਤਾ।

* ਧਰਮਵੀਰ ਭਾਰਤੀ ਜੀ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਰਿਹਾ?

> ਸਾਡਾ ਉਨ੍ਹਾਂ ਨਾਲ ਪਰਿਵਾਰਕ ਰਿਸ਼ਤਾ ਸੀ। ਈਦ ਦੇ ਮੌਕੇ ‘ਤੇ ਭਾਰਤੀ ਜੀ ਪਹਿਲਾਂ ਮੇਰੇ ਘਰ ਆਉਂਦੇ ਸਨ ਅਤੇ ਫਿਰ ਰਾਹੀ ਮਾਸੂਮ ਰਜ਼ਾ ਦੇ ਘਰ ਜਾਂਦੇ ਸਨ। ਮੇਰੀ ਇੱਕ ਫ਼ਿਤਰਤ ਰਹੀ ਹੈ। ਮੈਂ ਇੱਕ ਚੀਜ਼ ‘ਤੇ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦਾ। ਮੇਰੇ ਮਨ ਵਿੱਚ ਹਮੇਸ਼ਾ ਇੱਕ ਨਵਾਂ ਗੱਲ ਆਉਂਦੀ ਸੀ ਕਿ ਕੁਝ ਨਵਾਂ ਕੀਤਾ ਜਾਏ। ‘ਢੱਬੂ ਜੀ’ ਧਰਮਯੁੱਗ ਵਿੱਚ ਸੁਪਰਹਿੱਟ ਹੋ ਗਿਆ ਸੀ। 1963 ਤੋਂ 1970 ਤੱਕ ਕਾਰਟੂਨ ਛਪਦੇ ਰਹੇ। ਇੱਕ ਦਿਨ ਮੈਂ ਭਾਰਤੀ ਜੀ ਨੂੰ ਮਿਲਣ ਗਿਆ। ਮੈਂ ਕਿਹਾ ਭਾਰਤੀ ਜੀ, ਹੁਣ ਕੁਝ ਨਵਾਂ ਕਰਦੇ ਹਾਂ। ਭਾਰਤੀ ਜੀ ਚਲਾਕ ਸਨ, ਸਮਝ ਗਏ। ਉਨ੍ਹਾਂ ਨੇ ਕਿਹਾ, ਪੇਮੈਂਟ ਵਧਾਉਣੀ ਹੈ? ਪਹਿਲਾਂ ਪ੍ਰਤੀ ਅੰਕ 150 ਰੁਪਏ ਮਿਲਦੇ ਸਨ, ਹੁਣ ਇਸਨੂੰ 150 ਰੁਪਏ ਤੋਂ ਵਧਾ ਕੇ 200 ਰੁਪਏ ਪ੍ਰਤੀ ਅੰਕ ਕਰ ਦਿੱਤਾ ਗਿਆ। ਮੈਨੂੰ ਪੇਮੈਂਟ ਵਧਾਉਣ ਦਾ ਇਹ ਢੰਗ ਚੰਗਾ ਲੱਗਿਆ। ਮੈਂ ਤਿੰਨ ਸਾਲਾਂ ਬਾਅਦ ਫਿਰ ਗਿਆ ਅਤੇ ਫਿਰ ਪੇਮੈਂਟ ਵਧ ਗਈ।

* ਧਰਮਯੁਗ ਦਾ ਪ੍ਰਕਾਸ਼ਨ ਬੰਦ ਹੋਣ ਤੋਂ ਬਾਅਦ ਅੱਜ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?

> ਰਾਜਨੀਤਿਕ ਕਾਰਨਾਂ ਕਰਕੇ “ਧਰਮਯੁਗ” ਦਾ ਪ੍ਰਕਾਸ਼ਨ ਬੰਦ ਹੋ ਗਿਆ। ਪਹਿਲਾਂ ਦੇ ਮਾਲਕ ਪੈਸੇ ਨਹੀਂ, ਕੰਮ ਵੇਖਦੇ ਸਨ। ਉਨ੍ਹਾਂ ਨੇ ਕੰਮ ਨੂੰ ਤਰਜੀਹ ਦਿੱਤੀ। ਨਵੀਂ ਪੀੜ੍ਹੀ ਵਿੱਚ ਉਸ ਸਬਰ ਦੀ ਘਾਟ ਹੈ।

* ਉਸ ਯੁੱਗ ਦੇ ਸਾਹਿਤਕ ਮਾਹੌਲ ਅਤੇ ਅੱਜ ਦੇ ਸਾਹਿਤਕ ਮਾਹੌਲ ਵਿੱਚ ਤੁਹਾਨੂੰ ਕੀ ਫ਼ਰਕ ਲੱਗਦਾ ਹੈ?

