|
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਭਗਤ ਕਬੀਰ ਜੀ ਦਾ ਇਹ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ-1105 ’ਤੇ ਅੰਕਿਤ ਹੈ। ਭਗਤ ਜੀ ਦੇ ਇਸ ਸਲੋਕ ਰਾਹੀਂ ਇਕ ਜੰਗ ਦਾ ਦ੍ਰਿਸ਼ ਚਿਤਰਿਆ ਗਿਆ ਹੈ। ਇਥੇ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਗੁਰਬਾਣੀ ਅਧਿਆਤਮਕ ਗਿਆਨ ਦਾ ਫ਼ਲਸਫ਼ਾ ਹੈ। ਇਸ ਰਾਹੀਂ ਜੋ ਉਪਦੇਸ਼ ਦਿੱਤਾ ਗਿਆ ਹੈ, ਉਹ ਸੁਰਤ, ਮਤ, ਮਨ, ਬੁੱਧ ਨੂੰ ਸਵਾਰਨ ਦਾ ਹੈ। ਇਸ ਅਨੁਸਾਰ ਇਹ ਪਰਤੱਖ ਹੈ ਕਿ ਕਬੀਰ ਸਾਹਿਬ ਕਿਸੇ ਦੋ ਵਿਅਕਤੀਆਂ ਦੀ ਜਾਂ ਦੋ ਰਾਜਿਆਂ ਦੀ ’ਤੇ ਜਾਂ ਫਿਰ ਦੋ ਮੁਲਕਾਂ ਦੀ ਜੰਗ ਦੀ ਗੱਲ ਨਹੀਂ ਕਰ ਰਹੇ। ਗੱਲ ਕੀਤੀ ਜਾ ਰਹੀ ਹੈ ਆਪਣੇ ਅੰਦਰ ਦੇ ਮਨ ਦੀ ਭਾਵ ਆਪਣੀ ਅੰਤਰ ਆਤਮਾ ਦੀ। ਵੇਖਿਆ ਜਾਵੇ ਤਾਂ ਮਨੁੱਖ ਦਾ ਮਨ ਬਹੁਤ ਉਲਝਣ ਵਿਚ ਰਹਿੰਦਾ ਹੈ। ਮਨੁੱਖੀ ਮਨ ਉੱਤੇ ਹਰ ਸਮੇਂ ਵਿਕਾਰ ਅਤੇ ਬੁਰੇ ਵਿਚਾਰ ਆਪਣਾ ਗਲਬਾ ਪਾਉਣ ਵਾਸਤੇ ਚੜ੍ਹਾਈ ਕਰੀ ਰਖਦੇ ਹਨ। ਇਸੇ ਚੜ੍ਹਾਈ ਦਾ ਮੁਕਾਬਲਾ ਕਰਨ ਵਾਸਤੇ ਹੀ ਕਬੀਰ ਸਾਹਿਬ ਜੰਗ ਦੀ ਤਿਆਰੀ ਵਾਸਤੇ ਸਮਝਾਉਂਦੇ ਹਨ। ਕਬੀਰ ਸਾਹਿਬ ਜੰਗ ਦੇ ਦ੍ਰਿਸ਼ ਨੂੰ ਬਿਆਨ ਕਰਦੇ ਹੋਏ ਫ਼ਰਮਾਉਂਦੇ ਹਨ ਕਿ: ਜੰਗ ਸ਼ੁਰੂ ਕਰਨ ਵਾਸਤੇ ਇਕ ਦਮਾਮਾ (ਨਗਾਰਾ) ਵਜਾਇਆ ਜਾਂਦਾ ਹੈ। ਜਦੋਂ ਦਮਾਮਾ ਵਜਦਾ ਹੈ ਤਾਂ ਸੂਰਮਿਆਂ ਦੇ ਮਨ ਅੰਦਰ ਜੰਗ ਵਾਸਤੇ ਅਜਬ ਹੀ ਜੋਸ਼ ਪੈਦਾ ਹੋ ਜਾਂਦਾ ਹੈ। ਜਿਵੇਂ ਘਾਇਲ ਹੋਇਆ ਸ਼ੇਰ ਬੜੇ ਗੁਸੇ ਨਾਲ ਹਮਲਾ ਕਰਦਾ ਹੈ, ਇਸੇ ਤਰ੍ਹਾਂ ਸੂਰਮਿਆਂ ਨੂੰ ਦਮਾਮੇ ਦੀ ਚੋਟ ਜੰਗ ਵਾਸਤੇ ਉਕਸਾਉਂਦੀ ਹੈ ਅਤੇ ਉਤਸ਼ਾਹਿਤ ਕਰਦੀ ਹੈ। ਭਾਵ ਉਨ੍ਹਾਂ ਦੇ ਮਨ ਵਿਚ ਜੰਗ ਵਾਸਤੇ ਜੋਸ਼ ਪੈਦਾ ਹੋ ਜਾਂਦਾ ਹੈ। ਐਸੇ ਦ੍ਰਿਸ਼ ਨੂੰ ਚਿਤਰ ਕੇ ਕਬੀਰ ਸਾਹਿਬ ਬਿਆਨ ਕਰਦੇ ਹਨ ਕਿ ਜਿਵੇਂ ਕਿਸੇ ਸੂਰਮੇ ਨੂੰ ਦਮਾਮੇ ਦੀ ਚੋਟ ਉਤਸ਼ਾਹਿਤ ਕਰਕੇ ਜੰਗ ਵਾਸਤੇ ਤਿਆਰ ਕਰਦੀ ਹੈ ਠੀਕ ਇਸੇ ਤਰ੍ਹਾਂ ਮੇਰੀ ਮਤ, ਮਨ, ਬੁੱਧ ਨੇ ਜੋ ਸੋਝੀ ਪ੍ਰਾਪਤ ਕੀਤੀ ਹੈ ਉਸ ਨੇ ਮੇਰੇ ਹਿਰਦੇ ਅੰਦਰ, ਵਿਕਾਰਾਂ ਨਾਲ ਅਤੇ ਬੁਰੇ ਵਿਚਾਰਾਂ ਨਾਲ ਜੰਗ ਕਰਨ ਵਾਸਤੇ ਅੱਤ ਦਾ ਜੋਸ਼ ਪੈਦਾ ਕਰ ਦਿੱਤਾ ਹੈ। ਇਸ ਸੋਝੀ ਨੇ ਮੇਰੇ ਮਨ ਨੂੰ ਇਸ ਤਰ੍ਹਾਂ ਝਿੰਝੋੜ ਦਿੱਤਾ ਹੈ ਜਿਵੇਂ ਕਿਸੇ ਸੂਰਮੇ ਨੂੰ ਜੰਗ ਵਾਸਤੇ ਦਮਾਮੇ ਦੀ ਚੋਟ ਉਤਸ਼ਾਹਿਤ ਕਰਦੀ ਹੈ ਅਤੇ ਉਹ ਜੰਗ ਵਾਸਤੇ ਤਿਆਰ ਹੋ ਜਾਂਦਾ ਹੈ, ਠੀਕ ਇਸੇ ਤਰ੍ਹਾਂ ਮੈਂ ਵਿਕਾਰਾਂ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਗਿਆ ਹਾਂ। ਮੈਂ ਹੁਣ ਜੰਗ ਦੇ ਮੈਦਾਨ ਵਿਚ ਜੂਝ ਪਿਆ ਹਾਂ ਅਤੇ ਇਹ ਜੰਗ ਮੈਂ ਆਖਰੀ ਦੰਮ ਤੱਕ ਲੜਨੀ ਹੈ। ਇਸ ਅਨੁਸਾਰ ਕਬੀਰ ਸਾਹਿਬ ਜਿਸ ਜੰਗ ਦੀ ਗੱਲ ਕਰ ਰਹੇ ਹਨ ਉਹ ਜੰਗ ਹੈ ਵਿਚਾਰਾਂ ਦੀ। ਇਕ ਪਾਸੇ ਨਿਕਾਰਾਤਮਕ ਵਿਚਾਰ ਹਨ ਅਤੇ ਦੂਸਰੇ ਪਾਸੇ ਹਨ ਸਕਾਰਾਤਮਕ ਵਿਚਾਰ। ਇਕ ਪਾਸੇ ਵਿਕਾਰ ਅਤੇ ਨਖਿਦ ਵਿਚਾਰ ਹਨ ਜੋ ਹਮਲਾਆਵਰ ਹਨ ਅਤੇ ਦੂਜੇ ਪਾਸੇ ਹਨ ਸੁਚੱਜੇ ਗਣਾਂ ਅਤੇ ਨੈਤਿਕਤਾ ਵਾਲੇ ਵਿਚਾਰ, ਜਿਨ੍ਹਾਂ ਨੇ ਮੁਕਾਬਲਾ ਕਰਨਾ ਹੈ। ਕਬੀਰ ਸਾਹਿਬ ਸਮਝਾਉਂਦੇ ਹਨ ਕਿ ਇਹ ਜੰਗ ਆਖਰੀ ਦੰਮ ਤਕ ਲੜੀ ਜਾਣੀ ਹੈ।