25 April 2024

ਸ਼ੁਭਕਰਮਨ-ਕਵਿਤਾਵਾਂ ਦਰ ਕਵਿਤਾਵਾਂ—ਨਦੀਮ ਪਰਮਾਰ

-ਪੜ੍ਹਨ ਯੋਗ ਪੁਸਤਕ-
ਸ਼ੁਭਕਰਮਨ
ਲੇਖਕ: ਬਲਵਿੰਦਰ ਮਥਾਰੂ

-ਕਵਿਤਾਵਾਂ ਦਰ ਕਵਿਤਾਵਾਂ-
ਝਾਤਕ: ਨਦੀਮ ਪਰਮਾਰ

ਕਵਿਤਾ ਲਿਖਣੀ ਤੇ ਪੜ੍ਹਨੀ, ਮਨੋਵਿਗਿਆਨਿਕ ਤੇ ਸਿਆਸੀ ਤੌਰ ਤੇ ਇਕ ਤਰ੍ਹਾਂ ਚੁੱਭੀਆਂ ਲਾਉਂਣ ਵਾਲਾ ਕਾਰਜ ਹੈ| ਪਰ ਇਹ ਕਈ ਹੋਰ ਕ੍ਰਿਆਵਾਂ ਵਾਂਗ ਆਨੰਦਦਾਇਕ ਵੀ ਹੈ | ਰਿਗ ਵੇਦ ਦੇ ਸ਼ਲੋਕ “ਕਾਵਿਏ ਕਰਾਂਤੀ ਦਰਸ਼ਨਯ ” ਅਨੁਸਾਰ, “ਕਵੀ ਉਹ ਹੈ ਜੋ ਅਣਦਿੱਖ ਨੂੰ ਦੇਖ ਸਕਦਾ ਹੈ ਜਾਂ ਕਵੀ ਉਹ ਦੇਖ ਸਕਦਾ ਹੈ ਜੋ ਅਣਦਿੱਖ ਹੈ|” ਅਰਥਾਤ, ਕਵੀ ਤੇ ਕਲਾਕਾਰ ਦਾ ਟੀਚਾ ਉਹ ਪੈਦਾ ਕਰਨਾ ਹੁੰਦਾ ਹੈ ਜੋ ਸਦੀਵੀ ਤੇ ਨਾ-ਬਦਲਣ ਵਾਲਾ ਹੋਵੇ | ਕਵੀ ਸ਼ਬਦਾਂ ਨਾਲ ਖੇਲ੍ਹਣ ਵਿਚ ਮਜ਼ਾ ਲੈਂਦਾ ਹੈ ਤੇ ਉਨ੍ਹਾਂ ਦਾ ਸੰਬੰਧ ਆਪਣੇ ਤਕ ਹੀ ਰੱਖਕੇ ਸਾਡੇ ਮਨਾਂ ਵਿਚ ਉਤਸੁਕਤਾ ਤੇ ਹਲਚਲ ਪੈਦਾ ਕਰਨਾ ਹੁੰਦਾ ਹੈ |

ਵਰਤਮਾਣ ਸਮੇਂ ਵਿਚ ਕਵਿਤਾ ਨੂੰ ਕਈਆਂ ਸ਼ਰੈਣੀਆਂ ਵਿਚ ਵੰਡਿਆ ਜਾ ਰਿਹਾ ਹੈ| ਜਿਵੇਂ ਰਵਾਇਤੀ, ਅਧੁਨਿਕ ਤੇ ਉੱਤਰ-ਆਧੁਨਿਕ ਆਦਿ| ਜਿੱਥੇ, ਉੱਤਰ ਆਧੁਨਿਕ ਕਵਿਤਾ ਆਪਣੇ ਆਪ ਵਿਚ ਇਕ ਸਵਾਲੀਆ ਚਿੰਨ੍ਹ ਹੈ ਉੱਥੇ ਰਵਾਇਤੀ ਤੇ ਅਧੁਨਿਕ ਕਵਿਤਾ ਵੀ ਸਵਾਲੀਆ ਨਿਸ਼ਾਨਾਂ ਤੋਂ ਵਾਂਝੀਆਂ ਨਹੀਂ| ਜਿਵੇਂ ਕਿ ਟੀ ਐੱਸ ਐਲੀਇੱਟ ਕਹਿੰਦਾ ਹੈ, “ਸ਼ਬਦ – ਰਵਾਇਤੀ, ਇਕ ਵਸ਼ੇਸ਼ਣ ਹੈ ਜੋ ਸਿਰਫ਼ ਤੇ ਸਿਰਫ਼ ਪੁਰਾਤੱਤਵੀ ਕੰਮਾਂ ਦੀ ਪਰਵਾਨਗੀ ਲਈ ਵਰਤਿਆ ਜਾਂਦਾ ਹੈ ਅਤੇ, ਕੋਈ ਵੀ ਕਵੀ ਜਾਂ ਕਲਾਕਾਰ, ਆਪਣੇ ਆਪ ਵਿਚ ਸੰਪੂਰਣ ਨਹੀਂ ਹੁੰਦਾ| ਉਸਦਾ ਕਿਸੇ ਨਾ ਕਿਸੇ ਸੁਰਗਵਾਸੀ ਕਵੀ ਜਾਂ ਕਲਾਕਾਰ ਨਾਲ ਸੰਬੰਧ ਜ਼ਰੂਰ ਹੁੰਦਾ ਹੈ| ਅਸੀਂ, ਉਸ ਇਕੱਲੇ ਦੀ ਕੀਮਤ ਨਹੀਂ ਪਾ ਸਕਦੇ| ਸਾਨੂੰ ਕਿਸੇ ਨਾ ਕਿਸੇ ਨਾਲ ਉਸਦਾ ਮੇਲ਼ ਜਾਂ ਟਾਕਰਾ ਜ਼ਰੂਰ ਕਰਨਾ ਹੀ ਪੈਂਦਾ ਹੈ|”

