|
ਮਨੁੱਖ ਸੌਂਦਿਆਂ-ਜਾਗਦਿਆਂ ਸੁਪਨੇ ਲੈਂਦਾ ਰਹਿੰਦਾ ਹੈ ਅਤੇ ਲੈਂਦਾ ਵੀ ਰਹੇਗਾ… ਮੁੱਢ ਕਦੀਮ ਤੋਂ ਹੀ ਉਸ ਦੀ ਜਿਗਿਆਸੂ ਅਤੇ ਸੁਭਾਵਿਕ ਰੁਚੀ ਉਸ ਨੂੰ ਨਵੀਆਂ ਰਾਹਾਂ ਅਤੇ ਨਵੀਆਂ ਥਾਹਾਂ ਵੱਲ ਖਿੱਚ ਕੇ ਲੈ ਤੁਰਦੀ ਹੈ। ਕਦੇ-ਕਦਾਈਂ ਉਹ ਇੰਨ੍ਹਾਂ ‘ਘੁਮੱਕੜਨਾਮਿਆਂ’ ਦੇ ਪਲਾਂ ਦੌਰਾਨ ਉਤਪੰਨ ਹੋਏ ਮਨ ਦੇ ਅਹਿਸਾਸ, ਅਨੁਭਵ, ਵਲਵਲੇ, ਖ਼ਿਆਲ, ਗੱਲਾਂ-ਬਾਤਾਂ, ਤਜਰਬਿਆਂ ਅਤੇ ਯਾਦਾਂ ਨੂੰ ਦੂਸਰੇ ਲੋਕਾਂ ਨਾਲ਼ ਕਲਾਤਮਿਕ ਢੰਗ ਨਾਲ਼ ਸਾਂਝਿਆਂ ਵੀ ਕਰਨਾ ਚਾਹੁੰਦਾ ਹੈ ਤਾਂ ਕਿ ਪੜ੍ਹਨ ਵਾਲੇ ਉਸ ਦੀਆਂ ਨਜ਼ਰਾਂ ਅਤੇ ਮਨ ਦੇ ਕੈਮਰੇ ਰਾਹੀਂ ਉਸ ਸਫ਼ਰ ਨੂੰ ਦੇਖ, ਸਮਝ, ਮਹਿਸੂਸ ਅਤੇ ਮਾਣ ਸਕਣ। ਉਸ ਦੀ ਸਿਰਜਣਾ ਤੋਂ ਕੁਝ ਜਾਣ ਸਕਣ, ਕੁਝ ਸਿੱਖ ਸਕਣ ਅਤੇ ਪ੍ਰੇਰਨਾ ਵੀ ਲੈ ਸਕਣ…। ਮੈਨੂੰ ਇੰਜ ਲਗਦਾ ਹੈ ਕਿ ਬਲਦੇਵ ਸਿੰਘ ਧਾਲੀਵਾਲ ਨੇ ਵੀ “ਕੰਜ-ਕੁਆਰੀ ਧਰਤੀ” (ਪੁਡੂਚੇਰੀ ਅਤੇ ਅੰਡੇਮਾਨ ਟਾਪੂਆਂ ਸਫ਼ਰ) ਸਫ਼ਰਨਾਮਾ ਪੁਸਤਕ ਲਿਖਣ ਤੋਂ ਪਹਿਲਾਂ ਜਾਂ ਫਿਰ ਲਿਖਦਿਆਂ ਹੋਇਆਂ ਕੁਝ ਇੰਜ ਹੀ ਸੋਚਿਆ ਤੇ ਵਿਚਾਰਿਆ ਹੋਵੇਗਾ!
ਦੋਸਤੋ, ਸਫ਼ਰ ਭਾਵੇਂ ਜ਼ਿੰਦਗੀ ਦਾ ਹੋਵੇ ਜਾਂ ਫਿਰ ਕਿਸੇ ਭੂਗੋਲਿਕ ਖ਼ਿੱਤੇ ਦਾ ਹੋਵੇ, ਪਰ ਇਸ ਦੇ ਬਿਰਤਾਂਤ ਨੂੰ ਸੰਭਾਲਣਾ, ਕਿਸੇ ਨਾ ਕਿਸੇ ਰੂਪ ਵਿੱਚ ਸਾਂਝਾ ਕਰਨਾ ਅਤੇ ਇਸ ਨੂੰ ਜਾਨਣ-ਮਾਣਨ ਵਾਲਿਆਂ ਦੀ ਰੂਹ ਤੱਕ ਪਹੁੰਚਾਉਣਾ ਇੱਕ ਅਤਿ ਕਠਿਨ ਅਤੇ ਜੋਖ਼ਮ ਭਰਿਆ ਕਾਰਜ ਹੁੰਦਾ ਹੈ। ਸ਼ਾਇਦ ਇਸ ਕਰਕੇ ਹੀ ਕੁਝ ਸਫ਼ਰਨਾਮੇ ਸਫ਼ਰ ਦਾ ਚੰਗਾ-ਭਲਾ ਬਿਰਤਾਂਤ ਹੁੰਦਿਆਂ ਹੋਇਆਂ ਵੀ ਸਫ਼ਰਨਾਮੇ ਨਹੀਂ ‘ਮਹਿਸੂਸ’ ਹੁੰਦੇ। ਸਫ਼ਰ ਦੇ ਦੋ ਬਿੰਦੂਆਂ ਵਿਚਕਾਰ ਨੱਸ-ਭੱਜ ਜਾਂ ਵਾ-ਵਰੋਲੇ ਜਿਹੇ ਮਹਿਸੂਸ ਹੁੰਦੇ ਹਨ। ਪੜ੍ਹਨ-ਜਾਨਣ ਵਾਲਾ ਖ਼ੁਦ ਨੂੰ ਘੁੰਮਣ-ਘੇਰੀਆਂ ਦੇ ਘੁਮੇਟਿਆਂ ਨਾਲ ਚਕਰਾਇਆ ਮਹਿਸੂਸ ਕਰਦਾ ਹੈ। ਸੌਂਦਿਆਂ-ਜਾਗਦਿਆਂ ਅਤੇ ਖੁੱਲ੍ਹੀਆਂ-ਬੰਦ ਅੱਖੀਆਂ ਦੇ ਝਰੋਖਿਆਂ ਵਿੱਚੋਂ ਰੰਗ-ਬਰੰਗੇ ਸੁਪਨਿਆਂ ਦਾ ਫੁੱਟਣਾ, ਸਫ਼ਰਾਂ ‘ਤੇ ਨਿਕਲਣ ਦਾ ਸ਼ੌਕ, ਢੁਕਵਾਂ ਵਕਤ, ਉੱਦਮ, ਜਨੂਨ, ਜੋਸ਼, ਚੰਗੀ ਸਿਹਤ, ਕੁਝ ਨਵਾਂ ਖੋਜਣ ਅਤੇ ਸਿੱਖਣ ਦੀ ਪ੍ਰਬਲ ਇੱਛਾ, ਸੁੰਦਰ ਤੇ ਖ਼ੂਬਸੂਰਤ ਬਿਰਤੀ, ਪੈਸੇ ਧੇਲੇ ਦਾ ਜੁਗਾੜ, ਨਿਰੰਤਰ ਚਲਦੇ ਰਹਿਣ ਦੀ ਚਾਹਤ ਅਤੇ ਸਫ਼ਰ ਦੇ ਬਿਰਤਾਂਤ ਨੂੰ ਦੂਸਰਿਆਂ ਨਾਲ ਸਾਂਝਿਆਂ ਕਰਨ ਦੀ ਇੱਛਾ ਵਗੈਰਾ ਨੂੰ ਕਿਸੇ ਵੀ ਚੰਗੇ ਸਫ਼ਰਨਾਮੇ ਦੀ ਅਤਿ ਜ਼ਰੂਰੀ ਸਮੱਗਰੀ ਵਿੱਚ ਗਿਣਿਆ ਗਿਆ ਹੈ। ਸਫ਼ਰ ਦੇ ਸ਼ੁਰੂ ਹੋਣ ਤੋਂ ਪਹਿਲਾਂ, ਸਫ਼ਰ ਦੇ ਦੌਰਾਨ ਅਤੇ ਸਫ਼ਰ ਦੇ ਖ਼ਤਮ ਹੋਣ ਤੋਂ ਬਾਅਦ ਦੀ ਖੋਜ ਪੜਤਾਲ ਵੀ ਸਫ਼ਰਨਾਮੇ ਦਾ ਹਿੱਸਾ ਬਣ ਜਾਂਦੀ ਹੈ। ਸਮੱਸਿਆ ਇਹ ਵੀ ਹੈ ਕਿ ਐਨੀ ਲੰਮੀ-ਚੌੜੀ ਸਮੱਗਰੀ ਤਾਂ ਕਿਸੇ ਵਿਰਲਿਆਂ ‘ਚੋਂ ਵਿਰਲੇ ਮੁਸਾਫ਼ਰ ਦੇ ਬੋਝੇ ਹੀ ਹੁੰਦੀ ਹੈ! ਬਲਦੇਵ ਧਾਲੀਵਾਲ ਅਤੇ ਉਸ ਦਾ ‘ਸਾਹਿਤਕ–ਸਫ਼ਰਨਾਮਾ’… ਅਕਾਦਮਿਕ ਅਤੇ ਸਾਹਿਤਕ ਖ਼ੇਤਰ ਵਿੱਚ ਬਲਦੇਵ ਸਿੰਘ ਧਾਲੀਵਾਲ ਨਿਰਸੰਦੇਹ ਇੱਕ ਜਾਣਿਆ ਪਹਿਚਾਣਿਆ ਨਾਮ ਹੈ। ਉਸ ਦੇ ‘ਸਾਹਿਤਕ-ਸਫ਼ਰਨਾਮੇ’ ਦੀ ਹੀ ਗੱਲ ਕਰੀਏ ਤਾਂ 44 ਕੁ ਵਰ੍ਹੇ ਪਹਿਲਾਂ ਸ਼ੁਰੂ ਹੋਇਆ ਲੰਮਾ ਸਫ਼ਰ ਕਵਿਤਾ, ਕਹਾਣੀ, ਆਲੋਚਨਾ ਅਤੇ ਸੰਪਾਦਨਾਂ ਦੀਆਂ ਪੈੜਾਂ ਪਾਉਂਦਿਆਂ 44 ਕੁ ਪੁਸਤਕਾਂ ਨਾਲ਼ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾ ਚੁੱਕਾ ਹੈ। ਉਹਦੀ ਹੁਣ ਤੱਕ ਦੀ ਵਿਸ਼ਾਲ ਲੇਖਣੀ ਦੀ ਵੰਨ-ਸੁਵੰਨਤਾ ਉੱਪਰ ਸਰਸਰੀ ਨਜ਼ਰ ਮਾਰਦਿਆਂ ਉਸ ਦੀ ਬਹੁ-ਵਿਧਾਵੀ ਲੇਖਣੀ ਅਤੇ ਨਿਰੰਤਰ ਸਿਰਜਾਣਤਮਿਕ ਪ੍ਰਕਿਰਿਆ ਦਾ ਅੰਦਾਜ਼ਾ ਲੱਗ ਜਾਂਦਾ ਹੈ। ਅਕਾਦਮਿਕ ਅਤੇ ਸਾਹਿਤਕ ਖੇਤਰ ਵਿੱਚ ਬੁਲੰਦੀਆਂ ਨੂੰ ਸਰ ਕਰਦਿਆਂ ਵੀ ਉਸ ਦਾ ਨਿਮਰ ਅਤੇ ਆਮ ਇਨਸਾਨ ਵਾਂਗ ਵਿਚਰਨਾ ਉਸ ਦੀ ਰੂਹ ਦੀ ਸੰਤੁਸ਼ਟੀ ਅਤੇ ਨਿੱਗਰ ਸੰਸਕਾਰਾਂ ਦਾ ਪ੍ਰਗਟਾਵਾ ਕਰਦਾ ਹੈ। ‘ਕੰਜ–ਕੁਆਰੀ ਧਰਤੀ’ ਪੁਡੂਚੇਰੀ ਅਤੇ ਅੰਡੇਮਾਨ ਟਾਪੂਆਂ ਦਾ ਸਫ਼ਰ… ਬਲਦੇਵ ਸਿੰਘ ਧਾਲੀਵਾਲ ਦੇ ਇਸ ਹੁਸੀਨ ਪੈਂਡਿਆਂ ਵਿੱਚ ‘ਦੇਸ-ਪਰਦੇਸ’, ‘ਔਰਤ-ਮਰਦ’, ‘ਚੜ੍ਹਦੀ-ਸਵੇਰ’, ਅਤੇ ‘ਢਲਦੀ-ਦੁਪਹਿਰ’ ਵਰਗੇ ਪਾਂਧੀਆਂ ਦਾ ਖ਼ੂਬਸੂਰਤ ਸੰਗਮ ਮਹਿਸੂਸ ਹੁੰਦਾ ਹੈ। ਜ਼ਿੰਦਗੀ ਦੇ ਹਰ ਇੱਕ ਰੰਗ-ਰੂਪ ਦਾ ਆਪਣਾ ਜੋਸ਼, ਯੋਗਦਾਨ ਅਤੇ ਮਹੱਤਵ..। ਇਸ ਖ਼ੂਬਸੂਰਤ ਸਫ਼ਰ ਦੇ ਬਿਰਤਾਂਤ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਮੈਨੂੰ ਖ਼ੁਦ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਵੀ ਬਲਦੇਵ ਸਿਹੰ ਦੇ ਮੋਢਿਆਂ ‘ਤੇ ਬੈਠ ਕੇ ਰੂੰਗੇ ਵਿੱਚ ਹੀ ਏਧਰ ਦਾ ਭਲਵਾਨੀ ਗੇੜਾ ਮਾਰ ਆਇਆ ਹੋਵਾਂ। ਪੰਜਾਬੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ/ਡੀਨ ਅਤੇ ਸਾਹਿਤ/ਭਾਸ਼ਾ ਵਿੱਚ ‘ਡਾਕਟਰੀ ਪਾਸ’ ਬਲਦੇਵ ਧਾਲੀਵਾਲ ਨੇ ਇਸ ਸਫ਼ਰਨਾਮੇ ਵਿੱਚ ਰਵਾਇਤੀ, ਕਠਿਨ, ਅਕਾਦਮਿਕ/ਕਿਤਾਬੀ ਤੇ ਭਾਰੀ-ਭਰਕਮ ਸ਼ਬਦਾਵਲੀ ਤੋਂ ਪਾਸਾ ਵੱਟਦਿਆਂ ਬਹੁਤ ਹੀ ਸਰਲ, ਮਿੱਠੀ, ਦਿਲਚਸਪ ਅਤੇ ਪ੍ਰਭਾਵਸ਼ਾਲੀ ਸ਼ਬਦਾਵਲੀ ਤੇ ਸ਼ੈਲੀ ਨੂੰ ਹੀ ਤਰਜੀਹ ਦਿੱਤੀ ਹੈ। ਉਸ ਦੇ ਖ਼ੁਦ ਦੇ ਜੀਵਨ ਦੀਆਂ ਨਿੱਜੀ ਛੋਹਾਂ ਏਸ ਸਫ਼ਰਨਾਮੇ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਗਈਆਂ। ਪਾਠਕ ਦੀ ਸੁਹਜ-ਭੁੱਖ ਦੀ ਤ੍ਰਿਪਤੀ ਵੀ ਕਰ ਗਈਆਂ। ਸਫ਼ਰਨਾਮੇ ਨੂੰ ਗਿਆਨ ਅਤੇ ਸਾਹਿਤ ਦੇ ਸੋਮਾ ਗਿਣਿਆ ਜਾਂਦਾ ਹੈ। ਇਸ ਹਿਸਾਬ ਨਾਲ ਮੈਨੂੰ ਇਹ ਸਫ਼ਰਨਾਮਾ ਇੱਕ ਸੰਤੁਲਤ ਬਿਰਤਾਂਤ ਅਤੇ ਖੋਜ ਭਰਪੂਰ ਦਸਤਾਵੇਜ਼ ਵੀ ਜਾਪਿਆ। ਲੇਖਕ ਨੇ ਇਸ ਖੇਤਰ ਦੇ ਭੂਗੋਲਿਕ, ਇਤਿਹਾਸਿਕ, ਰਾਜਨੀਤਿਕ, ਸੱਭਿਆਚਾਰਿਕ, ਅਤੇ ਆਰਥਿਕ ਪੱਖਾਂ ਨੂੰ ਆਪਣੇ ‘ਤ੍ਰੈ-ਨੇਤਰਾਂ’ ਦੀ ਪਾਰਖੂ ਅਤੇ ਤੁਲਨਾਤਮਿਕ ਬਿਰਤੀ ਨਾਲ ਪੜ੍ਹਿਆ, ਵਾਚਿਆ, ਜਾਣਿਆ, ਮਾਣਿਆ ਅਤੇ ਫੇਰ ਇਸ ਬਹੁ-ਪੱਖੀ ਜਾਣਕਾਰੀ ਨੂੰ ਪਾਠਕਾਂ ਨਾਲ਼ ਸਾਂਝਿਆਂ ਕਰ ਦਿੱਤਾ। ਸਫ਼ਰਨਾਮੇ ਦਾ ਰੰਗ-ਰੂਪ, ਕਥਾ-ਰਸ, ਵੰਨ-ਸੁਵੰਨਤਾ ਅਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ਼ ਤੋਰੀ ਰੱਖਦੀ ਹੈ। ਬਲਦੇਵ ਧਾਲੀਵਾਲ ਨੇ ਸਫ਼ਰ ਦੇ ਦੌਰਾਨ ਅਤੇ ਸਫ਼ਰ ਦੇ ਬਿਰਤਾਂਤ ਨੂੰ ਸਿਰਜਦਿਆਂ ਆਪਣੇ ‘ਤੀਸਰੇ ਨੇਤਰ’ ਨੂੰ ਖੁੱਲ੍ਹਾ ਰੱਖਿਆ। ਢੁਕਵੇਂ ਅਖਾਣਾਂ-ਮੁਹਾਵਰਿਆਂ ਦੇ ਰਮਣੀਕ ਝੂਟੇ ਸਫ਼ਰਨਾਮੇ ਦੇ ਰੰਗ-ਰਸ ਨੂੰ ਚਾਰ ਚੰਨ ਲਗਾਉਂਦੇ ਹਨ ਅਤੇ ਬੋਲਣ ਵੀ ਲਾਉਂਦੇ ਹਨ! ਬਲਦੇਵ ਧਾਲੀਵਾਲ ਜਿੱਧਰ ਦੀ ਵੀ ਲੰਘਦਾ ਹੋਇਆ ਪੈੜਾਂ ਪਾਉਂਦਾ ਜਾਂਦਾ ਹੈ, ਉਹ ਉੱਥੋਂ ਦੀ ਖ਼ੂਬਸੂਰਤੀ, ਚੰਗੀਆਂ-ਮਾੜੀਆਂ ਗੱਲਾਂ, ਬਾਸ਼ਿੰਦਿਆਂ ਦੇ ਜੀਵਨ ਤੇ ਸੰਘਰਸ਼ ਅਤੇ ਜ਼ਿੰਦਗੀ ਦੇ ਤੌਰ ਤਰੀਕਿਆਂ ਦੀ ‘ਦੂਰਬੀਨੀ ਤੇ ਖ਼ੁਰਦਬੀਨੀ’ ਖੋਜ ਕਰਦਿਆਂ, ਪਰਤਾਂ ਨੂੰ ਫਰੋਲਦਿਆਂ, ਤੱਥਾਂ ਸਮੇਤ ਬਿਰਤਾਂਤ ਸਿਰਜਦਾ ਜਾਂਦਾ ਹੈ। ਇਲਾਕੇ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੁਆਰਾ ਵਿੰਨ੍ਹੀਆਂ ਮੁਹਿੰਮਾਂ ਦਾ ਸੁੰਦਰ ਵਰਨਣ ਕਰਨ ਤੋਂ ਵੀ ਨਹੀਂ ਖੁੰਝਦਾ। ਕੰਜ-ਕੁਆਰੀ ਧਰਤੀ ਉੱਪਰ ਪੰਜਾਬੀਆਂ ਦੇ ਪੁਰਖਿਆਂ ਦੀ ਗੱਡੀਆਂ ਮੋਹੜ੍ਹੀਆਂ ਨੂੰ ਵੀ ਪਾਠਕਾਂ ਨਾਲ਼ ਸਾਂਝਿਆਂ ਕਰਦਾ ਹੈ। ‘ਕਾਲੇ ਪਾਣੀਆਂ’ ਦੇ ਦਿਲ-ਕੰਬਾਊ ਨਾਂਅ ਨਾਲ ਜਾਣੀ ਜਾਂਦੀ ਇਸ ਭੋਇੰ ਦੀ ਤ੍ਰਾਸਦੀ, ਵਕਤੀ ਹੁਕਮਰਾਨਾਂ ਦੇ ਹੈਵਾਨੀਅਤ ਭਰੇ ਕਾਰਨਾਮਿਆਂ ਅਤੇ ਮਨੁੱਖੀ ਆਜ਼ਾਦੀ ਦੇ ਪ੍ਰਵਾਨਿਆਂ ਦੀ ਦਾਸਤਾਨ ਨੂੰ ਪਾਠਕਾਂ ਸਾਹਵੇਂ ਕਰਦਾ ਹੈ। ਸਫ਼ਰਨਾਮੇ ਦੀ ਸ਼ੁਰੂਆਤ ਹੀ ਬੜੇ ਦਿਲਚਸਪ ਬਿਰਤਾਂਤ ‘ਚੱਲੇ ਕਰਨ ਮੁਸਾਫ਼ਰੀ’ ਨਾਲ਼ ਕੀਤੀ ਹੈ। ਅੰਡੇਮਾਨ ਨਿਕੋਬਾਰ ਦੇ ਟਾਪੂਆਂ ਦੀ ਸੈਰ ਵਿੱਚ ਦੱਖਣੀ ਭਾਰਤ ਦਾ ‘ਸੁਆਦ’ ਚੱਖਣ ਵਾਸਤੇ ਪੁਡੂਚੇਰੀ ਨੂੰ ਵੀ ਜੋੜ ਲਿਆ ਜਾਂਦਾ ਹੈ। ਲੇਖਕ ਦੇ ਸ਼ਹਿਰ ਪਟਿਆਲੇ ਤੋਂ ਦਿੱਲੀ ਅਤੇ ਦਿੱਲੀ ਤੋਂ ਚੇਨੱਈ ਤੀਕਰ ਦੇ ਸਫ਼ਰ ਦਾ ਖ਼ੂਬਸੂਰਤ ਵਰਨਣ ਹੈ। ਦਿੱਲੀ ਏਅਰਪੋਰਟ ਦੇ ਸਕਿਊਰਿਟੀ ਚੈੱਕ ਦੌਰਾਨ ਲੇਖਕ ਦੀ ਜੀਵਨ ਸਾਥਣ ਦੇ ਪਰਸ ਵਿੱਚੋਂ ਨਿਕਲੀ ‘ਨਾਲੇ਼-ਪਾਉਣੀ’ ਦੀ ‘ਹੋਣੀ-ਅਣਹੋਣੀ’ ਪਾਠਕ ਨੂੰ ‘ਧੁਰ ਅੰਦਰੋਂ’ ਹਸਾਉਂਦੀ ਹੈ। ਨਾਲ਼ੇ-ਪਾਉਣੀ ਨਾਲੇ਼ ਪਾਉਣ ਦੀ ਬਜਾਏ ਹੋਰ ਈ ਭੰਬਲ਼ਭੂਸਾ ਪਾਉਂਦੀ-ਪਾਉਂਦੀ ਰਹਿ ਗਈ! ਏਅਰਪੋਰਟ ਉੱਪਰ ਟੈਕਸੀ ਵਾਲਿਆਂ ਵੱਲੋਂ ਮੁਸਾਫ਼ਰਾਂ ਦੀ ਹੁੰਦੀ ਲੁੱਟ-ਖਸੁੱਟ ਅਤੇ ਲਗਦਾ ਦਾਅ ਲਾਉਣ ਦਾ ਸੁੰਦਰ ਵਰਨਣ ਕੀਤਾ ਹੈ। ਚੇਨੱਈ ਤੋਂ ਪੁਡੂਚੇਰੀ ਤੱਕ ਦੇ ਟੈਕਸੀ ਸਫ਼ਰ ਨੂੰ ਲੇਖਕ ਨੇ ਕਲਾਤਮਿਕ ਅਤੇ ਢੁਕਵੇਂ ਸ਼ਬਦਾਂ ਵਿੱਚ ਕਲਮਬੱਧ ਕੀਤਾ ਹੈ। ਪੁਡੂਚੇਰੀ ਸ਼ਹਿਰ ਦੇ ਰਿਜ਼ੋਰਟ ‘ਲੇ ਪੌਂਡੀ’ ਦੀ ਸਿਫ਼ਤ ਵਿੱਚ ਲੇਖਕ ਲਿਖਦਾ ਹੈ,… “ਰਿਜ਼ੋਰਟ ਲੇ ਪੌਂਡੀ ਦੇ ਜਲਵਿਆਂ ਦਾ ਕੋਈ ਅੰਤ ਨਹੀਂ ਸੀ, ਹਰੇਕ ਰੰਗ ਇੱਕ ਤੋਂ ਵੱਧ ਇੱਕ ਸੀ। ਆਮ ਤੌਰ ‘ਤੇ ਟੂਰਿਸਟ ਬਾਹਰ ਘੁੰਮਦੇ-ਘੁੰਮਾਉਂਦੇ ਹਨ ਅਤੇ ਹੋਟਲ ਸਿਰਫ਼ ਰਾਤ ਕੱਟਣ ਲਈ ਲੈਂਦੇ ਹਨ ਪਰ ਸਾਡਾ ਏਜੰਡਾ ਕੁਝ ਹੋਰ ਸੀ। ਅਸੀਂ ਇਸ ਤਰਾਂ ਦੇ ਰਿਜ਼ੋਰਟ ‘ਚ ਬਿਤਾਏ ਖ਼ੂਬਸੂਰਤ ਪਲਾਂ ਨੂੰ ਵੀ ਟੂਰ ਦਾ ਅੰਗ ਬਣਾ ਕੇ ਮਾਣ ਰਹੇ ਸਾਂ।” ਯੋਜਨਾ ਮੁਤਾਬਕ ਦੱਖਣੀ ਭਾਰਤ ਦਾ ਮਜ਼ਾ ਚੱਖਣ ਵਾਸਤੇ ਪੁਡੂਚੇਰੀ ਪਹੁੰਚੀ ਲੇਖਕ ਦੀ ਟੀਮ ਵਕਤ ਦੀ ਦੌੜ ਰਹੀ ਸੂਈ ਨਾਲ ਦੌੜ ਲਾਉਂਦਿਆਂ ਪਲ ਪਲ ਦੇ ਹਰੇਕ ਪਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਸਨ। ਸਫ਼ਰ ਦੌਰਾਨ ਇੱਧਰ-ਉੱਧਰ ਜਾਂਦਿਆਂ ਵੀ ਲੇਖਕ ਅਤੇ ਉਸ ਦੀ ਟੀਮ ਦੇ ਮੈਂਬਰ ਇਨ੍ਹਾਂ ਹੁਸੀਨ ਪਲਾਂ ਨੂੰ ਯਾਦਾਂ ਦੇ ਕੈਮਰਿਆਂ ਵਿੱਚ ਕੈਦ ਕਰੀ ਜਾਂਦੇ ਸਨ। ਇਸ ਸਫ਼ਰਨਾਮੇ ਵਿੱਚ ‘ਸ੍ਰੀ ਅਰਬਿੰਦੂ ਆਸ਼ਰਮ’, ‘ਔਰਵਿਲ (City of Dawn)’, ‘ਗਣੇਸ਼ ਮੰਦਿਰ’, ਅਤੇ ‘ਮਹਾਂਬਲੀਪੁਰਮ’ ਦਾ ਕਲਾਤਮਿਕ ਅਤੇ ਖ਼ੂਬਸੂਰਤ ਬਿਰਤਾਂਤ ਹੈ। ‘ਸ੍ਰੀ ਅਰਬਿੰਦੂ ਘੋਸ਼’ ਨੂੰ ਇੱਕ ਦਾਰਸ਼ਨਿਕ ਹੋਣ ਦੇ ਨਾਲ਼-ਨਾਲ਼ ਯੋਗ ਗੁਰੂ, ਸੁਤੰਤਰਤਾ ਸੰਗਰਾਮੀ, ਮਹਾਂਕਵੀ ਅਤੇ ਐਡੀਟਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਸ ਦੇ ਨਾਮ ‘ਤੇ ਬਣੇ ‘ਸ੍ਰੀ ਅਰਬਿੰਦੂ ਆਸ਼ਰਮ’ ਦੇ ਦਰਸ਼ਨ ਦੀਦਾਰ ਲੇਖਕ ਨੂੰ ਮਨ ਦੀ ਮੁਰਾਦ ਪੂਰੀ ਹੋਣ ਵਾਂਗਰ ਜਾਪਦੇ ਹਨ। ਉਸ ਦਾ ਚੁੱਪ ਮਨ ਸ਼ੋਰ ਪਾ ਰਿਹਾ ਹੈ, ਜਿਸ ਦਾ ਇਜ਼ਹਾਰ ਉਸ ਨੇ ਇੰਜ ਕੀਤਾ,… “ਸ੍ਰੀ ਅਰਬਿੰਦੂ ਆਸ਼ਰਮ ਨੂੰ ਵੇਖਦਿਆਂ ਪਤਾ ਨਹੀਂ ਕੀ ਕੀ ਮੇਰੇ ਅੰਦਰ ਜਾਗਦਾ ਰਿਹਾ ਜਿਵੇਂ ਮੈਂ ਸੁਪਨੇ ਵਿੱਚ ਪਿਛਲੇ ਯੁਗਾਂ ਵਿੱਚ ਜਿਉਂ ਰਿਹਾ ਹੋਵਾਂ।” ਤਕਰੀਬਨ ਵੀਹ ਕੁ ਏਕੜ ਵਿੱਚ ਫੈਲੇ ਹੋਏ ਵਿਲੱਖਣ ਸ਼ਹਿਰ ‘ਔਰਵਿਲ’, ਜਿਸ ਨੂੰ ‘ਐਕਸਪੈਰੀਮੈਂਟਲ ਟਾਉਨ’ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ ਦਾ ਵੀ ਵਿਸ਼ੇਸ਼ ਬਿਰਤਾਂਤ ਸਿਰਜਿਆ ਹੈ ਖੋਜੀ ਬਿਰਤੀ ਵਾਲੇ ਬਲਦੇਵ ਧਾਲੀਵਾਲ ਨੇ। ਅਜੋਕੇ ਸਮਿਆਂ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚਲੇ ਇਲਾਕੇ ‘ਪੋਰਟ ਬਲੇਅਰ’ ਨੂੰ ਭਾਵੇਂ ਧਰਤੀ ‘ਤੇ ਸੁਰਗ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ, ਪਰ ਇਹੀ ਪੋਰਟ ਬਲੇਅਰ ਆਪਣੇ ਕਾਲੇ ਪ੍ਰਛਾਂਵਿਆਂ ਵਿੱਚ ਕਾਲੇਪਾਣੀਆਂ ਦੇ ਨਰਕ ਨੂੰ ਛੁਪਾਈ ਬੈਠਾ ਹੈ। ਕਾਲੇਪਾਣੀ ਦਾ ਨਾਮ ਸੁਣਦਿਆਂ ਹੀ ਕਦੇ ਲੋਕ ਆਪ ਮੁਹਾਰੇ ਬੋਲ ਪੈਂਦੇ ਸਨ,… “ਉੱਥੇ ਤਾਂ ਰੱਬ ਕਿਸੇ ਵੈਰੀ ਨੂੰ ਵੀ ਨਾ ਲਿਜਾਵੇ”। ਫਰੰਗੀ ਯਮਦੂਤਾਂ ਦੁਆਰਾ ਨੂੜ ਕੇ ਲਿਆਂਦੇ ਹੋਏ ਮਨੁੱਖੀ ਅਜ਼ਾਦੀ ਦੇ ਸੱਚੇ ਆਸ਼ਕ ਕਦੇ ਵਾਪਸ ਨਹੀਂ ਗਏ। ਉਨ੍ਹਾਂ ਉੱਪਰ ਢਾਹੇ ਅਣਮਨੁੱਖੀ ਕਹਿਰ ਅਤੇ ਜ਼ੁਲਮ ਦੇ ਦਰਦ ਦੀਆਂ ਚੀਕਾਂ, ਪੁਕਾਰਾਂ ਸੈਲੂਲਰ ਜੇਲ੍ਹ ਦੀਆਂ ਉੱਚੀਆਂ-ਲੰਮੀਆਂ-ਚੌੜੀਆਂ ਅਤੇ ਬੋਲ਼ੀਆਂ ਕੰਧਾਂ ਵਿੱਚ ਟਕਰਾਉਂਦੀਆਂ ਹੀ ਦਮ ਤੋੜ ਗਈਆਂ ਅਤੇ ਉਹ ਖ਼ੁਦ ਯਮਦੂਤਾਂ ਦੀ ਭੇਟ ਚੜ੍ਹ ਗਏ। ਤਸੀਹਿਆਂ ਅਤੇ ਨਰਕ ਦੁਆਰ ‘ਸੈਲੂਲਰ ਜੇਲ੍ਹ’ ਅਤੇ ‘ਡਾ. ਦੀਵਾਨ ਸਿੰਘ ਕਾਲੇਪਾਣੀ’ ਬਾਰੇ ਲੇਖਕ ਨੇ ਬਹੁਤ ਡੁੰਘਾਈ ਨਾਲ ਜਾਣਿਆ, ਖੋਜਿਆ ਅਤੇ ਵਿਸਥਾਰਪੂਰਵਕ ਪਾਠਕਾਂ ਨਾਲ ਸਾਂਝਾ ਵੀ ਕੀਤਾ ਹੈ। ਡਾ. ਦੀਵਾਨ ਸਿੰਘ ਕਾਲੇਪਾਣੀ ਨੇ ਅੰਡੇਮਾਨ ਟਾਪੂ ਦੀ ਰਾਜਧਾਨੀ ਪੋਰਟ ਬਲੇਅਰ ਵਿੱਚ ਇੱਕ ਮਿੰਨੀ ਪੰਜਾਬ ਵਸਾਉਣ ਦੀ ਘਾਲਣਾ ਘਾਲਦਿਆਂ ਪੰਜਾਬ ਦੀ ਮੋਹੜੀ ਗੱਡੀ ਸੀ। ਡਾ. ਦੀਵਾਨ ਸਿੰਘ ਅਤੇ ਉਸ ਦੇ ਜੀਵਨ ਕਾਲ ਬਾਰੇ ਜਾਨਣ ਦਾ ਬੀਜ ਬਲਦੇਵ ਧਾਲੀਵਾਲ ਦੀ ਰੂਹ ਵਿੱਚ ਯੂਨੀਵਰਸਿਟੀ ਪੜ੍ਹਦਿਆਂ ਹੀ ਬੀਜਿਆ ਗਿਆ ਸੀ। ਅੱਜ ਖ਼ੁਦ ਨੂੰ ਪੋਰਟ ਬਲੇਅਰ ਦੀ ਧਰਤੀ ‘ਤੇ ਵਿਚਰਦਿਆਂ ਅਤੇ ਡਾ. ਦੀਵਾਨ ਸਿੰਘ ਦੇ ਨਾਮ ‘ਤੇ ਬਣਾਏ ਗੁਰਦੁਆਰੇ ਅਤੇ ਸਮਾਰਕ ਕੋਲ ਵਿਚਰਦਿਆਂ ਉਹਨੂੰ ਆਪਣੀ ਜਵਾਨੀ ਵੇਲੇ ਦਾ ਲਿਆ ਹੋਇਆ ਸੁਪਨਾ ਖੁੱਲ੍ਹੀਆਂ ਅੱਖਾਂ ਦੇ ਸਾਹਮਣੇ ਸਾਕਾਰ ਹੁੰਦਾ ਜਾਪਿਆ। ਸਫ਼ਰ ਦੇ ਦੌਰਾਨ ਇਲਾਕੇ ਦੇ ਵੰਨ-ਸੁਵੰਨੇ ਖਾਣਿਆਂ ਦਾ ਵੀ ਖ਼ੂਬਸੂਰਤ ਵਰਨਣ ਕੀਤਾ ਗਿਆ ਹੈ। ‘ਸਮਥਿੰਗ ਡਿਫਰੈਂਟ’ ਸਟੋਰੀ ਵਿੱਚ ਲੇਖਕ ਵਿਲੱਖਣ ਕਿਸਮ ਦੇ ਰੈਸਟੋਰੈਂਟ ਦੇ ਵਿਲੱਖਣ ਖਾਣ-ਪੀਣ ਦੇ ਨਾਲ਼ ਹੀ ਵੇਟਰ ਵੱਲੋਂ ਮਿਲੇ ਸਰਪ੍ਰਾਈਜ਼ ਨੂੰ ਪਾਠਕਾਂ ਨਾਲ਼ ਇੰਜ ਸਾਂਝਿਆਂ ਕਰਦਾ ਹੈ…”ਸਰ, ਵੰਨ ਮੋਰ ਸਰਪ੍ਰਾਈਜ਼! ਚਿੱਟੇ ਲਿਫ਼ਾਫ਼ੇ ਵਿੱਚ ਸਾਡੇ ਟੇਬਲ ਦੀ ਫੋਟੋ ਸੀ ਜਿਹੜੀ ਕੁਝ ਸਮਾਂ ਪਹਿਲਾਂ ਉਹ ਕੈਮਰੇ ਨਾਲ਼ ਖਿੱਚ ਕੇ ਲੈ ਗਿਆ ਸੀ।” ‘ਅਨੋਖਾ ਫੁੱਲਮੂਨ’, ‘ਸਮੁੰਦਰ ਨਾਲ਼ ਖੇਡਦਿਆਂ’, ‘ਇੱਕ ਰੰਗ ਹੋਰ’ ਅਤੇ ‘ਚੜ੍ਹਦੇ, ਲਹਿੰਦੇ ਸੂਰਜ’ ਦੇ ਸਫ਼ਰ ਦਾ ਵਿਸ਼ਲੇਸ਼ਣ ਵੀ ਬੇਹਤਰੀਨ ਹੀ ਹੈ। ਸਫ਼ਰ ਦੇ ਅਖ਼ੀਰ ਵਿੱਚ ਦਿੱਲੀ ਏਅਰਪੋਰਟ ‘ਤੇ ਫ਼ਿਲਮੀ ਐਕਟਰ ‘ਅਮਰੀਸ਼ ਪੁਰੀ’ ਦੇ ਹਮਸ਼ਕਲ ਟੈਕਸੀ ਡਰਾਈਵਰ ਦੀ ਚਾਲ ਦਾ ਖ਼ੂਬਸੂਰਤੀ ਨਾਲ਼ ਵਰਨਣ ਕੀਤਾ ਹੈ ਜੋ ਇਨ੍ਹਾਂ ਟੈਕਸੀ ਵਾਲਿਆਂ ਦੀਆਂ ਧਾਂਦਲੀਆਂ ਅਤੇ ਕਰਤੂਤਾਂ ਦਾ ਪਰਦਾ ਫਾਸ਼ ਕਰਦਾ ਹੈ। ਸਫ਼ਰਨਾਮੇ ਅੰਦਰ ਸਫ਼ਰ ਦੇ ਵੇਰਵਿਆਂ ਦੀ ਬਰੀਕੀ ਅਤੇ ਦਿਲ ਟੁੰਬਵੀਂ ਸ਼ੈਲੀ ਪਾਠਕ ਨੂੰ ਲੇਖਕ ਦੀ ਸਿਰਜਣ ਸ਼ਕਤੀ ਦੀ ਕਾਇਲ ਕਰ ਜਾਂਦੀ ਹੈ। ਉਸ ਦੀ ਸਿਰਜਣਾ ਪਾਠਕ ਦੇ ਮਨ ‘ਤੇ ਜਾਦੂ ਵਾਂਗ ਅਸਰ ਕਰਦੀ ਹੈ ਅਤੇ ਪਾਠਕ ਖ਼ੁਦ ਬ ਖ਼ੁਦ ਨਾਲ਼ ਤੁਰ ਪੈਂਦਾ ਹੈ। ਬਲਦੇਵ ਧਾਲੀਵਾਲ ਨੂੰ ਇੱਕ ਚੰਗੇ ਸਫ਼ਰਨਾਮੇ ਦੀ ਸਿਰਜਣਾ ਵਾਸਤੇ ਲੋੜੀਂਦੇ ਜ਼ਰੂਰੀ ‘ਤੱਤਾਂ’ ਦੀ ਗੂੜ੍ਹੀ ਅਤੇ ਪੂਰੀ ਜਾਣਕਾਰੀ ਵੀ ਹੈ। ਉਸ ਨੇ ਇੰਨ੍ਹਾਂ ਤੱਤਾਂ ਦੀ ਬੁਣਤੀ ਦੇ ਤਾਣੇ-ਬਾਣੇ ਦੀਆਂ ਤੰਦਾਂ ਵਿੱਚ ਸੱਚ ਅਤੇ ਸਹਿਜਤਾ ਦੀ ਰੂਹ ਭਰਦਿਆਂ ਸਫ਼ਰਨਾਮੇ ਨੂੰ ਪਾਠਕਾਂ ਲਈ ਹੋਰ ਵੀ ਸੁਹਜ ਤੇ ਦਿਲਚਸਪ ਬਣਾ ਦਿੱਤਾ। ਇਸ ਸਫ਼ਰਨਾਮੇ ਨੂੰ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਕਿ ਬਲਦੇਵ ਧਾਲੀਵਾਲ ਆਪਣੀ ਰੂਹ ਦੇ ਅਨੁਭਵਾਂ ਤੇ ਅਹਿਸਾਸਾਂ ਨੂੰ ਪਾਠਕਾਂ ਦੀ ਰੂਹ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਸਫਲ ਹੋਇਆ ਹੈ। ਅਜਿਹੀਆਂ ਪੁਸਤਕਾਂ ਤਾਂ ਪੰਜਾਬੀ ਸਾਹਿਤ ਦੇ ਜ਼ਖ਼ੀਰੇ ਦੇ ਅਨਮੋਲ ਮੋਤੀ ਹਨ। ਬਲਦੇਵ ਧਾਲੀਵਾਲ ਨੂੰ ਇਸ ਹੁਸੀਨ ਸਫ਼ਰ ਅਤੇ ਬੇਹੱਦ ਮਕਬੂਲ ਸਫ਼ਰਨਾਮੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਜ਼ਿੰਦਗੀ ਜ਼ਿੰਦਾਬਾਦ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਕੰਜ-ਕੁਆਰੀ ਧਰਤੀ…ਧਰਤੀ ਉਤਲੇ ਸੁਰਗ-ਨਰਕ ਦਾ ਖ਼ੂਬਸੂਰਤ ਬਿਰਤਾਂਤ !! — ਡਾ. ਕੁਲਵਿੰਦਰ ਸਿੰਘ ਬਾਠ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

by
‘ਭਾਸ਼ਾ ਵਿਭਾਗ ਪੰਜਾਬ’ ਨੇ ਬਲਦੇਵ ਧਾਲੀਵਾਲ ਦੇ ਇਸ ਵਿਲੱਖਣ ਸਫ਼ਰਨਾਮੇ ਨੂੰ ਸਰਵੋਤਮ ਸਫ਼ਰਨਾਮਾ ਪੁਸਤਕ ਦੇ ਮਾਣ-ਸਨਮਾਨ ਨਾਲ਼ ਨਿਵਾਜਿਆ ਹੈ। ‘ਲੋਕ ਮੰਚ ਪੰਜਾਬ’ ਵੱਲੋਂ ਵੀ ਇਸ ਸਫ਼ਰਨਾਮੇ ਨੂੰ ‘ਆਪਣੀ ਅਵਾਜ਼ ਪੁਰਸਕਾਰ’ ਦਿੰਦਿਆਂ ਬਲਦੇਵ ਧਾਲੀਵਾਲ ਦਾ ਸਾਹਿਤਕ ਕੱਦ ਵਧਾਇਆ। ਸਾਹਿਤਕ ਖੇਤਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਵੀ ਧਾਲੀਵਾਲ ਦੀ ਇਸ ਸਿਰਜਣਾ ਨੂੰ ਸਲਾਹਿਆ ਹੈ।