19 May 2024

ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ — ਡਾ. ਸੁਖਦੇਵ ਸਿੰਘ ਝੰਡ

ਡਾ. ਗੁਰਬਖਸ਼ ਸਿੰਘ ਭੰਡਾਲ
001-216-556-2080

ਡਾ. ਗੁਰਬਖ਼ਸ਼ ਭੰਡਾਲ ਕੱਚੇ ਤੇ ਪੱਕੇ ਦੋਹਾਂ ਤਰ੍ਹਾਂ ਦੇ ਰਾਹਾਂ ਦਾ ‘ਪਾਂਧੀ’ ਹੈ। ਉਸ ਦਾ ਇਹ ਸਫ਼ਰ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਭੰਡਾਲ ਬੇਟ ਤੋਂ ਆਰੰਭ ਹੁੰਦਾ ਹੈ। ਇਹ ਲੰਮਾ ਸਫ਼ਰ ਧਾਲੀਵਾਲ ਬੇਟ, ਕਪੂਰਥਲਾ, ਜਲੰਧਰ, ਗੁਰੂਸਰ ਸੁਧਾਰ ਤੇ ਗੁਰੂ ਕੀ ਕਾਂਸ਼ੀ ਦਾ ‘ਕੱਚਾ ਰਸਤਾ’ ਤੈਅ ਕਰਕੇ ਹੁਸ਼ਿਆਰਪੁਰ ਦੀ ‘ਪੱਕੀ ਸੜਕ’ ਤੋਂ ਹੁੰਦਾ ਹੋਇਆ ਮੁੜ ਕਪੂਰਥਲਾ ਜਿੱਥੇ ਉਹ 1970’ਵਿਆਂ ਵਿੱਚ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੋਂ ਬੀ.ਐੱਸ. ਸੀ. ਤੱਕ ਵਿਦਿਆਰਥੀ ਰਿਹਾ ਹੈ, ਵਿਚ ਵਿਦਿਆਰਥੀਆਂ ਨੂੰ ਫਿਜ਼ਿਕਸ ਪੜ੍ਹਾਉਣ ਤੋਂ ਬਾਅਦ ਕਨੇਡਾ ਦਾ ‘ਹਵਾਈ ਮਾਰਗ’ ਫੜ੍ਹਦਾ ਹੈ। 2003 ਵਿਚ ਕੈਨੇਡਾ ਪਹੁੰਚ ਬਰੈਂਪਟਨ ਦੀਆਂ ਅਖ਼ਬਾਰਾਂ ‘ਪਰਵਾਸੀ’ ਤੇ ‘ਕੈਨੇਡੀਅਨ ਪੰਜਾਬੀ ਪੋਸਟ’ ਵਿੱਚ ਕੰਮ ਕਰਕੇ ਥੋੜ੍ਹਾ ਜਿਹਾ ਸਾਹ ਲੈਣ ਤੋਂ ਬਾਅਦ ਲੰਮੇਂ ਸਫ਼ਰ ਦਾ ਇਹ ‘ਪਾਂਧੀ’ 2015 ਵਿਚ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਨੂੰ ਚੱਲ ਪੈਂਦਾ ਹੈ ਅਤੇ ਉੱਥੇ ਉਡੀਕ ਰਹੀ ਕਲੀਵਲੈਂਡ ਸਟੇਟ ਯੂਨੀਵਰਸਿਟੀ ‘ਚ 40 ਸਾਲ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪਣਾ ਸੁਨਹਿਰੀ ਸੁਪਨਾ ਪੂਰਾ ਕਰਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਉਣ ਤੇ ਖ਼ੁਦ ਲਿਖਣ ਪੜ੍ਹਨ ਦਾ ਉਸ ਦਾ ਇਹ ਸਫ਼ਰ ਬਾ-ਦਸਤੂਰ ਜਾਰੀ ਰਹਿੰਦਾ ਹੈ। ਤਾਂ ਹੀ ਇਸ ਪੁਸਤਕ ਦੇ ਮੁੱਖਬੰਦ ਵਿਚ ਉੱਘੇ-ਲੇਖਕ ਦਰਸ਼ਨ ਬੁੱਟਰ ਨੇ ਉਸ ਨੂੰ ‘ਜੀਵਨ-ਰਾਹਾਂ ਦਾ ਪੁਖ਼ਤਾ ਪਾਂਧੀ’ ਆਖਿਆ ਹੈ।

ਡਾ. ਭੰਡਾਲ ਅਤੀ ਸੰਵੇਦਨਸ਼ੀਲ ਲੇਖਕ ਹੈ ਅਤੇ ਉਸ ਦੀ ਇਹ ਸੰਵੇਦਨਸ਼ੀਲਤਾ ਉਸ ਦੀਆਂ ਇਸ ਤੋਂ ਪਹਿਲਾਂ ਛਪੀਆਂ 5 ਕਾਵਿ-ਪੁਸਤਕਾਂ, 14 ਵਾਰਤਕ ਪੁਸਤਕਾਂ ਤੇ ਇੱਕ ਸਫ਼ਰਨਾਮਾ ‘ਸੁਪਨਿਆਂ ਦੀ ਜੂਹ ਕੈਨੇਡਾ’ ਵਿਚ ਬਾਖ਼ੂਬੀ ਝਲਕਦੀ ਹੈ। ਵਿਗਿਆਨ ਸਬੰਧੀ ਉਸ ਦੀਆਂ ਦੋ ਕਿਤਾਬਾਂ ਡਾ. ਕੁਲਵੰਤ ਸਿੰਘ ਥਿੰਦ ਨਾਲ ਸਾਂਝੀਆਂ ਹਨ। ਇਸ ਹਿਸਾਬ ਨਾਲ ਇਹ ਪੁਸਤਕ ‘ਕੱਚੇ ਪੱਕੇ ਰਾਹ’ ਸਵੈ-ਜੀਵਨੀ ਦੇ ਰੂਪ ਵਿਚ ਡਾ. ਭੰਡਾਲ ਦੇ ਜੀਵਨ ਤੇ ਸਾਹਿਤਕ ਸਫ਼ਰ ਨੂੰ ਬਾਖ਼ੂਬੀ ਦਰਸਾਉਂਦੀ ਹੋਈ ਉਸ ਦੀ ਤੇਈਵੀਂ ਪੁਸਤਕ ਹੈ।