ਕਵਿਤਾ ਦੀਆਂ ਲੱਗਭੱਗ 90 ਕੁ ਪਰਿਭਾਸ਼ਾਵਾਂ ਹਨ| ਜਿਨ੍ਹਾਂ ਵਿੱਚੋਂ ਸ਼ੈਕਸਪੀਅਰ ਦੀ ਪਰਿਭਾਸ਼ਾ, “ਸੁੰਦਰ ਸ਼ਬਦਾਂ ਦਾ ਸੁੰਦਰ ਤਰੀਕੇ ਨਾਲ ਜੋੜਨ ਦਾ ਨਾਂ ਕਵਿਤਾ ਹੈ |” ਸਭ ਤੋਂ ਸਰਲ ਹੈ ਤੇ ਭਾਰਤੀ ਕਾਵਿ ਪਰਿਭਾਸ਼ਾ “ਸੱਤਿਯਮ, ਸ਼ਿਵਮ, ਸੁੰਦਰਮ” ਦੇ ਸੱਤ ਦੀ ਵੀ ਪਰੋੜਤਾ ਕਰਦੀ ਹੈ|
ਸੁੰਦਰ ਸ਼ਬਦ – ਜੋ ਬੋਲਣ, ਸੁਣਨ ਤੇ ਪੜ੍ਹਨ ਵਿਚ ਸੁਸ਼ੀਲ, ਅਰਥਾਤ – ਸੱਭਿਆ, ਮਿੱਠੇ ਤੇ ਰਾਗਮਈ ਹੋਣ|
ਸੁੰਦਰ ਤਰੀਕਾ – ਜਿਸ ਨਾਲ ਹਰ ਕੋਈ ਉਸ ਨੂੰ ਆਸਾਨੀ ਨਾਲ ਪੜ੍ਹ ਤੇ ਬੋਲ ਸਕੇ| ਭਾਵ ਲੈਬੱਧ ਜਾਂ ਛੰਦਬੱਧ|

ਉਸਤਾਦ ਗ਼ਜ਼ਲਗੋ ਨਦੀਮ ਪਰਮਾਰ

ਪਰ, ਵਰਤਮਾਨ ਸਮੇਂ ਵਿਚ ਖੁੱਲ੍ਹੀ ਕਵਿਤਾ ਦਾ ਜ਼ਿਆਦਾ ਬੋਲ ਬਾਲਾ ਹੋਣ ਕਰਕੇ, ਲੈਬੱਧ ਜਾਂ ਛੰਦਬੱਧ ਕਵਿਤਾ ਨੂੰ ਇਹ ਕਹਿ ਕੇ ਨਕਾਰਿਆ ਜਾ ਰਿਹਾ ਹੈ ਕਿ ਇਹ ਕਵਿਤਾ ਦੇ ਵਿਕਾਸ ਦੇ ਰਾਹ ਦਾ ਰੋੜਾ ਹੀ ਨਹੀਂ ਸਗੋਂ ਇਸ ਨੇ ਕਵਿਤਾ ਨੂੰ ਲੰਗੜੀ ਕਰ ਦਿੱਤਾ ਹੈ| ਜਦ ਕਿ ਟੀ ਐੱਸ ਐਲੀਇੱਟ ਵਰਗਾ ਕਵੀ ਇਹ ਕਹਿੰਦਾ ਹੈ, “ਜਿੱਥੇ ਤਕ ਖੁੱਲ੍ਹੀ ਕਵਿਤਾ ਦਾ ਸਵਾਲ ਹੈ – ਕੋਈ ਵੀ ਕਾਵਿ ਵਿਧਾ ਉਸ ਆਦਮੀ ਦੀ ਪਹੁੰਚ ਤੋਂ ਬਾਹਰ ਨਹੀਂ ਜੋ ਚੰਗਾ ਕੰਮ ਕਰਨਾ ਚਾਹੁੰਦਾ ਹੈ| ਮੈਂ ਜਾਣਦਾ ਹਾਂ ਕਿ ਖੁੱਲ੍ਹੀ ਕਵਿਤਾ ਦੇ ਨਾਂ ਥੱਲੇ, ਕਵਿਤਾ ਹੀ ਨਹੀਂ, ਮਾੜੀ ਵਾਰਤਿਕ ਵੀ ਲਿਖੀ ਗਈ ਹੈ| ਕਵਿਤਾ ਉਹ ਕਹਿਣ ਦਾ ਯਤਨ ਕਰਦੀ ਹੈ ਜੋ ਵਾਰਤਿਕ ਨਹੀਂ ਕਹਿ ਸਕਦੀ|”

