19 November 2025

ਗੁਰਨਾਮ ਢਿੱਲੋਂ ਦੀ ਅਨੂਠੀ ਕਾਵਿ-ਰਚਨਾ ‘ਲੋਕ ਸ਼ਕਤੀ’ — ਰੀਵਿਊਕਾਰ: ਡਾ. ਸੁਰਿੰਦਰ ਗਿੱਲ

‘ਲੋਕ ਸ਼ਕਤੀ’ 
ਕਵੀ: ਗੁਰਨਾਮ ਢਿੱਲੋਂ
ਪਬਲਿਸ਼ਰ: ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਰੀਵਿਊਕਾਰ: ਡਾ. ਸੁਰਿੰਦਰ ਗਿੱਲ

ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦਾ ਚਿੰਤਕ ਕਵੀ ਗੁਰਨਾਮ ਢਿੱਲੋਂ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਬ੍ਰਤਾਨੀਆ ਦੀ ਧਰਤੀ ਉੱਤੇ ਵਸਿਆ ਹੋਇਆ ਪੰਜਾਬੀ ਕਾਵਿ-ਰਚਨਾ ਅਤੇ ਅਧਿਅਨ ਵਿਚ ਮਗਨ ਹੈ।

ਚੜ੍ਹਦੀ ਜਵਾਨੀ ਦੇ ਦਿਨਾਂ ਤੋਂ ਇੰਗਲੈਂਡ ਵਿਚ ਪਰਵਾਸ ਕਰ ਗਿਆ ਕਵੀ ਗੁਰਨਾਮ ਢਿੱਲੋਂ  ਇਕ ਕਾਮੇ, ਵਿਉਪਾਰੀ ਅਤੇ ਪ੍ਰਬੰਧਕ ਦੇ ਰੂਪ ਵਿਚ ਆਪਣੇ ਆਪ ਨੂੰ ਸਥਾਪਤ ਕਰਨ ਵਿਚ ਕਠਨ ਸੰਗਰਾਮ ਵਿੱਚੋਂ ਲੰਘਿਆ ਹੈ। ਪਰ ਉਸਦਾ ਮਨ-ਅੰਤਰ ਅਤੇ ਦਿਲ ਪੰਜਾਬ ਵਿਚ ਅਤੇ ਪੰਜਾਬ ਖਾਤਰ ਧੜਕਦਾ ਰਿਹਾ ਹੈ।

ਇੰਗਲੈਂਡ ਵਿਚ ਰਹਿੰਦਿਆਂ  ਰੋਜ਼ਾਗਾਰੀ ਘੋਲ ਦੇ ਨਾਲ ਨਾਲ ਉਹ ਸਮੇਂ ਦੀ ਲੋੜ ਅਨੁਸਾਰ ਪੰਜਾਬੀ ਵਿਚ ਕਾਵਿ ਰਚਨਾ ਕਰਦਾ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਿਰੇਟਨ (ਸਥਾਪਤ 1969) ਦਾ ਲੰਮਾ ਚਿਰ ਸਰਗਰਮ ਕਾਰਜ ਸਾਧਕ ਵੀ ਰਿਹਾ ਹੈ। ਹੁਣ ਤਕ ਗੁਰਨਾਮ ਢਿੱਲੋਂ  ਰਚਿਤ ਹੇਠ ਲਿਖੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ:

ਅੱਗ ਦੇ ਬੀਜ (1970 ਈ.), ਹੱਥ ਤੇ ਹਥਿਆਰ (1974 ਈ.),ਤੇਰੇ ਨਾਂ ਦਾ ਮੌਸਮ ( 1997 ਈ.)