ਜਦੋਂ ਲੜਾਈ ਦੇ ਮੈਦਾਨ ਵਿਚ ਜੂਝ ਪਏ ਤਾਂ ਭਗਤ ਜੀ ਫ਼ਰਮਾਉਂਦੇ ਹਨ ਕਿ ਹੁਣ ਪਿਛੇ ਹਟਣ ਦੀ ਗੱਲ ਨਹੀਂ। ਵਿਕਾਰਾਂ ਉੱਤੇ ਅਤੇ ਬੁਰੇ ਵਿਚਾਰਾਂ ਉੱਤੇ ਜਿਤ ਪ੍ਰਾਪਤ ਕਰਕੇ ਸੁਚੱਜੇ ਗੁਣਾਂ ਦਾ ਧਾਰਨੀ ਹੋਣਾ ਹੀ ਹੈ। ਇਸ ਤਰ੍ਹਾਂ ਗਿਆਨਵਾਨ ਤੇ ਗੁਣਵਾਨ ਹੋਣਾ ਹੈ। ਇਸ ਨਾਲ ਹੀ ਸਹਿਜ ਦੀ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਇਕ ਐਸੀ ਜੰਗ ਹੈ ਜੋ ਆਪਣੇ ਵਿਕਾਰਾਂ ਅਤੇ ਬੁਰੇ ਵਿਚਾਰਾਂ ਉੱਤੇ ਜਿਤ ਪ੍ਰਾਪਤ ਕਰਕੇ ਖਤਮ ਨਹੀਂ ਹੋ ਜਾਂਦੀ। ਇਹ ਜੰਗ ਇਸ ਤੋਂ ਅੱਗੇ ਵੀ ਚਲਦੀ ਹੈ ਅਤੇ ਫਿਰ ਜੰਗ ਸ਼ੁਰੂ ਹੁੰਦੀ ਹੈ:- ਦੀਨ ਦੀ ਰੱਖਿਆ ਵਾਸਤੇ। ਇਹ ਸੰਸਾਰ ਵੀ ਇਕ ਤਰ੍ਹਾਂ ਰਣ ਭੂਮੀ ਹੈ, ਜਿਸ ਵਿਚ ਜੀਵਨ ਲਈ ਘਮਸਾਨ ਹੋ ਰਿਹਾ ਹੈ। ਵੱਡੀ ਮੱਛੀ ਛੋਟੀ ਮੱਛੀ ਨੂੰ ਖਾਈ ਜਾਂਦੀ ਹੈ। ਬਲਵਾਨ ਨਿਰਬਲ ਨੂੰ ਕੁਚਲਣ ਲਈ ਤੱਤਪਰ ਰਹਿੰਦੇ ਹਨ। ਮਜ਼ਲੂਮਾਂ ਉੱਤੇ ਅੱਤ ਦੇ ਜ਼ੁਲਮ ਕੀਤੇ ਜਾਂਦੇ ਹਨ। ਇਸ ਲਈ ਸਮਾਜਕ ਪ੍ਰਬੰਧ ਨੂੰ ਕਾਇਮ ਰੱਖਣ ਵਾਸਤੇ ਅਤੇ ਕੁਕਰਮੀਂ, ਜ਼ਾਲਮ ਪੁਰਸ਼ਾਂ ਨੂੰ ਡੰਡ ਦੇਣ ਵਾਸਤੇ ਵੀ ਜੰਗ ਲੜੀ ਜਾਣੀ ਹੈ। ਸੱਚ ਨੂੰ ਜ਼ਿੰਦਾ ਰੱਖਣ ਲਈ ਵੀ ਲੜਾਈ ਲੜੀ ਜਾਣੀ ਹੈ। ਇਹ ਜੰਗ ਲੜੀ ਜਾਣੀ ਹੈ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਸਤੇ। ਇਸੇ ਲਈ ਜਦੋਂ ਵਿਕਾਰਾਂ ’ਤੇ ਜਿਤ ਪ੍ਰਾਪਤ ਹੁੰਦੀ ਹੈ ਤਾਂ ਫਿਰ ਨਵੀਂ ਜੰਗ ਸ਼ੁਰੂ ਹੁੰਦੀ ਹੈ ਦੀਨ ਦੀ ਰੱਖਿਆ ਵਾਸਤੇ। ਇਹ ਜੰਗ ਹੁੰਦੀ ਹੈ ਅਗਿਆਨਤਾ ਤੇ ਜ਼ੁਲਮ ਦੇ ਖਿਲਾਫ। ਇਹ ਜੰਗ ਹੁੰਦੀ ਹੈ ਸੱਚ ਦਾ ਰਾਹ ਅਪਨਾਉਣ ਵਾਸਤੇ। ਇਸੇ ਕਾਰਨ ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਇਕ ਸਚਾਈ ਦੇ ਫ਼ਲਸਫ਼ੇ ਦੀ ਜੋਤ ਜਗਾਈ। ਇਸ ਫ਼ਲਸਫ਼ੇ ਤੋਂ ਗਿਆਨ ਹਾਸਲ ਕਰਕੇ ਸਭ ਤੋਂ ਪਹਿਲਾਂ ਜਦੋਂ ਮੱਕੇ ਵਿਚ ਰੁਕਣਦੀਨ ਸੱਚ ਦੇ ਰਾਹ ’ਤੇ ਚੱਲਿਆ ਤਾਂ ਉਸ ਨੇ ਸ਼ਹੀਦੀ ਪ੍ਰਵਾਨ ਕੀਤੀ ਪਰ ਸੱਚ ਦਾ ਰਾਹ ਨਹੀਂ ਛੱਡਿਆ। ਅਸਲ ਵਿਚ ਸੱਚ ਦੇ ਗਿਆਨ ਵਾਸਤੇ ਜੰਗ ਲੜੀ ਹੈ ਗੁਰੂ ਸਾਹਿਬਾਨ ਨੇ ਅਤੇ ਇਹ ਜੰਗ ਲੜੀ ਹੈ ਆਪਣੀਆਂ ਕੁਰਬਾਨੀਆਂ ਦੇ ਕੇ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਬਹੁਤ ਸੂਰਮਿਆਂ ਨੇ ਦੇਸ਼ ਅਤੇ ਕੋਮ ਦੀ ਆਨ ਸ਼ਾਨ ਬਚਾਉਣ ਵਾਸਤੇ ਅਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਸਭ ਇਸੇ ਸਲੋਕ ਦੇ ਜਜ਼ਬੇ ਦੇ ਪਰਭਾਵ ਹੇਠ ਹੀ ਸੰਭਵ ਹੋ ਸਕਿਆ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗਿਆਨ ਰੂਪੀ ਫ਼ਲਸਫ਼ੇ ਦੇ ਦੀਪਕ ਦੀ ਰੋਸ਼ਨੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਉਜਾਗਰ ਕੀਤਾ। ਅਗਿਆਨਤਾ ਦੂਰ ਕਰਨ ਵਾਸਤੇ ਇਹ ਇਕ ਬਹੁਤ ਸਾਰਥਕ ਉਪਰਾਲਾ ਸੀ। ਲੇਕਿਨ ਬੁੱਧੀ ਹੀਣ ਹੂੜ-ਮੱਤੀ ਹਾਕਮਾਂ ਨੂੰ ਅਤੇ ਮੱਕਾਰ ਧਰਮ ਦੇ ਠੇਕੇਦਾਰਾਂ ਨੂੰ ਇਹ ਪਸੰਦ ਨਹੀਂ ਸੀ। ਹੂੜਮੱਤੀ ਲੋਕ ਇਸ ਨੂੰ ਸਹਿਣ ਨਹੀਂ ਕਰ ਸਕੇ ਜਿਸ ਕਾਰਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇਹ ਜੰਗ ਹੋਰ ਵੀ ਅੱਗੇ ਚਲਦੀ ਹੈ ਅਤੇ ਇਹ ਜੰਗ ਹੁੰਦੀ ਹੈ ਦੀਨ ਤੇ ਮਜ਼ਲੂਮਾਂ ਦੇ ਹੱਕਾਂ ਦੀ ਰੱਖਿਆ ਵਾਸਤੇ। ਇਹ ਜੰਗ ਲੜੀ ਜਾਂਦੀ ਹੈ ਜ਼ੁਲਮ ਦੇ ਖਿਲਾਫ। ਇਸ ਜੰਗ ਵਿਚ ਜੂਝਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾ ਨਾਲ ਨਿਤਰਦੇ ਹਨ ਹੋਰ ਸੂਰਮੇ ਜੋ ਗੁਰੂ ਸਾਹਿਬ ਦੇ ਨਾਲ ਸ਼ਹੀਦੀਆਂ ਪ੍ਰਾਪਤ ਕਰਦੇ ਹਨ, ਪਰ ਸੱਚ ਦਾ ਰਾਹ ਨਹੀਂ ਛਡਦੇ। ਇਸੇ ਤਰ੍ਹਾਂ ਜ਼ਾਲਮਾਂ ਦੇ ਜ਼ੁਲਮ ਦੇ ਖਿਲਾਫ ਜੰਗ ਕਰਨ ਵਾਸਤੇ ਨਿਤਰਦੇ ਹਨ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਲ ਝਾਤ ਮਾਰੀਏ ਤਾਂ ਉਨ੍ਹਾਂ ਨੇ ਮਜ਼ਲੂਮਾਂ ਨੂੰ ਗੁਲਾਮੀ ਅਤੇ ਜ਼ੁਲਮ ਤੋਂ ਆਜ਼ਾਦ ਕਰਵਾਉਣ ਵਾਸਤੇ ਹੀ ਮੈਦਾਨੇ ਜੰਗ ਵਿਚ ਜੰਗਾਂ ਲੜੀਆਂ ਅਤੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ, ਜਿਸ ਵਿਚ ਮਾਸੂਮ ਬੱਚੇ ਵੀ ਸ਼ਾਮਲ ਹਨ। ਇਸੇ ਤਰ੍ਹਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਬੇਅੰਤ ਸ਼ਹੀਦ ਸਿੱਖਾਂ ਨੇ। ਇਹ ਹੀ ਨਹੀਂ ਸਗੋਂ ਹੋਰ ਵੀ ਬੇਅੰਤ ਮਹਾਨ ਸੂਰਮੇ ਸ਼ਹੀਦ ਹੋਏ, ਜਿਨ੍ਹਾਂ ਨੇ ਮਜ਼ਲੂਮਾਂ ਦੀ ਰੱਖਿਆ ਖਾਤਰ ਜ਼ੁਲਮ ਦੇ ਖਿਲਾਫ ਜੰਗ ਲੜੀ ਅਤੇ ਦੀਨ ਦੀ ਰੱਖਿਆ ਵਾਸਤੇ ਆਪਣੇ ਨਾਲ ਆਪਣੇ ਬੱਚਿਆਂ ’ਤੇ ਪਰਿਵਾਰਾਂ ਦੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ। ਇਹ ਹੀ ਤਾਂ ਹੈ: ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by 