ਹਰਪ੍ਰੀਤ ਕੌਰ ਸੰਧੂ ਬਹੁ-ਪਰਤੀ, ਬਹੁ-ਦਿਸ਼ਾਵੀ ਅਤੇ ਬਹੁ-ਅਰਥੀ ਸਾਹਿਤਕਾਰ ਹੈ। ਉਸ ਦੀਆਂ ਕਵਿਤਾਵਾਂ ਅਤੇ ਵਾਰਤਿਕ ਇਨਸਾਨੀ ਮਾਨਸਿਕਤਾ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ। ਹਰਪ੍ਰੀਤ ਕੌਰ ਸੰਧੂ ਦਾ ਇੱਕ ਕਾਵਿ ਸੰਗ੍ਰਹਿ ‘ਅੰਤਰਨਾਦ’ ਪਹਿਲਾਂ ਪ੍ਰਕਾਸ਼ਤ ਹੋ ਚੁੱਕਾ ਹੈ। ‘ਚੁੱਪ ਨਾ ਰਿਹਾ ਕਰ’ ਉਸ ਦਾ ਦੂਜਾ ਕਾਵਿ ਸੰਗ੍ਰਹਿ ਹੈ। ਉਹ ਖੁਲ੍ਹੀ ਤੇ ਵਿਚਾਰ ਪ੍ਰਧਾਨ ਕਵਿਤਾ ਲਿਖਦੀ ਹੈ। ਪ੍ਰੰਤੂ ਉਸ ਦੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਸੰਵੇਦਨਸ਼ੀਲ ਹੋਣਾ ਪਵੇਗਾ ਕਿਉਂਕਿ ਕਵਿਤਰੀ ਖ਼ੁਦ ਬਹੁਤ ਹੀ ਸੰਵੇਦਨਸ਼ੀਲ ਹੈ। ਸੰਵੇਦਨਸ਼ੀਲ ਵਿਅਕਤੀ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਤੇ ਪ੍ਰਸਥਿਤੀ ਨੂੰ ਅਣਡਿਠ ਨਹੀਂ ਕਰ ਸਕਦਾ, ਸਗੋਂ ਉਹ ਸੋਚਦਾ ਹੈ ਕਿ ਇਹ ਘਟਨਾ ਕਿਉਂ ਵਾਪਰੀ ਹੈ ਤੇ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ? ਕਵਿਤਰੀ ਦੀਆਂ ਬਹੁਤੀਆਂ ਕਵਿਤਾਵਾਂ ਬਹੁ-ਅਰਥੀ ਅਤੇ ਸਿੰਬਾਲਿਕ ਹਨ। ਜਿਵੇਂ ਗ਼ਜ਼ਲਾਂ ਵਿੱਚ ਹਰ ਸ਼ਿਅਰ ਦੇ ਵੱਖਰੇ-ਵੱਖਰੇ ਅਰਥ ਹੁੰਦੇ ਹਨ, ਭਾਵ ਇਕ ਗ਼ਜ਼ਲ ਵਿੱਚ ਅਨੇਕਾਂ ਵਿਸ਼ੇ ਛੋਹੇ ਹੁੰਦੇ ਹਨ, ਉਸੇ ਤਰ੍ਹਾਂ ਹਰਪ੍ਰੀਤ ਕੌਰ ਸੰਧੂ ਦੀਆਂ ਕਵਿਤਾਵਾਂ ਵਿੱਚ ਵੀ ਕਈ ਵਿਸ਼ੇ ਛੋਹੇ ਹੁੰਦੇ ਹਨ। ਆਮ ਤੌਰ ‘ਤੇ ਪਾਠਕ ਸਰਸਰੀ ਨਿਗਾਹ ਨਾਲ ਪੜ੍ਹਦਿਆਂ ਕਵਿਤਾ ਦੇ ਸ਼ਬਦੀ ਅਰਥਾਂ ਵਿੱਚ ਪੈ ਜਾਂਦੇ ਹਨ। ਧਿਆਨ ਨਾਲ ਪੜ੍ਹਿਆਂ ਪਤਾ ਲੱਗਦਾ ਹੈ ਕਿ ਹਰਪ੍ਰੀਤ ਕੌਰ ਸੰਧੂ ਦੀਆਂ ਕਵਿਤਾਵਾਂ ਦੇ ਅਨੇਕ ਅਰਥ ਨਿਕਲਦੇ ਹਨ। ਕਵਿਤਰੀ ਦੇ ਵਿਚਾਰਾਂ ਅਤੇ ਅਹਿਸਾਸਾਂ ਦੀਆਂ ਮਹਿਕਾਂ ਪਾਠਕ ਦੀ ਮਾਨਸਿਕਤਾ ਨੂੰ ਸੁਗੰਧਤ ਕਰ ਦਿੰਦੀਆਂ ਹਨ। ਚਰਚਾ ਅਧੀਨ ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ ਵਿੱਚ ਉਸ ਦੀਆਂ 55 ਕਵਿਤਾਵਾਂ ਹਨ। ਕਵਿਤਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਹਰਪ੍ਰੀਤ ਕੌਰ ਸੰਧੂ ਨੇ ਲਿਖਿਆ ਹੈ : ਇਸ ਤੋਂ ਪਤਾ ਲੱਗਦਾ ਹੈ ਕਿ ‘ਚੁੱਪ ਨਾ ਰਿਹਾ ਕਰ’ ਕਾਵਿ ਸੰਗ੍ਰਹਿ ਸਮਾਜਿਕ ਤਾਣੇ ਬਾਣੇ ਦੇ ਵਰਤ-ਵਰਤਾਰੇ ‘ਤੇ ਵਿਵਹਾਰ ਵਿੱਚ ਆ ਚੁੱਕੀ ਗਿਰਾਵਟ ਬਾਰੇ ਪਾਠਕਾਂ ਨੂੰ ਜਾਗ੍ਰਤ ਕਰ ਰਿਹਾ ਹੈ। ਕਵਿਤਰੀ ਨੇ ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਦਾ ਸਿਰਲੇਖ ਹੀ ‘ਕਵਿਤਾ’ ਰੱਖਿਆ ਹੈ। ਇਸ ਕਵਿਤਾ ਵਿੱਚ ਹਰਪ੍ਰੀਤ ਕੌਰ ਸੰਧੂ ਨੇ ਆਪਣੇ ਕਾਵਿਕ ਮਨ ਦੀ ਤਸਵੀਰ ਖਿੱਚ ਕੇ ਰੱਖ ਦਿੱਤੀ। ਮੈਂ ਮਹਿਸੂਸ ਕੀਤਾ ਹੈ ਕਿ ਇਹ ਪਹਿਲੀ ਕਵਿਤਾ ਹੀ ਉਸ ਦੇ ਕਾਵਿ ਸੰਗ੍ਰਹਿ ਦਾ ਸਾਰ ਹੈ। ਇਸ ਕਵਿਤਾ ਵਿੱਚ ਕਵਿਤਰੀ ਨੇ ਅਨੇਕਾਂ ਸਵਾਲ ਖੜ੍ਹੇ ਕਰ ਦਿੱਤੇ, ਜਿਨ੍ਹਾਂ ਦੇ ਜਵਾਬ ਉਹ ਸਮਾਜ ਤੋਂ ਮੰਗਦੀ ਹੈ। ਇਸ ਕਵਿਤਾ ਵਿੱਚ ਉਸ ਨੇ ਹਰ ਸੰਵੇਦਨਸ਼ੀਲ ਇਨਸਾਨ ਦੇ ਮਨ ਵਿੱਚ ਪੈਦਾ ਹੋਣ ਵਾਲੇ ਉਨ੍ਹਾਂ ਅਹਿਸਾਸਾਂ ਦੀ ਜ਼ਿਕਰ ਕੀਤਾ ਹੈ, ਜਿਨ੍ਹਾਂ ਕਰਕੇ ਸਮਾਜ ਅਨੇਕ ਕਿਸਮ ਦੀਆਂ ਅਤਿਅੰਤ ਗਹਿਰੀਆਂ ਪੀੜਾਂ ਸਹਿ ਰਿਹਾ ਹੈ। ਇਹ ਪੀੜਾਂ ਕਿਸੇ ਇੱਕ ਵਿਅਕਤੀ ਦੀਆਂ ਨਹੀਂ, ਸਗੋਂ ਇਹ ਸਾਰੀ ਲੋਕਾਈ ਨੂੰ ਸਹਿਣੀਆਂ ਪੈਂਦੀਆਂ ਹਨ। ਇਸ ਕਵਿਤਾ ਤੋਂ ਕਵਿਤਰੀ ਦੇ ਅਤਿ ਸੰਵੇਦਨਸ਼ੀਲ ਹੋਣ ਦਾ ਪਤਾ ਲੱਗਦਾ ਹੈ। ਇਹ ਸਾਰੀਆਂ ਪੀੜਾਂ ਸਮਾਜਿਕ ਤੇ ਮਾਨਸਿਕ ਸਰੋਕਾਰਾਂ ਦਾ ਪ੍ਰਗਟਾਵਾ ਕਰਦੀਆਂ ਹਨ। ਸਮਾਜਿਕ ਤੇ ਪਰਿਵਾਰਿਕ ਰਿਸ਼ਤਿਆਂ ਵਿੱਚ ਆਏ ਨਿਘਾਰ ਬਾਰੇ ਕਵਿਤਰੀ ਨੇ ਕਈ ਕਵਿਤਾਵਾਂ ਵਿੱਚ ਚਿੰਤਾ ਪ੍ਰਗਟ ਕੀਤੀ ਹੈ, ਜਿਸ ਕਰਕੇ ਸਮਾਜ ਵਿੱਚੋਂ ਮੋਹ ਮੁਹੱਬਤ ਘੱਟ ਰਹੀ ਹੈ। ਐਮ.ਐਸ.ਪੀ.ਕਵਿਤਾ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀਆਂ ਦਾ ਘੱਟੋ ਘੱਟ ਸਮਰਥਨ ਮਿਲ ਨਾ ਦੇਣ ਦਾ ਜ਼ਿਕਰ ਕਰਦਿਆਂ ਸ਼ਾਪਿੰਗ ਮਾਲਜ਼ ਅਤੇ ਸਟੋਰਾਂ ਵਿੱਚ ਬ੍ਰਾਂਡਡ ਵਸਤਾਂ ਦੇ ਮੁੱਲ ਨਿਸਚਤ ਮਿਲਣ ਬਾਰੇ ਕਿੰਤੂ ਪ੍ਰੰਤੂ ਕਰਦੀ ਹੈ, ਭਾਵ ਕਿਸਾਨਾ ਨੂੰ ਉਨ੍ਹਾਂ ਦੀ ਫ਼ਸਲ ਦੇ ਮੁੱਲ ਕਿਸਾਨਾ ਦੀ ਮਰਜ਼ੀ ਅਨੁਸਾਰ ਨਿਸਚਤ ਕਿਉਂ ਨਹੀਂ ਹੁੰਦੇ? ਭਾਂਡੇ ਬਣਾਉਣ ਵਾਲੇ ਕਾਰੀਗਰ ਨੂੰ ਵੀ ਨਿਸਚਤ ਮੁੱਲ ਨਾ ਮਿਲਣ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਸਾਡੀਆਂ ਸਰਕਾਰਾਂ ਦੇ ਅਵਸਲੇਪਣ ਅਤੇ ਗ਼ੈਰ ਸੰਜੀਦਗੀ ਦੇ ਸੰਤਾਪ ਦਾ ਪ੍ਰਗਟਾਵਾ ਕੀਤਾ ਗਿਆ ਹੈ। ‘ਸੰਤਾਪ ਸੰਤਾਲੀ’ ਕਵਿਤਾ ਵਿੱਚ ਹਿੰਦ ਪਾਕਿ ਦੀ ਵੰਡ ਦੀ ਤ੍ਰਾਸਦੀ ਸਮੇਂ ਨਫ਼ਰਤ, ਕਤਲੋਗਾਰਤ, ਲੁੱਟ ਘਸੁੱਟ ਅਤੇ ਇਸਤਰੀਆਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਨੇ ਇਨਸਾਨੀਅਤ ਸ਼ਰਮਸ਼ਾਰ ਕੀਤੀ। ਦੋਹਾਂ ਭਾਈਚਾਰਿਆਂ ਨੇ ਸੰਤਾਪ ਭੋਗਿਆ ਹੈ। ਕਵਿਤਰੀ ਨੇ ਇਹ ਸਾਰਾ ਕੁਝ ਸਿਆਸਤਦਾਨਾ ਦੇ ਸਿਰ ਮੜ੍ਹਿਆ ਹੈ। ‘ਫੁਲ’ ਕਵਿਤਾ ਵਿੱਚ ਫ਼ੁਲਾਂ ਦੀ ਮਹਿਕ ਨਾਲੋਂ ਮਨ ਦੀ ਖ਼ੁਸ਼ਬੋ ਨੂੰ ਸਥਿਰ ਕਿਹਾ ਹੈ। ‘ਫ਼ੁੱਲਾਂ ਦੀ ਕਹਾਣੀ’ ਕਵਿਤਾ ਵਿੱਚ ਕਵਿਤਰੀ ਕਹਿ ਰਹੀ ਹੈ ਕਿ ਫੁੱਲ ਆਪਣੀ ਅਹਿਮੀਅਤ ਗ਼ਮੀ ਅਤੇ ਖ਼ੁਸ਼ੀ ਭਾਵ ਹਰ ਥਾਂ ‘ਤੇ ਬਣਾ ਲੈਂਦੇ ਹਨ, ਬਿਲਕੁਲ ਇਸੇ ਤਰ੍ਹਾਂ ਇਨਸਾਨ ਨੂੰ ਆਪਣੀ ਕਾਬਲੀਅਤ ਅਜਿਹੀ ਬਣਾਉਣੀ ਚਾਹੀਦੀ ਹੈ ਕਿ ਉਹ ਸਦਾਬਹਾਰ ਰਹੇ, ਭਾਵ ਹਰ ਮੌਕੇ ‘ਤੇ ਦੁੱਖ, ਸੁੱਖ ਤੇ ਮੁਸੀਬਤ ਵਿੱਚ ਉਸ ਦੀ ਕਾਬਲੀਅਤ ਦਾ ਮੁੱਲ ਪੈਂਦਾ ਰਹੇ। ‘ਤਹਿ ਚੋਂ’ ਕਵਿਤਾ ਸਮਾਜਿਕ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਹੈ। ਇਨਸਾਨ ਆਪਣੇ ਵਰਤਮਾਨ ਅਤੇ ਭਵਿਖ ਬਾਰੇ ਸੰਜੀਦਾ ਨਹੀਂ, ਤਹਿਜ਼ੀਬ, ਜਜ਼ਬਾਤ, ਅਹਿਸਾਸ, ਜੰਗਲ, ਇਨਸਾਨੀਅਤ ਗਾਇਬ ਹੋ ਰਹੀ ਹੈ। ਜ਼ਮੀਨ ਵਿੱਚੋਂ ਪਾਣੀ ਖ਼ਤਮ ਹੋਣ ਬਾਰੇ ਸੰਜੀਦਾ ਨਹੀਂ ਆਦਿ। ‘ਹਮਸਾਏ’ ਕਵਿਤਾ ਧਾਰਮਿਕ ਗਿਰਾਵਟ ਦਰਸਾਉਂਦੀ ਏ। ਕਵਿਤਰੀ ਆਪਣੀਆਂ ਕਵਿਤਾਵਾਂ ਵਿੱਚ ਮਨੁੱਖ ਨੂੰ ਇਨਸਾਨੀ ਗੁਣਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਬੁਰਿਆਈ ਤੇ ਚੰਗਿਆਈ ਸਮਾਜ ਵਿੱਚ ਦੋਵੇਂ ਮੌਜੂਦ ਹਨ ਪ੍ਰੰਤੂ ਇਨਸਾਨ ਨੂੰ ਚੰਗਿਆਈ ਦਾ ਪੱਲਾ ਫੜ੍ਹਨਾ ਚਾਹੀਦਾ ਹੈ। ਹਓਮੈ, ਧੋਖ਼ਾ, ਫਰੇਬ ਅਤੇ ਹੋਰ ਸਮਾਜਿਕ ਵਿਸੰਗਤੀਆਂ ਤੋਂ ਦੂਰ ਰਹਿਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਮਨੁੱਖ ਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਜਿਨ੍ਹਾਂ ਦਾ ਸਮਾਜਿਕ ਤਾਣੇ ਬਾਣੇ ਨੂੰ ਲਾਭ ਪਹੁੰਚਦਾ ਹੋਵੇ। ਭਵਿਖ ਵਿੱਚ ਕਵਿਤਰੀ ਤੋਂ ਹੋਰ ਵਧੇਰੇ ਬਿਹਤਰੀਨ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ। 95 ਪੰਨਿਆਂ, 145 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। *** |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |