|
“ਚੰਗਿਆਈਆਂ ਬੁਰਿਆਈਆਂ ਵਾਚੇ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਸਲੋਕ ਦੀਆਂ ਇਹ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਦੇ (ਪੰਨਾ 8 ਅਤੇ ਪੰਨਾ 146) ਉੱਤੇ ਅੰਕਿਤ ਹਨ। ਪਰਮਾਤਮਾ ਨੂੰ ਮਿਲਣਾ ਜਾਂ ਉਸ ਦੇ ਨੇੜੇ ਹੋਣਾ ਇਕ ਵਰਦਾਨ ਹੈ। ਇਸੇ ਮਿਲਾਪ ਵਾਸਤੇ ਰਿਸ਼ੀ ਮੁਨੀ ਅਤੇ ਕਈ ਦੇਵੀ-ਦੇਵਤੇ ਕਠਿਨ ਜਪ ਤਪ ਕਰਦੇ ਰਹੇ ਹਨ। ਅਜੋਕੇ ਸਮੇਂ ਵਿੱਚ ਵੀ ਬਹੁਤ ਸਾਧੂ ਮਹਾਤਮਾ ਅਤੇ ਕਈ ਨੰਗੇ ਸਾਧੂ ਜੰਗਲਾਂ ਵਿਚ ਰਹਿ ਕੇ ਬਹੁਤ ਤਰ੍ਹਾਂ ਦੇ ਜਪ ਤਪ ਜਾਂ ਭਗਤੀ ਕਰਦੇ ਰਹਿੰਦੇ ਹਨ। ਇਹ ਸਭ ਕੁਝ ਪਰਮਾਤਮਾ ਨੂੰ ਮਿਲਣ ਵਾਸਤੇ ਜਾਂ ਪਰਮਾਤਮਾ ਦੇ ਨੇੜੇ ਹੋਣ ਵਾਸਤੇ ਹੀ ਕਰਦੇ ਹਨ। ਇਸ ਵਿਧੀ ਨਾਲ ਉਹ ਪਰਮਾਤਮਾ ਦੇ ਕਿੰਨਾ ਨੇੜੇ ਹੁੰਦੇ ਹਨ, ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਉਹ ਸਮਾਜ ਦਾ ਕੁਝ ਨਹੀਂ ਸਵਾਰਦੇ; ਸਗੋਂ ਸਮਾਜ ਉੱਤੇ ਵਾਧੂ ਦਾ ਬੋਝ ਹੀ ਹੁੰਦੇ ਹਨ। ਗੁਰਮਤਿ ਫ਼ਲਸਫ਼ੇ ਅਨੁਸਾਰ ਵੀ ਪਰਮਾਤਮਾ ਨਾਲ ਮਿਲਾਪ ਕਰਨ ਦੀ ਜਾਂ ਉਸ ਦੇ ਨੇੜੇ ਹੋਣ ਲਈ ਤਾਕੀਦ ਕੀਤੀ ਗਈ ਹੈ। ਜਿਵੇਂ ਕਿ: ਇਸ ਸ਼ਬਦ ਰਾਹੀਂ ਮੁੱਖ ਤੌਰ ’ਤੇ ਇਹੀ ਸਮਝਾਇਆ ਗਿਆ ਹੈ ਕਿ ਮਨੁੱਖਾ ਜਨਮ ਵਿਸ਼ੇਸ਼ ਹੈ, ਕਿਉਂਕਿ ਮਨੁੱਖ ਕੋਲ ਬਿਬੇਕ-ਬੁੱਧੀ, ਸੋਝੀ ਅਤੇ ਸਮਝ ਹੈ। ਇਸੇ ਕਾਰਨ ਪ੍ਰਾਣੀ ਗੋਬਿੰਦ ਭਾਵ ਪਰਮਾਤਮਾ ਨਾਲ ਮਿਲ ਸਕਦਾ ਹੈ ਜਾਂ ਪਰਮਾਤਮਾ ਦੇ ਨੇੜੇ ਹੋ ਸਕਦਾ ਹੈ। ਇਹ ਤਾਂ ਸਪੱਸ਼ਟ ਹੈ ਕਿ ਡੰਗਰਾਂ ਵਿੱਚ ਉੱਤਨੀ ਸੋਝੀ ਨਹੀਂ ਹੁੰਦੀ ਜਿੰਨੀ ਇਨਸਾਨ ਕੋਲ ਹੈ। ਇਸੇ ਲਈ ਮਨੁੱਖਾ ਜਨਮ ਨੂੰ ਉੱਤਮ ਮੰਨਿਆ ਗਿਆ ਹੈ। ਹੁਣ ਜੇਕਰ ਮਨੁੱਖਾ ਜਨਮ ਲੈ ਕੇ ਪਰਮਾਤਮਾ ਨਾਲ ਮਿਲਾਪ ਨਾ ਕੀਤਾ ਜਾਵੇ ਜਾਂ ਪਰਮਾਤਮਾ ਦੇ ਨੇੜੇ ਨਾ ਹੋਇਆ ਜਾ ਸਕੇ, ਤਾਂ ਇਹ ਡੰਗਰਾਂ ਵਾਲਾ ਜੀਵਨ ਹੀ ਹੋਵੇਗਾ—ਅਰਥਾਤ ਸਿਰਫ਼ ਆਪਣੀ ਭੁੱਖ, ਲੋੜ ਅਤੇ ਸੁਆਰਥ ਤੱਕ ਹੀ ਸੀਮਤ ਰਹੇਗਾ। ਇਸੇ ਖ਼ਾਤਰ ਵਿਚਾਰ ਇਹ ਕਰਨੀ ਹੈ ਕਿ ਪਰਮਾਤਮਾ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ ਜਾਂ ਪਰਮਾਤਮਾ ਦੇ ਨੇੜੇ ਕਿਵੇਂ ਹੋਇਆ ਜਾ ਸਕਦਾ ਹੈ। ਗੁਰਮਤਿ ਫ਼ਲਸਫ਼ੇ ਅਨੁਸਾਰ ਪਰਮਾਤਮਾ ਤਾਂ ਹਰ ਇਕ ਦੇ ਹਿਰਦੇ ਅੰਦਰ ਹੀ ਵਸਦਾ ਹੈ। ਫਿਰ ਇਸ ਗੱਲ ਦੀ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਇਹ ਕਿਹਾ ਜਾਵੇ ਕਿ ਬਹੁਤ ਲੋਕ ਹਿਰਦੇ ਅੰਦਰ ਵਸਦੇ ਪਰਮਾਤਮਾ ਤੋਂ ਦੂਰ ਹੀ ਹੁੰਦੇ ਹਨ। ਇਹ ਇਕ ਸਚਾਈ ਹੈ। ਇਸੇ ਲਈ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਹਿਰਦੇ ਅੰਦਰ ਵੱਸਦੇ ਪਰਮਾਤਮਾ ਤੋਂ ਦੂਰ ਕਿਵੇਂ ਹੁੰਦਾ ਹੈ ਅਤੇ ਉਹ ਨੇੜੇ ਕਿਵੇਂ ਹੋ ਸਕਦਾ ਹੈ। ਪਰਮਾਤਮਾ ਦੇ ਨੇੜੇ ਹੋਣ ਲਈ ਗੁਰਬਾਣੀ ਦਾ ਫ਼ਰਮਾਨ ਹੈ: “ਚੰਗਿਆਈਆਂ ਬੁਰਿਆਈਆਂ ਵਾਚੇ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥” ਹਕੀਕਤ ਇਹ ਹੈ ਕਿ ਪਰਮਾਤਮਾ ਤੋਂ ਨੇੜੇ ਜਾਂ ਦੂਰ ਹੋਣਾ ਕਿਸੇ ਸਰੀਰਕ ਦੂਰੀ ਦਾ ਮਸਲਾ ਨਹੀਂ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਮਨੁੱਖ ਜੋ ਚੰਗੇ ਜਾਂ ਮੰਦੇ ਕਰਮ ਕਰਦਾ ਹੈ, ਉਸ ਦਾ ਲੇਖਾ-ਜੋਖਾ ਹੁੰਦਾ ਰਹਿੰਦਾ ਹੈ। ਇਸ ਅਨੁਸਾਰ ਆਪਣੇ ਕਰਮਾਂ ਦੇ ਅਧਾਰ ’ਤੇ ਹੀ ਮਨੁੱਖ ਪਰਮਾਤਮਾ ਦੇ ਨੇੜੇ ਜਾਂ ਉਸ ਤੋਂ ਦੂਰ ਹੁੰਦਾ ਹੈ। ਪਰਮਾਤਮਾ ਨੂੰ ਲੱਭਣ ਵਾਸਤੇ ਕਿਸੇ ਹੋਰ ਥਾਂ ਜਾਣ ਦੀ ਲੋੜ ਨਹੀਂ। ਇਹ ਤਾਂ ਆਪਣੇ ਅੰਦਰ ਝਾਕਣ ਦੀ ਲੋੜ ਹੈ। ਅਸਲੀਅਤ ਇਹ ਹੈ ਕਿ ਆਪਣੀ ਬੁੱਧੀ ਜਾਂ ਵਿਚਾਰਾਂ ਦੇ ਅਧਾਰ ’ਤੇ ਮਨੁੱਖ ਜੋ ਕਰਮ ਕਰਦਾ ਹੈ, ਉਸੇ ਅਧਾਰ ’ਤੇ ਉਹ ਪਰਮਾਤਮਾ ਦੇ ਨੇੜੇ ਜਾਂ ਦੂਰ ਹੁੰਦਾ ਹੈ। ਕਿਉਂਕਿ ਮਨੁੱਖ ਦੇ ਵਿਚਾਰ ਹੀ ਮਨੁੱਖ ਦੇ ਕਰਮਾਂ ਦਾ ਅਧਾਰ ਹੁੰਦੇ ਹਨ, ਇਸ ਲਈ ਮਨੁੱਖ ਦੇ ਵਿਚਾਰਾਂ ਦੇ ਸਰੋਤ ਨੂੰ ਵੀ ਪਰਖ ਲੈਣਾ ਚਾਹੀਦਾ ਹੈ। ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਮਨੁੱਖ ਬਹੁਤ ਕੁਝ ਸਿੱਖਦਾ ਹੈ। ਵੱਖ-ਵੱਖ ਪ੍ਰਕਾਰ ਦਾ ਗਿਆਨ ਪ੍ਰਾਪਤ ਕਰਦਾ ਹੈ—ਗਿਆਨ ਸੁਚੱਜਾ ਵੀ ਹੋ ਸਕਦਾ ਹੈ ਅਤੇ ਕੁਚੱਜਾ ਵੀ। ਸੁਚੱਜਾ ਗਿਆਨ ਮਨੁੱਖ ਨੂੰ ਚੰਗੇ ਕਰਮ ਕਰਨ ਲਈ ਪ੍ਰੇਰਿਤ ਕਰਦਾ ਹੈ, ਜਦੋਂ ਕਿ ਕੁਚੱਜਾ ਗਿਆਨ ਮਨੁੱਖ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ ਅਤੇ ਮਨੁੱਖ ਸ਼ੈਤਾਨ ਜਾਂ ਹੈਵਾਨ ਹੋ ਕੇ ਵਿਚਰਦਾ ਹੈ। ਇਸੇ ਕਾਰਨ ਉਹ ਬੁਰੇ ਕਰਮ ਕਰਦਾ ਹੈ। ਜਿਸ ਤਰ੍ਹਾਂ ਦਾ ਗਿਆਨ ਗ੍ਰਹਿਣ ਕੀਤਾ ਜਾਂਦਾ ਹੈ, ਉਸੇ ਅਨੁਸਾਰ ਮਨੁੱਖ ਦੇ ਵਿਚਾਰ ਬਣ ਜਾਂਦੇ ਹਨ ਅਤੇ ਇਨ੍ਹਾਂ ਵਿਚਾਰਾਂ ਦੇ ਅਨੁਕੂਲ ਸੁਭਾਉ ਬਣ ਜਾਂਦਾ ਹੈ। ਫਿਰ ਆਪਣੇ ਸੁਭਾਉ ਅਨੁਸਾਰ ਹੀ ਉਹ ਚੰਗੇ ਜਾਂ ਮੰਦੇ ਕਰਮ ਕਰਦਾ ਹੈ। ਫਿਰ ਇਨ੍ਹਾਂ ਕਰਮਾਂ ਤੋਂ ਹੀ ਪਤਾ ਚਲਦਾ ਹੈ ਕਿ ਪ੍ਰਾਣੀ ਪਰਮਾਤਮਾ ਦੇ ਕਿੰਨਾ ਨੇੜੇ ਜਾਂ ਦੂਰ ਹੈ। ਸੁਚੱਜੇ ਵਿਚਾਰ ਗ੍ਰਹਿਣ ਕਰਨ ਦੇ ਸੰਬੰਧ ਵਿਚ ਗੁਰੂ ਸਾਹਿਬ ਜੋ ਸੇਧ ਦਿੰਦੇ ਹਨ, ਉਹ ਹੈ: “ਜਿਨੀ ਨਾਮੁ ਧਿਆਇਆ ਗਏ ਮਸਕਤ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥” ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜੋ ਵਿਅਕਤੀ ਨਾਮੁ ਧਿਆਉਂਦੇ ਹਨ, ਉਹ ਪਰਮਾਤਮਾ ਦੇ ਨੇੜੇ ਹੋਣ ਵਾਲਾ ਮੁਸ਼ਕਲ ਕੰਮ ਪੂਰਾ ਕਰ ਲੈਂਦੇ ਹਨ। ਨਾਮੁ ਧਿਆਉਣ ਤੋਂ ਭਾਵ ਹੈ: ਸੁਚੱਜੇ ਗੁਣ ਅਪਣਾਉਣਾ ਅਤੇ ਉਨ੍ਹਾਂ ਗੁਣਾਂ ਦੇ ਅਨੁਕੂਲ ਜੀਵਨ ਜੀਉਣਾ। ਇਨ੍ਹਾਂ ਸੁਚੱਜੇ ਗੁਣਾਂ ਨਾਲ ਹੀ ਆਪਣੇ ਵਿਚਾਰ ਅਤੇ ਕਰਮ ਵੀ ਚੰਗੇ ਹੋ ਜਾਂਦੇ ਹਨ। ਫਿਰ ਚੰਗੇ ਕਰਮਾਂ ਕਾਰਨ ਹੀ ਮਨੁੱਖ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ—ਭਾਵ ਉਹ ਸਚਿਆਰ ਹੋ ਜਾਂਦਾ ਹੈ। ਸਚਿਆਰ ਵਿਅਕਤੀ ਹੀ ਗੁਣਵਾਨ ਅਤੇ ਗਿਆਨਵਾਨ ਹੁੰਦਾ ਹੈ। ਫਿਰ ਜਦੋਂ ਇਹ ਕਿਹਾ ਗਿਆ ਹੈ “ਕੇਤੀ ਛੁਟੀ ਨਾਲਿ॥” ਤਾਂ ਇਸ ਦਾ ਭਾਵ ਹੈ ਕਿ ਜਦੋਂ ਸਚਿਆਰ ਵਿਅਕਤੀ ਚੰਗੇ ਗੁਣਾਂ ਦੇ ਅਧਾਰ ’ਤੇ ਸਮਾਜ ਵਿਚ ਵਿਚਰਦਾ ਹੈ, ਤਾਂ ਹੋਰ ਕਈ ਲੋਕਾਂ ਦਾ ਵੀ ਉਦਾਰ ਹੋ ਜਾਂਦਾ ਹੈ। ਐਸਾ ਗੁਣਵਾਨ ਵਿਅਕਤੀ ਹੀ ਸਮਾਜ ਲਈ ਉਪਯੋਗੀ ਹੁੰਦਾ ਹੈ। ਉਹ ਵਿਹਲੜ ਸਾਧੂਆਂ ਵਾਂਗ ਸਮਾਜ ’ਤੇ ਬੋਝ ਨਹੀਂ ਹੁੰਦਾ। ਜੇਕਰ ਆਮ ਲੋਕ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦੇ, ਤਾਂ ਉਸ ਦਾ ਕਾਰਨ ਹੈ ਕਿ ਉਹ ਨਾਮ ਧਿਆਉਣ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ। ਆਮ ਤੌਰ ’ਤੇ ਨਾਮ ਧਿਆਉਣ ਤੋਂ ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੀ ਪਾਠ-ਪੂਜਾ ਕਰ ਲਈ ਜਾਵੇ ਤਾਂ ਇਹ ਨਾਮ ਧਿਆਉਣਾ ਹੋ ਗਿਆ। ਕਈ ਲੋਕ ਤਾਂ ਕੀਮਤ ਦੇ ਕੇ ਆਪਣੇ ਵਾਸਤੇ ਪਾਠ-ਪੂਜਾ ਕਰਵਾਉਣ ਦੀ ਜ਼ਿੰਮੇਵਾਰੀ ਭਾਈਆਂ, ਪੰਡਤਾਂ ਆਦਿ ਨੂੰ ਸੌਂਪ ਦਿੰਦੇ ਹਨ। ਇਸ ਨਾਲ ਉਹ ਸਮਝ ਲੈਂਦੇ ਹਨ ਕਿ ਨਾਮ ਧਿਆਉਣ ਦਾ ਕੰਮ ਪੂਰਾ ਹੋ ਗਿਆ। ਕਈ ਨੇਮ ਨਾਲ ਗੁਰਦੁਆਰਿਆਂ ਵਿੱਚ ਜਾ ਕੇ ਕੀਰਤਨ-ਕਥਾ ਸੁਣ ਕੇ ਸਮਝਦੇ ਹਨ ਕਿ ਇਹੀ ਨਾਮ ਧਿਆਉਣਾ ਹੈ। ਜਾਂ ਫਿਰ ਵਾਹਿਗੁਰੂ ਦਾ ਨਾਮ ਰਟਣ ਨੂੰ ਹੀ ਨਾਮ ਧਿਆਉਣਾ ਸਮਝ ਲਿਆ ਜਾਂਦਾ ਹੈ। ਇਸੇ ਤਰ੍ਹਾਂ ਦੇ ਹੋਰ ਕਈ ਕਰਮ ਕਰ ਕੇ ਇਹ ਸਮਝ ਲਿਆ ਜਾਂਦਾ ਹੈ ਕਿ ਨਾਮ ਧਿਆਉਣ ਦਾ ਕੰਮ ਪੂਰਾ ਹੋ ਗਿਆ। ਅਸਲ ਵਿਚ ਇਹ ਸਭ ਭੁਲੇਖੇ ਹਨ। ਇਸ ਸੰਬੰਧ ਵਿਚ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਗੁਰਬਾਣੀ ਦਾ ਪਾਠ, ਕੀਰਤਨ ਆਦਿ ਕਰਨਾ ਅਤੇ ਸੁਣਨਾ ਤਾਂ ਹੀ ਲਾਹੇਵੰਦ ਹੋ ਸਕਦਾ ਹੈ ਜੇਕਰ ਇਸ ਰਾਹੀਂ ਦਿੱਤੇ ਗਏ ਉਪਦੇਸ਼ ਨੂੰ ਗੁਰਬਾਣੀ ਦੇ ਉਦੇਸ਼ ਅਨੁਕੂਲ ਸਮਝਿਆ ਜਾਵੇ। ਇਸੇ ਕਾਰਨ ਸ਼ਬਦ ਵਿਚਾਰ ਲਈ ਖਾਸ ਤੌਰ ’ਤੇ ਤਾਕੀਦ ਕੀਤੀ ਜਾਂਦੀ ਹੈ। ਸ਼ਬਦ ਵਿਚਾਰ ਕਰਨ ਨਾਲ ਹੀ ਗੁਰਬਾਣੀ ਦੇ ਮੂਲ ਉਪਦੇਸ਼ ਦੀ ਸਮਝ ਆ ਸਕਦੀ ਹੈ। ਸ਼ਬਦ ਵਿਚਾਰ ਨਾਲ ਹੀ ਇਹ ਸਮਝ ਆ ਸਕਦੀ ਹੈ ਕਿ ਗੁਰਬਾਣੀ ਰਾਹੀਂ ਦਰਸਾਏ ਗਏ ਨਾਮੁ ਧਿਆਉਣ ਤੋਂ ਕੀ ਭਾਵ ਹੈ ਅਤੇ ਨਾਮ ਕਿਵੇਂ ਧਿਆਇਆ ਜਾ ਸਕਦਾ ਹੈ। ਇਸ ਦੇ ਉਪਰੰਤ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਦਾ ਪ੍ਰਮੁੱਖ ਉਦੇਸ਼ ਹਰ ਵਿਅਕਤੀ ਨੂੰ ਸਚਿਆਰ ਹੋਣ ਲਈ ਪ੍ਰੇਰਿਤ ਕਰਨਾ ਹੈ। ਸਚਿਆਰ ਹੋਣ ਤੋਂ ਭਾਵ ਹੈ ਗੁਣਵਾਨ, ਗਿਆਨਵਾਨ ਅਤੇ ਸੂਝਵਾਨ ਹੋਣਾ ਅਤੇ ਫਿਰ ਉਸ ਅਨੁਸਾਰ ਜੀਵਨ ਜੀਉਣਾ। ਇਸ ਅਨੁਸਾਰ ਨਾਮੁ ਧਿਆਉਣ ਤੋਂ ਭਾਵ ਹੈ ਕਿ ਵਿਅਕਤੀ ਸੁਚੱਜੇ ਗੁਣ ਅਤੇ ਸੁਚੱਜਾ ਗਿਆਨ ਗ੍ਰਹਿਣ ਕਰਕੇ ਸੂਝਵਾਨ ਹੋਵੇ ਅਤੇ ਉਸ ਅਧਾਰ ’ਤੇ ਹੀ ਕਰਮ ਕਰੇ। ਇਹੀ ਨਾਮ ਧਿਆਉਣਾ ਹੈ। ਪਰਮਾਤਮਾ ਕਿਉਂਕਿ ਗੁਣੀ ਨਿਧਾਨ ਹੈ, ਇਸ ਲਈ ਅੰਦਰ ਵੱਸਦੇ ਰੱਬੀ ਗੁਣ ਹੀ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਕਰਦੇ ਹਨ। ਲੋੜ ਹੈ ਆਪਣੇ ਅੰਦਰ ਰੱਬੀ ਗੁਣਾਂ ਦੀ ਪਛਾਣ ਕਰਨ ਦੀ ਅਤੇ ਇਨ੍ਹਾਂ ਗੁਣਾਂ ਦਾ ਵਿਸਥਾਰ ਕਰਨ ਦੀ। ਇਹੀ ਨਾਮ ਧਿਆਉਣਾ ਹੈ। ਸੁਭਾਵਕ ਹੈ ਕਿ ਜੋ ਵਿਅਕਤੀ ਜਿੰਨੇ ਰੱਬੀ ਗੁਣ ਅਪਣਾ ਲੈਂਦਾ ਹੈ, ਉਹ ਉਤਨਾ ਹੀ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਅਉਗਣਾਂ ਕਾਰਨ ਵਿਅਕਤੀ ਰੱਬ ਤੋਂ ਦੂਰ ਹੋ ਜਾਂਦਾ ਹੈ। ਇਸ ਵਿਆਖਿਆ ਦੇ ਅਧਾਰ ’ਤੇ ਜੋ ਵਿਅਕਤੀ ਗੁਣ ਤਿਆਗ ਕੇ ਜਿਤਨੇ ਅਉਗੁਣ ਗ੍ਰਹਿਣ ਕਰਦਾ ਹੈ, ਉਹ ਉਤਨਾ ਹੀ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਇਸੇ ਅਨੁਸਾਰ ਜੋ ਵਿਅਕਤੀ ਜਿਤਨੇ ਗੁਣ ਗ੍ਰਹਿਣ ਕਰਕੇ ਸੁਚੱਜੇ ਕਰਮ ਕਰਦਾ ਹੈ, ਉਹ ਉਨ੍ਹਾ ਹੀ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਇੱਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਅਨੁਸਾਰ ਪਰਮਾਤਮਾ ਦੇ ਨੇੜੇ ਹੋਣਾ ਕਰਮਕਾਂਡ ਨਹੀਂ, ਸਗੋਂ ਕਰਮ-ਕਿਰਿਆ ਹੈ। ਇਹ ਤਾਂ ਹੁਣ ਹਰ ਇੱਕ ਨੇ ਆਪਣੀ ਪੜਚੋਲ ਆਪ ਹੀ ਕਰਨੀ ਹੈ ਕਿ ਕਿਸ ਨੇ ਕਿੰਨੇ ਕੁ ਗੁਣ ਜਾਂ ਅਉਗਣ ਧਾਰਨ ਕੀਤੇ ਹਨ। ਇਸੇ ਆਤਮਿਕ ਪੜਚੋਲ ਰਹੀਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕੌਣ ਪਰਮਾਤਮਾ ਦੇ ਕਿੰਨਾ ਨੇੜੇ ਜਾਂ ਦੂਰ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by 