2 November 2025

ਗੁਰਨਾਮ ਢਿੱਲੋਂ ਦਾ ਕਾਵਿ ਜਗਤ -‘ਲਹਿੰਦੇ ਸੂਰਜ ਦੀ ਸੁਰਖੀ’— ਡਾ. ਸੁਰਿੰਦਰ ਗਿੱਲ

-ਗੁਰਨਾਮ ਢਿੱਲੋਂ ਦਾ ਕਾਵਿ ਜਗਤ-
ਪੁਸਤਕ: ‘ਲਹਿੰਦੇ ਸੂਰਜ ਦੀ ਸੁਰਖੀ’
ਡਾ. ਸੁਰਿੰਦਰ ਗਿੱਲ

ਗੁਰਨਾਮ ਢਿੱਲੋਂ ਪ੍ਰਗਤੀਸ਼ੀਲ ਕਾਵਿ ਖੇਤਰ ਵਿਚ ਜਾਣਿਆ ਪਛਾਣਿਆ ਹਸਤਾਖਰ ਹੈ। ਅੱਧੀ ਸਦੀ ਤੋਂ ਵੱਧ ਬਰਤਾਨੀਆ ਵਿਖੇ ਪਰਵਾਸ ਕਰਨ ਉਪਰੰਤ ਓਥੋਂ ਦੀ ਪ੍ਰਗਤੀਸ਼ੀਲ ਲਹਿਰ ਵਿਚ ਸਰਗਰਮ ਰਹਿੰਦਿਆਂ ਉਹ ਨਿਰੰਤਰ ਕਾਵਿ ਰਚਨਾ ਵਿਚ ਸਲਗਨ ਰਿਹਾ ਹੈ। ਗੁਰਨਾਮ ਢਿੱਲੋਂ ਰਚਿਤ ਪੰਦਰਾਂ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਅਤੇ ਪੰਜਾਬੀ ਪਾਠਕਾਂ ਦੇ ਨਿੱਘੇ ਹੁੰਗਾਰੇ ਦੇ ਪਾਤਰ ਬਣੇ ਹਨ।

ਉਸ ਦੀ ਇਕ ਸਮਾਲੋਚਨਾ ਦੀ ਪੁਸਤਕ ‘ਸਮਕਾਲੀ ਪੰਜਾਬ ਕਾਵਿ (ਸਿਧਾਂਤਕ ਪਰਿਪੇਖ) (2011 ਈ.) ਅਤੇ ਇਕ ਸਵੈਜੀਵਨੀ ਭਾਂਤ ਦੀ ਪੁਸਤਕ ‘ਓੜਕਿ ਸਚਿ ਰਹੀ’ (2021ਈ.) ਪੰਜਾਬੀ ਸਾਹਿਤ ਜਗਤ ਵਿਚ ਚਰਚਾ ਦਾ ਵਿਸ਼ਾ ਰਹੀਆਂ ਰਨ।