> ਸਮੇਂ-ਸਮੇਂ ਦੀ ਗੱਲ ਹੈ। ਉਸ ਦੌਰ ਵਿੱਚ ਕਮਲੇਸ਼ਵਰ ਅਤੇ ਰਾਜੇਂਦਰ ਯਾਦਵ ਸਨ। ਅੱਜ ਦੇ ਦੌਰ ਵਿੱਚ ਲੇਖਕ ਪਦਮ ਸ਼੍ਰੀ ਲਈ ਲਿਖਦਾ ਹੈ। ਮੋਬਾਈਲ ਆਉਣ ਨਾਲ ਰੀਡਰਸ਼ਿਪ ਤੇ ਅਸਰ ਪਿਆ ਹੈ। ਅੱਜ ਤਾਂ ਪ੍ਰਕਾਸ਼ਕ ਰੋਂਦੇ ਹਨ ਕਿ ਕਿਤਾਬਾਂ ਨਹੀਂ ਵਿਕ ਰਹੀਆਂ ਹਨ। ਤਾਂ ਕਿ ਉਨ੍ਹਾਂ ਨੂੰ ਲੇਖਕ ਨੂੰ ਰਾਇਲਟੀ ਨਾ ਦੇਣੀ ਪਵੇ। ਅੱਜ ਲੋੜ ਹੈ ਅਜਿਹੇ ਲੇਖਨ ਦੀ, ਜੋ ਮੋਬਾਈਲ ਨੂੰ ਉਖਾੜ ਕੇ ਸੁੱਟ ਦੇਵੇ। ਕਮਲੇਸ਼ਵਰ ਦੇ ਨਾਵਲ “ਕਿਤਨੇ ਪਾਕਿਸਤਾਨ” ਦੇ ਦੋ ਸਾਲਾਂ ਵਿੱਚ ਅੱਠ ਐਡੀਸ਼ਨ ਪ੍ਰਕਾਸ਼ਿਤ ਹੋਏ ਸਨ। ਮੇਰੇ ਨਾਵਲ “ਸੂਫ਼ੀ” ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਮੈਂ ਸਾਹਿਤ ਨਾਲ ਕੋਈ ਸਮਝੌਤਾ ਨਹੀਂ ਕੀਤਾ। ਮੈਂ ਸਿਰਫ਼ ਆਪਣੀ ਲਿਖਣ ਸ਼ੈਲੀ ਬਦਲੀ ਹੈ। ਪਾਠਕ ਨਾਵਲ ਪੜ੍ਹਨ ਅਤੇ ਗ਼ਲਤਫਹਿਮੀ ਦੂਰ ਕਰਨ। ਮੈਂ ਦੂਜੇ ਲੇਖਕਾਂ ਵਾਂਗ ਨਾਵਲ ਵਿੱਚ ਸੈਕਸ ਨੂੰ ਨਹੀਂ ਪਰੋਸਿਆ। ਅੱਜਕੱਲ੍ਹ ਤਾਂ ਲੋਕ ਧਰਮ ਨਾਲ ਚਿਪਕੇ ਹੋਏ ਹਨ। ਉਹ ਆਪਣੀਆਂ ਜੇਬਾਂ ਭਰ ਰਹੇ ਹਨ।

* ਅੱਛਾ ਇਹ ਦੱਸੋ, ਕੀ ਆਤਮਕਥਾਵਾਂ ਖੁਸ਼ਕ ਹੁੰਦੀਆਂ ਹਨ?

> ਮੇਰਾ ਨਾਵਲ “ਸੂਫ਼ੀ” ਇੱਕ ਆਤਮਕਥਾ ਹੀ ਹੈ। ਇੱਕ ਦਿਨ ਮੈਂ ਮੁੰਬਈ ਦੀ ਇੱਕ ਲਾਇਬ੍ਰੇਰੀ ਵਿੱਚ ਗਿਆ ਅਤੇ ਸੁਭਾਸ਼ ਬਾਬੂ ਦੀ ਸਵੈ-ਜੀਵਨੀ ਚੁੱਕੀ। ਦਸ ਸਾਲਾਂ ਵਿੱਚ ਸਿਰਫ਼ ਤਿੰਨ ਲੋਕਾਂ ਨੇ ਹੀ ਇਸਨੂੰ ਪੜ੍ਹਿਆ ਸੀ। ਪ੍ਰਕਾਸ਼ਕ ਮੈਨੂੰ ਜੀਵਨੀ ਲਿਖਣ ਲਈ ਪਿੱਛੇ ਪਿਆ ਰਹਿੰਦਾ ਹੈ। ਪਰ ਮੈਂ ਜੀਵਨੀ ਤੋਂ ਦੂਰੀ ਬਣਾਈ ਰੱਖੀ ਹੈ।

* ਕਿਉਂ?

