11 February 2026

ਗੁਨ ਗਾਵਤ ਤੇਰੀ ਉਤਰਸਿ ਮੈਲੁ — ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦਾ ਮਕਸਦ ਮਨੁੱਖ ਦੇ ਜੀਵਨ ਨੂੰ ਸੁਧਾਰਨਾ ਅਤੇ ਉਸ ਨੂੰ ਸਚਿਆਰਾ ਬਣਨ ਲਈ ਪ੍ਰੇਰਿਤ ਕਰਨਾ ਹੈ। ਇਸ ਅਨੁਸਾਰ, ਜਦੋਂ ਵੀ ਗੁਰਬਾਣੀ ਦੇ ਕਿਸੇ ਸ਼ਬਦ ਜਾਂ ਪੰਗਤੀ ਦੇ ਅੰਤਰਿਵ ਭਾਵ ਸਮਝਣੇ ਹੋਣ, ਤਾਂ ਇਹ ਸਮਝਣਾ ਲਾਜ਼ਮੀ ਹੈ ਕਿ ਉਸ ਰਾਹੀਂ ਜੀਵਨ-ਸੁਧਾਰ ਸੰਬੰਧੀ ਕਿਹੜਾ ਸੁਨੇਹਾ ਦਿੱਤਾ ਗਿਆ ਹੈ। ਇਸੇ ਲਈ ਗੁਰਬਾਣੀ ਦੀ ਵਿਆਖਿਆ ਕਰਦਿਆਂ ਇਸ ਆਧਾਰ ਨੂੰ ਕੇਂਦਰ ਵਿਚ ਰੱਖਣਾ ਜ਼ਰੂਰੀ ਹੋ ਜਾਂਦਾ ਹੈ।

ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਗੁਰਬਾਣੀ ਦੀ ਪੰਗਤੀ—

ਗੁਨ ਗਾਵਤ ਤੇਰੀ ਉਤਰਸਿ ਮੈਲੁ॥ ਬਿਨਸਿ ਜਾਇ ਹਉਮੈ ਬਿਖੁ ਫੈਲੁ॥ (ਗੁਰੂ ਗ੍ਰੰਥ ਸਾਹਿਬ, ਪੰਨਾ 289)

—ਦਾ ਅਰਥ ਸਮਝਦਿਆਂ ਇਹ ਵਿਚਾਰ ਕਰਨਾ ਹੋਵੇਗਾ ਕਿ ਇਸ ਰਾਹੀਂ ਜੀਵਨ-ਸੁਧਾਰ ਲਈ ਕਿਹੜਾ ਸੁਨੇਹਾ ਦਿੱਤਾ ਗਿਆ ਹੈ।

ਇਸ ਪੰਗਤੀ ਦੇ ਪਹਿਲੇ ਹਿੱਸੇ ਵਿਚ ਗੁਰੂ ਸਾਹਿਬ ‘ਮੈਲ’ ਦੀ ਗੱਲ ਕਰਦੇ ਹਨ ਅਤੇ ਦੂਜੇ ਹਿੱਸੇ ਵਿਚ ਇਸੇ ਮੈਲ ਨੂੰ ‘ਹਉਮੈ-ਰੂਪੀ ਬਿਖ’ ਕਹਿੰਦੇ ਹਨ। ਸਭ ਤੋਂ ਪਹਿਲਾਂ ਇਹ ਸਮਝਣਾ ਲਾਜ਼ਮੀ ਹੈ ਕਿ ਇਹ ਮੈਲ ਕੀ ਹੈ। ਇੱਕ ਮੈਲ ਉਹ ਹੁੰਦੀ ਹੈ ਜਿਸ ਨਾਲ ਮਨੁੱਖੀ ਸਰੀਰ ਮੈਲਾ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਮੈਲ ਨੂੰ ਸਾਬਣ ਅਤੇ ਪਾਣੀ ਨਾਲ ਧੋ ਕੇ ਸਾਫ ਕੀਤਾ ਜਾ ਸਕਦਾ ਹੈ, ਜਿਸ ਨਾਲ ਸਰੀਰ ਸਾਫ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਇੱਕ ਹੋਰ ਮੈਲ ਮਨੁੱਖ ਦੇ ਅੰਦਰ —ਅਰਥਾਤ ਮਨ ਦੀ ਮੈਲ—ਵੀ ਹੁੰਦੀ ਹੈ। ਮਨ ਦੀ ਮੈਲ ਮਨੁੱਖ ਦੇ ਬੁਰੇ ਅਤੇ ਨਕਾਰਾਤਮਕ ਵਿਚਾਰਾਂ ਦੀ ਉਤਪੱਤੀ ਹੁੰਦੀ ਹੈ। ਵਿਚਾਰ-ਅਧੀਨ ਪੰਗਤੀ ਵਿਚ ਗੁਰੂ ਸਾਹਿਬ ਇਸੇ ਮਨ ਦੀ ਮੈਲ ਵੱਲ ਸੰਕੇਤ ਕਰਦੇ ਹਨ, ਕਿਉਂਕਿ ਮਨ ਦੀ ਮੈਲ ਕਾਰਨ ਹੀ ਮਨੁੱਖ ਕੁਕਰਮ ਅਤੇ ਪਾਪ ਕਰਦਾ ਹੈ। ਇਸੇ ਲਈ ਮਨ ਦੀ ਇਸ ਮੈਲ ਨੂੰ ਪਾਪ-ਰੂਪੀ ਮੈਲ ਵੀ ਕਿਹਾ ਗਿਆ ਹੈ। ਇਹ ਮੈਲ ਸਾਬਣ ਅਤੇ ਪਾਣੀ ਨਾਲ ਨਹੀਂ ਧੁਲ ਸਕਦੀ।