ਪੁਸਤਕ ਦੇ ਮੁੱਢਲੇ ਦੋ ਅਧਿਆਏ ਡਾ. ਭੰਡਾਲ ਵੱਲੋਂ ਆਪਣੇ ਮਾਤਾ-ਪਿਤਾ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤੇ ਗਏ ਹਨ। ਪਹਿਲੇ ਅਧਿਆਏ ‘ਮਾਂ! ਤੈਨੂੰ ਦੱਸਣਾ ਸੀ’ ਵਿੱਚ ਉਹ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ‘ਪਰਵਾਸੀ ਪੰਜਾਬੀ ਸਾਹਿਤਕਾਰ ਐਵਾਰਡ’ ਮਿਲਣ ਬਾਰੇ ਛੇ ਸਾਲ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਆਪਣੀ ਮਾਂ ਦੇ ਰੂ-ਬ-ਰੂ ਹੁੰਦਾ ਹੁੰਦਿਆਂ ਸੋਚਦਾ ਹੈ ਕਿ ਮਾਂ ਨੂੰ ਭਾਵੇਂ ਅੱਖਰਾਂ ਤੇ ਐਵਾਰਡਾਂ ਬਾਰੇ ਕੁੱਝ ਵੀ ਗਿਆਨ ਨਹੀਂ ਸੀ ਪਰ ਉਸ ਨੇ ਇਸ ਇਨਾਮ ਬਾਰੇ ਸੁਣ ਕੇ ਕਿੰਨਾ ਖ਼ੁਸ਼ ਹੋਣਾ ਸੀ। ਉਸ ਦੇ ਕਹਿਣ ਅਨੁਸਾਰ “ਮਾਂ ਭਾਵੇਂ ਕੋਰੀ ਅਨਪੜ੍ਹ ਸੀ ਪਰ ਉਹ ਆਪਣੇ ਅਧੂਰੇ ਸੁਪਨਿਆਂ ਦੀ ਪੂਰਤੀ ਆਪਣੇ ਬੱਚਿਆਂ ‘ਚੋਂ ਵੇਖਦੀ ਸੀ ਅਤੇ ਇਨ੍ਹਾਂ ਦੀ ਪੂਰਤੀ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਸੀ। ਘਰ ਦੀ ਵੰਡ-ਵੰਡਾਈ ਸਮੇਂ ਆਪਣੇ ਬੱਚਿਆਂ ਨੂੰ ਸੁਰੱਖ਼ਿਅਤ ਆਲ੍ਹਣਾ ਦੇਣ ਲਈ ਉਸ ਨੇ ਕਿਵੇਂ ਘਾਟੇ ਵਿੱਚ ਰਹਿ ਕੇ ਪਿੰਡ ਵਿਚਲਾ ਘਰ ਲੈ ਲਿਆ ਸੀ ਅਤੇ ਇਸ ਦੀ ਇੱਕ ਕੋਠੜੀ ਨੂੰ ਸ਼ਰੀਕਾਂ ਵੱਲੋਂ ਲਗਾਇਆ ਗਿਆ ਜਿੰਦਰਾ ਪੇਕਿਆਂ ਤੋਂ ਪੈਸੇ ਲਿਆ ਕੇ ਖੁੱਲ੍ਹਵਾਇਆ ਸੀ।“ (ਪੰਨਾ-12)

ਦੂਸਰੇ ਅਧਿਆਇ ‘ਬਾਪ ਬਿਨਾਂ ਪੁੱਤ ਕੀਹਨੇ ਕਹਿਣਾ’ ਵਿਚ ਡਾ. ਭੰਡਾਲ ਆਪਣੇ ਬਾਪ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦਾ ਹੈ। ਉਹ 2019 ਦੀਆਂ ਗਰਮੀਆਂ ਵਿੱਚ ਤਿੰਨ ਮਹੀਨੇ ਲਈ ਜਾ ਕੇ ਉਸ ਦੇ ਨਾਲ ਰਹਿ ਕੇ ਉਸ ਦੇ ਦਿਲ ਦੀਆਂ ਗੱਲਾਂ ਸੁਣਨ ਦਾ ਪ੍ਰੋਗਰਾਮ ਬਣਾਉਂਦਾ ਹੈ ਪਰ ਇਸ ਦੌਰਾਨ ਹੀ ਅਚਾਨਕ ਛੋਟੇ ਭਰਾ ਦਾ ਫ਼ੋਨ ਆਉਂਦਾ ਹੈ ਕਿ ਬਾਪ ਦੇ ਦਿਮਾਗ਼ ਦੀ ਨਾੜੀ ਫਟ ਗਈ ਹੈ ਅਤੇ ਉਹ ਉਸਨੂੰ ਜਲੰਧਰ ਹਸਪਤਾਲ ਲੈ ਕੇ ਜਾ ਰਹੇ
ਹਨ। ਇਹ ਸੁਣ ਕੇ ਭੰਡਾਲ ਦੇ ਮਨ ‘ਤੇ ਕੀ ਗੁਜ਼ਰਦੀ ਹੈ, ਇਹ ਤਾਂ ਓਹੀ ਜਾਣਦਾ ਹੈ। ਉਹ ਅਗਲੇ ਦਿਨ ਹੀ ਸਵੇਰੇ ਸੱਤ ਵਜੇ ਦੀ ਫਲਾਈਟ ਲੈ ਕੇ ਪਤਨੀ ਤੇ ਵੱਡੀ ਬੇਟੀ ਨਾਲ ਦਿੱਲੀ ਅਤੇ ਅੱਗੋਂ ਕੈਨੇਡਾ ਤੋਂ ਓਸੇ ਦਿਨ ਦਿੱਲੀ ਪਹੁੰਚੀ ਛੋਟੀ ਭੈਣ ਦੇ ਨਾਲ ਜਲੰਧਰ ਪਹੁੰਚ ਜਾਂਦਾ ਹੈ।

ਹਸਪਤਾਲ ਦੇ ਆਈ. ਸੀ. ਯੂ. ਵਿੱਚ ‘ਕੌਮਾ’ ਦੀ ਹਾਲਤ ਵਿੱਚ ਅਹਿੱਲ ਪਏ ਬਾਪ ਨੂੰ ਵੇਖ ਕੇ ਉਸਦੇ ਲਈ ਕਿਆਸ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਰੋਜ਼ਾਨਾ ਸਾਈਕਲ ਚਲਾ ਕੇ ਤਿੰਨ ਮੀਲ ਦੂਰ ਗੁਰਦੁਆਰੇ ਜਾਣ ਵਾਲਾ, ਕਵਿੰਟਲ ਕਣਕ ਦੀ ਬੋਰੀ ਪਿੱਠ ‘ਤੇ ਟਿਕਾ ਚੁਬਾਰੇ ਤੋਂ ਲੱਕੜ ਦੀ ਪੌੜੀ ‘ਤੇ ਪੈਰ ਧਰਦਿਆਂ ਹੋਇਆਂ ਹੇਠਾਂ ਜਾ ਕੇ ਗੱਡੇ ‘ਤੇ ਰੱਖਣ ਵਾਲਾ ਤੇ ਥੱਕੇ ਹੋਏ ਬਲ਼ਦ ਦਾ ਜੂਲ਼ਾ ਆਪਣੇ ਮੋਢਿਆਂ ‘ਤੇ ਧਰ ਕਈ ਮੀਲ ਚੱਲਣ ਵਾਲਾ ਉਸ ਦਾ ਬਾਪ ਇੰਜ ਬੇਸੁੱਧ ਤੇ ਨਿਢਾਲ ਪਿਆ ਹੋਵੇਗਾ। ਉਸ ਦਾ ਖੱਬਾ ਪਾਸਾ ਬਿਲਕੁਲ ਨਿਰਜਿੰਦ ਹੋਇਆ ਹੋਵੇਗਾ। ਪਰ ਇਹ ਤਾਂ ਹਕੀਕਤ ਸੀ ਜਿਸ ਤੋਂ ਮੁੱਨਕਰ ਨਹੀਂ ਹੋਇਆ ਜਾ ਸਕਦਾ। ਬਾਪ ਦੇ ਸੱਜੇ ਹੱਥ ਵਿੱਚ ਕਦੇ ਕਦੇ ਮਾੜੀ ਜਿਹੀ ਹਰਕਤ ਹੁੰਦੀ ਹੈ ਜੋ ਉਸ ਦੇ ਚੱਲਦੇ ਸਾਹਾਂ ਦੀ ਹਾਮੀ ਭਰਦੀ ਹੈ। ਪਰ ਡਾ. ਭੰਡਾਲ ਦੀਆਂ ਨਜ਼ਰਾਂ ਵਿੱਚ:

ਨਬਜ਼ ਦਾ ਚੱਲਣਾ
ਸਾਹਾਂ ਦਾ ਨਿਰੰਤਰ ਆਣਾ-ਜਾਣਾ
ਨੱਕ ਰਾਹੀਂ ਜਾਂਦੀ ਤਰਲ ਖ਼ੁਰਾਕ
ਗੁਲੂਕੋਜ਼ ਦੀ ਤਿੱਪ-ਤਿੱਪ
ਸੱਜੇ ਹੱਥ ਦਾ ਹਿੱਲਣਾ
ਤੇ ਕਦੇ-ਕਦੇ ਅੱਖ ਦਾ ਝਪਕਣਾ
ਜੀਵਨ ਨਹੀਂ ਹੁੰਦਾ (ਪੰਨਾ – 36)

ਬਾਪ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੁੰਦਾ ਵੇਖ ਕੇ ਡਾਕਟਰ ਉਸ ਨੂੰ ਘਰੇ ਲਿਜਾ ਕੇ ਸੇਵਾ ਕਰਨ ਦਾ ਮਸ਼ਵਰਾ ਦਿੰਦੇ ਹਨ। ਟਰੇਂਡ ਨਰਸ ਲੱਗੀ ਹੋਈ ਗੁਲੂਕੋਜ਼ ਦੀ ਡਰਿੱਪ, ਆਕਸੀਜਨ ਤੇ ਹੋਰ ਮੈਡੀਕਲ ਸਹੂਲਤ ਦਾ ਪੂਰਾ ਖ਼ਿਆਲ ਰੱਖਦੀ ਹੈ ਪਰ ਹਫ਼ਤੇ ਬਾਅਦ 31 ਮਾਰਚ 2019 ਨੂੰ ਬਾਪ ਨੂੰ ਧੁਰ-ਦਰਗਾਹੋਂ ਇਸ ਸੰਸਾਰ ਤੋਂ ਜਾਣ ਦਾ ਸੱਦਾ ਆ ਜਾਂਦਾ ਹੈ। ਉਸ ਦੀਆਂ ਅਸਥੀਆਂ ਨੂੰ ਬਿਆਸ ਦਰਿਆ ਦੇ ਹਵਾਲੇ ਕਰਕੇ ਅਤੇ ਅੰਤਮ ਰਸਮਾਂ ਪੂਰੀਆਂ ਕਰਦਿਆਂ ਡਾ. ਭੰਡਾਲ ਨੂੰ ਬਾਪ ਬਾਰੇ ਲਿਖੀ ਆਪਣੀ ਕਵਿਤਾ ਦੇ ਬੋਲ ਯਾਦ ਆਉਂਦੇ ਹਨ :