ਪੁਰਾਣੇ ਸਮਿਆਂ ਵਿਚ ਕਵਿਤਾ ਦਾ ਸੰਬੰਧ ਗਾਉਂਣ ਨਾਲ ਸੀ ਜਦਕਿ ਅਜੋਕੇ ਸਮੇਂ ਵਿਚ ਬੋਲਣ ਨਾਲ ਹੈ| ਕਵਿਤਾ ਦੀ ਪਰਖ, ਅਮਰੀਕਾ ਦੇ ਸ਼ਾਇਰ ਲੂਈਸ ਜ਼ੋਕੋਵਿਸਕੀ ਅਨੁਸਾਰ, “ਇਹ ਦੇਖਣਾ ਹੈ ਕਿ ਕਵਿਤਾ ਦੇਖਣ, ਸੁਣਨ ਤੇ ਗਿਆਨ ਦਾ ਆਨੰਦ ਕਿਸ ਸੀਮਾ ਤਕ ਦਿੰਦੀ ਹੈ ਜਾਂ ਦੇ ਸਕਦੀ ਹੈ|”

ਕਵਿਤਾ ਦੇ ਉਕਤ ਕੁਝ ਰੂਪਾਂ ਲੈਬੱਧ, ਛੰਦਬੱਧ ਤੇ ਖੁੱਲ੍ਹੀ ਕਵਿਤਾ ਅਤੇ ਪਰਖ ਦੇ ਕੁਝ ਮਾਪਡੰਡਾਂ ਨੂੰ ਲੈ ਕੇ, ਜਦੋਂ ਅਸੀਂ ਬਲਵਿੰਦਰ ਮਥਾਰੂ ਦੇ ਕਾਵਿ ਸੰਗ੍ਰਹਿ ‘ਸ਼ੁਭਕਰਮਨ’ ਦੀਆਂ ਕਵਿਤਾਵਾਂ ਨੂੰ ਘੋਖਦੇ ਹਾਂ ਤਾਂ ਸਾਨੂੰ ਕਵਿਤਾ ਦੇ ਭਿੰਨ ਭਿੰਨ ਰੂਪਾਂ ਤੇ ਪਰਖ ਦੇ ਮਾਪਡੰਡਾਂ ਤੇ ਪੂਰਨ ਉਤਰਦੀਆਂ ਦਿਖਾਈ ਦਿੰਦੀਆਂ ਹਨ|

ਇਸ ਕਾਵਿ ਸੰਗ੍ਰਹਿ, ‘ਸ਼ੁਭਕਰਮਨ’ ਵਿਚ ਕੁਲ 62 ਕਵਿਤਾਵਾਂ ਹਨ| ਜਿਨ੍ਹਾਂ ਵਿੱਚੋਂ 13 ਲੈਬੱਧ ਹਨ| ਦੋਹੇ ਛੰਦਬੱਧ ਹਨ ਤੇ ‘ਅੰਤ ਵਿਚ’ ਵਿਧਾਬੱਧ ਤੇ ਬਾਕੀ 47 ਖੁੱਲੀਆਂ ਕਵਿਤਾਵਾਂ ਹਨ| ਦੋਹੇ- ਰਵਾਇਤੀ ਕਵਿਤਾ ਹੈ ਤੇ ‘ਅੰਤ ਵਿਚ’ ਅਧੁਨਿਕ, ਉਰਦੂ ਦੀ ਮਸੱਲਸ ਜਾਂ ਗੁਲਜ਼ਾਰ ਸਾਹਿਬ ਦੀਆਂ ਤ੍ਰਿਵੇਣੀਆਂ | ਦੋ ਦੋ ਚਾਰ ਚਾਰ ਅਰਥ ਭਰਪੂਰ ਸ਼ਬਦਾਂ ਦੀਆਂ, ਬਿਨਾ ਤੁਕਾਂਤ ਤੋਂ ਤਿੰਨ ਤੁਕਾਂ| ਸੂਖਮ ਤੋਂ ਸੂਖਮ ਕਾਵਿ ਵਿਧਾ ਜੋ ਹਾਇਕੂ ਨਾਲੋਂ ਬਣਤਰ ਵਿਚ ਦੇਖਣ ਨੂੰ ਸਮਾਨ ਪਰ ਵਿਸ਼ੇ ਪੱਖੋਂ ਭਿੰਨ ਹੈ| ਦੋਹੇ ਜਿਵੇਂ:

ਚਿੜੀਆਂ ਰੁਣ ਝੁਣ ਛੇੜਿਆ ਮੂੰਹ ਹਨੇਰੇ ਨਾਲ
ਵਣਤ੍ਰਿਣ ਸੱਭੋ ਜਾਗਿਆ ‘ਰੰਭਿਆ ਦਿਨ ਦਾ ਤਾਲ

ਚਿੜੀਆਂ ਰਾਗ ਅਲਾਪਿਆ ਸਰਘੀ ਵੇਲੇ ਉੱਠ
ਸੂਰਜ ਕਿਰਨਾਂ ਭੇਜੀਆਂ ਸੁਣਕੇ ਹੋਇਆ ਤੁੱਠ

ਮਸੱਲਸ ਜਾਂ ਤ੍ਰਿਵੇਣੀ:

ਬੱਦਲ਼ ਰਿਹਾ ਨਹਾ
ਰਾਹ ਵਿਚ ਅਟਕੇ
ਮੀਂਹ ਦੇ ਪਾਣੀ ਵਿਚ
ਕੱਲਾ ਚੱਲਿਆ ਸੈਰ ਨੂੰੰ
ਚੰਨ
ਹੋ ਤੁਰਿਆ ਨਾਲ

ਲੈਬੱਧ ਕਵਿਤਾਵਾਂ ਵਿਚ ਕਈ ਇਸ ਤਰ੍ਹਾਂ ਦੀਆਂ ਕਵਿਤਾਵਾਂ ਹਨ ਜਿਨ੍ਹਾਂ ਨੂੰ ਅਗਰ ਪਿੰਗਲ ਦੀ ਕਸਵੱਟੀ ਤੇ ਪਰਖੀਏੇ ਤਾਂ ਉਹ ਕਿਸੇ ਨਾ ਕਿਸੇ ਭਾਰਤੀ ਮਾਤਰਿਕ ਛੰਦ ਵਿਚ ਰਚੀਆਂ ਜਾਪਦੀਆਂ ਹਨ | ਜਿਵੇਂ – ਹੁਣ ਮੇਰੇ ਨਾਲ ਤਾਰੇ ਤੁਰਦੇ 13 ½ ਮਾਤਰੇ

ਹੁਣ ਮੇਰੇ ਨਾਲ ਤਾਰੇ ਤੁਰਦੇ
ਚੰਨ ਵੀ ਸਾਰੀ ਰਾਤ
ਸੁਰਜ ਪਹੁਫੁਟਾਲੇ ਤੁਰਦਾ
ਜਗਮਗ ਜੋਤ ਜਗਾਤ
… …

ਹੁਣ ਮੇਰੇ ਨਾਲ ਤੂੰ ਵੀ ਤੁਰਦਾ
ਬਿਨ ਪੈਰਾਂ ਦੇ ਨਾਲ
ਹਰ ਰਸ ਅੰਦਰ ਹਰ ਅੰਗ ਅੰਦਰ
ਮਹਿਕੇਂ ਵਾਂਗ ਗੁਲਾਬ

ਇਵੇਂ ਹੀ ਧਰੂ ਤਾਰਾ ਜੋ ਪਿੰਗਲ ਅਨੁਸਾਰ ਮਾਤਰਿਕ ਛੰਦ ਲਲਿਤ ਜਾਂ ਸਵਰਨਾ ਛੰਦ ਦਾ ਮਿਸ਼ਰਨ ਹੈ:

ਹੱਥ ਟਾਹਲੀ ਦੇ ਪੱਤਿਆਂ ਜਿੱਡੇ
ਨਾਪ ਮੇਰੇ ਪੈਰਾਂ ਦਾ ਇਕ ਸੀ
ਅੱਖਾਂ ਵਿਚ ਉਗਮਦੇ ਸੁਪਨੇ
ਚੰਦ ਤਾਰੇ ਵੀ ਮੇਰੇ ਮਿੱਤ ਸੀ
… …

ਰੁੱਖ ਮੈਨੂੰ ਪੰਘੂੜੇ ਜਾਪਣ
ਦਿਲ ਦੀ ਧੜਕਣ ਘੁੱਗੀਆਂ ਹੀ ਸਨ
ਲਫ਼ਜ਼ ਮੇਰੇ ਸੀ ਗੁੰਗੇ ਗੁੰਗੇ
ਬੋਲ ਮੇਰੇ ਅਣਬੋਲੇ ਹੀ ਸਨ

ਉੱਪਰਲੀਆਂ ਦੋਹਾਂ ਵੰਨਗੀਆਂ ਦੇ ਦੂਜੇ ਬੰਦਾਂ ਨੂੰ ਗਹੁ ਨਾਲ ਦੇਖਿਆਂ ਤੇ ਵਿਚਾਰਿਆਂ ਪਤਾ ਲਗਦਾ ਹੈ ਕਿ ਬਲਵਿੰਦਰ ਮਥਾਰੂ ਸ਼ਬਦਾਂ ਨਾਲ ਕਿਵੇਂ ਖੇਡਦਾ ਹੈ ਅਤੇ, ਉਨ੍ਹਾਂ ਨੂੰ ਆਪਣੇ ਤਕ ਹੀ ਮਹਿਦੂਦ ਰੱਖ ਕੇ ਤੁਹਾਡੇ ਮਨਾਂ ਵਿਚ ਕਿਵੇਂ ਉਤਸੁਕਤਾ ਪੈਦਾ ਕਰਕੇ ਸੋਚਣ `ਤੇ ਮਜਬੂਰ ਕਰਦਾ ਹੈ| ਫਿਰ ਇਨ੍ਹਾਂ ਸਤਰਾਂ ਵਿਚ – ‘ਬਿਨ ਪੈਰਾਂ ਦੇ ਨਾਲ| ਰੁੱਖ ਮੈਨੂੰ ਪੰਘੂੜੇ ਜਾਪਣ| ਦਿਲ ਦੀ ਧੜਕਣ ਘੁੱਗੀਆਂ ਹੀ ਸਨ| ਹਰ ਰਸ ਅੰਦਰ ਹਰ ਅੰਗ ਅੰਦਰ …’ ਅਣਕਹੀ ਕਵਿਤਾ ਦਾ ਆਨੰਦ ਲੈਣ ਲਈ ਕਿਵੇਂ ਭਰਮਾਉਂਦਾ ਹੈ| ਖਾਸ ਕਰਕੇ ਪਹਿਲੀ ਵੰਨਗੀ ਵਿਚ| ਉਹ ਤੁਹਾਨੂੰ ਇਹ ਵੀ ਨਹੀਂ ਦੱਸਦਾ ਕਿ “ਤੂੰ” ਕੌਣ ਹੈ ਜੋ ਬਿਨਾ ਪੈਰਾਂ ਦੇ ਉਸ ਨਾਲ ਤੁਰ ਰਿਹਾ ਹੈ| ਉਹ ਹਕੀਕਤਨ ਹੈ ਵੀ ਕਿ ਨਹੀਂ! ਜਾਂ ਫਿਰ ਖਿਆਲ ਹੀ ਖਿਆਲ ਹੈ| ਕਿਸ ਦਾ? ਪਤਾ ਨਹੀਂ| ਜਾਂ ਫਿਰ ਉਰਦੂ ਦੇ ਮਾਰੂਫ਼ ਸ਼ਾਇਰ, ਹਕੀਮ ਮੋਮਨ ਖ਼ਾਂ ਮੋਮਨ ਵਾਂਗ-

ਤੁਮ ਮੇਰੇ ਪਾਸ ਹੋਤੇ ਹੋ ਗੋਇਆ
ਜਬ ਕੋਈ ਦੂਸਰਾ ਨਹੀਂ ਹੋਤਾ

ਆਜ਼ਾਦ ਜਾਂ ਖੁੱਲ੍ਹੀ ਕਵਿਤਾ ਦਾ ਆਪਣਾ ਇਕ ਵਿਧਾਨ ਹੈ| ਜਿਸ ਦੇ ਆਧਾਰ ‘ਤੇ ਬਲਵਿੰਦਰ ਮਥਾਰੂ ਦੀਆਂ ਖੁੱਲ੍ਹੀਆਂ ਕਵਿਤਾਵਾਂ ਦੀ ਬੁਣਤਰ ਤੇ ਬਣਤਰ ਨੂੰ ਪਰਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਵਾਰਤਿਕ ਨਹੀਂ ਹਨ ਤੇ ਖੁੱਲ੍ਹੀ ਕਵਿਤਾ ਦੇ ਵਿਧਾਨ ‘ਤੇ ਪੂਰੀਆਂ ਉਤਰਦੀਆਂ ਹਨ | ਜਿਵੇਂ :
ਮੈਂ ਕੋਣ ਹਾਂ? (ਪ:15) – ਚੁੱਪ (ਪ:17) – ਛੁੱਟੀ ਦਾ ਦਿਨ (ਪ:30) – ਮਿੱਟੀ ਦੇ ਸਿਰ (ਪ:52) – ਪਾਰਕ ਵਿਚ ਖੜ੍ਹੇ ਰੁੱਖ (ਪ:94) – ਸਵੇਰੇ ਸਵੇਰੇ (ਪ:100) – ਤੀਨ ਤਾਲ (ਪ:102) ਆਦਿ|

ਜਿੱਥੇ, ਮਥਾਰੂ ਦੀਆਂ ਖੁੱਲ੍ਹੀਆਂ ਕਵਿਤਾਵਾਂ ਦੀ ਗਿਣਤੀ ਬਹੁਤ ਵੱਡੀ (47) ਹੈ ਉੱਥੇ ਉਸ ਦੇ ਵਿਸ਼ੇ ਵਸਤੂ ਦਾ ਘੇਰਾ ਵੀ ਬਹੁਤ ਵਿਸ਼ਾਲ ਹੈ| ਬਹੁਤ ਸਾਰੀਆਂ ਕਵਿਤਾਵਾਂ ਵਿਚ ਨਿੱਜ – ਮਾਂ, ਤੇਰੇ ਵਿਦਾ ਹੋਣ ਪਿੱਛੋਂ, ਮੇਰੀ ਦਾਦੀ ਆਦਿ ਜਨ-ਜੀਵਨ ਤੇ ਕੁਦਰਤ ਦੀ ਅਕਸਨਿਗਾਰੀ ਬੇਮਸਾਲ ਹੈ ਤੇ ਇਨ੍ਹਾਂ ਵਿਚ ਮਥਾਰੂ ਨਵੇਂ ਬਿੰਬ, ਰੂਪਕ ਤੇ ਪਰਤੀਕਾਂ ਦੀ ਵਰਤੋਂ ਦਿਲ ਖੋਲ੍ਹ ਕੇ ਕਰਦਾ ਹੈ| ਜਿਵੇਂ, ਤੇਰੇ ਜਾਣ ਪਿੱਛੋਂ ਦਾ ਆਖਰੀ ਬੰਦ:

ਮੇਰੇ ਕੋਲ ਤੇਰੀ ਮੁੱਠ ਕੁ ਮਿੱਟੀ
ਮੋਢਿਆਂ ਤੇ ਜੰਮ ਰਹੀ ਕੰਕਰੀਟ

ਤੇ ਅੱਖ ਵਿਚ
ਚਿੜੀਆਂ ਦਾ ਆਲ੍ਹਣਾ ਨੋਚ ਕੇ ਗਈ
ਬਿੱਲੀ ਦੀ ਪੈੜ …

ਇਨ੍ਹਾਂ ਵਿਚਲੀ ਕਵਿਤਾ ਬਾਰੇ ਚੰਦ ਸ਼ਬਦਾਂ ਵਿਚ ਇਹੀ ਕਹਿਣਾ ਨਿਰਾ ਵਾਜਬ ਹੀ ਨਹੀਂ ਸਗੋਂ ਪੂਰਨ ਸਹੀ ਹੋਵੇਗਾ ਕਿ ਮਥਾਰੂ ਦੀ ਕਵਿਤਾ ਨਿੱਜ ਦੀ ਹੁੰਦਿਆਂ ਹੋਇਆ ਵੀ ਸਾਡੇ ਸਾਰਿਆ ਨਾਲ ਸੰਬੰਧਤ ਹੈ| ਕਵਿਤਾ ਵਿਚ ਸੂਖਮਤਾ ਹੈ| ਉਹ ਕੁਦਰਤ ਦਾ ਕਵੀ ਵੀ ਹੈ ਤੇ ਉਸ ਦੀਆਂ ਕਵਿਤਾਵਾਂ ਅੰਦਰ ਕਵਿਤਾਵਾਂ ਹਨ | ਜਿਵੇਂ:

ਫ਼ਾਸਲਾ

ਬਿਰਖ
ਜੰਗਲ
ਜੰਗਲ ਦਾ ਰਾਜਾ
ਕੀੜੀਆਂ
ਅਤੇ ਮੈਂ

‘ਮੈਂ’
‘ਤੂੰ’ ਦੀ ਉਡੀਕ ਵਿਚ
ਕਿੰਨੀ ਉਮਰਾ
ਜਗਦਾ ਬੁਝਦਾ ਰਿਹਾ ਹੈ
ਜਦੋਂ ਆਸਮਾਨ ਪਾਟੇਗਾ
ਬੂੰਦ ਬੂੰਦ ਬਣ
ਸ਼ਬਦਾਂ ਤੋਂ ਵੀ ਉੱਪਰ
ਨਿ-ਸ਼ਬਦ ਬਰਸੇਗਾ
ਤੇ ਚੂਸ ਲਵੇਗਾ
‘ਤੂੰ’ ਤੇ ‘ਮੈਂ’
ਵਿਚਲਾ ਫ਼ਾਸਲਾ

ਇਕ ਹੋਰ ਵੰਨਗੀ ਦੇਖੋ:

ਮਿੱਟੀ ਦੇ ਸਿਰ

ਘੜੀ ਦਾ ਟਿੱਕ ਟਿੱਕ
ਕਰਦੇ ਰਹਿਣਾ
ਹਿੰਦਸਿਆਂ ਦਾ ਏਧਰ ਓਧਰ
ਹੋਈ ਜਾਣਾ
ਨਵੇਂ ਸਾਲ ਦਾ ਚੜ੍ਹਨਾ
ਤੇ ਟੁਰ ਜਾਣਾ
ਬੱਸ ਖੇਡ ਹੈ ਸਿਰਾਂ ਦੀ
ਤੇ ਖੇਡਦੇ ਮਿੱਟੀ ਦੇ ਸਿਰ
ਜੋ ਖੁਰ ਜਾਂਦੇ ਤਿੜਕ ਜਾਂਦੇ

ਬਦਲਦੇ ਮੌਸਮਾਂ ਨੂੰ ਸੇਕਦੇ
ਸਿਰ ਹੋਰ ਹੁੰਦੇ ਹਨ
ਬਦਲਦੇ ਮੌਸਮਾਂ ਨੂੰ ਮਾਣਦੇ
ਸਿਰ ਹੋਰ ਹੁੰਦੇ ਹਨ

ਕਿਉਂ ਕਿਵੇਂ ਲੱਗੀਆਂ ਦੋਵੇਂ ਕਵਿਤਾਵਾਂ? ਹੈਣ ਨਾ ਨਿੱਜ ਨਾਲ ਸੰਬੰਧਤ? ਤੁਹਾਨੂੰ ਮੁਖਾਤਬ? ਸੂਖਮਤਾ ਦੀਆਂ ਅਣਮੋਲ ਮੂਰਤਾਂ? ਕੁਦਰਤ ਦੀ ਚਿਤਰਕਾਰੀ ਕਰਦੀਆਂ? ਉਸ ਨਾਲ ਗੱਲਾਂ ਕਰਦੀਆਂ ਤੇ ਕਹਾਣੀਆਂ ਪਾਉਂਦੀਆਂ? ਜੇ ਮੈਂ ਚਾਹਾਂ ਤਾਂ 47 ਕਵਿਤਾਵਾਂ ਵਿੱਚੋਂ, 47 ਵੰਨਗੀਆਂ ਪੇਸ਼ ਕਰ ਸਕਦਾ ਹਾਂ ਪਰ, ਡਰ ਹੈ ਕਿ ਫਿਰ ਪਾਠਕ ਜੀ, ਤੁਸੀਂ ਕੀ ਪੜ੍ਹੋਗੇ?