ਤੂੰ ਕੀ ਜਾਣੇ (2002 ਈ.), ਸਮਰਪਿਤ (2007 ਈ.) ਤੇਰੀ ਮੁਹੱਬਤ (2016 ਈ.) ਦਰਦ ਦੇ ਰੰਗ (2017), ਲੋਕ ਸ਼ਕਤੀ (2019), ਦਰਦ ਦਾ ਦਰਿਆ (2019 ਈ.), ਦਰਦ ਦੀ ਗੂੰਜ (2019 ਈ.), ਦਰਦ ਦੀ ਲਾਟ (2020 ਈ.) ਦਰਦ ਉਜੜੇ ਖੇਤਾਂ ਦਾ (2022 ਈ), ਨਗਾਰਾ (2022 ਈ.) ਜੂਝਦੇ ਸੂਰਜ (2024 ਈ), ਲਹਿੰਦੇ ਸੂਰਜ ਦੀ ਸੁਰਖੀ (2025 ਈ.) ਸਮਾਲੋਚਨਾ: ਪੰਜਾਬੀ ਕਾਵਿ (ਸਿਧਾਂਤਕ ਪਰਿਪੇਖ) (2011 ਈ.) ,ਵਾਰਤਕ: ਸਵੈ-ਜੀਵਨ ਮੂਲਕ ਲੇਖ: ਓੜਕਿ ਸਚਿ ਰਹੀ (2021ਈ.)

ਗੁਰਨਾਮ ਢਿੱਲੋਂ ਰਚਿਤ ਕਵਿ-ਸੰਗ੍ਰਹਿ ‘ਲੋਕ ਸ਼ਕਤੀ’ ਏਥੇ ਵਿਚਾਰ ਅਧੀਨ ਹੈ। ‘ ਲੋਕ ਸ਼ਕਤੀ’. ਪੰਨੇ 72, ਪ੍ਰਕਾਸ਼ਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦਾ ਪ੍ਰਕਾਸ਼ਨ ਸਾਡੇ ਸਮੇਂ ਦੀ ਇਕ ਵਿਸ਼ੇਸ਼ ਘਟਨਾ ਮੰਨੀ ਜਾ ਰਹੀ ਹੈ।

‘ਲੋਕ ਸ਼ਕਤੀ’ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਕਵੀ ਗੁਰਨਾਮ ਢਿੱਲੋਂ ਨੇ ਪੰਜਾਬੀ ਦੇ ਪ੍ਰੰਪਰਿਕ ਛੰਦ ‘ਛੰਦ ਪਰਾਗੇ’ ਨੂੰ ਇਕ ਨਵੀਂ ਦਿਸ਼ਾ, ਦਸ਼ਾ ਅਤੇ ਰੂਪ ਬਖ਼ਸ਼ਿਆ ਹੈ।

ਲੋਕ ਗੀਤਾਂ ਵਿਚ ਪ੍ਰਚਲਿਤ  ਲੋਕ ਛੰਦ ਅਨੁਸਾਰ ਭਾਰਤ ਅਤੇ ਵਿਸ਼ੇਸ਼ਕਰ ਪੰਜਾਬ ਦੀਆਂ ਸਮਾਜਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਦਾ ਕਾਵਿ ਚਿਤਰਣ ਹੀ ਨਹੀਂ ਕੀਤਾ ਸਗੋਂ ਅਧੁਨਿਕ ਪ੍ਰਗਤੀਸ਼ੀਲ ਦ੍ਰਿਸ਼ਟੀਕੋਨ ਤੋਂ ਵਿਆਖਿਆ ਅਤੇ ਵਿਸ਼ਲੇਸ਼ਣ ਕਵੀ ਗੁਰਨਾਮ ਢਿੱਲੋਂ ਦੀ ਵਿਲੱਖਣ ਪ੍ਰਾਪਤੀ ਹੈ।
ਡਾ. ਸੁਖਦੇਵ ਸਿੰਘ ਸਿਰਸਾ ਦੇ ਸ਼ਬਦਾਂ ਵਿਚ “ ਆਪਣੇ ਨਵੇਂ ਕਾਵਿ ਸੰਗ੍ਰਹਿ ‘ਲੋਕ ਸ਼ਕਤੀ’ ਵਿਚ ਉਸ ਨੇ ਅਜੋਕੇ ਨਵਸਾਮਰਾਜਵਾਦ ਦੀਆਂ ਅਲਾਮਤਾਂ – ਸੰਸਾਰੀਕਰਨ, ਉਦਾਰੀਕਰਨ, ਮੰਡੀਕਰਨ ਅਤੇ ਬਾਜ਼ਾਰਵਾਦ ਆਦਿ ਦੇ ਲੁਕਵੇਂ ਏਜੰਡੇ ਨੂੰ ਸਾਡੀ ਲੋਕ-ਕਾਵਿ ਪ੍ਰੰਪਰਾ ਵਿਚੋਂ ‘ਛੰਦ ਪਰਾਗੇ ਨਾਮੀ ਕਾਵਿ-ਰੂਪ ਰਾਹੀਂ ਬੇਪਰਦ ਕੀਤਾ ਹੈ। ਛੰਦ ਪਰਾਗੇ ਸਾਡੀ ਲੋਕ ਰੀਤ ਦਾ ਸਮਰੱਥ ਅਤੇ  ਕਟਾਖਸ਼ੀ ਕਾਵਿ-ਲਹਿਜ਼ਾ ਹੈ। ਗੁਰਨਾਮ ਢਿੱਲੋਂ  ਨੇ ਇਸ ਦੇਸੀ ਕਾਵਿ-ਰੂਪ ਦੀ ਪੁਨਰ-ਸਿਰਜਣਾ ਰਾਹੀਂ ਪੰਜਾਬੀ ਭਾਈਚਾਰੇ ਦੇ ਅਵਚੇਤਨੀ ਧਰਾਤਲ ਦੀਆਂ ਸੁੱਤੀਆਂ ਰਮਜ਼ਾਂ ਨੂੰ ਹਲੂਣਿਆ ਹੈ। ਉਸ ਦੇ ਇਸ ਵਿਅੰਗ ਬਾਣਾਂ ਦਾ ਨਿਸ਼ਾਨਾ ਵਿਸ਼ਵ ਦੇ ਕਾਰਪੋਰੇਟ ਘਰਾਣੇ ਤੇ ਅੰਧ-ਰਾਸ਼ਟਰਵਾਦੀ ਦੋਵੇ ਬਣੇ ਹਨ”।
(ਪਿੱਠ ਪੰਨਾ, ਟਾਈਟਲ)

‘ਲੋਕ ਸ਼ਕਤੀ’ ਵਿਚ ਸੰਕਲਿਤ ਪਹਿਲਾ ਪਰਾਗਾ ਹੀ ਸਾਡੇ ਸਮਾਜ ਵਿਚ ਨਿਜਵਾਦੀ ਪ੍ਰਵਿਰਤੀ ਦੇ ਮੁਹਾਇਣ ਉੱਪਰ ਇਕ ਕਰੜਾ ਵਿਅੰਗ ਹੈ:

ਛੰਦ ਪਰਾਗੇ ਆਈਏ ਜਾਈਏ
ਨਾ ਜਾਈਏ ਨਾ ਆਈਏ

ਆਪਣੇ ਆਪਣੇ ਘੁਰਨੇ ਦੇ ਵਿਚ
ਰਹਿ ਕੇ ਅਉਧ ਹੰਢਾਈਏ।
(ਪੰਨਾ 12)

ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ। ਇਸ ਪੁਰਾਣੇ ਕਥਨ ਨੂੰ ਨਵਰੂਪ ਦਿੰਦਾ ਹੋਇਆ ਕਵੀ ਗੁਰਨਾਮ ਢਿੱਲੋਂ ਅਧੁਨਿਕ ਸਮਾਜਿਕ ਅਤੇ ਰਾਜਨੀਤਕ ਸਥਿੱਤੀ ਦਾ ਚਿਤਰਣ ਹੇਠ ਲਿਖੇ ਪਰਾਗੇ ਵਿਚ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੁਰਲੀ

ਥਾਂ ਥਾਂ ਵਿੰਦ੍ਰਾਵਨ ਜਲਦੇ ਹਨ
ਕ੍ਹਾਨ ਵਜਾਵੇ ਮੁਰਲੀ। 
 (ਪੰਨਾ 19)