> ਮੈਂ ਦਸ ਸਾਲਾਂ ਤੋਂ ਪ੍ਰਕਾਸ਼ਕਾਂ ਨੂੰ ਟਰਕਾ ਰਿਹਾ ਹਾਂ। ਜਿਸ ਸਕੂਲ ਵਿੱਚ ਮੈਂ ਤੀਹ ਸਾਲ ਪੜ੍ਹਿਆ ਸੀ, ਉਸੇ ਸਕੂਲ ਵਿੱਚ ਡੋਂਗਰੀ ਦਾ ਇੱਕ ਮੁੰਡਾ ਸੀ। ਉਹ ਮੁਸਲਿਮ ਇਲਾਕਾ ਸੀ। ਇਸ ਇਲਾਕੇ ਵਿੱਚ ਸੁਰੱਖਿਆ ਲਈ ਮੁਸਲਮਾਨ ਭਿੰਡੀ ਬਾਜ਼ਾਰ ਵਿੱਚ ਰਹਿੰਦੇ ਹਨ। ਮੈਂ ਫੁੱਟਪਾਥ ‘ਤੇ ਬੈਠ ਕੇ ਮਿੱਠੀਆਂ ਗੋਲੀਆਂ ਵੇਚਦਾ ਸਾਂ। ਮੇਰਾ ਰੁਖ਼ ਕਲਾ ਵੱਲ ਗਿਆ। ਉਹ ਮੁੰਡਾ ਅੰਡਰਵਰਲਡ ਵਿੱਚ ਗਿਆ। ਉਸੇ ਦਾ ਨਾਮ ਸੀ ਇਕਬਾਲ ਰੂਪਾਣੀ। ਅਸੀਂ ਪੱਚੀ-ਤੀਹ ਸਾਲਾਂ ਬਾਅਦ ਮਿਲੇ ਸੀ। ਲੇਖਕ ਦੀ ਜੀਵਨੀ ਕੌਣ ਪੜ੍ਹੇਗਾ? ਮੈਂ ਵੀ ਸੰਘਰਸ਼ ਕੀਤਾ। ਇਹ ਜ਼ਮਾਨਾ ਇੱਕ ‘ਤੇ ਇੱਕ ਫ੍ਰੀ ਦਾ ਹੈ। ਜਦੋਂ ਮੈਂ ਡਬਲ ਬਾਇਓਗ੍ਰਾਫੀ ਲਿਖਾਂਗਾ, ਤਾਂ ਇੱਕ ‘ਤੇ ਇੱਕ ਫ੍ਰੀ ਹੋ ਜਾਵੇਗੀ।

* ਤੁਹਾਡਾ ਇੱਕ ਨਾਵਲ ਹੈ ‘ਟੂਟੇ ਫ਼ਰਿਸ਼ਤੇ’, ਸ਼ਾਇਦ ਇਹ ਤੁਹਾਡੀ ਪ੍ਰੇਮਿਕਾ ਬਾਰੇ ਹੈ?

> ਉਹ ਮੇਰੀ ਗਰਲਫ੍ਰੈਂਡ ਸੀ। ਉਹ ਨੈਰੋਬੀ ਤੋਂ ਐਨ.ਆਰ.ਆਈ. ਸੀ। ਉਸਨੇ ਮੁੰਬਈ ਦੇ ਜੇ.ਜੇ. ਸਕੂਲ ਆਫ਼ ਆਰਟ ਵਿੱਚ ਦਾਖਲਾ ਲਿਆ ਸੀ। ਉਹ ਵੀ ਆਰਟਿਸਟ ਬਣਨਾ ਚਾਹੁੰਦੀ ਸੀ। ਮੈਨੂੰ ਉਸ ਨਾਲ ਪਿਆਰ ਹੋ ਗਿਆ। ਉਸਦੇ ਪਰਿਵਾਰ ਵਾਲੇ ਉਸਨੂੰ ਕਿਡਨੈਪ ਕਰਕੇ ਲੈ ਗਏ। ਉਹ ਕਰੋੜਪਤੀ ਸੀ, ਜਦੋਂ ਕਿ ਮੈਂ ਫੁਟਪਾਥ ਦਾ ਫਟੀਚਰ ਸਾਂ। ਉਸਦੇ ਪਰਿਵਾਰ ਵਾਲੇ ਭਲਾ ਇੱਕ ਫਟੀਚਰ ਨੂੰ ਕਿਉਂ ਬਰਦਾਸ਼ਤ ਕਰਦੇ?