ਮਨ ਦੀ ਮੈਲ ਹਉਮੈ ਕਰਕੇ ਉਪਜਦੀ ਹੈ। ਹਉਮੈ ਨਾਲ ਭਰਿਆ ਮਨ ਆਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨੂੰ ਤੁੱਛ ਸਮਝਦਾ ਹੈ। ਇਸੇ ਕਾਰਨ ਐਸੇ ਮਨ ਵਿਚ ਈਰਖਾ, ਵੈਰ-ਵਿਰੋਧ, ਦ੍ਵੈਸ਼, ਨਫ਼ਰਤ ਅਤੇ ਗਿਲ੍ਹੇ-ਸ਼ਿਕਵੇ ਵਰਗੇ ਬੁਰੇ ਵਿਚਾਰ ਜਨਮ ਲੈਂਦੇ ਹਨ। ਇਹ ਇੱਕ ਵਿਗਿਆਨਕ ਸਚਾਈ ਵੀ ਹੈ ਕਿ ਨਕਾਰਾਤਮਕ ਵਿਚਾਰ ਸਰੀਰ ਵਿਚ ਅਜਿਹੇ ਹਾਰਮੋਨ ਪੈਦਾ ਕਰਦੇ ਹਨ ਜੋ ਸਰੀਰ ਨੂੰ ਰੋਗੀ ਬਣਾ ਦਿੰਦੇ ਹਨ। ਇਹ ਠੀਕ ਓਹੀ ਪ੍ਰਭਾਵ ਹੈ ਜੋ ਜ਼ਹਿਰ ਦੇ ਸੇਵਨ ਨਾਲ ਸਰੀਰ ਉੱਤੇ ਪੈਂਦਾ ਹੈ। ਇਸੇ ਲਈ ਗੁਰਬਾਣੀ ਵਿਚ ਹਉਮੈ ਨੂੰ ‘ਬਿਖ’ ਕਿਹਾ ਗਿਆ ਹੈ।

ਹਉਮੈ ਨਾਲ ਭਰਿਆ ਮਨ ਆਪਣੇ ਅੰਦਰ ਹੋਰਨਾਂ ਪ੍ਰਤੀ ਕੁੜੱਤਣ ਕਾਇਮ ਰੱਖਦਾ ਹੈ। ਇਹ ਕੁੜੱਤਣ ਮਨੁੱਖ ਦੇ ਸਰੀਰ ਨੂੰ ਗਲਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਮਨ ਦੇ ਨਾਲ-ਨਾਲ ਸਰੀਰ ਵੀ ਰੋਗੀ ਹੋ ਜਾਂਦਾ ਹੈ। ਜਦ ਤੱਕ ਮਨ ਵਿਚੋਂ ਨਕਾਰਾਤਮਕ ਵਿਚਾਰਾਂ ਦੀ ਮੈਲ ਦੂਰ ਨਹੀਂ ਹੁੰਦੀ, ਮਨੁੱਖ ਸੱਚੇ ਅਰਥਾਂ ਵਿਚ ਸੁਖੀ ਨਹੀਂ ਰਹਿ ਸਕਦਾ। ਮਨ ਦੀ ਇਸ ਮੈਲ ਨੂੰ ਧੋਣ ਲਈ ਕਈ ਲੋਕ ਤੀਰਥਾਂ ’ਤੇ ਜਾ ਕੇ ਸਨਾਨ ਕਰਦੇ ਹਨ, ਪਰ ਇਹ ਸਿਰਫ਼ ਇਕ ਭਰਮ ਹੀ ਹੁੰਦਾ ਹੈ। ਤੀਰਥਾਂ ’ਤੇ ਸਨਾਨ ਕਰਨ ਨਾਲ ਮਨ ਦੀ ਮੈਲ ਸਾਫ ਨਹੀਂ ਹੁੰਦੀ;  ਕਈ ਵਾਰ ਇਸ ਨਾਲ ਹਉਮੈ ਹੋਰ ਵੱਧ ਜਾਂਦੀ ਹੈ। ਇਸੇ ਲਈ ਗੁਰਬਾਣੀ ਸਪੱਸ਼ਟ ਤੌਰ ’ਤੇ ਕਹਿੰਦੀ ਹੈ:

ਮਨਿ ਮੈਲੈ ਸਭੁ ਕਿਛੁ ਮੈਲਾ॥ ਤਨਿ ਧੋਤੈ ਮਨੁ ਹਛਾ ਹੋਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 558)

ਅਰਥਾਤ, ਜਦ ਮਨ ਵਿਚ ਮੈਲ—ਬੁਰੇ ਖਿਆਲ—ਹੋਣ, ਤਾਂ ਸਰੀਰ ਦੇ ਸਾਰੇ ਕਰਮ ਵੀ ਮੈਲੇ ਹੋ ਜਾਂਦੇ ਹਨ। ਸਿਰਫ਼ ਸਰੀਰ ਧੋਣ ਜਾਂ ਤੀਰਥ-ਸਨਾਨ ਕਰਨ ਨਾਲ ਮਨ ਸ਼ੁੱਧ ਨਹੀਂ ਹੁੰਦਾ। ਮਨ ਦੀ ਇਸ ਮੈਲ ਨੂੰ ਧੋਣ ਦਾ ਬਿੰਦੂ ਗੁਰੂ ਸਾਹਿਬ ਸਪੱਸ਼ਟ ਕਰਦੇ ਹਨ:

ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਗੁਰੂ ਗ੍ਰੰਥ ਸਾਹਿਬ, ਪੰਨਾ 4)

ਅਰਥਾਤ, ਜੋ ਮਨ ਬੁਰੇ ਵਿਚਾਰਾਂ ਨਾਲ ਭਰ ਜਾਂਦਾ ਹੈ, ਉਸ ਦੀ ਮੈਲ ਸੁਚੱਜੇ ਰੱਬੀ ਗੁਣਾਂ ਦੇ ਰੰਗ ਵਿਚ ਰੰਗਣ ਨਾਲ ਹੀ ਧੁਲ ਸਕਦੀ ਹੈ। ਭਾਵ, ਜਦ ਮਨੁੱਖ ਰੱਬੀ ਗੁਣਾਂ ਨੂੰ ਪੂਰਨ ਤੌਰ ’ਤੇ ਅਪਣਾਉਂਦਾ ਹੈ, ਤਦ ਬੁਰੇ ਵਿਚਾਰ ਆਪਣੇ ਆਪ ਦੂਰ ਹੋਣ ਲੱਗ ਪੈਂਦੇ ਹਨ। ਇਹੀ ਭਾਵ ਵਿਚਾਰ-ਗੋਚਰ ਪੰਗਤੀ ਵਿਚ ਵੀ ਪ੍ਰਗਟ ਹੁੰਦਾ ਹੈ— ਗੁਨ ਗਾਵਤ ਤੇਰੀ ਉਤਰਸਿ ਮੈਲੁ॥

ਅਰਥਾਤ, ਜਦ ਮਨੁੱਖ ਰੱਬੀ ਗੁਣਾਂ ਨੂੰ ਗਾਉਂਦਾ – ਅਰਥਾਤ, ਅਪਣਾਉਂਦਾ ਅਤੇ ਜੀਵਨ ਵਿਚ ਧਾਰਨ ਕਰਦਾ ਹੈ, ਤਦ ਮਨ ਦੀ ਮੈਲ ਦੂਰ ਹੋ ਜਾਂਦੀ ਹੈ। ਹਉਮੈ ਕਰਕੇ ਜੋ ਬੁਰੇ ਵਿਚਾਰਾਂ ਦਾ ਜ਼ਹਿਰ ਮਨ ਵਿਚ ਫੈਲਿਆ ਹੋਇਆ ਹੁੰਦਾ ਹੈ, ਉਹ ਸੁਚੱਜੇ ਗੁਣ ਅਪਣਾਉਣ ਨਾਲ ਹੀ ਸਾਫ ਕੀਤਾ ਜਾ ਸਕਦਾ ਹੈ। ਸਪੱਸ਼ਟ ਹੈ ਕਿ ਜਦ ਮਨ ਪਵਿੱਤਰ ਹੋ ਜਾਂਦਾ ਹੈ, ਤਾਂ ਜੀਵਨ ਪੂਰਨ ਤੌਰ ’ਤੇ ਸੁਖੀ ਅਤੇ ਸ਼ਾਂਤਮਈ ਬਣ ਜਾਂਦਾ ਹੈ। ਇਹੀ ਗੁਰਬਾਣੀ ਦਾ ਅਸਲ ਮਨੋਰਥ ਹੈ।
***
ਐਡਵੋਕੇਟ ਸੁਰਿੰਦਰ ਸਿੰਘ ਕੰਵਰ
Whatapp No. +61-470306519
kanwar238@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1743
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਐਡਵੋਕੇਟ ਸੁਰਿੰਦਰ ਸਿੰਘ ਕੰਵਰ

View all posts by ਐਡਵੋਕੇਟ ਸੁਰਿੰਦਰ ਸਿੰਘ ਕੰਵਰ →