ਮਾਂ ਦੀ ਮੌਤ ਤੋਂ ਬਾਅਦ
ਪਹਿਲੀ ਵਾਰ ਪਿੰਡ ਆਇਆ ਹਾਂ
ਘਰ ਦੇ ਜੀਅ
ਪੀਰ ਦੀ ਦਰਗਾਹ ‘ਤੇ ਗਏ ਹੋਏ ਨੇ ਮੈਂ ਇਕੱਲਾ ਸਿਮਰਤੀਆਂ ‘ਚ
ਗਵਾਚ ਜਾਂਦਾ ਹਾਂ
ਪੈਰਾਂ ਦੀ ਬਿੜਕ
ਮੇਰੀ ਨਮ-ਚੁੱਪ ਨੂੰ ਤੋੜਦੀ ਹੈ
ਨੰਗੇ ਪੈਰੀਂ ਘਰ ਵੜਦਾ ਬਾਪ
ਬੋਝੇ ‘ਚੋਂ ਅੰਬ ਕੱਢ
ਮੈਨੂੰ ਦਿੰਦਿਆਂ ਕਹਿੰਦਾ ਹੈ :
“ਮੈਨੂੰ ਪਤਾ ਸੀ ਤੂੰ ਆਇਆ ਹੋਵੇਂਗਾ
ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ
ਅੱਜ ਇੱਕ ਅੰਬ ਲੱਭਾ ਸੀ
ਲੈ ਫੜ੍ਹ, ਚੂਪ ਲੈ।“ ਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥੋਂ ਅੰਬ ਫੜ੍ਹਦਿਆਂ ਸੋਚਦਾ ਹਾਂ …
ਮਾਂ ਦੀ ਮੌਤ ਤੋਂ ਬਾਅਦ
ਮੇਰਾ ਬਾਪ
ਮਾਂ ਵੀ ਬਣ ਗਿਆ ਹੈ। (ਪੰਨਾ : 47-48)

ਅਗਲੇ ਦੋ-ਤਿੰਨ ਅਧਿਆਵਾਂ ਵਿਚ ਡਾ. ਭੰਡਾਲ ਆਪਣੇ ਪਿੰਡ ਤੇ ਆਪਣੇ ਘਰ ਨੂੰ ਮਿਲਣਾ ਲੋਚਦਾ ਹੈ ਉਹ ਬੂਹੇ-ਬਾਰੀਆਂ ਤੋਂ ਵਿਰਵੇ ਆਪਣੇ ਚੁਬਾਰੇ ਨੂੰ ਯਾਦ ਕਰਦਾ ਹੈ ਜੋ ਕਦੇ ਉਸ ਦਾ ‘ਸਟੱਡੀ-ਰੂਮ’ ਤੇ ‘ਬੈੱਡ-ਰੂਮ’ ਹੁੰਦਾ ਸੀ। ਆਪਣੇ ਸਕੂਲ ਦੇ ਦਿਨਾਂ ਨੂੰ ਚਿਤਵਦਾ ਹੈ, ਕਿਵੇਂ ਉਹ ਸਵੇਰੇ ਬਾਪ ਨੂੰ ਖੇਤਾਂ ਵਿਚ ਰੋਟੀ ਦੇ ਕੇ ਸਕੂਲ ਪਹੁੰਚਦਾ ਸੀ। ਤੇ ਅੱਧੀ ਛੁੱਟੀ ਵੇਲੇ ਘਰ ਆ ਕੇ ਡੰਗਰਾਂ ਨੂੰ ਨਲ਼ਕਾ ਗੇੜ ਕੇ ਪਾਣੀ ਡਾਹੁੰਦਾ ਸੀ। ਮਿਡਲ ਸਕੂਲ ਦੇ ਆਪਣੇ ਉਸਤਾਦ ਉੱਘੇ ਕਵੀ ਹਰਭਜਨ ਹੁੰਦਲ ਨੂੰ ਯਾਦ ਕਰਦਾ ਹੈ ਜੋ ਉਸ ਨੂੰ ਅੰਗਰੇਜ਼ੀ ਪੜ੍ਹਾਉਂਦੇ ਰਹੇ ਸਨ ਤੇ ਉਨ੍ਹਾਂ ਵਰਗੇ ਹੀ ਮਿਹਨਤੀ ਅਧਿਆਪਕਾਂ ਚੰਨਣ ਸਿੰਘ, ਰਤਨ ਚੰਦ ਤੇ ਅਯੁੱਧਿਆ ਦਾਸ ਨੂੰ ਚੇਤੇ ਕਰਦਾ ਹੈ। ਬੋਰੀਆਂ ਤੇ ਤੱਪੜਾਂ ਵਾਲੇ ਸਕੂਲਾਂ ਤੋਂ ਪ੍ਰਾਇਮਰੀ ਤੇ ਮਿਡਲ ਤੱਕ ਪੜ੍ਹਾਈ ਕਰਨ ਤੋਂ ਬਾਅਦ ਸਾਡੇ ਮਿੱਤਰ ਭੰਡਾਲ ਨੇ ਨੌਵੀਂ ਤੇ ਦਸਵੀਂ ਨਵੇਂ-ਨਵੇਂ ਅੱਪਗਰੇਡ ਹੋਏ ਹਾਈ ਸਕੂਲ ਧਾਲੀਵਾਲ ਬੇਟ ਤੋਂ ਕੀਤੀ ਤੇ ਫਿਰ ਪਿੰਡ ਦੇ ਪੜ੍ਹੇ-ਲਿਖੇ ਨੌਜੁਆਨ ਜਰਨੈਲ ਸਿੰਘ ਭੰਡਾਲ ਦੀ ਯੋਗ ਅਗਵਾਈ ਵਿੱਚ ਰਣਧੀਰ ਕਾਲਜ ਕਪੂਰਥਲਾ ਵਿਚ ਗਿਆਰ੍ਹਵੀਂ ਜਮਾਤ ‘ਪਰੈੱਪ’ ਦੇ ਨਾਨ-ਮੈਡੀਕਲ ਗਰੁੱਪ ਵਿੱਚ ਦਾਖ਼ਲਾ ਲੈ ਲਿਆ। ਮੈਟ੍ਰਿਕ ‘ਚ ਚੰਗੇ ਨੰਬਰ ਆਉਣ ਕਰਕੇ ਦਾਖ਼ਲਾ ਤਾਂ ਆਸਾਨੀ ਨਾਲ ਮਿਲ ਗਿਆ ਪਰ ਪੜ੍ਹਾਈ ਦਾ ਮਾਧਿਅਮ ਅੰਗੇਰੇਜ਼ੀ ਵਿੱਚ ਹੋਣ ਕਾਰਨ ਇਹ ਪੜ੍ਹਾਈ ਮੁਸ਼ਕਲ ਲੱਗੀ
ਤੇ ਇਸ ਤੋਂ ਡਰਦਿਆਂ ਆਰਟਸ ਗਰੁੱਪ ਲੈ ਲਿਆ। ਪਰ ਆਸਾਨ ਪੜ੍ਹਾਈ ਦੀ ਇਹ ‘ਮੌਜ’ ਬਹੁਤਾ ਚਿਰ ਨਾ ਮਾਣੀ ਜਾ ਸਕੀ, ਕਿਉਂਕਿ ਮਹੀਨੇ ਕੁ ਬਾਅਦ ਹੀ ਇੱਕ ਦਿਨ ਭੰਡਾਲ ਦੇ ਮਾਮਾ ਜੀ ਹੈੱਡਮਾਸਟਰ ਪਿਆਰਾ ਸਿੰਘ ਪੱਡਾ ਹੁਰਾਂ ਦੇ ਅਚਾਨਕ ਕਾਲਜ ਆ ਜਾਣ ‘ਤੇ ਉਨ੍ਹਾਂ ਦੇ ਸਖ਼ਤ ਹੁਕਮ “ਗੁਰਬਖ਼ਸ਼, ਜੇਕਰ ਅੱਗੇ ਪੜ੍ਹਨਾ ਹੈ ਤਾਂ ਸਾਇੰਸ ਹੀ ਪੜ੍ਹਨੀ ਹੈ, ਨਹੀਂ ਤਾਂ ਫੜ੍ਹ ਆਪਣਾ ਬਸਤਾ ਤੇ ਪਿੰਡ ਜਾ ਕੇ ਬਾਪ ਨਾਲ ਹਲ਼ ਦੀ ਜੰਘੀ ਫੜ੍ਹ ਤੇ ਵਾਹੀ ਕਰ”, ਨੇ ਉਸਨੂੰ ਮੁੜ ਸਾਇੰਸ ਵੱਲ ਮੋੜ ਦਿੱਤਾ।

ਇੱਥੇ ਹੀ ਡਾ. ਭੰਡਾਲ ਸਾਹਿਬ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆਉਂਦਾ ਹੈ ਜਦੋਂ ਉਹ ਦੁਚਿੱਤੀ, ਅੰਗਰੇਜ਼ੀ ਮੀਡੀਅਮ ਤੇ ਮਹੀਨੇ ਤੋਂ ਵੀ ਵੱਧ ਸਮਾਂ ਲੰਘਣ ਕਰਕੇ ਮੁੜ ਆਰੰਭ ਹੋਈ ਸਾਇੰਸ ਦੀ ਪੜ੍ਹਾਈ ਪਿੱਛੇ ਪੈ ਜਾਣ ਕਰਕੇ ‘ਪਰੈੱਪ’ ਵਿੱਚੋਂ ਫੇਲ੍ਹ ਹੋ ਜਾਂਦਾ ਹੈ ਜਿਸ ਦੇ ਨਤੀਜੇ ਬਾਰੇ ਪਤਾ ਉਸ ਨੂੰ ਆਪਣੇ ਬਾਪ ਦੇ ਨਾਲ ਖੇਤਾਂ ਵਿੱਚ ਰੂੜੀ ਖਿਲਾਰਦਿਆਂ ਲੱਗਦਾ ਹੈ। ਇਹ ਸੁਣ ਕੇ ਬਾਪ ਦੀਆਂ ਅੱਖਾਂ ਵਿੱਚ ਆਏ ਹੋਏ ਹੰਝੂ ਜਿਨ੍ਹਾਂ ਨੂੰ ਉਹ ਬਾਹਰ ਨਹੀਂ ਆਉਣ ਦਿੰਦਾ,
ਗੁਰਬਖ਼ਸ਼ ਭੰਡਾਲ ਨੂੰ ਬਹੁਤ ਵੱਡਾ ਸੁਨੇਹਾ ਦਿੰਦੇ ਹਨ ਤੇ ਉਹ ਉੱਥੇ ਅੱਗੋਂ ਸਖ਼ਤ ਮਿਹਨਤ ਕਰਨ ਦੀ ਠਾਣ ਲੈਂਦਾ ਹੈ। ਨਤੀਜੇ ਵਜੋਂ, ਅਗਲੇ ਸਾਲ ਬਹੁਤ ਵਧੀਆ ਨੰਬਰ ਲੈ ਕੇ ਇੱਥੋਂ ਬੀ.ਐੱਸ.ਸੀ. ਤੇ ਅੱਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ. ਐੱਸ. ਸੀ. ਮੈਰਿਟ ਸਕਾਲਰਸ਼ਿਪ ਪ੍ਰਾਪਤ ਕਰਕੇ ਕਰਦਾ ਹੈ। ਇਸ ਸਾਰੇ ਬ੍ਰਿਤਾਂਤ ਨੂੰ ਇਸ ਪੁਸਤਕ ਦੇ ਅਹਿਮ ਅਧਿਆਇ ‘ਫੇਲ੍ਹ ਹੋਣ ਦਾ ਵਰਦਾਨ’ ਵਿੱਚ ਬਾਖ਼ੂਬੀ ਬਿਆਨਿਆ ਗਿਆ ਹੈ।