* ਕੀ ਇਸਦਾ ਤੁਹਾਡੀ ਜ਼ਿੰਦਗੀ ‘ਤੇ ਕੋਈ ਅਸਰ ਪਿਆ ਹੈ?

> ਮੇਰੇ ਤੇ ਤਾਂ ਅਸਮਾਨ ਡਿੱਗ ਪਿਆ। ਮੈਨੂੰ ਨਹੀਂ ਪਤਾ ਕਿ ਉਹਦਾ ਕੀ ਬਣਿਆ। ਉਦੋਂ ਮੋਬਾਈਲ ਫੋਨ ਨਹੀਂ ਸਨ ਹੁੰਦੇ। ਪੋਸਟਕਾਰਡ ਭੇਜੋ। ਕੀ ਪਤਾ ਕਿ ਪੋਸਟਕਾਰਡ ਕਿਸਨੂੰ ਮਿਲੇ? ਇਹੀ ਨਾਵਲ ਹੈ “ਟੂਟੇ ਫ਼ਰਿਸ਼ਤੇ”। ਮੈਂ ਨਾਵਲ ਵਿੱਚ ਉਸਦਾ ਨਾਂ ਬਦਲ ਦਿੱਤਾ ਹੈ, ਤਾਂ ਕਿ ਉਸਨੂੰ ਕੋਈ ਪਰੇਸ਼ਾਨੀ ਨਾ ਹੋਵੇ।

* ਕੀ ਤੁਸੀਂ ‘ਗਾਂਧੀ’ ਫਿਲਮ ਦੇਖੀ ਹੈ?

> ਫਿਲਮ ‘ਗਾਂਧੀ’ ਵਿੱਚ ਸਾਰੇ ਸਾਕਾਰਾਤਮਕ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ, ਜਦੋਂ ਕਿ ਨਾਕਾਰਾਤਮਕ ਪਹਿਲੂਆਂ ਨੂੰ ਛੱਡ ਦਿੱਤਾ ਗਿਆ ਹੈ। ਗਾਂਧੀ ਜੀ ਦਾਅ-ਪੇਚ ਵਿੱਚ ਬਹੁਤ ਬ੍ਰਿਲੀਐਂਟ ਸਨ। ਉਨ੍ਹਾਂ ਨੇ ਬਹੁਤ ਗਲਤੀਆਂ ਕੀਤੀਆਂ।

* ਅਟਲ ਜੀ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ?

> ਉਨ੍ਹਾਂ ਦਿਨਾਂ ਵਿੱਚ ਮੇਰਾ ਨਾਮ “ਢੱਬੂ ਜੀ” ਪੈ ਗਿਆ ਸੀ। ਕੋਈ ਵੀ ਮੈਨੂੰ ਆਬਿਦ ਸੁਰਤੀ ਕਹਿ ਕੇ ਨਹੀਂ ਬੁਲਾਉਂਦਾ ਸੀ। ‘ਧਰਮਯੁਗ’ ਦੇ ਸੰਪਾਦਕ ਧਰਮਵੀਰ ਭਾਰਤੀ ਦੇ ਘਰ ਇੱਕ ਪਾਰਟੀ ਸੀ। ਹਿੰਦੀ ਅਤੇ ਉਰਦੂ ਦੇ ਵੱਡੇ-ਵੱਡੇ ਕਵੀ ਅਤੇ ਲੇਖਕ ਆਏ ਹੋਏ ਸਨ। ਅਟਲ ਜੀ ਇੱਕ ਕਵੀ ਸਨ, ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਹ ਮੈਨੂੰ ਮਿਲਣਾ ਚਾਹੁੰਦੇ ਸਨ। ਅੰਦਰ ਭੀੜ ਸੀ। ਭਾਰਤੀ ਜੀ ਨੇ ਮੈਨੂੰ ਇਸ਼ਾਰੇ ਨਾਲ ਬੁਲਾਇਆ। ਭਾਰਤੀ ਜੀ ਨੇ ਅਟਲ ਜੀ ਨੂੰ ਕਿਹਾ, “ਢੱਬੂ ਜੀ ਨੂੰ ਮਿਲੋ।” ਅਟਲ ਜੀ ਮੁਸਕਰਾਉਂਦੇ ਰਹੇ ਅਤੇ ਮੇਰਾ ਹੱਥ ਫੜ ਕੇ ਹਿਲਾਉਂਦੇ ਰਹੇ ਅਤੇ ਉਨ੍ਹਾਂ ਦੀ ਗੋਗੜ ਵੀ ਹਿੱਲਦੀ ਰਹੀ। ਫਿਰ ਭਾਰਤੀ ਜੀ ਨੇ ਕਿਹਾ, “ਉਰਦੂ ਦੀ ਕਿਤਾਬ ਵਾਂਗ ਲੋਕ ‘ਧਰਮਯੁਗ’ ਨੂੰ ਉਲਟਾ ਪੜ੍ਹਦੇ ਹਨ। ਤੁਹਾਨੂੰ ਨਹੀਂ ਪਤਾ, ਇਸ ਆਦਮੀ ਨੇ ‘ਧਰਮਯੁਗ’ ਨੂੰ ਮੁਸਲਮਾਨ ਬਣਾ ਦਿੱਤਾ ਹੈ।” ਅਟਲ ਜੀ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਭਗਵਾਨ ਰਾਮ ਉੱਪਰੋਂ ਉਤਰੇ ਹੋਣ।

* ਤੁਸੀਂ ਰਾਜ ਕਪੂਰ ਲਈ ਵੀ ਸਕ੍ਰਿਪਟ-ਲੇਖਨ ਦਾ ਕੰਮ ਕੀਤਾ ਹੈ?

> ਮੈਂ ਰਾਜ ਕਪੂਰ ਨਾਲ ਆਰ.ਕੇ. ਸਟੂਡੀਓ ਵਿੱਚ ਢਾਈ ਸਾਲ ਕੰਮ ਕੀਤਾ। ਉਸ ਸਮੇਂ ‘ਇਲਸਟ੍ਰੇਟਿਡ ਵੀਕਲੀ’ ਵਿੱਚ ਸੀਰੀਅਲ “ਇੰਸਪੈਕਟਰ ਆਜ਼ਾਦ” ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਸੀ। ਇਹ 1974 ਦੀ ਗੱਲ ਹੈ। ਅਜੇ ਤੱਕ ‘ਵੀਕਲੀ’ ਵਿੱਚ “ਇੰਸਪੈਕਟਰ ਆਜ਼ਾਦ” ਦੀਆਂ ਸਿਰਫ਼ ਚਾਰ ਕਿਸ਼ਤਾਂ ਹੀ ਪ੍ਰਕਾਸ਼ਿਤ ਹੋਈਆਂ ਸਨ। ਉਸ ਸਮੇਂ ਰਾਜ ਕਪੂਰ ਬਹੁਤ ਹੀ ਮੁਸ਼ਕਲ ਵਿੱਚ ਸਨ। “ਮੇਰਾ ਨਾਮ ਜੋਕਰ” ਫਿਲਮ ਤੋਂ ਉਨ੍ਹਾਂ ਨੂੰ ਇੰਨਾ ਨੁਕਸਾਨ ਹੋਇਆ ਕਿ ਉਨ੍ਹਾਂ ਨੇ ਆਪਣਾ ਸਟੂਡੀਓ ਇੱਕ ਮਾਰਵਾੜੀ ਨੂੰ ਗਿਰਵੀ ਰੱਖ ਦਿੱਤਾ। ਰਾਜ ਕਪੂਰ ਬਹੁਤ ਦ੍ਰਿੜ ਇਰਾਦੇ ਵਾਲਾ ਆਦਮੀ ਸੀ। ਉਹ ਹਾਰ ਮੰਨਣ ਵਾਲਾ ਨਹੀਂ ਸੀ। ਉਹ ਇੱਕ ਵੱਡੀ ਫਿਲਮ ਬਣਾਉਣ ਵਾਲਾ ਸੀ। ‘ਵੀਕਲੀ’ ਵਿੱਚ “ਇੰਸਪੈਕਟਰ ਆਜ਼ਾਦ” ਬਾਰੇ ਪੜ੍ਹਨ ਤੋਂ ਬਾਅਦ ਮੈਨੂੰ ਉਨ੍ਹਾਂ ਦਾ ਫ਼ੋਨ ਆਇਆ। ਮੈਂ ਆਰ.ਕੇ. ਸਟੂਡੀਓ ਵਿੱਚ ਉਨ੍ਹਾਂ ਨੂੰ ਮਿਲਣ ਗਿਆ। ਰਾਜ ਕਪੂਰ ਨੇ ਪੁੱਛਿਆ, “ਕਿੰਨੀਆਂ ਕਿਸ਼ਤਾਂ ਹੋਣਗੀਆਂ?” ਮੈਂ ਜਵਾਬ ਦਿੱਤਾ, “ਪੰਜਾਹ-ਪਚਵੰਜਾ।” ਰਾਜ ਕਪੂਰ ਨੂੰ ਇੱਕ-ਇੱਕ ਕਰਕੇ ਪੂਰੀ ਕਹਾਣੀ ਸੁਣਾ ਦਿੱਤੀ। ਉਹ ਪਹਿਲਾ ਵਿਅਕਤੀ ਸੀ, ਜਿਸਨੇ ਮੇਰੇ ਵਿੱਚ ਸਕ੍ਰਿਪਟ-ਲੇਖਕ ਦੇਖਿਆ। ਮੈਂ ਤਾਂ ਕਹਾਣੀ ਵੇਚਣ ਲਈ ਉੱਥੇ ਗਿਆ ਸੀ। ਰਾਜ ਕਪੂਰ ਨੇ ਕਿਹਾ, “ਮੇਰੇ ਨਾਲ ਆਓ, ਤਨਖਾਹ ਫਿਕਸ ਹੋ ਜਾਵੇਗੀ।” ਮੈਂ ਸੋਚਿਆ ਜੇ ਮੈਂ ਕੰਮ ਕਰਾਂਗਾ, ਤਾਂ ਮੈਨੂੰ ਆਪਣਾ ਸਟੂਡੀਓ ਬੰਦ ਕਰਨਾ ਪਵੇਗਾ। ਉਹ ਦੁਪਹਿਰ 12 ਵਜੇ ਉੱਠਦਾ ਸੀ। ਮੈਂ ਸਵੇਰੇ 6 ਵਜੇ ਤਿਆਰ ਹੋ ਜਾਂਦਾ ਸੀ। ਉਸਦੀ ਜ਼ਿੰਦਗੀ ਸ਼ਾਮ 6 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਸੀ। ਸਾਡੇ ਸਮੇਂ ਵਿੱਚ ਫ਼ਰਕ ਸੀ। ਜੇ ਮੈਂ ਇੱਥੇ ਕੰਮ ਕਰਦਾ ਹਾਂ, ਤਾਂ ਮੈਂ ਇਹ ਨਹੀਂ ਕਰ ਸਕਾਂਗਾ। ਫਿਰ ਮੈਂ ਰਾਜ ਕਪੂਰ ਨੂੰ ਕਿਹਾ, “ਮੈਨੂੰ ਮਾਫ਼ ਕਰਨਾ। ਮੈਂ ਤੁਹਾਨੂੰ ਹਫ਼ਤੇ ਵਿੱਚ ਇੱਕ ਦਿਨ ਦੇ ਸਕਦਾ ਹਾਂ।” ਉਸਨੇ ਮੈਨੂੰ ਫਿਲਮ “ਬੌਬੀ” ਦੀ ਸਕ੍ਰਿਪਟ ਲਿਖਣ ਲਈ ਕਿਹਾ। ਉਸਦੀ ਮੁੱਖ ਫਿਲਮ “ਮੇਰਾ ਨਾਮ ਜੋਕਰ” ਸੀ, ਜੋ ਫਲਾਪ ਹੋ ਗਈ ਸੀ। ਉਸ ਸਮੇਂ ਦੌਰਾਨ ਰਾਜ ਖੋਸਲਾ ਨੇ ਡਾਕੂਆਂ ‘ਤੇ ਫਿਲਮ ਬਣਾਈ ਸੀ, ਜੋ ਹਿੱਟ ਹੋ ਗਈ ਸੀ। ਸੁਨੀਲ ਦੱਤ ਨੇ ਵੀ ਡਾਕੂ ‘ਤੇ ਇੱਕ ਫਿਲਮ ਬਣਾਈ ਸੀ। ਹੁਣ ਰਾਜ ਕਪੂਰ ਵੀ ਇੱਕ ਡਾਕੂ ‘ਤੇ ਇੱਕ ਫਿਲਮ ਬਣਾਉਣਾ ਚਾਹੁੰਦੇ ਸਨ। ਬੌਬੀ ਬਹੁਤ ਸੁਪਰ-ਹਿੱਟ ਹੋਈ। ਫਿਰ ਉਸਨੇ “ਜਾਗਤੇ ਰਹੋ” ਬਣਾਈ। ਮੈਨੂੰ ਤਿੰਨ-ਚਾਰ ਸਾਲਾਂ ਤੱਕ “ਬੌਬੀ” ਦੀ ਰਾਇਲਟੀ ਤੋਂ ਹੀ ਕਾਫੀ ਪੈਸੇ ਮਿਲਦੇ ਰਹੇ। ਇਹ ਬੜਾ ਮਜ਼ੇਦਾਰ ਸਮਾਂ ਸੀ। ਇਹ ਪੈਸੇ ਕਮਾਉਣ ਦਾ ਸਮਾਂ ਸੀ। ਇੱਕ ਗੱਲ ਮੇਰੇ ਦਿਮਾਗ ਵਿੱਚ ਫਸ ਗਈ ਸੀ। ਮੈਂ ਭਾਰਤ ਦਾ ਚੋਟੀ ਦਾ ਚਿੱਤਰਕਾਰ ਬਣਨਾ ਚਾਹੁੰਦਾ ਸੀ।