ਜਾਗਰੂਕ ਕਵੀ ਕਿਉਂਕਿ ਰੋਮ ਦੀ ਥਾਂ ਭਾਰਤ ਦੀ ਗੱਲ ਕਰ ਰਿਹਾ ਹੈ-ਉਹ ਨੀਰੋ ਦੀ ਬੰਸਰੀ ਦੀ ਥਾਂ ਸ੍ਰੀ ਕ੍ਰਿਸ਼ਨ ਦੀ ਮੁਰਲੀ ਵੱਲ ਸੰਕੇਤ ਕਰਕੇ ਆਪਣੇ ਵਿਅੰਗ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾ ਦਿੰਦਾ ਹੈ।

ਇਸ ਨਿਕੀ ਜਹੀ ਸੈਂਚੀ ਵਿਚ ਗੁਰਨਾਮ ਢਿੱਲੋਂ ਭਾਰਤ ਵਿਚ ਪੂੰਜੀਪਤੀਆਂ ਅਤੇ ਜਨਸਧਾਰਨ ਵਿਚ ਆਰਥਿਕ ਅਸਾਵੇਂਪਨ, ਕਿਰਤ ਅਤੇ ਕਲਾ ਦੀ ਨੰਗੀ ਲੁੱਟ ਖਸੁੱਟ ਦਾ ਪ੍ਰਗਟਾ ਜਿਸ ਮਿਕਨਾਤੀਸੀ ਅੱਖ ਨਾਲ ਕਰਦਾ ਹੈ ਉਸ ਤੋਂ ਇਹ ਅਨੁਮਾਨ ਲਾਉਣਾ ਸੰਭਵ ਹੋ ਜਾਂਦਾ ਹੈ ਕਿ ਕਵੀ ਪੰਜਾਬ ਨਹੀਂ  ਸਗੋਂ ਭਾਰਤ ਤੋਂ ਸੱਤ ਸਮੁੰਦਰ ਪਾਰ ਬ੍ਰਤਾਨੀਆ ਵਿਖੇ  ਵਸਦਿਆਂ ਉਪਰੋਕਤ  ਚਿੰਤਨਸ਼ੀਲ ਅਨੁਭਵ ਪ੍ਰਾਪਤ ਕਰਕੇ ਉਸ ਨੂੰ ਆਪਣੇ ਛੰਦ ਪਰਾਗਿਆਂ ਵਿਚ ਪ੍ਰਗਟਾਉਣ ਵਿਚ ਸਫਲ ਹੋਇਆ ਹੈ। ਕੇਵਲ 72 ਸਫਿਆਂ ਦੇ ਇਸ ਨਿਕ ਅਕਾਰੀ ਕਾਵਿ ਸੰਗ੍ਰਹਿ ਦਾ ਤਾਣਾ ਪੇਟਾ  ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ।

ਲੋਕ ਸ਼ਕਤੀ ਦੇ ਰਚਾਇਤਾ ਅਨੁਸਾਰ ਬਹੁਗਿਣਤੀ ਸਮਾਜਿਕ ਅਤੇ ਆਰਥਿਕ ਬੀਮਾਰੀਆਂ ਦੀ ਜੜ ਸਾਮਰਾਜ ਹੈ। ਸਾਮਰਾਜ ਕਿਸੇ ਵੀ ਸਮਾਜ ਨੂੰ ਘੁਣ ਵਾਂਙ ਲਗਦਾ ਅਤੇ ਤਬਾਹ ਕਰ ਦਿੰਦਾ ਹੈ:

ਛੰਦ ਪਰਾਗੇ ਸਾਮਰਾਜ ਹੈ ਐਸਾ ਚੰਦਰਾ ਰੋਗ
ਜਿਸ ਦੇਸ ਵਿਚ ਜਾਵੇ ਉਸਦਾ ਪਾ ਦਿੰਦਾ ਹੈ ਭੋਗ।
(ਪੰਨਾ 48)

ਕਵੀ ਦੀ ਦ੍ਰਿਸ਼ਟੀ ਵਿਚ ਇਸ ਰੋਗ ਦਾ ਇੱਕੋ ਇਕ ਇਲਾਜ  ਲੋਕ ਸੰਗਰਾਮ ਹੈ:

ਛੰਦ ਪਰਾਗੇ ਲੋਕੋ! ਅਸਲੀ ਰਾਹ ਅਪਨਾਉਣਾ ਪੈਣਾ
ਹਾਕਮ ਹੱਕ ਕਦੀ ਨਹੀਂ ਦਿੰਦਾ ਖੋਹ ਕੇ ਲੈਣਾ ਪੈਣਾ।
(ਪੰਨਾ 47)

ਇਸ ਲਈ ਕਵੀ ਵੰਗਾਰਦਾ ਹੈ ਕਿ
ਛੰਦ ਪਰਾਗੇ ਇਕ ਮੁੱਠ ਹੋ ਕੇ ਆਪਣੇ ਫਰਜ਼ ਪਛਾਣੋ
ਜਾਗੋ, ਉੱਠੋ, ਹੰਭਲਾ ਮਾਰੋ ਹੱਕ ਲਓ ਤੇ ਮਾਣੋ।

(ਪੰਨਾ 47)

ਵਿਸ਼ਵ ਦੇ ਜਾਗਰੂਕ ਕਵੀਆਂ, ਕਲਾਕਾਰਾਂ ਅਤੇ ਚਿੰਤਕਾਂ ਵਾਂਙ ਪੱਤ੍ਰਕਾਰ ਗੌਰੀ ਲੰਕੇਸ਼ ਦੀ ਹੱਤਿਆ  ਕਵੀ ਦੇ ਅੰਤਹਕਰਣ ਨੂੰ ਵਲੂੰਧਰ ਜਾਂਦੀ ਹੈ ਤਾਂ ਉਹ ਲਿਖਦਾ ਹੈ:
ਛੰਦ ਪਰਾਗੇ ਰੱਤ ਗੌਰੀ ਦੀ ਜਿੱਥੇ ਗਈ ਹੈ ਡੁੱਲ੍ਹ
ਉਸ ਜਿਮੀ ਵਿਚ ਪੈਦਾ ਹੋਣੇ ਸੁਰਖ ਗੁਲਾਬੀ ਫੁੱਲ।
(ਪੰਨਾ 51)

ਲੋਕ ਪ੍ਰਚਲਤ ਅਤੇ ਲੋਕ ਪਿਆਰੇ ਕਾਵਿ ਰੂਪ, ਛੰਦ ਪਰਾਗੇ ਨੂੰ ਆਧਾਰ ਬਣਾਕੇ  ਰਚੀ ਗਈ ਇਹ ਪੁਸਤਕ ‘ਲੋਕ ਸ਼ਕਤੀ’  ਆਧੁਨਿਕ ਭਾਰਤੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਪ੍ਰਸਥਿੱਤੀਆਂ ਨੂੰ ਇਕ ਵਿਸ਼ੇਸ਼ ਦ੍ਰਿਸ਼ਟੀਕੋਨ ਤੋਂ ਵੇਖਣ, ਪਰਖਣ ਅਤੇ ਕਾਵਿ ਵਿਚ ਅਭਿਵਿਅੱਕਤ  ਕਰਨ ਦਾ ਸਫਲ ਯਤਨ ਹੈ। ਕੇਵਲ 72 ਪੰਨਿਆਂ ਦੇ ਇਸ ਨਿਕ ਅਕਾਰੀ ਕਾਵਿ ਦਾ ਤਾਣਾ ਪੇਟਾ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ ਅਤੇ ਵਿਸ਼ਵ ਭਰ ਦੇ ਕਾਮਿਆਂ ਦੀ ਅਵਾਜ਼ ਹੈ। ਕਵੀ ਗੁਰਨਮ  ਢਿੱਲੋਂ ਨੂੰ  ਅਨੂਠੀ ਕਾਵਿ-ਰਚਨਾ ਲਈ ਵਧਾਈ।
(ਸੰਪਰਕ  99154-73505)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1655
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