ਡਾ. ਭੰਡਾਲ ਦਾ ਅਗਲਾ ਇਮਤਿਹਾਨ ਐੱਮ.ਐੱਸ.ਸੀ. ਤੋਂ ਬਾਅਦ ਨੌਕਰੀ ਲੱਭਣ ਤੇ ਇਸ ਨੂੰ ਜਾਰੀ ਰੱਖਣ ਲਈ ਹੁੰਦਾ ਹੈ। ਕੁਝ ਸਮਾਂ ਬੇਰੁਜ਼ਗਾਰ ਰਹਿਣ ਪਿੱਛੋਂ ਖਾਲਸਾ ਕਾਲਜ ਸੁਧਾਰ ਵਿਖੇ ਰੈਗੂਲਰ ਸਮਝੀ ਜਾਣ ਵਾਲੀ ਲੈੱਕਚਰਾਰ ਦੀ ਨੌਕਰੀ ਮਿਲਣ ‘ਤੇ ਉਸ ਦੇ ਜੀਵਨ ਦਾ ਸਫ਼ਰ ਮਸਾਂ ਹੀ ਰਵਾਂ ਹੋਣ ਲੱਗਦਾ ਹੈ ਕਿ ਇੱਕ ਤੋਂ ਦੋ ਸਾਲ ਕੀਤੀ ਗਈ ਉਸ ਦੀ ‘ਪ੍ਰੋਬੇਸ਼ਨ’ ਨੂੰ ਨਜ਼ਰਅੰਦਾਜ਼ ਕਰਦਿਆਂ ਹੋਇਆਂ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਅੱਖੜ
ਪ੍ਰਧਾਨ ਬਖਤਾਵਰ ਸਿੰਘ ਵੱਲੋਂ ਉਸ ਨੂੰ ਦੋ ਹੋਰ ਪ੍ਰੋਫ਼ੈਸਰਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਜਾਂਦਾ ਹੈ। ਮੁੜ ਬੇਰੁਜ਼ਗਾਰ ਹੋ ਜਾਣ ਕਾਰਨ ਕਈ ਉਸ ਨੂੰ ਬੀ.ਐੱਡ. ਕਰਕੇ ਸਕੂਲ ਮਾਸਟਰ ਬਣਨ ਦੀ ਸਲਾਹ ਦਿੰਦੇ ਹਨ, ਪਰ ਉਹ ਆਪਣੇ ਸਿਰੜ ‘ਚ ਸਾਬਤ ਰਹਿੰਦਿਆਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਚ ਸਾਲ-ਛੇ ਮਹੀਨੇ ਵਾਲੀਆਂ ਐਡਹਾਕ ਨੌਕਰੀਆਂ ਕਰਕੇ ਆਪਣੀ ਜੀਵਨ-ਗੱਡੀ ਨੂੰ ਅੱਗੇ ਤੋਰਦਾ
ਹੈ।

ਇੱਥੇ ਇਹ ਵੇਖਣ ਵਾਲੀ ਗੱਲ ਹੈ ਕਿ ਜਿੱਥੇ ਬਖਤਾਵਰ ਸਿੰਘ ਵਰਗਾ ਕਾਲਜ ਦੀ ਕਮੇਟੀ ਦਾ ਕੁਰੱਖ਼ਤ ਪ੍ਰਧਾਨ ਉਸ ਦੀ ਜੀਵਨ-ਗੱਡੀ ਨੂੰ ਲੀਹੋਂ ਉਤਾਰਦਾ ਹੈ, ਉੱਥੇ ਇਸ ਕਾਲਜ ਵਿੱਚ ਰਹੇ ਡਾ. ਭੰਡਾਲ ਦੇ ਸਹਿਕਰਮੀ ਰਹੇ ਪ੍ਰੋਫ਼ੈੱਸਰ ਹਰਭਜਨ ਸਿੰਘ ਦਿਓਲ ਅਤੇ ਗੁਰੂ ਕਾਂਸ਼ੀ ਕਾਲਜ ਦੇ ਪ੍ਰਿੰਸੀਪਲ ਡਾ. ਹਰਬੰਤ ਸਿੰਘ ਵਰਗੇ ਨੇਕ ਇਨਸਾਨ ਉਸ ਦੀ ਇਸ ਡੱਕੋ-ਡੋਲ਼ੇ ਖਾਂਦੀ ਗੱਡੀ ਨੂੰ ਮੁੜ ਲੀਹੇ ਪਾਉਣ ਵਿੱਚ ਉਸ ਦੀ ਮਦਦ ਕਰਦੇ ਹਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਹੁੰਦਿਆਂ ਡਾ. ਹਰਭਜਨ ਸਿੰਘ ਦਿਓਲ ਭੰਡਾਲ ਦੀ ਸਰਕਾਰੀ ਕਾਲਜਾਂ ਲਈ ਪ੍ਰੋਫੈਸਰ ਦੀ ਚੋਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਪਹਿਲੀ ਨਿਯੁੱਕਤੀ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਹੁੰਦੀ ਹੈ ਜਿੱਥੇ ਉਸ ਨੂੰ ਡਾ. ਜਗਤਾਰ, ਡਾ. ਦੀਦਾਰ, ਡਾ. ਪ੍ਰਿਤਪਾਲ ਮਹਿਰੋਕ ਤੇ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਵਰਗੇ
ਸੁਹਿਰਦ ਪ੍ਰੋਫ਼ੈਸਰਾਂ ਦਾ ਸਾਥ ਤੇ ਸਹਿਯੋਗ ਮਿਲਦਾ ਹੈ। ਰਣਧੀਰ ਕਾਲਜ ਕਪੂਰਥਲਾ ਵਿੱਚ ਹੋਈ ਬਦਲੀ ਉਸ ਦੀ ਇਸ ਜੀਵਨ-ਗੱਡੀ ਨੂੰ ਫਿਰ ‘ਰਵਾਂ’ ਤੋਰਦੀ ਹੈ।

ਇੱਥੇ ਹੀ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਬੀ.ਐੱਸ.ਸੀ. ਤੇ ਐੱਮ.ਐੱਸ.ਸੀ. ਵਿੱਕ ਇੱਕ ਸਾਲ ਜੂਨੀਅਰ ਰਹੇ ਆਪਣੇ ਪਿਆਰੇ ਮਿੱਤਰ ਡਾ. ਕੁਲਵੰਤ ਸਿੰਘ ਥਿੰਦ ਦੀ ਨਿਗਰਾਨੀ ਵਿੱਚ ਪਾਰਟ-ਟਾਈਮ ਪੀਐੱਚ.ਡੀ. ਕਰਨ ਦਾ ਆਪਣਾ ਸੁਪਨਾ ਪੂਰਾ ਕਰਨ ਦੀ ਸੁੱਝਦੀ ਹੈ। ਉਹ ਕਾਲਜ ਤੋਂ ਕਿਸੇ ਕਿਸਮ ਦੀ ਕੋਈ ਛੁੱਟੀ ਲਏ ਬਗ਼ੈਰ ਸ਼ਨੀਵਾਰ ਤੇ ਐਤਵਾਰ ਬਾਕਾਇਦਾ ਅੰਮ੍ਰਿਤਸਰ ਜਾ ਕੇ ਯੂਨੀਵਰਸਿਟੀ ਦੇ ਫ਼ਿਜ਼ਿਕਸ ਵਿਭਾਗ ਦੀਆਂ ਲੈਬਾਰਟਰੀਆਂ ਵਿੱਚ ਆਪਣੀ ਖੋਜ ਨਾਲ ਸਬੰਧਿਤ ਤਜਰਬੇ ਦਿਲ ਲਾ ਕੇ ਕਰਦਾ ਹੈ ਅਤੇ ਇਨ੍ਹਾਂ ਦੇ ਨਤੀਜੇ ਆਪਣੇ ਨਿਗਰਾਨ ਦੋਸਤ ਡਾ. ਥਿੰਦ ਨਾਲ ਵਿਚਾਰਦਾ ਹੈ। ਪੰਜਾਂ ਸਾਲਾਂ ਦੀ ਖੋਜ ਦੇ ਆਧਾਰਿਤ ਜਿੱਥੇ ਯੂਨੀਵਰਸਿਟੀ ਕਾਨਵੋਕੇਸ਼ਨ ਵਿੱਚ ਲਾਲ ਗਾਊਨ ਪਾ ਕੇ ਪੀਐੱਚ.ਡੀ. ਦੀ ਡਿਗਰੀ ਲੈਣ ਦੀ ਆਪਣੀ ਸੱਧਰ ਪੂਰੀ ਕਰਦਾ ਹੈ ਜੋ ਘਰੇਲੂ ਆਰਥਿਕ ਤੰਗੀ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਖੁਰਾਨਾ ਦੇ ਸੁਹਿਰਦ ਮਸ਼ਵਰੇ ਦੇ ਬਾਵਜੂਦ ਅਧੂਰੀ ਰਹਿ ਗਈ ਸੀ। ਡਾ. ਭੰਡਾਲ ਦੇ ਜਨੂੰਨ ਦੀ ਹੱਦ ਤੱਕ ਪਹੁੰਚੀ ਪੀਐੱਚ.ਡੀ. ਦੀ ਇਹ ਡਿਗਰੀ ਉਸ ਨੂੰ ਭਾਰਤ ਦੀ ਕਿਸੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਤੇ ਖੋਜ ਕਰਨ ਵਿੱਚ ਤਾਂ ਸਹਾਈ ਨਹੀਂ ਹੁੰਦੀ, ਪਰ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਇਹ ਉਸ ਨੂੰ ‘ਪ੍ਰੋਫ਼ੈੱਸਰ’ ਦਾ ਰੁਤਬਾ ਦਿਵਾਉਣ ਵਿੱਚ ਭਰਪੂਰ ਯੋਗਦਾਨ ਪਾਉਂਦੀ ਹੈ।