* ਅਤੇ ਫਿਰ?

> ਮੈਂ ਇੱਕ ਵਾਰ ਰਾਜ ਸਾਹਿਬ ਨੂੰ ਮਿਲਣ ਗਿਆ ਸੀ। ਮੇਰੇ ਨਾਲ ਇੱਕ ਦੋਸਤ ਸੀ, ਜਿਸਨੇ ਉਨ੍ਹਾਂ ਦੀਆਂ ਫਿਲਮਾਂ ਖਰੀਦੀਆਂ ਸਨ। ਰਾਜ ਸਾਹਿਬ ਉਨ੍ਹਾਂ ਨੂੰ ਫਿਲਮ “ਮੇਰਾ ਨਾਮ ਜੋਕਰ” ਖਰੀਦਣ ਦੀ ਸਿਫਾਰਸ਼ ਕਰ ਰਹੇ ਸਨ ਅਤੇ ਮੈਨੂੰ ਤਿਰਛੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਡਿਸਟ੍ਰੀਬਿਊਟਰ ਫਸ ਗਿਆ। ਫਿਰ ਉਸਨੇ ਆਉਣ ਵਾਲੀ ਫਿਲਮ “ਬੌਬੀ” ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ। ਉਹ ਕਹਿੰਦਾ ਸੀ, “ਬੌਬੀ ਇੱਕ ਗੋਲਡਨ ਜੁਬਲੀ ਫਿਲਮ ਹੈ, ਤੁਸੀਂ ਕਰੋੜਪਤੀ ਬਣ ਜਾਓਗੇ।”

* ਤੁਸੀਂ ਦਿਲੀਪ ਕੁਮਾਰ ਨੂੰ ਕਿਵੇਂ ਮਿਲੇ?

> ਉਨ੍ਹਾਂ ਦਿਨਾਂ ਵਿੱਚ ਦਿਲੀਪ ਕੁਮਾਰ, ਰਾਜ ਕਪੂਰ ਅਤੇ ਦੇਵ ਆਨੰਦ ਸਿਖਰਾਂ ‘ਤੇ ਸਨ। ਖਾਸ ਕਰਕੇ ਪਾਕਿਸਤਾਨ ਵਿੱਚ ਲੋਕ ਦਿਲੀਪ ਕੁਮਾਰ ਦੇ ਸਟਾਈਲ ਦੀ ਨਕਲ ਕਰਦੇ ਸਨ। ਮੈਂ ਪੇਂਟਿੰਗ ਕਰ ਰਿਹਾ ਸਾਂ। ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ। ਮੈਂ ਦਰਵਾਜ਼ਾ ਖੋਲ੍ਹਿਆ ਅਤੇ ਦਿਲੀਪ ਕੁਮਾਰ ਸਾਹਮਣੇ ਖੜ੍ਹੇ ਸਨ। ਉਨ੍ਹਾਂ ਦਿਨਾਂ ਵਿੱਚ ਇੱਕ ਜਪਾਨੀ ਕੁੜੀ ਸੀ, ਜੋ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ। ਉਹ ਹੇਅਰ ਡ੍ਰੈਸਿੰਗ ਕਰਦੀ ਸੀ। ਦਿਲੀਪ ਕੁਮਾਰ ਦੀ ਭੈਣ ਉੱਥੇ ਸਿੱਖਣ ਲਈ ਆਉਂਦੀ ਸੀ। ਉਹ ‘ਟੋਕੀਓ ਬਿਊਟੀ ਪਾਰਲਰ’ ਸੀ। ਹੋ ਸਕਦਾ ਹੈ ਕਿ ਦਿਲੀਪ ਕੁਮਾਰ ਗਲਤੀ ਨਾਲ ਮੇਰੇ ਕੋਲ ਆ ਗਏ ਹੋਣ। ਮੈਂ ਉਨ੍ਹਾਂ ਨੂੰ ਇੱਕ ਸਟੂਲ ‘ਤੇ ਬਿਠਾਇਆ ਅਤੇ ਫਿਰ ਆਪਣੀ ਜਾਣਕਾਰੀ ਦਿੱਤੀ। ਦਿਲੀਪ ਕੁਮਾਰ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਦੀ ਫਿਲਮ ਲਈ ਸਕ੍ਰਿਪਟ ਲਿਖਾਂ, ਪਰ ਮੈਂ ਲਿਖ ਨਹੀਂ ਸਕਿਆ।

* ਕੀ ਤੁਸੀਂ ਪਾਣੀ ਸੰਭਾਲ ਯੋਜਨਾ ਨਾਲ ਵੀ ਜੁੜੇ ਹੋਏ ਹੋ?

> ਮੈਂ 2016 ਤੋਂ ਪਾਣੀ ਸੰਭਾਲ ਮੁਹਿੰਮ ਵਿੱਚ ਸ਼ਾਮਲ ਹਾਂ। ਹੁਣ ਇਹ ਗਲੋਬਲ ਹੋ ਗਿਆ ਹੈ। ਮੈਂ ਸੋਚਦਾ ਸਾਂ ਕਿ ਪਾਣੀ ਨੂੰ ਕਿਵੇਂ ਬਚਾਇਆ ਜਾਵੇ। ਮੋਦੀ ਜੀ ਮਾਂ ਗੰਗਾ ਨੂੰ ਬਚਾਉਣ ਲਈ ਵਾਰਾਣਸੀ ਜਾ ਰਹੇ ਹਨ। ਮੇਰੇ ਦਿਮਾਗ਼ ਵਿੱਚ ਵੀ ਇੱਕ ਆਈਡੀਆ ਆਇਆ। ਮੈਂ ਹਾਲ ਹੀ ਵਿੱਚ ਵਾਰਾਣਸੀ ਦਾ ਦੌਰਾ ਕੀਤਾ ਹੈ। ਲੋਕਾਂ ਦੀ ਭਾਵਨਾ ਹੈ ਕਿ ਗੰਗਾ ਪਵਿੱਤਰ ਹੈ। ਨਗਰ ਪਾਲਿਕਾ ਵਾਲੇ ਸਭ ਤੋਂ ਵੱਡੇ ਦੋਸ਼ੀ ਹਨ। ਉਹ ਗੰਗਾ ਵਿੱਚ ਕੂੜਾ ਸੁੱਟਦੇ ਹਨ। ਸ਼ਹਿਰ ਦਾ ਗੰਦਾ ਪਾਣੀ ਗੰਗਾ ਵਿੱਚ ਹੀ ਜਾਂਦਾ ਹੈ।

* ਬੁਢਾਪੇ ਵਿੱਚ ਤੁਸੀਂ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਲਈ ਸੰਘਰਸ਼ ਕਰ ਰਹੇ ਹੋ। ਤੁਸੀਂ ਕਿੰਨਾ ਪਾਣੀ ਬਚਾਇਆ ਹੈ?

ਮੈਂ ਹੁਣ ਤੱਕ ਤਿੰਨ ਕਰੋੜ ਲੀਟਰ ਪਾਣੀ ਬਚਾਇਆ ਹੈ। ਮੈਂ ਕਿਸੇ ਤੋਂ ਕੋਈ ਡੋਨੇਸ਼ਨ ਨਹੀਂ ਲਈ। ਹਰ ਆਦਮੀ ਪਾਣੀ ਬਚਾ ਸਕਦਾ ਹੈ। ਘਰ ਵਿੱਚ ਟੂਟੀ ਖਰਾਬ ਹੋ ਜਾਂਦੀ ਹੈ ਤਾਂ ਲੋਕ ਇਸਦੀ ਮੁਰੰਮਤ ਨਹੀਂ ਕਰਵਾਉਂਦੇ। ਮੈਂ ਪਲੰਬਰ ਦਾ ਕੰਮ ਸਿੱਖਿਆ ਅਤੇ ਘਰ-ਘਰ ਜਾ ਕੇ ਟੂਟੀਆਂ ਠੀਕ ਕੀਤੀਆਂ।
***

ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1823
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →