ਬਾਬਾ ਜੀ ਦੱਸਿਓ!
ਤੁਹਾਨੂੰ ਕੋਈ ਸੱਚਾ ਸਿੱਖ ਨਜ਼ਰ ਆਉਂਦਾ ਏ?
ਤੁਹਾਡੀ ਸ਼ਬਦਜੋਤ
ਕੀਮਤੀ ਰੁਮਾਲਿਆਂ ‘ਚ ਦੁੱਬਕੀ
ਲੈ ਰਹੀ ਏ ਔਖੇ ਸਾਹ
ਕੋਈ ਨਹੀਂ ਸੁਣਦਾ ਉਸਦੀ ਆਹ
ਕਿਉਂਕਿ ਸ਼ਬਦ-ਜੋਤ ਦਾ ਸੱਚ
ਮਸੰਦਾਂ ਨੂੰ ਰਿਹਾ ਏ ਡਰਾਅ।
ਭਾਈ ਲਾਲੋ ਦੀ ਕੋਠੜੀ
ਸੰਗਮਰਮਰ ‘ਚ ਲਪੇਟੀ
ਤੁਹਾਡੀ ਛੋਹ ਨੂੰ ਕਿੰਝ ਸੰਭਾਲੇ
ਲਾਲੋ ਸੰਗ ਬੋਲਾਂ ਦੇ ਚਿਰਾਗ ਕਿਵੇਂ ਬਾਲ਼ੇ
ਤਾਂ ਕਿ ਆਲੇ-ਦੁਆਲੇ ਛਾਏ
ਛੱਟ ਜਾਣ ਇਹ ਬੱਦਲ ਕਾਲੇ।
ਬਾਬਾ ਜੀ
ਤੁਹਾਡੀ ਆਰਤੀ
ਘੰਟੀਆਂ ਅਤੇ ਟੱਲਾਂ ਦੇ ਸ਼ੋਰ ‘ਚ ਗਵਾਚੀ
ਭਾਲਦੀ ਏ ਅਪਾਣੀ ਹਯਾਤੀ
ਜੋ ਜਗਾਉਂਦੀ ਸੀ ਤਾਰੇ ਰਾਤੀਂ
ਤੇ ਮਨਾਂ ਦੇ ਵਿਹੜਿਆਂ ‘ਚ
ਕਿਰਨਾਂ ਦੀ ਕਿਣਮਿਣ ਹੁੰਦੀ ਸੀ ਪ੍ਰਭਾਤੀ।
ਬਾਬਾ ਜੀ
ਤੁਸਾਂ ਤਾਂ ਗੋਸ਼ਟਿ ਪ੍ਰੰਪਰਾ ਨਾਲ
ਤਰਕ ਤੇ ਦਲੀ਼ਲ ਦਾ ਜਾਗ ਸੀ ਲਾਇਆ
ਪਰ ਅਜੋਕੇ ਸਾਧਾਂ ਕੇਹਾ ਜੱਗ ਭਰਮਾਇਆ
ਕਿ ਸ਼ਬਦ ਦਾ ਸੱਚ
ਭਰਮ-ਭੁਲੇਖਿਆਂ ਦੀ ਕਬਰੀਂ ਦਫਨ਼ਾਇਆ।
ਨਾਨਕ ਜੀ
ਤੁਸਾਂ ਲੋਕਾਈ ਦੇ ਮੱਥੇ ‘ਚ ਲੋਅ ਧਰਨ ਲਈ
ਕਰਤਾਰਪੁਰ ਦੇ ਖੇਤੀਂ ਪਾਣੀ ਲਾਇਆ
ਮੂੜ ਮਨਾਂ ਨੂੰ ਬਹੁਤ ਸਮਝਾਇਆ
ਪਰ ਪਾਪੀਆਂ ਦੇ ਪਾਪ ਢੋਂਦੀ ਗੰਗਾ ਨੇ
ਦੇਖ ਲੈ ਆਪਣਾ ਹੀ ਵਜੂਦ ਗਵਾਇਆ।
ਬਾਬਾ ਜੀ
ਜੇ ਤੁਹਾਡੀ ਸ਼ਬਦ-ਜੋਤ ਨੂੰ
ਤੁਹਾਡੇ ਆਪਣਿਆਂ ਹੀ ਬੁਝਾਉਣਾ ਸੀ
ਤਾਂ ਤੁਸੀਂ ਕਾਹਤੋਂ ਆਉਣਾ ਸੀ??
?????????????????????
*** |