ਵਿਚਾਰ ਅਧੀਨ ਤਾਜੇ ਕਾਵਿ ਸੰਗ੍ਰਹਿ ‘ਲਹਿੰਦੇ ਸੂਰਜ ਦੀ ਸੁਰਖੀ’ ਪੰਨੇ 114 ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਵਿਚ ਗੁਰਨਾਮ ਢਿੱਲੋਂ ਰਚਿਤ 58 ਨਿੱਕੀਆਂ, ਵੱਡੀਆਂ ਕਵਿਤਾਵਾਂ ਅਤੇ 25 ਗ਼ਜ਼ਲਾਂ ਸੰਕਲਿਤ ਹਨ।  ਇਸ ਪੁਸਤਕ ਵਿਚਲੀਆਂ ਬਹੁਗਿਣਤੀ ਕਵਿਤਾਵਾਂ ਰਾਜਨੀਤਕ ਰੰਗ ਦੀਆਂ ਹਨ ਜਾਂ ਰਾਜਨੀਤਕ ਹਾਲਾਤ ਅਥਵਾ ਪ੍ਰਸਥਿਤੀਆਂ ਤੋਂ ਪ੍ਰਭਾਵਿਤ ਹਨ। ਇਸ ਪ੍ਰਸੰਗ ਵਿਚ ‘ਹਿੰਦ ਦਾ ਚੌਕੀਦਾਰ’, ‘ਸ਼ਹਿਨਸ਼ਾਹ ਦਾ ਹੁਕਮ’,  ‘ਫਲਸਤੀਨ’, ‘ਦੀਵਾਲੀ’,  ‘ਨਿਰਾ ਛਲੇਡਾ ਹੈ ਉਹ’, ‘ਨੇਤਾ’, ‘ਪੁਲਵਾਮਾ’, ‘ਅੰਨ੍ਹਾ ਰਾਹਬਰ’, ‘ਕਿਸਾਨ ਅੰਦੋਲਨ’ ਅਤੇ ‘ਡੀ ਐੱਨ ਏ’ ਆਦਿ ਗਿਣੀਆਂ ਜਾ ਸਕਦੀਆਂ ਹਨ। ਇਹਨਾਂ ਕਵਿਤਾਵਾਂ ਵਿਚ ਰਾਜਨੀਤੀ ਸਬੰਧੀ ਕਟਾਖਸ਼ ਅਤੇ ਵਿਅੰਗ ਉਪਲਭਦ ਹਨ। ਉਦਾਹਰਣ ਹਿੱਤ:

“ਡਾਢਾ ਦਯਾਵਾਨ, ਕ੍ਰਿਪਾਨਿਧਾਨ ਹੈ ਹਿੰਦ ਦਾ ਚੌਕੀਦਾਰ!
ਅੰਧਭਗਤਾਂ ਦੀਆਂ ਵਾਗਾਂ
ਚੜ੍ਹਦੀ ਹਨੇਰੀ ਵਾਂਙ ਖੁੱਲ੍ਹੀਆਂ ਛੱਡ ਰੱਖੀਆਂ ਹਨ”
                                  (ਹਿੰਦ ਦਾ ਚੌਕੀਦਾਰ, ਪੰਨਾ 13)

ਸੰਪੂਰਨ ਸੂਝਵਾਨ, ਸਮਰੱਥ ਹੈ ਚੌਕੀਦਾਰ!
“ਧਰਮ ਦੇ ਤੀਰ, ਖੁਰਪੇ, ਨੇਜੇ, ਭਾਲੇ, ਚਲਾਉਣ ਵਿਚ ਮਾਹਿਰ ਹੈ!
ਪੂਜਾ ਅਸਥਾਨ ਢਾਹੁਣ, ਬਣਾਉਣ ਦਾ ਸਲੀਕਾ ਜੱਗ ਜਾਹਰ ਹੈ”।
                                     (ਹਿੰਦ ਦਾ ਚੌਕੀਦਾਰ, ਪੰਨਾ 14)

“ਬੜਾ ਨਿਪੁੰਨ ਜਾਦੂਗਰ, ਜਗਲਰ ਹੈ ਚੌਕੀਦਾਰ!
ਪੁਤਲੀਆਂ ਦਾ ਤਮਾਸ਼ਾ ਕਰ-ਕਰਾ ਸਕਦਾ ਹੈ
ਦਿਲਾਂ ਵਿਚ ਨਫ਼ਰਤਾਂ ਦੀ ਧੂਣੀ ਧੁਖਾ ਸਕਦਾ ਹੈ” 
                      (ਹਿੰਦ ਦਾ ਚੌਕੀਦਾਰ, ਪੰਨਾ 14)

ਏਸੇ ਤਰਾਂ:

“ਸ਼ਹਿਨਸ਼ਾਹ ਨੇ ਹੁਣ ਕੀਤਾ ਹੈ ਹੁਕਮ ਇਲਾਹੀ,
ਦੇਸ਼ ਨੂੰ ਮੁੜ ਕੇ ਵੈਦਿਕ ਯੁੱਗ ਦੇ ਵਿਚ ਲੈ ਜਾਓ
ਅੱਜ ਦੇ ਯੁੱਗ ਦੇ ਵਿਗਿਆਨ ਦੀ ਨਵੀਂ ਰੋਸ਼ਨੀ
ਹਿੰਦ ਮਹਾਂਸਾਗਰ ਦੀ ਡੂੰਘੀ ਪਰਤ ‘ਚ ਡੋਬੋ
ਸਰਜਰੀ ਕਰਕੇ
ਮਨੁੱਖਾਂ ਦੇ ਧੜਾਂ ਉੱਤੇ
ਸਿਰ ਪਸ਼ੂਆਂ ਦੇ ਲਾਓ
ਸਮੇਂ ਦਾ ਪਹੀਆ ਪੁੱਠਾ ਮੋੜੋ
ਪੱਥਰ ਯੁੱਗ ਨੂੰ ਸੀਸ ਝੁਕਾਓ”
( ਸ਼ਹਿਨਸ਼ਾਹ ਦਾ ਹੁਕਮ, ਪੰਨਾ 16)

ਫਲਸਤੀਨ ਵਿਚ ਅਮਰੀਕਾ ਦੀ ਮਿਲੀ ਭੁਗਤ ਨਾਲ ਇਜਰਾਈਲੀ ਹਮਲਿਆਂ ਵਿਰੁੱਧ ਗੁਰਨਾਮ ਢਿੱਲੋਂ ਨੇ ਅਤਿਅੰਤ ਸ਼ਕਤੀਸ਼ਾਲੀ ਆਵਾਜ਼ ਉਠਾਈ ਹੈ ਜਿਵੇਂ:

“ਕੋਹ ਕੋਹ ਕੇ ਨਿਰਦੋਸ਼ਾਂ ਤਾਈਂ ਮਾਰ ਰਿਹਾ ਹੈ
ਫਲਸਤੀਨ ‘ਚ ਅੱਗ ਵਰ੍ਹਾ ਕੇ ਅੰਬਰ ਉੱਤੋਂ
ਮਾਨਵਤਾ ਨੂੰ ਕਰ ਅੱਜ ਸ਼ਰਮਸ਼ਾਰ ਰਿਹਾ ਹੈ
ਦੁਨੀਆਂ ਸਾਰੀ
ਇਕ ਤਮਾਸ਼ਾ ਬਣੀ ਖੜੋਤੀ
ਫਾਸ਼ੀਵਾਦੀ ਨਾਗ ਕਿਵੇ ਫੁੰਕਾਰ ਰਿਹਾ ਹੈ”!
                   (ਫਲਸਤੀਨ, ਪੰਨਾ 21)

ਦੂਰ ਦੁਰਾਡੇ ਦੇਸ਼ ਫਲਸਤੀਨ ਵਿਚ  ਅਮਰੀਕਾ ਦੀ ਸ਼ਹਿ ਉੱਤੇ ਇਜਰਾਈਲੀ ਜੁਲਮ ਨੂੰ ਫਾਸ਼ੀਵਾਦ ਦਾ ਨਾਗ ਫੁੰਕਾਰਨਾ ਕਹਿਣਾ ਗੁਰਨਾਮ ਢਿੱਲੋਂ ਦਾ ਕਾਵਿ ਵਿਸ਼ੇਸ਼ ਗੁਣ-ਲੱਛਣ ਹੈ। ਏਥੇ ਕਵੀ  ਆਪਣੇ ਵਿਚਾਰਧਾਰਕ ਸਾਥੀਆਂ ਅਤੇ ਅਮਨ ਪਸੰਦ ਲੋਕਾਂ ਪਾਸੋਂ ਮੰਗ ਕਰਦਾ ਹੈ ਕਿ ਉਹ ਇਕੱਠੇ ਹੋ ਕੇ ਸਾਮਰਾਜੀ ਸ਼ਕਤੀਆਂ ਨੂੰ ਵੰਗਾਰਨ:

“ਹੋਰ ਨਹੀਂ ਕੁੱਝ ਕਰ ਸਕਦੇ ਤਾਂ
ਯਾਰੋ! ਸੜਕਾਂ ਉੱਤੇ ਆਓ
ਜਾਬਰ ਤਾਈਂ ਲਾਹਨਤ ਪਾਓ
ਮਜ਼ਲੂਮਾਂ ਦਾ ਦਰਦ ਵੰਡਾਓ”
                 (ਦੀਵਾਲੀ ਪੰਨਾ 26)

ਇਸ ਸੰਗ੍ਰਹਿ ਵਿਚ ਗੁਰਨਾਮ ਢਿੱਲੋਂ ਰਚਿਤ 25 ਗ਼ਜ਼ਲਾਂ ਵੀ  ਸੰਕਲਿਤ ਹਨ। ਇਹ ਗ਼ਜ਼ਲਾਂ ਜੀਵਨ ਦੇ ਵਿਭਿੰਨ ਪੱਖਾਂ ਨੂੰ  ਆਪਣੇ ਕਲਾਵੇ ਵਿਚ ਲੈਂਦੀਆਂ ਹਨ। ਨਿਜੀ ਪੀੜ, ਲੋਕ ਪੀੜ ਅਤੇ ਵਿਸ਼ਪ ਵਿਆਪੀ ਪ੍ਰਸਥਿਤੀਆਂ ਇਹਨਾਂ ਗ਼ਜ਼ਲਾਂ ਦੇ ਸਰੋਕਾਰ ਹਨ। ਪਰਵਾਸੀ ਕਵੀ ਆਪਣੀ ਮਾਂ ਨੂੰ ਬੜੀ ਸ਼ਿਦਤ ਅਤੇ ਮੋਹ ਨਾਲ ਯਾਦ ਕਰਦਾ ਹੈ:

“ਏਡੀ ਦੂਰ ਬੈਠਾ ਵੀ ਮੈਂ ਤੇਰੇ ਸਾਹੀਂ ਜਿਉਂਦਾ ਹਾਂ
ਤੂੰ ਕਰ ਕਰ ਯਾਦ ਮੇਰੀ ਮਾਂ ਕਦੀ ਉਦਾਸ ਨਹੀਂ ਹੋਣਾ”।
                                             (ਪੰਨਾ 92)

ਇਕ ਹੋਰ ਸ਼ਿਅਰ ਵੇਖੋ:

“ਮਗਰਮੱਛਾਂ ਤੋਂ ਨਾ ਕੋਈ ਆਸ ਰੱਖ
ਡੌਲਿਆਂ ਵਿਚ ਆਪਣੇ ਵਿਸ਼ਵਾਸ ਰੱਖ”।
                                              (ਪੰਨਾ 93)
ਆਦਿ ਆਦਿ….

gurnam dhillonਸੰਤੋਖ ਦੀ ਗੱਲ ਹੈ ਕਿ ਅੱਧੀ ਸਦੀ ਤੋਂ ਵੱਧ ਪਰਵਾਸੀ ਹੋਇਆ ਕਵੀ ਗੁਰਨਾਮ ਢਿੱਲੋਂ ਆਪਣੇ ਦਿਲ, ਦਿਮਾਗ ਅਤੇ ਰਚਨਾਵਾਂ ਰਾਹੀਂ ਆਪਣੀ ਜਨਮ ਭੂਮੀ ਪੰਜਾਬ ਅਤੇ ਭਾਰਤ ਪ੍ਰਤੀ ਪੂਰਨ ਚਿੰਤਤ ਅਤੇ ਚੇਤੰਨ ਹੈ। ਪ੍ਰਗਤੀਸ਼ੀਲ ਸੋਚ ਪ੍ਰਤੀ ਸੰਪੂਰਨ ਸੰਵੇਦਨਸ਼ੀਲ ਅਤੇ ਪ੍ਰਤੀਬੱਧ ਹੁੰਦਾ ਹੋਇਆ ਨਿਰੰਤਰ ਕਾਰਜਸ਼ੀਲ ਹੈ। ਗੁਰਨਾਮ ਢਿੱਲੋਂ ਦੀ ਲਗਨ ਅਤੇ ਪ੍ਰਤੀਬੱਧਤਾ ਨੂੰ ਸਲਾਮ।

 

 

***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1638
***

 

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