2 November 2025

ਕੀ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ‘ਹੀਰ’ ਲਾਹਾਕਾਰਾਂ ਦੇ ਹੱਥਾਂ ਵਿੱਚ ਝੂਠੀ ਪੈ ਜਾਵੇਗੀ?— ਸ਼ਬੀਰ ਜੀ ਵਾਗੀ, ਲਾਹੌਰ

“3, 4 ਅਤੇ 5 ਅਕਤੂਬਰ ਨੂੰ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਅਮੇਰਿਕਾ (ਵਿਪਸਾਅ) ਵਲੋਂ, ਕੈਲੀਫੋਰਨੀਆਂ ਦੇ ਸ਼ਹਿਰ ਹੇਵਰਡ ਵਿੱਚ ‘ਪੰਜਾਬੀ ਸਾਹਿਤਕ ਕਾਨਫਰੰਸ’ ਕੀਤੀ ਗਈ ਜਿਸ ਵਿੱਚ ਪੰਜਾਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਮਨਜਿੰਦਰ ਸਿੰਘ ਨੇ ਪੰਜਾਬੀ ਕਵਿਤਾ ਦੇ ਉੱਤੇ ਇੱਕ ਪਰਚਾ ਪੜ੍ਹਿਆ ਸੀ ਤੇ ਉਸ ਪਰਚੇ ਵਿੱਚ ਉਹਨਾਂ ਨੇ ਵਾਰਿਸ ਸ਼ਾਹ ਤੇ ਟਿੱਪਣੀ ਕੀਤੀ ਸੀ ਉਸੇ ਸੰਦਰਭ ਵਿੱਚ ਇਹ ਲੇਖ ਹੈ:”

ਪੰਜਾਬੀ ਸੁਲੇਖ ਵਿੱਚ ਜਿਸ ਰਚਨਾ ਨੇ ਪੰਜਾਬੀਆਂ ਦੇ ਮਨਾਂ ਨੂੰ ਸਭ ਤੋਂ ਜ਼ਿਆਦਾ ਟੁੰਬਿਆ ਹੈ ਤੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਹੈ ਵਾਰਿਸ ਸ਼ਾਹ ਦੀ ਲਿਖਤ ‘ਹੀਰ’। ਸ਼ਾਇਦ ਹੀ ਪੰਜਾਬੀ ਸੁਲੇਖ ਦੀ ਕੋਈ ਐਸੀ ਰਚਨਾ ਜਾਂ ਕਿਤਾਬ ਹੋਰ ਹੋਵੇ ਜਿਸ ਦੀ ਵਿਕਰੀ ਐਡੀ ਵੱਡੀ ਗਿਣਤੀ ਦੇ ਵਿੱਚ ਹੋਈ ਹੋਵੇ। ਇੱਕ ਵੇਲਾ ਸੀ ਜਦੋਂ ਲੋਕ, ਮੇਲਿਆਂ ਤੇ ਜਾਂਦੇ ਸਨ, ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ‘ਹੀਰ’ ਦਾ ਕਿੱਸਾ ਜਾਂ ਚਿੱਠਾ ਜਰੂਰ ਲੈ ਕੇ ਘਰ ਆਣਾ। ਵਾਰਿਸ ਸ਼ਾਹ ਦੀ ਲਿਖਤ ‘ਹੀਰ’ ਦਾ ਪੰਜਾਬੀ ਲੋਕਾਂ ਦੇ ਦਿਲਾਂ ਤੇ ਦਿਮਾਗਾਂ ‘ਤੇ ਐਨਾ ਡੂੰਘਾ ਅਸਰ ਹੈ ਕਿ ਹਰ ਪੰਜਾਬੀ ਬੰਦੇ ਨੂੰ ਭਾਵੇਂ ਉਹ ਪੜ੍ਹਿਆ ਹੋਵੇ ਤੇ ਭਾਵੇਂ ਅਨਪੜ੍ਹ ਵਾਰਿਸ਼ ਸ਼ਾਹ ਦੀ ਲਿੱਖਤ ‘ਹੀਰ’ ਦਾ ਕੋਈ ਨਾ ਕੋਈ ਸ਼ਿਅਰ ਜਰੂਰ ਯਾਦ ਹੁੰਦਾ ਹੈ। ਲੋਕ ਵਾਰਿਸ ਸ਼ਾਹ ਦੀ ਤਸਬੀਹ ਸੱਚ ਨਾਲ ਕਰਦੇ ਹਨ ਤੇ ਅਕਸਰ ਕਹਿੰਦੇ ਹਨ ਕਿ “ਫਿਰ ਤਾਂ ਵਾਰਿਸ ਸ਼ਾਹ ਝੂਠਾ ਹੋ ਜਾਵੇਗਾ।” ਜਦੋਂ ਕਦੀ ਵੀ ਉਹਨਾਂ ਨੂੰ ਕੋਈ ਔਕੜ ਆਉਂਦੀ ਹੈ ਜਾਂ ਕੋਈ ਮਸਲਾ ਪੇਸ਼ ਆਉਂਦਾ ਹੈ ਤਾਂ ਉਹ ਆਪਣੀ ਗੱਲ ਨੂੰ ਮੁਅਤਬਰ ਬਣਾਉਣ ਜਾਂ ਦੂਜੇ ਬੰਦੇ ‘ਤੇ ਆਪਣੀ ਇਲਮੀਅਤ ਜਗਾਉਣ ਲਈ ਹੀਰ ਵਾਰਿਸ ਸ਼ਾਹ ਦੀ ਲਿਖਤ ਵਿੱਚੋਂ ਕਿਸੇ ਸ਼ਿਅਰ ਦਾ ਹਵਾਲਾ ਦਿੰਦੇ ਹਨ।

ਇਸ ਦੇ ਨਾਲ ਨਾਲ ਇਹ ਵੀ ਗੱਲ ਆਪਣੀ ਥਾਵੇਂ ਸੱਚੀ ਹੈ ਕਿ ਪੰਜਾਬੀ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆਲੋਚਨਾ ਹੋਈ ਹੈ, ਉਹ ਵੀ ‘ਹੀਰ’ ਵਾਰਿਸ਼ ਸ਼ਾਹ ਦੀ ਲਿਖਤ ਉੱਤੇ ਹੀ ਹੋਈ ਹੈ। ਸਭ ਤੋਂ ਜ਼ਿਆਦਾ ਕੀੜੇ ਜਿਹੜੇ ਨੇ ਉਹ ਇਸ ਲਿਖਤ ਵਿੱਚੋਂਂ ਹੀ ਕੱਢੇ ਗਏ ਨੇ। ਇਸ ‘ਤੇ ਕਿੰਤੂ ਪ੍ਰੰਤੂ ਵੀ ਬਹੁਤ ਕੀਤੇ ਗਏ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਇਸ ‘ਤੇ ਕਿੰਤੂ ਪ੍ਰੰਤੂ ਕੀਤੇ ਗਏ ਨੇ ਜਾਂ ਇਸ ‘ਤੇ ਆਲੋਚਨਾ ਕੀਤੀ ਗਈ ਹੈ ਤਿਉਂ ਤਿਉਂ ਇਸ ਦੀ ਮਹਾਨਤਾ ਘਟਣ ਦੀ ਬਜਾਏ ਹੋਰ ਵਧੀ ਹੈ। ਬਹੁਤ ਵੱਡੀ ਗਿਣਤੀ ਵਿੱਚ ਇਸ ਰਚਨਾ ਵਿੱਚ ਰਲਾ ਵੀ ਕੀਤਾ ਗਿਆ ਹੈ।

ਇਸ ਦਾ ਕੀ ਕਾਰਨ ਹੈ? ਇਸ ਦੀ ਕੀ ਵਜ੍ਹਾ ਹੈ? ਇਹ ਇੱਕ ਬਹੁਤ ਲੰਮਾ ਚੌੜਾ ਵਿਸ਼ਾ ਹੈ, ਇਸਤੇ ਫਿਰ ਕਦੀ ਗੱਲ ਕਰਾਂਗੇ ਲੇਕਿਨ ਹਾਲ ਦੀ ਘੜੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕੇ ਪਿਛਲੇ ਦਿਹਾੜੇ ਕੈਨੇਡਾ ਵਸਦੇ ਮੇਰੇ ਇੱਕ ਸੱਜਣ ਭੁਪਿੰਦਰ ਸਿੰਘ ਮੱਲ੍ਹੀ ਹੋਰਾਂ ਮੈਨੂੰ ਵਟਸਐਪ ਰਾਹੀਂ ਇੱਕ ਸੁਨੇਹਾ ਭੇਜਿਆ। ਜਦੋਂ ਮੈਂ ਸੁਨੇਹਾ ਪੜ੍ਹਿਆ ਉਸਦੇ ਵਿੱਚ ਵਾਰਿਸ ਸ਼ਾਹ ਹੋਰਾਂ ਦੀ ਲਿਖਤ ‘ਹੀਰ’ ਵਾਰਿਸ ਸ਼ਾਹ ਵਿੱਚੋਂ ਇਕ ਸ਼ਿਅਰ ਦਾ ਹਵਾਲਾ ਸੀ;

“ਨਹੀਂ ਚੂਹੜੇ ਦਾ ਪੁੱਤਰ ਹੋਵੇ ਸਈਅਦ,
ਘੋੜੇ ਹੋਣ ਨਹੀਂ ਪੁੱਤਰ ਲੇਲੀਆਂ ਦੇ
ਵਾਰਿਸ ਸ਼ਾਹ ਫ਼ਕ਼ਰ ਨਾ ਹੋਣ ਮੂਲੇ,
ਪੁੱਤਰ ਜੱਟਾਂ ਤੇ ਮੋਚੀਆਂ ਤੇਲੀਆਂ ਦੇ।”

ਪੜ੍ਹਦਿਆਂ ਸਾਰ ਹੀ ਮੈਨੂੰ ਇਹ ਸਮਝ ਆ ਗਈ ਕਿ ਇਹ ਕਿਸੇ ਬੰਦੇ ਨੇ ਭੁਪਿੰਦਰ ਸਿੰਘ ਮੱਲ੍ਹੀ ਹੋਰਾਂ ਅੱਗੇ ਵਾਰਿਸ ਸ਼ਾਹ ਉੱਪਰ ਕਿੰਤੂ ਪ੍ਰੰਤੂ ਕੀਤਾ ਹੈ ਉਹਨਾਂ ਨੇ ਇਹ ਸ਼ਿਅਰ ਆਪਣੇ ਨਿਰਵਾਰ ਲਈ, ਤਸ਼ਰੀਹ ਲਈ ਮੈਨੂੰ ਘੱਲਿਆ ਹੈ। ਉਹ ਦੱਸਦੇ ਸਨ ਕਿ ਪੰਜਾਬ ਤੋਂ ਆਏ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਆਪਣੀ ਗੱਲਬਾਤ ਵਿੱਚ ਵਾਰਿਸ ਸ਼ਾਹ ਬਾਰੇ ਐਵੇਂ ਚਲਾਵੀਂ ਜਿਹੀ ਗੱਲ ਕਰ ਦਿੱਤੀ, ਜਿਸ ਦਾ ਉਹਨਾਂ ਨੇ ਉਸ ਨੂੰ ਮਿਲ ਕੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਵੀ ਕਰ ਦਿੱਤਾ ਸੀ। ਚਲੋ ਇਸ ਬਹਾਨੇ ਮੈਨੂੰ ਵੀ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਗਿਆ ਹੈ:-

ਇੱਕ ਗੱਲ ਸਾਨੂੰ ਆਪਣੇ ਚਿੱਤ ਵਿੱਚ ਜਰੂਰ ਰੱਖਣੀ ਚਾਹੀਦੀ ਹੈ ਕਿ ‘ਹੀਰ’ ਵਾਰਿਸ ਸ਼ਾਹ ਇਕ ਕਹਾਣੀ ਹੈ ਤੇ ਇਸ ਕਹਾਣੀ ਵਿੱਚ ਕਿਰਦਾਰ ਨੇ, ਪਾਤਰ ਨੇ ਤੇ ਉਹਨਾਂ ਸਾਰੇ ਕਿਰਦਾਰਾਂ ਤੇ ਪਾਤਰਾਂ ਦੀ ਆਪਣੀ ਆਪਣੀ ਵਿਚਾਰਧਾਰਾ ਹੈ ਉਹਨਾਂ ਦੀ ਆਪਣੀ ਇੱਕ ਵਰਤੋਂ ਹੈ। ਮੌਕਾ ਮਿਲਣ ਤੇ ਉਹ ਇਸ ਦਾ ਇਜ਼ਹਾਰ ਵੀ ਕਰਦੇ ਨੇ। ਜਿਹੜਾ ਸੱਚਾ ਲਿਖਾਰੀ ਹੈ ਉਹ ਉਸ ਕਿਰਦਾਰ ਨੂੰ ਪੂਰੀ ਤਰ੍ਹਾਂ ਪੇਸ਼ ਕਰਦਾ ਹੈ। ਉਸ ਦੇ ਵਿੱਚ ਕੋਈ ਘਾਟਾ ਨਹੀਂ ਰਹਿਣ ਦਿੰਦਾ। ਕੋਈ ਰਲਾ ਨਹੀਂ ਕਰਦਾ ਜਾਂ ਉਹਦੇ ਵਿੱਚ ਐਵੇਂ ਡੰਡੀ ਨਹੀਂ ਮਾਰਦਾ। ਇਹ ਉਸਦਾ ਫ਼ਰਜ਼ ਵੀ ਹੈ ਕਿ ਉਹ ਜਿਵੇਂ ਦੇ ਕਿਰਦਾਰ ਸੁਸਾਇਟੀ ਦੇ ਵਿੱਚ ਵਿਚਰ ਰਹੇ ਨੇ ਉਵੇਂ ਹੀ ਉਹਨਾਂ ਨੂੰ ਉਹ ਪੇਸ਼ ਕਰੇ। ਤੇ ਵਾਰਿਸ ਸ਼ਾਹ ਦੀ ਜਿਹੜੀ ‘ਹੀਰ’ ਹੈ, ਉਹ ਐਵੇਂ ਤਾਂ ਲੋਕਾਂ ਨੂੰ ਨਹੀਂ ਨਾ ਟੁੰਬਦੀ, ਉਹ ਇਸੇ ਵਾਸਤੇ ਹੀ ਟੁੰਬਦੀ ਹੈ ਕਿ ਉਹਨੇ ਜਿਵੇਂ ਦੇ ਸੁਸਾਇਟੀ ਦੇ ਵਿੱਚ ਕਿਰਦਾਰ ਮੌਜੂਦ ਸਨ, ਤੇ ਉਹਨਾ ਕਿਰਦਾਰਾਂ ਦੇ ਜਿਸ ਤਰ੍ਹਾਂ ਦੇ ਵਿਚਾਰ ਸਨ ਵਾਰਿਸ ਸ਼ਾਹ ਨੇ ਉਹਨਾਂ ਨੂੰ ਉਵੇਂ ਹੀ ਪੇਸ਼ ਕੀਤਾ ਹੈ। ਇਹ ਵਾਰਿਸ ਸ਼ਾਹ ਦੀ ਕਲਾ ਦਾ ਵੱਡਾ ਗੁਣ ਹੈ। ਇਹੋ ਹੀ ਕਾਰਨ ਹੈ ਕਿ ਜਦੋਂ ਪੰਜਾਬੀ ਲੋਕ ਇਸ ਨੂੰ ਸੁਣਦੇ ਨੇ ਤਾਂ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਇਹ ਤੇ ਅਸੀਂ ਆਪ ਹੀ ਹਾਂ। ਇਸ ਤਰ੍ਹਾਂ ਹੀ ਸਮਾਜ ਵਿੱਚ ਹੋ ਰਿਹਾ ਹੈ। ਹਰ ਬੰਦੇ ਨੂੰ ਉਹਦੇ ਵਿੱਚ ਆਪਣਾ ਹੀ ਕਿਰਦਾਰ ਨਜ਼ਰ ਆਉਂਦਾ ਹੈ।

ਇਹ ਜਿਹੜੇ ਆਲੋਚਨਾ ਕਰਨ ਵਾਲੇ, ਇਹ ਕੀੜੇ ਕੱਢਣ ਵਾਲੇ, ਕਿੰਤੂ ਕਰਨ ਵਾਲੇ ਨੇ ਇਹ ਉਹਨਾਂ ਕਿਰਦਾਰਾਂ ਦੇ ਸੁਭਾਅ ਤੋਂ ਹੱਟ ਕੇ ਉਹਨਾਂ ਸ਼ਿਅਰਾਂ ਨੂੰ ਬਿਆਨ ਕਰਕੇ, ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਸ਼ਾਇਦ ਵਾਰਿਸ ਸ਼ਾਹ ਹੋਰੀਂ ਜਿਹੜੇ ਨੇ, ਉਹ ਦੂਜਿਆਂ ਨੂੰ ਨਫਰਤ ਕਰਦੇ ਨੇ ਜਾਂ ਕਿਸੇ ਨੂੰ ਹੀਣਾ ਸਮਝਦੇ ਨੇ। ਪਰ ਇੰਜ ਦੀ ਕੋਈ ਗੱਲ ਨਹੀਂ ਹੈ।

ਅਸੀਂ ਅਗਰ ਹੀਰ ਵਾਰਿਸ ਸ਼ਾਹ ਨੂੰ ਪੂਰੇ ਤੌਰ ‘ਤੇ ਪੜ੍ਹੀਏ ਤੇ ਮੁਆਮਲਾ ਉਲਟ ਹੀ ਨਿਕਲ ਆਉਂਦਾ ਹੈ। ਇੱਕ ਗੱਲ ਦੀ ਮੈਂ ਇਥੇ ਵਜਾਹਤ ਕਰਦਿਆਂ ਕਿ ਆਮ ਤੌਰ ਤੇ ਕੁਝ ਲੋਕੀ ਕਹਿੰਦੇ ਨੇ ਕਿ ਵਾਰਿਸ ਸ਼ਾਹ ਆਪਣੇ ਸਈਅਦ ਹੋਣ ਤੇ ਬੜਾ ਮਾਣ ਕਰਦੇ ਸਨ। ਇਸ ਤਰ੍ਹਾਂ ਦਾ ‘ਹੀਰ’ ਵਾਰਿਸ ਸ਼ਾਹ ਦੇ ਵਿੱਚ ਇੱਕ ਵੀ ਹਵਾਲਾ ਮੌਜੂਦ ਨਹੀਂ ਹੈ। ਬਲਕਿ ਇਹਦੇ ਵਿਰੋਧ ਵਿੱਚ ਕਈ ਹਵਾਲੇ ਮੌਜੂਦ ਨੇ। ਉਹ ਕਹਿੰਦੇ ਨੇ ਬੁੱਲੇ ਸ਼ਾਹ ਹੋਰੀਂ ਤਾਂ ਗੈਰ ਸਈਅਦ ਦੇ ਮੁਰੀਦ ਹੋਏ ਜਾਂ ਕਹਿ ਲਓ ਕਿ ਉਨਾਂ ਦਾ ਪੀਰ ਸ਼ਾਹ ਅਨਾਇਤ ਜੋ ਅਰਾਈਂ ਸੀ, ਉਸ ਦੇ ਮੁਰੀਦ ਹੋਏ ਸਨ। ਲੇਕਿਨ ਕੀ ਉਹ ਇਹ ਦੱਸਣ ਦੀ ਖੇਚਲ ਕਰਨਗੇ ਕਿ ਵਾਰਿਸ ਸ਼ਾਹ ਹੋਰੀਂ ਜਿਹੜੇ ਨੇ, ਉਹ ਕਿਸ ਦੇ ਮੁਰੀਦ ਹੋਏ ਨੇ? ਜਾਂ ਉਨਾਂ ਦਾ ਪੀਰ ਕੌਣ ਸੀ? ਬਈ ਵਾਰਿਸ ਸ਼ਾਹ ਹੋਰੀਂ ਵੀ ਤਾਂ ਗੈਰ ਸਈਅਦ ਦੇ ਹੀ ਮੁਰੀਦ ਹੋਏ ਸਨ, ਦੀਵਾਨ ਬਾਬਾ ਫਰੀਦ ਦੇ, ਜਿਹੜੇ ਦੀਵਾਨ ਨੇ, ਗੱਦੀ ਨਸ਼ੀਨ ਨੇ ਬਾਬਾ ਫਰੀਦ ਸ਼ਕਰ ਗੰਜ ਜੀ ਹੋਰਾਂ ਦੇ, ਉਹ ਕੋਈ ਸਈਅਦ ਤੇ ਨਹੀਂ ਸਨ। ਬਾਬਾ ਫਰੀਦ ਆਪ ਵੀ ਸਈਅਦ ਨਹੀਂ ਸੀ। ਸੋ ਵਾਰਿਸ ਸ਼ਾਹ ਹੋਰੀਂ ਤੇ ਉਹਨਾਂ ਦੀਵਾਨਾਂ ਦੇ ਮੁਰੀਦ ਹੋਏ ਨੇ। ਜੇ ਵਾਰਿਸ ਸ਼ਾਹ ਹੋਰੀਂ ਆਪਣੇ ਸਈਅਦ ਹੋਣ ਤੇ ਮਾਣ ਕਰਦੇ ਤੇ ਉਹ ਕਦੀ ਵੀ ਉਹਨਾਂ ਦੇ ਮੁਰੀਦ ਨਾ ਹੁੰਦੇ। ਫਿਰ ਦੇਖੋ ਕਿ ‘ਹੀਰ’ ਵਾਰਿਸ ਸ਼ਾਹ ਦੇ ਵਿੱਚ ਉਹਨਾਂ ਨੇ ਜਿੱਥੇ ਪੀਰ ਅਬਦੁਲ ਕਾਦਰ ਜੀਲਾਨੀ ਜੀ ਬਾਰੇ ਲਿਖਿਆ ਹੈ, ਉੱਥੇ ਉਹਨਾਂ ਨੇ ਬਾਬਾ ਫਰੀਦ ਸਾਹਿਬ ਜੀ ਬਾਰੇ ਵੀ ਲਿਖਿਆ ਹੈ;

“ਮੌਦੂਦ ਦਾ ਲਾਡਲਾ ਪੀਰ ਚਿਸ਼ਤੀ,
ਸ਼ਕਰ ਗੰਜ ਮਸਊਦ ਭਰਪੂਰ ਹੈ ਜੀ।

ਖਾਨਦਾਨ ਵਿਚ ਚਿਸ਼ਤ ਦੇ ਕਾਮਲੀਅਤ,
ਸ਼ਹਿਰ ਫਕ਼ਰ ਦਾ ਪਟਨ ਮਾਅਮੂਰ ਹੈ ਜੀ ।

ਬਾਹੀਆਂਂ ਕੁਤਬਾਂ ਦੇ ਵਿੱਚ ਹੈ ਪੀਰ ਕਾਮਲ ,
ਜੈਂਦੀ ਆਜਜੀ ਜ਼ੁਹਦ ਮਨਜ਼ੂਰ ਹੈ ਜੀ ।

ਸ਼ਕਰ ਗੰਜ ਨੇ ਆਣ ਮੁਕ਼ਾਮ ਕੀਤਾ,
ਦੁਖ ਦਰਦ ਪੰਜਾਬ ਦਾ ਦੂਰ ਹੈ ਜੀ।”

ਹੁਣ ਤੁਸੀਂ ਦੇਖੋ ਕਿ ਵਾਰਿਸ ਸ਼ਾਹ ਹੋਰੀਂ ਮਦਹ ਵਿੱਚ ਕਹਿ ਰਹੇ ਨੇ ਕਿ ਖਾਨਦਾਨ ਵਿੱਚ ਚਿਸ਼ਤ ਦੇ ਕਾਮਲੀਅਤ ਯਾਅਨੀ ਕਿ ਰੂਹਾਨੀਅਤ ਦਾ ਜਿਹੜਾ ਸਿਲਸਿਲਾ ਚਿਸ਼ਤੀ ਹੈ ਉਸ ਦੇ ਵਿੱਚ ਬਾਬਾ ਫਰੀਦ ਜੀ ਪੂਰੇ ਕਾਮਲ ਪੀਰ ਨੇ ਪੂਰੇ ਕਾਮਲ ਵਲੀ ਨੇ , ਨਾ ਸਿਰਫ ਵਲੀ ਨੇ ਬਲਕਿ ਬਾਹੀਆਂ ਕੁਤਬਾਂ ਦੇ ਵਿੱਚ ਪਹੁੰਚੇ ਹੋਏ ਕੁਤਬ ਨੇ ਜਿਹਨਾਂ ਦੀ ਵਜ੍ਹਾ ਤੋਂ ਜਿਹੜਾ ਫੱਕਰ ਦਾ ਸ਼ਹਿਰ ਹੈ ਉਹ ਡੁੱਲ ਡੁੱਲ ਪੈ ਰਿਹਾ ਏ। ਉਹ ਗੱਲ ਕਰਦੇ ਨੇ:-

“ਸ਼ਕਰ ਗੰਜ ਨੇ ਆਣ ਮੁਕਾਮ ਕੀਤਾ,
ਦੁਖ ਦਰਦ ਪੰਜਾਬ ਦਾ ਦੂਰ ਹੈ ਜੀ”

ਉਹਨਾਂ ਨੇ ਇਹ ਤੇ ਨਹੀਂ ਕਿਹਾ ਕਿ ਕੋਈ ਸਈਅਦ ਆਇਆ ਹੈ ਤੇ ਪੰਜਾਬ ਦੇ ਦੁੱਖ ਦਰਦ ਦੂਰ ਹੋਏ ਨੇ ਨਹੀਂ ਉਹਨਾਂ ਨੇ ਸ਼ਕਰਗੰਜ ਨੂੰ ਕਿਹਾ ਹੈ ਔਰ ਸ਼ਕਰਗੰਜ ਨੂੰ ਉਹਨਾਂ ਨੇ ਆਪਣਾ ਰੂਹਾਨੀ ਮੁਰਸ਼ਦ ਮੰਨਿਆ ਹੈ ਸੋ ਜਿਹੜਾ ਬੰਦਾ ਗੈਰ ਸਈਅਦ ਨੂੰ ਮੁਰਸ਼ਦ ਮੰਨਦਾ ਪਿਆ ਹੈ ਉਹ ਆਪਣੇ ਸਈਅਦ ਹੋਣ ਤੇ ਕਿਵੇਂ ਮਾਣ ਕਰ ਸਕਦਾ ਹੈ? ਜਾਂ ਫ਼ਖ਼ਰ ਕਰ ਸਕਦਾ ਹੈ। ਅੱਗੇ ਅਸੀਂ ਇੱਕ ਹੋਰ ਤੁਹਾਨੂੰ ਇਸਦਾ ਹਵਾਲਾ ਦੇ ਦਿੰਦੇ ਹਾਂ;-

ਸਈਅਦ ਸ਼ੈਖ਼ ਨੂੰ ਪੀਰ ਨਾ ਜਾਨਣਾ ਈ,
ਅਮਲ ਕਰੇ ਜੇ ਉਹ ਚੰਡਾਲ ਦੇ ਜੀ।

ਦੌਲਤ ਮੰਦ ਦੱਯੂਸ ਦੀ ਤਰਕ ਸੁਹਬਤ,
ਮਗਰ ਲੱਗੀਏ ਨੇਕ ਕੰਗਾਲ ਦੇ ਜੀ।

ਯਾਅਨੀ ਕਿ ਸਈਅਦ ਹੋਵੇ ਤੇ ਭਾਵੇ ਸ਼ੈਖ ਜੇ ਉਸਦੇ ਅਮਲ ਚੰਡਾਲਾਂ ਵਾਲੇ ਨੇ ਤੇ ਫੇਰ ਉਸ ਨੂੰ ਹਰਗਿਜ ਪੀਰ ਨਹੀਂ ਮੰਨਣਾ। ਨਾ ਹੀ ਬੇਗੈਰਤ ਕਿਸਮ ਦੇ ਦੌਲਤ ਮੰਦ ਦੀ ਪੈਰਵੀ ਕਰਨੀ ਹੈ। ਫਿਰ ਪੈਰਵੀ ਕਿਸ ਦੀ ਕਰਨੀ ਹੈ? ਨੇਕ ਬੰਦੇ ਦੀ ਭਾਵੇਂ ਉਹ ਕੰਗਾਲ ਹੋਵੇ , ਆਗੂ ਭਾਵੇਂ ਕੰਗਾਲ ਹੋਵੇ ਪਰ ਹੋਵੇ ਨੇਕ ਉਸ ਦੀ ਪੈਰਵੀ ਕਰਨੀ ਹੈ , ਉਸ ਨੂੰ ਪੀਰ ਮੰਨਣਾ ਹੈ ਉਸ ਦੀ ਅਗਵਾਈ ਹੇਠ ਚੱਲਣਾ ਹੈ ।

ਹੁਣ ਸਈਅਦ ਬਾਰੇ ਵੀ ਦੱਸ ਦਿੱਤਾ ਹੈ ਤੇ ਸ਼ੈਖ ਬਾਰੇ ਵੀ , ਸ਼ੈਖ਼ ਉਸ ਬਜ਼ੁਰਗ ਹਸਤੀ ਨੂੰ ਕਹਿੰਦੇ ਨੇ ਜਿਹੜੀ ਕਿ ਕਿਸੇ ਵੀ ਰੂਹਾਨੀ ਮੁਕਾਮ ਤੇ ਪਹੁੰਚੀ ਹੋਈ ਹੋਵੇ ਅਤੇ ਜਿਸਦੇ ਪਿੱਛੇ ਲੋਕ ਲੱਗਦੇ ਹੋਵਣ , ਜਿਹਦੀ ਪੈਰਵੀ ਕਰਦੇ ਹੋਵਣ , ਜਿਹਦੀ ਗੱਲ ਮੰਨਦੇ ਹੋਵਣ, ਜਿਹਨੂੰ ਆਪਣਾ ਗੁਰੂ ਮੰਨਦੇ ਹੋਵਣ ਵਾਰਿਸ ਸ਼ਾਹ ਨੇ ਕਿਹਾ ਹੈ; ਐਸੇ ਸਈਅਦ ਐਸੇ ਸ਼ੈਖ਼ ਜਿਨਾਂ ਦੇ ਚੰਡਾਲਾਂ ਵਾਲੇ ਅਮਲ ਹੋਵਣ ਉਹਨਾਂ ਨੂੰ ਤੁਸੀਂ ਪੀਰ ਨਹੀਂ ਜਾਨਣਾ, ਉਹਨਾਂ ਦੇ ਪਿੱਛੇ ਨਹੀਂ ਲੱਗਣਾ , ਫਿਰ ਕਿੰਹਨਾਂ ਦੇ ਪਿੱਛੇ ਚੱਲਣਾ ਹੈ ਵਾਰਿਸ ਸ਼ਾਹ ਜੀ? ਵਾਰਿਸ ਸ਼ਾਹ ਹੋਰੀਂ ਫਰਮਾਉਂਦੇ ਨੇ ,

“ਮਗਰ ਲੱਗੀਏ ਨੇਕ ਕੰਗਾਲ ਦੇ ਜੀ”

ਨੇਕ ਬੰਦੇ ਦੇ ਮਗਰ ਚੱਲਣਾ ਹੈ, ਆਗੂ ਬੰਦਾ ਭਾਵੇਂ ਉਹ ਮੋਚੀ ਹੋਵੇ, ਨਾਈ ਹੋਵੇ, ਤੇਲੀ ਹੋਵੇ, ਮਲਕ ਹੋਵੇ, ਅਰਾਈਂ ਹੋਵੇ, ਸ਼ੂਦਰ ਹੋਵੇ ਤੇ ਭਾਵੇਂ ਜੱਟ ਹੋਵੇ। ਨਸਲ ਪਰਸਤੀ ਨੂੰ ਰੱਦਣ ਤੋਂ ਬਾਅਦ ਉਹ ਤਬਕਾਤੀ ਤੌਰ ਤੇ ਦੌਲਤ ਮੰਦ ਨੂੰ ਵੀ ਨਿੰਦਦੇ ਹੋਏ ਵਖਾਲੀ ਦਿੰਦੇ ਨੇ ਇਸ ਗੱਲ ਦਾ ਨਿਤਾਰਾ ਕਰਦੇ ਹੋਏ ਕਹਿੰਦੇ ਨੇ

“ਦੌਲਤ ਮੰਦ ਦੇਯੂਸ ਦੀ ਤਰਕ ਸੋਹਬਤ”

ਕਿ ਜਿਹੜਾ ਬੇਗੈਰਤ ਕਿਸਮ ਦਾ ਦੌਲਤ ਮੰਦ ਹੈ ਉਹਦੀ ਸੁਹਬਤ ਛੱਡ ਦਿਓ। ਉਹਦੇ ਮਗਰ ਵੀ ਨਹੀਂ ਲੱਗਣਾ ਤੇ ਫਿਰ ਕਿਸ ਦੇ ਪਿੱਛੇ ਚਲੀਏ?

ਵਾਰਿਸ ਸ਼ਾਹ ਜੀ ਕਹਿੰਦੇ ਹਨ ਕਿ ਬੰਦਾ ਨੇਕ ਹੋਣਾ ਚਾਹੀਦਾ ਹੈ ਅਤੇ ਜਰੂਰੀ ਨਹੀਂ ਕਿ ਉਹ ਬ੍ਰਾਹਮਣ ਹੋਵੇ ਉਹ ਸਈਅਦ ਹੋਵੇ। ਉਹ ਕੋਈ ਵੀ ਹੋ ਸਕਦਾ ਹੈ। ਉਹਨਾਂ ਨੇ ਨਸਲ ਪ੍ਰਸਤੀ ਦੀ ਵੀ ਨਿੰਦਿਆ ਕਰ ਦਿੱਤੀ ਤੇ ਤਬਕਾਤੀ ਤੌਰ ਤੇ ਜਿਹੜੇ ਦੌਲਤ ਮੰਦ ਨੇ, ਉਹਨਾਂ ਦੀ ਵੀ ਨਿੰਦਆ ਕਰ ਦਿੱਤੀ ਕਿ ਅਗਰ ਉਹ ਬਗੈਰਤ ਨੇ ਤੇ ਉਹਨਾਂ ਦੇ ਪਿੱਛੇ ਨਹੀਂ ਲੱਗਣਾ। ਵਾਰਿਸ ਸ਼ਾਹ ਨੇ ਸਾਰੀ ਦੀ ਸਾਰੀ ਗੱਲ ਖੋਹਲ ਕੇ ਬਿਆਨ ਕਰ ਦਿੱਤੀ ਹੈ।

ਇਹ ਕਿਹਾ ਜਾਂਦਾ ਹੈ ਕਿ ਵਾਰਿਸ ਸ਼ਾਹ ਨੇ ਦੂਜੀਆਂ ਜਾਤਾਂ ਨੂੰ ਭੰਡਿਆ ਹੈ। ਜੱਟਾਂ ਨੂੰ ਭੰਡਿਆ ਹੈ। ਓ ਬਈ ਜਿਹੜਾ ਰਾਂਝਾ ਹੈ ਉਹ ਵੀ ਤਾਂ ਜੱਟ ਹੀ ਹੈ ਅਤੇ ਹੀਰ ਵੀ ਤਾਂ ਜੱਟੀ ਹੀ ਹੈ ਤੇ ਵਾਰਿਸ਼ ਸ਼ਾਹ ਨੇ ਤਾਂ ਇਹਨਾਂ ਨੂੰ ਕਹਾਣੀ ਦਾ ਹੀਰੋ ਬਣਾਇਆ ਹੈ। ਤੇ ਸਾਰੀ ਕਹਾਣੀ ਵਿੱਚ ਇਹਨਾਂ ਨੂੰ ਪ੍ਰਚਲਤ ਵਿਹਾਰ ਦੇ ਰਖਵਾਲੇ ਅਦਾਰਿਆਂ ਦੇ ਸਾਹਮਣੇ ਖੜੇ ਕੀਤਾ ਹੈ। ਜੱਟ ਤੇ ਜੱਟੀ ਮੁਕਾਮੀ ਨੇ, ਅਰਬ ‘ਚੋਂ ਨਹੀਂ ਆਏ। ਵਾਰਿਸ ਸ਼ਾਹ ਨੇ ਮੁਕਾਮੀ ਲੋਕਾਂ ਨੂੰ ਜੋ ਇਥੋਂ ਦੇ ਵਸਨੀਕ ਨੇ, ਉਹਨਾਂ ਨੂੰ ਹੀ ਹੀਰੋ ਬਣਾਕੇ ਮਾਨਤਾ ਦਿੱਤੀ ਹੈ। ਇਸ ਕਹਾਣੀ ਵਿੱਚ ਉਹਨਾਂ ਨੇ ਜੱਟ ਤੇ ਜੱਟੀ ਨੂੰ ਪ੍ਰਧਾਨ ਕੀਤਾ ਹੈ। ਉਹਨਾਂ ਦੇ ਸਾਹਮਣੇ ਕਿੰਨੇ ਹੀ ਲੋਕ ਆਏ ਨੇ? ਉਹਨਾਂ ਦੇ ਸਾਹਮਣੇ ਕਾਜ਼ੀ ਵੀ ਆਇਆ ਹੈ, ਉਹਨਾਂ ਦੇ ਸਾਹਮਣੇ ਬਾਦਸ਼ਾਹ ਵੀ ਆਏ ਨੇ, ਅਦਲੀ ਰਾਜਾ ਵੀ ਆਇਆ ਉਹਨਾਂ ਦੇ ਸਾਹਮਣੇ ਰੂਹਾਨੀ ਅਦਾਰੇ ਵੀ ਆਏ ਨੇ। ਉਨਾਂ ਸਾਰਿਆਂ ਦੇ ਨਾਲ ਹੀ ਉਹ ਭਿੜੇ ਨੇ ਤੇ ਭਿੜ ਕੇ ਅਮਰ ਹੋ ਗਏ ਨੇ। ਵਾਰਿਸ ਸ਼ਾਹ ਦੀ ਕਲਾ ਦਾ ਇਹ ਕਮਾਲ ਹੈ ਕਿ ਉਸ ਦੇ ਸਿਰਜੇ ਕਿਰਦਾਰ ਅਮਰ ਹੋ ਗਏ ਨੇਂ। ਅਮਰ ਕੌਣ ਹੋਏ ਨੇ ? ਜੱਟ ਤੇ ਜੱਟੀ ਹੋਏ ਨੇ। ਫ਼ਿਰ ਕਿਸ ਤਰ੍ਹਾਂ ਵਾਰਿਸ ਸ਼ਾਹ ਨੇ ਜੱਟਾਂ ਦੀ ਭੰਡੀ ਕਰ ਦਿੱਤੀ ? ਸਮਾਜ ਦੇ ਅੰਦਰ ਜਿਹੜੀ ਲੋਕਾਂ ਦੀ ਇੱਕ ਦੂਜੇ ਦੇ ਬਾਰੇ ਸੋਚ ਹੈ ਉਸ ਦਾ ਵਿਖਾਲਾ ਵਾਰਿਸ ਸ਼ਾਹ ਨੇ ਕਰਨਾ ਹੈ ਕਿ ਨਹੀਂ ਕਰਨਾ ? ਵਾਰਿਸ ਸ਼ਾਹ ਨੇ ਇਸ ਕਹਾਣੀ ਵਿੱਚ ਆਪਣੇ ਕਿਰਦਾਰਾਂ ਰਾਹੀਂ ਸਾਰੇ ਅਦਾਰਿਆਂ ਨੂੰ ਤੇ ਸਾਰੇ ਲੋਕਾਂ ਦੀ ਸੋਚ ਨੂੰ ਆਪਣੇ ਪਾਠਕਾਂ ਸਾਹਮਣੇ ਰੱਖਿਆ ਹੈ। ਇਹੀ ਤਾਂ ਵਾਰਿਸ ਸ਼ਾਹ ਦਾ ਕਮਾਲ ਹੈ।

ਜਿਹੜਾ ਸ਼ਿਅਰ ਇਸ ਸੱਜਣ ਨੇ ਉਦਾਹਰਨ ਦੇ ਤੌਰ ਤੇ ਪੇਸ਼ ਕੀਤਾ ਹੈ ਉਸ ਸੱਜਣ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੀ ਸੂਰਤੇਹਾਲ ਦੇ ਵਿੱਚ ਵਾਰਿਸ ਸ਼ਾਹ ਨੇ ਇਹ ਸ਼ੇਅਰ ਕਿਹਾ ਹੈ। ਇੱਥੇ ਸੂਰਤੇਹਾਲ ਹੀ ਕੁਝ ਇਸ ਤਰਾਂ ਦੀ ਹੈ। ਕਹਾਣੀ ਦੇ ਵਿੱਚ ਹਾਲਾਤ ਜਾਂ ਮੌਕਾ ਹੀ ਇਸ ਤਰ੍ਹਾਂ ਦਾ ਹੈ, ਜਿੱਥੇ ਵਾਰਿਸ ਸ਼ਾਹ ਆਪਣੇ ਕਿਰਦਾਰ ਚੂਚਕ ਕੋਲੋਂ ਇਹ ਸ਼ਬਦ ਕਹਾਉਂਦਾ ਹੈ। ਕੁਝ ਲੋਕ ਮੌਕੇ ਤੋਂ ਹੱਟ ਕੋ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਚੱਲ ਰਹੀ ਗੱਲਬਾਤ ਵਿੱਚੋਂ ਇੱਕ ਸ਼ਬਦ ਜਾਂ ਵਾਕ ਫੜ ਕੇ ਫਿਰ ਗੱਲ ਕਰਦੇ ਹਨ ਕਿ ਦੇਖੋ ਵਾਰਿਸ ਸ਼ਾਹ ਨੇ ਇੱਥੇ ਇਸ ਤਰ੍ਹਾਂ ਕਿਹਾ ਹੈ। ਕਿਸੇ ਵੀ ਲੜ ਨੂੰ ਲੜੀ ਵਿੱਚੋਂ ਕੱਢ ਕੇ ਤੁਸੀਂ ਨਹੀਂ ਦੇਖ ਸਕਦੇ। ਤੁਹਾਨੂੰ ਦੇਖਣਾ ਪਵੇਗਾ ਕਿ ਕਹਾਣੀ ਦੇ ਵਿੱਚ ਲੇਖਕ ਕਿਸ ਹਾਲਾਤ ਦੇ ਵਿੱਚ ਉਹ ਆਪਣੇ ਕਿਰਦਾਰ ਕੋਲੋਂ ਇਹ ਗੱਲ ਕਹਾ ਰਿਹਾ ਹੁੰਦਾ ਹੈ। ਜਦੋਂ ਅਸੀਂ ਇਸਨੂੰ ਕਹਾਣੀ ਦੇ ਵਿੱਚ ਵੜ ਕੇ ਦੇਖਾਂਗੇ, ਇਹਨੂੰ ਉਸ ਮੌਕੇ ਤੇ ਜਾ ਕੇ ਦੇਖਾਂਗੇ ਤੇ ਫਿਰ ਗੱਲ ਖੁੱਲੇਗੀ ਕਿ ਅਸਲ ਮਾਮਲਾ ਹੈ ਕੀ ?

ਇਹ ਜਿਹੜਾ ਮਾਮਲਾ ਹੈ ਇਹ ਕਹਾਣੀ ਦਾ ਉਹ ਮੋੜ ਹੈ ਜਿੱਥੇ ਕੈਦੋ ਰਾਂਝੇ ਦੇ ਕੋਲੋਂ ਚੂਰੀ ਲੈ ਕੇ ਪੰਚਾਇਤ ਵਿੱਚ ਆ ਜਾਂਦਾ ਹੈ ਤੇ ਚੂਰੀ ਪੰਚਾਇਤ ਦੇ ਵਿੱਚ ਵਿਖਾਂਦਾ ਹੈ ਕਿ ਵੇਖੋ ਹੀਰ ਜਿਹੜੀ ਹੈ ਕਾਮੇ ਦੇ ਨਾਲ ਜੁੜੀ ਹੋਈ ਹੈ। ਇਹ ਚੂਰੀ ਉਸਦਾ ਸਬੂਤ ਹੈ ਕਿ ਚੂਰੀ ਹੀਰ ਰਾਂਝੇ ਨੂੰ ਖਵਾਉਂਦੀ ਹੈ। ਇਹ ਮਾਮਲਾ ਪੰਚਾਇਤ ਦੇ ਵਿੱਚ ਖੜਾ ਹੋ ਗਿਆ ਹੈ। ਉਸ ਪੰਚਾਇਤ ਦੇ ਵਿੱਚ ਹੀਰ ਦਾ ਪਿਓ ਚੂਚਕ ਵੀ ਮੌਜੂਦ ਹੈ। ਹੁਣ ਤੁਸੀਂ ਸੋਚੋ ਕਿ ਜਦੋਂ ਕੋਈ ਪੰਚਾਇਤ ਦੇ ਵਿੱਚ ਕਿਸੇ ਦੀ ਧੀ ਤੇ ਆ ਕੇ ਇੰਜ ਦੀ ਗੱਲ ਕਰੇਗਾ ਤਾਂ ਧੀ ਦਾ ਬਾਪ ਕੀ ਬੋਲੇਗਾ? ਚੂਚਕ ਕੋਈ ਆਮ ਜਿਹਾ ਬੰਦਾ ਨਹੀਂ ਹੈ। ਉਹ ਹਾਕਮ ਤਬਕਾ ਹੈ, ਉਹ ਹਾਕਮ ਮੇਲ ਹੈ, ਉਹਨਾਂ ਦਾ ਉੱਥੇ ਰਾਜ ਹੈ ਤੇ ਜੇ ਕੋਈ ਆ ਕੇ ਉਹਦੀ ਧੀ ਨੂੰ ਭੰਡੇਗਾ ਫਿਰ ਉਹ ਕੋਈ ਚੁੱਪ ਤੇ ਰਹੇਗਾ ਤੇ ਤੁਹਾਨੂੰ ਚੰਗਾ ਕਹੇਗਾ? ਉਤੋਂ ਫਿਰ ਉਹ ਹੋਵੇ ਵੀ ਹਾਕਮ। ਜਿਹੜੇ ਕਿੰਤੂ ਕਰਨ ਵਾਲੇ ਲੋਕ ਨੇ ਉਹ ਅੱਧਾ ਬਿਆਨ ਪੇਸ਼ ਕਰਦੇ ਹਨ ਪੂਰਾ ਬਿਆਨ ਤੇ ਪੇਸ਼ ਕਰਦੇ ਹੀ ਨਹੀਂ। ਅੱਧੀ ਗੱਲ ਸੱਚ ਕਿਵੇਂ ਹੋ ਸਕਦੀ ਹੈ। ਇਹ ਬਿਆਨ ਹੈ ਚੂਚਕ ਦਾ। ਚੂਚਕ ਆਪਣੀ ਧੀ ਹੀਰ ਦੀ ਸਫਾਈ ਪੇਸ਼ ਕਰਦਿਆਂ ਅਤੇ ਕੈਦੋ ਦੀ ਔਕਾਤ ਦੱਸਦਿਆਂ ਹੋਇਆ ਕਹਿੰਦਾ ਹੈ :-

“ਚੂਚਕ ਆਖਦਾ ਕੂੜੀਆਂ ਕਰੇਂ ਗੱਲਾਂ,
ਹੀਰ ਖੇਡਦੀ ਨਾਲ ਸਹੇਲੀਆਂ ਦੇ।

ਪੀਂਘਾਂ ਪਾਇਕੇ ਸਈਆਂ ਦੇ ਨਾਲ ਝੂਟੇ,
ਤ੍ਰਿੰਜਣ ਜੋੜ ਦੀ ਵਿੱਚ ਹਵੇਲੀਆਂ ਦੇ।

ਇਹ ਚੁਗ਼ਲ ਜਹਾਨ ਦਾ ਮਗਰ ਲੱਗਾ,
ਫੱਕਰ ਜਾਣਦੇ ਹੋ ਨਾਲ ਸਿਹਲੀਅਂ ਦੇ।

ਕਦੀ ਨਾਲ ਮਦਾਰੀਆਂ ਭੰਗ ਘਟੇ,
ਕਦੀ ਜਾ ਨਚੇ ਨਾਲ ਚੇਲੀਆਂ ਦੇ ।

ਨਹੀਂ ਚੂਹੜੇ ਦਾ ਪੁੱਤ ਹੋਇ ਸਈਅਦ,
ਘੋੜੇ ਹੁਣ ਨਾਹੀ ਪੁਤੱਰ ਲੇਲੀਆਂ ਦੇ।

ਵਾਰਿਸ ਸ਼ਾਹ ਫ਼ਕੀਰ ਨਾ ਹੋਣ ਮੂਲੇ,
ਪੁੱਤਰ ਜੱਟਾਂ ਮੋਚੀਆਂ ਤੇਲੀਆਂ ਦੇ ।”

ਕੈਦੋ ਵਲ ਇਸ਼ਾਰਾ ਕਰਕੇ ਚੂਚਕ ਕਹਿੰਦਾ ਹੈ, ਇਹ ਤਾਂ ਚੁਗ਼ਲਖੋਰ ਹੈ ਇਹਨੂੰ ਮੈਂ ਹੀ ਇਕੱਲਾ ਚੁਗ਼ਲਖੋਰ ਨਹੀਂ ਕਹਿੰਦਾ ਬਲਕਿ ਸਾਰਾ ਜਹਾਨ ਕਹਿੰਦਾ ਹੈ , ਇਹ ਚੁਗਲ ਜਹਾਨ ਦਾ ਮਗਰ ਲੱਗਾ ਇਹ ਤੇ ਚੁਗਲਖੋਰ ਹੈ ਜਿਸ ਨੂੰ ਤੁਸੀਂ ਫੱਕਰ ਜਾਣਦੇ ਹੋ। ਇਹ ਜਿਹੜਾ ਚਵਲ ਹੈ, ਚੂਚਕ ਨੇ ਕਿਹਾ ਕਿ ਇਸ ਬੰਦੇ ਦਾ ਕੰਮ ਤਾਂ ਚੁਗਲੀਆਂ ਕਰਨਾ ਹੈ। ਇਹ ਬੰਦਾ ਜਿਸ ਨੇ ਫਕੀਰਾਂ ਵਾਲਾ ਭੇਸ ਬਣਾਇਆ ਹੋਇਆ ਹੈ ਤੁਹਾਡਾ ਕੀ ਖਿਆਲ ਹੈ ਕਿ ਇਹ ਬੰਦਾ ਫਕੀਰ ਹੈ? ਇੰਜ ਦੇ ਬੰਦੇ ਜੋ ਮੰਗ ਪਿੰਨ ਕੇ ਆਪਣਾ ਗੁਜ਼ਾਰਾ ਕਰਦੇ ਹਨ ਕੀ ਇਹ ਫਕੀਰ ਹਨ? ਫਿਰ ਚੂਚਕ ਉਸ ਸਾਰੇ ਤਬਕੇ ਬਾਰੇ ਬੋਲਦਾ ਹੈ ਇਹ ਚੂਚਕ ਦਾ ਬਿਆਨ ਹੈ ਕਿਉਂਕਿ ਚੂਚਕ ਹਾਕਮ ਹੈ ਉਹ ਚੌਧਰੀ ਹੈ ਉਹ ਥੱਲੜੇ ਮੇਲ ਜਾਂ ਤਬਕੇ ਦੇ ਖਿਲਾਫ ਜਿਹੜੀ ਉਸਦੇ ਅੰਦਰ ਨਫਰਤ ਹੈ ਭਾਫ ਹੈ ਜੋ ਉਸਦੇ ਦਿਲ ਵਿੱਚ ਮੌਜੂਦ ਹੈ ਉਹ ਕਿਤੇ ਗਈ ਤਾਂ ਨਹੀਂ ਉਹ ਆਪਣੀ ਉਸ ਨਫਰਤ ਭਰੀ ਸੋਚ ਨੂੰ ਬਿਆਨ ਕਰਦਾ ਹੈ। ਉਸ ਦਾ ਇਜ਼ਹਾਰ ਕਰਦਾ ਹੈ। ਉਹ ਇੱਥੇ ਇਕੱਲੇ ਕੈਦੋ ਨੂੰ ਹੀ ਆਪਣੀ ਸੋਚ ਦੇ ਕਲਾਵੇ ਵਿੱਚ ਨਹੀਂ ਲੈਂਦਾ ਸਗੋਂ ਸਾਰੇ ਥਲੜੇ ਤਬਕੇ ਨੂੰ ਧਰ ਲੈਂਦਾ ਹੈ । ਚੂਚਕ ਉਸ ਸਾਰੇ ਤਬਕੇ ਤੇ ਆਪਣੀ ਭੜਾਸ ਕੱਢਦਾ ਹੈ। ਇਹ ਹੈ ਹੀਰ ਕਹਾਣੀ ਵਿਚ ਤਬਕਾਤੀ ਸੋਚ ਦਾ ਇਜ਼ਹਾਰ ।

ਹੁਣ ਤੁਸੀਂ ਜਰਾ ਗੌਰ ਕਰੋ ਕਿ ਚੂਚਕ ਜਿਹੜਾ ਆਪ ਵੀ ਜੱਟ ਹੈ, ਜੇ ਇਸ ਨੂੰ ਜੱਟ ਦੇ ਤੌਰ ਤੇ ਲਈਏ ਤਾਂ ਫਿਰ ਤਾਂ ਉਸਨੇ ਆਪਣੀ ਹੀ ਨਿੰਦਿਆ ਕੀਤੀ ਹੈ ਕਿਉਂਕਿ ਚੂਚਕ ਵੀ ਤੇ ਆਪ ਜੱਟ ਹੀ ਹੈ। ਪਰ ਇੱਥੇ ਜੱਟ ਤੋਂ ਮੁਰਾਦ ਵਾਹੀਵਾਨ ਹੈ, ਹਾਕਮ ਜੱਟ ਨਹੀਂ। ਵਾਹੀਵਾਨ ਖੇਤੀਬਾੜੀ ਦਾ ਕਾਮਾ ਹੈ। ਕੁਦਰਤ ਦੀ ਦਾਤ ਜਮੀਨ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੈ ਵਾਹੀਵਾਨ, ਹੱਡ ਤੋੜਵਾਂ ਕੰਮ ਕਰਦਾ ਹੈ। ਉਹ ਹੈ ਉਸ ਵੇਲੇ ਦਾ ਬੰਦਾ ਜਿਸਦਾ ਰੋਜ਼ੀ ਰੋਟੀ ਦਾ ਸਾਧਨ ਜ਼ਮੀਨ ਸੀ। ਵਾਰਿਸ ਸ਼ਾਹ ਦੇ ਵੇਲੇ ਲੋਕ ਜਮੀਨ ਦੀ ਵਾਹੀ ਕਰਦੇ ਸਨ ਇਸ ਲਈ ਵਾਹੀਵਾਨਾਂ ਦੀ ਗਿਣਤੀ ਵਿੱਚ ਜੱਟ ਜਿਆਦਾ ਸਨ। ਇਹ ਜਿਹੜਾ ਥੱਲੜਾ ਤਬਕਾ ਜਾਂ ਮੇਲ ਸੀ ਇਸ ਦੇ ਵਿੱਚ ਵੀ ਗਿਣਤੀ ਪੱਖੋਂ ਜੱਟ ਹੀ ਜਿਆਦਾ ਸਨ।

ਇਹ ਵੀ ਗੱਲ ਸੱਚੀ ਹੈ ਕਿ ਜੱਟ ਜਿਹੜੇ ਸਨ, ਉਹ ਹਾਕਮ ਭੀ ਸਨ। ਜਿਹੜੇ ਹਾਕਮ ਜੱਟ ਸਨ, ਉਹ ਤਬਕਾਤੀ ਤੌਰ ਤੇ ਜਿਹੜਾ ਥਲੜਾ ਵਰਗ ਹੈ ਗਰੀਬ ਜੱਟ ਹੈ ਉਸ ਨੂੰ ਆਪਣੇ ਨਾਲ ਦਾ ਜਾਂ ਆਪਣੇ ਵਰਗਾ ਨਹੀਂ ਸਨ ਮੰਨਦੇ। ਸੋ ਤਬਕਾਤੀ ਸਮਾਜ ਵਿੱਚ ਬੰਦੇ ਦੀ ਨਸਲ ਭਾਵੇਂ ਇੱਕ ਹੋਵੇ ਪਰ ਤਬਕਾਤੀ ਪੱਖੋਂ ਉਹ ਕੰਮੀ ਨੂੰ ਆਪਣੇ ਵਰਗਾ ਨਹੀਂ ਸਮਝਦਾ। ਕੋਈ ਅਰਾਈ, ਕੋਈ੍ਹੇ ਮਲਕ, ਕੋਈ ਜੱਟ ਭਾਵੇਂ ਕਿਸੇ ਵੀ ਜਾਤ ਜਾਂ ਗੋਤ ਦਾ ਹੋਵੇ ਅਤੇ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਉਹ ਉਸਦੀ ਔਕਾਤ ਦੇ ‌ਨਾਲ ਹੀ ਉਸ ਨੂੰ ਦੇਖਦਾ ਹੈ। ਤਬਕਾਤੀ ਸਮਾਜ ਦੇ ਵਿੱਚ ਕੋਈ ਜੱਟ ਜਿਹੜਾ ਗਰੀਬ ਹੈ, ਉਸ ਨੂੰ ਦੌਲਤਮੰਦ ਜੱਟ ਆਪਣਾ ਭਰਾ ਨਹੀਂ ਮੰਨਦਾ ਤੇ ਨਾ ਹੀ ਆਪਣੀ ਬਰਾਦਰੀ ਮੰਨਦਾ ਹੈ। ਇਸੇ ਹੀ ਤਰ੍ਹਾਂ ਦੂਸਰਿਆਂ ਦਾ ਵੀ ਇਹੋ ਹੀ ਹਾਲ ਹੈ। ਜਿਹੜੇ ਸਈਅਦ ਨੇ ਤਬਕਾਤੀ ਤੌਰ ਤੇ ਉਹ ਗਰੀਬ ਸਈਅਦ ਨੂੰ ਕਦੋਂ ਆਪਣੇ ਵਰਗਾ ਮੰਨਦੇ ਨੇ। ਸੋ ਤਬਕਾਤੀ ਸਮਾਜ ਵਿੱਚ ਕੋਈ ਵਰਗ ਜਿਹੜਾ ਹੈ, ਉਹ ਵੀ ਦੂਸਰਿਆਂ ਨੂੰ ਸਰਮਾਏ ਦੀ ਨਜ਼ਰ ਨਾਲ ਹੀ ਦੇਖਦਾ ਹੈ ਉਸਨੂੰ ਜਿਹੜਾ ਹਾਕਮ ਹੈ ਜਿਹੜਾ ਪੈਦਾਵਾਰੀ ਵਸੀਲਿਆਂ ਤੇ ਕਾਬਜ ਹੈ ਉਹ ਭਾਵੇਂ ਮੋਚੀ ਹੋਵੇ ਤੇ ਭਾਵੇਂ ਤੇਲੀ ਹੋਵੇ ਉਸ ਨੂੰ ਹੀ ਸੁਪਰੀਮ ਸਮਝਦਾ ਹੈ ਲੇਕਿਨ ਜੇ ਇਹੋ ਮੋਚੀ ਤੇ ਤੇਲੀ ਕੰਮ ਕਰਨ ਲੱਗ ਪਵੇ ਤੇ ਇਹ ਉਸ ਨੂੰ ਕੰਮੀ ਕਮੀਣ ਕਹਿੰਦੇ ਨੇ ਯਾਅਨੀ ਕਿ ਕੰਮ ਕਰਨ ਵਾਲੇ ਨੂੰ ਇਹ ਕਮੀਨ ਸਮਝਦੇ ਨੇ ਹਾਲਾਂਕਿ ਮੋਚੀਪੁਣਾ, ਤੇਲੀ ਪੁਣਾ ਪੇਸ਼ੇ ਨੇ ਜਾਤ ਨਹੀਂ ਪਰ ਮਾਨਸਿਕ ਤੌਰ ਤੇ ਕੰਮੀ ਨੂੰ ਹੀਣਾ ਰੱਖਣ ਲਈ ਉਹ ਉਸ ਨੂੰ ਕੰਮੀ ਕਮੀਣ ਕਹਿ ਕੇ ਬੁਲਾਉਂਦੇ ਨੇ ਹਾਲਾਂਕਿ ਉਨਾਂ ਲਈ ਦੌਲਤ ਇਹ ਕਮੀਣ ਹੀ ਪੈਦਾ ਕਰਦਾ ਨੇ।

ਸਮਾਜ ਦੇ ਸਭ ਤੋਂ ਚੰਗੇ ਅਤੇ ਮੁਅਤਬਰ ਤਾਂ ਇਹ ਲੋਕ ਨੇ, ਜਿਹੜੇ ਸਮਾਜ ਲਈ ਜ਼ਿੰਦਗੀ ਪੈਦਾ ਕਰਦੇ ਨੇ। ਮਿਸਾਲ ਦੇ ਤੌਰ ਤੇ ਜੇ ਮੋਚੀ ਜੁੱਤੀ ਨਾ ਬਣਾਵੇ ਤੇਲੀ ਤੇਲ ਨਾ ਕੱਢੇ ਤੇ ਵਾਹੀਵਾਨ ਜੱਟ ਅੰਨ ਨਾ ਉਗਾਵੇ ਤਾਂ ਸਮਾਜ ਕਿਸ ਤਰ੍ਹਾਂ ਜਿੰਦਾ ਰਹੇਗਾ। ਚੂਚਕ ਹੋਰੀ ਕਿਸ ਤਰ੍ਹਾਂ ਜਿੰਦਾ ਰਹਿ ਸਕਦੇ ਹਨ। ਬਿਲਕੁਲ ਨਹੀਂ ਜਿੰਦਾ ਰਹਿ ਸਕਦੇ। ਲੇਕਿਨ ਉਹਨਾਂ ਨੂੰ ਯਾਅਨੀ ਕਿ ਕਮੀਆਂ ਨੂੰ ਇਸ ਗੱਲ ਦੀ ਸਾਰ ਨਾ ਆਵੇ ਕਿ ਸਾਡਾ ਜਿਹੜਾ ਰਾਜ ਹੈ, ਟੌਹਰ ਟੱਪਾ ਹੈ ਇਹ ਓਹਨਾਂ (ਕਮੀਆਂ) ਦੀ ਵਜ੍ਹਾ ਕਰਕੇ ਹੀ ਕਾਇਮ ਹੈ। ਇਸ ਲਈ ਮਾਨਸਿਕ ਤੌਰ ਤੇ ਉਹਨਾਂ ਨੂੰ ਹੀਣਾ ਰੱਖਣ ਲਈ ਉਹਨਾਂ ਕਮੀਆਂ ਦੇ ਜਿਹਨ ਵਿੱਚ ਇਹ ਗੱਲ ਬਿਠਾਈ ਹੋਈ ਹੈ ਕਿ ਤੁਸੀਂ ਜਨਾਬ ਨਾ ਤੇ ਹਾਕਮ ਬਣ ਸਕਦੇ ਹੋ ਤੇ ਨਾ ਹੀ ਤੁਸੀਂ ਰੂਹਾਨੀ ਤੌਰ ਤੇ ਫਕੀਰ ਦਰਵੇਸ਼ ਬਣ ਸਕਦੇ ਹੋ ਸੋ ਲਿਹਾਜ਼ਾ ਇਹ ਸਭ ਰੁਤਬੇ ਜਿੰਨੇ ਵੀ ਨੇ ਉਹ ਸਾਡੇ ਵਾਸਤੇ ਨੇ ਤੁਹਾਡੇ ਵਾਸਤੇ ਨਹੀਂ। ਇੱਕ ਤਬਕਾਤੀ ਸਮਾਜ ਦੇ ਵਿੱਚ ਚੂਚਕ ਦੀ ਸੋਚ ਇਸ ਤੋਂ ਅੱਡ ਹੋਰ ਕੀ ਸਕਦੀ ਹੈ। ਜਿੰਨੇ ਵੀ ਲੋਕ ਕਿੰਤੂ ਪ੍ਰੰਤੂ ਕਰਨ ਵਾਲੇ ਨੇ, ਉਹ ਸਮਾਜ ਦੀ ਜਿਹੜੀ ਬਣਤਰ ਹੈ ਉਸ ਦੇ ਵਿੱਚ ਰਹਿ ਕੇ ਸਾਨੂੰ ਦੱਸਣ ਕਿ ਇਥੇ ਚੂਚਕ ਜਿਹੜਾ ਹੈ ਇਹ ਨਹੀਂ ਕਹੇਗਾ ਤੇ ਫਿਰ ਉਹਨੂੰ ਕੀ ਕਹਿਣਾ ਚਾਹੀਦਾ ਹੈ। ਹਾਕਮ ਜੋ ਟੌਹਰ ਟੱਪੇ ਵਾਲਾ ਆਦਮੀ ਹੈ, ਉਹਦੇ ਸਾਹਮਣੇ ਇਕ ਮਾਂਗਤ ਬੰਦਾ ਜਿਹੜਾ ਹੈ ਆ ਕੇ ਉਹਦੀ ਧੀ ਦੇ ਬਾਰੇ ਗੱਲ ਕਰ ਰਿਹਾ ਹੈ ਤੇ ਉਹਦੇ ਬਾਰੇ ਉਸ ਹਾਕਮ ਦੇ ਕੀ ਵਿਚਾਰ ਹੋਣਗੇ।

ਤਬਕਾਤੀ ਸਮਾਜ ਦੇ ਅੰਦਰ ਤੁਸੀਂ ਅੱਜ ਦੇਖ ਲਓ ਵਾਰਿਸ ਸ਼ਾਹ ਦੇ ਵੇਲੇ ਦੀ ਗੱਲ ਛੱਡੋ, ਅੱਜ ਤੁਸੀਂ ਦੇਖ ਲਓ ਅੱਜ ਇੱਕ ਨਸਲ ਦੇ ਜਿਹੜੇ ਲੋਕ ਨੇ ਕਿਸੇ ਵੀ ਨਸਲ ਜਾਂ ਗੋਤ, ਜਾਤ ਦੇ ਲੈ ਲਓ, ਜਦੋਂ ਵੀ ਸਵਾਲ ਆਉਂਦਾ ਹੈ ਉਹਨਾਂ ਦੇ ਨਾਲ ਜੁੜਨ ਦਾ ਤੇ ਉਹ ਆਪਣੀ ਹੀ ਜਾਤ ਗੋਤ ਦੇ ਗਰੀਬ ਜੀਅ ਨੂੰ ਰਿਸ਼ਤੇਦਾਰ ਹੀ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ, ਉਹ ਤੇ ਆਪਸ ਵਿੱਚ ਆਪਣੇ ਧੀਆਂ ਮੁੰਡਿਆਂ, ਦੇ ਵਿਆਹ ਵੀ ਨਹੀਂ ਕਰਦੇ ਫਿਰ ਉਹ ਉਹ ਜੁੱਤੀ ਤੇ ਲਿਖਦੇ ਨੇ ਨਸਲ, ਗੋਤ ਤੇ ਬਰਾਦਰੀਆਂ ਨੂੰ। ਪੈਸੇ ਵਾਲੇ ਟੌਹਰ ਟੱਪੇ ਵਾਲੇ ਹਾਕਮ ਲੋਕ ਗਰੀਬ ਵਰਗ ਦੇ ਲੋਕਾਂ ਨੂੰ ਆਪਣਾ ਨਹੀਂ ਮੰਨਦੇ, ਲੇਕਿਨ ਸਿਆਸੀ ਤੌਰ ਤੇ ਜਦੋਂ ਉਹਨਾਂ ਨੂੰ ਜਰੂਰਤ ਹੁੰਦੀ ਹੈ ਤੇ ਦਿਖਾਵੇ ਦੇ ਤੌਰ ਤੇ ਉਹ ਨਸਲ ਪ੍ਰਸਤੀ ਦਾ, ਕੌਮ ਪ੍ਰਸਤੀ ਦਾ, ਜਾਤ ਪ੍ਰਸਤੀ ਦਾ ਪ੍ਰਚਾਰ ਕਰ ਲੈਂਦੇ ਨੇ, ਲੇਕਿਨ ਅਮਲੀ ਤੌਰ ਉਹ, ਉਹਨਾਂ ਨੂੰ ਆਪਣੇ ਵਰਗਾ ਕਦੇ ਵੀ ਨਹੀਂ ਸਮਝਦੇ।

ਹੀਰ ਵਾਰਿਸ ਸ਼ਾਹ ਜਿਹੜੀ ਹੈ, ਉਹ ਤਬਕਾਤੀ ਮਸਲੇ ਦੇ ਉੱਤੇ ਅਧਾਰਿਤ ਹੈ। ਹੀਰ ਕਹਾਣੀ ਇਸ ਪੂਰੇ ਤਬਕਾਤੀ ਮਸਲੇ ਨੂੰ ਨਾਲ ਲੈ ਕੇ ਚਲਦੀ ਹੈ। ਇਹ ਐਵੇਂ ਕੋਈ ਹਵਾ ਦੇ ਵਿੱਚ ਵਰਿਸ ਸ਼ਾਹ ਨੇ ਗੱਲਾਂ ਨਹੀਂ ਕੀਤੀਆਂ, ਜਿਹੜੀਆਂ ਹਕੀਕਤਾਂ ਜਮੀਨ ਦੇ ਉੱਤੇ ਮੌਜੂਦ ਨੇ, ਉਹ ਸਿਸਟਮ ਦੇ ਵਿੱਚ ਹੀ ਮੌਜੂਦ ਨੇ, ਉਹੀ ਗੱਲਾਂ ਵਾਰਿਸ ਸ਼ਾਹ ਹੋਰਾਂ ਕੀਤੀਆਂ ਨੇ, ਇਸੇ ਕਰਕੇ ਵਾਰਿਸ ਸ਼ਾਹ ਉਹਨਾਂ ਲੋਕਾਂ ਨੂੰ ਚੁੱਭਦਾ ਹੈ ਜਿਨਾਂ ਨੇ ਤਬਕਾਤੀ ਸਮਾਜ ਵਿੱਚ ਆਪਣੇ ਕਿਰਦਾਰ, ਜਿਹੜਾ ਕਿ ਗੈਰ ਇਨਸਾਨੀ ਹੈ, ਨੂੰ ਇਨਸਾਨੀ ਬਣਾ ਕੇ ਪੇਸ਼ ਕੀਤਾ ਹੋਇਆ ਹੈ।

ਬਹੁਤ ਲੋਕ ਹਨ, ਜੋ ਗੱਲਾਂ ਤਾਂ ਵਿਤਕਰੇ ਮਿਟਾਉਣ ਦੀਆਂ ਕਰਦੇ ਹਨ, ਪਰ ਇਨਸਾਨਾਂ ਦੇ ਵਿੱਚ ਵਿੱਥਾਂ ਬਣਾਉਣ ਤੇ ਵਧਾਉਣ ਦੇ ਪ੍ਰਸੰਗ ਵਿਚ ਉਹਨਾਂ ਦਾ ਦਾਮਨ ਨੱਕੋ ਨੱਕ ਭਰਿਆ ਵਖਾਲੀ ਦਿੰਦਾ ਏ। ਵਾਰਿਸ ਸ਼ਾਹ ਨੇ ਉਹਨਾਂ ਲੋਕਾਂ ਨੂੰ ਹੀ ਨੰਗਾ ਕੀਤਾ ਹੈ। ਸੋ ਬਜਾਏ ਇਸਦੇ ਕਿ ਅਸੀਂ ਵਾਰਿਸ ਸ਼ਾਹ ਦੀ ਜਿਹੜੀ ਕਲਾ ਹੈ, ਵਾਰਿਸ ਦੀ ਜਿਹੜੀ ਸੋਚ ਹੈ ਅਤੇ ਜਿਸ ਕਲਾਤਮਕ ਢੰਗ ਦੇ ਨਾਲ ਉਹਨੇ ਇਸ ਸੋਚ ਦਾ ਵਖਾਲਾ ਕੀਤਾ ਹੈ ਅਤੇ ਜਿਸ ਢੰਗ ਨਾਲ ਉਹਨੇ ਬਹਰੂਪੀਆਂ ਦੇ ਮੁੱਖ ਤੋ ਮਖੌਟਾ ਲਾਹਿਆ ਹੈ ਉਸ ਪਖ ਨੂੰ ਅਸੀਂ ਵਡਿਆਈਏ, ਉਲਟਾ ਅਸੀਂ ਕੀੜੇ ਕੱਢਣ ਤੇ ਲੱਗੇ ਹੋਏ ਹਾਂ। ਅਸੀਂ ਕੀੜੇ ਕੱਢਣ ਕਿਉਂ ਲੱਗੇ ਹੋਏ ਆਂ, ਇਸ ਦਾ ਕੀ ਕਾਰਨ ਹੈ ? ਕਾਰਨ ਸਾਫ ਹੈ ਕਿ ਵਾਰਿਸ ਸ਼ਾਹ ਦੀ ਹੀਰ ਕਹਾਣੀ ਵਿੱਚ ਚੂਚਕ ਦੇ ਕਿਰਦਾਰ ਵਿੱਚ ਸਾਨੂੰ ਆਪਣੇ ਕਰਤੂਤ ਨਜ਼ਰ ਆ ਰਹੇ ਨੇ, ਅਸੀਂ ਆਪ ਵੀ ਚੂਚਕ ਹੀ ਹਾਂ। ਇਸ ਵਾਸਤੇ ਵਾਰਿਸ ਸ਼ਾਹ ਸਾਨੂੰ ਚੁੱਭਦਾ ਹੈ। ਉਹ ਸੋਚ ਜਿਹੜੀ ਅਸੀਂ ਆਪਣੇ ਦਿਮਾਗਾਂ ਦੇ ਅੰਦਰ ਵਸਾਈ ਹੋਈ ਹੈ ਤੇ ਉਸ ਦਾ ਇਜ਼ਹਾਰ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਕਰਦੇ। ਵਾਰਿਸ ਸ਼ਾਹ ਨੇ ਉਸ ਸੋਚ ਨੂੰ ਭਰੀ ਪੰਚਾਇਤ ਦੇ ਵਿੱਚ ਭੰਡ ਦਿੱਤਾ ਹੈ ਤੇ ਭਰੀ ਪੰਚਾਇਤ ਦੇ ਵਿੱਚ ਉਸਦਾ ਭਾਂਡਾ ਭੰਨ ਦਿੱਤਾ ਹੈ। ਹੁਣ ਕੈਦੋ ਨੇ ਆ ਕੇ ਜਿਹੜੀ ਗੱਲ ਕੀਤੀ ਹੈ, ਉਹ ਕੋਈ ਉਸ ਨੇ ਗਲਤ ਤਾਂ ਨਹੀਂ ਕੀਤੀ ਜਿਸ ਨੂੰ ਚੂਚਕ ਕਹਿ ਰਿਹਾ ਕਿ ਇਹ ਚੁਗਲ ਜਹਾਨ ਦਾ ਮਗਰ ਲੱਗਾ ਹੋਇਆ ਹੈ। ਹੁਣ ਸਵਾਲ ਹੈ ਕਿ ਉਸ ਕੈਦੋ ਨੂੰ ਪਾਲਦਾ ਕੌਣ ਪਿਆ ਹੈ। ਉਹ ਚੂਚਕ ਹੀ ਪਾਲਦਾ ਪਿਆ ਹੈ। ਉਹਨੂੰ ਪਾਲਦਾ ਵੀ ਉਹੀ ਪਿਆ ਹੈ ਜੋ ਉਸ ਬਾਰੇ ਬੁਰਾ ਕਹਿ ਰਿਹਾ ਹੈ। ਸੋ ਇੱਥੇ ਵੇਲਾ ਨਹੀਂ ਹੈ ਕਿ ਅਸੀਂ ਪੂਰੀ ਕਹਾਣੀ ਦੀ ਗੱਲ ਕਰੀਏ ਲੇਕਿਨ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੱਲਾਂ ਕੋਈ ਸਿੱਧੀਆਂ ਸਾਦੀਆਂ ਨਹੀਂ ਹਨ। ਇਹ ਬਹੁਤ ਗੁੰਝਲਦਾਰ ਮਸਲਾ ਹੈ ਇਸ ਨੂੰ ਸਮਝਣਾ ਜਰੂਰੀ ਵੀ ਹੈ ਤੇ ਇਸ ਨੂੰ ਸਮਝਣਾ ਜ਼ਰਾ ਔਖਾ ਵੀ ਹੈ।

ਅੱਜ ਜਿਹੜੇ ਸਾਡੇ ਸਾਹਮਣੇ ਲੋਕ ਡੈਮੋਕਰੇਟਿਕ ਬਣ ਕੇ ਆਉਂਦੇ ਪਏ ਨੇ, ਹਿਊਮਨਿਸਟ ਬਣ ਕੇ ਆ ਰਹੇ ਨੇ, ਕਿਆ ਇਹ ਡੈਮੋਕਰੇਟਿਕ ਜਾਂ ਹਿਊਮਨਿਸਟ ਹਨ? ਬਿਲਕੁਲ ਨਹੀਂ। ਇਹ ਸਿਰਫ ਪ੍ਰਚਾਰ ਹੀ ਕਰ ਰਹੇ ਨੇ, ਲੇਕਿਨ ਜਿਹੜੇ ਉਹਨਾਂ ਦੇ ਕਿਰਦਾਰ ਨੇ ਉਹ ਉਹੀ ਨੇ ਜੋ ਅੱਜ ਦੁਨੀਆਂ ਦੇ ਵਿੱਚ ਹੋ ਰਿਹਾ ਹੈ, ਗ਼ਾਜ਼ਾ ਦੇ ਉੱਤੇ ਜੋ ਕੁਝ ਹੋ ਰਿਹਾ ਹੈ, ਇਸ ਦੀ ਵੱਡੀ ਮਿਸਾਲ ਹੈ। ਤੁਸੀਂ ਵਿਚਾਰ ਲਓ ਕਿ ਇਹ ਕੌਣ ਕਰ ਰਹੇ ਨੇ? ਇਹ ਉਹੀ ਹਨ ਜੋ ਦੁਨੀਆਂ ਦੇ ਸਭ ਤੋਂ ਵੱਡੇ ਹਿਊਮਨਿਸਟ ਲੋਕ ਬਣੇ ਹੋਏ ਹਨ। ਕੀ ਇਹ ਹਿਊਮਨਿਸਟ ਹਨ? ਜੇ ਕੋਈ ਲਿਖਾਰੀ ਜਾਂ ਤਾਕਤ ਇਹਨਾਂ ਦੇ ਖਚਰਪੁਣੇ ਨੂੰ ਨੰਗਾ ਕਰ ਦੇਵੇ ਫੇਰ ਇਹਨਾਂ ਨੂੰ ਤਾਂ ਉਹ ਚੁੱਭੇਗਾ ਹੀ ਤੇ ਉਸ ਨੂੰ ਇਹ ਕਿਸੇ ਨਾ ਕਿਸੇ ਢੰਗ ਨਾਲ ਖਤਮ ਕਰਕੇ ਹੀ ਸਾਹ ਲੈਣਗੇ। ਇਹ ਸਾਰਾ ਕੁਝ ਵਾਰਿਸ ਸ਼ਾਹ ਦੇ ਉੱਤੇ ਵੀ ਹੋਇਆ ਹੈ। ਵਾਰਿਸ ਸ਼ਾਹ ਦੇ ਉੱਤੇ ਇਸੇ ਲਈ ਹੋਇਆ ਹੈ ਕਿ ਉਸ ਨੇ ਇਸ ਸਮਾਜ ਨੂੰ ਜਿਹੜੇ ਚਲਾਣ ਵਾਲੇ ਨੇ, ਇਸ ਸਮਾਜ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ, ਧੱਕੇ ਦੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਵਾਰਿਸ ਸ਼ਾਹ ਹੋਰਾਂ ਨੇ ਨੰਗਿਆ ਕੀਤਾ ਹੈ ਸੋ ਤਬਕਾਤੀ ਸਮਾਜ ਦੇ ਵਿੱਚ ਤਬਕਾਤੀ ਅੱਖ ਦੇ ਨਾਲ ਅਗਰ ਤੁਸੀਂ ਹੀਰ ਵਾਰਿਸ ਸ਼ਾਹ ਨੂੰ ਨਹੀਂ ਵੇਖੋਗੇ ਤੇ ਫਿਰ ਇਹਦੇ ਵਿੱਚ ਹਜ਼ਾਰਾਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਆਉਣਗੀਆਂ ਜਿਨਾਂ ਉੱਤੇ ਤੁਸੀਂ ਇਤਰਾਜ਼ ਕਰ ਸਕਦੇ ਹੋ।

ਲੇਕਿਨ ਜੇ ਤੁਸੀਂ ਇਸ ਨੂੰ ਇੱਕ ਐਸੀ ਅੱਖ ਦੇ ਨਾਲ ਦੇਖਦੇ ਹੋ, ਜਿਹੜੀ ਕਿ ਦੁਨੀਆ ਨੂੰ ਅਤੇ ਦੁਨੀਆਂ ਦੇ ਤਮਾਮ ਜੀਆਂ ਨੂੰ ਜਾਣਦੀ ਹੈ ਅਤੇ ਉਹਨਾਂ ਦੇ ਵਿੱਚ ਨਾ ਤੇ ਨਸਲ ਪ੍ਰਸਤੀ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਨਾ ਕੌਮ ਪ੍ਰਸਤ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਅਤੇ ਨਾ ਹੀ ਕਿਸੇ ਹੋਰ ਵਜ੍ਹਾ ਤੋਂ ਕੋਈ ਵਿਤਕਰਾ ਰੱਖਦੀ ਹੈ। ਇਹੀ ਵਜ੍ਹਾ ਹੈ ਕਿ 18ਵੇਂ ਸਦੀ ਦੇ ਵਿੱਚ ਦੋ ਮਹਾਨ ਬੰਦੇ ਜਿਹੜੇ ਨੇ, ਉਹਨਾਂ ਨੇ ਪਹਿਲਾਂ ਆਪਣੇ ਖਾਨਦਾਨ ਦੇ ਖਿਲਾਫ ਬਗਾਵਤ ਕੀਤੀ। ਓਹ ਨਾਬਰ ਹੋਏ, ਪਹਿਲਾਂ ਬੁੱਲੇ ਸ਼ਾਹ ਆਤੇ ਉਸ ਤੋਂ ਬਾਅਦ ਵਾਰਿਸ ਸ਼ਾਹ। ਦੋਨੋਂ ਜਣੇ ਗੈਰ ਸਈਅਦਾਂ ਦੇ ਮੁਰੀਦ ਹੋਏ। ਦੇਖੋ ਨਾ ਵਾਰਿਸ ਸ਼ਾਹ ਦੇ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ ਕਿਉਂਕਿ ਵਾਰਿਸ ਸ਼ਾਹ ਦੀ ਜਿਹੜੀ ਲਿਖਤ ‘ਹੀਰ’ ਵਾਰਿਸ ਸ਼ਾਹ ਹੈ ਉਸ ਨੇ ਪੂਰੇ ਸਮਾਜ ਨੂੰ ਪੇਸ਼ ਕੀਤਾ ਹੈ ਅਤੇ ਜਿਨ੍ਹਾਂ ਨੇ ਇਹ ਸਮਾਜ ਸਿਰਜਿਆ ਹੈ ਅਤੇ ਜਿਹੜੇ ਇਸ ਸਮਾਜ ਉੱਤੇ ਕਾਬਜ ਹਨ ਜਿਹੜੇ ਇਸ ਨੂੰ ਚਲਾ ਰਹੇ ਹਨ, ਉਹਨਾਂ ਦਾ ਅੰਦਰੂਨਾ ਉਹਨਾਂ ਦਾ ਅੰਦਰਲਾ ਹੈ ਵਾਰਿਸ ਸ਼ਾਹ ਨੇ ਬਾਹਰ ਕੱਢ ਕੇ ਜਮਾਲੀ ਰੰਗ ਦੇ ਵਿੱਚ ਦਿਖਾਇਆ ਹੈ।

ਵਾਰਿਸ ਸ਼ਾਹ ਦਾ ਜਿਹੜਾ ਅੰਦਾਜ਼ ਹੈ, ਉਹ ਡਾਇਲੈਕਟੀਕੱਲ ਹੈ। ਉਹ ਡਾਇਲੈਕਟਲੀ ਗੱਲ ਕਰਦਾ ਹੈ। ਇੱਕ ਤਬਕੇ ਦੀ ਦੂਸਰੇ ਤਬਕੇ ਦੇ ਨਾਲ, ਇੱਕ ਕਿਰਦਾਰ ਦੀ ਦੂਸਰੇ ਕਿਰਦਾਰ ਦੇ ਨਾਲ ਗੱਲ ਕਰਵਾਉਂਦਾ ਹੈ। ਉਹਨਾਂ ਦੇ ਵਿਚਕਾਰ ਮੁਕਾਲਮਾ ਹੈ, ਵਾਰਤਾਲਾਪ ਹੈ। ਉਹਨਾਂ ਦੇ ਅੰਦਰ, ਉਹਨੂੰ ਸੁਣ ਕੇ ਜਿਹੜਾ ਸੁਣਨ ਵਾਲਾ, ਉਹ ਆਪ ਹੀ ਫੈਸਲਾ ਕਰ ਲੈਂਦਾ ਹੈ ਕਿ ਕਿਹੜਾ ਜੀਅ ਜਿਹੜਾ ਹੈ, ਉਹ ਸਹੀ ਗੱਲ ਕਰ ਰਿਹਾ ਹੈ। ਇਹਦੇ ਵਿੱਚ ਮੁੱਲਾਂ ਵੀ ਬੋਲਦਾ ਹੈ। ਹੁਣ ਮੁੱਲਾਂ ਦੇ ਜਿਹੜੇ ਮੁਕਾਲਮੇ ਨੇ ਉਹ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ? ਇਸ ਦੇ ਵਿੱਚ ਚੂਚਕ ਹੈ, ਭਰਾ ਨੇ, ਭਰਾਵਾਂ ਦੀ ਜਿਹੜੇ ਮੁਕਾਲਮੇ ਨੇ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ?

ਇਹਦੇ ਵਿੱਚ ਲੁਡਣ ਮਲਾਹ ਹੈ ਅਸੀਂ ਮੰਨ ਲਈਏ ਕਿ ਲੁਡਣ ਮਲਾਹ ਦੀ ਜਿਹੜੀ ਸੋਚ ਹੈ, ਉਹ ਵਾਰਿਸ ਸ਼ਾਹ ਦੀ ਸੋਚ ਹੈ। ਨਹੀਂ, ਅਸੀਂ ਦੋਨਾਂ ਕਿਰਦਾਰਾਂ ਨੂੰ ਸੁਣ ਕੇ ਹੀ ਫੈਸਲਾ ਕਰਨਾ ਹੈ। ਇਹ ਫੈਸਲਾ ਅਸੀਂ ਕਰਨਾ ਹੈ। ਇਹ ਵਾਰਿਸ ਸ਼ਾਹ ਨੇ ਨਹੀਂ ਕਰਨਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਗਲਤ। ਕਿਹੜਾ ਆਮ ਇਨਸਾਨਾਂ ਦੀ ਗੱਲ ਕਰ ਰਿਹਾ ਹੈ ਕਿਹੜਾ ਖਾਸ ਲੋਕਾਂ ਦੀ ਗੱਲ ਕਰ ਰਿਹਾ ਹੈ। ਸਾਡੇ ਹਿਤ ਵਿਚ ਕਿਹੜਾ ਹੈ? ਉਤਲਿਆਂ ਦੇ ਹਿੱਤ ਵਿਚ ਕਿਹੜਾ ਹੈ? ਇਹ ਜਿਹੜੀ ‘ਹੀਰ’ ਵਾਰਿਸ ਸ਼ਾਹ ਹੈ ਇਹ ਇਕ ਆਮ ਆਦਮੀ ਇੱਕ ਆਮ ਜੀਅ ਨੂੰ ਸੁਚੇਤ ਕਰਦੀ ਹੈ। ਉਹਨੂੰ ਉਹ ਉਹਦੇ ਅੰਦਰੋਂ ਜਾਗਰੂਕ ਬਣਾਉਂਦੀ ਹੈ। ਬੰਦੇ ਨੂੰ ਤਾਕਤਵਰ ਬਣਾਉਂਦੀ ਹੈ। ਜਿਹੜੀ ਵੀ ਲਿਖਤ, ਜਿਹੜੀ ਵੀ ਚੀਜ਼, ਕੋਈ ਵੀ ਕੋਮਲ ਕਲਾ ਜਿਹੜੀ ਹੈ, ਅਗਰ ਉਹ ਬੰਦੇ ਨੂੰ ਜਾਗਰੂਕ ਕਰਦੀ ਹੈ ਤੇ ਉਹ ਇਹਨਾਂ ਤਬਕਿਆਂ ਵੱਲੋਂ ਭੰਡੀ ਹੀ ਜਾਏਗੀ। ਉਹਦੇ ਉੱਤੇ ਕਿੰਤੂ ਪ੍ਰੰਤੂ ਹੋਣਗੇ। ਔਰ ਕਿੰਤੂ ਪ੍ਰੰਤੂ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਜਿਸ ਤਰਾਂ ਮੈਂ ਪਹਿਲੇ ਦੱਸਿਆ ਹੈ ਵਾਰਿਸ ਸ਼ਾਹ ਦੇ ਉੱਤੇ ਜਿੰਨੇ ਵੀ ਕਿੰਤੂ ਪ੍ਰੰਤੂ ਹੋਏ ਨੇ ਉਹਨਾਂ ਨੇ ਵਾਰਿਸ ਸ਼ਾਹ ਨੂੰ ਨਿਖਾਰਿਆ ਹੀ ਹੈ। ਵਾਰਿਸ ਸ਼ਾਹ ਤੇ ਉਸ ਦੀ ਲਿਖਤ ਹੋਰ ਉਭਰ ਕੇ ਸਾਹਮਣੇ ਆਈ ਹੈ। ‘ਹੀਰ’ ਵਾਰਿਸ ਸ਼ਾਹ ਦੀ ਉਹਨਾਂ ਨੇ ਮਹਾਨਤਾ ਵਧਾਈ ਹੈ। ਅਗਰ ਵਾਰਿਸ ਸ਼ਾਹ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਇਹ ਕੰਮ ਨਾ ਕਰਦੇ ਤਾਂ ਵਾਰਿਸ ਸ਼ਾਹ ਦੀ ਮਹਾਨਤਾ ਏਨੀ ਨਹੀਂ ਸੀ ਵਧਣੀ ਜਿੰਨੀ ਕਿ ਅੱਜ ਵੱਧ ਗਈ ਹੈ। ਇਹ ਸਿਲਸਿਲਾ ਇੱਥੇ ਹਾਲੇ ਰੁਕਣ ਵਾਲਾ ਵੀ ਨਹੀਂ ਹੈ। ਇਹ ਸਿਲਸਿਲਾ ਅੱਗੇ ਚਲੇਗਾ, ਵਾਰਿਸ ਸ਼ਾਹ ਦੀ ਕਿਰਤ ਤੇ ਹੋਰ ਕਿੰਤੂ ਪਰੰਤੂ ਹੋਣਗੇ। ਪਰ ਇੱਕ ਗੱਲ ਇਹ ਵੀ ਚੰਗੀ ਹੈ ਕਿ ਇਸ ਕਿੰਤੂ ਪ੍ਰੰਤੂ ਦਾ ਜਵਾਬ ਦੇਣ ਲਈ ਜੀਅ ਬੈਠੇ ਹੋਏ ਨੇ। ਉਹ ਇਹਨਾਂ ਦਾ ਜਵਾਬ ਬਾ-ਖੂਬੀ ਦੇਣਗੇ।

ਵਾਰਿਸ ਸ਼ਾਹ ਦੀ ਲਿਖਤ ਜੋ ਕਿੰਤੂ ਪ੍ਰੰਤੂ ਹੋਏ ਹਨ, ਉਹ ਇੱਥੇ ਵੇਲਾ ਨਹੀਂ ਹੈ ਕਿ ਉਨਾਂ ਸਾਰਿਆਂ ਲੋਕਾਂ ਦੀ ਗੱਲ ਕਰੀਏ। ਇਹ ਤੇ ਕੁਝ ਵੀ ਨਹੀਂ ਹੈ, ਜੋ ਅਸੀਂ ਅੱਜ ਪੇਸ਼ ਕਰ ਰਹੇ ਹਾਂ। ਵਾਰਿਸ ਸ਼ਾਹ ਦੇ ਉੱਤੇ ਇਸ ਤੋਂ ਕਿਤੇ ਵੱਡੀ ਆਲੋਚਨਾ ਹੋਈ ਹੈ। ਪੂਰੀ ‘ਹੀਰ’ ਵਾਰਿਸ਼ ਸ਼ਾਹ ਦੇ ਵਿੱਚੋਂ ਤੁਸੀਂ ਆਪਣੇ ਮਤਲਬ ਦੇ ਸ਼ਿਅਰ ਲੈ ਕੇ ਤੇ ਉਹਨਾਂ ਉੱਤੇ ਤੁਸੀਂ ਗੱਲ ਸ਼ੁਰੂ ਕਰ ਦਿਓ ਅਤੇ ਉਹਨੂੰ ਲੈ ਕੇ ਤੁਸੀਂ ਕਹਿਣਾ ਸ਼ੁਰੂ ਕਰ ਦਿਓ ਜੀ ਵਾਰਿਸ ਸ਼ਾਹ ਨੇ ਤੇ ਫਲਾਣਿਆ ਨੂੰ ਭੰਡਿਆ ਹੈ। ਅਸੀਂ ਤੁਹਾਡੇ ਸਾਹਮਣੇ ਇਹ ਗੱਲ ਖੋਲ ਕੇ ਰੱਖ ਦਿੱਤੀ ਹੈ। ਇਹ ਗੱਲ ਕਰਨ ਵਾਲਾ ਜਿਹੜਾ ਹੈ ਉਹ ਜੱਟ ਹੈ। ਇਹ ਵੀ ਤੁਹਾਨੂੰ ਅਸੀਂ ਦੱਸ ਦੇਈਏ ਕਿ ਇਹ ਜਿਹੜਾ ਹਿੰਦੁਸਤਾਨ ਹੈ ਅਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਜਾਤ ਪਾਤ ਦਾ ਕਲਚਰ ਹੈ ਉਸ ਨੂੰ ਸਾਹਮਣੇ ਰੱਖਣਾ ਬਹੁਤ ਜਰੂਰੀ ਹੈ। ਜਿਸ ਵੇਲੇ ਮੁਸਲਮਾਨ ਹਿੰਦੁਸਤਾਨ ਆਏ ਤੇ ਇਹਨਾਂ ਦੀ ਤਾਲੀਮਾਤ ਦੇ ਵਿੱਚ ਜਾਤ ਪਾਤ ਦੀ ਗੱਲਬਾਤ ਨਹੀਂ ਸੀ ਬਰਾਬਰੀ ਦੀ ਗੱਲ ਕਰਦੇ ਸਨ। ਤਮਾਮ ਇਨਸਾਨਾਂ ਨੂੰ ਉਹ ਇੱਕ ਜਾਣਦੇ ਸਨ। ਲੇਕਿਨ ਜਿਸ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਆਏ, ਇੱਥੇ ਜਿਹੜਾ ਜਾਤ ਪਾਤ ਦਾ ਨਿਜ਼ਾਮ ਸੀ ਇਸ ਦੇ ਵਿੱਚ ਇਹ ਵੀ ਲਿਥੜ ਗਏ। ਇਸ ਦਾ ਇਹ ਸ਼ਿਕਾਰ ਹੋ ਗਏ। ਔਰ ਇਥੇ ਜਿਹੜੇ ਲੋਕ ਸਨ ਉਹ ਜਿਹੜੇ ਅਰਬ ਤੋਂ ਆਏ ਸਨ ਉਹ ਸਈਅਦ ਬਣ ਗਏ ਅਤੇ ਬ੍ਰਾਹਮਣਾਂ ਦੀ ਜਗ੍ਹਾ ਸਈਅਦਾਂ ਨੇ ਲੈ ਲਈ। ਹੁਣ ਤੁਸੀਂ ਸਈਅਦ ਨੂੰ ਇਥੇ ਇੰਜ ਸਮਝੋ ਜਿਵੇਂ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਹੈ। ਪਰ ਇੱਥੇ ਜੱਟ ਤੋਂ ਮੁਰਾਦ ਵਾਹੀਵਾਨ ਤੋਂ ਹੈ। ਕਿਉਂਕਿ ਚੂਚਕ ਜਿਹੜਾ ਹੈ ਉਹ ਵੀ ਤੇ ਜੱਟ ਹੈ ਨਾ ਤੇ ਫਿਰ ਉਹ ਫਕੀਰੀ ਦੇ ਪੱਧਰ ਤੇ ਉਹ ਵੀ ਨਹੀਂ ਪਹੁੰਚ ਸਕਦਾ। ਇੱਥੇ ਜੱਟ ਤੋਂ ਮੁਰਾਦ ਜਿਹੜਾ ਵਾਹੀਵਾਨ ਹੈ। ਖੇਤੀਬਾੜੀ ਦਾ ਕਾਮਾ ਹੈ। ਕੁਦਰਤ ਦੀ ਦਾਤ ਜਮੀਨ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੈ। ਵੱਡੀ ਗਿਣਤੀ ਵਿੱਚ ਖੇਤੀ ਤੇ ਭੋਂਏ ਦੀ ਉਪਜ ਤੇ ਕੰਮ ਕਰਦਾ ਹੈ। ਉਹ ਹੈ ਉਸ ਵੇਲੇ ਦਾ ਬੰਦਾ ਜਿਸਦਾ ਰੋਜ਼ੀ ਰੋਟੀ ਦਾ ਸਾਧਨ ਜ਼ਮੀਨ, ਭੋਂਏ ਸੀ। ਵਾਰਿਸ ਸ਼ਾਹ ਦੇ ਵੇਲੇ ਲੋਕ ਜਮੀਨ ਦੀ ਵਾਹੀ ਕਰਦੇ ਸਨ ਇਸ ਲਈ ਗਿਣਤੀ ਦੇ ਵਿੱਚ ਜੱਟ ਜਿਆਦਾ ਸਨ। ਇਹ ਜਿਹੜਾ ਥੱਲੜਾ ਤਬਕਾ ਜਾਂ ਮੇਲ ਸੀ ਇਹ ਵੀ ਗਿਣਤੀ ਦੇ ਵਿੱਚ ਜੱਟ ਹੀ ਜਿਆਦਾ ਸਨ।

ਜਿੰਨੇ ਵੀ ਲੋਕ ਕਿੰਤੂ ਪ੍ਰੰਤੂ ਕਰਨ ਵਾਲੇ ਨੇ, ਉਹ ਸਮਾਜ ਦੀ ਜਿਹੜੀ ਬਣਤਰ ਹੈ ਉਸ ਦੇ ਵਿੱਚ ਰਹਿ ਕੇ ਸਾਨੂੰ ਦੱਸਣ ਕਿ ਇਥੇ ਚੂਚਕ ਜਿਹੜਾ ਹੈ ਇਹ ਨਹੀਂ ਕਹੇਗਾ ਤੇ ਫਿਰ ਉਹਨੂੰ ਕੀ ਕਹਿਣਾ ਚਾਹੀਦਾ ਹੈ। ਹਾਕਮ ਜੋ ਟੌਹਰ ਟੱਪੇ ਵਾਲਾ ਆਦਮੀ ਹੈ, ਉਹਦੇ ਸਾਹਮਣੇ ਇਕ ਮਾਂਗਤ ਬੰਦਾ ਜਿਹੜਾ ਹੈ, ਆ ਕੇ ਉਹਦੀ ਧੀ ਦੇ ਬਾਰੇ ਗੱਲ ਕਰ ਰਿਹਾ ਹੈ ਤੇ ਉਹਦੇ ਬਾਰੇ ਉਸ ਹਾਕਮ ਦੇ ਕੀ ਵਿਚਾਰ ਹੋਣਗੇ?

ਤਬਕਾਤੀ ਸਮਾਜ ਦੇ ਅੰਦਰ ਤੁਸੀਂ ਅੱਜ ਦੇਖ ਲਓ ਵਾਰਿਸ ਸ਼ਾਹ ਦੇ ਵੇਲੇ ਦੀ ਗੱਲ ਛੱਡੋ, ਅੱਜ ਤੁਸੀਂ ਦੇਖ ਲਓ ਅੱਜ ਇੱਕ ਨਸਲ ਦੇ ਜਿਹੜੇ ਲੋਕ ਨੇ ਕਿਸੇ ਵੀ ਨਸਲ ਜਾਂ ਗੋਤ, ਜਾਤ ਨੂੰ ਲੈ ਲਓ ਉਹ ਜਦੋਂ ਸਵਾਲ ਆਉਂਦਾ ਹੈ ਉਹਨਾਂ ਦੇ ਨਾਲ ਜੁੜਨ ਦਾ ਤੇ ਉਹ ਉਹਨੂੰ ਆਪਣਾ ਰਿਸ਼ਤੇਦਾਰ ਹੀ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਉਹ ਤੇ ਆਪਸ ਵਿੱਚ ਆਪਣੇ ਮੁੰਡਿਆਂ, ਕੁੜੀਆਂ ਦੇ ਵਿਆਹ ਨਹੀਂ ਕਰਦੇ ਫਿਰ ਉਹ ਕੀ ਮੰਨਦੇ ਨੇ ਇਹਨਾਂ ਨਸਲੀ ਗੋਤਾਂ ਬਰਾਦਰੀਆਂ ਨੂੰ। ਪੈਸੇ ਵਾਲੇ ਟੌਹਰ ਟੱਪੇ ਵਾਲੇ ਹਾਕਮ ਲੋਕ ਇਹਨਾਂ ਲੋਕਾਂ ਨੂੰ ਆਪਣਾ ਨਹੀਂ ਮੰਨਦੇ, ਲੇਕਿਨ ਸਿਆਸੀ ਤੌਰ ਤੇ ਜਦੋਂ ਉਹਨਾਂ ਨੂੰ ਜਰੂਰਤ ਹੁੰਦੀ ਹੈ ਤੇ ਦਿਖਾਵੇ ਦੇ ਤੌਰ ਤੇ ਉਹ ਨਸਲ ਪ੍ਰਸਤੀ ਦਾ, ਕੌਮ ਪ੍ਰਸਤੀ ਦਾ, ਜਾਤ ਪ੍ਰਸਤੀ ਦਾ ਪ੍ਰਚਾਰ ਕਰ ਲੈਂਦੇ ਨੇ, ਲੇਕਿਨ ਅਮਲਨ ਤੌਰ ਤੇ ਜਿਹੜਾ ਹੈ, ਉਹਨੂੰ ਆਪਣੇ ਵਰਗਾ ਕਦੇ ਵੀ ਨਹੀਂ ਸਮਝਦੇ।

‘ਹੀਰ’ ਵਾਰਿਸ ਸ਼ਾਹ ਜਿਹੜੀ ਹੈ, ਉਹ ਤਬਕਾਤੀ ਮਸਲੇ ਦੇ ਉੱਤੇ ਅਧਾਰਿਤ ਹੈ। ਹੀਰ ਕਹਾਣੀ ਇਸ ਪੂਰੇ ਤਬਕਾਤੀ ਮਸਲੇ ਨੂੰ ਨਾਲ ਲੈ ਕੇ ਚਲਦੀ ਹੈ। ਇਹ ਐਵੇਂ ਕੋਈ ਹਵਾ ਦੇ ਵਿੱਚ ਵਰਿਸ ਸ਼ਾਹ ਨੇ ਗੱਲਾਂ ਨਹੀਂ ਕੀਤੀਆਂ, ਜਿਹੜੀਆਂ ਹਕੀਕਤਾਂ ਜਮੀਨ ਦੇ ਉੱਤੇ ਮੌਜੂਦ ਨੇ, ਉਹ ਸਿਸਟਮ ਦੇ ਵਿੱਚ ਵੀ ਮੌਜੂਦ ਨੇ, ਉਹੀ ਗੱਲਾਂ ਵਾਰਿਸ ਸ਼ਾਹ ਹੋਰਾਂ ਕੀਤੀਆਂ ਨੇ। ਇਸੇ ਕਰਕੇ ਵਾਰਿਸ ਸ਼ਾਹ ਉਹਨਾਂ ਲੋਕਾਂ ਨੂੰ ਚੁੱਭਦਾ ਹੈ ਜਿਹਨਾਂ ਨੇ ਤਬਕਾਤੀ ਸਮਾਜ ਦੇ ਵਿੱਚ ਆਪਣੇ ਕਿਰਦਾਰ, ਜਿਹੜੇ ਕਿ ਗੈਰ ਇਨਸਾਨੀ ਹਨ, ਨੂੰ ਇਨਸਾਨੀ ਬਣਾ ਕੇ ਪੇਸ਼ ਕੀਤਾ ਹੋਇਆ ਹੈ। ਲਾਹਾ ਵੀ ਰੱਜ ਕੇ ਲੈਂਦੇ ਹਨ ਤੇ ਨਾਲ ਨਾਲ ਇਸ ਤਰ੍ਹਾਂ ਦਾ ਭੰਡੀ ਪ੍ਰਚਾਰ ਵੀ ਕਰੀ ਜਾਂਦੇ ਹਨ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ। ਬਹੁਤ ਲੋਕ ਹਨ, ਜੋ ਗੱਲਾਂ ਤਾਂ ਵਿਤਕਰੇ ਦੀਆਂ ਕਰਦੇ ਹਨ, ਪਰ ਆਪ ਇਨਸਾਨੀ ਵਿਤਕਰੇ ਨਾਲ ਨੱਕੋ ਨੱਕ ਭਰੇ ਹੋਏ ਹਨ। ਵਾਰਿਸ ਸ਼ਾਹ ਨੇ ਉਹਨਾਂ ਲੋਕਾਂ ਨੂੰ ਹੀ ਨੰਗਾ ਕੀਤਾ ਹੈ। ਸੋ ਬਜਾਏ ਇਸਦੇ ਕਿ ਅਸੀਂ ਵਾਰਿਸ ਸ਼ਾਹ ਦੀ ਜਿਹੜੀ ਕਲਾ ਹੈ, ਵਾਰਿਸ ਦੀ ਜਿਹੜੀ ਸੋਚ ਹੈ ਅਤੇ ਜਿਸ ਕਲਾਤਮਕ ਢੰਗ ਦੇ ਨਾਲ ਉਹਨੇ ਇਸ ਸੋਚ ਦਾ ਮਖੌਟਾ ਲਾਹਿਆ ਹੈ, ਉਸ ਨੂੰ ਅਸੀਂ ਵਡਿਆਈਏ, ਉਹਦੇ ਵਿੱਚ ਚੂਚਕ ਸਾਨੂੰ ਆਪਣੇ ਵਿੱਚ ਨਜ਼ਰ ਆ ਰਿਹਾ ਹੈ, ਅਸੀਂ ਆਪ ਵੀ ਚੂਚਕ ਹੀ ਹਾਂ। ਇਸ ਵਾਸਤੇ ਵਾਰਿਸ ਸ਼ਾਹ ਸਾਨੂੰ ਚੁੱਭਦਾ ਹੈ। ਉਹ ਸੋਚ ਜਿਹੜੀ ਅਸੀਂ ਆਪਣੇ ਦਿਮਾਗਾਂ ਦੇ ਅੰਦਰ ਵਸਾਈ ਹੋਈ ਹੈ ਤੇ ਉਸ ਦਾ ਇਜ਼ਹਾਰ ਅਸੀਂ ਲੋਕਾਂ ਦੇ ਸਾਹਮਣੇ ਨਹੀਂ ਕਰਦੇ।

ਵਾਰਿਸ ਸ਼ਾਹ ਨੇ ਉਸ ਸੋਚ ਨੂੰ ਭਰੀ ਪੰਚਾਇਤ ਦੇ ਵਿੱਚ ਭੰਡ ਦਿੱਤਾ ਹੈ ਤੇ ਭਰੀ ਪੰਚਾਇਤ ਦੇ ਵਿੱਚ ਉਸਦਾ ਭਾਂਡਾ ਭੰਨ ਦਿੱਤਾ ਹੈ। ਹੁਣ ਕੈਦੋ ਨੇ ਆ ਕੇ ਜਿਹੜੀ ਗੱਲ ਕੀਤੀ ਹੈ, ਉਹ ਕੋਈ ਉਸ ਨੇ ਗਲਤ ਨਹੀਂ ਕੀਤੀ, ਜਿਸ ਨੂੰ ਚੂਚਕ ਕਹਿ ਰਿਹਾ ਕਿ ਇਹ ਚੁਗਲ ਜਹਾਨ ਦਾ ਮਗਰ ਲੱਗਾ ਹੋਇਆ ਹੈ। ਹੁਣ ਸਵਾਲ ਹੈ ਕਿ ਉਸ ਕੈਦੋ ਨੂੰ ਪਾਲਦਾ ਕੌਣ ਪਿਆ ਹੈ। ਉਹ ਚੂਚਕ ਹੀ ਪਾਲਦਾ ਪਿਆ ਹੈ। ਉਹਨੂੰ ਪਾਲਦਾ ਵੀ ਉਹੀ ਪਿਆ ਹੈ ਜੋ ਇਹ ਕਹਿ ਰਿਹਾ ਹੈ। ਸੋ ਇੱਥੇ ਵੇਲਾ ਨਹੀਂ ਹੈ ਕਿ ਪੂਰੀ ਕਹਾਣੀ ਦੀ ਗੱਲ ਕਰੀਏ ਲੇਕਿਨ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਵਾਰਸ ਸ਼ਾਹ ਹੋਰਾਂ ਸਮਾਜ ਦੇ ਪਾਜ ਉਧੇੜੇ ਹਨ। ਇਹ ਗੱਲਾਂ ਕੋਈ ਸਿੱਧੀਆਂ ਸਾਦੀਆਂ ਨਹੀਂ ਹਨ। ਇਹ ਬਹੁਤ ਗੁੰਝਲਦਾਰ ਮਸਲਾ ਹੈ ਇਸ ਨੂੰ ਸਮਝਣਾ ਜਰੂਰੀ ਵੀ ਹੈ ਤੇ ਇਸ ਨੂੰ ਸਮਝਣਾ ਔਖਾ ਵੀ ਹੈ।

ਅੱਜ ਜਿਹੜੇ ਸਾਡੇ ਸਾਹਮਣੇ ਲੋਕ ਡੈਮੋਕਰੇਟਿਕ ਬਣੇ ਬੈਠੇ ਨੇ ਹਿਊਮਨਨਿਸਟ ਬਣ ਕੇ ਆ ਰਹੇ ਨੇ, ਕਿਆ ਇਹ ਡੈਮੋਕਰੇਟਿਕ ਜਾ ਹਿਊਮਨਿਸਟ ਹਨ? ਬਿਲਕੁਲ ਨਹੀਂ। ਇਹ ਸਿਰਫ ਪ੍ਰਚਾਰ ਹੀ ਕਰ ਰਹੇ ਨੇ ਲੇਕਿਨ ਜਿਹੜੇ ਉਹਨਾਂ ਦੇ ਕਿਰਦਾਰ ਨੇ ਉਹ ਗੈਰ ਇਨਸਾਨੀ ਨੇ। ਅੱਜ ਜੋ ਦੁਨੀਆਂ ਦੇ ਵਿੱਚ ਹੋ ਰਿਹਾ ਹੈ, ਗ਼ਾਜ਼ਾ ਦੇ ਉੱਤੇ ਜੋ ਹੋ ਰਿਹਾ ਹੈ, ਉਸ ਦੀ ਵੱਡੀ ਮਿਸਾਲ ਤੁਹਾਡੇ ਸਾਹਮਣੇ ਹੈ। ਤੁਸੀਂ ਵਿਚਾਰ ਲਓ ਇਹ ਕੌਣ ਕਰ ਰਹੇ ਨੇ। ਇਹ ਉਹੀ ਹਨ ਜੋ ਦੁਨੀਆਂ ਦੇ ਸਭ ਤੋਂ ਵੱਡੇ ਹਿਊਮਨਿਸਟ ਲੋਕ ਬਣੇ ਹੋਏ ਹਨ। ਕੀ ਇਹ ਹਿਊਮਨਿਸਟ ਹਨ? ਜੇ ਕੋਈ ਲਿਖਾਰੀ ਜਾਂ ਤਾਕਤ ਇਹਨਾਂ ਦੇ ਖਚਰਪੁਣੇ ਨੂੰ ਨੰਗਾ ਕਰ ਦੇਵੇ ਫੇਰ ਇਹਨਾਂ ਨੂੰ ਚੁੱਭੇਗਾ ਹੀ ਤੇ ਉਸ ਨੂੰ ਇਹ ਕਿਸੇ ਨਾ ਕਿਸੇ ਢੰਗ ਨਾਲ ਖਤਮ ਕਰਕੇ ਹੀ ਸਾਹ ਲੈਣਗੇ। ਇਹ ਸਾਰਾ ਕੁਝ ਵਾਰਿਸ ਸ਼ਾਹ ਦੇ ਉੱਤੇ ਵੀ ਹੋਇਆ ਹੈ। ਵਾਰਿਸ ਸ਼ਾਹ ਦੇ ਉੱਤੇ ਇਸੇ ਲਈ ਹੋਇਆ ਹੈ ਕਿ ਉਸ ਨੇ ਇਸ ਸਮਾਜ ਨੂੰ ਜਿਹੜੇ ਚਲਾਣ ਵਾਲੇ ਨੇ ਇਹ ਸਮਾਜ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ, ਧੱਕੇ ਦੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਵਾਰਿਸ ਸ਼ਾਹ ਹੋਰਾਂ ਨੇ ਨੰਗਿਆ ਕੀਤਾ ਹੈ ਸੋ ਤਬਕਾਤੀ ਸਮਾਜ ਦੇ ਵਿੱਚ ਤਬਕਾਤੀ ਅੱਖ ਦੇ ਨਾਲ ਅਗਰ ਤੁਸੀਂ ਹੀਰ ਵਾਰਿਸ ਸ਼ਾਹ ਨੂੰ ਨਹੀਂ ਵੇਖੋਗੇ ਤੇ ਫਿਰ ਇਹਦੇ ਵਿੱਚ ਹਜ਼ਾਰਾਂ ਗੱਲਾਂ ਜਿਹੜੀਆਂ ਨੇ ਉਹ ਨਿਕਲ ਆਉਣਗੀਆਂ ਜਿਨਾਂ ਤੇ ਤੁਸੀਂ ਇਤਰਾਜ਼ ਕਰ ਸਕਦੇ ਹੋ।

ਲੇਕਿਨ ਜੇ ਤੁਸੀਂ ਇਸ ਨੂੰ ਇੱਕ ਐਸੀ ਅੱਖ ਦੇ ਨਾਲ ਦੇਖਦੇ ਹੋ, ਜਿਹੜੀ ਕਿ ਦੁਨੀਆ ਨੂੰ ਅਤੇ ਦੁਨੀਆਂ ਦੇ ਤਮਾਮ ਜੀਆਂ ਨੂੰ ਜਾਣਦੀ ਹੈ ਅਤੇ ਉਹਨਾਂ ਦੇ ਵਿੱਚ ਨਾ ਤੇ ਨਸਲ ਪ੍ਰਸਤੀ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਨਾ ਕੌਮ ਪ੍ਰਸਤ ਦੇ ਹਵਾਲੇ ਦੇ ਨਾਲ ਕੋਈ ਵਿਤਕਰਾ ਰੱਖਦੀ ਹੈ ਅਤੇ ਨਾ ਹੀ ਕਿਸੇ ਹੋਰ ਵਜ੍ਹਾ ਤੋਂ ਕੋਈ ਵਿਤਕਰਾ ਰੱਖਦੀ ਹੈ। ਇਹੀ ਵਜ੍ਹਾ ਹੈ ਕਿ ਇਸ 18ਵੇਂ ਸਦੀ ਦੇ ਵਿੱਚ ਦੋ ਮਹਾਨ ਬੰਦੇ ਜਿਹੜੇ ਨੇ, ਉਹਨਾਂ ਨੇ ਪਹਿਲਾਂ ਆਪਣੇ ਆਪਣੇ ਖਾਨਦਾਨ ਦੇ ਖਿਲਾਫ ਬਗਾਵਤ ਕੀਤੀ। ਓਹ ਨਾਬਰ ਹੋਏ ਬੁੱਲੇ ਸ਼ਾਹ ਅਤੇ ਉਸ ਤੋਂ ਬਾਅਦ ਵਾਰਿਸ ਸ਼ਾਹ। ਦੋਨੋਂ ਜਣੇ ਗੈਰ ਸਈਅਦਾਂ ਦੇ ਮੁਰੀਦ ਹੋਏ ਨੇ। ਦੇਖੋ ਨਾ ਵਾਰਿਸ ਸ਼ਾਹ ਦੇ ਬਾਰੇ ਗੱਲ ਹੀ ਨਹੀਂ ਕੀਤੀ ਜਾਂਦੀ ਕਿਉਂਕਿ ਵਾਰਿਸ ਸ਼ਾਹ ਦੀ ਜਿਹੜੀ ਲਿਖਤ ‘ਹੀਰ’ ਵਾਰਿਸ ਸ਼ਾਹ ਹੈ ਉਸ ਨੇ ਪੂਰਾ ਸਮਾਜ ਪੇਸ਼ ਕੀਤਾ ਹੈ ਅਤੇ ਜਿਨ੍ਹਾਂ ਨੇ ਇਹ ਸਮਾਜ ਸਿਰਜਿਆ ਹੈ ਅਤੇ ਜਿਹੜੇ ਇਸ ਸਮਾਜ ਉੱਤੇ ਕਾਬਜ ਹਨ ਜਿਹੜੇ ਇਸ ਨੂੰ ਚਲਾ ਰਹੇ ਹਨ, ਉਹਨਾਂ ਦਾ ਅੰਦਰੂਨਾ ਉਹਨਾਂ ਦਾ ਅੰਦਰਲਾ ਜੋ ਹੈ ਵਾਰਿਸ ਸ਼ਾਹ ਨੇ ਬਾਹਰ ਕੱਢ ਕੇ ਜਮਾਲੀ ਰੰਗ ਦੇ ਵਿੱਚ ਦਿਖਾਇਆ ਹੈ।

ਵਾਰਿਸ ਸ਼ਾਹ ਦਾ ਜਿਹੜਾ ਅੰਦਾਜ਼ ਹੈ, ਉਹ ਡਾਇਲੈਕਟੀਕੱਲ ਢੰਗ ਹੈ। ਉਹ ਡਾਇਲੈਕਟੀਕਲੀ ਗੱਲ ਕਰਦਾ ਹੈ। ਇੱਕ ਤਬਕੇ ਦੀ ਦੂਸਰੇ ਤਬਕੇ ਦੇ ਨਾਲ, ਇੱਕ ਕਿਰਦਾਰ ਦੀ ਦੂਸਰੇ ਕਿਰਦਾਰ ਦੇ ਨਾਲ ਗੱਲ ਕਰਵਾਉਂਦਾ ਹੈ। ਉਹਨਾਂ ਦੇ ਵਿਚਕਾਰ ਮੁਕਾਲਮਾ ਬਾਜੀ ਕਰਵਾਉਂਦਾ ਹੈ, ਵਾਰਤਾਲਾਪ ਹੈ ਉਹਨਾਂ ਦੇ ਅੰਦਰ । ਉਹਨਾ ਨੂੰ ਸੁਣ ਕੇ ਜਿਹੜਾ ਸੁਣਨ ਵਾਲਾ ਹੈ, ਉਹ ਆਪ ਹੀ ਫੈਸਲਾ ਕਰ ਲੈਂਦਾ ਹੈ ਕਿ ਕਿਹੜਾ ਜੀਅ ਜਿਹੜਾ ਸਹੀ ਗੱਲ ਕਰ ਰਿਹਾ ਹੈ। ਇਹਦੇ ਵਿੱਚ ਮੁੱਲਾਂ ਵੀ ਬੋਲਦਾ ਹੈ। ਹੁਣ ਮੁੱਲਾਂ ਦੇ ਜਿਹੜੇ ਮੁਕਾਲਮੇ ਨੇ ਉਹ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ? ਨਹੀਂ, ਇਸ ਦੇ ਵਿੱਚ ਚੂਚਕ ਹੈ, ਰਾਂਝੇ ਦੇ ਭਰਾ ਨੇ, ਭਰਾਵਾਂ ਦੇ ਜਿਹੜੇ ਮੁਕਾਲਮੇ ਨੇ ਅਸੀਂ ਮੰਨ ਲਈਏ ਕਿ ਉਹ ਵਾਰਿਸ ਸ਼ਾਹ ਦੀ ਸੋਚ ਹੈ। ਬਿਲਕੁਲ ਨਹੀਂ।ਇਹਦੇ ਵਿੱਚ ਲੁਡਣ ਮਲਾਹ ਹੈ, ਅਸੀਂ ਮੰਨ ਲਈਏ ਕਿ ਲੁਡਣ ਮਲਾਹ ਦੀ ਜਿਹੜੀ ਸੋਚ ਹੈ, ਉਹੀ ਵਾਰਿਸ ਸ਼ਾਹ ਦੀ ਸੋਚ ਹੈ। ਨਹੀਂ, ਅਸੀਂ ਤਾਂ ਦੋਨਾਂ ਕਿਰਦਾਰਾਂ ਨੂੰ ਸੁਣ ਕੇ ਹੀ ਫੈਸਲਾ ਕਰਨਾ ਹੈ। ਇਹ ਫੈਸਲਾ ਅਸੀਂ ਕਰਨਾ ਹੈ, ਇਹ ਵਾਰਿਸ ਸ਼ਾਹ ਨੇ ਨਹੀਂ ਕਰਨਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਜਾਂ ਕਿਹੜਾ ਗਲਤ। ਕਿਹੜਾ ਆਮ ਇਨਸਾਨਾਂ ਦੀ ਗੱਲ ਕਰ ਰਿਹਾ ਹੈ, ਕੌਣ ਹੈ ਜਿਹੜਾ ਕਿ ਖਾਸ ਲੋਕਾਂ ਦੀ ਗੱਲ ਕਰ ਰਿਹਾ ਹੈ। ਸਾਡੇ ਹਿਤ ‘ਚ ਕਿਹੜਾ ਹੈ? ਉਤਲਿਆਂ ਦੇ ਹਿੱਤ ‘ਚ ਕਿਹੜਾ ਹੈ?

ਇਹ ਜਿਹੜੀ “ਹੀਰ’ ਵਾਰਿਸ ਸ਼ਾਹ ਹੈ ਇਕ ਆਮ ਆਦਮੀ ਇੱਕ ਆਮ ਜੀਅ ਨੂੰ ਸੁਚੇਤ ਕਰਦੀ ਹੈ। ਉਹਨੂੰ ਉਹ ਜਾਗਰੂਕ ਬਣਾਉਂਦੀ ਹੈ। ਬੰਦੇ ਨੂੰ ਤਾਕਤਵਰ ਬਣਾਉਂਦੀ ਹੈ। ਜਿਹੜੀ ਵੀ ਲਿਖਤ, ਜਿਹੜੀ ਵੀ ਚੀਜ਼, ਕੋਈ ਵੀ ਕੋਮਲ ਕਲਾ ਜਿਹੜੀ ਬੰਦੇ ਨੂੰ ਜਾਗਰੂਕ ਕਰਦੀ ਹੈ ਉਹ ਇਹਨਾਂ ਤਬਕਿਆਂ ਵੱਲੋਂ ਭੰਡੀ ਹੀ ਜਾਏਗੀ। ਉਹਦੇ ਉੱਤੇ ਕਿੰਤੂ ਪ੍ਰੰਤੂ ਹੋਣਗੇ ਹੀ। ਕਿੰਤੂ ਪ੍ਰੰਤੂ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਜਿਸ ਤਰਾਂਹ ਮੈਂ ਪਹਿਲੇ ਦੱਸਿਆ ਹੈ ਕਿ ਵਾਰਿਸ ਸ਼ਾਹ ਦੇ ਉੱਤੇ ਜਿੰਨੇ ਵੀ ਕਿੰਤੂ ਪ੍ਰੰਤੂ ਹੋਏ ਨੇ ਉਹਨਾਂ ਨੇ ਵਾਰਿਸ ਸ਼ਾਹ ਨੂੰ ਨਿਖਾਰਿਆ ਹੀ ਹੈ। ਵਾਰਿਸ ਸ਼ਾਹ ਤੇ ਉਸ ਦੀ ਲਿਖਤ ਹੋਰ ਉਭਰ ਕੇ ਲੋਕਾਂ ਸਾਹਮਣੇ ਆਈ ਹੈ। ਵਾਰਿਸ ਸ਼ਾਹ ਦੀ ਲਿਖਤ ‘ਹੀਰ’ ਦੀ ਉਹਨਾਂ ਨੇ ਮਹਾਨਤਾ ਵਧਾਈ ਹੈ। ਅਗਰ ਵਾਰਿਸ ਸ਼ਾਹ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਇਹ ਕੰਮ ਨਾ ਕਰਦੇ ਤਾਂ ਵਾਰਿਸ ਸ਼ਾਹ ਦੀ ਮਹਾਨਤਾ ਇਨੀ ਨਹੀਂ ਸੀ ਵਧਣੀ ਜਿੰਨੀ ਕਿ ਅੱਜ ਵੱਧ ਗਈ ਹੈ। ਇਹ ਸਿਲਸਿਲਾ ਇੱਥੇ ਹਾਲੇ ਰੁਕਣ ਵਾਲਾ ਵੀ ਨਹੀਂ ਹੈ। ਇਹ ਸਿਲਸਿਲਾ ਅੱਗੇ ਹੋਰ ਚਲੇਗਾ, ਵਾਰਿਸ ਸ਼ਾਹ ਦੀ ਕਿਰਤ ਤੇ ਹੋਰ ਕਿੰਤੂ ਪਰੰਤੂ ਹੋਣਗੇ। ਪਰ ਇੱਕ ਗੱਲ ਇਹ ਵੀ ਚੰਗੀ ਹੈ ਕਿ ਇਸ ਕਿੰਤੂ ਪ੍ਰੰਤੂ ਦਾ ਜਵਾਬ ਦੇਣ ਲਈ ਜੀਅ ਬੈਠੇ ਹੋਏ ਨੇ। ਉਹ ਇਹਨਾਂ ਦਾ ਜਵਾਬ ਬਾ-ਖੂਬੀ ਦੇਣਗੇ।

ਵਾਰਿਸ ਸ਼ਾਹ ਦੀ ਲਿਖਤ ਤੇ ਜੋ ਕਿੰਤੂ ਪ੍ਰੰਤੂ ਹੋਏ ਹਨ, ਉਹ ਇਥੇ ਵੇਲਾ ਨਹੀਂ ਹੈ ਕਿ ਉਨਾਂ ਸਾਰਿਆਂ ਲੋਕਾਂ ਦੀ ਗੱਲ ਕਰੀਏ। ਇਥੇ ਤੇ ਇਹ ਕੁਝ ਵੀ ਨਹੀਂ ਹੈ, ਜੋ ਅਸੀਂ ਅੱਜ ਪੇਸ਼ ਕਰ ਰਹੇ ਹਾਂ। ਵਾਰਿਸ ਸ਼ਾਹ ਦੇ ਉੱਤੇ ਤੇ ਇਸ ਤੋਂ ਕਿਤੇ ਵੱਡੀ ਆਲੋਚਨਾ ਹੋ ਚੁੱਕੀ ਹੈ। ਪੂਰੀ ‘ਹੀਰ’ ਵਾਰਿਸ਼ ਸ਼ਾਹ ਦੀ ਲਿਖਤ ਵਿੱਚੋਂ ਤੁਸੀਂ ਆਪਣੇ ਮਤਲਬ ਦੇ ਸ਼ਿਅਰ ਲੈ ਕੇ ਤੇ ਉਹਨਾਂ ਉੱਤੇ ਤੁਸੀਂ ਗੱਲ ਸ਼ੁਰੂ ਕਰ ਦਿਓ ਅਤੇ ਉਹਨਾਂ ਨੂੰ ਲੈ ਕੇ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿਓ ਦੇਖੋ ਜੀ ਵਾਰਿਸ ਸ਼ਾਹ ਨੇ ਤੇ ਫਲਾਣਿਆ ਨੂੰ ਭੰਡਿਆ ਹੈ। ਅਸੀਂ ਤੁਹਾਡੇ ਸਾਹਮਣੇ ਇਹ ਗੱਲ ਖੋਲ ਕੇ ਰੱਖ ਦਿੱਤੀ ਹੈ।

ਇਹ ਗੱਲ ਕਰਨ ਵਾਲਾ ਜਿਹੜਾ ਹੈ ਉਹ ਜੱਟ ਹੀ ਹੈ। ਇਹ ਵੀ ਤੁਹਾਨੂੰ ਅਸੀਂ ਦੱਸ ਚਲੀਏ ਕਿ ਇਹ ਜਿਹੜਾ ਸਈਅਦ ਹੈ ਅਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਜਾਤ ਪਾਤ ਦਾ ਕਲਚਰ ਹੈ ਉਸ ਨੂੰ ਸਾਹਮਣੇ ਰੱਖਣਾ ਬਹੁਤ ਜਰੂਰੀ ਹੈ। ਜਿਸ ਵੇਲੇ ਮੁਸਲਮਾਨ ਹਿੰਦੁਸਤਾਨ ਦੇ ਅੰਦਰ ਆਏ ਤੇ ਇਹਨਾਂ ਦੀ ਤਾਲੀਮਾਤ ਦੇ ਵਿੱਚ ਜਾਤ ਪਾਤ ਦੀ ਗੱਲਬਾਤ ਨਹੀਂ ਸੀ, ਇਹ ਬਰਾਬਰੀ ਦੀ ਗੱਲ ਕਰਦੇ ਸਨ। ਤਮਾਮ ਇਨਸਾਨਾਂ ਨੂੰ ਉਹ ਇੱਕ ਜਾਣਦੇ ਸਨ। ਲੇਕਿਨ ਜਿਸ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਆਏ, ਇੱਥੇ ਜਿਹੜਾ ਜਾਤ ਪਾਤ ਦਾ ਨਿਜ਼ਾਮ ਸੀ ਇਸ ਦੇ ਵਿੱਚ ਇਹ ਵੀ ਲਿਥੜ ਗਏ। ਇਸ ਦਾ ਇਹ ਸ਼ਿਕਾਰ ਹੋ ਗਏ ਅਤੇ ਇਥੇ ਜਿਹੜੇ ਲੋਕ ਮੁਸਲਮਾਨ ਸਨ ਉਹ ਜਿਹੜੇ ਅਰਬ ਤੋਂ ਆਏ ਸਨ ਉਹ ਸਈਅਦ ਬਣ ਗਏ ਅਤੇ ਬ੍ਰਾਹਮਣਾਂ ਦੀ ਜਗ੍ਹਾ ਸਈਅਦਾ ਨੇ ਲੈ ਲਈ। ਹੁਣ ਤੁਸੀਂ ਸਈਅਦ ਨੂੰ ਇਥੇ ਇੰਜ ਸਮਝੋ ਜਿਵੇਂ ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਹੈ। ਜੋ ਬ੍ਰਾਹਮਣ ਦਾ ਦਰਜਾ ਹੈ ਅਤੇ ਉਸ ਦੀ ਜਿਹੜੀ ਸੋਚ ਹੈ ਬਿਲਕੁਲ ਉਹੀ ਸੋਚ ਸਈਅਦ ਲੈ ਕੇ ਬੈਠਾ ਹੈ ਤੇ ਉਸਨੇ ਇਹ ਸੋਚ ਫੈਲਾਈ ਹੈ। ਉਹ ਵੀ ਇੱਥੇ ਆਮ ਲੋਕਾਂ ਨੂੰ ਆਪਣੇ ਵਰਗਾ ਨਹੀਂ ਸਮਝਦਾ ਉਹ ਵੀ ਕਹਿੰਦਾ ਜੇ ਅਸੀਂ ਨਾ ਹੁੰਦੇ ਤੇ ਇਹ ਕਾਇਨਾਤ ਹੀ ਨਹੀਂ ਸੀ ਹੋਣੀ। ਇੱਥੇ ਇਹ ਵੀ ਕਿਹਾ ਜਾਂਦਾ ਕਿ ਜੇ ਸਈਅਦ ਬੁਰਾ ਵੀ ਹੋਵੇ ਤਾਂ ਵੀ ਸਈਅਦ ਨੂੰ ਬੁਰਾ ਨਾ ਕਹੋ। ਤੁਸੀਂ ਇਹ ਦੇਖੋ ਕਿ ਇਹ ਸਭ ਅਵਾਮੀ ਸੋਚਾਂ ਨੇ ਅਵਾਮ ਦੇ ਵਿੱਚ ਉਹਨਾਂ ਨੇ ਫੈਲਾਈਆਂ ਹੋਈਆਂ ਨੇ। ਲੋਕ ਇਸਦਾ ਜ਼ਿਕਰ ਵੀ ਕਰਦੇ ਨੇ ਤੇ ਸ਼ਿਕਾਰ ਵੀ ਹੁੰਦੇ ਨੇ।

ਕੋਈ ਲਿਖਾਰੀ ਉੱਠ ਕੇ ਅਗਰ ਇਸ ਸੋਚ ਨੂੰ ਜਿਹੜੀ ਕਿ ਲੁਕਾਈ ਵਿੱਚ ਪ੍ਰਚਲਿਤ ਹੈ, ਬਿਆਨ ਕਰੇਗਾ ਜਾਂ ਇਸਦੇ ਖਿਲਾਫ ਲਿਖੇਗਾ, ਉਹ ਫਿਰ ਭੰਡਿਆ ਤੇ ਜਾਏਗਾ ਨਾ। ਜਦੋਂ ਉਹ ਇੰਜ ਦੀ ਸੋਚ ਦੇ ਬਾਰੇ ਲਿਖੇਗਾ ਅਸੀਂ ਇਹ ਤੇ ਨਹੀਂ ਕਹਾਂਗੇ ਕਿ ਉਹਨੇ ਇਸ ਸੋਚ ਨੂੰ ਪ੍ਰਧਾਨ ਜਾਣਿਆ ਹੈ ਅਤੇ ਇਸ ਸੋਚ ਨੂੰ ਮੰਨਣ ਵਾਲਾ ਹੈ। ਹੁਣ ਮੁਸਲਿਮ ਸੁਸਾਇਟੀ ਦੇ ਵਿੱਚ ਸਈਅਦ ਜਿਹੜਾ ਹੈ ਉਸ ਦਾ ਮੁਕਾਮ ਬਹੁਤ ਉੱਚਾ ਹੈ ਅਤੇ ਸਭ ਤੋਂ ਘਟੀਆ ਜਿਹੜਾ ਮੁਕਾਮ ਹੈ ਉਹ ਚੂਹੜੇ ਦਾ ਹੈ। ਜਿਸ ਤਰਾਂ ਹਿੰਦੂਇਜ਼ਮ ਦੇ ਵਿੱਚ ਜਿਹੜਾ ਬ੍ਰਾਹਮਣ ਹੈ ਉਸ ਦਾ ਸਭ ਤੋਂ ਉੱਚਾ ਸਥਾਨ ਹੈ ਅਤੇ ਜਿਹੜਾ ਸ਼ੂਦਰ ਹੈ ਜਾਂ ਦਲਿਤ ਹੈ ਉਸ ਦਾ ਸਥਾਨ ਸਭ ਤੋਂ ਘਟੀਆ ਹੈ। ਗੱਲ ਇਹ ਕਿ ਕਿਸੇ ਨੂੰ ਵੱਡਾ ਜਾਣਨਾ ਅਤੇ ਕਿਸੇ ਨੂੰ ਸਭ ਤੋਂ ਛੋਟਾ ਜਾਂ ਘਟੀਆ ਜਾਣਨਾ ਇਹ ਜਿਹੜੀ ਸੋਚ ਹੈ ਇਹ ਇੱਕ ਕਲਚਰ ਦੀ ਪੈਦਾਵਾਰ ਹੈ। ਇਸ ਕਲਚਰ ਉੱਤੇ ਜਦੋਂ ਲਿਖਿਆ ਜਾਏਗਾ ਜਾਂ ਕਲਚਰ ਦੇ ਉੱਤੇ ਗੱਲ ਹੋਏਗੀ ਤੇ ਫਿਰ ਇਹ ਸੋਚ ਤਾਂ ਵਿੱਚ ਆਏਗੀ ਹੀ। ਤੁਸੀਂ ਇਸ ਨੂੰ ਕੱਢ ਕੇ ਲੋਕਾਂ ਨੂੰ ਵਿਖਾਲਦੇ ਫਿਰਦੇ ਹੋ ਕਿ ਦੇਖੋ ਜੀ ਵਾਰਿਸ ਸ਼ਾਹ ਨੇ ਇਹ ਗੱਲ ਕੀਤੀ ਹੈ। ਬਈ ਕੀਤੀ ਹੈ, ਅਸੀਂ ਇਹ ਕਦੋਂ ਕਹਿ ਰਹੇ ਹਾਂ ਕਿ ਨਹੀਂ ਕੀਤੀ। ਵਾਰਿਸ ਸ਼ਾਹ ਨੇ ਆਪਣੀ ਕਹਾਣੀ ਵਿੱਚ ਕਿਸ ਹਾਲਾਤ ਦੇ ਵਿੱਚ ਇਹ ਗੱਲ ਕੀਤੀ ਸੀ। ਉਸਦੇ ਟਾਈਮ ਅਤੇ ਸਪੇਸ ਦਾ ਜ਼ਿਕਰ ਕਰਨਾ ਸੀ। ਤੁਸੀਂ ਉਸ ਤੋਂ ਬਗੈਰ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖ ਸਕਦੇ ਹੋ। ਇਹ ਤੇ ਐਵੇਂ ਹਨੇਰੇ ਦੇ ਵਿੱਚ ਡਾਂਗਾਂ ਮਾਰਨ ਵਾਲੀ ਗੱਲ ਹੈ। ਇਹ ਕਿਸੇ ਵੀ ਵੱਡੇ ਬੰਦੇ ਦੀ ਸੋਚ ਬਾਰੇ ਸ਼ਰਾਰਤ ਹੈ। ਸੱਚੀ ਗੱਲ ਨਾ ਕੀਤੀ ਜਾਵੇ,ਅਧੂਰੀ ਗੱਲ ਹੀ ਕੀਤੀ ਜਾਵੇ। ਇਹ ਸਭ ਕੁਝ ਕਿ ਸੇ ਖਾਸ ਸੋਚ ਦੇ ਆਧਾਰ ਤੇ ਕੀਤਾ ਜਾਂਦਾ ਹੈ।

ਇਹ ਸਿਰਫ ਵਾਰਸ ਸ਼ਾਹ ਬਾਰੇ ਹੀ ਨਹੀਂ, ਇਹ ਹੋਰ ਵੀ ਸਿਆਣਿਆਂ ਜਾਂ ਜੋ ਇਨਸਾਨੀਅਤ ਜਾਂ ਇਨਸਾਨੀ ਬਰਾਬਰੀ ਦੀ ਗੱਲ ਕਰਦੇ ਹਨ, ਉਹਨਾਂ ਬਾਰੇ ਵੀ ਇਸੇ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਕਾਰਲ ਮਾਰਕਸ ਦੀ ਸੋਚ ਹੈ, ਉਸਦੇ ਬਾਰੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ ਕਿ ਕਾਰਲ ਮਾਰਕਸ ਨੇ ਤਾਂ ਧਰਮ ਨੂੰ ਅਫੀਮ ਕਹਿ ਦਿੱਤਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸਮਾਜ ਨੂੰ ਤਕਸੀਮ ਕਰਦੀਆਂ ਹਨ। ਇਸ ਤਰ੍ਹਾਂ ਦੇ ਵਿਚਾਰ ਜਾਣ ਬੁੱਝ ਕੇ ਸਮਾਜ ਵਿੱਚ ਪ੍ਰਚਲਿਤ ਕੀਤੇ ਜਾਂਦੇ ਹਨ। ਖਾਸ ਕਿਸਮ ਦੇ ਲੋਕ ਅਤੇ ਅਦਾਰੇ ਖੜੇ ਕੀਤੇ ਜਾਂਦੇ ਹਨ ਤੇ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਲੋਕਾਂ ਵਿੱਚ ਭੁਲੇਖੇ ਖੜੇ ਕੀਤੇ ਜਾਂਦੇ ਹਨ ਕਿ ਲੋਕ ਇੱਕਠੇ ਹੋ ਕੇ ਆਪਣੀ ਮੁਕਤੀ ਦੇ ਰਾਹ ਤੇ ਨਾ ਪੈ ਜਾਣ। ਜਦੋਂ ਤੁਸੀਂ ਬਹੁਤ ਹੀ ਸਮਝਦਾਰੀ ਨਾਲ ਉਹਨਾਂ ਤੇ ਗੌਰ ਕਰਦੇ ਹੋ ਤਾਂ ਗੱਲ ਹੋਰ ਹੀ ਹੁੰਦੀ ਹੈ ਉਹ ਇੱਕ ਵੱਖਰਾ ਹੀ ਜੀਅ ਤੁਹਾਡੇ ਸਾਹਮਣੇ ਆ ਜਾਂਦਾ ਹੈ। ਜਿਹੜਾ ਜੀਅ ਸਭ ਤੋਂ ਜਿਆਦਾ ਅਸਰ ਛੱਡਦਾ ਹੈ ਜਿਹੜੀ ਲਿਖਤ ਸਭ ਤੋਂ ਜਿਆਦਾ ਲੋਕਾਂ ਤੇ ਅਸਰ ਕਰਦੀ ਹੈ ਇਹ ਉਸ ਦੇ ਬਾਰੇ ਹੀ ਗੱਲ ਕਰਦੇ ਹਨ। ਜਿਹੜੀ ਲਿਖਤ ਲੋਕਾਂ ਤੇ ਅਸਰ ਨਹੀਂ ਛੱਡਦੀ ਉਸ ਦੇ ਬਾਰੇ ਕੋਈ ਗੱਲ ਨਹੀਂ ਕਰਦੇ। ‘ਹੀਰ’ ਵਾਰਿਸ ਸ਼ਾਹ ਦੀ ਲਿਖਤ ਦਾ ਜਿਹੜਾ ਟੀਚਾ ਹੈ ਉਹ ਆਮ ਬੰਦੇ ਨੂੰ ਸੁਚੇਤ ਕਰਨਾ ਹੈ। ਆਮ ਜੀਅ ਨੂੰ ਜਾਲਿਮ ਹੁਕਮਰਾਨਾ ਦੇ ਵਿਰੋਧ ਵਿਚ ਖੜਾ ਕਰਨਾ ਹੈ। ਖੜਾ ਕਾਹਦੇ ਲਈ ਕਰਨਾ ਹੈ ਲੜਾਈ ਲਈ। ਲੜਾਈ ਕਾਸ ਲਈ ਕਰਨੀ ਹੈ ਆਪਣੀ ਮੁਕਤੀ ਲਈ। ਮੁਕਤੀ ਕਿੰਨਾਂ ਤੋਂ ਜਿਹੜੇ ਇਹਨਾਂ ਨੂੰ ਹੀਣਾ ਸਮਝਦੇ ਨੇ, ਇਹਨਾਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਨੇ, ਇਹਨਾਂ ਨੂੰ ਕਮੀ ਕਮੀਨ ਕਹਿੰਦੇ ਨੇ, ਉਨਾਂ ਨੂੰ ਨੱਥ ਪਾਉਣ ਲਈ । ਕੰਮ ਕਰਨ ਵਾਲਾ ਸਭ ਤੋਂ ਸੁੱਚਾ ਸੱਚਾ ਤੇ ਪੂਜਣ ਯੋਗ ਬੰਦਾ ਹੈ ਜਿਹੜਾ ਕਿ ਕਿਰਤ ਕਰਕੇ ਖਾਂਦਾ ਹੈ। ਸੋ ਜਿੰਨਾ ਜੀਆਂ ਨੇ ਕਿਹਾ ਕਿ ਕਿਰਤ ਕਰੋ ਤੇ ਵੰਡ ਛਕੋ ਉਹਨਾਂ ਨੇ ਐਵੇਂ ਹੀ ਨਹੀਂ ਸੀ ਕਿਹਾ ਉਹਨਾਂ ਨੇ ਕਿਰਤ ਤੇ ਐਵੇਂ ਜ਼ੋਰ ਨਹੀਂ ਸੀ ਦਿੱਤਾ ਕਿਉਂਕਿ ਕਿਰਤ ਜਿਹੜੀ ਹੈ ਉਹ ਹੀ ਸਮਾਜ ਨੂੰ ਅੱਗੇ ਵਧਾਉਂਦੀ ਹੈ ਅਤੇ ਕਿਰਤ ਦੇ ਵਿੱਚ ਜਦੋਂ ਤਬਦੀਲੀ ਆਉਂਦੀ ਹੈ ਤਾਂ ਸਮਾਜ ਵੀ ਬਦਲਦਾ ਹੈ। ਹੋਰ ਕੋਈ ਇਹਨਾਂ ਚੂਚਕਾਂ, ਬ੍ਰਾਹਮਣਾਂ ਜਾਂ ਸਈਅਦਾ ਦੀ ਵਜ੍ਹਾ ਤੋਂ ਸਮਾਜ ਨਹੀਂ ਬਦਲਦਾ। ਸਮਾਜ ਬਦਲਦਾ ਹੈ ਕੰਮੀ ਦੇ ਕੰਮ ਦੀ ਵਜ੍ਹਾ ਤੋਂ ਜਦੋਂ ਉਹਦੇ ਕੰਮ ਦੇ ਅੰਦਰ ਤਬਦੀਲੀ ਆਉਂਦੀ ਹੈ ਉਹਦੇ ਕੰਮ ਦੇ ਅੰਦਰ ਤਰੱਕੀ ਹੁੰਦੀ ਹੈ ਉਦੋਂ ਸਮਾਜ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ, ਸੋ ਇਹਨਾਂ ਉਤਲੇ ਤਬਕੇ ਵਾਲਿਆਂ ਨੂੰ ਉਸ ਤਬਦੀਲੀ ਦਾ ਬਹੁਤਾ ਖੌਫ ਹੁੰਦਾ ਹੈ। ਸਭ ਤੋਂ ਜਿਆਦਾ ਖੌਫ ਇਹਨਾਂ ਨੂੰ ਇਹ ਹੁੰਦਾ ਕਿ ਜਿਹਨਾਂ ਲੋਕਾਂ ਦੀ ਮਿਹਨਤ ਉੱਤੇ ਅਸੀਂ ਪਲ ਰਹੇ ਹਾਂ ਉਹਨਾਂ ਨੂੰ ਕਿਤੇ ਸੁਰਤ ਨਾ ਆ ਜਾਵੇ ਉਹਨਾਂ ਨੂੰ ਕਿਤੇ ਜਾਗ ਨਾ ਆ ਜਾਏ ਉਹਨਾਂ ਨੂੰ ਕਿਤੇ ਹੋਸ਼ ਨਾ ਆ ਜਾਵੇ ਬਸ ਇਸੇ ਗੱਲ ਤੋਂ ਡਰਦਿਆਂ ਹੋਇਆਂ ਹੀ ਉਹ ਉਨਾਂ ਸੋਚਾਂ ਦੀ ਮੁਖਾਲਫਤ ਕਰਦੇ ਰਹਿੰਦੇ ਨੇ ਅਤੇ ਇਸ ਕਿਸਮ ਦੇ ਹਵਾਲੇ ਲੈ ਕੇ ਉਹ ਲੁਕਾਈ ਵਿੱਚ ਲਗੇ ਫਿਰਦੇ ਨੇ ਵੇਖੋ ਜੀ ਇਹ ਤੇ ਜੱਟਾਂ ਨੂੰ ਭੰਡ ਦਿੱਤਾ ਨੇ, ਸਈਅਦਾ ਨੂੰ ਉਹਨਾਂ ਨੇ ਮੁਅਤਬਰ ਕਰ ਦਿੱਤਾ ਹੈ ਕਿਉਂਕਿ ਵਾਰਿਸ ਸ਼ਾਹ ਹੋਰੀਂ ਆਪ ਵੀ ਸਈਅਦ ਸਨ। ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਉਹਨਾਂ ਦੀ ਹਯਾਤੀ ਬਾਰੇ ਸਾਨੂੰ ਦੱਸ ਪਾਓ ਤੇ ਫਿਰ ਇਹਨਾਂ ਨੂੰ ਚੁੱਪ ਲੱਗ ਜਾਂਦੀ ਹੈ।

ਵਾਰਿਸ ਸ਼ਾਹ ਨੇ ਕਿਹੜੇ ਹਾਲਾਤ ਸਨ ਜਿਹਦੇ ਵਿੱਚ ਉਸਨੇ ਜ਼ਿੰਦਗੀ ਬਸਰ ਕੀਤੀ? ਵਾਰਿਸ ਸ਼ਾਹ ਨੂੰ ਕੀ ਉਹਦੇ ਖਾਨਦਾਨ ਨੇ ਕਬੂਲਿਆ ਸੀ? ਵਾਰਿਸ ਸ਼ਾਹ ਨੇ ਸੰਗੀਤ ਦੇ ਬਾਰੇ ਜਿਹੜਾ ਇਲਮ ਦਿੱਤਾ ਹੈ ਇਹਦਾ ਮਤਲਬ ਹੈ ਕਿ ਉਸ ਨੇ ਬਕਾਇਦਾ ਮੌਸੀਕੀ ਸਿੱਖੀ ਸੀ ਤੇ ਮੌਸੀਕੀ ਜਿਹੜੀ ਹੈ ਉਹ ਇਹ ਸਈਅਦ ਸੁਣ ਤਾਂ ਲੈਂਦੇ ਨੇ ਤੇ ਨਾਚ ਵੀ ਦੇਖਲੈਂਦੇ ਨੇ ਪਰ ਨਾ ਇਹ ਨੱਚਣਾ ਪਸੰਦ ਕਰਦੇ ਨੇ ਤੇ ਨਾ ਇਹ ਗਾਣਾ ਪਸੰਦ ਕਰਦੇ ਨੇ। ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਨੇ ਦੋਨੋਂ ਕੰਮ ਕੀਤੇ ਨੇ ਇਹਨਾਂ ਨੇ ਤੇ ਨਾਬਰੀ ਕੀਤੀ ਹੈ। ਉਹਨਾਂ ਦੀਆਂ ਲਿਖਤਾਂ ਵੀ ਨਾਬਰੀ ਤੇ ਹੀ ਅਧਾਰਤ ਹਨ। ਹੀਰ ਵਾਰਿਸ ਸ਼ਾਹ ਇੱਕ ਮੁਕੰਮਲ ਨਾਬਰੀ ਹੈ। ਰਾਂਝੇ ਦੀ ਆਪਣੇ ਭਰਾਵਾਂ ਦੇ ਨਾਲ ਨਾਬਰੀ, ਹੀਰ ਦੀ ਆਪਣੇ ਪਿਓ ਚੂਚਕ ਤੋਂ ਨਾਬਰੀ, ਇਸੇ ਤਰ੍ਹਾਂ ਫਿਰ ਅੱਗੇ ਪੂਰਾ ਤੰਤਰ ਪ੍ਰਬੰਧ ਹੈ ਉਸ ਤੋਂ ਨਾਬਰੀ, ਇਹ ‘ਹੀਰ’ ਵਾਰਿਸ ਸ਼ਾਹ ਦੀ ਲਿਖਤ ਦੇ ਵਿੱਚ ਸਾਫ ਸਾਫ ਵਿਖਾਲੀ ਦਿੰਦੀ ਹੈ।

ਜੋ ਲੋਕ ਇਸ ਗਲੇ-ਸੜੇ ਸਿਸਟਮ ਦੇ ਰਖਵਾਲੇ ਨੇ, ਉਹ ਗੱਲਾਂ ਤਾਂ ਜੋ ਮਰਜ਼ੀ ਕਰੀ ਜਾਣ, ਪਰ ਉਹ ਇਸ ਲੁੱਟ ਦੇ ਵਿੱਚ ਭਾਈਵਾਲ ਹਨ, ਇਸ ਵਿਹਾਰ ਦੇ ਲਾਹੇਵੰਦ ਨੇ, ਬੈਨੀਫਿਸ਼ਰੀ ਨੇ। ਉਹ ਨਹੀਂ ਚਾਹੁੰਦੇ ਕਿ ਇਹ ਵਿਤਕਰੇ ਭਰਿਆ ਸਮਾਜ ਟੁੱਟੇ ਜਾਂ ਬਦਲੇ। ਉਹਨਾਂ ਨੂੰ ਹੀਰ ਵਾਰਿਸ ਸ਼ਾਹ ਕਿੱਥੇ ਵਾਰਾ ਖਾਂਦੀ ਹੈ? ਇਸ ਲਈ ਹੀਰ ਵਾਰਿਸ ਸ਼ਾਹ ਉਹਨਾਂ ਨੂੰ ਡਾਢੀ ਚੁੱਭਦੀ ਹੈ ਤੇ ਚੁੱਭਦੀ ਰਹੇਗੀ। ਉਹਨਾਂ ਦੀ ਇਹ ਜਿਹੜੀ ਚਾਲ ਹੈ ਉਹ ਅਜੇ ਕਾਮਯਾਬ ਨਹੀਂ ਹੋਣੀ, ਕਿਉਂਕਿ ਹੁਣ ਹੀਰ ਵਾਰਿਸ ਸ਼ਾਹ ਦੀ ਜਿਹੜੀ ਨਾਬਰੀ ਹੈ, ਉਸ ਨੂੰ ਪਹਿਚਾਨਣ ਵਾਲੇ, ਉਸ ਨੂੰ ਜਾਨਣ ਵਾਲੇ ਹੈ ਨੇ। ਵਾਰਿਸ ਸ਼ਾਹ ਦੇ ਵੇਲੇ ਤੋਂ ਹੀ ਮੌਜੂਦ ਰਹੇ ਨੇ ਲੇਕਿਨ ਹੁਣ ਕਿਉਂਕਿ ਗੱਲਬਾਤ ਦੇ ਸਾਧਨ ਹੋਰ ਵੀ ਵੱਧ ਗਏ ਨੇ। ਲਿਹਾਜ਼ਾ ਇਹ ਹੁਣ ਜਿਹੜੀ ਨਾਬਰੀ ਹੈ, ਇਹ ਹੋਰ ਵੀ ਖੁੱਲ ਕੇ ਲੋਕਾਂ ਸਾਹਮਣੇ ਆਏਗੀ ਤੇ ਹੀਰ ਵਾਰਿਸ ਸ਼ਾਹ ਲੁਕਾਈ ਨੂੰ ਸੁਚੇਤ ਕਰਨ ਵਾਲਾ ਆਪਣਾ ਕਰਤਵ ਨਿਭਾਉਂਦੀ ਰਹੇਗੀ ਅਤੇ ਆਪਣੇ ਵਿੱਚ ਉਥਲ ਦਾ ਸੂਰਜ ਜਗਤ ਨੂੰ ਜ਼ਰੂਰ ਵਖਾਏਗੀ ।

ਸ਼ਬੀਰ ਜੀ ਵਾਗੀ 
(ਪ੍ਰਧਾਨ) ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰਿਆ
(ਪੰਜਾਬ) ਪਾਕਿਸਤਾਨ।
+92 3344671981
***

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1643
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Hardam Singh Mann
Punjabi Poet,
Suurey (Canada)
+1604-308-6663

ਹਰਦਮ ਸਿੰਘ ਮਾਨ

Hardam Singh Mann Punjabi Poet, Suurey (Canada) +1604-308-6663

View all posts by ਹਰਦਮ ਸਿੰਘ ਮਾਨ →