ਡਾ. ਭੰਡਾਲ ਬਹੁਤ ਮਿਹਨਤੀ ਤੇ ਸਿਰੜੀ ਹੈ। ਯੂਨੀਵਰਸਿਟੀ ਵਿੱਚ ਪੜ੍ਹਾਉਣ ਦੇ ਨਾਲ-ਨਾਲ ਉਸ ਦੀਆਂ ਸਾਹਿਤਕ ਕਿਰਤਾਂ ਅਖ਼ਬਾਰਾਂ ਤੇ ਰਿਸਾਲਿਆਂ ਦਾ ਲਗਾਤਾਰ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਅਮਰੀਕਾ ਦੇ ਅਖ਼ਬਾਰ ‘ਪੰਜਾਬ ਟਾਈਮਜ਼’ ਵਿਚ ਉਸ ਦਾ ਆਰਟੀਕਲ ਹਰ ਹਰ ਹਫ਼ਤੇ ਬਾ-ਕਾਇਦਗੀ ਨਾਲ ਛਪਦਾ ਹੈ। ਉਸ ਦੀਆਂ ਕਵਿਤਾਵਾਂ ਤੇ ਵਾਰਤਕ ਦੀਆਂ ਪੁਸਤਕਾਂ ਦਾ ਜ਼ਿਕਰ ਪਹਿਲਾਂ ਹੋ ਚੁੱਕਾ ਹਾਂ। ਉਸ ਦੀ ਕਵਿਤਾ ਤਾਂ ਰਸਦਾਇਕ ਹੈ
ਈ, ਪਰ ਉਸ ਦੀ ਵਾਰਤਕ ਵਿੱਚੋਂ ਵੀ ਕਾਵਿ-ਮਈ ਝਲਕ ਮਿਲਦੀ ਹੈ। ਲਹਿੰਦੇ ਪੰਜਾਬ ਦੇ ਓਰੀਐਂਟਲ ਕਾਲਜ ਲਾਹੌਰ ਦੀ ਪ੍ਰਿੰਸੀਪਲ ਤੇ ਪਾਕਿਸਤਾਨ ਦੀ ਝੰਗ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਡਾ. ਨਾਬੀਲਾ ਰਹਿਮਾਨ ਦਾ ਇਸ ਬਾਰੇ ਕਹਿਣਾ ਹੈ, “ਭੰਡਾਲ ਸਾਹਿਬ, ਤੁਸੀਂ ਤਾਂ ਨਸਰੀ-ਨਜ਼ਮ ਲਿਖਦੇ ਹੋ।“ (ਪੰਨਾ-162)
ਡਾ. ਭੰਡਾਲ ਦੀ ਵਾਰਤਕ ਤੇ ਕਵਿਤਾ ਵਿੱਚ ਨਦੀਆਂ ਦੇ ਵਹਿੰਦੇ ਪਾਣੀਆਂ ਦੀ ਰਵਾਨੀ ਹੈ। ਉਸ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ। ਰਚਨਾਵਾਂ ਵਿਚ ਸ਼ਬਦ ਆਪਣੇ ਆਪ ‘ਕਿਰ-ਕਿਰ’ ਪੈਂਦੇ ਹਨ। ਉਸ ਦਾ ਅਧਿਆਪਨ ਤੇ ਲਿਖਣ-ਪੜ੍ਹਨ ਦਾ ਸਫ਼ਰ ਬਾ-ਦਸਤੂਰ ਜਾਰੀ ਹੈ। ਇਸ ਪੁਸਤਕ ਵਿੱਚ ਉਸਦਾ ਆਪਣਾ ਕਥਨ ਹੈ, “ਹਾਲੇ ਤਾਂ ਮੈਂ ਹਰਫ਼ਾਂ ਦੀ ਜੂਹ ਵਿੱਚ ਜੋਗੀ ਵਾਲ਼ਾ ਹੋਕਰਾ ਲਾਉਣਾ ਹੈ। ਸ਼ਬਦਾਂ ਵਿੱਚ ਅਰਥਾਂ ਦੇ ਦੀਵੇ ਜਗਾਉਣੇ ਨੇ ਤੇ ਖ਼ੁਦ ਨੂੰ
ਕੋਰੇ ਵਰਕਿਆਂ ‘ਤੇ ਫ਼ੈਲੀ ਅਜਿਹੀ ਇਬਾਰਤ ਦੇ ਸਪੁਰਦ ਦੇ ਕਰਨਾ ਹੈ ਜੋ ਕਦੇ ਇਬਾਦਤ ਬਣਨ ਦੇ ਕਾਬਿਲ ਹੋ ਸਕੇ।“ (ਪੰਨਾ-165)

ਰੱਬ ਕਰੇ! ਉਸ ਦਾ ਇਹ ‘ਸਫ਼ਰ’ ਨਿਰਵਿਘਨ ਚੱਲਦਾ ਰਹੇ। ਨਾਲੇ ਹੁਣ ਇਸ ਵੇਲੇ ਉਹ ਪੰਜਾਬ ਦੇ ‘ਕੱਚੇ ਪੱਕੇ ਰਾਹਾਂ ‘ਤੇ ਨਹੀਂ ਚੱਲ ਰਿਹਾ, ਸਗੋਂ ਅਮਰੀਕਾ ਦੇ ‘ਫ਼ਰੀਵੇਜ਼’ (ਕੈਨੇਡਾ ਦੇ ‘ਹਾਈਵੇਜ਼’) ‘ਤੇ ਸਪਾਟ ਦੌੜ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਕਿਹੜੀ ਕੰਮ ਤੋਂ ਸੇਵਾ-ਮੁਕਤੀ ਦੀ ਕੋਈ ਬੰਦਿਸ਼ ਹੈ। ਅੱਸੀ-ਅੱਸੀ, ਨੱਬੇ-ਨੱਬੇ ਸਾਲ ਦੇ ਪ੍ਰੋਫ਼ੈਸਰ ਯੂਨੀਵਰਸਿਟੀਆਂ ਵਿਚ ਪੜ੍ਹਾ ਰਹੇ ਹਨ। ਪ੍ਰਮਾਤਮਾ ਡਾ. ਭੰਡਾਲ ਨੂੰ ਲੰਮੀਂ ਆਯੂ ਤੇ ਤੰਦਰੁਸਤੀ ਬਖ਼ਸ਼ੇ। … ਤੇ ਉਸ ਦਾ ਇਹ ‘ਕੱਚਾ ਪੱਕਾ ਸਫ਼ਰ’ ਇੰਜ ਹੀ ਜਾਰੀ ਰਹੇ।
***
ਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647-567-9128

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1335
***

About the author

ਡਾ. ਸੁਖਦੇਵ ਸਿੰਘ ਝੰਡ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸੁਖਦੇਵ ਸਿੰਘ ਝੰਡ

View all posts by ਡਾ. ਸੁਖਦੇਵ ਸਿੰਘ ਝੰਡ →