ਮਥਾਰੂ, ਕਾਵਿ ਸੰਗ੍ਰਹਿ ਦੇ ਅਰੰਭ ਵਿਚ ‘ਆਪਣੇ ਵੱਲੋਂ’ ਵਿਚ ਲਿਖਦਾ ਹੈ – “ਸ਼ੁਭਕਰਮਨ ਦੀਆਂ ਬਹੁਤੀਆਂ ਕਵਿਤਾਵਾਂ ਦੀ ਪ੍ਰੇਰਣਾ ਮੈਨੂੰ ਫ਼ਰਾਂਸ ਦੀ ਲੋਆ੍ਰ ਵੈਲੀ ਦੇ ਇਲਾਕੇ ਨੇ ਦਿੱਤੀ…”ਤੇ ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ੳੁਸ ਵਾਦੀ ਦੇ ਵਸਨੀਕਾਂ ਤੇ ਵਾਦੀ ਦੀ ਸੁੰਦਰਤਾ ਬਾਰੇ ਲਿਖੀਆਂ| ਜਿਵੇਂ ਛੁੱਟੀ ਦਾ ਦਿਨ, ਜੰਗਲ ਦੀ ਸੈਰ, ਮੈਂ ਤਾਕੀ ਹਾਂ, ਹਿਰਨ ਦਾ ਬੱਚਾ, ਫਰਨੋ, ਮਿਸਟਰ ਮੇਅਰ, ਬੀਬੀ ਲੁਸੈੱਟ, ਅੰਬਰ ਦੀ ਕਵਿਤਾ, ਧਰੂ ਤਾਰਾ, ਪਤੰਗ, ਸੱਪ, ਸਵੇਰੇ ਸਵੇਰੇ, ਰੰਗ ਆਦਿ| ਮਥਾਰੂ, ਇਨ੍ਹਾਂ ਕਵਿਤਾਵਾਂ ਵਿਚ, ਰਿਗ ਵੇਦ ਦੇ ਰਿਸ਼ੀ, ਜੋ ਕੈਲਾਸ਼ ਪਰਬਤ ਦੇ ਇਲਾਕੇ ਤੇ ਸਿੰਧ ਨਦੀ ਦੀ ਸੁੰਦਰਤਾ ਦਰਸਾਉਂਦਾ ਹੈ, (ਅਜਿੱਤ ਸਿੰਧ, ਪ੍ਰਭਾਵਕਾਰੀਆਂ ਵਿੱਚੋਂ ਪ੍ਰਭਾਵਕਾਰੀ, ਘੋੜੀ ਵਾਂਗ ਛੁਰਲੀਆਂ ਛੱਡਦੀ, ਸੁੰਦਰ ਇਸਤਰੀ ਵਾਂਗ ਛੈਲ ਛਬੀਲੀ) ਵਾਂਗ, ਐਨੇ ਢੁੱਕਵੇਂ ਚਿਤਰਕ ਸ਼ਬਦ ਵਰਤਦਾ ਹੈ ਕਿ ਤੁਸੀਂ ਸਹਿਜੇ ਹੀ ਉਸ ਵਾਦੀ ਦੇ ਵਸਨੀਕਾਂ ਦੀ ਰਹਿਤਲ, ਧਰਤੀ ਦੇ ਦ੍ਰਿਸ਼ ਤੇ ਕੁਦਰਤ ਦੀ ਸੁੰਦਰਤਾ ਕਲਪ ਸਕਦੇ ਹੋ| ਬਸ, ਥੋੜ੍ਹੀ ਜਿਹੀ ਕਲਪਨਾ ਸ਼ਕਤੀ ਦੀ ਲੋੜ ਹੈ|

ਅੰਤ ਵਿਚ, ਜੇ ਕਰ ਕੋਈ ਵਿਅਕਤੀ ਜਾਂ ਪਾਠਕ ਗਿਆਨ ਤੇ ਆਨੰਦ ਮਾਨਣ ਲਈ, ਜੌਨ ਕੀਟਸ ਵਾਂਗ, ਉਮਰ-ਏ-ਖਿਆਮ ਦੀ ਰੁਬਾਈ ਵਿੱਚੋਂ, ਸ਼ਬਦ ਔਰਤ ਦੀ ਥਾਂ ਮੁਹਤਦਿਲ ਮੌਸਮ ਵਰਤ ਕੇ ਕਹੇ, “Give me books, fruit, French wine, fine weather & a little music” “ਮੈਨੂੰ ਕਿਤਾਬਾਂ, ਫਲ਼, ਫ਼ਰਾਂਸੀਸੀ ਸ਼ਰਾਬ, ਮੁਹਤਦਿਲ ਮੌਸਮ ਤੇ ਥੋੜ੍ਹਾ ਸੰਗੀਤ ਦਿਓ …” ਤਾਂ ਮੈਂ ਉਸਨੂੰ ਸ਼ੁਭਕਰਮਨ ਹੀ ਪੜ੍ਹਨ ਲਈ ਦਿਆਂਗਾ| ਮੌਸਮ ਤੇ ਸੰਗੀਤ ਤਾਂ ਠੀਕ ਪਰ ਫ਼ਰਾਂਸੀਸੀ ਵਾਈਨ … ਕਵਿਤਾ ਦਰ ਕਵਿਤਾ – ਸ਼ੁਭਕਰਮਨ |
***

ਲੇਖਕ: ਬਲਵਿੰਦਰ ਮਥਾਰੂ
ਪ੍ਰਕਾਸ਼ਕ:- ਕੌਪਰ ਕੌਇਨ ਪਬਲਿਸ਼ਰ 17D/321 ਕੋਣਾਰਕ ਐਨਕਲੇਵ ਵਸੁੰਦਰਾ, ਗ਼ਾਜ਼ੀਆਬਾਦ-201012

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
985
***

About the author

ਨਦੀਮ ਪਰਮਾਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Vancouver,
British Columbia,

Canada.
e-mail:nadeemparmar@shaw.ca

ਨਦੀਮ ਪਰਮਾਰ

Vancouver, British Columbia, Canada. e-mail:nadeemparmar@shaw.ca

View all posts by ਨਦੀਮ ਪਰਮਾਰ →